SatwantDeepak7‘ਓਟ’ ਬਹੁਤ ਵੱਖਰਾ, ਦਿਲਚਸਪ ਤੇ ਜਾਣਕਾਰੀ ਭਰਪੂਰ ਨਾਵਲ ਹੈ। ਨਾਵਲ ਦੀ ਪੇਸ਼ਕਾਰੀ ...AmarjitChahal7
(6 ਜਨਵਰੀ 2022)

  

Chahal Oat1‘ਓਟ’ ਨਾਵਲ (ਜੂਨ 2021) ਕੈਨੇਡਾ ਦੇ ਪ੍ਰਸਿੱਧ ਪੰਜਾਬੀ ਗਲਪਕਾਰ ਅਮਰਜੀਤ ਚਾਹਲ ਦਾ ਪਲੇਠਾ ਨਾਵਲ ਹੈ ਉਂਝ ਉਹ ਇੱਕ ਸਮਰੱਥ ਕਹਾਣੀਕਾਰ ਦੇ ਤੌਰ ’ਤੇ ਪੰਜਾਬੀ ਸਾਹਿਤ ਜਗਤ ਵਿੱਚ 1980 ਵਿੱਚ ਛਪੇ ਆਪਣੇ ਪਲੇਠੇ ਕਹਾਣੀ ਸੰਗ੍ਰਹਿ ‘ਬਾਹਰੋਂ ਆਇਆ ਆਦਮੀ’ ਨਾਲ ਸਥਾਪਤ ਹੋ ਚੁੱਕਾ ਹੈ। ਇਹ ਮਾਣ ਵੀ ਅਮਰਜੀਤ ਚਾਹਲ ਨੂੰ ਜਾਂਦਾ ਹੈ ਕਿ ਇਹ ਕੈਨੇਡਾ ਵਿੱਚਲੇ ਕਿਸੇ ਪੰਜਾਬੀ ਸਾਹਿਤਕਾਰ ਦਾ ਕੈਨੇਡਾ ਵਿੱਚ ਇਮੀਗਰੈਂਟ ਲੋਕਾਂ ਦੀ ਤਰਜ਼ੇ-ਜ਼ਿੰਦਗੀ ਦੀਆਂ ਪ੍ਰਸਥਿਤੀਆਂ ਬਾਰੇ ਛਪਿਆ ਪਲੇਠਾ ਕਹਾਣੀ ਸੰਗ੍ਰਹਿ ਵੀ ਹੈ

‘ਓਟ’ ਨਾਵਲ ਮਹਾਨ ਫ਼ਰਾਂਸੀਸੀ ਲੇਖਕ ਵਿਕਟਰ ਹਿਊਗੋ ਦੇ ਜਗਤ ਪ੍ਰਸਿੱਧ ਨਾਵਲ ‘ਦਾ ਲਾਫਿੰਗ ਮੈਨ’ (ਪੰਜਾਬੀ ਵਿੱਚ ‘ਪੱਤਝੜ ਦੇ ਪੰਛੀ’, ਅਨੁਵਾਦਕ ਨਾਨਕ ਸਿੰਘ) ਦੇ ਮੁੱਖ ਪਾਤਰ ‘ਟਾਮ’ ਅਤੇ ‘ਡੀਆ’ ਦੀ ਕਹਾਣੀ ਵਾਂਗ ਸਮਾਜ ਅਤੇ ਹਾਲਾਤ ਦੀਆਂ ਝੰਬੀਆਂ ਦੋ ਮਲੂਕ ਜਿੰਦਾਂ ਦੀ ਤ੍ਰਾਸਦਿਕ ਦਾਸਤਾਨ ਹੈ‘ਪੱਤਝੜ ਦੇ ਪੰਛੀ’ ਵਿੱਚ ਟਾਮ ਤੇ ਡੀਆ ਸੱਚਮੁੱਚ ਪੱਤਝੜ ਦੇ ਪੰਛੀਆਂ ਦਾ ਜੋੜਾ ਹੈ। ਟਾਮ ਬਦਸ਼ਕਲ ਹੈ, ਤੇ ਡੀਆ ਅੰਨ੍ਹੀਟਾਮ ਦੀ ਜੀਵਨ-ਬਹਾਰ ’ਤੇ ਮਨੁੱਖ ਦਾ ਅਤੇ ਡੀਆ ’ਤੇ ਕੁਦਰਤ ਦਾ ਕਹਿਰ ਢਹਿ ਪਿਆ। ਦੋਹਾਂ ਦਾ ਜੀਵਨ ਅਜਿਹੀ ਪੱਤਝੜ ਹੈ, ਜਿਸ ’ਤੇ ਕਦੇ ਵੀ ਬਹਾਰ ਨਹੀਂ ਆਉਂਦੀ। ਲੇਖਕ ਨੇ ਇਨ੍ਹਾਂ ਦੋਹਾਂ ਬਦਨਸੀਬਾਂ ਦਾ ਅਚਿੰਤੇ ਮੇਲ ਕਰਵਾ ਕੇ ਅੰਤ ਦੁਖਦਾਈ ਕਰ ਦਿੱਤਾ ਸੀ। ਪਰ ‘ਓਟ’ ਵਿੱਚਲੇ ਮੁੱਖ ਪਾਤਰਾਂ ਦੀ ਆਪੋ ਆਪਣੀ ਤ੍ਰਾਸਦਿਕ ਦਾਸਤਾਨ ਦੇ ਬਿਰਤਾਂਤ ਨਾਲ ਸ਼ੁਰੂ ਕਰਕੇ, ਲੇਖਕ ਨੇ ਸਹਿਜੇ ਸਹਿਜੇ ਹਮਦਰਦੀ, ਪਿਆਰ, ਵਿਸ਼ਵਾਸ, ਦਿਲਟੁੰਬਵੀਆਂ ਸੂਖ਼ਮ ਮਨੋਵਿਗਿਆਨਕ ਛੋਹਾਂ ਦੇ ਕੇ ਅੰਤ ’ਤੇ ਸੁਖਾਂਤਿਕ ਰੁਖ ਦੇ ਦਿੱਤਾ ਹੈਨਾਵਲ ਦੀ ਖ਼ੂਬੀ ਇਸ ਵਿੱਚ ਹੈ ਕਿ ਲੇਖਕ ਨੇ ਸੱਚੇ ਪਿਆਰ ਨੂੰ ਮਾਨਵੀ ਜ਼ਿੰਦਗੀ ਦਾ ਧੁਰਾ ਬਣਾ ਆਪਣੀ ਕਲਾ-ਕੌਸ਼ਲਤਾ ਅਤੇ ਪ੍ਰਭਾਵਸ਼ਾਲੀ ਅੰਦਾਜ਼ ਨਾਲ ਅਖ਼ੀਰਲੇ ਕਾਂਡ ਦੇ ਅਖ਼ੀਰਲੇ ਸਫ਼ੇ ਦੇ ਅਖ਼ੀਰਲੇ ਪੈਰਿਆਂ ਵਿੱਚ ਦੋਹਾਂ ਨੂੰ ਇੱਕ ਦੂਜੇ ਦੇ ਗਲ਼ੇ ਮਿਲ਼ਦਿਆ ਸਿਰਜਿਆ ਹੈ, ਇੱਕ ਉਤਸੁਕਤਾ ਤੇ ਜਗਿਆਸਾ ਪਾਠਕ ਦੇ ਮਨ ਵਿੱਚ ਲਗਾਤਾਰ ਜਾਰੀ ਰਹਿੰਦੀ ਹੈ, ਇਹੀ ਪਿਆਰ ਦੀ ਜਿੱਤ ਤੇ ਮਨੁੱਖਤਾ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ, ਅਤੇ ਨਾਵਲ ਦੇ ਨਾਂ ‘ਓਟ’ ਨਾਲ ਪੂਰਾ ਇਨਸਾਫ਼ ਹੈ!

ਪੰਜਾਬੀ ਵਿੱਚ ਟਰੱਕ ਡਰਾਈਵਰਾਂ ਬਾਰੇ ਬਹੁਤ ਘੱਟ ਲਿਖਿਆ ਜਾਂ ਫਿਲਮਾਇਆ ਗਿਆ ਹੈ। ਜੋ ਕੁਝ ਗੀਤਾਂ ਵਿੱਚ ਪ੍ਰਚੱਲਤ ਹੈ, ਜੋ ਕੁਝ ਲਿਖਿਆ, ਜਾਂ ਫਿਲਮਾਇਆ ਗਿਆ ਹੈ ਉਸ ਵਿੱਚ ਆਮ ਤੌਰ ’ਤੇ ਟਰੱਕ ਡਰਾਈਵਰਾਂ ਦਾ ਬਿੰਬ ਨੇਕ ਇਨਸਾਨ ਵਾਲ਼ਾ ਨਾ ਪੇਸ਼ ਕਰਕੇ ਇੱਕ ਨੰਬਰ ਦੇ ਲੁੱਚਿਆਂ ਦੇ ਪੀਰ, ਉਜੱਡ, ਸ਼ਰਾਬੀ-ਕਬਾਬੀ ਤੇ ਜਰਦੇ, ਅਫ਼ੀਮ, ਡੋਡਿਆਂ ਦੇ ਨਸ਼ੇੜੀ, ਟਰੱਕਾਂ ਵਿੱਚ ਉੱਚੀ ਸੁਰ ’ਚ ਗੰਦੇ ਗੀਤ ਵਜਾਉਣ ਵਾਲ਼ੇ, ਚਰਿੱਤਰਹੀਣ, ਰੰਡੀਬਾਜ਼, ਬਿਗ਼ਾਨੀਆਂ ਔਰਤਾਂ ਦਾ ਪਾੜ ਖਾਣੀਆਂ ਨਜ਼ਰਾਂ ਨਾਲ ਚੀਰ-ਹਰਨ ਕਰਨ ਵਾਲ਼ੇ ਵਜੋਂ ਸਿਰਜਿਆ ਜਾਂਦਾ ਰਿਹਾ ਹੈ। ਕੁਝ ਸੁਹਿਰਦ ਲੇਖਕਾਂ ਨੇ ਆਖ਼ਰ ਟਰੱਕ ਡਰਾਈਵਰਾਂ ਦੀ ਬਾਂਹ ਫੜੀਇਸ ਸਿਲਸਿਲੇ ਵਿੱਚ ਬਲਦੇਵ ਸਿੰਘ ‘ਸੜਕਨਾਮਾ’ ਜ਼ਿਹਨ ਵਿੱਚ ਆਉਂਦਾ ਹੈ, ਜਿਸਨੇ ‘ਸੜਕਨਾਮਾ’ ਤੋਂ ਇਲਾਵਾ ਸੜਕਾਂ ਅਤੇ ਟਰੱਕ ਡਰਾਈਵਰਾਂ ਨੂੰ ਲੈ ਕੇ ‘ਸੂਲੀ ਟੰਗੇ ਪਹਿਰ’ ਅਤੇ ‘ਜੀ. ਟੀ. ਰੋਡ’ ਦੋ ਲਘੂ ਆਕਾਰ ਦੇ ਨਾਵਲ ਵੀ ਲਿਖੇ ਹਨ ਜਿਹੜੇ ਉਸਦੇ ਡਰਾਈਵਰੀ ਨਾਲ ਸਬੰਧਿਤ ਕਿੱਤੇ ਨਾਲ ਜੁੜੇ ਹੋਏ ਹਨ। ‘ਸੂਲੀ ਟੰਗੇ ਪਹਿਰ’ ਨਾਵਲ ਟੈਕਸੀ ਡਰਾਈਵਰ ਸੁਰਜਣ ਸਿੰਘ ਦੀ ਕਲਕੱਤੇ ਸ਼ਹਿਰ ਵਿੱਚ ਟੈਕਸੀ ਚਲਾਉਂਦੇ ਦੀ ਪੂਰੇ ਦਿਨ ਦੀ ਕਹਾਣੀ ਹੈ। ‘ਜੀ.ਟੀ. ਰੋਡ’ ਵਿੱਚ ਟਰੱਕ ਡਰਾਈਵਰ ‘ਬਾਸ਼ਾ’ ਰੋਜ਼-ਮੱਰ੍ਹਾ ਜ਼ਿੰਦਗੀ ਦੀਆਂ ਪ੍ਰਸਥਿਤੀਆਂ ਨਾਲ ਦੋ-ਚਾਰ ਹੁੰਦਾ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਕੈਨੇਡਾ ਦੇ ਪ੍ਰਸਿੱਧ ਕਹਾਣੀਕਾਰ ਹਰਪਰੀਤ ਸੇਖਾ ਨੇ ਵੀ ‘ਟੈਕਸੀਨਾਮਾ’ ਲਿਖਿਆ ਸੀ, ਜਿਸ ਵਿੱਚ ਟੈਕਸੀ ਕਿੱਤੇ ਨਾਲ ਸਬੰਧਤ ਸਮੱਸਿਆਵਾਂ, ਅਤੇ ਟੈਕਸੀ ਕਾਰੋਬਾਰ ਨਾਲ ਸਬੰਧਿਤ ਅੰਕੜਿਆਂ ਦਾ ਵਰਣਨ ਸੀ। ਹੁਣੇ (ਨਵੰਬਰ 2021) ਹੀ ਟਰੱਕ-ਮਾਲਕਾਂ, ਬੈਂਕੁਇਟ ਹਾਲ-ਮਾਲਕਾਂ, ਇਮੀਗਰੈਂਟ ਕੰਨਸਲਟੈਂਟਾਂ ਅਤੇ ਮਿਡਲ-ਮੈਨਾਂ (ਦਲਾਲਾਂ) ਦੀ ਮਿਲ਼ੀ ਭੁਗਤ ਨਾਲ ਐੱਲ. ਐੱਮ. ਆਈ. ਏ. (Labour Market Impact Assessment) ਜਰੀਏ ਕੈਨੇਡਾ ਵਿੱਚ ਪੱਕੇ (ਪੀ.ਆਰ.) ਕਰਵਾਉਣ ਦੇ ਨਾਂ ਥੱਲੇ ਭਾਰਤ ਤੋਂ ਆ ਰਹੇ ਨਵੇਂ ਟਰੱਕ-ਚਾਲਕਾਂ ਦੇ ਕੀਤੇ ਜਾ ਰਹੇ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਬਾਰੇ ਉਸਦਾ ਪਲੇਠਾ ਨਾਵਲ ‘ਹਨੇਰੇ ਰਾਹ’ ਪ੍ਰਕਾਸ਼ਿਤ ਹੋਇਆ ਹੈ। ਇਹਨਾਂ ਲਿਖਤਾਂ ਵਿੱਚ ਸੜਕਾਂ ਉੱਤੇ ਦਿਨ ਰਾਤ ਢੋਆ-ਢੁਆਈ ਕਰਦੇ ਟਰੱਕ-ਚਾਲਕਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਪ੍ਰਸਥਿਤੀਆਂ ਨਾਲ ਦੋ-ਚਾਰ ਹੋ ਰਹੇ, ਸੜਕਾਂ ’ਤੇ ਵਾਪਰਦੇ ਖ਼ਤਰਨਾਕ ਹਾਦਸੇ ਅਤੇ ਟਰੱਕ-ਚਾਲਕਾਂ ਨਾਲ ਜੁੜੀਆਂ ਦੰਦ-ਕਥਾਵਾਂ ਦਾ ਜ਼ਿਕਰ ਹੈ। ਪਰ ‘ਓਟ’ ਵਿੱਚ ਇਨ੍ਹਾਂ ਨਾਲ਼ੋਂ ਵੱਡਾ ਵਾਧਾ ਇਹ ਹੈ ਕਿ ਮੁੱਖ ਪਾਤਰ ਮੁਖ਼ਤਾਰ ਆਪਣੀ ਹੱਡਬੀਤੀ ਦੱਸਦਿਆਂ ਨਾਲ਼ੋ-ਨਾਲ਼ ਨੈਸ਼ਨਲ ਹਾਈਵੇ ਅਤੇ ਟਰੱਕ-ਚਾਲਕ ਦੀ ਜ਼ਿੰਦਗੀ ਦਾ ਬਿਰਤਾਂਤ ਦੱਸਦੇ ਸਮੇਂ ਟਰੱਕਾਂ ਦੀਆਂ ਸਮੱਸਿਆਵਾਂ, ਰਸਤੇ ਵਿੱਚ ਪੈਂਦੇ ਸ਼ਹਿਰਾਂ, ਕਸਬਿਆਂ ਦੀ ਭੂਗੋਲਿਕ ਜਾਣਕਾਰੀ, ਇਤਿਹਾਸਕ ਵੇਰਵੇ ਤੇ ਨਾਲ ਜੁੜੀਆਂ ਦੰਦ-ਕਥਾਵਾਂ, ਦਰਿਆਵਾਂ, ਝੀਲਾਂ, ਪਰਬਤਾਂ, ਝਰਨਿਆਂ, ਵਾਦੀਆਂ ਅਤੇ ਪ੍ਰਕਿਰਤੀ ਦੀ ਅਸੀਮ ਖ਼ੂਬਸੂਰਤੀ ਦਾ ਬਿਰਤਾਂਤ ਵੀ ਸਿਰਜਦਾ ਜਾਂਦਾ ਹੈ। ਜਿਸ ਗਹਿਰਾਈ ਅਤੇ ਬਾਰੀਕੀ ਨਾਲ ਲੇਖਕ ਨੇ ਇਹ ਨੇੜਿਉਂ ਤੱਕਿਆ, ਮਹਿਸੂਸ ਕੀਤਾ ਤੇ ਬਿਆਨਿਆ ਹੈ, ਉਹ ਮਾਣ ਅਜੇ ਤਕ ਕੈਨੇਡਾ ਦੇ ਕਿਸੇ ਪੰਜਾਬੀ ਲੇਖਕ ਦੇ ਹਿੱਸੇ ਨਹੀਂ ਆਇਆ

‘ਓਟ’ ਨਾਵਲ ਪੜ੍ਹਦਿਆਂ ਸਵ: ਸਾਧੂ ਸਿੰਘ ਧਾਮੀ ਦੇ ‘ਮਲੂਕਾ’ ਨਾਵਲ ਦਾ ਖ਼ਿਆਲ ਆਉਣਾ ਵੀ ਕੁਦਰਤੀ ਹੈ। ਇਹ ਜ਼ਰੂਰ ਲੇਖਕ ਦੇ ਅਵਚੇਤਨ ਵਿੱਚ ਰਿਹਾ ਹੋਵੇਗਾ‘ਮਲੂਕਾ’ ਵਿੱਚ ਮੁੱਖ ਪਾਤਰ ‘ਮਲੂਕਾ’ ਦੇ ਲੱਕੜ-ਮਿੱਲ ਵਿੱਚ ਕੰਮ ਕਰਦਿਆਂ, ਮਿੱਲ ਕਾਮਿਆਂ ਦੀ ਕੁੱਕ-ਹਾਊਸਾਂ ਵਿੱਚਲੀ ਰੋਜ਼-ਮੱਰ੍ਹਾ ਜ਼ਿੰਦਗੀ, ਭਾਰਤੀ ਕਾਮਿਆਂ ਨਾਲ ਹੁੰਦੇ ਨਸਲਵਾਦ, ਭਾਰਤ ਵਿੱਚ ਬ੍ਰਤਾਨਵੀ ਰਾਜ ਦੇ ਜ਼ੁਲਮ ਦਾ ਇਤਿਹਾਸ, ਅਤੇ ਗ਼ਦਰ ਪਾਰਟੀ ਦੇ ਯੋਧਿਆਂ ਦੀ ਬੀਰਗਾਥਾ ਦਾ ਭਰਪੂਰ ਵਰਣਨ ਮਿਲਦਾ ਹੈ ਇਸੇ ਤਰ੍ਹਾਂ ‘ਓਟ’ ਵਿੱਚ ਮੁੱਖ ਪਾਤਰ ਮੁਖ਼ਤਾਰ ਆਪਣੀ ਤ੍ਰਾਸਦੀ ਦੱਸਦਾ ਹੋਇਆ, ਨਾਲ਼ੋ ਨਾਲ ਟਰੱਕ ਚਾਲਕਾਂ ਦੀਆਂ ਸਮੱਸਿਆਵਾਂ, ਟਰੱਕ ਮਾਲਕਾਂ ਦੀਆਂ ਵਧੀਕੀਆਂ, ਟਰੈਫਿਕ-ਪੁਲਸ ਵੱਲੋਂ ਨਸਲੀ ਵਿਤਕਰਾ ਅਤੇ ਖੱਜਲ਼-ਖ਼ੁਆਰੀ, ਖੇਤ ਕਾਮਿਆਂ ਦੀ ਦੁਰਦਸ਼ਾ, ਖ਼ਾਲਿਸਤਾਨੀਆਂ ਦੀ ਤੱਪੜਾਂ/ਕੁਰਸੀਆਂ ਦੇ ਨਾਂ ਥੱਲੇ ਗੁਰਦਵਾਰਿਆਂ ਉੱਤੇ ਕਬਜ਼ੇ ਕਰਨ ਦੀ ਰਾਜਨੀਤੀ ਆਦਿ ਦਾ ਬਾਰੀਕੀ ਨਾਲ ਜ਼ਿਕਰ ਕਰਦਾ ਜਾਂਦਾ ਹੈ।

‘ਓਟ’ ਨਾਵਲ ਦੀ ਕਹਾਣੀ ਦਾ ਬਿਰਤਾਂਤਕਾਰ ‘ਮੁਖ਼ਤਾਰ’ ‘ਮੈਂ’ ਦੇ ਰੂਪ ਵਿੱਚ ਪੰਜਾਬ ਵਿੱਚ ਥੁੜ-ਜ਼ਮੀਨੇ, ਆਰਥਿਕ ਤੰਗੀਆਂ ਦੇ ਝੰਬੇ ਪਰਿਵਾਰ ਦਾ ਨੌਜਵਾਨ, ਕੈਨੇਡਾ ਵਿੱਚ ‘ਅਰੇਂਜਡ ਮੈਰਿਜ’ ਦੇ ਬੇਸ ’ਤੇ ਆਏ, ਸੁਹਾਗ ਰਾਤ ਨੂੰ ਹੀ ਵਿਆਂਦ੍ਹੜ ਕੁੜੀ ਦੇ ਹੋਟਲ ਵਿੱਚੋਂ ਭੱਜ ਜਾਣ, ਪਰ ਕੈਨੇਡਾ ਵਿੱਚ ਲੈਂਡਿਡ ਇਮੀਗਰੈਂਟ ਬਣਨ ਖ਼ਾਤਰ ਜ਼ੁਬਾਨ ਬੰਦ ਰੱਖਣ ਅਤੇ ਜਜ਼ਬਾਤ ਦਿਲ ਅੰਦਰੇ ਛੁਪਾ ਲੈਣ ਲਈ ਕੌੜਾ ਘੁੱਟ ਭਰਨ, ਆਪਣੇ ਪਿੱਛੇ ਰਹਿ ਗਏ ਭੈਣ ਭਰਾਵਾਂ ਦੇ ਰੌਸ਼ਨ ਭਵਿੱਖ ਲਈ ਸਹੁਰਿਆਂ ਦੇ ਘਰ ਦਾ ਗੋਲਾ-ਧੰਦਾ ਕਰਨ ਅਤੇ ਸਹੁਰੇ/ਸਾਲ਼ਿਆਂ ਦੇ ਜ਼ੁਲਮ ਦਾ ਸ਼ਿਕਾਰ, ਫਾਰਮਾਂ ਵਿੱਚ ਕੰਮ ਅਤੇ ਸਕਿਉਰਟੀ ਗਾਰਡ ਬਣਨ ਵਰਗੇ ਕਈ ਪਾਪੜ ਵੇਲ ਕੇ ਆਖ਼ਰ ਆਪਣੇ ਟਰੱਕ-ਚਾਲਕ ਮਿੱਤਰ ਬਲਜੋਤ ਨਿੱਕੂ ਦੀ ਹੱਲਾ-ਸ਼ੇਰੀ ਨਾਲ ਸਰ੍ਹੀ ਤੋਂ ਕੈਲਗਰੀ ਵਾਲ਼ੇ ਰੂਟ ’ਤੇ ਟਰੱਕ-ਚਾਲਕ ਬਣ ਜਾਂਦਾ ਹੈ।

ਇਸਤਰੀ ਪਾਤਰ ਮੰਦਾਕਿਨੀ ਜ਼ਿਹਨੀ ਅਤੇ ਜਿਸਮਾਨੀ ਸ਼ੋਸ਼ਣ ਦਾ ਸ਼ਿਕਾਰ ਹੋਈ ਔਰਤ ਹੈ, ਜਿਸ ਨੂੰ ਗਿੰਦਰ ਵਰਗੇ ਗਲੀਜ਼ ਬੰਦੇ ਨੇ ਇੰਡੀਆ ਤੋਂ ਕੈਨੇਡਾ ਵਿੱਚ ਸੁਨਹਿਰੀ ਜ਼ਿੰਦਗੀ ਦੇ ਸਬਜ਼ਬਾਗ਼ ਦਿਖਾ ਕੇ ਪੰਜਾਬ ਦੇ ਇੱਕ ਕਸਬੇ ਦੀ ਛੋਟੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਮਾਸੂਮ ਅਧਿਆਪਕਾ ਨੂੰ ਵਰਗਲ਼ਾ ਕੇ ਨੈਨੀ ਦੇ ਤੌਰ ’ਤੇ ਕੈਨੇਡਾ ਪਹੁੰਚਦੀ ਕਰ ਦਿੱਤਾ, ਪਰ ਇੱਥੇ ਆ ਕੇ ਧੋਖੇ ਨਾਲ ਉਸਦਾ ਪਾਸਪੋਰਟ ਜ਼ਬਤ ਕਰਕੇ, ਉਸ ਦੀ ਕੁੱਟਮਾਰ, ਜਬਰੀ ਸ਼ਰਾਬ ਪਿਲਾ ਕੇ, ਸਮੂਹਕ ਜਿਸਮਾਨੀ ਸ਼ੋਸ਼ਣ ਕਰਕੇ ਉਸ ਨੂੰ ਇੱਕ ਇੱਜ਼ਤਦਾਰ, ਸ਼ਰੀਫ਼, ਸਾਊ ਸੁਆਣੀ ਤੋਂ ‘ਵੇਸਵਾ’ ਬਣਾ ਦਿਤਾ। ਗਿੰਦਰ ਦੀ ਇਸ ਚੁੰਗਲ਼ ਵਿੱਚੋਂ ਉਸਦਾ ਹੀ ਇੱਕ ਦੋਸਤ ਇਸ ਔਰਤ ਨਾਲ ਕੀਤੇ ਆਪਣੇ ਗੁਨਾਹਾਂ ਦੇ ਪਸ਼ਚਾਤਾਪ ਵਜੋਂ ਉਸ ਨੂੰ ਮਾਮੂਲੀ ਵਾਕਫ਼ੀਅਤ ਵਾਲ਼ੇ ਅਨੋਭੜ ਟਰੱਕ ਡਰਾਈਵਰ ਦੇ ਰਹਿਮੋ-ਕਰਮ ’ਤੇ ਛੱਡ ਦਿੰਦਾ ਹੈ ਕਿ ਉਹ ਉਸ ਨੂੰ ਸਰ੍ਹੀ ਤੋਂ ਕੈਲਗਰੀ ਅੱਪੜਦੀ ਕਰ ਦੇਵੇ। ਇਹ ਨਾਵਲ ਦੋ ਪੀੜਤ ਜਿੰਦਾਂ ਦੇ ਸਰ੍ਹੀ ਤੋਂ ਕੈਲਗਰੀ ਦੇ ਸਾਂਝੇ ਸਫ਼ਰ ਦਾ ਕਥਾਨਕ ਹੈ

ਨਾਵਲ ਵਿੱਚ ਕਲਾਤਮਿਕ ਉਤਸੁਕਤਾ ਅਤੇ ਜਗਿਆਸਾ ਪੈਦਾ ਕਰਨ ਲਈ ਸਹਾਇਕ ਪਾਤਰ ਤਰਨਜੀਤ ਉਰਫ਼ ਟੈਰੀ ਉਰਫ਼ ਤਾਰੋ ਵਾਲੀ ਕਹਾਣੀ ਕਹਿਣ ਖ਼ਾਤਰ ਲੇਖਕ ਨੇ ਨਾਵਲ ਦਾ ਆਰੰਭ ਬੀ. ਸੀ. ਦੇ ‘ਗੋਲਡਨ’ ਸ਼ਹਿਰ ਤੋਂ ਕੀਤਾ ਹੈ ਜੋ ਬੜਾ ਦਿਲਚਸਪ ਹੈ, ਅਤੇ ਨਾਵਲ ਦੀ ਤੰਦ ਅੱਗੇ ਤੋਰਦਾ ਹੈ। ਤਰਨਜੀਤ ਗੋਲਡਨ ਦੇ ਇੱਕ ਟਰੱਕ ਸਟਾਪ ਦੇ ਰੈਸਟੋਰੈਂਟ ਦੇ ਕਿਚਨ ਵਿੱਚ ਕੰਮ ਕਰਦੀ ਪੰਜਾਬੀ ਔਰਤ ਹੈ ਜਿਸਦਾ ਸਹੁਰਾ ਅੱਤ ਦਾ ਸ਼ਾਤਰ, ਲਾਲਚੀ, ਕੰਜੂਸ ਤੇ ਕਮੀਨਾ ਹੈ, ਉਹ ਪਰਿਵਾਰ ਦੀ ਏਕਤਾ ਤੇ ਅਖੰਡਤਾ ਦੀ ਆੜ ਹੇਠ ਤਰਨਜੀਤ ਦੀ ਕਮਾਈ ਵੀ ਆਪਣੀ ਤਲੀ ’ਤੇ ਟਿਕਵਾਉਂਦਾ ਹੈ, ਮਸਕੀਨ ਜਿਹਾ ਬਣ ਕੇ ਤਰਨਜੀਤ ਦੇ ਮਾਂ-ਪਿਉ ਨੂੰ ਭਾਰਤ ਤੋਂ ਕਦੇ ਵੀ ਇੱਥੇ ਨਾ ਬੁਲਾਉਣ ਦਾ ਤਰਨਜੀਤ ਤੋਂ ਪ੍ਰਣ ਕਰਵਾਉਂਦਾ ਹੈ। ਤਰਨਜੀਤ ਦੀ ਆਪਣੇ ਅਪਾਹਜ ਪਤੀ ਨਾਲ ਨਹੀਂ ਨਿਭਦੀ ਤੇ ਉਹ ਅਲੱਗ ਰਹਿੰਦੀ ਹੈ। ਟਰੱਕ-ਚਾਲਕ ਮੁਖ਼ਤਾਰ ਦਾ ਅਕਸਰ ਉਸ ਟਰੱਕ ਸਟਾਪ ’ਤੇ ਠਹਿਰਾਓ ਹੁੰਦਾ ਹੈ ਜਿੱਥੇ ਦੋਹਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਗੱਲ ਆਹਿਸਤਾ ਆਹਿਸਤਾ ‘ਚੰਗੇ ਲੱਗਣ’ ਤੋਂ ਸਹਿਜ ਪਿਆਰ ਵੱਲ ਵਧਦੀ ਹੈ। ਇਸੇ ਦੌਰਾਨ ਅਚਾਨਕ ਮੰਦਾਕਿਨੀ ਵਾਲ਼ਾ ਦੋ-ਰੋਜ਼ਾ ਤੇ ਵਿੱਚਕਾਰਲੀ ਰਾਤ ਦਾ ਸਫ਼ਰ ਸ਼ੁਰੂ ਹ ਜਾਂਦਾ ਹੈ। ਅੰਤ ਵਿੱਚ ਤਰਨਜੀਤ ਦਾ ਕੀ ਬਣਿਆ? ਇਹ ਉਤਸੁਕਤਾ ਲੇਖਕ ਨੇ ਸੁਚੇਤ ਤੌਰ ’ਤੇ ਪਾਠਕ ਦੇ ਮਨ ਵਿੱਚ ਬਣੀ ਰਹਿਣ ਦਿੱਤੀ ਹੈ ਜੋ ਸ਼ਾਇਦ ਅਗਲੇ ਨਾਵਲ ਦੇ ਸਕੋਪ ਲਈ ਰਾਹ ਖੋਲ੍ਹਦੀ ਹੈ।

ਨਾਵਲ ਵਿੱਚ ਕੈਨੇਡਾ ਦੇ ਇੱਕੋ ਇੱਕ ਨੈਸ਼ਨਲ ਹਾਈਵੇ (ਹਾਈਵੇ # 1) ਅਤੇ ਇਸ ਉੱਪਰ ਦਿਨ-ਰਾਤ ਚੱਲਦੇ ਟਰੱਕਾਂ, ਘਰੋਂ ਚੰਗੇ ਭਵਿੱਖ ਦੀ ਤਲਾਸ਼ ਵਿੱਚ ਤੁਰੇ, ਘਰ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਦਿਨ-ਰਾਤ ਇੱਕ ਕਰਦੇ, ਟੱਬਰ ਦੇ ਜੀਆਂ ਅਤੇ ਘਰ ਦੀਆਂ ਸੁਖ-ਸਹੂਲਤਾਂ ਤੋਂ ਦੂਰ, ਅੱਖਾਂ ਵਿੱਚ ਰਾਤਾਂ ਦਾ ਉਨੀਂਦਰਾ ਝੱਲਦੇ, ਟਰੱਕ-ਮਾਲਕਾਂ ਦੀਆਂ ਵਧੀਕੀਆਂ ਸਹਿੰਦੇ, ਪਿੰਡਾ-ਲੂੰਹਦੀ ਗਰਮੀ ਅਤੇ ਬਰਫ਼ੀਲੇ ਮੌਸਮ ਵਿੱਚ ਮੌਤ ਦੀ ਘਾਟੀ ਵਰਗੇ ਖ਼ਤਰਨਾਕ ਰਾਹਾਂ ’ਤੇ ਰੋਟੀ-ਰੋਜ਼ੀ ਲਈ ਮਜਬੂਰ ਟਰੱਕ-ਚਾਲਕਾਂ ਦੀ ਜ਼ਿੰਦਗੀ ਨੂੰ ਅੰਦਰੋਂ ਦੇਖਣ ਦਾ ਮੌਕਾ ਮਿਲਦਾ ਹੈ। ਕੁਝ ਲੋਕ ਇਸਦੇ ਵਿਰੋਧ ਵਿੱਚ ਕਹਿੰਦੇ ਹਨ ਕਿ ਟਰੱਕ ਚਲਾਉਣਾ ਹੁਣ ਉੰਨਾ ਜੋਖ਼ਮ ਵਾਲ਼ਾ ਕਿੱਤਾ ਨਹੀਂ ਰਿਹਾ। ਅਜਿਹੇ ਲੋਕ ਇਹ ਪੱਖ ਰੱਖਦੇ ਹਨ ਕਿ ਟਰੱਕ ਅੰਦਰ ਚੰਗੇ ਹੋਟਲ ਵਰਗੀਆਂ ਸਭ ਸੁਵਿਧਾਵਾਂ ਹਨ। ਪਹਿਲਾਂ ਵਾਲ਼ੀਆਂ ਗੱਲਾਂ ਨਹੀਂ ਰਹੀਆਂ। ਆਧੁਨਿਕ ਟਰੱਕ ਅੰਦਰੋਂ ਪੂਰੇ ਆਲੀਸ਼ਾਨ ਹੁੰਦੇ ਹਨ, ਮੈਨੂਅਲ ਗੀਅਰਾਂ ਦੀ ਥਾਂ ਆਟੋਮੈਟਿਕ ਗੀਅਰ ਹੁੰਦੇ ਹਨ, ਗੇਜਾਂ ਨਾਲ ਭਰੀ ਡੈਸ਼ਬੋਰਡ ਦੀ ਕੰਪਿਊਟਰ ਵਰਗੀ ਸਕਰੀਨ ਹਵਾਈ ਜਹਾਜ਼ ਦੇ ਕਾਕ-ਪਿੱਟ ਦਾ ਭੁਲੇਖਾ ਪਾਉਂਦੀ ਹੈ। ਗਹਿਣਿਆਂ ਨਾਲ ਲੱਦੀਆਂ ਟਰੱਕਾਂ ਵਾਲਿਆਂ ਦੀਆਂ ਸ਼ੌਕੀਨ ਪਤਨੀਆਂ ‘ਹੱਮਰਾਂ’ ’ਤੇ ਚੜ੍ਹ ਕੇ ਸਟੋਰਾਂ ਦੀ ਗੇੜ ਲਾਉਂਦੀਆਂ ਦਿਸਦੀਆਂ ਹਨ। ਬਹੁਤ ਟਰੱਕਾਂ ਵਾਲਿਆਂ ਦੇ ਫਾਰਮ ਜਾਂ ਹੋਰ ‘ਸਾਈਡ’ ਬਿਜ਼ਨੈੱਸ ਹਨ। ਅੰਨ੍ਹੀ ਕਮਾਈ ਹੈ, ਬਾਬੇ ਦੀ ‘ਫੁੱਲ ਕਿਰਪਾ’ ਹੈ, ਤੇ ਕਾਟੋ ਫੁੱਲਾਂ ’ਤੇ ਖੇਡਦੀ ਹੈ! ਟਰੱਕਾਂ ਵਿੱਚ ਮੋਬਾਇਲ ਫ਼ੋਨ ਲਈ ਬਲੂ-ਟੂਥ, ਏਅਰ ਕੰਡੀਸ਼ਨ ਤੇ ਹੀਟ, ਫਰਿੱਜ, ਸੌਣ ਲਈ ਸਲੀਪਰ ਬੈੱਡ, ਤੇ ਕਈਆਂ ਵਿੱਚ ਤਾਂ ਨਹਾਉਣ ਲਈ ਸ਼ਾਵਰ ਦੀ ਵੀ ਸੁਵਿਧਾ ਹੁੰਦੀ ਹੈ। ਹੁਣ ਤਾਂ ਟਰੱਕਾਂ ਵਾਲਿਆਂ ਦੇ ਆਪਣੇ ਟੀ. ਵੀ. ਚੈਨਲਾਂ ਉੱਪਰ ਟਰੱਕਿੰਗ ਇੰਡਸਟਰੀ ਬਾਰੇ ਸ਼ੋਅ ਚੱਲਦੇ ਹਨ। ਬਹੁਤ ਸਾਰੇ ਟਰੱਕਾਂ ’ਤੇ ਪਤੀ-ਪਤਨੀ, ਗਰਲ-ਫਰਿੰਡ/ ਬੁਆਏ-ਫਰਿੰਡ ਦੀਆਂ ਜੋੜੀਆਂ ਚੱਲਦੀਆਂ ਹਨ ਜੋ ਬਦਲ ਬਦਲ ਕੇ ਆਪਣੀ ਸ਼ਿਫ਼ਟ ਲਾਉਂਦੇ ਚਲੇ ਜਾਂਦੇ ਹਨ। ਇਸ ਤਰ੍ਹਾਂ ਆਪਣੇ ਪਾਰਟਨਰ ਤੋਂ ਵਿਛੋੜੇ ਦਾ ਉੰਨਾ ਸੱਲ ਨਹੀਂ ਸਹਿਣਾ ਪੈਂਦਾ। ਪਰ ਉਹ ਲੋਕ ਭੁੱਲ ਜਾਂਦੇ ਹਨ ਕਿ ਟਰੱਕ-ਮਾਲਕ ਤੇ ਟਰੱਕ-ਚਾਲਕ ਵਿੱਚ ਬਹੁਤ ਅੰਤਰ ਹੈ, ਕਿ ਘਰ, ਘਰ ਹੀ ਹੁੰਦਾ ਹੈ। ਜ਼ਰਾ ਕਿਆਸ ਕਰੋ ਘੁੱਪ ਹਨੇਰੀਆਂ ਬਰਫ਼ੀਲੀਆਂ ਰਾਤਾਂ, ਨਾਗ-ਵਲ਼ ਖਾਂਦੀਆਂ, ਬਾਰਸ਼, ਫਲੱਡ, ਸਨੋ, ਜੰਮੀ ਬਰਫ਼ ਨਾਲ ਸ਼ੀਸ਼ੇ ਵਾਂਗ ਲਿਸ਼ਕਦੀਆਂ ਤੇ ਧੁੰਦ ਵਿੱਚ ਗਲੇਫ਼ੀਆਂ ਸੜਕਾਂ, ਵਿੰਡਸ਼ੀਲਡ ਉੱਤੇ ਬਾਰੂਦ ਦੇ ਛੱਰਿਆਂ ਵਾਂਗ ਵਰ੍ਹਦੇ ਸਨੋ ਦੇ ਤੋਦਿਆਂ ਵਿੱਚ ਕਿਸ ਮਾਈ ਦੇ ਲਾਲ ਦਾ ਜੀਅ ਰਜਾਈ ਵਿੱਚੋਂ ਬਾਹਰ ਨਿਕਲਣ ਨੂੰ ਕਰਦਾ ਹੈ? ਪਰ ਸਦਕੇ ਜਾਈਏ ਇਹਨਾਂ ਸਿਦਕੀ ਟਰੱਕ ਡਰਾਈਵਰਾਂ ਦੇ ਜੋ ਜਾਨ ਜੋਖ਼ਮ ਵਿੱਚ ਪਾ ਕੇ ਲੋਕਾਈ ਨੂੰ ਗਰੌਸਰੀ ਅਤੇ ਬਾਕੀ ਸਮੱਗਰੀ ਪਹੁੰਚਾਉਂਦੇ ਹਨ। ਵੱਡੀ ਗਿਣਤੀ ਵਿੱਚ ਪੰਜਾਬੀ ਡਰਾਈਵਰ ਇਸ ਟਰੱਕਿੰਗ ਦੇ ਕਿੱਤੇ ਵਿੱਚ ਹਨ ਜੋ ਹਾਈਵੇ ’ਤੇ ਲੌਂਗ-ਸ਼ਿਫਟ ਚੱਲਦੇ ਹਨ। ਟਰੱਕ ਦੇ ਕਲੱਚ ਨੱਪ ਕੇ ਗੀਅਰ ਬਦਲਦਿਆਂ ਗਿੱਟੇ-ਗੋਡੇ ਰਹਿ ਜਾਂਦੇ ਹਨ ਤੇ ਢਿੱਡ ਦੀਆਂ ਆਂਦਰਾਂ ਖਿੱਚੀਆਂ ਜਾਂਦੀਆਂ ਹਨ। ਟਰੱਕ-ਚਾਲਕਾਂ ਨੂੰ ਤਾਂ ਅੱਖਾਂ ਵੀ ਖੁੱਲ੍ਹੀਆਂ ਰੱਖ ਕੇ ਸੌਣਾ ਪੈਂਦਾ ਹੈ! ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਬਿਤਾਉਣ, ਉਨ੍ਹਾਂ ਦੀ ਪਰਵਰਸ਼, ਪੜ੍ਹਾਈ-ਲਿਖਾਈ ਅਤੇ ਸਪੋਰਟਸ ਵਿੱਚ ਸਹਾਇਤਾ, ਆਦਿ ਤੋਂ ਵਿਰਵੇ ਰਹਿਣਾ ਪੈਂਦਾ ਹੈ। ਕਸਰਤ ਦੀ ਘਾਟ, ਉਨੀਂਦਰੇ, ਲਗਾਤਾਰ ਲੰਬਾ ਸਮਾਂ ਇੱਕੋ ਪੋਜ਼ੀਸ਼ਨ ਵਿੱਚ ਬੈਠਿਆਂ ਰਹਿਣ ਕਰਕੇ ਸਰੀਰਕ ਬੀਮਾਰੀਆਂ- ਮੁਟਾਪਾ, ਡਾਇਬੀਟੀਜ਼, ਬਲੱਡ ਪਰੈਸ਼ਰ, ਕੌਲਿਸਟਰੌਲ, ਅਤੇ ਹੋਰ ਅਨੇਕ ਅਲਾਮਤਾਂ ਚੰਬੜ ਜਾਂਦੀਆਂ ਹਨ। ਕਈ ਡਰਾਈਵਰ ਹੌਲ਼ੀ ਹੌਲ਼ੀ ਸ਼ਰਾਬ, ਜਰਦੇ, ਭੁੱਕੀ ਅਤੇ ਹੋਰ ਨਸ਼ਿਆਂ ਦੇ ਘੋਰੀ ਹੋ ਜਾਂਦੇ ਹਨ। ਮੁੱਕਦੀ ਗੱਲ, ਟਰੱਕ ਬੰਦੇ ਦੇ ਹੱਡਾਂ ਵਿੱਚ ਬਹਿ ਜਾਂਦਾ ਹੈ! ਜਿਹੜਾ ਇੱਕ ਵਾਰ ਟੈਕਸੀ ਜਾਂ ਟਰੱਕਾਂ ਵਿੱਚ ਪੈ ਗਿਆ, ਉਹ ਉਮਰ ਭਰ ਲਈ ਇਸਦਾ ਗ਼ੁਲਾਮ ਬਣ ਜਾਂਦਾ ਹੈ। ਨਾ ਬੰਦਾ ਟਰੱਕ ਨੂੰ ਛੱਡ ਸਕਦਾ ਹੈ ਤੇ ਨਾ ਹੀ ਟਰੱਕ ਬੰਦੇ ਨੂੰ ਛੱਡਣ ਦਿੰਦਾ ਹੈ। ਖੂਹ ਦੀ ਮਿੱਟੀ ਖੂਹ ਨੂੰ ਹੀ ਲੱਗ ਜਾਂਦੀ ਹੈ! ਮੇਰੇ ਕਰੀਬੀ ਦੋਸਤੀ ਦੇ ਘੇਰੇ ਵਿੱਚ ਅਨੇਕ ਮਿੱਤਰ ਦੋਸਤ ਤੇ ਰਿਸ਼ਤੇਦਾਰ ਜੋ ਇਸ ਕਿੱਤੇ ਵਿੱਚ ਹਨ, ਇਸਦੇ ਜ਼ਾਹਰਾ-ਜ਼ਹੂਰ ਗਵਾਹ ਹਨ।

ਆਪਣੇ ਸਿਵਲ (ਟਰਾਂਸਪੋਰਟੇਸ਼ਨ) ਇੰਜਨੀਅਰਿੰਗ ਪ੍ਰੋਫ਼ੈਸ਼ਨਲ ਕਾਰਜ-ਕਾਲ਼ ਦੌਰਾਨ ਇਹਨਾਂ ਸਤਰਾਂ ਦੇ ਲੇਖਕ ਨੂੰ ਇਤਫ਼ਾਕ ਨਾਲ ਇਸ ਹਾਈਵੇ ਵਿੱਚਲੇ ਸਭ ਤੋਂ ਖ਼ਤਰਨਾਕ ਹਿੱਸੇ- ਕੈਸ਼ ਕਰੀਕ ਟੂ ਰੌਕੀਜ਼ ਪ੍ਰੋਗਰਾਮ (Cache Creek to Rockies Program) ਤਹਿਤ ਕੋਲੰਬੀਆ ਰਿਵਰ ਬਰਿੱਜ ਤੋਂ ਲੈ ਕੇ ਗੋਲਡਨ, ਅਤੇ ਗੋਲਡਨ ਤੋਂ ਅਲਬਰਟਾ ਬਾਰਡਰ ਤਕ ਦੇ ਹਾਈਵੇ ਕਾਰੀਡੋਰ ਦੀ ਅਲਾਈਨਮੈਂਟ ਤੇ ਰਾਈਟ-ਆਫ਼-ਵੇ ਦੀ ਨਿਸ਼ਾਨਦੇਹੀ, ਅਤੇ ਮੁਢਲੇ (Preliminary) ਡੀਜ਼ਾਈਨ ਕਰਨ ਦਾ ਅਵਸਰ ਵੀ ਪ੍ਰਾਪਤ ਹੋਇਆ, ਇਹ ਸਾਰਾ ਸੈਕਸ਼ਨ ਲੇਖਕ ਨੇ ਕਈ ਵਾਰੀ ਗਾਹਿਆ ਹੈ। ਖ਼ਾਸ ਤੌਰ ’ਤੇ ਗੋਲਡਨ ਤੋਂ ਫੀਲਡ ਤਕ ਦੇ 20-25 ਕਿਲੋਮੀਟਰ ਦੇ ਕਿੱਕਿੰਗ ਹਾਰਸ ਕੈਨੀਅਨ ਵਾਲ਼ੇ ਇਸ ਸੈਕਸ਼ਨ ਵਿੱਚ ਸੜਕ ਦੇ ਇੱਕ ਪਾਸੇ ਉੱਚੇ, ਵਿਸ਼ਾਲ ‘ਰਾਕੀ ਮਾਊਂਟੇਨ’ ਪਰਬਤ ਮਾਲ਼ਾ ਹੈ ਜਿਨ੍ਹਾਂ ਤੋਂ ਹਾਈਵੇ ’ਤੇ ਹਰ ਵਕਤ ਪੱਥਰਾਂ ਦੇ ਡਿਗਦੇ ਰਹਿਣ ਕਾਰਨ ਮੌਤ ਦਾ ਖ਼ੌਫ਼ ਸਿਰ ’ਤੇ ਮੰਡਲਾਉਂਦਾ ਰਹਿੰਦਾ ਹੈ, ਭਾਵੇਂ ਹਾਈਵੇ ਮਨਿਸਟਰੀ ਵੱਲੋਂ ਥਾਂ ਥਾਂ ਡਿਗਦੇ ਪੱਥਰਾਂ ਤੋਂ ਬਚਾ ਲਈ ਸਟੀਲ ਦੀਆਂ ਤਾਰਾਂ ਦੇ ਨੈੱਟ (Rock Curtains) ਲਗਾਏ ਗਏ ਹਨਸੜਕ ਦੇ ਦੂਜੇ ਪਾਸੇ ਡੂੰਘੀ ਘਾਟੀ ਵਿੱਚ ਸ਼ੂਕਦਾ ਬਰਫ਼ਾਨੀ ਕਿੱਕਿੰਗ ਹਾਰਸ ਦਰਿਆ ਹੈ। ਅਨੇਕਾਂ ਖ਼ਤਰਨਾਕ ਕੂਹਣੀ ਮੋੜ ਹਨ, ਥਾਂ ਥਾਂ ਸਪੀਡ ਵਾਰਨਿੰਗ ਅਤੇ ਐਡਵਾਈਜ਼ਰੀ ਸਾਈਨਾਂ ਦੇ ਬਾਵਜੂਦ ਜਿੱਥੇ ਸੁੱਕੇ ਅੰਬਰੀਂ ਅਤੇ ਟਹਿਕਦੀ ਧੁੱਪ ਵਿੱਚ ਵੀ ਵਾਹਨ ਚਲਾਉਂਦਿਆਂ ਤ੍ਰਾਹ ਨਿੱਕਲ ਜਾਂਦਾ ਹੈ। ਹਨੇਰੀਆਂ ਰਾਤਾਂ ਨੂੰ ਦ੍ਰਿਸ਼ਟਤਾ ਘੱਟ ਹੋਣ ਕਾਰਨ ਇਹ ਸੈਕਸ਼ਨ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ ਤੇ ਵਾਦੀਆਂ ਵਿੱਚ ਚੜ੍ਹਾਈ ਚੜ੍ਹਦੇ ਹੌਂਕਦੇ ਟਰੱਕਾਂ ਦੀ ਪ੍ਰਤੀਧੁਨੀ ਖ਼ੌਫ਼ਨਾਕ ਰੂਪ ਧਾਰ ਲੈਂਦੀ ਹੈ।

‘ਓਟ’ ਬਹੁਤ ਵੱਖਰਾ, ਦਿਲਚਸਪ ਤੇ ਜਾਣਕਾਰੀ ਭਰਪੂਰ ਨਾਵਲ ਹੈ। ਨਾਵਲ ਦੀ ਪੇਸ਼ਕਾਰੀ ਬਹੁਤ ਕਮਾਲ ਹੈ ਬਿਰਤਾਂਤ ਵਿੱਚ ਰਵਾਨੀ ਸਹਿਜ ਹੈ, ਕਿਤੇ ਖੜੋਤ ਜਾਂ ਕਾਹਲ ਨਜ਼ਰ ਨਹੀਂ ਆਉਂਦੀ। ਪਰ ਛਪਾਈ ਵਿੱਚ ਵਿਆਕਰਣ ਦੀਆਂ ਚੋਖੀਆਂ ਗ਼ਲਤੀਆਂ ਰਹਿ ਗਈਆਂ ਹਨ। ਮੈਂਨੂੰ ਹਮੇਸ਼ਾ ਇਹ ਗੱਲ ਬਹੁਤ ਰੜਕਦੀ ਹੈ ਕਿ ਜੇ ਲੇਖਕ ਖ਼ੁਦ ਆਪਣੀਆਂ ਲਿਖਤਾਂ ਵਿੱਚ ਵਿਆਕਰਣ ਦੀਆਂ ਇੰਨੀਆਂ ਗ਼ਲਤੀਆਂ ਕਰਦੇ ਹਨ ਤਾਂ ਸਧਾਰਨ ਪਾਠਕਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ? ਮੇਰਾ ਮੰਨਣਾ ਹੈ ਕਿ ਜਦ ਇੱਕ ਵਾਰ ਕੋਈ ਰਚਨਾ ਲੇਖਕ ਤੋਂ ਪਾਠਕਾਂ ਤਕ ਚਲੀ ਜਾਂਦੀ ਹੈ ਤਾਂ ਉਹ ਲੇਖਕ ਦੇ ਵੱਸ ਤੋਂ ਬਾਹਰ ਹੋ ਜਾਂਦੀ ਹੈ, ਬਾਅਦ ਦਾ ਲੇਖਾ-ਜੋਖਾ ਪਾਠਕ ਖ਼ੁਦ ਕਰਦੇ ਹਨ। ਪਾਠਕ ਬਹੁਤ ਬੇਲਿਹਾਜ ਤੇ ਬੇਕਿਰਕ ਹੁੰਦੇ ਹਨ! ਉਹ ਇਹ ਨਹੀਂ ਦੇਖਦੇ ਕਿ ਲੇਖਕ ਤੋਂ ਫਲਾਣੀ ਗ਼ਲਤੀ ਕਿਸ ਵਜਾਹ ਕਰਕੇ ਹੋਈ, ਨਾ ਹੀ ਲੇਖਕ ਆਪਣੀ ਸਫ਼ਾਈ ਲਈ ਹਾਜ਼ਰ ਹੁੰਦਾ ਹੈ ਜਾਂ ਪਾਠਕਾਂ ਪਿੱਛੇ ਤੁਰਿਆ ਫਿਰਦਾ ਹੈ। ਨਾਵਲ ਦੇ ਆਰੰਭ ਵਿੱਚ ਲਿਖਿਆ ਗਿਆ ਹੈ ਕਿ ਇਸ ’ਤੇ ਸਾਹਿਤ ਦੇ ਵੱਡੇ ਦਿੱਗਜਾਂ ਦਾ ਹੱਥ ਫਿਰ ਚੁੱਕਾ ਹੈ, ਇਸ ਕਰਕੇ ਮੈਂ ਬਹੁਤਾ ਧਿਆਨ ਇਸ ਪਾਸੇ ਨਹੀਂ ਦਿੱਤਾ, ਪਰ ਪਤਾ ਨਹੀਂ ਛਪਣ ਸਮੇਂ ਇੰਨੀਆਂ ਗ਼ਲਤੀਆਂ ਕਿਵੇਂ ਰਹਿ ਗਈਆਂ? ਇਹ ਗ਼ਲਤੀਆਂ ਇੱਕ ਸੁਹਿਰਦ ਪਾਠਕ ਨੂੰ ਚੁਭਦੀਆਂ ਹਨ ਜਿਵੇਂ ਖ਼ਾਲਸ ਦੇਸੀ ਘਿਓ ਦਾ ਤੜਕਾ ਲਾਈ, ਧਨੀਏਂ ਦੀਆਂ ਮਹਿਕਾਂ ਛੱਡਦੀ ਮਾਂਹ-ਛੋਲਿਆਂ ਦੀ ਸੁਆਦੀ ਦਾਲ਼ ਵਿੱਚ ਕੋਕੜੂ ਆ ਜਾਵੇ! ਜਾਂ ਜਿਵੇਂ ਠੰਢੀ-ਮਿੱਠੀ ਬਦਾਮਾਂ ਵਾਲੀ ਖੀਰ ਵਿੱਚ ਸੁਆਹ ਕਿਰ ਗਈ ਹੋਵੇ। ਉਦਾਹਰਣ ਵਜੋਂ, ਗੱਲ ਮੁੱਖਬੰਧ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ ਜਿਸ ਵਿੱਚ ਘੱਟੋ ਘੱਟ ਪੰਜ ਗ਼ਲਤੀਆਂ ਹਨ ਇਸ ਤੋਂ ਇਲਾਵਾ ਇਸ ਵਿਚਲੇ ਕਈ ਭਾਰੇ ਸ਼ਬਦ ਜਿਵੇਂ ਕਿ ‘ਭੌਤਕ ਸਭਿਆਚਾਰਕ ਮਨੋਵਿਗਿਆਨ’ ਦਾ ਪਤਾ ਨਹੀਂ ਲੱਗਦਾ ਕਿ ਕੀ ਬਲਾ ਹੈ? ਇਸੇ ਤਰ੍ਹਾਂ ‘ਧੰਨਵਾਦੀ ਹਾਂ’ ਚੈਪਟਰ ਵਿੱਚ ਪੰਜ-ਛੇ ਗ਼ਲਤੀਆਂ ਰੜਕਦੀਆਂ ਹਨ ਬਾਕੀ ਨਾਵਲ ਦੇ ਮੂਲ ਪਾਠ ਵਿੱਚ ਸੈਂਕੜੇ ਗ਼ਲਤੀਆਂ ਹਨ, ਜੋ ਮੈਂ ਆਪਣੀ ਤੁੱਛ ਬੁੱਧੀ ਮੂਜਬ ਮਾਰਕ ਕਰ ਕੇ ਨਾਵਲਕਾਰ ਦੇ ਹਵਾਲੇ ਕਰ ਦਿੱਤੀਆਂ ਹਨਇਸੇ ਤਰ੍ਹਾਂ ਕੁਝ ਸੁਝਾਅ ਹਨ: ਸਫ਼ਾ 28 ’ਤੇ RPM ਮੇਰਾ ਖ਼ਿਆਲ ਹੈ ‘ਰੇਟ ਪਰ ਮਾਈਲ’ ਨਹੀਂ ਸਗੋਂ ਰੈਵੋਲੂਸ਼ਨਜ਼ ਪਰ ਮਿਨਿਟ (Revolutions per minute) ਦਾ ਸੰਖੇਪ ਹੁੰਦਾ ਹੈ, ਅੱਗੇ ਤੁਸੀਂ ਆਪ ਸਿਆਣੇ ਹੋ। ਨਾਵਲ ਦੇ ‘ਗੋਲਡਨ’ ਅਤੇ ‘ਮਨ ਦੇ ਜੁਗਨੂੰ’ ਕਾਂਡਾਂ ਵਿੱਚ ਕੁਝ ਦੁਹਰਾ ਹੈ, ਜਿਸ ਤੋਂ ਬਚਣ ਦੀ ਜ਼ਰੂਰਤ ਹੈ। ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਛਪਣ ਵਾਲ਼ੇ ਐਡੀਸ਼ਨਾਂ ਵਿੱਚ ਨਾਵਲਕਾਰ ਵੱਲੋਂ ਇਸਦਾ ਗੰਭੀਰ ਨੋਟਿਸ ਲਿਆ ਜਾਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3259)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸਤਵੰਤ ਸ ਦੀਪਕ

ਸਤਵੰਤ ਸ ਦੀਪਕ

Coquitlam, British Columbia, Canada.
Phone: (604 - 910 - 9953)
Email: (satwantdeepak@gmail.com)

More articles from this author