SarwanSingh7ਮੈਂ ਤਿੰਨ ਮੀਲ ਦੂਰ ਪਿੰਡ ‘ਕੋਠੇ’ ਨੂੰ ਜਾਣ ਲੱਗਾ ਤਾਂ ਸਾਹਮਣਿਓਂ ਅਚਾਨਕ ਤੋਪਾਂ ਦੇ ਫਾਇਰ ਖੁੱਲ੍ਹ ਗਏ ...”
(ਸਤੰਬਰ 26, 2015)


5 ਸਤੰਬਰ 1965 ਦੀ ਰਾਤ ਮੇਰੇ ਚੇਤੇ ਵਿੱਚ ਪੱਕੀ ਤਰ੍ਹਾਂ ਉੱਕਰੀ ਪਈ ਹੈ। ਦਿਨ ਛਿਪਦਿਆਂ ਅਚਾਨਕ ਗੋਲਾਬਾਰੀ ਹੋਣ ਲੱਗ ਪਈ ਸੀ। ਬਿਜਲੀ ਦੀ ਕੜਕ ਵਰਗੀ ਆਵਾਜ਼ ਸੀ ਤੋਪਾਂ ਦੀ। ਸੁਲੇਮਾਨਕੀ ਸੜਕ ਉੱਤੇ ਸਾਈਕਲ ਤੇ ਜਾਂਦਾ ਮੈਂ ਤਹਿਕ ਕੇ ਡਿੱਗ ਪਿਆ ਸਾਂ। ਮੇਰੇ ਮੂਹਰੇ ਜਾਂਦੇ ਇਕ ਹੋਰ ਸਾਈਕਲ ਸਵਾਰ ਨਾਲ ਵੀ ਇਹੋ ਕੁਝ ਹੋਇਆ ਸੀ। ਇਸ ਘਟਨਾ ਨੂੰ ਭਾਵੇਂ ਪੰਜਾਹ ਸਾਲ ਹੋ ਗਏ ਹਨ ਪਰ ਲੱਗਦੈ ਜਿਵੇਂ ਕੱਲ੍ਹ ਦੀ ਗੱਲ ਹੋਵੇ।

ਮੈਨੂੰ ਦਿੱਲੀ ਬੈਠੇ ਨੂੰ ਚਿੱਠੀ ਆਈ ਕਿ ਪ੍ਰੋ. ਗੁਰਬਖ਼ਸ਼ ਸਿੰਘ ਸੱਚਦੇਵ ਐੱਮ. ਆਰ. ਕਾਲਜ ਫਾਜ਼ਿਲਕਾ ਤੋਂ ਪੰਜਾਬੀ ਯੂਨੀਵਰਸਿਟੀ ਪਟਿਆਲੇ ਜਾ ਰਹੇ ਹਨ। ਮੈਂ ਉਹਨਾਂ ਦੀ ਥਾਂ ਲੈਕਚਰਾਰ ਲੱਗਣ ਲਈ ਅਰਜ਼ੀ ਦੇਵਾਂ। ਫਾਜ਼ਿਲਕਾ ਦੇ ਕਾਲਜ ਨਾਲ ਮੈਨੂੰ ਮੋਹ ਸੀ ਕਿਉਂਕਿ ਮੈਂ ਉੱਥੇ ਚਾਰ ਸਾਲ ਪੜ੍ਹਿਆ ਸਾਂ। ਪ੍ਰੋ. ਸੱਚਦੇਵ ਮੇਰੇ ਅਧਿਆਪਕ ਸਨ, ਜਿਨ੍ਹਾਂ ਨੇ ਮੈਨੂੰ ਲਿਖਣ ਦੀ ਚੇਟਕ ਲਾਈ ਸੀ। ਬੇਸ਼ਕ ਮੇਰਾ ਦਿੱਲੀ ਦੇ ਇਕ ਕਾਲਜ ਵਿਚ ਲੈਕਚਰਾਰ ਲੱਗਣ ਦਾ ਜੁਗਾੜ ਬਣ ਰਿਹਾ ਸੀ, ਫਿਰ ਵੀ ਮੈਂ ਅਰਜ਼ੀ ਦੇਣ ਫਾਜ਼ਿਲਕਾ ਕੋਲ ਆਪਣੀ ਭੂਆ ਦੇ ਪਿੰਡ ਕੋਠੇ ਚਲਾ ਗਿਆ। ਇਸ ਨਿੱਕੇ ਜਿਹੇ ਪਿੰਡ ਵਿਚ ਮੈਂ ਸੱਤ ਅੱਠ ਸਾਲ ਰਿਹਾ ਸਾਂ ਅਤੇ ਫਾਜ਼ਿਲਕਾ ਦੇ ਡੀ. ਏ. ਵੀ. ਸਕੂਲ ਤੋਂ ਤਿੰਨ ਜਮਾਤਾਂ ਤੇ ਐੱਮ. ਆਰ. ਕਾਲਜ ਤੋਂ ਬੀ. ਏ. ਤਕ ਪੜ੍ਹਿਆ ਸਾਂ।

5 ਸਤੰਬਰ ਦੀ ਸ਼ਾਮ ਨੂੰ ਕਾਲਜ ਦੀ ਟੀਮ ਦਾ ਬੀ. ਐੱਸ. ਐੱਫ. ਦੀ ਟੀਮ ਨਾਲ ਹਾਕੀ ਦਾ ਮੈਚ ਸੀ। 1960-61 ਵਿਚ ਮੈਂ ਕਾਲਜ ਦੀ ਹਾਕੀ ਟੀਮ ਦਾ ਕਪਤਾਨ ਸਾਂ। ਮੁੰਡਿਆਂ ਨੇ ਮੈਨੂੰ ਵੀ ਮੈਚ ਖੇਡਣ ਲਈ ਸੱਦ ਲਿਆ। ਮੈਂ ਕੋਠੇ ਤੋਂ ਸਾਈਕਲ ਉੱਤੇ ਕਾਲਜ ਦੇ ਹੋਸਟਲ ਵਿਚ ਪਹੁੰਚਿਆ ਪਰ ਬੀ. ਐੱਸ. ਐੱਫ. ਦਾ ਸੁਨੇਹਾ ਆ ਗਿਆ ਕਿ ਅੱਜ ਮੈਚ ਨਹੀਂ ਹੋਵੇਗਾ। ਤਦੇ ਇਕ ਪਾਕਿਸਤਾਨੀ ਹਵਾਈ ਜਹਾਜ਼ ਨੇ ਫਾਜ਼ਿਲਕਾ ਸ਼ਹਿਰ ਉੱਤੋਂ ਦੀ ਬਹੁਤ ਨੀਵਾਂ ਹੋ ਕੇ ਚੱਕਰ ਲਾਇਆ। ਜਹਾਜ਼ ਦੀ ਤਿੱਖੀ ਗੂੰਜਵੀਂ ਆਵਾਜ਼ ਨਾਲ ਲੋਕਾਂ ਦੇ ਦਿਲ ਦਹਿਲ ਗਏ। ਅਸੀਂ ਸ਼ਹਿਰ ਦਾ ਚੱਕਰ ਲਾ ਕੇ ਵੇਖਿਆ, ਜਿੱਥੇ ਵੀ ਚਾਰ ਬੰਦੇ ਖੜ੍ਹੇ ਸਨ, ਸਭ ਜਹਾਜ਼ ਦੀਆਂ ਗੱਲਾਂ ਕਰ ਰਹੇ ਸਨ।

ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਨਰਲ ਅਯੂਬ ਖਾਂ ਨੇ ਉਸੇ ਦਿਨ ਰੇਡੀਓ ਪਾਕਿਸਤਾਨ ਤੋਂ ਭਾਰਤ ਨੂੰ ਧਮਕੀ ਦਿੱਤੀ ਸੀ। ਹਨ੍ਹੇਰਾ ਹੋਣ ਤੋਂ ਪਹਿਲਾਂ ਹੀ ਮੈਂ ਪਿੰਡ ਪਹੁੰਚਣਾ ਚਾਹਿਆ। ਦਿਨ ਡੁੱਬ ਰਿਹਾ ਸੀ, ਮਿੰਟਗੁਮਰੀ ਨੂੰ ਜਾਂਦੀ ਸੁਲੇਮਾਨਕੀ ਸੜਕ ਉੱਤੇ ਛਿਪਦੇ ਸੂਰਜ ਦੀ ਲਾਲੀ ਲਿਸ਼ਕ ਰਹੀ ਸੀ। ਮੀਲ ਪੱਥਰਾਂ ਉੱਤੇ ਉਦੋਂ ਮਿੰਟਗੁਮਰੀ ਤੇ ਮੁਲਤਾਨ ਦੇ ਨਾਂ ਲਿਖੇ ਹੋਏ ਸਨ। ਮੈਂ ਤਿੰਨ ਮੀਲ ਦੂਰ ਪਿੰਡ ‘ਕੋਠੇ’ ਨੂੰ ਜਾਣ ਲੱਗਾ ਤਾਂ ਸਾਹਮਣਿਓਂ ਅਚਾਨਕ ਤੋਪਾਂ ਦੇ ਫਾਇਰ ਖੁੱਲ੍ਹ ਗਏ। ਫਾਇਰਿੰਗ ਬਹੁਤ ਤੇਜ਼ ਤੇ ਬਹੁਤ ਉੱਚੀ ਸੀ। ਤੋਪਾਂ ਨੇ ਗੜਗੜਾਹਟ ਪਾ ਦਿੱਤੀ ਸੀ। ਪਾਕਿਸਤਾਨੀ ਫੌਜ ਨੇ ਹੈੱਡ ਸੁਲੇਮਾਨਕੀ ਵੱਲੋਂ ਹੱਲਾ ਬੋਲ ਦਿੱਤਾ ਸੀ। ਮੈਂ ਰਿੜ੍ਹ ਕੇ ਖਤਾਨਾਂ ਵਿਚ ਜਾ ਲੁਕਿਆ ਤੇ ਗੋਲਾਬਾਰੀ ਰੁਕਣ ਤੇ ਵਾਪਸ ਹੋਸਟਲ ਵਿਚ ਮੁੜ ਗਿਆ।

ਹੋਸਟਲ ਵਿਚ ਵੀਹ ਪੱਚੀ ਮੁੰਡੇ ਸਨ। ਅਸੀਂ ਸੜਕ ਵੱਲ ਦੀ ਬਾਹਰਲੀ ਕੰਧ ਕੋਲ ਸ਼ਹਿ ਕੇ ਬੈਠੇ ਬਾਰਡਰ ਵੱਲ ਜਾਂਦੀਆਂ ਫੌਜੀ ਗੱਡੀਆਂ ਵੇਖਣ ਲੱਗੇ। ਹਨ੍ਹੇਰਾ ਹੋ ਗਿਆ। ਤਦੇ ਫੌਜੀ ਅਫਸਰਾਂ ਦੀ ਇਕ ਜੀਪ ਸਾਡੇ ਕੋਲ ਆ ਕੇ ਰੁਕੀ। ਉਹ ਸਾਥੋਂ ਬਾਰਡਰ ਦੇ ਪਿੰਡਾਂ ਬਾਰੇ ਜਾਣਕਾਰੀ ਲੈਣ ਲੱਗੇ। ਮੈਂ ਕੋਠੇ ਤੇ ਹੋਰ ਪਿੰਡਾਂ ਦਾ ਵੇਰਵਾ ਦੱਸਿਆ ਤਾਂ ਇਕ ਅਫ਼ਸਰ ਨੇ ਕਿਹਾ, ਆਪ ਹਮਾਰੇ ਸਾਥ ਬੈਠੀਏ।” ਮੈਂ ਬੈਠਣ ਲੱਗਾ ਤਾਂ ਹੋਸਟਲ ਦੇ ਵਾਰਡਨ ਨੇ ਮੈਨੂੰ ਰੋਕ ਲਿਆ ਕਿ ਅੱਗੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ। ਅਸੀਂ ਜਿੰਨਾ ਕੁ ਦੱਸ ਸਕਦੇ ਸਾਂ ਦੱਸਿਆ ਤੇ ਉਹ ਅੱਗੇ ਵਧ ਗਏ। ਹੋਸਟਲ ਦਾ ਵਾਰਡਨ ਪ੍ਰੋਫੈਸਰ ਕੌਸ਼ਲ ਕਹਿ ਰਿਹਾ ਸੀ, ਹੁਣ ਕੱਟਾ ਕੱਟੀ ਨਿਕਲ ਕੇ ਰਹੇਗਾ।””

ਗੋਲਾਬਾਰੀ ਲਗਾਤਾਰ ਜਾਰੀ ਸੀ। ਬਾਰਡਰ ਦੇ ਪਿੰਡਾਂ ਤੋਂ ਲੋਕ ਗੱਡਿਆਂ ਅਤੇ ਟ੍ਰੈਕਟਰਾਂ ਟਰਾਲੀਆਂ ਤੇ ਚੜ੍ਹੇ ਤੇ ਪੈਦਲ ਤੁਰੇ ਆ ਰਹੇ ਸਨ। ਮੈਂ ਸੜਕ ਤੇ ਕੋਠੇ ਤੋਂ ਆਉਣ ਵਾਲਿਆਂ ਨੂੰ ਉਡੀਕਣ ਲੱਗਾ ਪਰ ਉੱਥੋਂ ਦਾ ਕੋਈ ਬੰਦਾ ਮੈਨੂੰ ਆਉਂਦਾ ਨਾ ਦਿਸਿਆ। ਮੈਨੂੰ ਧੁੜਕੂ ਲੱਗਾ ਕਿ ਕੋਠਾ ਕਿਤੇ ਫੌਜ ਦੇ ਘੇਰੇ ਵਿਚ ਹੀ ਨਾ ਗਿਆ ਹੋਵੇ। ਫਿਰ ਖ਼ਿਆਲ ਆਇਆ, ਹੋ ਸਕਦੈ ਕੋਠੇ ਵਾਲੇ ਆਵੇ ਵੱਲ ਦੀ ਕੱਚੇ ਰਾਹ ਨਿਕਲੇ ਹੋਣ। ਮੈਂ ਹਾਕੀ ਲੈ ਕੇ ਸੁਲੇਮਾਨਕੀ ਚੁੰਗੀ ਵੱਲ ਗਿਆ। ਉੱਥੇ ਵੀ ਪਿੰਡ ਦੇ ਕਿਸੇ ਬੰਦੇ ਦੇ ਨਿਕਲ ਆਉਣ ਦਾ ਪਤਾ ਨਾ ਲੱਗਾ। 

ਦਸ ਕੁ ਵਜੇ ਮੈਂ ਕੱਚੇ ਰਾਹ ਪਿੰਡ ਆਵੇ ਨੂੰ ਹੋ ਤੁਰਿਆ। ਉੱਧਰ ਕੋਈ ਬੰਦਾ ਆਉਂਦਾ ਜਾਂਦਾ ਨਾ ਮਿਲਿਆ। ਲਾਂਭ-ਚਾਂਭ ਕਾਹ ਦੇ ਬੂਟੇ ਸਨ, ਉਹ ਹਿੱਲਦੇ ਤਾਂ ਡਰ ਨਾਲ ਮੇਰਾ ਦਿਲ ਵੀ ਦਹਿਲਦਾ। ਤਦ ਤਕ ਤੋਪਾਂ ਦੇ ਫਾਇਰ ਬੰਦ ਹੋ ਚੁੱਕੇ ਸਨ। ਹਨ੍ਹੇਰਾ ਸਾਂ ਸਾਂ ਕਰ ਰਿਹਾ ਸੀ।  ਖੇਤਾਂ ਵਿੱਚ ਡਰਾਉਣੀ ਚੁੱਪ ਸੀ। ਅਸਮਾਨ ਵਿਚ ਤਾਰੇ ਵੀ ਡਰੇ-ਡਰੇ ਲੱਗਦੇ ਸਨ। ਹਵਾ ਨਾਲ ਹਿੱਲਦੀਆਂ ਝੋਨੇ ਦੀਆਂ ਮੁੰਜਰਾਂ ਗੋਲੀਆਂ ਚਲਾਉਂਦੀਆਂ ਲੱਗਦੀਆਂ ਸਨ। ਮੇਰੇ ਕੋਲ ਹਾਕੀ ਹੀ ਮੇਰਾ ਹਥਿਆਰ ਸੀ। ਕਿਤੇ ਕਿਤੇ ਕੋਈ ਬੀਂਡਾ ਬੋਲਦਾ, ਜੁਗਨੂੰ ਜਗਦਾ ਤੇ ਟਿੱਡਾ ਟਿਰਕਦਾ। ਸਿੱਲ੍ਹੀਆਂ ਪੈਲੀਆਂ ਵਿੱਚ ਭਾਦੋਂ ਦੀ ਭੜਾਸ ਸੀ ਤੇ ਬਾਸਮਤੀ ਦੀ ਕੱਚੀ ਮਹਿਕ। ਮੇਰੇ ਪੈਰ ਗਾਰੇ ਨਾਲ ਲਥ ਪਥ ਹੋ ਗਏ ਸਨ। ਪਿੰਡ ਆਵੇ ਪੁੱਜਾ ਤਾਂ ਕੋਠੇ ਵਾਲੇ ਉੱਥੇ ਗੱਡੇ ਤੇ ਟਰਾਲੀਆਂ ਖੜ੍ਹਾਈ ਖੜ੍ਹੇ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਸੁਖ ਦਾ ਸਾਹ ਲਿਆ। ਉਹ ਕਹਿ ਰਹੇ ਸਨ, ਤੋਪਾਂ ਹੁਣ ਬੰਦ ਹੋ ਗਈਆਂ, ਪਿੰਡ ਛੱਡ ਕੇ ਦੂਰ ਕਾਹਦੇ ਲਈ ਜਾਣੈ? ਮੈਂ ਫੁੱਫੜ ਹੋਰਾਂ ਨੂੰ ਕਿਹਾ, ਤੋਪਾਂ ਉਨ੍ਹਾਂ ਨੇ ਆਪਾਂ ਤੋਂ ਪੁੱਛ ਕੇ ਨੀ ਚਲਾਉਣੀਆਂ। ਸਾਰਾ ਸ਼ਹਿਰ ਨਿਕਲੀ ਜਾਂਦੈ। ਮੈਂ ਆਪ ਦੇਖ ਕੇ ਆਇਐਂ। ਚਲੋ ਛੇਤੀ ਨਿਕਲੀਏ।””

ਧੀ ਰਾਤੀਂ ਚਾਲੇ ਪਾ ਦਿੱਤੇ। ਕੱਚੀ ਨੀਂਦੇ ਜਾਗੇ ਨਿਆਣੇ ਰੋ ਰਹੇ ਸਨ। ਜੋ ਕੁਝ ਮੈਂ 1947 ਦੇ ਬਟਵਾਰੇ ਬਾਰੇ ਪੜ੍ਹਦਾ ਸੁਣਦਾ ਰਿਹਾ ਸਾਂ ਉਸੇ ਤਰ੍ਹਾਂ ਦਾ ਉਦੋਂ ਮੇਰੀਆਂ ਅੱਖਾਂ ਅੱਗੇ ਵਾਪਰ ਰਿਹਾ ਸੀ। ਲੋਕਾਂ ਦਾ ਗੱਡਿਆਂ ਉੱਤੇ ਉਧੜ ਗੁਧੜਾ ਸਮਾਨ ਲੱਦਿਆ ਹੋਇਆ ਸੀ, ਬੁੜ੍ਹੀਆਂ ਬੱਚੇ ਸਮਾਨ ਉੱਪਰ ਬੈਠੇ ਸਨ ਤੇ ਬੰਦੇ ਡੰਗਰ ਪਸ਼ੂ ਹੱਕੀ ਜਾ ਰਹੇ ਸਨਚਾਰ ਚੁਫੇਰੇ ਭਾਜੜ ਪਈ ਹੋਈ ਸੀ। ਰਸਤੇ ਵਿਚ ਵੇਖਿਆ ਕਿ ਵਾਧੂ ਭਾਰ ਲੱਦਣ ਕਰਕੇ ਗੱਡੇ ਪਾਸ ਵੱਜੇ ਪਏ ਸਨ ਤੇ ਗੱਠੜੀਆਂ ਖਿਲਰੀਆਂ ਪਈਆਂ ਸਨ। ਫੁੱਫੜ ਦੀਆਂ ਚਚੇਰੀਆਂ ਭੈਣਾਂ ਮੁਕਤਸਰ ਕੋਲ ਗੋਨੇਆਣੇ ਵਿਆਹੀਆਂ ਸਨ। ਮੇਰੀ ਵੱਡੀ ਭੂਆ ਵੀ ਉੱਥੇ ਸੀ। ਅਸੀਂ ਗੋਨੇਆਣੇ ਚਲੇ ਗਏ।

ਫੁੱਫੜ ਹੋਰੀਂ ਕਾਹਲੀ ਨਾਲ ਨਿਕਲੇ ਸਨ, ਇਸ ਲਈ ਸਮਾਨ ਨਹੀਂ ਸਨ ਚੁੱਕ ਸਕੇ। ਕੁਝ ਘਰਾਂ ਦੇ ਬਜ਼ੁਰਗ ਸਮਾਨ ਤੇ ਡੰਗਰਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ ਜਿਨ੍ਹਾਂ ਵਿਚ ਮੇਰੀ ਭੈਣ ਦਾ ਸਹੁਰਾ, ਮਾਸੜ ਜਗੀਰ ਸਿੰਘ ਵੀ ਸੀ। ਭੈਣ ਦਾ ਰਿਸ਼ਤਾ ਭੂਆ ਲੈ ਗਈ ਸੀ। ਬੁੜ੍ਹੀਆਂ ਬੱਚਿਆਂ ਨੂੰ ਗੋਨੇਆਣੇ ਛੱਡ ਕੇ ਅਸੀਂ ਸਮਾਨ ਕੱਢਣ ਲਈ ਫਿਰ ਕੋਠੇ ਨੂੰ ਮੁੜੇ। ਲੋਕ ਬਾਰਡਰ ਦੇ ਪਿੰਡਾਂ ਵੱਲੋਂ ਉੱਠੇ ਆ ਰਹੇ ਸਨ ਪਰ ਅਸੀਂ ਬਾਰਡਰ ਵੱਲ ਜਾ ਰਹੇ ਸਾਂ। ਸਾਨੂੰ ਉੱਧਰ ਜਾਂਦਿਆਂ ਵੇਖ ਕਈ ਹੈਰਾਨ ਸਨ। ਸਾਡੀ ਟਰਾਲੀ ਜਦ ਕੋਠੇ ਦੇ ਖੇਤਾਂ ਵਿਚ ਪੁੱਜੀ ਤਾਂ ਤੋਪਾਂ ਫਿਰ ਚੱਲ ਪਈਆਂ। ਬੜੀ ਜ਼ੋਰ ਦੀ ਗੜਗੜਾਹਟ ਹੋਈ। ਟਰਾਲੀ ਤੋਂ ਛਾਲਾਂ ਮਾਰ ਕੇ ਅਸੀਂ ਖਾਲ਼ਿਆਂ ਵਿਚ ਜਾ ਲੇਟੇ। ਗੋਲੇ ਸਿਰਾਂ ਉੱਪਰ ਦੀ ਜਾ ਰਹੇ ਸਨ। ਮੈਂ ਫੁੱਫੜ ਹੋਰਾਂ ਨੂੰ ਕੋਸ ਰਿਹਾ ਸਾਂ ਕਿ ਚੰਗੇ ਭਲੇ ਨਿਕਲ ਗਏ ਸਾਂ, ਹੁਣ ਫਿਰ ਆਣ ਫਸੇ ਹਾਂ। ਕੁਝ ਦੇਰ ਬਾਅਦ ਤੋਪਾਂ ਚੁੱਪ ਹੋਈਆਂ ਤਾਂ ਫਿਰ ਰਿਸਕ ਲੈ ਲਿਆ। ਘਰੋਂ ਤਰਦਾ ਤਰਦਾ ਸਮਾਨ ਚੁੱਕਿਆ ਤੇ ਪਸ਼ੂ ਖੋਲ੍ਹ ਕੇ ਮੂਹਰੇ ਹੱਕੇ। ਗੁਰਦਵਾਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਲੈ ਆਂਦੀ ਭਾਵੇਂ ਕਿ ਮਰਿਆਦਾ ਨਹੀਂ ਪਾਲੀ ਜਾ ਸਕੀ।

ਲੜਾਈ ਦੀਆਂ ਖ਼ਬਰਾਂ ਰੇਡੀਓ ਤੋਂ ਆਈ ਜਾਂਦੀਆਂ। ਪਾਕਿਸਤਾਨ ਦੇ ਛਾਤਾਬਾਜਾਂ ਬਾਰੇ ਪਤਾ ਲੱਗੀ ਜਾਂਦਾ ਕਿ ਪਿੰਡਾਂ ਦੇ ਲੋਕ ਉਹਨਾਂ ਨੂੰ ਉੱਤਰਦਿਆਂ ਹੀ ਫੜੀ ਜਾ ਰਹੇ ਸਨ। ਸਮਾਨ ਕੱਢਣ ਲਈ ਦੁਬਾਰਾ ਕੋਠੇ ਜਾਣਾ ਪਿਆ। ਆਵੇ ਤੇ ਕੋਠੇ ਵਿਚਕਾਰ ਰੇਲਵੇ ਲਾਈਨ ਲੰਘਦੀ ਸੀ। ਉੱਥੇ ਬੈਠੇ ਮਾਸੜ ਜਗੀਰ ਸਿੰਘ ਮਿਲੇ।। ਉਨ੍ਹਾਂ ਨੇ ਮੈਨੂੰ ਹਦਾਇਤ ਕੀਤੀ ਕਿ ਤੂੰ ਅੱਗੇ ਨਾ ਜਾਹ, ਅੱਗੇ ਖ਼ਤਰਾ।। ਪਰ ਮੈਂ ਉਨ੍ਹਾਂ ਦੀ ਗੱਲ ਨਾ ਮੰਨੀ ਤੇ ਸਮਾਨ ਕੱਢਣ ਚਲਾ ਗਿਆ। ਅਗਲੇ ਦਿਨ ਦਿੱਲੀ ਦੇ ਸ੍ਰੀਰਾਮ ਕਾਲਜ ਵਿਚ ਮੇਰਾ ਇੰਟਰਵਿਊ ਸੀ, ਜਿੱਥੇ ਮੈਂ ਲੈਕਚਰਾਰ ਰੱਖਿਆ ਗਿਆ।

ਦੋ ਦਿਨਾਂ ਬਾਅਦ ਖ਼ਬਰ ਮਿਲੀ ਕਿ ਮਾਸੜ ਜਗੀਰ ਸਿੰਘ ਦੇ ਤੋਪ ਦਾ ਗੋਲਾ ਆ ਵੱਜਾ ਤੇ ਉਹਦਾ ਮੌਕੇ ਤੇ ਹੀ ਦਿਹਾਂਤ ਹੋ ਗਿਆ। ਡੰਡੀ ਉੱਤੇ ਉਹਦੇ ਅੱਗੜ ਪਿੱਛੜ ਜਾ ਰਹੇ ਸ਼ੇਰ ਸਿੰਘ ਤੇ ਨਿਹਾਲ ਸਿੰਘ ਬਚ ਗਏ। ਦੋ ਹਫ਼ਤੇ ਬਾਅਦ ਲੜਾਈ ਬੰਦ ਹੋਣ ਤੇ ਅਸੀਂ ਫਿਰ ਪਿੰਡ ਗਏ। ਮੈਂ ਸਕੂਲ ਦੇ ਜਿਸ ਰੁੱਖ ਥੱਲੇ ਬਹਿ ਕੇ ਦਿੱਲੀ ਦੇ ਦੋਸਤਾਂ ਨੂੰ ਖ਼ਤ ਲਿਖੇ ਸਨ ਉਹ ਬੰਬ ਡਿੱਗਣ ਨਾਲ ਜੜ੍ਹੋਂ ਪੁੱਟਿਆ ਗਿਆ ਸੀ। ਰੁੱਖਾਂ ਦੇ ਡਾਹਣ ਭੰਨੇ ਪਏ ਸਨ ਤੇ ਖੇਤਾਂ ਵਿਚ ਥਾਂ ਪਰ ਥਾਂ ਗੋਲਿਆਂ ਦੇ ਟੋਏ ਪਾਏ ਹੋਏ ਸਨ।

ਇਕ ਦਿਨ ਮੈਂ ਤਬਾਹੀ ਦੇ ਦ੍ਰਿਸ਼ ਵੇਖਣ ਕੋਠੇ ਤੋਂ ਮੀਲ ਪਰ੍ਹਾਂ ਪਿੰਡ ਮੁਹੰਮਦ ਪੀਰੇ ਗਿਆ। ਗੁਰਦਵਾਰੇ ਦੀ ਮਸੀਤ ਬਣਾਈ ਹੋਈ ਸੀ ਤੇ ਜਿੱਥੇ ਹਲਾਲ ਕਰਨ ਲਈ ਡੰਗਰ ਵੱਢੇ ਸਨ ਉਹ ਮਿੱਟੀ ਲਹੂ ਨਾਲ ਤਰ ਸੀ। ਬੀਹੀਆਂ ਵਿਚ ਸਿਗਰਟਾਂ ਦੀਆਂ ਖਾਲੀ ਡੱਬੀਆਂ ਤੇ ਟੋਟੇ ਖਿਲਰੇ ਪਏ ਸਨ। ਕੋਈ ਘਰ ਸਬੂਤਾ ਨਹੀਂ ਸੀ ਬਚਿਆ। ਉਹ ਪਿੰਡ ਪਾਕਿਸਤਾਨੀ ਫੌਜਾਂ ਦੇ ਕਬਜ਼ੇ ਵਿਚ ਆ ਗਿਆ ਸੀ ਤੇ ਦੁਸ਼ਮਣ ਫੌਜ ਜੋ ਕੁਝ ਕਰਦੀ ਹੈ ਕਿਸੇ ਤੋਂ ਗੁੱਝਾ ਨਹੀਂ। ਬੰਦੇ ਮਰਦੇ, ਪੈਲੀਆਂ ਉੱਜੜਦੀਆਂ ਤੇ ਅਸਮਤਾਂ ਲੁੱਟੀਆਂ ਜਾਂਦੀਆਂ ਹਨ। ਇੰਡੋ-ਪਾਕਿ ਲੜਾਈਆਂ ਦੇ ਦੁੱਖ ਬਾਰਡਰ ਨੇੜੇ ਦੇ ਲੋਕ ਹੀ ਜਾਣਦੇ ਹਨ। ਦਿੱਲੀ ਤੇ ਇਸਲਾਮਾਬਾਦ ਬੈਠਿਆਂ ਨੂੰ ਇਨ੍ਹਾਂ ਲੜਾਈਆਂ ਦਾ ਅਹਿਸਾਸ ਨਹੀਂ। ਤਦੇ ਤਾਂ ਉਹ ਲੜਾਈ ਲੜਨ ਦੇ ਤੱਤੇ ਬਿਆਨ ਦੇਣੋ ਨਹੀਂ ਟਲਦੇ।

*****

(69)

ਵਿਚਾਰ ਭੇਜਣ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author