SarwanSingh7ਇਓਂ ਕੋਈ ਨਾ ਕੋਈ ਮੁਰਗੀ ਫਸ ਜਾਂਦੀ ਐ ਤੇ ਆਪਣਾ ਤੋਰੀ ਫੁਲਕਾ ਸੋਹਣਾ ਚੱਲੀ ਜਾਂਦੈ ...
(4 ਜਨਵਰੀ 2017)

 

ਮੇਰੀ 2006 ਦੀ ਪੰਜਾਬ ਫੇਰੀ ਦੌਰਾਨ ਮੈਨੂੰ ਅਖੰਡ ਪਾਠਾਂ ਦੇ ਭੋਗ ਅਤੇ ਵਿਆਹਾਂ ਵਿਚ ਸ਼ਾਮਲ ਹੋਣ ਦੇ ਅਨੇਕਾਂ ਸੱਦੇ ਮਿਲੇ। ਉਨ੍ਹਾਂ ਵਿੱਚੋਂ ਦਸ ਬਾਰਾਂ ਭੋਗ ਅਤੇ ਇੰਨੇ ਕੁ ਵਿਆਹਾਂ ਦੀ ਹੀ ਮੈਂ ਹਾਜ਼ਰੀ ਭਰ ਸਕਿਆ। ਪੰਦਰਾਂ ਵੀਹ ਖੇਡ ਮੇਲੇ ਵੀ ਵੇਖਣੇ ਸਨ। ਕੁਝ ਕਾਲਜਾਂ ਵਿਚ ਵਿਦਿਆਰਥੀਆਂ ਦੇ ਰੂਬਰੂ ਹੋਣਾ ਤੇ ਵਿਚਾਰ ਗੋਸ਼ਟੀਆਂ ਵਿਚ ਭਾਗ ਲੈਣਾ ਸੀ। ਲੇਖਕ ਸਭਾਵਾਂ ਵਿਚ ਜਾ ਕੇ ਸ਼ਰੀਕਾਂ ਨੂੰ ਦੱਸਣਾ ਸੀ ਕਿ ਅਜੇ ਅਸੀਂ ਕਾਇਮ ਆਂ ਤੇ ਸਾਨੂੰ ਚੱਲੇ ਹੋਏ ਕਾਰਤੂਸ ਨਾ ਸਮਝ ਬੈਠਿਓ। ਸੱਜਣਾਂ ਮਿੱਤਰਾਂ ਨੂੰ ਵੀ ਮਿਲਣਾ ਗਿਲਣਾ ਸੀ। ਰਿਸ਼ਤੇਦਾਰਾਂ ਦੇ ਉਲਾਂਭੇ ਸਨ ਕਿ ਸਾਡੇ ਧੀ ਪੁੱਤ ਤਾਂ ਬਾਹਰ ਕੀ ਸੱਦਣੇ ਸੀ ਹੁਣ ਤਾਂ ਮੂੰਹ ਵਿਖਾਉਣੋਂ ਵੀ ਗਿਓਂ! ਹਮਾਤੜ੍ਹਾਂ ਦਾ ਹਾਲ ਉੱਖਲੀ ’ਚ ਸਿਰ ਦੇਣ ਵਰਗਾ ਹੋਇਆ ਪਿਆ ਸੀ। ਦਿਨ ਚੜ੍ਹਦਾ ਪਿੱਛੋਂ ਸੀ ਛਿਪ ਪਹਿਲਾਂ ਜਾਂਦਾ ਸੀ। ਬਥੇਰੇ ਪਰਵਾਸੀ ਹਨ ਜਿਨ੍ਹਾਂ ਦਾ ਪੰਜਾਬ ਜਾ ਕੇ ਏਹੀ ਹਾਲ ਹੁੰਦਾ ਹੈ

ਸਿਆਲ ਦੀ ਧੁੰਦ ਤੇ ਠੰਢ ਦੇ ਦਿਨਾਂ ਵਿਚ ਇੰਨੇ ਭੋਗ ਸਮਾਗਮਾਂ ਤੇ ਵਿਆਹਾਂ ਦੀ ਹਾਜ਼ਰੀ ਭਰ ਲੈਣਾ ਕੋਈ ਸੌਖਾ ਕਾਰਜ ਨਹੀਂ ਸੀ। ਸਮਾਂ ਤਾਂ ਲੱਗਣਾ ਹੀ ਸੀ, ਸਰਫੇ ਦੇ ਨਾਲ ਵੀ ਹਰੇਕ ਥਾਂ ਹਜ਼ਾਰ ਪੰਜ ਸੌ ਖੁੱਲ੍ਹ ਜਾਂਦਾ ਸੀ। ਕਦੇ ਵਿਆਹ ਮੰਗਣਿਆਂ ਦਾ ਸ਼ਗਨ ਇਕ ਰੁਪਇਆ ਹੁੰਦਾ ਸੀ। ਮੇਰੇ ਆਪਣੇ ਮੰਗਣੇ ਵੇਲੇ ਭਾਈਚਾਰੇ ਨਾਲ ਦਲਾਣ ਭਰਿਆ ਹੋਇਆ ਸੀ ਪਰ ਸ਼ਗਨ ਸੱਤਰਾਂ ਤੋਂ ਵੀ ਦੋ ਰੁਪਏ ਘੱਟ ਹੋਇਆ ਸੀ। ਉਹ ਵੀ ਵਹੀ ਵਿਚ ਲਿਖਿਆ ਗਿਆ ਸੀ, ਜੋ ਢੰਗ ਨਾਲ ਮੋੜਨਾ ਬਣਦਾ ਸੀ। ਵਿਆਹ ਵਿਚ ਨੇੜੇ ਤੋਂ ਨੇੜੇ ਦਾ ਰਿਸ਼ਤੇਦਾਰ ਇੱਕੀ ਰੁਪਏ ਨਿਓਂਦਰਾ ਪਾਉਂਦਾ ਸੀ। ਮੋੜਵੇਂ ਨਿਓਂਦਰੇ ਵਿਚ ਇੱਕੀਆਂ ਦੇ ’ਕੱਤੀ ਪਾਏ ਜਾਂਦੇ ਸਨ। ਹੁਣ ਤਾਂ ਸੌ ਪੰਜਾਹ ਦੇ ਨੋਟ ਦਾ ਸ਼ਗਨ ਵੀ ਕਈਆਂ ਨੂੰ ਲੁਕੋ ਕੇ ਪਾਉਣਾ ਪੈਂਦੈ ਮਤਾਂ ਕੋਈ ਕੰਜੂਸ ਸਮਝ ਬੈਠੇ। ਸ਼ਹਿਰੀ ਵਿਆਹਾਂ ਵਿਚ ਹਜ਼ਾਰ ਪੰਜ ਸੌ ਦਾ ਲਫਾਫ਼ਾ ਦੇਣਾ ਆਮ ਸ਼ਗਨ ਬਣ ਗਿਐ। ਸਾਧਾਰਨ ਬੰਦਾ ਤਾਂ ਊਂਈਂ ਮਾਂਜਿਆ ਜਾਂਦਾ ਹੈਉਹ ਵਿਆਹ ਵੇਖ ਕੇ ਨਹੀਂ ਕੁੜੀ ਦੱਬ ਕੇ ਮੁੜਿਆ ਲੱਗਦਾ ਹੈ

ਸਿਆਲਾਂ ਵਿਚ ਪੰਜਾਬ ਵਿਚ ਇੰਨੇ ਸਮਾਗਮ ਹੁੰਦੇ ਹਨ ਕਿ ਸ਼ਾਇਦ ਹੀ ਕੋਈ ਦਿਨ ਖਾਲੀ ਜਾਂਦਾ ਹੋਵੇ। ਉੱਥੇ ਕਿਹੜਾ ਵੀਕ ਇੰਡ ਦੀ ਮਜਬੂਰੀ ਹੈ? ਉੱਥੇ ਤਾਂ ਸਾਰੇ ਦਿਨ ਹੀ ਛੁੱਟੀਆਂ ਦੇ ਹੁੰਦੇ ਹਨ। ਹਰ ਰੋਜ਼ ਹੀ ਮੇਲੇ ’ਤੇ ਮੇਲਾ ਚੜ੍ਹਿਆ ਰਹਿੰਦਾ ਹੈਕਿਤੇ ਖੇਡ ਮੇਲਾ, ਕਿਤੇ ਸਭਿਆਚਾਰਕ ਮੇਲਾ ਤੇ ਕਿਤੇ ਧਾਰਮਿਕ ਜੋੜ ਮੇਲਾ। ਮੱਸਿਆ, ਪੁੰਨਿਆਂ, ਸੰਗਰਾਂਦ ਅਤੇ ਗੁਰਪੁਰਬ ਵੱਖ। ਜੱਸੋਵਾਲ ਦੇ ਕਹਿਣ ਵਾਂਗ ਨਿੱਤ ਵਿਆਹਾਂ, ਮੇਲਿਆਂ ਤੇ ਸਮਾਗਮਾਂ ਦੇ ਸੰਮਣ ਆਈ ਜਾਂਦੇ ਨੇ। ਜਿੱਦਣ ਕਾਰਡ ਨਾਲ ਮਠਿਆਈ ਦਾ ਡੱਬਾ ਵੀ ਆ ਜਾਵੇ ਤਾਂ ਆਖੀਦੈ - ਆਹ ਆ ਗਏ ਵਰੰਟ!

ਜਨਵਰੀ ਫਰਵਰੀ ਵਿਚ ਵਧੇਰੇ ਸਮਾਗਮਾਂ ਦਾ ਇਕ ਕਾਰਨ ਇਹ ਵੀ ਹੈ ਕਿ ਅਨੇਕਾਂ ਪਰਵਾਸੀਆਂ ਨੇ ਪੰਜਾਬ ਦਾ ਗੇੜਾ ਮਾਰਨਾ ਹੁੰਦਾ ਹੈਉਨ੍ਹਾਂ ਵਿੱਚੋਂ ਕਈਆਂ ਨੇ ਲੋਹੜੀਆਂ ਮਨਾਉਣੀਆਂ ਹੁੰਦੀਆਂ ਨੇ, ਕਈਆਂ ਨੇ ਪਿੰਡ ਵਾਲਿਆਂ ਨੂੰ ਵਿਖਾਉਣ ਲਈ ਪਾਈਆਂ ਕੋਠੀਆਂ ਦੀ ਚੱਠ ਕਰਨੀ ਹੁੰਦੀ ਹੈ ਤੇ ਕਈਆਂ ਨੇ ਮੁੰਡੇ ਕੁੜੀਆਂ ਦੇ ਵਿਆਹ-ਮੰਗਣੇ ਕਰਨੇ ਹੁੰਦੇ ਨੇ। ਕਈਆਂ ਨੇ ਕੈਨੇਡੀਅਨ, ਇੰਗਲੈਂਡੀਏ ਜਾਂ ਅਮਰੀਕਨ ਬਣ ਜਾਣ ਤੇ ਘਰ ਮੁੜਨ ਦੀ ਖ਼ੁਸ਼ੀ ਵਿਚ ਅਖੰਡ ਪਾਠ ਕਰਾ ਕੇ ਮਹਾਰਾਜ ਦਾ ਸ਼ੁਕਰਾਨਾ ਕਰਨਾ ਹੁੰਦਾ ਹੈਉਨ੍ਹਾਂ ਦੇ ਪੰਜਾਬ ਦਾ ਗੇੜਾ ਮਾਰਨ ਨਾਲ ਸੁਨਿਆਰਿਆਂ ਅਤੇ ਬਜਾਜੀ ਵਾਲਿਆਂ ਤੋਂ ਲੈ ਕੇ ਮੈਰਿਜ ਪੈਲਸਾਂ ਦੇ ਮਾਲਕਾਂ ਤਕ ਹਰੇਕ ਨੂੰ ਚਾਅ ਚੜ੍ਹ ਜਾਂਦਾ ਹੈਬੈਂਕਾਂ, ਟੈਕਸੀਆਂ, ਬੈਂਡ ਵਾਜੇ ਤੇ ਡੀ. ਜੇ. ਵਾਲਿਆਂ, ਗਾਇਕ ਪਾਰਟੀਆਂ ਤੇ ਟੈਂਟ ਵਾਲਿਆਂ, ਸਭ ਦੀ ਚਾਂਦੀ ਹੋਣ ਲੱਗਦੀ ਹੈ। ਅਮਲੀਆਂ, ਨਕਲੀਆਂ ਤੇ ਖੁਸਰਿਆਂ ਨੂੰ ਵੀ ਲਾਲੀਆਂ ਚੜ੍ਹ ਜਾਂਦੀਆਂ ਹਨਦਲਾਲਾਂ ਦੇ ਕਹਿਣ ਵਾਂਗ ਇਕ ਵਾਰ ਤਾਂ ਬੂਮ ਆ ਜਾਂਦੈ ਪੰਜਾਬ ਦੀ ਮਾਰਕਿਟ ਵਿਚ।

ਪੰਜਾਬ ਦੇ ਪਰਵਾਸੀਆਂ ਨੇ ਟੈਕਸੀਆਂ ਅਤੇ ਏਅਰਲਾਈਨਾਂ ਵਾਲਿਆਂ ਦੇ ਹੀ ਖੀਸੇ ਨਹੀਂ ਭਰੇ ਢੱਡ ਸਾਰੰਗੀ ਵਾਲਿਆਂ ਦੇ ਢਿੱਡ ਵੀ ਭਰੇ ਹਨ ਤੇ ਧਰਮ ਕਰਮ ਦੇ ਨਾਂ ਉੱਤੇ ਬਿਜ਼ਨਸ ਕਰਨ ਵਾਲਿਆਂ ਨੂੰ ਵੀ ਮਾਲਾ ਮਾਲ ਕੀਤਾ ਹੈ। ਬਹੁਤੇ ਗਾਇਕਾਂ ਦੇ ਛਾਪਾਂ ਛੱਲੇ ਪਰਵਾਸੀਆਂ ਦੇ ਪੌਂਡਾਂ ਅਤੇ ਡਾਲਰਾਂ ਨਾਲ ਈ ਚਮਕਦੇ ਨੇ। ਪਿੰਡਾਂ ਦੇ ਲਾਗੀ ਉਨ੍ਹਾਂ ਨੂੰ ਪਲਕਾਂ ਵਿਛਾ ਕੇ ਉਡੀਕ ਰਹੇ ਹੁੰਦੇ ਨੇ। ਪਿੰਡ ਵਿਚ ਕੋਈ ਸਾਂਝਾ ਪ੍ਰੋਜੈਕਟ ਸ਼ੁਰੂ ਕਰਨ ਵਾਲਿਆਂ ਦੀ ਅੱਖ ਵੀ ਪਿੰਡ ਦੇ ਪਰਵਾਸੀ ਜਿਊੜਿਆਂ ਉੱਤੇ ਹੀ ਹੁੰਦੀ ਹੈ। ਕਬੱਡੀ ਦੇ ਮੇਲੇ ਤਾਂ ਲੱਗਦੇ ਈ ਪਰਵਾਸੀਆਂ ਦੇ ਪੈਸੇ ਨਾਲ ਹਨ। ਬਾਹਰੋਂ ਆਏ ਬੰਦੇ ਕਾਮਧੇਨ ਦੀਆਂ ਗਊਆਂ ਸਾਬਤ ਹੁੰਦੇ ਨੇ।

ਕਈ ਪਰਵਾਸੀਆਂ ਨੇ ਅਜੇ ਆਪਣੇ ਅਟੈਚੀ ਕੇਸ ਵੀ ਨਹੀਂ ਖੋਲ੍ਹੇ ਹੁੰਦੇ ਕਿ ਮੰਗਣ ਵਾਲੇ ਪਹਿਲਾਂ ਆ ਖੜ੍ਹਦੇ ਨੇ। ਆਖਣਗੇ ਅਸੀਂ ਤਾਂ ਤੁਹਾਨੂੰ ਉਡੀਕ ਉਡੀਕ ਕੇ ਮਰਨਹਾਰੇ ਹੋਏ ਪਏ ਸੀ। ਹੁਣ ਆਏ ਓਂ ਤਾਂ ਪਿੰਡ `ਚ ਕੋਈ ਨਾਮਾਜ਼ਾਦੀ ਵਾਲਾ ਕੰਮ ਕਰ ਕੇ ਈ ਜਾਇਓ। ਕਿਸੇ ਦਾ ਮੁੰਡਾ ਕੁੜੀ ਜਾਂ ਭੈਣ ਭਾਈ ਵਿਆਹੁਣ ਵਾਲਾ ਹੋਵੇ ਤਾਂ ਗੇੜੇ ਮਾਰਨ ਵਾਲੇ ਵਿਹੜਾ ਨੀਵਾਂ ਕਰ ਦਿੰਦੇ ਨੇ। ਇਹ ਵੀ ਨਹੀਂ ਪੁੱਛਦੇ ਕਿ ਮੁੰਡਾ ਜਾਂ ਕੁੜੀ ਓਧਰ ਕਰਦੇ ਕੀ ਨੇ? ਪਹਿਲਾਂ ਇੱਕੋ ਪੇਪਰ ਮੈਰਿਜ ਹੋਈ ਸੀ ਜਾਂ ਦੋ ਤਿੰਨਾਂ ਦੇ ਤਲਾਕ ਲਈ ਬੈਠੈ! ਤਲਾਕ ਹੋ ਵੀ ਗਿਐ ਜਾਂ ਅਜੇ ਤਰੀਕਾਂ ਈ ਪਈ ਜਾਂਦੀਐਂ? ਕਿਤੇ ਨਿਆਣਿਆਂ ਦਾ ਖਰਚਾ ਤਾਂ ਨੀ ਸਿਰ ਪਈ ਜਾਂਦਾ?

ਕੀ ਸਿਟੀਜ਼ਨ ਹੈ, ਇੰਮੀਗਰਾਂਟ ਹੈ, ਆਰਜ਼ੀ ਵਰਕਰ ਹੈ, ਵਿਦਿਆਰਥੀ ਹੈ ਜਾਂ ਕੇਵਲ ਕੌਡੀ ਖੇਡਣ ਈ ਬਾਹਰ ਗਿਆ ਸੀ? ਕਿਤੇ ਡੀਪੋਰਟ ਹੋਇਆ ਜਾਂ ਡਰੱਗ ਦਾ ਗੇੜਾ ਲਾ ਕੇ ਭੱਜਿਆ ਹੋਇਆ ਤਾਂ ਨਹੀਂ? ਕੋਈ ਲੈਂਡਿੰਗ ਪੇਪਰ, ਪੀ. ਆਰ. ਕਾਰਡ, ਗਰੀਨ ਕਾਰਡ ਜਾਂ ਸਿਟੀਜ਼ਨਸ਼ਿੱਪ ਦਾ ਕਾਰਡ ਵੀ ਹੈ ਜਾਂ ਅਜੇ ਟੈਂਪਰੇਰੀ ਇੰਪਲਾਏਮੈਂਟ ਆਥੋਰਾਈਜੇਸ਼ਨ ਕਾਰਡ ਉੱਤੇ ਹੀ ਹੈ? ਮੂੰਹ ਸਫਾਚੱਟ ਤੇ ਸਿਰ ਰੰਗਿਆ ਵੇਖ ਕੇ ਵੀ ਕਈ ਕਾਹਲੇ ਉਮਰ ਨਹੀਂ ਪੁੱਛਦੇ ਮਤਾਂ ‘ਬਾਹਰੋਂ’ ਆਇਆ ‘ਮੁੰਡਾ’ ਮਾਈਂਡ ਕਰ ਬੈਠੇ ਤੇ ਬਣੀ ਬਣਾਈ ਖੇਡ ਵਿਗੜ ਜਾਵੇ! ਇਹੋ ਜਿਹੇ ਕਾਹਲੇ ਪਿੱਛੋਂ ਚੀਕਦੇ ਨੇ ਪਈ ਸਾਨੂੰ ਠੱਗ ਲਾੜਾ ਟੱਕਰ ਗਿਆਫਿਰ ਭੱਜਦੇ ਨੇ ਬਲਵੰਤ ਸਿੰਘ ਰਾਮੂਵਾਲੀਏ ਵੱਲ ਤੇ ਉਹ ਅੱਗੋਂ ਅਖ਼ਬਾਰਾਂ ਵਿਚ ਠੱਗ ਲਾੜਿਆਂ ਦੀ ਲੁੱਟ ਵਾਲਾ ਤੱਤਾ ਤੱਤਾ ਬਿਆਨ ਦਾਗ ਦਿੰਦਾ ਹੈਉਂਜ ਤਾਂ ਹੁਣ ਠੱਗ ਲਾੜੀਆਂ ਵੀ ਕਿਸੇ ਤੋਂ ਘੱਟ ਨੀ। ਉਹ ਲਾਵਾਂ ਇਮੀਗਰਾਂਟਾਂ ਨਾਲ ਪੜ੍ਹਾਉਂਦੀਆਂ ਨੇ ਤੇ ਵੀਜ਼ਾ ਲੈ ਕੇ ਵਿਆਹ ਕੌਲ ਇਕਰਾਰਾਂ ਵਾਲੇ ਪ੍ਰੇਮੀਆਂ ਨਾਲ ਕਰਦੀਆਂ ਨੇ।

ਪਹਿਲਾਂ ਅੱਖੀਂ ਡਿੱਠੇ ਅਖੰਡ ਪਾਠਾਂ ਦੀ ਗੱਲ ਕਰ ਲਈਏ ਪਿੱਛੋਂ ਅੱਖੀਂ ਵੇਖੇ ਵਿਆਹਾਂ ਦੀ ਸਹੀ। ਮੈਂ ਜਿਨ੍ਹਾਂ ਪਾਠਾਂ ਦੇ ਭੋਗਾਂ ਉੱਤੇ ਮੱਥਾ ਟੇਕਣ ਗਿਆ, ਉਨ੍ਹਾਂ ਵਿੱਚੋਂ ਬਹੁਤੇ ਸੁਧਾ ਬਿਜ਼ਨਸ ਬਣੇ ਵੇਖੇ। ਭੇਟਾ ਦੇ ਨਾਂ ’ਤੇ ਫੀਸਾਂ ਮਿਥ ਰੱਖੀਆਂ ਸਨ। ਪਾਠੀ ਦੀ ਏਨੀ, ਰਾਗੀ ਦੀ ਏਨੀ, ਸੇਵਾਦਾਰਾਂ ਦੀ ਏਨੀ ਤੇ ਪ੍ਰਬੰਧਕਾਂ ਦੀ ਏਨੀ। ਇੰਨਾ ਆਉਣ ਜਾਣ ਦਾ ਕਿਰਾਇਆ। ਐਨੇ ਦੀ ਸਮੱਗਰੀ ਤੇ ਐਨੇ ਦੀ ਦੇਗ। ਉੱਕਾ ਪੁੱਕਾ ਇੰਨੇਜੇ ਇਹ ਕਿਹਾ ਜਾਵੇ ਕਿ ਸਾਰਾ ਪਾਠ ਈ ਮੁੱਲ ਦਾ ਹੁੰਦੈ ਤਾਂ ਕੋਈ ਉਜ਼ਰ ਵਾਲੀ ਗੱਲ ਨਹੀਂ। ਇਕ ਪਰਵਾਸੀ ਵੀਰ ਨੇ ਤਾਂ ਸਪਸ਼ਟ ਹੀ ਕਰ ਦਿੱਤਾ, “ਕੌਣ ਖਲਜਗਣ ਵਿਚ ਪਵੇ? ਆਹ ਧੂਫਾਂ ਬੱਤੀਆਂ ਵਾਲਾ ਕਜੀਆ ਈ ਬੁੜ੍ਹੀਆਂ ਨੂੰ ਕਮਲੀਆਂ ਕਰੀ ਰੱਖਦੈ। ਅਸੀਂ ਤਾਂ ਸਿੱਧਾ ਠੇਕਾ ਈ ਮੁਕਾ ਲਿਆ। ਵਿੱਚੇ ਲੰਗਰ, ਵਿੱਚੇ ਖਾਣ ਪੀਣ ਤੇ ਵਿੱਚੇ ਲਾਗੀਆਂ ਦਾ ਲੈਣ ਦੇਣ। ਦੋ ਹਜ਼ਾਰ ਡਾਲਰ ਵਿਚ ਸਾਰਾ ਕਾਰਜ ਫਤਿਹ!” ਜਿਵੇਂ ਉਹ ਆਮਦਨ ਦਾ ਤੇ ਪ੍ਰਾਪਰਟੀ ਦਾ ਟੈਕਸ ਦੇ ਰਿਹਾ ਸੀ ਉਵੇਂ ਈ ਉਹਨੇ ਧਾਰਮਿਕ ਟੈਕਸ ਦੇਣ ਵਾਲੀ ਗੱਲ ਕੀਤੀ।

ਅਜਿਹੇ ਪਾਠਾਂ ਵਿੱਚ ਸਿੱਖੀ, ਸੇਵਾ, ਸਿਮਰਨ ਤੇ ਗੁਰਬਾਣੀ ਨੂੰ ਸਮਝਣ ਤੇ ਉਸ ਉੱਤੇ ਅਮਲ ਕਰਨ ਵਾਲੀ ਕੋਈ ਗੱਲ ਨਹੀਂ ਸੀ। ਜਗਰਾਤੇ ਦੇ ਰੌਲੇ ਰੱਪੇ ਵਾਂਗ ਲਾਊਡ ਸਪੀਕਰਾਂ ਦਾ ਸ਼ੋਰ ਸੀ ਅਤੇ ਅੰਨ੍ਹੀ ਸ਼ਰਧਾ ਤੇ ਅੰਧ ਵਿਸ਼ਵਾਸ ਦਾ ਬੋਲਬਾਲਾ ਸੀ। ਕਥਾਕਾਰ ਕਰਾਮਾਤਾਂ ਦੀਆਂ ਕਥਾਵਾਂ ਸੁਣਾ ਕੇ ਊਟ ਦੀਆਂ ਪਟਾਂਗ ਮਾਰੀ ਜਾਂਦੇ ਸਨ। ਅਖੇ ਜਿਹੜੀ ਬੀਬੀ ਸਾਧਾਂ ਸੰਤਾਂ ਦੀ ਸੇਵਾ ਕਰਦੀ ਸੀ ਪੁੱਤਰ ਦੀ ਦਾਤ ਉਹਨੂੰ ਹੀ ਪ੍ਰਾਪਤ ਹੁੰਦੀ ਸੀ। ਜਿਹੜੀ ਸੇਵਾ ਨੀ ਸੀ ਕਰਦੀ ਉਹਦੀ ਕੁੱਖ ਬਾਂਝ ਸੀ। ਇਕ ਪਿੰਡ ਦੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਨੇ ‘ਗੁਰਮਤਾ’ ਕਰ ਕੇ ਲਾਊਡ ਸਪੀਕਰ ਤੋਂ ਹੋਕਾ ਦੇ ਦਿੱਤਾ ਸੀ ਬਈ ਜਿਹੜਾ ਮਾਈ ਭਾਈ ਆਪਣਾ ਅਖੰਡ ਪਾਠ ਗੁਰੂਘਰ ਵਿਚ ਵਿਸਾਖੀ ਤੋਂ ਪਹਿਲਾਂ ਕਰਾਊ ਉਹਦੀ ਭੇਟਾ ਪੰਜ ਹਜ਼ਾਰ ਦਮੜੇ ਹੈ। ਵਿਸਾਖੀ ਤੋਂ ਪਿੱਛੋਂ ਭੇਟਾ ਦਸ ਹਜ਼ਾਰ ਦਮੜੇ ਹੋ ਜਾਵੇਗੀ। ਸੁਨੇਹਾ ਸਪਸ਼ਟ ਸੀ ਕਿ ਹੁਣ ਸਸਤਾ ਹੈ, ਪਿੱਛੋਂ ਮਹਿੰਗਾ ਹੋ ਜਾਵੇਗਾ। ਜਾਂ ਇਹ ਸਮਝ ਲਓ ਕਿ ਸੇਲ ਦਾ ਪਾਠ ਵਿਸਾਖੀ ਤਕ ਹੈ! ਕੀ ਸ਼੍ਰੋਮਣੀ ਕਮੇਟੀ ਅਜਿਹੀ ਸੇਲ ਲਾਉਣ ਵਾਲਿਆਂ ਦਾ ਨੋਟਿਸ ਲਵੇਗੀ? ਮੈਨੂੰ ਤਾਂ ਡਰ ਐ ਕਿਤੇ ਅਜਿਹਾ ਕਰਮਕਾਂਡ ਕਮੇਟੀ ਦੇ ਧਿਆਨ ਵਿਚ ਲਿਆਉਣ ਵਾਲਿਆਂ ਦਾ ਹੀ ‘ਨੋਟਿਸ’ ਨਾ ਲੈ ਲਵੇ ਤੇ ਤਨਖਾਹੀਏ ਕਰਾਰ ਦੇ ਦੇਵੇ!

ਗੁਰਬਾਣੀ ਦੇ ਪਾਠ ਦਾ ਮਤਲਬ ਹੈ ਗੁਰਬਾਣੀ ਨੂੰ ਸਮਝਣਾ, ਹਿਰਦੇ ਵਿਚ ਵਸਾਉਣਾ ਤੇ ਉਹਦੇ ਉੱਤੇ ਅਮਲ ਕਰਨਾ। ਬਹੁਤੇ ਅਖੰਡ ਪਾਠਾਂ ਵਿਚ ਗੁਰਬਾਣੀ ਦਾ ਇਹ ਮਨੋਰਥ ਉੱਕਾ ਹੀ ਗ਼ਾਇਬ ਹੋਇਆ ਲੱਗਾ। ਜਿਨ੍ਹਾਂ ਨੇ ਅਖੰਡ ਪਾਠ ਕਰਾਏ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਇਸ ਦਾ ਰਸਮ ਵਜੋਂ ਹੀ ਜ਼ਾਬਤਾ ਪੂਰਾ ਕੀਤਾ। ਉਨ੍ਹਾਂ ਨੇ ਪਾਠ ਦੀ ਬੱਝਵੀਂ ਭੇਟਾ ਜ਼ਰੂਰ ਦਿੱਤੀ। ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ, ਪਾਠੀਆਂ ਨੂੰ ਵਸਤਰ ਤੇ ਰਾਗੀਆਂ ਢਾਡੀਆਂ ਨੂੰ ਮਾਇਆ ਦੇ ਗੱਫੇ ਦਿੱਤੇ। ਸੰਗਤਾਂ ਨੂੰ ਵਿਆਹ ਦੀ ਰੋਟੀ ਵਰਗਾ ਲੰਗਰ ਵੀ ਛਕਾਇਆ ਪਰ ਨਾ ਗੁਰੂ ਦੀ ਬਾਣੀ ਸੁਣੀ, ਨਾ ਸਮਝੀ ਤੇ ਅਮਲ ਤਾਂ ਉਹਦੇ ਉੱਤੇ ਕਾਹਦਾ ਕਰਨਾ ਸੀ? ਪਾਠਾਂ ਦੇ ਭੋਗਾਂ ਉੱਤੇ ਦੁਪਹਿਰ ਤੋਂ ਪਹਿਲਾਂ ਕੀਰਤਨ ਹੋਏ, ਢਾਡੀ ਲੱਗੇ, ਕਥਾ ਹੋਈ ਅਤੇ ਪਰਸ਼ਾਦ ਤੇ ਲੰਗਰ ਵਰਤੇ। ਦਾਨ ਪੁੰਨ ਵੀ ਹੁੰਦੇ ਰਹੇ। ਪਰ ਬਾਅਦ ਦੁਪਹਿਰ ਉਸੇ ਵਿਹੜੇ ਵਿਚ ਗਾਉਣ ਪਾਣੀ ਦੇ ਦੌਰ ਚੱਲੇ। ਡੀ. ਜੇ. ਨੇ ਭੜਥੂ ਪਾਇਆ, ਬੋਤਲਾਂ ਦੇ ਡੱਟ ਖੁੱਲ੍ਹੇ ਤੇ ਮੀਟ ਮੁਰਗੇ ਉੱਡੇ। ਆਮ ਪਰਵਾਸੀ ਹੁਣ ਇਸ ਤਰ੍ਹਾਂ ਦਾ ਅਖੰਡ ਪਾਠ ਈ ਕਰਾਉਂਦੇ ਹਨ!

ਸਾਡੇ ਨਾਲ ਸੱਤਵੀਂ ਵਿਚ ਪੜ੍ਹਦਾ ਸਾਡਾ ਇਕ ਆੜੀ ਦੋ ਵਾਰ ਫੇਲ੍ਹ ਹੋ ਕੇ ਪੜ੍ਹਨੋਂ ਹਟ ਗਿਆ ਸੀ। ਉਹਨੂੰ ਡੰਗਰਾਂ ਮਗਰ ਲਾਇਆ ਤਾਂ ਉਹ ਡੰਗਰ ਗੁਆ ਆਇਆ ਕਰੇ ਤੇ ਪੱਠੇ ਲੈਣ ਗਿਆ ਭਰੀ ਰਾਹ ਵਿਚ ਸੁੱਟ ਆਇਆ ਕਰੇ। ਘਰ ਦੇ ਖੇਤ ਰੋਟੀ ਦੇਣ ਭੇਜਣ ਤਾਂ ਤੋੜ ਪੁੱਜਣ ਦੀ ਥਾਂ ਪੁਲ ਉੱਤੇ ਤਾਸ਼ ਖੇਡਦੀ ਢਾਣੀ ਨਾਲ ਦਿਓਰ ਭਾਬੀ ਖੇਡਣ ਲੱਗ ਜਾਇਆ ਕਰੇ। ਹਲ ਮਗਰ ਤਾਂ ਉਹਨੇ ਲੱਗਣਾ ਹੀ ਕੀ ਸੀ? ਜਦੋਂ ਉਹ ਕਿਸੇ ਕੰਮ ਵਿਚ ਵੀ ਨਾ ਚੱਲਿਆ ਤੇ ਨਿੱਤ ਦੇ ਉਲਾਂਭੇ ਲਿਆਉਣ ਲੱਗਾ ਤਾਂ ਕਿਸੇ ‘ਗੁਰਮੁਖ’ ਨੇ ਘਰ ਵਾਲਿਆਂ ਨੂੰ ਸਲਾਹ ਦਿੱਤੀ, “ਇਹਨੂੰ ਕਿਸੇ ਗੁਰਦਵਾਰੇ ਚੜ੍ਹਾ ਦਿਓ। ਕੀ ਪਤਾ ਇਹਦੇ ਕਰਮਾਂ ਵਿਚ ਲੋਕਾਂ ਦੇ ਅਨੰਦ ਕਾਰਜ ਪੜ੍ਹਾਉਣੇ ਹੀ ਲਿਖੇ ਹੋਣ। ਹੋ ਸਕਦੈ ਵਿੱਚੇ ਇਹਦਾ ਵੀ ਤੋਪਾ ਭਰਿਆ ਜਾਵੇ। ਊਂ ਤਾਂ ਇਹਨੂੰ ਕਿਸੇ ਨੇ ਸਾਕ ਕਰਨਾ ਨੀ ਤੇ ਟਿਕ ਕੇ ਇਹ ਬਹਿਣ ਵਾਲਾ ਨੀ। ਅੱਗੋਂ ਥੋਡੀ ਮਰਜ਼ੀ।”

ਘਰ ਵਾਲਿਆਂ ਨੇ ਗੁਰਮੁਖ ਬੰਦੇ ਦੀ ਸਲਾਹ ਮੰਨ ਲਈ। ਉਹ ਸੱਚੀਮੁੱਚੀਂ ਗ੍ਰੰਥੀ ਬਣ ਗਿਆ ਤੇ ਅਨੰਦ ਕਾਰਜ ਵੀ ਪੜ੍ਹਾਉਣ ਲੱਗ ਪਿਆ। ਮੈਂ ਦਿੱਲੀ ਤੋਂ ਐੱਮ. ਏ. ਕਰ ਕੇ ਪਿੰਡ ਪਰਤਿਆ ਤਾਂ ਮੇਰੀ ਉਸ ਪੁਰਾਣੇ ਜਮਾਤੀ ਨਾਲ ਮੁਲਾਕਾਤ ਹੋਈ। ਉਹ ਚਿੱਟੇ ਚੋਗੇ ਵਿਚ ਮਸੀਂ ਪਛਾਣਿਆ ਗਿਆ। ਉਹਦਾ ਛੀਟਕਾ ਜਿਹਾ ਜੁੱਸਾ ਦੋ ਮਣ ਤੋਂ ਉੱਤੇ ਹੋਇਆ ਪਿਆ ਸੀ। ਉਹਨੇ ਸੁੱਖਾ ਛਕਿਆ ਹੋਇਆ ਸੀ ਤੇ ਅੱਖਾਂ ਵਿੱਚੋਂ ਮਸਤੀ ਡੁੱਲ੍ਹਦੀ ਸੀ। ਬਚਪਨ ਦਾ ਆੜੀ ਹੋਣ ਕਾਰਨ ਖੁੱਲ੍ਹ ਪਿਆ। ਆਖਣ ਲੱਗਾ, “ਹੁਣ ਮੈਂ ਜਿਹੜਾ ਗੁਰਦੁਆਰਾ ਸਾਂਭਿਆ ਹੋਇਐ, ਉੱਥੇ ਮੌਜਾਂ ਈ ਮੌਜਾਂ ਨੇ। ਮਹੀਨੇ ਦੇ ਤਿੰਨ ਚਾਰ ਪਾਠ ਮਿਲ ਜਾਂਦੇ ਆ ਤੇ ਖੰਡ ਘਿਉੁ ਖਾ ਛੱਡੀਦਾ। ਹਰ ਵੇਲੇ ਤਿੰਨ ਮੇਲ ਦੇ ਕੜਾਹ `ਚ ਰਹੀਦੈ। ਸੌਗੀ ਤੇ ਬਦਾਮਾਂ ਨਾਲ ਗੀਝਾ ਭਰਿਆ ਰਹਿੰਦੈ ਤੇ ਵਸਤਰਾਂ ਦਾ ਕੋਈ ਅੰਤ ਨੀ। ਹੁਣ ਵੀ ਤਿੰਨਾਂ ਚਹੁੰ ਘਰਾਂ `ਚ ਗੱਲ ਚਲਾਈ ਹੋਈ ਆ ਬਈ ਪਾਠ ਕਰਾਓਂਗੇ ਤਾਂ ਬਿਪਤਾ ਟਲੂਗੀ। ਇਓਂ ਕੋਈ ਨਾ ਕੋਈ ਮੁਰਗੀ ਫਸ ਜਾਂਦੀ ਐ ਤੇ ਆਪਣਾ ਤੋਰੀ ਫੁਲਕਾ ਸੋਹਣਾ ਚੱਲੀ ਜਾਂਦੈ।”

ਮੈਂ ਹੈਰਾਨ ਸਾਂ ਕਿ ਸਾਡਾ ਉਹ ਵਿਗੜਿਆ ਆੜੀ ਜਿਹੜਾ ਕਿਸੇ ਵੀ ਕੰਮ ਵਿਚ ਨਹੀਂ ਸੀ ਚੱਲਿਆ, ਉਹ ਧਰਮ ਕਰਮ ਦੇ ਧੰਦੇ ਵਿਚ ਕਿਵੇਂ ਚੱਲ ਪਿਆ? ਹੁਣ ਸੋਚਦਾ ਹਾਂ ਜੇ ਹੋਰ ਗ੍ਰੰਥੀ ਵੀ ਸਾਡੇ ਉਸ ਆੜੀ ਵਰਗੇ ਹੀ ਪਾਠੀ ਹੋਣ ਤਾਂ ਗੁਰੂ ਹੀ ਰਾਖਾ ਹੈ ਸਾਡੇ ਸੰਪਟ ਪਾਠਾਂ ਤੇ ਅਖੰਡ ਪਾਠਾਂ ਦਾ!

ਹੁਣ ਗੱਲ ਕਰਦੇ ਆਂ ਵਿਆਹਾਂ ਦੀ। ਮੈਂ ਬਚਪਨ ਵਿਚ ਉਹ ਵਿਆਹ ਵੀ ਵੇਖੇ ਹਨ ਜਦੋਂ ਜੰਨਾਂ ਤੀਜੇ ਚੌਥੇ ਦਿਨ ਮੁੜਦੀਆਂ ਸਨ। ਜੰਨ ਗੱਡਿਆਂ, ਰਥਾਂ ਤੇ ਊਠ ਘੋੜਿਆਂ ’ਤੇ ਜਾਂਦੀ ਸੀ। ਊਠ ਤੇ ਘੋੜੇ ਪਿੰਡ ਵਗਲਦੇ। ਵਿਆਹ ਤੋਂ ਮਹੀਨਾ ਪਹਿਲਾਂ ਈ ਘਰਾਂ ਦੀਆਂ ਸੁਆਣੀਆਂ ਵਿਆਹ ਦੇ ਗੀਤ ਗਾਉਣ ਲੱਗ ਜਾਂਦੀਆਂ। ਉਨ੍ਹਾਂ ਵਿਆਹਾਂ ਦੀਆਂ ਅਨੇਕਾਂ ਯਾਦਾਂ ਮੇਰੇ ਚੇਤੇ ਵਿਚ ਵਸੀਆਂ ਹੋਈਆਂ ਹਨ। ਮੈਂ ਦੂਜੀ ਤੀਜੀ ਵਿਚ ਪੜ੍ਹਦਾ ਹੋਵਾਂਗਾ ਜਦੋਂ ਇਕ ਜੰਨ ਨਾਲ ਰਾਏਕੋਟ ਨੇੜਲੇ ਪਿੰਡ ਗੋਇੰਦਵਾਲ ਗਿਆ। ਧਰਮਸ਼ਾਲਾ ਵਿਚ ਕੁਝ ਜਾਨੀ ਦਾਰੂ ਪੀ ਰਹੇ ਸਨ। ਇਕ ਸ਼ਰਾਬੀ ਨੇ ਲਟੈਣ ਹੇਠਲੇ ਥਮ੍ਹਲੇ ਨੂੰ ਲੱਤ ਨਾਲ ਧੱਕਦਿਆਂ ਮੇਰੇ ਬਾਬੇ ਨੂੰ ਪੁੱਛਿਆ, “ਚਾਚਾ, ਸਿੱਟ ਦਿਆਂ ਛੱਤ?” ਮੈਂ ਬਾਬੇ ਨੂੰ ਆਖਿਆ, “ਬਾਬਾ, ਰੋਕੋ ਇਹਨੂੰ। ਨਹੀਂ ਤਾਂ ਸਾਰੀ ਜੰਨ ਥੱਲੇ ਆ-ਜੂ।” ਬੱਚਾ ਹੋਣ ਕਾਰਨ ਮੈਂ ਡਰ ਗਿਆ ਸਾਂ ਕਿ ਉਹ ਸੱਚੀਂ ਥਮ੍ਹਲਾ ਸੁੱਟ ਦੇਵੇਗਾ ਤੇ ਛੱਤ ਡਿੱਗ ਪਵੇਗੀ। ਇਹ ਤਾਂ ਵੱਡੇ ਹੋਏ ਨੂੰ ਪਤਾ ਲੱਗਾ ਕਿ ਉਹ ਚੁਆਨੀ ਦੀ ਸ਼ਰਾਬ ਪੀ ਕੇ ਰੁਪਈਏ ਵਾਲਾ ਡਰਾਮਾ ਕਰ ਰਿਹਾ ਸੀ। ਉਹਨੀਂ ਦਿਨੀਂ ਟਾਵੇਂ ਟੱਲੇ ਪੀਣ ਵਾਲੇ ਚੁਆਨੀ ਚੁਆਨੀ ਪਾ ਕੇ ਸੰਤਰੇ ਮਾਲਟੇ ਦੀ ਬੋਤਲ ਖਰੀਦਦੇ ਸਨ। ਹੁਣ ਵਾਂਗ ਜੰਨ ਨੂੰ ਮੁਫ਼ਤ ਨਹੀਂ ਸੀ ਮਿਲਦੀ ਹੁੰਦੀ ਤੇ ਜਣਾ ਖਣਾ ਨਹੀਂ ਸੀ ਪੀਂਦਾ।

ਜੰਨ ਰੋਟੀ ਖਾਣ ਗਈ ਤਾਂ ਭੁੰਜੇ ਕੋਰਿਆਂ ਉੱਤੇ ਬਿਠਾ ਕੇ ਮੂਹਰੇ ਥਾਲੀਆਂ ਰੱਖੀਆਂ ਗਈਆਂ। ਪਹਿਲਾਂ ਲੱਡੂ ਵਰਤਾਏ ਗਏ ਤੇ ਫੇਰ ਜਲੇਬੀਆਂ। ਦਾਲ ਰੋਟੀ ਦੀ ਵਾਰੀ ਬਾਅਦ ਵਿਚ ਆਉਣੀ ਸੀਉਦੋਂ ਜੰਨਾਂ ਦੀ ਸੇਵਾ ਇਸ ਤਰ੍ਹਾਂ ਹੀ ਹੁੰਦੀ ਸੀ। ਮੈਂ ਲੱਡੂ ਖਾਣ ਲੱਗਾ ਤਾਂ ਬਾਬੇ ਨੇ ਮੇਰਾ ਹੱਥ ਫੜ ਕੇ ਰੋਕ ਦਿੱਤਾ ਕਿਉਂਕਿ ਕੁੜੀਆਂ ਨੇ ਗੀਤ ਗਾ ਕੇ ਜੰਨ ਬੰਨ੍ਹ ਦਿੱਤੀ ਸੀ। ਜਾਨੀਆਂ ਵਿੱਚੋਂ ਕੋਈ ਜੰਨ ਛੁਡਾਉਂਦਾ ਤਦ ਹੀ ਖਾਣਾ ਖਾਧਾ ਜਾ ਸਕਦਾ ਸੀ। ਉਨ੍ਹਾਂ ਨੇ ਮੈਨੂੰ ਖੜ੍ਹਾ ਕਰ ਦਿੱਤਾ। ਸਕੂਲ ਵਿਚ ਮੈਂ ਮਨੀਟਰ ਹੋਣ ਕਰਕੇ ਜਮਾਤੀਆਂ ਨੂੰ ਸ਼ਬਦ ਹਜ਼ਾਰੇ ਕਹਾਇਆ ਕਰਦਾ ਸਾਂ। ਪੰਜ ਬਾਣੀਆਂ ਵੀ ਮੇਰੇ ਕੰਠ ਸਨ। ਓਹੀ ਸ਼ਬਦ ਹਜ਼ਾਰੇ ਮੈਂ ਉੱਥੇ ਸੁਣਾਉਣ ਲੱਗ ਪਿਆ ਜਿਨ੍ਹਾਂ ਨੂੰ ਸੁਣ ਕੇ ਬਨੇਰਿਆਂ ’ਤੇ ਬੈਠੀਆਂ ਕੁੜੀਆਂ ਬੁੜ੍ਹੀਆਂ ਹੱਸਣ ਲੱਗੀਆਂ। ਫਿਰ ਮੈਨੂੰ ਬਿਠਾ ਦਿੱਤਾ ਗਿਆ ਤੇ ਇਕ ਜਾਨੀ ਨੇ ਥਾਲੀ ਉੱਤੇ ਰੁਮਾਲ ਰੱਖ ਕੇ ਛੰਦ ਸੁਣਾਏ ਤੇ ਜੰਨ ਛੁਡਾਈ। ਉਸ ਤੋਂ ਪਿੱਛੋਂ ਜੰਨ ਖਾਣਾ ਖਾਣ ਲੱਗੀ।

ਪੰਜਾਹ ਸੱਠ ਸਾਲਾਂ ਵਿਚ ਬਹੁਤ ਕੁਝ ਬਦਲ ਗਿਆ ਹੈ। ਹੁਣ ਦੇ ਵਿਆਹ ਪਹਿਲਾਂ ਵਰਗੇ ਨਹੀਂ ਰਹੇ। ਹੁਣ ਤਾਂ ਝੱਟ ਮੰਗਣੀ ਤੇ ਪੱਟ ਵਿਆਹ ਹੋਣ ਲੱਗ ਪਏ ਹਨ। ਉਂਜ ਖਰਚੇ ਵੱਲੋਂ ਦਿਵਾਲਾ ਨਿਕਲ ਜਾਂਦਾ ਹੈਇਸ ਫੇਰੀ ਦੌਰਾਨ ਮੈਂ ਜਿੰਨੇ ਵੀ ਵਿਆਹ ਵੇਖੇ, ਸਾਰੇ ਮੈਰਿਜ ਪੈਲਸਾਂ ਵਿਚ ਹੋਏ। ਕਿਸੇ ਦੀ ਪਲੇਟ ਦੋ ਤਿੰਨ ਸੌ ਦੀ ਸੀ ਤੇ ਕਿਸੇ ਏਅਰ ਕੰਡੀਸ਼ੰਡ ਹਾਲ ਦੀ ਪੰਜ ਛੇ ਸੌ ਦੀ। ਪੰਜ ਸੱਤ ਸੌ ਪਲੇਟਾਂ ਆਮ ਈ ਲੱਗ ਜਾਂਦੀਆਂ। ਦਸ ਬਾਰਾਂ ਪੇਟੀਆਂ ਸ਼ਰਾਬ ਦੀਆਂ ਵੀ ਲੱਗਣੀਆਂ ਹੋਈਆਂ। ਲੱਖ ਦੋ ਲੱਖ ਗਾਉਣ ਵਾਲਿਆਂ ਦਾ ਤੇ ਬਾਕੀ ਬੈਂਡ-ਵਾਜੇ ਤੇ ਵੀਡੀਓ ਬਣਾਉਣ ਵਾਲਿਆਂ ਦਾ। ਵਿਆਹ ਤਾਂ ਪੰਜ ਸੱਤ ਘੰਟਿਆਂ ਵਿਚ ਈ ਨਿਬੜ ਜਾਂਦਾ ਪਰ ਲੋਦਾ ਲੱਖਾਂ ਦਾ ਲੱਗ ਜਾਂਦਾ। ਇਹੋ ਜਿਹੇ ਵਿਆਹ ਬਹੁਤ ਸਾਰੇ ਪਰਵਾਸੀਆਂ ਨੇ ਕਾਰਾਂ ਉੱਤੇ ਈ ਚੜ੍ਹਿਆਂ ਚੜ੍ਹਾਇਆਂ ਕੀਤੇ ਤੇ ਕਿਸੇ ਘਰ ਮੇਲ਼ ਇਕੱਠਾ ਨਹੀਂ ਕੀਤਾ। ਗੁਆਂਢੀਆਂ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਪਈ ਮੁੰਡਾ ਕੁੜੀ ਵਿਆਹ ਲਿਆ ਹੈਬਾਹਰੋਂ ਆਇਆਂ ਦੇ ਵਧੇਰੇ ਵਿਆਹ ਹੁਣ ਇਸ ਤਰ੍ਹਾਂ ਈ ਹੁੰਦੇ ਨੇ।

ਕਾਰਡ ਛਪ ਜਾਂਦੇ ਨੇ। ਹਲਵਾਈਆਂ ਤੋਂ ਮਠਿਆਈ ਦੇ ਡੱਬੇ ਲੈ ਕੇ ਘਰੋ ਘਰੀ ਪੁਚਾ ਦਿੱਤੇ ਜਾਂਦੇ ਨੇ। ਗਿਆਰਾਂ ਬਾਰਾਂ ਵਜੇ ਮੈਰਿਜ ਪੈਲਸ ਵਿਚ ਬਰਾਤ ਨੇ ਢੁੱਕਣਾ ਹੁੰਦਾ ਹੈਮਿਲਣੀ ਤੇ ਚਾਹ ਪਾਣੀ ਤੋਂ ਬਾਅਦ ਸਟੇਜ ਉੱਤੇ ਸਾਜ਼ ਵੱਜਣ ਲੱਗਦੇ ਨੇ। ਮੁੰਡੇ ਕੁੜੀ ਦੇ ਕਰੀਬੀ ਰਿਸ਼ਤੇਦਾਰ ਕਿਸੇ ਨੇੜੇ ਦੇ ਗੁਰਦਵਾਰੇ ਵਿਚ ਅਨੰਦ ਕਾਰਜ ਦੀ ਰਸਮ ਲਈ ਚਲੇ ਜਾਂਦੇ ਨੇ ਤੇ ਸਟੇਜ ਉੱਤੇ ਨਾਚ ਗਾਣਾ ਸ਼ੁਰੂ ਹੋ ਜਾਂਦਾ ਹੈਬਹਿਰੇ ਮੀਟ ਸ਼ਰਾਬ ਤੇ ਖਾਣ ਪੀਣ ਦੀਆਂ ਹੋਰ ਵਸਤਾਂ ਵਰਤਾਈ ਜਾਂਦੇ ਨੇ ਤੇ ਕੰਨ ਪਾੜਵਾਂ ਸੰਗੀਤ ਕਿਸੇ ਨੂੰ ਕੋਈ ਗੱਲ ਨਹੀਂ ਕਰਨ ਦਿੰਦਾ। ਅੱਧ-ਨੰਗੀਆਂ ਕੁੜੀਆਂ ਸਟੇਜ ’ਤੇ ਇਓਂ ਟੱਪੀ ਜਾਂਦੀਆਂ ਜਿਵੇਂ ਮੱਖ ਲੜਦੀ ਹੋਵੇ। ਤਦ ਤਕ ਅਨੰਦ ਕਾਰਜ ਵਾਲੀ ਜੋੜੀ ਵੀ ਪਹੁੰਚ ਜਾਂਦੀ ਹੈ ਤੇ ਸ਼ਗਨ ਸ਼ੁਰੂ ਹੋ ਜਾਂਦਾ ਹੈਲਾਈਨਾਂ ਲੱਗ ਜਾਂਦੀਆਂ ਹਨ ਸ਼ਗਨ ਪਾਉਣ ਵਾਲਿਆਂ ਦੀਆਂ। ਸੋਫੀ ਬੰਦੇ ਪਹਿਲਾਂ ਈ ਵਾਰੀ ਲੈ ਕੇ ਸਤਿ ਸ੍ਰੀ ਅਕਾਲ ਬੁਲਾ ਜਾਂਦੇ ਨੇ ਤੇ ਪੈੱਗ ਲੈੱਗ ਵਾਲੇ ਨੱਚੀ ਟੱਪੀ ਜਾਂਦੇ ਨੇ।

ਕੁਝ ਵਰ੍ਹੇ ਪਹਿਲਾਂ ਵਿਆਹੁਲੀਆਂ ਕੁੜੀਆਂ ਮੂੰਹ ਤੋਂ ਪੱਲਾ ਵੀ ਨਹੀਂ ਸਨ ਲਾਹੁੰਦੀਆਂ ਪਰ ਹੁਣ ਹਾਲ ਵਿਚ ਸ਼ਰੇਆਮ ਨੱਚਦੀਆਂ ਹਨ। ਉਹ ਮੇਮਾਂ ਵਾਂਗ ਬਾਂਹ ਵਿਚ ਬਾਂਹ ਪਾ ਕੇ ਗੇੜਾ ਦੇਣ ਲੱਗ ਪਈਆਂ ਹਨ। ਨੇੜ ਤੇੜ ਦੇ ਸੱਜਣ ਮਿੱਤਰ ਨੋਟਾਂ ਦੀ ਵਰਖਾ ਕਰੀ ਜਾਂਦੇ ਨੇ ਤੇ ਸਟੇਜ ਮੂਹਰੇ ਮੱਖੀਆਂ ਦੇ ਛੱਤੇ ਵਾਂਗ ਇਕੱਠ ਹੋਈ ਜਾਂਦਾ ਹੈਈਆਂ ਦਾ ਵਜ਼ਨ ਕੁਇੰਟਲ ਦੇ ਕਰੀਬ ਹੁੰਦਾ ਹੈ ਤੇ ਜਦੋਂ ਉਹ ਨੱਚਦੇ ਨੇ ਤਾਂ ਇਓਂ ਲੱਗਦੇ ਜਿਵੇਂ ਬੋਰੀ ਹਿੱਲਦੀ ਹੋਵੇ! ਪੰਜ ਕੁ ਵਜੇ ਹਾਲ ਖਾਲੀ ਕਰਨਾ ਹੁੰਦਾ ਹੈ ਜਿਸ ਕਰਕੇ ਤੋਰ ਤੁਰਾਈ ਸ਼ੁਰੂ ਹੋ ਜਾਂਦੀ ਐ। ਡੋਲੀ ਤੁਰਨ ਵੇਲੇ ਹੁਣ ਪੰਜਾਬ ਦੀਆਂ ਕੁੜੀਆਂ ਪਹਿਲਾਂ ਵਾਂਗ ਨਹੀਂ ਰੋਂਦੀਆਂ ਸਗੋਂ ਮੁਸਕਰਾ ਕੇ ‘ਬਾਏ ਬਾਏ’ ਕਰਨ ਲੱਗੀਆਂ ਹਨ। ਇਹ ਵੱਖਰੀ ਗੱਲ ਹੈ ਕਿ ਕਈ ‘ਸੁਭਾਗ ਜੋੜੀਆਂ’ ਦੀ ਇਹ ‘ਬਾਏ ਬਾਏ’ ਵਿਦੇਸ਼ ਜਾਂਦਿਆਂ ਹੀ ਹੋ ਜਾਂਦੀ ਹੈ!

*****

(551)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author