SarwanSingh7ਮਨੁੱਖ ਦੀ ਵੱਡੀ ਤਾਕਤ ਹੈ ਹਿੰਮਤ। ਕੁਝ ਕਰਨ ਦੀ ਚਾਹਤ। ਜਿੱਥੇ ਚਾਹਤ ਤੇ ਹਿੰਮਤ ਹੈ ਉੱਥੇ ਬੰਜਰ ਖੇਤ ਵੀ ...
(21 ਜਨਵਰੀ 2018)

 

SarwanSPrBook3ਮੈਂ ਹੌਲੀ-ਹੌਲੀ ਲਿਖਦਾਂ। ਛੋਟੇ-ਛੋਟੇ ਵਾਕ ਵੀ ਵਾਰ-ਵਾਰ ਸੋਧਦਾਂ। ਮੈਂ ਸਮਝਦਾਂ ਕਿ ਵਾਰਤਕ ਦਾ ਵੀ ਪਿੰਗਲ ਹੈ। ਨਜ਼ਮ ਵਾਂਗ ਨਸਰ ਵਿੱਚ ਵੀ ਧੁਨੀ ਅਲੰਕਾਰ ਤੇ ਅਰਥ ਅਲੰਕਾਰ ਹੁੰਦੇ ਨੇ। ਇਸੇ ਕਰਕੇ ਵਾਕ ਮੰਜੇ ਦੀ ਦੌਣ ਵਾਂਗ ਕਸਣੇ ਤੇ ਮੀਢੀਆਂ ਵਾਂਗ ਗੁੰਦਣੇ ਪੈਂਦੇ ਨੇ। ਸ਼ਬਦ ਬੀੜਨ ਵੇਲੇ ਵੇਖੀਦਾ ਕਿ ਵਾਕ ਲਮਕ ਨਾ ਜਾਵੇ ਜਾਂ ਉਹਦੇਚ ਝੋਲ ਨਾ ਪੈ ਜੇ। ਇੰਦ੍ਰਿਆਵੀ ਰਸਾਂ ਦਾ ਵੀ ਖ਼ਿਆਲ ਰੱਖੀਦਾ। ਵਧੀਆ ਵਾਰਤਾ ਉਹ ਹੁੰਦੀ ਐ ਜੀਹਦੇਚ ਅੱਖਾਂ ਲਈ ਆਕਾਰ ਤੇ ਰੰਗ ਹੋਣ, ਕੰਨਾਂ ਲਈ ਧੁਨਾਂ, ਨੱਕ ਲਈ ਸੁਗੰਧਾਂ, ਜੀਭ ਲਈ ਜ਼ਾਇਕਾ ਤੇ ਜਿਸਮ ਲਈ ਸਪਰਸ਼ ਹੋਵੇ। ਕਲਾਮਈ ਵਾਰਤਕ ਲਿਖਣੀ ਲੈਅਮਈ ਕਵਿਤਾ ਲਿਖਣ ਦੇ ਤੁੱਲ ਹੈ। ਜਿਵੇਂ ਖਿਡਾਰੀ ਆਪਣੀ ਖੇਡ ਦਾ ਅਭਿਆਸ ਕਰਦੈ ਉਵੇਂ ਮੈਂ ਵੀ ਵਗਦੇ ਪਾਣੀ ਤੇ ਰੁਮਕਦੀ ਪੌਣ ਜਿਹੀ ਵਾਰਤਕ ਰਚਣ ਦਾ ਰਿਆਜ਼ ਕਰਦਾ ਰਹਿੰਨਾ।

ਮਿਸਾਲ: ਮੁਹੰਮਦ ਅਲੀ ਬਾਰੇ ਲਿਖਣਾ ਲਫ਼ਜ਼ਾਂ ਨਾਲ ਘੁਲਣਾ ਹੈ। ਲੱਲੇ ਦੀ ਧੁਨੀ ਦਾ ਖ਼ਿਆਲ ਰੱਖਦਿਆਂ ਮੈਂ ‘ਸ਼ਬਦਾਂ’ ਦੀ ਥਾਂ ‘ਲਫਜ਼ਾਂ’ ਅਤੇ ‘ਭਿੜਣਾ’ ਦੀ ਥਾਂ ‘ਘੁਲਣਾ’ ਲਿਖਿਆ। ਹੋਰ: ਕਦ ਭੁੱਲਣਗੀਆਂ ਪਾਣੀ ਦੀਆਂ ਉਹ ਪਰੀਆਂ ਜਿਨ੍ਹਾਂ ਤੈਰਨ ਤਲਾਅ ਦੇ ਨੀਲੇ ਨਿਰਮਲ ਪਾਣੀਆਂ ਨੂੰ ਅੱਗ ਲਾਈ ਰੱਖੀ। ਉਨ੍ਹਾਂ ਦੀਆਂ ਤੇਜ਼ਤਰਾਰ ਤਾਰੀਆਂ ਤੇ ਦੂਹਰੀਆਂ ਤੀਹਰੀਆਂ ਛਾਲਾਂ! ਉਨ੍ਹਾਂ ਦੇ ਸੋਨ-ਰੰਗੇ ਬਦਨ ਜਿਨ੍ਹਾਂ ਤੋਂ ਨਜ਼ਰਾਂ ਤਿਲ੍ਹਕ-ਤਿਲ੍ਹਕ ਜਾਂਦੀਆਂ।

ਮੈਥੋਂ ਅਕਸਰ ਪੁੱਛਿਆ ਜਾਂਦੈ, ਮੈਂ ਕਹਾਣੀਕਾਰ ਬਣਦਾ-ਬਣਦਾ ਖੇਡ ਲੇਖਕ ਕਿਉਂ ਬਣਿਆ? ਕਿਹਾ ਜਾਂਦੈ, ਜੇ ਮੈਂ ਕਹਾਣੀਕਾਰ ਬਣ ਜਾਂਦਾ ਤਾਂ ਸਾਹਿਤਕਾਰ ਮੰਨਿਆ ਜਾਂਦਾ। ਮੈਂ ਮੁਸਕਰਾ ਕੇ ਕਹਿ ਦਿੰਨਾਂ ਕਿ ਸਾਹਿਤਕਾਰ ਨਾ ਸਹੀ ਚਲੋ ਸਿਹਤਕਾਰ ਹੀ ਸਹੀ! ਕੁਛ ਤਾਂ ਹਾਂ। ਵੈਸੇ ਸਿਹਤਕਾਰ ਵੀ ਸਾਹਿਤਕਾਰ ਵਰਗਾ ਹੀ ਹੁੰਦੈ। ਖੇਡ ਮੈਦਾਨ ਵਿੱਚ ਜਿਸ ਦਾ ਜੁੱਸਾ ਤਕੜਾ ਹੋਵੇ ਤੇ ਖੇਡਣ ਦੀ ਜੁਗਤ ਜਾਣਦਾ ਹੋਵੇ, ਉਹ ਕੋਈ ਵੀ ਖੇਡ ਖੇਡੇ ਮਾੜੇ ਜੁੱਸੇ ਵਾਲੇ ਨੂੰ ਜਿੱਤ ਜਾਂਦੈ। ਸਾਹਿਤਕਾਰੀ ਵਿੱਚ ਵੀ ਜਿਹੜਾ ਲੇਖਕ ਸ਼ਬਦਾਵਲੀ ਪੱਖੋਂ ਸਮਰੱਥ ਹੋਵੇ ਤੇ ਸ਼ਬਦਾਂ ਨੂੰ ਜੋੜਨ ਬੀੜਨ ਦੀ ਕਲਾ ਜਾਣਦਾ ਹੋਵੇ ਉਹ ਕੋਈ ਵੀ ਸਾਹਿਤਕ ਰੂਪ ਰਚੇ ਮਾੜੀ ਸ਼ਬਦਾਵਲੀ ਵਾਲੇ ਲੇਖਕ ਨੂੰ ਡਾਹੀ ਨਹੀਂ ਦਿੰਦਾ। ਗੱਲ ਤਾਂ ਸਾਰੀ ਜ਼ੋਰ ਤੇ ਜੁਗਤ ਦੀ ਹੈ।

**

ਮੈਨੂੰ ਖੇਡ ਲੇਖਕ ਕਿਹਾ ਜਾਂਦੈ ਪਰ ਮੈਂ ਨਿਰਾ ਖੇਡ ਲੇਖਕ ਹੀ ਨਹੀਂ। ਮਾੜਾ-ਮੋਟਾ ਕਹਾਣੀਕਾਰ, ਰੇਖਾ ਚਿੱਤਰਕਾਰ, ਪੱਤਰਕਾਰ, ਵਿਅੰਗਕਾਰ, ਸਵੈਜੀਵਨੀ ਤੇ ਜੀਵਨੀਕਾਰ ਅਤੇ ਅਨੁਵਾਦਕ ਤੇ ਸੰਪਾਦਕ ਵੀ ਹਾਂ। ਮੇਰੀਆਂ ਤੀਹ ਤੋਂ ਵੱਧ ਕਿਤਾਬਾਂ ਦੇ ਕਈ ਸਾਹਿਤਕ ਰੂਪ ਹਨ। ਇਸ ਪੁਸਤਕ ਵਿੱਚ ਮੈਂ ਆਪਣੀ ਵਾਰਤਕ ਦੇ ਕਈ ਰੰਗ ਵਿਖਾਏ ਹਨ। ਜੇ ਕਦੇ ਨਾਵਲ ਲਿਖਣ ਦੀ ਵਿਹਲ ਮਿਲੀ ਤਾਂ ਨਾਵਲ ਵੀ ਲਿਖਿਆ ਜਾ ਸਕਦੈ। ਜੀਹਨੂੰ ਸ਼ਬਦਾਵਲੀ ਵਰਤਣ ਦੀ ਜਾਚ ਹੋਵੇ ਉਹ ਕਿਸੇ ਵੀ ਸਾਹਿਤਕ ਰੂਪਚ ਲਿਖੇ, ਜਿਵੇਂ ਚੰਗਾ ਵਾਰਤਕਕਾਰ ਬਣ ਸਕਦੈ ਉਵੇਂ ਚੰਗਾ ਕਵੀ, ਕਹਾਣੀਕਾਰ ਤੇ ਨਾਵਲਕਾਰ ਵੀ ਬਣ ਸਕਦੈ। ਪੰਜਾਬੀ ਵਿੱਚ ਅਜਿਹੇ ਲੇਖਕਾਂ ਦੀ ਘਾਟ ਨਹੀਂ ਜੋ ਕਵੀ ਵੀ ਹਨ, ਕਹਾਣੀਕਾਰ ਵੀ ਤੇ ਨਾਵਲਕਾਰ ਵੀ। ਉਹ ਅਨੁਵਾਦਕ, ਸੰਪਾਦਕ ਤੇ ਆਲੋਚਕ ਵੀ ਹਨ। ਕਿਸੇ ਨੂੰ ਇਹ ਭੁਲੇਖਾ ਨਹੀਂ ਲੱਗਣਾ ਚਾਹੀਦੈ ਕਿ ਕਵੀ ਤੇ ਗਲਪਕਾਰ ਹੀ ਸਾਹਿਤਕਾਰ ਹੁੰਦੇ ਹਨ ਦੂਜੇ ਨਹੀਂ।

*

ਸਾਹਿਤ ਦਾ ਉਦੇਸ਼ ਰਚਨਾ ਰਾਹੀਂ ਜੀਵਨ ਨੂੰ ਸਮਝਣ ਸਮਝਾਉਣ, ਸਮਾਂ ਸੋਹਣਾ ਪਾਸ ਕਰਵਾਉਣ ਤੇ ਸਹੀ ਸੇਧ ਦੇਣ ਦਾ ਹੈ। ਸਾਹਿਤ ਨੂੰ ਜੀਵਨ ਦਾ ਦਰਪਨ ਕਿਹਾ ਜਾਂਦੈ। ਜਿਵੇਂ ਜੀਵਨ ਵਿੱਚ ਦੁੱਖ-ਸੁਖ, ਮੋਹ-ਪਿਆਰ, ਖ਼ੁਸ਼ੀਆਂ-ਗ਼ਮੀਆਂ, ਸ਼ਿਕਵੇ-ਸ਼ਿਕਾਇਤਾਂ, ਹਾਸੇ-ਖੇੜੇ, ਰੋਣੇ-ਧੋਣੇ, ਕਜੀਏ-ਕਲੇਸ਼, ਗੁੱਸੇ-ਗਿਲੇ, ਖ਼ੁਸ਼ਹਾਲੀ-ਮੰਦਹਾਲੀ, ਤੰਗੀ-ਤੁਰਸ਼ੀ, ਭੁੱਖ-ਨੰਗ, ਜਿੱਤ-ਹਾਰ, ਖਿੱਚ-ਧੂਹ, ਆਸ-ਉਮੀਦ, ਵਿਆਹ-ਮੁਕਲਾਵੇ, ਬਿਰਹਾ-ਵਿਛੋੜੇ, ਚਾਅ-ਮਲ੍ਹਾਰ, ਰੌਲ਼ੇ-ਰੱਪੇ, ਦੋਸਤੀ-ਦੁਸ਼ਮਣੀ, ਮੇਲ-ਮਿਲਾਪ ਤੇ ਆਸ਼ਕੀ-ਮਾਸ਼ੂਕੀ ਸਭ ਕੁੱਝ ਹੁੰਦੈ, ਉਵੇਂ ਸਾਹਿਤ ਇਸ ਸਭ ਕਾਸੇ ਦਾ ਸ਼ੀਸ਼ਾ ਹੁੰਦੈ। ਹੁਸਨ, ਜੁਆਨੀ, ਮਾਪੇ, ਤਿੰਨ ਰੰਗ ਹੀ ਨਹੀਂ ਜੀਵਨ ਦੇ ਹੋਰ ਵੀ ਬਹੁਤ ਸਾਰੇ ਰੰਗ ਹਨ। ਜੀਵਨ ਰੰਗਾਂ ਦੀ ਲੀਲ੍ਹਾ ਹੈ।

**

ਇਸ ਪੁਸਤਕ ਵਿੱਚ ਖੇਡਾਂ, ਖੇਡ ਸਭਿਆਚਾਰ ਤੇ ਵਿਸ਼ਵ ਦੇ ਮਹਾਨ ਖਿਡਾਰੀਆਂ ਦਾ ਜਲੌਅ ਵਿਖਾਉਂਦਿਆਂ ਮੈਂ ਸਿਹਤਕਾਰੀ ਨਾਲ ਸਾਹਿਤਕਾਰੀ ਦੇ ਵੀ ਕਈ ਰੰਗ ਵਿਖਾਏ ਹਨ। ਇਨ੍ਹਾਂ ਵਿੱਚ ਸਫ਼ਰਨਾਮੇ, ਜੀਵਨੀ ਤੇ ਸਵੈਜੀਵਨੀ ਦੇ ਅੰਸ਼ ਵੀ ਹਨ। ਕਹਾਣੀ, ਰੇਖਾ ਚਿੱਤਰ, ਪੇਂਡੂ ਸੱਥਾਂ ਤੇ ਪ੍ਰਕਿਰਤੀ ਦੇ ਚਿਤਰਨ ਨਾਲ ਹਾਸ ਵਿਅੰਗ ਦਾ ਰੰਗ ਵੀ ਹੈ। ਇਸ ਨੂੰ ਭਾਵੇਂ ਮੇਰੀਆਂ ਰਚਨਾਵਾਂ ਦਾ ਸਤਨਾਜਾ ਕਹਿ ਲਓ ਭਾਵੇਂ ਸਾਹਿਤਕ ਰੰਗਾਂ ਦੀ ਲੀਲ੍ਹਾ। ਸਾਹਿਤਕਾਰ ਕਹਿ ਲਓ ਭਾਵੇਂ ਸਿਹਤਕਾਰ!

**

ਹੁਣ ਤਕ ਮੈਂ ਦੋ ਕੁ ਸੌ ਖਿਡਾਰੀਆਂ ਤੇ ਲੇਖਕਾਂ ਦੇ ਰੇਖਾ ਚਿੱਤਰ ਉਲੀਕ ਸਕਿਆ ਹਾਂ। ਸੌ ਤੋਂ ਵੱਧ ਦੇਸੀ ਤੇ ਬਦੇਸ਼ੀ ਖੇਡਾਂ ਦੀ ਜਾਣਕਾਰੀ ਦਿੱਤੀ ਹੈ ਅਤੇ ਪੇਂਡੂ ਟੂਰਨਾਮੈਂਟਾਂ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਡੇਢ ਕੁ ਸੌ ਖੇਡ ਮੇਲਿਆਂ ਦੇ ਨਜ਼ਾਰੇ ਬਿਆਨ ਕੀਤੇ ਹਨ। ਏਸ਼ਿਆਈ ਤੇ ਓਲੰਪਿਕ ਖੇਡਾਂ ਦਾ ਇਤਿਹਾਸ ਲਿਖਿਆ ਹੈ। ਕਾਮਨਵੈਲਥ ਤੇ ਐਫਰੋ-ਏਸ਼ੀਅਨ ਖੇਡਾਂ ਬਾਰੇ ਤਬਸਰਾ ਕੀਤਾ ਅਤੇ ਵਿਸ਼ਵ ਕੱਪਾਂ ਤੇ ਖੇਡਾਂ ਦੇ ਅਨੇਕਾਂ ਪੱਖਾਂ ਦੀ ਚਰਚਾ ਛੇੜੀ ਹੈ। ਖੇਡ ਜਗਤ ਦੀਆਂ ਬਾਤਾਂ ਪਾਈਆਂ ਹਨ। ਦੇਸ਼ ਵਿਦੇਸ਼ ਦੇ ਖੇਡ ਮੇਲਿਆਂ ਵਿੱਚ ਕਬੱਡੀ ਮੈਚਾਂ ਦੀ ਕੁਮੈਂਟਰੀ ਕਰਨ ਜਾਂਦਿਆਂ ਕੀਤੇ ਸਫ਼ਰਾਂ ਦਾ ਹਾਲ ਚਾਲ ਲਿਖਿਆ ਅਤੇ ਅਮਲੀਆਂ ਤੇ ਭੰਡਾਂ ਦਾ ਹਾਸ ਵਿਅੰਗ ਪੇਸ਼ ਕੀਤਾ ਹੈ। ‘ਅੱਖੀਂ ਵੇਖ ਨਾ ਰੱਜੀਆਂ’ ਲਿਖਣ ਪਿੱਛੋਂ ਦੂਜਾ ਸਫ਼ਰਨਾਮਾ ‘ਫੇਰੀ ਵਤਨਾਂ ਦੀ’ ਲਿਖਿਆ। ‘ਪਿੰਡ ਦੀ ਸੱਥ ’ਚੋਂ’ ਦੀ ਸੱਥ-ਚਰਚਾ ਨਾਲ ‘ਬਾਤਾਂ ਵਤਨ ਦੀਆਂ’ ਵੀ ਪਾਈਆਂ ਹਨ। ਆਪਣੀ ਸਵੈਜੀਵਨੀ ਲਿਖਣ ਪਿੱਛੋਂ ਓਲੰਪਿਕ ਰਤਨ ਬਲਬੀਰ ਸਿੰਘ ਤੇ ਪਦਮ ਭੂਸ਼ਨ ਸਰਦਾਰਾ ਸਿੰਘ ਜੌਹਲ ਦੀਆਂ ਜੀਵਨੀਆਂ ਲਿਖੀਆਂ। ਕੋਹੇਨੂਰ ਵਰਗੇ ਹੀਰੇ ਲੇਖਕਾਂ ਤੇ ਖਿਡਾਰੀਆਂ ਦੇ ਸ਼ਬਦੀ ਦਰਸ਼ਨ ਕਰਾਏ ਹਨ। ਕੁੱਝ ਪੁਸਤਕਾਂ ਸੰਪਾਦਿਤ ਤੇ ਅਨੁਵਾਦਿਤ ਕੀਤੀਆਂ। ਮੇਰੀਆਂ ਵੀ ਕੁਝ ਪੁਸਤਕਾਂ ਦਾ ਅਨੁਵਾਦ ਹੋਇਆ। ਇਸ ਪੁਸਤਕ ਵਿਚਲੇ ਰੰਗ ਕੁਝ ਇਸ ਤਰ੍ਹਾਂ ਦੇ ਹਨ:

ਕੈਨੇਡਾ ਦੀ ਪਤਝੜ ’ਚੋਂ ਵੀ ਰੰਗਾਂ ਦੀ ਬਹਾਰ ਦਿਸਦੀ ਹੈ। ਸੈਲਾਨੀ ਹੁੱਬ ਕੇ ਵੇਖਦੇ ਹਨ। ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ, ਕਿਸੇ ਦਾ ਅੰਗੂਰੀ, ਦਾਖੀ, ਅੰਬਰੀ, ਕੇਸਰੀ, ਕਾਲਾ, ਚਿੱਟਾ, ਹਰਾ, ਲਾਲ ਤੇ ਕਿਸੇ ਦਾ ਰੰਗ ਕਥਈ ਦਿਸਦਾ ਹੈ। ਕੋਈ ਬਲੰਭਰੀ, ਦਾਲਚੀਨੀ, ਮੂੰਗੀਆ, ਫਿਰੋਜ਼ੀ ਤੇ ਕੋਈ ਅੰਡਰਈ ਹੁੰਦਾ ਹੈ। ਕਿਸੇ ਦਾ ਰੰਗ ਗੁਲਾਬਾਸੀ, ਦੂਧੀਆ, ਕੋਕਾ ਕੋਲਾ, ਕਰੀਮ ਕਲਰ, ਕੱਚਾ ਪੀਲਾ, ਪੱਕਾ ਪੀਲਾ, ਬੈਂਗਣੀ, ਲਸੂੜੀਆ, ਸ਼ਬਨਮੀ, ਸੰਦਲੀ, ਲੂਸਣੀ, ਲਾਖਾ, ਸਾਵਾ, ਬੱਗਾ, ਬੂਰਾ, ਚਿਤਕਬਰਾ, ਮਟਮੈਲਾ, ਘਸਮੈਲਾ ਤੇ ਕਿਸੇ ਦਾ ਅਰਬੀ ਹੁੰਦਾ ਹੈ। ਕਿਸੇ ਦਾ ਮੋਰਪੰਖੀਆ, ਗੁਲਾਨਾਰੀ, ਗੁਲਮੋਹਰੀ, ਯਾਕੂਤੀ ਤੇ ਕਿਸੇ ਦਾ ਸ਼ਰਬਤੀ! ਕਿਸੇ ਫਲ ਦਾ ਰੰਗ ਅਨਾਰੀ ਹੈ, ਕਿਸੇ ਦਾ ਬਦਾਮੀ, ਬਿਸਕੁਟੀ, ਗਾਜਰੀ ਤੇ ਕਿਸੇ ਦਾ ਸੰਤਰੀ। ਨਿੱਕੇ ਸੁਰਖ਼ ਫਲ ਵੇਖ ਕੇ ਖਾਣ ਨੂੰ ਜੀਅ ਕਰਦਾ ਹੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਨੇ। ਕਿਸੇ ਪੱਤੇ ਦਾ ਰੰਗ ਸਾਵਾ, ਗੁਲਾਬੀ, ਮੋਤੀਆ, ਬਡਮੋਤੀਆ, ਕੱਦੂਮੋਤੀਆ, ਕਪੂਰੀ, ਘਿਉਕਪੂਰੀ, ਪਿਆਜ਼ੀ ਤੇ ਕਿਸੇ ਦਾ ਹਵਾਪਿਆਜ਼ੀ। ਸ਼ਾਮ ਨੂੰ ਕਈ ਸੱਜਣ ਉਂਜ ਹੀ ਹਵਾਪਿਆਜ਼ੀ ਹੋਏ ਮਿਲਦੇ ਹਨ!

**

ਸ੍ਰਿਸ਼ਟੀ ਕਾਦਰ ਦੀ ਖੇਡ ਹੈ ਤੇ ਬ੍ਰਹਿਮੰਡ ਉਸ ਦਾ ਵਿਸ਼ਾਲ ਖੇਡ ਮੈਦਾਨ। ਸੂਰਜ, ਧਰਤੀ, ਚੰਦ, ਤਾਰੇ ਤੇ ਉਪਗ੍ਰਹਿ ਖਿਡਾਰੀ ਹਨ। ਦਿਨ-ਰਾਤ ਤੇ ਰੁੱਤਾਂ ਦੇ ਗੇੜ ਮੈਚਾਂ ਦਾ ਸਮਾਂ ਸਮਝੇ ਜਾ ਸਕਦੇ ਹਨ। ਜੀਵਨ ਇੱਕ ਮੈਚ ਹੀ ਤਾਂ ਹੈ! ਕੋਈ ਜਿੱਤ ਰਿਹੈ, ਕੋਈ ਹਾਰ ਰਿਹੈ। ਜਿਹੜੇ ਜਿੱਤ ਜਾਂਦੇ ਨੇ ਉਹ ਬੱਲੇ-ਬੱਲੇ ਕਰਾ ਜਾਂਦੇ ਨੇ ਤੇ ਜਿਹੜੇ ਹਾਰ ਜਾਂਦੇ ਨੇ ਭੁੱਲ-ਭੁੱਲਾ ਜਾਂਦੇ ਨੇ। ਕੁਦਰਤ ਦੇ ਕਾਦਰ ਨੇ ਬਾਜ਼ੀ ਪਾ ਰੱਖੀ ਹੈ: ਬਾਜੀਗਰ ਬਾਜੀ ਪਾਈ ਸਭ ਖਲਕ ਤਮਾਸ਼ੇ ਆਈ।

**

ਸੋਹਣ ਸਿੰਘ ‘ਸੀਤਲ’ ਦੀਆਂ ਬਹੁਤੀਆਂ ਕਿਤਾਬਾਂ ਦੇ ਨਾਂ ਮੂਹਰੇ ਸੀਤਲ ਲੱਗਦਾ ਹੈ। ਸੀਤਲ ਪ੍ਰਸੰਗ, ਸੀਤਲ ਤਾਂਘਾਂ, ਸੀਤਲ ਤਰੰਗਾਂ, ਉਮੰਗਾਂ, ਰਮਜ਼ਾਂ, ਸੁਗਾਤਾਂ, ਕਿਰਨਾਂ ਤੇ ਸੀਤਲ ਵਲਵਲੇ ਆਦਿ। ਮੇਰੀਆਂ ਵੀ ਬਹੁਤੀਆਂ ਕਿਤਾਬਾਂ ਦੇ ਨਾਂ ਖੇਡ ਨਾਲ ਸ਼ੁਰੂ ਹੁੰਦੇ ਹਨ। ਖੇਡ ਸੰਸਾਰ, ਖੇਡ ਜਗਤ ਵਿੱਚ ਭਾਰਤ, ਖੇਡ ਮੈਦਾਨ ’ਚੋਂ, ਖੇਡ ਜਗਤ ਦੀਆਂ ਬਾਤਾਂ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਮੇਲੇ ਵੇਖਦਿਆਂ, ਖੇਡਾਂ ਦੀ ਦੁਨੀਆ ਤੇ ਖੇਡ ਅਤੇ ਸੇਹਤ ਵਾਰਤਾ। ਹੋ ਸਕਦੈ ਕਦੇ ਖੇਡ ਵਿਥਿਆ, ਖੇਡ ਚਰਚਾ, ਖੇਡ ਕਥਾ ਤੇ ਖੇਡ ਲੀਲ੍ਹਾ ਵੀ ਰੱਖੇ ਜਾਣ।

**

ਮਨੁੱਖ ਦੀ ਸ਼ਕਤੀ ਤੇ ਸਾਹਸ ਦਾ ਕੋਈ ਸਿਰਾ ਨਹੀਂ। ਬੰਦੇ ਦੇ ਬੁਲੰਦ ਜੇਰੇ ਅੱਗੇ ਐਵਰੈਸਟ ਜਿਹੀਆਂ ਚੋਟੀਆਂ ਦੀ ਉਚਾਈ ਵੀ ਤੁੱਛ ਹੈ। ਮਨੁੱਖ ਜੂਝਣ ਲਈ ਪੈਦਾ ਹੋਇਆ ਹੈ। ਮੁੱਢ ਕਦੀਮ ਤੋਂ ਮਨੁੱਖ ਦੇ ਜਾਏ ਪ੍ਰਕਿਰਤਕ ਸ਼ਕਤੀਆਂ ਨਾਲ ਜੂਝਦੇ ਆਏ ਹਨ। ਖੇਡਾਂ ਮਨੁੱਖ ਦੀ ਜੁਝਾਰ ਸ਼ਕਤੀ ਵਿੱਚ ਵਾਧਾ ਕਰਨ ਲਈ ਹਨ। ਖੇਡ ਮੈਦਾਨਾਂ ਵਿੱਚ ਬੰਦੇ ਦੀ ਲਗਨ, ਦ੍ਰਿੜਤਾ ਤੇ ਜਿੱਤਾਂ ਜਿੱਤਣ ਲਈ ਸਿਰੜ ਦਾ ਪਤਾ ਲੱਗਦਾ ਹੈ। ਮਨੁੱਖ ਫਤਿਹ ਹਾਸਲ ਕਰਨ ਲਈ ਜੰਮਿਆ ਹੈ। ਉਹ ਅੰਦਰ ਤੇ ਬਾਹਰ ਸਭਨਾਂ ਤਾਕਤਾਂ ਨੂੰ ਜਿੱਤ ਲੈਣਾ ਲੋਚਦਾ ਹੈ। ਇੱਕ ਪਾਸੇ ਉਹ ਮਨ ਜਿੱਤਣ ਦੇ ਆਹਰ ਵਿੱਚ ਹੈ ਤੇ ਦੂਜੇ ਪਾਸੇ ਜੱਗ ਜਿੱਤਣ ਦੇ। ਉਹ ਧਰਤੀ ਤੇ ਸਾਗਰ ਗਾਹੁਣ ਪਿੱਛੋਂ ਪੁਲਾੜ ਦੀ ਹਿੱਕ ਚੀਰ ਕੇ ਅਗਾਂਹ ਲੰਘ ਜਾਣਾ ਚਾਹੁੰਦਾ ਹੈ।

**

ਡਾ. ਮਹਿੰਦਰ ਸਿੰਘ ਰੰਧਾਵਾ ਕਰਨੀ ਵਾਲਾ ਮਹਾਂਪੁਰਸ਼ ਸੀ। ਉਸ ਨੇ ਜਿਸ ਕੰਮ ਨੂੰ ਵੀ ਹੱਥ ਪਾਇਆ ਕਾਮਯਾਬੀ ਨਾਲ ਸਿਰੇ ਲਾਇਆ। ਉਸ ਨੂੰ ਕਿਸੇ ਨੇ ਵਿਹਲਾ ਬੈਠਾ ਨਹੀਂ ਸੀ ਵੇਖਿਆ। ਉਹ ਬਨਸਪਤੀ ਵਿਗਿਆਨੀ, ਕਲਾ ਪ੍ਰੇਮੀ, ਲੇਖਕ, ਖੋਜੀ, ਸੁੰਦਰਤਾ ਦਾ ਪੁਜਾਰੀ, ਬਾਗ਼ਬਾਨ, ਵਿਦਵਾਨ ਤੇ ਸਫਲ ਪ੍ਰਸ਼ਾਸਕ ਸੀ। ਕਦੇ ਉਹ ਡਿਪਟੀ ਕਮਿਸ਼ਨਰ, ਕਦੇ ਸ਼ਰਨਾਰਥੀਆਂ ਦੇ ਮੁੜ ਵਸਾਊ ਮਹਿਕਮੇ ਦਾ ਡਾਇਰੈਕਟਰ, ਕਦੇ ਪਿੰਡਾਂ ਦਾ ਵਿਕਾਸ ਕਮਿਸ਼ਨਰ, ਕਦੇ ਚੰਡੀਗੜ੍ਹ ਦਾ ਚੀਫ਼ ਕਮਿਸ਼ਨਰ ਤੇ ਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਿਆ।

**

ਪਦਮ ਭੂਸ਼ਨ ਡਾ. ਸਰਦਾਰਾ ਸਿੰਘ ਜੌਹਲ ਖੇਤੀ ਅਰਥਚਾਰੇ ਦਾ ਧਰੂ ਤਾਰਾ ਹੈ। ਉਹ ਯੂ. ਐੱਨ. ਓ. ਦੀ ਖੁਰਾਕ ਤੇ ਖੇਤੀਬਾੜੀ ਆਰਗੇਨਾਈਜੇਸ਼ਨ ਵਿੱਚ ਪੰਜ ਸਾਲ ਪ੍ਰੋਜੈਕਟ ਮੈਨੇਜਰ ਰਿਹਾ। ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਬਣਨ ਪਿੱਛੋਂ ਸੈਂਟਰਲ ਯੂਨੀਵਰਸਿਟੀ ਪੰਜਾਬ ਦਾ ਚਾਂਸਲਰ ਹੈ। ਉਹ ਨੈਸ਼ਨਲ ਪ੍ਰੋਫੈੱਸਰ ਆਫ ਐਗਰੀਕਲਚਰਲ ਇਕਨੌਮਿਕਸ, ਭਾਰਤ ਦੇ ਚਾਰ ਪ੍ਰਧਾਨ ਮੰਤਰੀਆਂ ਦੀਆਂ ਆਰਥਿਕ ਸਲਾਹਕਾਰ ਕੌਂਸਲਾਂ ਦਾ ਮੈਂਬਰ ਤੇ ਸੈਂਟਰਲ ਬੋਰਡ ਆਫ ਰਿਜ਼ਰਵ ਬੈਂਕ ਦਾ ਡਾਇਰੈਕਟਰ ਰਿਹਾ। ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਨੇ ਉਸ ਨੂੰ ਡੀ. ਲਿੱਟ. ਤੇ ਡੀ. ਐੱਸਸੀ. ਦੀਆਂ ਡਿਗਰੀਆਂ ਨਾਲ ਸਨਮਾਨਿਆ। ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਨੇ ਪ੍ਰੋਫੈੱਸਰ ਆਫ ਐਮੀਨੈਂਸ ਇਨ ਇਕਨੌਮਿਕਸ ਦੀ ਪਦਵੀ ਦਿੱਤੀ। ਉਹ ਬਦੇਸ਼ੀ ਯੂਨੀਵਰਸਿਟੀਆਂ ਦਾ ਵਿਜ਼ਿਟਿੰਗ ਪ੍ਰੋਫੈੱਸਰ ਤੇ ਅਕੈਡਮੀਆਂ ਦਾ ਪ੍ਰਧਾਨ ਰਿਹਾ।

**

ਮਾਡਰਨ ਓਲੰਪਿਕ ਖੇਡਾਂ 1896 ’ਚ ਏਥਨਜ਼, 1900 ਪੈਰਿਸ, 04 ਸੇਂਟ ਲੂਈਸ, 08 ਲੰਡਨ, 12 ਸਟਾਕਹੋਮ, 20 ਐਂਟਵਰਪ, 24 ਪੈਰਿਸ, 28 ਐਮਸਟਰਡਮ, 32 ਲਾਸ ਏਂਜਲਸ ਤੇ 36 ਬਰਲਿਨਚ ਹੋਈਆਂ। 48 ਲੰਡਨ, 52 ਹੈਲਸਿੰਕੀ, 56 ਮੈਲਬੌਰਨ, 60 ਰੋਮ, 64 ਵਿੱਚ ਪਹਿਲੀ ਵਾਰ ਏਸ਼ੀਆ ਦੇ ਸ਼ਹਿਰ ਟੋਕੀਓ, 68 ਮੈਕਸੀਕੋ, 72 ਮਿਊਨਿਖ, 76 ਮੌਂਟਰੀਅਲ, 80 ਮਾਸਕੋ, 84 ਲਾਸ ਏਂਜਲਸ, 88 ਸਿਓਲ, 92 ਬਾਰਸੀਲੋਨਾ, 96 ਐਟਲਾਂਟਾ, 2000 ਸਿਡਨੀ, 04 ਏਥਨਜ਼, 08 ਬੀਜਿੰਗ, 12 ਲੰਡਨ ਤੇ 16 ਰੀਓ ਵਿੱਚ ਹੋਈਆਂ। 2020 ਟੋਕੀਓ, 24 ਪੈਰਿਸ ਤੇ 28 ਦੀਆਂ ਖੇਡਾਂ ਲਾਸ ਏਂਜਲਸ ਵਿੱਚ ਹੋਣਗੀਆਂ। ਇੰਡੀਆ ਨੇ ਕਦੇ ਪੇਸ਼ਕਸ਼ ਹੀ ਨਹੀਂ ਕੀਤੀ।

**

ਬਲਬੀਰ ਸਿੰਘ ਨੂੰ ਓਲੰਪਿਕ ਖੇਡਾਂ ’ਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ‘ਗੋਲਡਨ ਹੈਟ ਟ੍ਰਿੱਕ’ ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ ਓਲੰਪਿਕ ਖੇਡਾਂਚ ਹਾਲੈਂਡ ਵਿਰੁੱਧ ਫਾਈਨਲ ਮੈਚ ਵਿੱਚ ਉਸ ਨੇ 5 ਗੋਲ ਕੀਤੇ ਸਨ ਜੋ ਓਲੰਪਿਕ ਖੇਡਾਂ ਦਾ 66 ਸਾਲ ਪੁਰਾਣਾ ਰਿਕਾਰਡ ਹੈ। ਬਰਲਿਨ ਓਲੰਪਿਕ ਖੇਡਾਂ ਦੇ ਫਾਈਨਲ ਵਿੱਚ ਧਿਆਨ ਚੰਦ ਦੇ 3 ਗੋਲ ਸਨ।

**

ਮਿਲਖਾ ਸਿੰਘ ਸਕੂਲੋਂ ਦੌੜ ਜਾਂਦਾ। ਤਪਦੇ ਰਾਹਾਂ ’ਤੇ ਪੈਰ ਭੁੱਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਰੌਲਿਆਂਚ ਪਾਕਿਸਤਾਨ ’ਚੋਂ ਜਾਨ ਬਚਾ ਕੇ ਦੌੜਿਆ। ਦਿੱਲੀ ਰੇਲ ਗੱਡੀਆਂ ਪਿੱਛੇ ਦੌੜਿਆ ਤੇ ਚੋਰੀਆਂ ਚਕਾਰੀਆਂ ਕੀਤੀਆਂ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਹੀ ਬਚਿਆ। ਬੇਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਫੜਿਆ ਗਿਆ ਅਤੇ ਜੇਲ੍ਹ ਜਾ ਪੁੱਜਾ। ਭੈਣ ਨੇ ਵਾਲੀਆਂ ਗਹਿਣੇ ਰੱਖ ਕੇ ਜੇਲ੍ਹੋਂ ਛੁਡਾਇਆ। ਫਿਰ ਭੈਣ ਦੇ ਸਹੁਰਿਆਂ ਨੇ ਉਹਨੂੰ ਘਰੋਂ ਦੌੜਾਅ ਦਿੱਤਾ। ਚੜ੍ਹਦੀ ਜੁਆਨੀਚ ਉਹ ਇੱਕ ਗ਼ਰੀਬ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਜੋ ਉਹਦੇ ਹੱਥ ਨਾ ਆਈ। ਇੱਕ ਅਮੀਰ ਕੁੜੀ ਉਹਦੇ ਮਗਰ ਦੌੜੀ ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜਚ ਦੌੜ ਕੇ ਹੀ ਸਪੈਸ਼ਲ ਦੁੱਧ ਦਾ ਗਲਾਸ ਲੁਆਇਆ। ਦੌੜ-ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੇਸੀਓ ਬਣਿਆ। ਦੇਸਾਂ ਪਰਦੇਸਾਂ ਵਿੱਚ ਦੌੜ ਕੇ ਮੈਡਲ ’ਤੇ ਮੈਡਲ ਜਿੱਤਦਾ ਗਿਆ ਅਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। ਰੋਮ ਦੀਆਂ ਓਲੰਪਿਕ ਖੇਡਾਂਚ ਦੌੜ ਕੇ ਪਹਿਲਾ ਓਲੰਪਿਕ ਰਿਕਾਰਡ ਤੋੜਿਆ। ਲਾਹੌਰ ਵਿੱਚ ਦੌੜਿਆ ਤਾਂ ‘ਫਲਾਈਂਗ ਸਿੱਖ’ ਦਾ ਖ਼ਿਤਾਬ ਮਿਲਿਆ। ਮੁਸੀਬਤਾਂ ਉਸ ਨੂੰ ਘੇਰਦੀਆਂ ਰਹੀਆਂ ਪਰ ਉਹ ਅੱਗੇ ਹੀ ਅੱਗੇ ਦੌੜਦਾ ਗਿਆ। ਫਿਲਮ ਬਣਾਉਣ ਵਾਲਿਆਂ ਨੂੰ ਵੀ ਇਹੋ ਨਾਂ ਸੁੱਝਾ, ‘ਭਾਗ ਮਿਲਖਾ ਭਾਗ’। ਉਹਦੇ ਮਰਦੇ ਬਾਪ ਦੇ ਆਖ਼ਰੀ ਬੋਲ ਸਨ, “ਦੌੜ ਜਾ ਪੁੱਤਰਾ! ਦੌੜ ਜਾਹ …

*

ਮਨੁੱਖ ਦੀ ਵੱਡੀ ਤਾਕਤ ਹੈ ਹਿੰਮਤ। ਕੁਝ ਕਰਨ ਦੀ ਚਾਹਤ। ਜਿੱਥੇ ਚਾਹਤ ਤੇ ਹਿੰਮਤ ਹੈ ਉੱਥੇ ਬੰਜਰ ਖੇਤ ਵੀ ਬਾਗ਼ ਬਣਾ ਲਏ ਜਾਂਦੇ ਹਨ ਅਤੇ ਵੀਰਾਨੀਆਂ ਬਹਾਰਾਂਚ ਬਦਲ ਦਿੱਤੀਆਂ ਜਾਂਦੀਆਂ ਹਨ। ਗ਼ਰੀਬ, ਨਿਤਾਣੇ, ਅਪਾਹਜ ਤੇ ਅਣਗੌਲੇ ਬੱਚੇ ਵੀ ਜੇਕਰ ਹਿੰਮਤਾਂ ਧਾਰ ਲੈਣ ਤਾਂ ਉਹ ਵੀ ਜੋ ਨਹੀਂ ਸੋ ਕਰ ਸਕਦੇ ਹਨ। ਇਸੇ ਪਰਸੰਗ ਵਿੱਚ ‘ਟਰੈਕ ਦੀ ਮੁਰਗ਼ਾਬੀ’ ਵਿਲਮਾ ਰੁਡੋਲਫ਼ ਦੀ ਮਿਸਾਲ ਦੇਣੀ ਵਾਜਬ ਹੋਵੇਗੀ।

**

ਮਾਈਕਲ ਫੈਲਪਸ ਨੇ ਓਲੰਪਿਕ ਖੇਡਾਂ ਦੇ 28 ਤਗ਼ਮੇ ਜਿੱਤੇ! ਉਹ ਓਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਵਾਲਾ ਖਿਡਾਰੀ ਹੈਉਸ ਨੇ ਵਿਸ਼ਵ ਚੈਂਪੀਅਨਸ਼ਿਪਾਂ, ਓਲੰਪਿਕ ਖੇਡਾਂ ਤੇ ਪੈਨਮ ਖੇਡਾਂ ’ਚੋਂ 83 ਮੈਡਲ ਜਿੱਤੇ ਅਤੇ 39 ਵਰਲਡ ਰਿਕਾਰਡ ਰੱਖੇ। ਬੀਜਿੰਗ ਦੀਆਂ ਓਲੰਪਿਕ ਖੇਡਾਂ ’ਚੋਂ 8 ਗੋਲਡ ਮੈਡਲ ਜਿੱਤਣ ਨਾਲ 7 ਵਿਸ਼ਵ ਰਿਕਾਰਡ ਨਵਿਆਏ!

**

ਵੀਹਵੀਂ ਸਦੀ ਦੇ ਸ਼ੁਰੂਚ ਭਵਿੱਖਬਾਣੀ ਕੀਤੀ ਗਈ ਕਿ ਇਸ ਧਰਤੀ ਦਾ ਬੰਦਾ 100 ਮੀਟਰ ਦੌੜ ਕਦੇ 10 ਸੈਕੰਡ ਤੋਂ ਘੱਟ ਸਮੇਂ ਵਿੱਚ ਨਹੀਂ ਦੌੜ ਸਕੇਗਾ। ਪਰ ਇਹ ਸੀਮਾ ਮੈਕਸੀਕੋ ਓਲੰਪਿਕ ਖੇਡਾਂ-1968 ਵਿੱਚ ਹੀ ਟੁੱਟ ਗਈ। ਫਿਰ ਭਵਿੱਖਬਾਣੀ ਕੀਤੀ ਗਈ ਕਿ 9.50 ਸੈਕੰਡ ਦੀ ਹੱਦ 2060 ਤਕ ਨਹੀਂ ਟੁੱਟੇਗੀ। 2009 ਵਿੱਚ ਉਸੈਨ ਬੋਲਟ 9.58 ਸੈਕੰਡ ਦਾ ਵਿਸ਼ਵ ਰਿਕਾਰਡ ਰੱਖ ਕੇ ਇਸ ਹੱਦ ਦੇ ਨੇੜੇ ਪਹੁੰਚ ਗਿਆ। ਜਾਪਦੈ ਇੱਕੀਵੀਂ ਸਦੀ ਦੇ ਅੰਤ ਤਕ 9 ਸੈਕੰਡ ਦੀ ਵੀ ਖ਼ੈਰ ਨਹੀਂ। ਮਨੁੱਖੀ ਪ੍ਰਤਿਭਾ ਦੀ ਕੋਈ ਸੀਮਾ ਨਹੀਂ ਜਿਸ ਕਰਕੇ ਅੰਤਲੀ ਹੱਦ ਮਿਥਣੀ ਵਾਜਬ ਨਹੀਂ। ਓਲੰਪਿਕ ਖੇਡਾਂ ਦਾ ਤਾਂ ਮਾਟੋ ਵੀ ਇਹੋ ਹੈ: ਹੋਰ ਅੱਗੇ, ਹੋਰ ਉੱਚਾ, ਹੋਰ ਤੇਜ਼!

*

ਦਾਰੇ ਪਹਿਲਵਾਨ ਦੋ ਹੋਏ ਹਨ। ਇੱਕ ਦਾ ਨਾਂ ਦਾਰਾ ਸਿੰਘ ਸੀ ਜਦ ਕਿ ਦੂਜੇ ਦਾ ਪਹਿਲਾ ਨਾਂ ਦੀਦਾਰ ਸਿੰਘ ਸੀ। ਦਾਰੇ ਦੀ ਗੱਡੀ ਚੜ੍ਹੀ ਤਾਂ ਦੀਦਾਰ ਵੀ ਦਾਰਾ ਬਣ ਗਿਆ। ਦਾਰਾ, ਦੀਦਾਰ ਤੋਂ ਦਸ ਸਾਲ ਵੱਡਾ ਸੀ। ਦੋਹੇਂ ਰੁਸਤਮੇ ਹਿੰਦ ਤੇ ਰੁਸਤਮੇ ਜ਼ਮਾਂ ਬਣੇ। ਛੋਟੇ ਦਾਰੇ ਨੂੰ ਤਾਂ ਜੱਗ ਜਾਣਦੈ ਜਿਸ ਨੇ ਅਨੇਕਾਂ ਫਿਲਮਾਂਚ ਕੰਮ ਕੀਤਾ ਤੇ ਆਪਣੀ ਆਤਮ ਕਥਾ ਲਿਖੀ। ਵੱਡੇ ਦਾਰੇ ਬਾਰੇ ਡਾ. ਬਲਵੰਤ ਸਿੰਘ ਸੰਧੂ ਨੇ ‘ਗੁੰਮਨਾਮ ਚੈਂਪੀਅਨ’ ਨਾਵਲ ਲਿਖਿਆ।

**

ਖਾਣ ਪੀਣ ਦੇ ਸੁਆਦ ਦੀ ਮਨੁੱਖੀ ਕਮਜ਼ੋਰੀ ਦਾ ਫ਼ਾਇਦਾ ਉਠਾਉਂਦਿਆਂ ਖਾਣੇ ਤਿਆਰ ਕਰਨ ਵਾਲੀਆਂ ਕੰਪਨੀਆਂ ਉਹਦੀ ਬਲੈਕਮੇਲ ਕਰ ਰਹੀਆਂ ਹਨ। ਦੂਜੇ ਬੰਨੇ ਮਨੁੱਖ ਦੀਆਂ ਆਪ ਸਹੇੜੀਆਂ ਬਿਮਾਰੀਆਂ ਦਾ ਫ਼ਾਇਦਾ ਉਠਾਉਂਦਿਆਂ ਦਵਾਈਆਂ ਵਾਲੀਆਂ ਕੰਪਨੀਆਂ ਮਾਲਾ-ਮਾਲ ਹੋ ਰਹੀਆਂ ਹਨ। ਇਹ ਸਮਝ ਲਓ ਕਿ ਮਨੁੱਖ ਦੇ ਪੇਟ ਵਿੱਚ ਖਾਧ ਸਮੱਗਰੀ ਪਾਉਣ ਵਾਲਿਆਂ ਦੀਆਂ ਵੀ ਪੰਜੇ ਘਿਓਚ ਹਨ ਤੇ ਦਵਾਈਆਂ ਦੇਣ ਵਾਲਿਆਂ ਦੇ ਵੀ ਦੋਹੀਂ ਹੱਥੀਂ ਲੱਡੂ ਹਨ!

**

ਮਨੁੱਖ ਦੀ ਆਰਾਮਪ੍ਰਸਤੀ ਤੇ ਐਸ਼ਪ੍ਰਸਤੀ ਨੇ ਅਜਿਹੀਆਂ ਬਿਮਾਰੀਆਂ ਨੂੰ ਜਨਮ ਦੇ ਦਿੱਤਾ ਹੈ ਜਿਨ੍ਹਾਂ ਨੂੰ ਸਰੀਰਕ ਮੁਸ਼ੱਕਤ ਨੇ ਨੇੜੇ ਨਹੀਂ ਸੀ ਢੁੱਕਣ ਦਿੱਤਾ। ਹੁਣ ਜਿੰਨੇ ਬਲੱਡ ਪ੍ਰੈਸ਼ਰ, ਸ਼ੂਗਰ ਰੋਗ, ਜੋੜਾਂ ਦੇ ਦਰਦ, ਦਿਲ ਦੇ ਦੌਰੇ ਤੇ ਸਟਰੋਕ ਪਹਿਲਾਂ ਨਹੀਂ ਸਨ। ਜੁੱਸੇ ਵੀ ਏਨੇ ਕਮਜ਼ੋਰ ਨਹੀਂ ਸਨ ਪੈਂਦੇ। ਕੁਦਰਤ ਦਾ ਦਸਤੂਰ ਹੈ ਕਿ ਜਾਂ ਤਾਂ ਕਸਰਤ ਕਰ ਕੇ ਸਰੀਰ ਨੂੰ ਸੁਖਾਵਾਂ ਜਿਹਾ ਕਸ਼ਟ ਦੇ ਲਵੋ, ਨਹੀਂ ਫਿਰ ਬਿਮਾਰੀ ਸਹੇੜ ਕੇ ਕਿਸੇ ਵੱਡੇ ਦੁਖਦਾਈ ਕਸ਼ਟ ਲਈ ਤਿਆਰ ਰਹੋ। ਚੰਗੀ ਸਿਹਤ ਤੇ ਲੰਮੀ ਉਮਰ ਦਾ ਰਾਜ਼ ਹੈ: ਦੌੜ ਸਕਦੇ ਹੋ ਤਾਂ ਤੁਰੋ ਨਾ, ਤੁਰ ਸਕਦੇ ਹੋ ਤਾਂ ਖੜ੍ਹੋ ਨਾ, ਖੜ੍ਹ ਸਕਦੇ ਹੋ ਤਾਂ ਬੈਠੋ ਨਾ, ਬੈਠ ਸਕਦੇ ਹੋ ਤਾਂ ਲੇਟੋ ਨਾ। ਜੀਂਦੇ ਜੀਅ ਪੈਰੀਂ ਤੁਰਨਾ ਕਦੇ ਨਾ ਛੱਡੋ।

**

ਮਾਪੇ ਜੇ ਆਪਣੇ ਬੱਚਿਆਂ ਨੂੰ ਤਕੜੇ, ਨਰੋਏ ਤੇ ਖੁਸ਼ ਵੇਖਣਾ ਚਾਹੁੰਦੇ ਹਨ, ਖੇਡਾਂ ਰਾਹੀਂ ਕਿੱਤਾਕਾਰੀ ਕੋਰਸਾਂ ਦੀਆਂ ਖਿਡਾਰੀ-ਵਿਦਿਆਰਥੀਆਂ ਵਾਲੀਆਂ ਸੀਟਾਂ ਲੈਣੀਆਂ ਲੋਚਦੇ ਹਨ, ਖੇਡਾਂ ਦੇ ਸਿਰ ’ਤੇ ਨੌਕਰੀਆਂ ਅਤੇ ਨਾਂ ਤੇ ਨਾਵਾਂ ਕਮਾਉਣਾ ਚਾਹੁੰਦੇ ਹਨ ਤਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਕਰਾਉਣ ਦੇ ਨਾਲ ਉਨ੍ਹਾਂ ਨੂੰ ਖੇਡਾਂ ਵਿੱਚ ਵੀ ਪਾਉਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਿਸੇ ਵੀ ਮੁਲਕ ਜਾਂ ਕੌਮ ਦੀ ਅਗਲੀ ਪੀੜ੍ਹੀ ਕਿਸੇ ਵੀ ਕੰਮ ਲਈ ਵਧੇਰੇ ਫਿੱਟ ਹੋਵੇਗੀ।

**

ਪੰਜਾਬ ਦੇ ਵੱਖੋ ਵੱਖਰੇ ਇਲਾਕਿਆਂ ਵਿੱਚ ਥੋੜ੍ਹੇ ਬਹੁਤੇ ਫਰਕ ਨਾਲ ਵੱਖੋ ਵੱਖਰੇ ਨਾਵਾਂ ਨਾਲ ਦੇਸੀ ਖੇਡਾਂ ਖੇਡੀਆਂ ਜਾਂਦੀਆਂ ਸਨ। ਜਿਵੇਂ ਗੀਟੇ, ਅੱਡੀ ਛੜੱਪਾ, ਥਾਲ ਜਾਂ ਖਿੱਦੋ, ਬੁੱਢੀ ਮਾਈ, ਤੇਰਾ ਮੇਰਾ ਮੇਲ ਨੀਂ, ਈਂਗਣ ਮੀਂਗਣ ਤੇ ਮੁਸ਼ਕਣਾ ਮਸ਼ਕੋਈਆ। ਦੋ ਮੰਜ਼ਲੀ, ਉਡ ਉਡ ਚਿੜੀਏ, ਤੋ ਵੇ ਤੋਤੜਿਆ, ਛਟਾਪੂ, ਭੰਡਾ ਭੰਡਾਰੀਆ, ਕੂਕਾਂ ਕਾਂਗੜੇ, ਟਿੱਲਣਾ ਟਿੱਲਣੀ ਤੇ ਠੀਕਰੀ ਲਾਉਣਾ ਆਦਿ। ਬਚਪਨ ਦੀਆਂ ਹੋਰਨਾਂ ਖੇਡਾਂ ਵਿੱਚ ਬਾਂਦਰ ਕਿੱਲਾ, ਕੋਟਲਾ ਛਪਾਕੀ, ਪਿੱਠੂ, ਤਿੱਤਰ ਮੋਰ ਛਕੰਬਾ, ਦਾਈਆਂ ਦੱਕੜੇ, ਘੋੜੀਆਂ ’ਤੇ ਸਵਾਰ, ਊਠਕ ਬੈਠਕ, ਡੂਮਣਾ ਮਖਿਆਲ, ਲੱਕੜ ਕਾਠ ਤੇ ਸੱਤ ਤਾੜੀਆਂ ਆ ਜਾਂਦੀਆਂ ਹਨ। ਸ਼ੇਰ ਤੇ ਬੱਕਰੀ, ਸਮੁੰਦਰ ਤੇ ਮੱਛੀ, ਨਾਗਰ ਵੇਲ, ਕਾਹਨਾ-ਕਾਹਨਾ ਸ਼ੇਰ ਜਵਾਨਾ, ਉਂਗਲ ਬੁੱਝਣੀ, ਅੰਨ੍ਹਾ ਝੋਟਾ, ਪਤੰਗਬਾਜ਼ੀ, ਪੂਛ-ਪੂਛ, ਊਚ-ਨੀਚ, ਰਾਜੇ ਤੇ ਨੌਕਰ, ਨਦੀ ਕਿਨਾਰਾ, ਕਿਣ ਮਿਣ ਕਾਣੀ ਕੌਣ ਕਿਣਿਆ, ਲਾਟੂ ਘੁਮਾਉਣਾ, ਗੁਲੇਲਬਾਜ਼ੀ ਤੇ ਰਾਜਾ ਮੰਗੇ ਬੱਕਰੀ ਆਦਿ ਹੋਰ ਵੀ ਦਰਜਨਾਂ ਖੇਡਾਂ ਪ੍ਰਚੱਲਿਤ ਸਨ।

ਬੱਚੇ ਜਦੋਂ ਪਠੀਰ ਅਵਸਥਾ ਨੂੰ ਪਹੁੰਚਦੇ ਸਨ ਤਾਂ ਖਿੱਦੋ ਖੂੰਡੀ, ਗੁੱਲੀ ਡੰਡਾ, ਵੰਝ ਵੜਿੱਕਾ, ਡੰਡਾ ਡੁੱਕ, ਲੂਣ ਮਿਆਣੀ, ਸ਼ੱਕਰ ਭਿੱਜੀ, ਰੱਬ ਦੀ ਖੁੱਤੀ, ਡੰਡ ਪਰੰਬਲ ਤੇ ਖਾਨ ਘੋੜੀ ਬਗ਼ੈਰਾ ਖੇਡਣਾ ਸ਼ੁਰੂ ਕਰ ਦਿੰਦੇ ਸਨ। ਬੰਟਿਆਂ ਤੇ ਕੌਡੀਆਂ ਨਾਲ ਖੇਡੀਆਂ ਜਾਣ ਵਾਲੀਆਂ ਕਈ ਖੇਡਾਂ ਸਨ ਜਿਵੇਂ ਖੱਤੀ ਪਾਉਣੇ, ਕੁੰਡਲ, ਪਿੜ੍ਹਾ ਗੋਲੀ, ਪਿਲ ਚੋਟ ਤੇ ਕਲੀ ਜੋਟਾ ਆਦਿ। ਵਡੇਰਿਆਂ ਦੀਆਂ ਖੇਡਾਂ ਸਨ ਪੂਰ ਨੱਕਾ, ਸੋਲ੍ਹੀ, ਖੱਡਾ, ਬਾਰਾਂ ਡ੍ਹੀਟੀ, ਪਾਸਾ, ਬੋੜਾ ਖੂਹ, ਛੇ ਡ੍ਹੀਟੀ ਤੇ ਤਾਸ਼ ਬਗ਼ੈਰਾ। ਇਨ੍ਹਾਂ ’ਚੋਂ ਹੁਣ ਟਾਵੀਆਂ ਖੇਡਾਂ ਹੀ ਟਾਂਵੇਂ ਵਿਰਲੇ ਥਾਂਈਂ ਖੇਡੀਆਂ ਜਾਂਦੀਆਂ ਹਨ। ਪੰਜਾਬ ਦੀਆਂ ਜਿਹੜੀਆਂ ਖੇਡਾਂ ਪਸ਼ੂਆਂ ਤੇ ਪੰਛੀਆਂ ਨਾਲ ਸੰਬੰਧਿਤ ਹਨ ਉਨ੍ਹਾਂ ਵਿੱਚ ਬੈਲ ਗੱਡੀਆਂ ਦੀ ਦੌੜ, ਘੋੜ ਦੌੜ, ਕਬੂਤਰਬਾਜ਼ੀ, ਬਟੇਰਬਾਜ਼ੀ, ਊਠਾਂ ਦੀ ਦੌੜ, ਸੁਹਾਗਾ ਦੌੜ, ਭੇਡੂਆਂ ਦੇ ਭੇੜ, ਕੁੱਕੜ ਲੜਾਉਣ ਤੇ ਕੁੱਤਿਆਂ ਦੀਆਂ ਦੌੜਾਂ ਆਦਿ ਸ਼ਾਮਲ ਹਨ।

**

ਖੇਡਾਂ ਜੁਆਨਾਂ ਦੇ ਜੁੱਸੇ ਤਕੜੇ ਤੇ ਨਰੋਏ ਬਣਾਉਣ, ਚੰਗੀਆਂ ਆਦਤਾਂ ਪਾਉਣ, ਲੜਾਈਆਂ ਝਗੜਿਆਂ ਤੋਂ ਬਚਾਉਣ, ਵਧੀਆ ਇਨਸਾਨ ਬਣਾਉਣ, ਸਰੀਰਾਂਚ ਪੈਦਾ ਹੋ ਰਹੀ ਵਾਧੂ ਸ਼ਕਤੀ ਦਾ ਸਹੀ ਨਿਕਾਸ ਕਰਨ, ਮਿਲਵਰਤਣ ਤੇ ਉਸਾਰੂ ਮੁਕਾਬਲੇ ਦੀ ਭਾਵਨਾ ਉਪਜਾਉਣ, ਸਿਹਤਮੰਦ ਮਨੋਰੰਜਨ ਕਰਨ ਅਤੇ ਖੇਡ ਨੂੰ ਸਿਖਰ ’ਤੇ ਪੁਚਾਉਣ ਤੇ ਦਰਸਾਉਣ ਲਈ ਹੁੰਦੀਆਂ ਹਨ। ਖੇਡਾਂ ਖਿਡਾਰੀਆਂ ਨੂੰ ਨਸ਼ਿਆਂ ’ਤੇ ਲਾ ਕੇ ਕੱਪ ਜਿੱਤਣ ਲਈ ਨਹੀਂ ਹੁੰਦੀਆਂ।

**

ਪੰਜਾਬ ਦੇ ਪਿੰਡ ਕਾਫੀ ਬਦਲ ਗਏ ਹਨ। ਵੱਡੀ ਤਬਦੀਲੀ ਮੁਰੱਬੇਬੰਦੀ ਨੇ ਲਿਆਂਦੀ। ਪਿੰਡਾਂ ਦੁਆਲੇ ਫਿਰਨੀਆਂ ਬਣੀਆਂ ਤੇ ਘਰਾਂ ਲਈ ਪਲਾਟ ਛੱਡੇ ਗਏ। ਰਾਹ ਸਿੱਧੇ ਹੋਏ ਜਿਨ੍ਹਾਂ ਉੱਤੇ ਲਿੰਕ ਸੜਕਾਂ ਬਣੀਆਂ। ਖੇਤਾਂ ਨੂੰ ਸਿੱਧੀਆਂ ਪਹੀਆਂ ਤੇ ਸਿੱਧੇ ਖਾਲ ਲੱਗੇ। ਜ਼ਮੀਨਾਂ ਦੇ ਟੱਕ ’ਕੱਠੇ ਹੋਣ ਨਾਲ ਖੇਤ ਪੱਧਰਾਏ ਗਏ ਤੇ ਉਨ੍ਹਾਂ ਚ ਟਿਊਵੈੱਲ ਲੱਗ ਗਏ। ਟਿਊਵੈੱਲਾਂ ਤਕ ਬਿਜਲੀ ਪਹੁੰਚ ਗਈ। ਜਿੱਥੇ ਬਿਜਲੀ ਤੇ ਪਾਣੀ ਹੋਵੇ ਉੱਥੇ ਸਾਰੇ ਸੁਖ ਮਿਲ ਜਾਂਦੇ ਹਨ। ਹਰ ਬੰਬੀ ਉੱਤੇ ਸਬਜ਼ੀ ਭਾਜੀ ਦੀ ਵਾੜੀ ਹੋਵੇ, ਫੁਲਵਾੜੀ, ਸ਼ਹਿਦ ਦੇ ਬਕਸੇ, ਫਲਦਾਰ ਬੂਟੇ, ਛਾਂਦਾਰ ਰੁੱਖ ਤੇ ਕਿੱਲੇ ਬੱਧੇ ਲਵੇਰੇ। ਖੁੱਡੇਚ ਮੁਰਗੇ ਮੁਰਗੀਆਂ, ਘਰ ਦੇ ਆਂਡੇ ਤੇ ਘਰ ਦਾ ਮੀਟ। ਖ਼ੁਸ਼ਹਾਲੀ ਲਈ ਕਿਰਤ ਕਰਨ ਦਾ ਉੱਦਮ ਤੇ ਆਹਰ। ਵਿਹਲ ਬਿਮਾਰੀਆਂ ਦਾ ਘਰ ਹੁੰਦੀ ਹੈ ਤੇ ਵਿਹਲੜ ਬੰਦਾ ਸ਼ੈਤਾਨ ਦਾ ਚਰਖਾ! ਕਿਸਾਨਾਂ ਦਾ ਕਲਿਆਣ ਫਾਰਮ ਹਾਊਸ ਬਣਾ ਕੇ ਹੀ ਹੋਣਾ ਹੈ। ਪੰਜਾਬ ਦਾ ਭਵਿੱਖ ਆਪਣੇ ਖੇਤ ਵੇਚ ਕੇ ਬਦੇਸ਼ਾਂ ਨੂੰ ਭੱਜਣ ਵਿੱਚ ਨਹੀਂ ਸਗੋਂ ਆਪਣੇ ਖੇਤਾਂਚ ਵਸੇਬਾ ਕਰਨ ਵਿੱਚ ਹੈ। ਉੱਥੇ ਕਿਸਾਨ ਆਪਣੀਆਂ ਲੋੜਾਂ ਲਈ ਕੁੱਝ ਵੀ ਪੈਦਾ ਕਰ ਸਕਦੇ ਹਨ ਤੇ ਸਵੈ ਨਿਰਭਰ ਹੋਣ ਦੇ ਰਾਹ ਪੈ ਸਕਦੇ ਹਨ।

**

ਝੋਨੇ ਦੀ ਬੇਮੁਹਾਰੀ ਕਾਸ਼ਤ ਕਾਰਨ 2015 ਤਕ ਪੰਜਾਬ ਦੇ ਖੇਤਾਂ ਵਿੱਚ 1236185 ਟਿਊਵੈੱਲ ਲੱਗ ਚੁੱਕੇ ਸਨ ਜੋ 2017 ਦੀਆਂ ਚੋਣਾਂ ਵੇਲੇ ਬਿਜਲੀ ਦੇ ਸਵਾ ਲੱਖ ਨਵੇਂ ਕੁਨੈਕਸ਼ਨ ਦੇਣ ਨਾਲ ਸਾਢੇ ਤੇਰਾਂ ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਖੇਤਾਂ ਦੇ ਬੋਰਾਂ ਤੋਂ ਬਿਨਾਂ ਵਾਟਰ ਵਰਕਸ ਦੇ 2500 ਵੱਡੇ ਬੋਰ ਅਤੇ ਵੀਹ ਲੱਖ ਤੋਂ ਵੱਧ ਨਿੱਕੇ ਘਰੇਲੂ ਬੋਰ ਹਨ। ਪਿਛਲੇ ਦਸ ਸਾਲਾਂ ਵਿੱਚ ਹੀ ਬੋਰਾਂ ਤੇ ਮੋਟਰਾਂ ਉੱਤੇ ਪੰਜਾਬੀਆਂ ਦਾ 11000 ਕਰੋੜ ਰੁਪਏ ਖਰਚਾ ਆ ਚੁੱਕੈ। 27000 ਕਰੋੜ ਦੀ ਬਿਜਲੀ ਫੂਕੀ ਗਈ। ਹਰ ਸਾਲ ਧਰਤੀ ਦਾ ਪਾਣੀ 40 ਤੋਂ 80 ਸੈਂਟੀਮੀਟਰ ਤਕ ਥੱਲੇ ਗਰਕ ਰਿਹੈ। ਇੱਕ ਕਿੱਲੋ ਚੌਲ ਪੈਦਾ ਕਰਨ ਉੱਤੇ 4000 ਲੀਟਰ ਪਾਣੀ ਖਪਦੈ। ਹਰ ਸਾਲ 200 ਲੱਖ ਟਨ ਤੋਂ ਵੱਧ ਅਨਾਜ ਪੰਜਾਬ ਤੋਂ ਦੂਜੇ ਸੂਬਿਆਂ ਨੂੰ ਭੇਜਿਆ ਜਾ ਰਿਹੈ ਜਿਸ ਦਾ ਮਤਲਬ ਹੈ 88000 ਕਰੋੜ ਗੈਲਨ ਪਾਣੀ ਦਾਣਿਆਂ ਦੇ ਰੂਪ ਵਿੱਚ ਪੰਜਾਬ ਤੋਂ ਬਾਹਰ ਜਾ ਰਿਹੈ। ਬਜ਼ਾਰ ਵਿੱਚ ਇੱਕ ਲੀਟਰ ਪਾਣੀ ਦੀ ਬੋਤਲ 20 ਰੁਪਏ ਦੀ ਵਿਕਦੀ ਹੈ। ਲਾ ਲਓ ਹਿਸਾਬ ਪੰਜਾਬ ਨੂੰ ਹਰ ਸਾਲ ਕਿੰਨਾ ਘਾਟਾ ਪੈ ਰਿਹੈ? ਇੱਕ ਪਾਸੇ ਆਬਾਦੀ ਵਧ ਰਹੀ ਹੈ ਤੇ ਦੂਜੇ ਪਾਸੇ ਪ੍ਰਤੀ ਵਿਅਕਤੀ ਪਾਣੀ ਦੀ ਖਪਤ 40 ਲੀਟਰ ਤੋਂ ਵਧ ਕੇ 70 ਲੀਟਰ ਹੋ ਗਈ ਹੈ। ਉੱਤੋਂ ਦਰਿਆਈ ਪਾਣੀ ਘਟ ਰਿਹੈ। ਪੰਜਾਬ ਮਾਰੂਥਲ ਨਹੀਂ ਬਣੇਗਾ ਤਾਂ ਹੋਰ ਕੀ ਬਣੇਗਾ?

**

ਮਿਆਰੀ ਵਿੱਦਿਆ ਤੇ ਰੁਜ਼ਗਾਰ ਦੇਣਾ ਅਤੇ ਭ੍ਰਿਸ਼ਟਾਚਾਰ ਰੋਕਣਾ ਸਰਕਾਰ ਯਾਨੀ ਸਿਸਟਮ ਦੇ ਹੱਥ-ਵੱਸ ਹਨ। ਪਰ ਕੁੱਝ ਅਜਿਹੇ ਪੱਖ ਵੀ ਹਨ ਜੋ ਨੌਜੁਆਨਾਂ ਦੇ ਆਪਣੇ ਹੱਥ ਹਨ। ਜਿਵੇਂ ਹੱਥੀਂ ਕੰਮ ਕਰਨਾ, ਕਸਰਤ ਕਰਨੀ, ਸਾਹਿਤ ਪੜ੍ਹਨਾ, ਚੰਗਿਆਂ ਦੀ ਸੰਗਤ ਕਰਨੀ ਤੇ ਵਿਹਲੇ ਸਮੇਂ ਨੂੰ ਉਸਾਰੂ ਪਾਸੇ ਲਾਉਣਾ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੈ। ਉਹ ਵੱਡੇ ਖਿਡਾਰੀਆਂ, ਕਲਾਕਾਰਾਂ, ਸਮਾਜ ਸੇਵਕਾਂ ਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ ਨਾਇਕਾਂ ਨੂੰ ਆਪਣਾ ਮਾਡਲ ਮੰਨ ਕੇ ਉਨ੍ਹਾਂ ਦੀ ਰੀਸ ਕਰ ਸਕਦੇ ਹਨ। ਅਜਿਹਾ ਕਰਨ ਨਾਲ ਉਹ ਖ਼ੁਦ ਹੋਰਨਾਂ ਲਈ ਮਾਡਲ ਬਣ ਸਕਦੇ ਹਨ ਤੇ ਪੰਜਾਬ ਮੁੜ ਵਸਦਾ ਰਸਦਾ ਹੋ ਸਕਦੈ।

**

ਸਾਊਥਾਲ ਜਿਸ ਸੱਜਣ ਕੋਲ ਮੈਂ ਠਹਿਰਿਆ ਉਹਨੇ ਦੱਸਿਆ ਕਿ ਜਹਾਜ਼ ਦੇ ਪਹੀਆਂ ’ਚ ਲੁਕ ਕੇ ਇੰਗਲੈਂਡ ਆਉਣ ਵਾਲੇ ਦੋ ਭਰਾਵਾਂ ’ਚੋਂ ਇੱਕ ਅਸਮਾਨ ਦੀ ਬਰਫ਼ੀਲੀ ਠਾਰੀਚ ਈ ਮਰ ਗਿਆ ਸੀ। ਜਿਹੜਾ ਬਚਿਆ ਰਿਹਾ ਉਹ ਉਹਦੇ ਗਰੌਸਰੀ ਸਟੋਰ ’ਤੇ ਕੰਮ ਕਰਦੈ। ਮੇਰੇ ਲਈ ਇਹ ਅਚੰਭਾ ਸੀ! ਮੈਂ ਉਸ ਨੌਜੁਆਨ ਨੂੰ ਮਿਲਣਾ ਤੇ ਉਹਦੀ ਇੰਟਰਵਿਊ ਲੈਣੀ ਚਾਹੀ ਕਿਉਂਕਿ ਮੈਂ ਉਸ ਨੂੰ ਐਵਰੈਸਟ ’ਤੇ ਚੜ੍ਹਨ ਵਾਲੇ ਤੈਨ ਸਿੰਘ ਤੇ ਹਿਲੈਰੀ ਤੋਂ ਘੱਟ ਨਹੀਂ ਸੀ ਸਮਝਦਾ। ਮੇਰੇ ਮੇਜ਼ਬਾਨ ਨੇ ਉਸ ਨੌਜੁਆਨ ਨੂੰ ਮਿਲਣ ਪਿੱਛੋਂ ਦੱਸਿਆ, “ਉਹ ਨੀ ਕਿਸੇ ਨੂੰ ਇੰਟਰਵਿਊ ਦਿੰਦਾ-ਦੁੰਦਾ। ਕਹਿੰਦਾ ਮਸਾਂ ਕੰਮ ਬਣਿਆ, ਕਿਤੇ ਖਰਾਬ ਈ ਨਾ ਹੋਜੇ!”

**

ਜਦੋਂ ਮੈਂ ਪਿੱਛਲਝਾਤ ਮਾਰਦਾ ਹਾਂ ਤਾਂ ਮੇਰਾ ਚੇਤਾ ਮੈਨੂੰ ਪੈਰਾਂਚ ਪਾਏ ਸਗਲਿਆਂ ਤਕ ਲੈ ਜਾਂਦਾ ਹੈ। ਮੈਂ ਤਪਦੇ ਵਿਹੜੇ ਵਿੱਚ ਨਿੱਕੇ-ਨਿੱਕੇ ਕਦਮ ਪੁੱਟਦਾ ਰੋ ਰਿਹਾ ਸਾਂ ਤੇ ਮੇਰੇ ਸਗਲੇ ਛਣਕ ਰਹੇ ਸਨ। ਘਰ ਦੀਆਂ ਤ੍ਰੀਮਤਾਂ ਥੋੜ੍ਹੀ ਦੂਰ ਖੂਹੀ ਕੋਲ ਬੈਠੀਆਂ ਮੈਨੂੰ ‘ਵਾਜ਼ਾਂ ਮਾਰ ਰਹੀਆਂ ਸਨ। ਉੱਤੋਂ ਦੁਪਹਿਰ ਦੀ ਧੁੱਪ ਪੈ ਰਹੀ ਸੀ। ਖੂਹੀ ਕੋਲ ਛਤੜੇ ਦੀ ਛਾਂ ਸੀ ਜਿੱਥੇ ਰੌਣਕ ਲੱਗੀ ਰਹਿੰਦੀ ਸੀ। ਘਰ ਦੇ ਵਿਹੜੇ ਤੋਂ ਖੂਹੀ ਤਕ ਜਾਣਾ ਮੇਰੇ ਚੇਤੇ ਦਾ ਪਹਿਲਾ ਪੈਂਡਾ ਸੀ ਜਿਸ ਦੀ ਤਪਸ਼ ਤੇ ਸਗਲਿਆਂ ਦੀ ਛਣਕਾਰ ਮੈਨੂੰ ਹਾਲਾਂ ਤਕ ਮਹਿਸੂਸ ਹੁੰਦੀ ਤੇ ਸੁਣਾਈ ਦਿੰਦੀ ਹੈ।

ਮੈਨੂੰ ਯਾਦ ਹੈ ਮੈਂ ਪੈਰੋਂ ਨੰਗਾ, ਸਿਰ ’ਜੂੜੀ ਤੇ ਉੱਤੋਂ ਦੀ ਪਾਏ ਝੱਗੇ ਨਾਲ ਘਰੋਂ ਬਾਹਰ ਨਿਕਲਿਆ। ਉਦੋਂ ਹੋਵਾਂਗਾ ਕੋਈ ਪੰਜਾਂ ਛੇਆਂ ਸਾਲਾਂ ਦਾ। ਸਮਝ ਲਓ ਉਹ ਮੇਰੇ ਜੀਵਨ ਦੇ ਸਫ਼ਰ ਦੀ ਸ਼ੁਰੂਆਤ ਸੀ। ਬੀਹੀ ਦੇ ਮੋੜ ਉੱਤੇ ਮੁਸਲਮਾਨਾਂ ਦੇ ਘਰ ਸਨ। ਉਨ੍ਹਾਂ ਦਾ ਕੋਈ ਦਿਨ ਦਿਹਾਰ ਸੀ ਤੇ ਉਹ ਮਿੱਠੇ ਚੌਲ ਵਰਤਾਅ ਰਹੇ ਸਨ। ਮੈਂ ਵੀ ਹਾਣੀਆਂ ਦੀ ਢਾਣੀਚ ਬਹਿ ਗਿਆ ਤੇ ਚੌਲ ਝੋਲੀਚ ਪੁਆ ਕੇ ਖਾਣ ਲੱਗਾ।

ਚੌਲ ਬੜੇ ਮਿੱਠੇ ਸਨ ਤੇ ਆੜੀਆਂ ਨਾਲ ਰਲ ਕੇ ਖਾਣ ਦਾ ਸੁਆਦ ਵੀ ਆ ਰਿਹਾ ਸੀ ਕਿ ਅਚਾਨਕ ਬਿੱਜ ਪੈ ਗਈ। ਘਰਾਂ ’ਚੋਂ ਲੱਗਦੇ ਇੱਕ ਬਾਬੇ ਨੇ ਮੈਨੂੰ ਬਾਂਹੋਂ ਫੜ ਕੇ ਘੜੀਸ ਲਿਆ ਤੇ ਸਾਡੇ ਘਰ ਲੈ ਆਇਆ। ਮੈਂ ਰੋਸ ਵਿੱਚ ਰੋ ਰਿਹਾ ਸਾਂ ਤੇ ਬਾਬਾ ਘਰ ਵਾਲਿਆਂ ਨੂੰ ਉਲਾਂਭੇ ਦੇ ਰਿਹਾ ਸੀ, “ਮੁੰਡੇ ਦਾ ਤੁਸੀਂ ਧਿਆਨ ਨੀ ਰੱਖਦੇ। ਇਹ ਮੁਸਲਮਾਨਾਂ ਦੇ ਚੌਲ ਖਾ ਆਇਆ। ਭਿੱਟਿਆ ਗਿਆ ਇਹ ਛੋਹਰ। ਲਿਆਓ ਹੁਣ ਗੰਗਾ ਜਲ ਤੇ ਬਣਾਓ ਇਹਨੂੰ ਮੁੜ ਕੇ ਸਿੱਖ!”

ਉਸੇ ਵੇਲੇ ਕਿਸੇ ਦੇ ਘਰੋਂ ਗੰਗਾ ਜਲ ਲਿਆਂਦਾ ਗਿਆ ਤੇ ਉਹਦੀ ਇੱਕ ਘੁੱਟ ਪਿਆ ਕੇ ਮੇਰੀ ਭਿੱਟ ਹਟਾਈ ਗਈ। ਮਿੱਠੇ ਚੌਲ ਖਾਣ ਪਿੱਛੋਂ ਮੈਨੂੰ ਲੱਗਦਾ ਸੀ ਕਿ ਗੰਗਾ ਜਲ ਚੌਲਾਂ ਤੋਂ ਵੀ ਸੁਆਦੀ ਹੋਵੇਗਾ ਪਰ ਬੋਤਲ ਦਾ ਉਹ ਫਿੱਕਾ ਪਾਣੀ ਮੈਂ ਮਸਾਂ ਸੰਘੋਂ ਲੰਘਾਇਆ।

ਮੈਂ ਛੇ ਸਾਲਾਂ ਦਾ ਹੋਇਆ ਤਾਂ ਆਪਣੇ ਨਿੱਕੇ-ਨਿੱਕੇ ਕਦਮਾਂ ਨਾਲ ਘਰ ਤੋਂ ਗੁਰੂਘਰ ਵਿਚਲੇ ਸਕੂਲ ਤਕ ਚਲਾ ਜਾਂਦਾ ਤੇ ਫਿਰ ਘਰ ਪਰਤ ਆਉਂਦਾਉਹੀ ਨਿੱਕੇ ਕਦਮ ਉਮਰ ਨਾਲ ਵੱਡੇ ਬਣ ਕੇ ਮੈਨੂੰ ਦਿੱਲੀ-ਦੱਖਣ, ਲੰਡਨ-ਲਾਹੌਰ ਤੇ ਅਮਰੀਕਾ-ਕੈਨੇਡਾ ਤਕ ਘੁਮਾਈ ਫਿਰੇ ਹਨ। ਜ਼ਿਲ੍ਹੇ ਲੁਧਿਆਣੇ ਦੇ ਪਿੰਡ ਚਕਰ ਤੋਂ ਚੱਲ ਕੇ ਹੁਣ ਮੈਂ ਕੈਨੇਡਾ ਦੇ ਆਧੁਨਿਕ ਸ਼ਹਿਰ ਬਰੈਂਪਟਨ ਦਾ ਵਾਸੀ ਬਣ ਗਿਆ ਹਾਂ ਤੇ ਇਹ ਸਤਰਾਂ ਇੱਥੇ ਬੈਠਾ ਈ ਲਿਖ ਰਿਹਾਂ।

**

ਆਉਂਦੇ ਸਿਆਲ ਮੈਂ ਫਿਰ ਪੰਜਾਬ ਜਾਵਾਂਗਾ ਤਾਂ ਵੇਖਾਂਗਾ ਕਿ ਪਰਵਾਸੀਆਂ ਨੇ ਹੋਰ ਕੋਠੀਆਂ ਉਸਾਰ ਦਿੱਤੀਆਂ ਹਨ ਪਰ ਨਾਲ ਹੀ ਹੋਰ ਘਰਾਂ ਨੂੰ ਜਿੰਦਰੇ ਲਟਕ ਗਏ ਹਨ। ਵੱਸਦੇ ਘਰ ਹੋਰ ਸੁੰਨੇ ਹੋ ਗਏ ਹਨ ਤੇ ਸੁੰਨੇ ਪਏ ਘਰ ਓਪਰੇ ਬੰਦਿਆਂ ਨੇ ਆਣ ਮੱਲੇ ਹਨ। ਜਿੱਥੇ ਕਿਤੇ ਬਿਰਧ ਮਾਈ ਬਾਪ ਦੀਵਾ ਬੱਤੀ ਜਗਾਉਣ ਜੋਗੇ ਸਨ ਉਨ੍ਹਾਂ ’ਚੋਂ ਵੀ ਕਈ ਚੱਲ ਵਸੇ ਹਨ। ਉੱਥੇ ਹੁਣ ਕੋਈ ਦੀਵਾ ਜਗਾਉਣ ਵਾਲਾ ਨਹੀਂ ਰਿਹਾ। ਇਹ ਸੋਚ ਕੇ ਮੇਰਾ ਮਨ ਹੋਰ ਮਸੋਸਿਆ ਜਾਵੇਗਾ ਪਈ ਇਹੋ ਪਰਵਾਸੀਆਂ ਦੀ ਹੋਣੀ ਹੈ ਤੇ ਇਸ ਹੋਣੀ ਨੂੰ ਰੋਕਣਾ ਸੌਖਾ ਨਹੀਂ। ਬਾਹਰ ਗਿਆਂ ਦੀ ਉਲਾਦ ਨੇ ਬਾਹਰ ਹੀ ਰਹਿ ਜਾਣਾ ਹੈ। ਉਨ੍ਹਾਂ ਦੇ ਧੀਆਂ-ਪੁੱਤਾਂ ਨੇ ਮਾਪਿਆਂ ਦੇ ਛੱਤੇ ਦੋਹਾਸਵਿਆਂ ਤਿਹਾਸਵਿਆਂ ਦਿਆਂ ਬੂਹਿਆਂ ਉੱਤੇ ਤੇਲ ਚੁਆਉਣ ਨਹੀਂ ਮੁੜਨਾ। ਉਨ੍ਹਾਂ ਦੇ ‘ਪੱਕੇ’ ਪਤਾ ਨਹੀਂ ਕਿਨ੍ਹਾਂ ਨੇ ਮੱਲ ਬਹਿਣੇ ਨੇ ਤੇ ‘ਕੱਚੇ’ ਪਤਾ ਨਹੀਂ ਕਦ ‘ਪੱਕੇ’ ਬਣਨਗੇ? ਲੋਕਾਂ ਨੇ ਜੱਗੇ ਬਾਰੇ ਐਵੇਂ ਨਹੀਂ ਇਹ ਟੱਪਾ ਜੋੜਿਆ: ਜੱਗਿਆ, ਤੁਰ ਪਰਦੇਸ ਗਿਓਂ ਬੂਹਾ ਵੱਜਿਆ!

ਵਿਸਥਾਰ ‘ਮੇਰੇ ਵਾਰਤਕ ਦੇ ਰੰਗ’ ਪੁਸਤਕ ਵਿੱਚੋਂ ਪੜ੍ਹਿਆ ਜਾ ਸਕਦੈ।

**

ਨੋਟ: ਇਹ ਪੁਸਤਕ ਪੀਪਲਜ਼ ਫੋਰਮ ਬਰਗਾੜੀ ਨੇ ਪ੍ਰਕਾਸ਼ਿਤ ਕੀਤੀ ਹੈ। ਇਸ ਤੋਂ ਪਹਿਲਾਂ ਫੋਰਮ ਨੇ ਮੇਰੀ ਪੁਸਤਕ ‘ਰੰਗਾਂ ਦੀ ਗਾਗਰ ਵਾਲਾ ਸਰਦਾਰਾ ਸਿੰਘ ਜੌਹਲ’ ਪ੍ਰਕਾਸ਼ਿਤ ਕੀਤੀ ਸੀ ਜਿਸ ਦੀਆਂ ਦੋ ਐਡੀਸ਼ਨਾਂ ਛੇ ਮਹੀਨਿਆਂਚ ਲੇਖੇ ਲੱਗ ਗਈਆਂ। ਦੇਸ਼ ਵਿਦੇਸ਼ ਵਿਚ ਫੋਰਮ ਦੇ ਛੇ ਸੌ ਤੋਂ ਵੱਧ ਮੈਂਬਰ ਹਨ ਜਿਨ੍ਹਾਂ ਨੂੰ ਹਰ ਦੋ ਮਹੀਨੀਂ ਰਿਆਇਤੀ ਮੁੱਲ ਉੱਤੇ ਪੰਜ-ਪੰਜ ਪੁਸਤਕਾਂ ਦੇ ਸੈੱਟ ਡਾਕ ਰਾਹੀਂ ਭੇਜੇ ਜਾਂਦੇ ਹਨ। ਉਹ ਘਰ ਬੈਠੇ ਹੀ ਸੌ ਕੁ ਡਾਲਰਾਂ ਵਿਚ ਪੱਚੀ ਤੀਹ ਪੜ੍ਹਨਯੋਗ ਪੁਸਤਕਾਂ ਹਾਸਲ ਕਰ ਲੈਂਦੇ ਹਨ। ਜਿਨ੍ਹਾਂ ਨੇ ਪੀਪਲਜ਼ ਫੋ਼ਰਮ ਰਾਹੀਂ ਪੁਸਤਕਾਂ ਨਾਲ ਜੁੜਨਾ ਹੈ ਉਹ ਖੁਸ਼ਵੰਤ ਬਰਗਾੜੀ ਨਾਲ ਸੰਪਰਕ ਜੋੜ ਸਕਦੇ ਹਨ। ਉਨ੍ਹਾਂ ਦਾ ਫੋਨ 01635-244053 ਤੇ 98729-89313 ਹੈ। ਸਿਰਨਾਵਾਂ: ਪੀਪਲਜ਼ ਫ਼ੋਰਮ, ਡਾਕਘਰ ਬਰਗਾੜੀ, ਜ਼ਿਲ੍ਹਾ ਫਰੀਦਕੋਟ-151208  ਪੰਜਾਬ, ਭਾਰਤ ਹੈ।

*****

(978)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author