SarwanSingh7ਅਜੋਕੀ ਸਿਆਸਤ ਨੇ ਬੇਸ਼ਕ ਬਹੁਤੇ ਸਿਆਸਤਦਾਨਾਂ ਦੀਆਂ ਜ਼ਮੀਰਾਂ ਜਿਊਂਦੀਆਂ ਨਹੀਂ ਛੱਡੀਆਂ ਪਰ ...
(ਮਈ 8, 2016)

 

PargatSingh2ਸਾਡੀ ਦਾਦੀ ਦੀ ਸੁਣਾਈ ਬਟੇਰੇ ਵਾਲੀ ਬਾਤ ਮੈਨੂੰ ਅੱਜ ਵੀ ਯਾਦ ਹੈ: ਤੈਨੂੰ ਆਖ ਰਹੀ, ਤੈਨੂੰ ਵੇਖ ਰਹੀ, ਤੂੰ ਜੱਟ ਦੇ ਖੇਤ ਨਾ ਜਾਈਂ ਵੇ ਬਟੇਰਿਆ। ਅੱਗੋਂ ਬਟੇਰਾ ਕਹਿੰਦਾ ਹੈ: ਮੈਂ ਜੀਂਦਾ ਹਾਂ, ਮੈਂ ਜਿਉਂਦਾ ਹਾਂ, ਤੂੰ ਮੁੜ ਬਚੜਿਆਂ ਕੋਲ ਜਾਹ ਨੀ ਬਟੇਰੀਏ। - ਜੱਟ ਦੇ ਖੇਤ ਗਏ ਬਟੇਰੇ ਨਾਲ ਫਿਰ ਜੋ ਭਾਵੀ ਵਰਤਦੀ ਹੈ, ਉਹਦਾ ਸਭ ਨੂੰ ਪਤਾ ਹੈ।

ਪਰਗਟ ਸਿੰਘ ਸਾਡਾ ਹਾਕੀ ਦਾ ਪੇਲੇ ਹੈ। ਉਸ ਨੇ ਭਾਰਤ ਵੱਲੋਂ 313 ਕੌਮਾਂਤਰੀ ਮੈਚ ਖੇਡੇ ਜਿਨ੍ਹਾਂ ਵਿੱਚੋਂ 168 ਮੈਚਾਂ ਵਿਚ ਭਾਰਤੀ ਟੀਮਾਂ ਦਾ ਕਪਤਾਨ ਸੀ। ਚੈਂਪੀਅਨਜ਼ ਹਾਕੀ ਟਰਾਫੀ ਤੋਂ ਲੈ ਕੇ, ਹਾਕੀ ਦੇ ਵਿਸ਼ਵ ਕੱਪ, ਏਸ਼ੀਆ ਕੱਪ, ਸੈਫ ਖੇਡਾਂ, ਏਸ਼ਿਆਈ ਖੇਡਾਂ ਅਤੇ ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮਾਂ ਦੀਆਂ ਕਪਤਾਨੀਆਂ ਕੀਤੀਆਂ। ਏਸ਼ੀਅਨ ਆਲ ਸਟਾਰਜ਼ ਇਲੈਵਨ ਦਾ ਕਪਤਾਨ ਬਣਿਆ ਅਤੇ ਇੰਟਰ-ਕਾਂਟੀਨੈਂਟਲ ਕੱਪ ਖੇਡਿਆ। ਭਾਰਤ ਦਾ ਉਹ ਇੱਕੋ-ਇੱਕ ਖਿਡਾਰੀ ਹੈ ਜੋ ਦੋ ਓਲੰਪਿਕਸ ਵਿਚ ਹਾਕੀ ਟੀਮਾਂ ਦਾ ਕਪਤਾਨ ਰਿਹਾ। ਉਹ ਅਰਜਨਾ ਅਵਾਰਡੀ ਤੇ ਰਾਜੀਵ ਗਾਂਧੀ ਖੇਲ ਰਤਨ ਅਵਾਰਡੀ ਹੈ ਅਤੇ ਉਸ ਨੂੰ ਪਦਮ ਸ਼੍ਰੀ ਦਾ ਪੁਰਸਕਾਰ ਵੀ ਮਿਲਿਆ। ਉਹ ਪੰਜਾਬ ਪੁਲਿਸ ਦਾ ਸੁਪਰਡੰਟ ਅਤੇ ਪੰਜਾਬ ਖੇਡ ਵਿਭਾਗ ਦਾ ਡਾਇਰੈਕਟਰ ਰਿਹਾ। ਸ. ਸੁਖਬੀਰ ਸਿੰਘ ਬਾਦਲ ਨੇ ਚੰਗੀ ਭਲੀ ਖੇਡਾਂ ਦੀ ਸੇਵਾ ਕਰਦੇ ਖੇਡਾਂ ਦੇ ਨਾਇਕ ਨੂੰ ਸਿਆਸਤ ਵਿਚ ਲੈ ਆਂਦਾ। ਹੋ ਸਕਦਾ ਆਖਿਆ ਹੋਵੇ, ਤੈਥੋਂ ਖੇਡਾਂ ਦੀ ਹੋਰ ਵੀ ਵੱਧ ਸੇਵਾ ਲਵਾਂਗੇ।

ਪਹਿਲਾਂ ਹਾਕੀ ਨਾਲ ਧਿਆਨ ਚੰਦ ਦਾ ਨਾਂ ਜੁੜਿਆ ਸੀ। ਫਿਰ ਬਲਬੀਰ ਸਿੰਘ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤਪਾਲ ਸਿੰਘ ਤੇ ਸੁਰਜੀਤ ਸਿੰਘ ਹੋਰਾਂ ਦੇ ਨਾਂ ਜੁੜਦੇ ਗਏ। ਵੀਹਵੀਂ ਸਦੀ ਦੇ ਅੰਤਲੇ ਦਹਾਕੇ ਪਰਗਟ-ਪਰਗਟ ਹੁੰਦੀ ਰਹੀ। ਹਾਕੀ ਅਤੇ ਪਰਗਟ ਅਜਿਹੇ ਨਾਂ ਹਨ ਜਿਵੇਂ ਮੁੱਕੇਬਾਜ਼ੀ ਤੇ ਮੁਹੰਮਦ ਅਲੀ ਜਾਂ ਫੁਟਬਾਲ ਤੇ ਪੇਲੇ। ਹਾਕੀ ਹੀਰ ਹੈ ਤੇ ਪਰਗਟ ਉਸ ਦਾ ਰਾਂਝਾ। ਰਾਂਝੇ ਨੇ ਬਾਰਾਂ ਵਰ੍ਹੇ ਮੱਝਾਂ ਚਾਰੀਆਂ ਪਰ ਪਰਗਟ ਨੇ ਵੀਹ ਵਰ੍ਹੇ ਹਾਕੀ ਖੇਡੀ। ਹਾਕੀ ਖੇਡ-ਖੇਡ ਕੇ ਉਸ ਨੇ ਸੈਂਕੜੇ ਗੇਂਦਾਂ ਅਤੇ ਦਰਜਨਾਂ ਹਾਕੀਆਂ ਹੰਢਾਈਆਂ ਅਤੇ ਅਨੇਕਾਂ ਖੇਡ ਮੈਦਾਨ ਆਪਣੇ ਪੈਰਾਂ ਨਾਲ ਘਸਾਏ। ਕੁਮੈਂਟਰੀ ਕਰਨ ਵਾਲਿਆਂ ਨੇ ਪਰਗਟ ਸਿੰਘ ਦਾ ਨਾਂ ਹਜ਼ਾਰਾਂ ਵਾਰ ਹਵਾ ਦੀਆਂ ਤਰੰਗਾਂ ਵਿਚ ਗੁੰਜਾਇਆ।

ਪਰਗਟ ਸਿੰਘ ਦੀ ਬਾਲ ਟੈਕਲਿੰਗ, ਡਰਿਬਲਿੰਗ, ਗੋਲ ਦਾਗਣ, ਗੱਲ ਕੀ ਸੰਪੂਰਨ ਹਾਕੀ ਸ਼ੈਲੀ ਦਾ ਕੋਈ ਜੋੜ ਨਹੀਂ ਸੀ। ਉਹ ਫੁੱਲ ਬੈਕ ਖੇਡਦਾ ਹੋਇਆ ਵੀ ਆਪਣੀ ਗੋਲ ਲਾਈਨ ਤੋਂ ਗੇਂਦ ਲੈ ਕੇ ਸੱਤ-ਅੱਠ ਖਿਡਾਰੀਆਂ ਨੂੰ ਝਕਾਨੀ ਦਿੰਦਾ ਵਿਰੋਧੀ ਧਿਰ ਸਿਰ ਗੋਲ ਕਰ ਦਿੰਦਾ ਸੀ। ਉਸ ਦੀ ਇਹ ਚਾਲ ਦਰਸ਼ਕਾਂ ਨੂੰ ਚਕਾਚੌਂਧ ਕਰਦੀ ਰਹੀ ਤੇ ਅਸ਼-ਅਸ਼ ਕਰਾਉਂਦੀ ਰਹੀ। ਇਸੇ ਲਈ ਖੇਡ ਮਾਹਿਰਾਂ ਨੇ ਉਸ ਨੂੰ ਸਰਬ ਕਲਾ ਸੰਪੂਰਨ ਹਾਕੀ ਖਿਡਾਰੀ ਦੀ ਉਪਾਧੀ ਦਿੱਤੀ। ਚੰਡੀਗੜ੍ਹ ਅਤੇ ਦਿੱਲੀ ਦੇ ਖੇਡ ਪੱਤਰਕਾਰਾਂ ਨੇ ਉਸ ਨੂੰ ਦੇਸ਼ ਦਾ ਸਰਵੋਤਮ ਖਿਡਾਰੀ ਐਲਾਨਿਆ।

ਪਰਗਟ ਸਿੰਘ ਉਸ ਇਲਾਕੇ ਦਾ ਜੰਮਪਲ ਹੈ ਜਿੱਥੇ ਜੰਮਦੇ ਬੱਚਿਆਂ ਨੂੰ ਹਾਕੀ ਖੇਡਣ ਦੀ ਗੁੜ੍ਹਤੀ ਮਿਲਦੀ ਸੀ। ਹਾਕੀ ਦੇ ਘਰ ਸੰਸਾਰਪੁਰ ਅਤੇ ਖੁਸਰੋਪੁਰ ਦੇ ਨੇੜੇ ਹੀ ਹੈ ਮਿੱਠਾਪੁਰ। ਉਸ ਪਿੰਡ ਦੇ ਇਕ ਕਿਸਾਨ ਪਰਿਵਾਰ ਵਿ5 ਮਾਰਚ 1965 ਨੂੰ ਉਸ ਦਾ ਜਨਮ ਹੋਇਆ। ਜਲੰਧਰ ਲਾਗਲੇ ਪਿੰਡ ਮਿੱਠਾਪੁਰ ਦੇ ਬੀਹੀਆਂ-ਵਿਹੜੇ ਉਦੋਂ ਕ੍ਰਿਕਟ ਦੇ ਲੇਖੇ ਨਹੀਂ ਸਨ ਲੱਗੇ ਤੇ ਨਿਆਣੇ ਹਾਕੀ ਹੀ ਖੇਡਦੇ ਸਨ। ਪਰਗਟ ਸਿੰਘ ਨੇ ਵੀ ਹਾਕੀ ਫੜ ਲਈ ਤੇ ਲੱਗਾ ਟੱਲੇ ਲਾਉਣ। ਮਿੱਠਾਪੁਰ ਦੇ ਸਕੂਲ ਵਿਚ ਹਾਕੀ ਖੇਡਣ ਦਾ ਮਾਹੌਲ ਸੀ ਜਿਸ ਕਰਕੇ ਪਰਗਟ ਸਿੰਘ ਹਾਕੀ ਖੇਡਣ ਲੱਗ ਪਿਆ।

ਮਿੱਠਾਪੁਰੋਂ ਪੜ੍ਹ ਕੇ ਉਹ ਜਲੰਧਰ ਪੜ੍ਹਨ ਲੱਗਾ। ਜਲੰਧਰ ਹਾਕੀ ਦੀ ਰਾਜਧਾਨੀ ਹੈ ਜਿੱਥੇ ਖੇਡਾਂ ਦਾ ਸਮਾਨ ਹੀ ਨਹੀਂ ਬਣਦਾ ਸਗੋਂ ਖੇਡਾਂ ਦੇ ਖਿਡਾਰੀ ਵੀ ਚੰਡੇ ਤਰਾਸ਼ੇ ਜਾਂਦੇ ਹਨ। ਸਕੂਲਾਂ ਕਾਲਜਾਂ ਤੋਂ ਬਿਨਾਂ ਕਈ ਕੌਮੀ ਅਦਾਰਿਆਂ ਦੀਆਂ ਹਾਕੀ ਟੀਮਾਂ ਦਾ ਜਲੰਧਰ ਹੈੱਡਕੁਆਟਰ ਹੈ। ਉੱਥੇ ਹਰੇਕ ਮੋੜ ’ਤੇ ਹਾਕੀ ਓਲੰਪੀਅਨ ਮਿਲਦੇ ਹਨ। ਪਰਗਟ ਸਿੰਘ ਲਾਇਲਪੁਰ ਖਾਲਸਾ ਕਾਲਜ ਵਿਚ ਪੜ੍ਹਨ ਲੱਗਾ ਤੇ ਅਠਾਰਾਂ ਸਾਲ ਦੀ ਉਮਰ ਵਿਚ ਭਾਰਤ ਵੱਲੋਂ ਕੈਨੇਡਾ ਦਾ ਜੂਨੀਅਰ ਵਰਲਡ ਕੱਪ ਖੇਡਿਆ।

ਪਰਗਟ ਸਿੰਘ ਦਾ ਕੱਦ-ਕਾਠ ਬਹੁਤਾ ਉੱਚਾ ਲੰਮਾ ਨਹੀਂ ਤੇ ਨਾ ਹੀ ਹਾਕੀ ਦੀ ਖੇਡ ਲਈ ਵੱਡੇ ਕੱਦ-ਕਾਠ ਦੀ ਲੋੜ ਹੈ। ਧਿਆਨ ਚੰਦ, ਊਧਮ ਸਿੰਘ ਤੇ ਧੰਨਰਾਜ ਪਿੱਲੇ ਵਰਗੇ ਸਭ ਸਮੱਧਰ ਕੱਦਾਂ ਵਾਲੇ ਖਿਡਾਰੀ ਸਨ ਤੇ ਹਨ। ਪਰਗਟ ਸਿੰਘ ਪੰਜ ਫੁੱਟ ਅੱਠ ਨੌਂ ਇੰਚ ਉੱਚਾ ਤੇ ਸੱਤਰ ਬਹੱਤਰ ਕਿਲੋ ਭਾਰਾ ਹੈ। ਨੈਣ-ਨਕਸ਼ ਤਿੱਖੇ ਤੇ ਰੰਗ ਰਤਾ ਸਾਂਵਲਾ ਹੈ। ਉਸ ਨੂੰ ਖੇਡਣ ਦੇ ਨਾਲ ਗਾਉਣ ਦਾ ਵੀ ਸ਼ੌਕ ਸੀ। ਜੇ ਉਹ ਹਾਕੀ ਨੂੰ ਆਪਣੀ ਪੇਸ਼ਾਵਰ ਖੇਡ ਨਾ ਬਣਾਉਂਦਾ ਤਾਂ ਸੰਭਵ ਸੀ ਉਹ ਦੂਜਾ ਮਲਕੀਤ ਸਿੰਘ ਗੋਲਡਨ ਸਟਾਰ ਹੁੰਦਾ।

1986 ਦੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਹਾਕੀ ਟੀਮ ਵਿਚ ਖੇਡਿਆ। ਦੋ ਸਾਲ ਪਿੱਛੋਂ ਸਿਓਲ ਦੀਆਂ ਓਲੰਪਿਕ ਖੇਡਾਂ ਸਮੇਂ ਉਹ ਫਿਰ ਭਾਰਤੀ ਹਾਕੀ ਟੀਮ ਦਾ ਮੈਂਬਰ ਸੀ। 1992 ਦੀਆਂ ਓਲੰਪਿਕ ਖੇਡਾਂ ਵਿਚ ਉਸ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ 1986ਅਤੇ 90 ਦੇ ਹਾਕੀ ਵਿਸ਼ਵ ਕੱਪ ਖੇਡਿਆ। 1990 ਦੀਆਂ ਏਸ਼ਿਆਈ ਖੇਡਾਂ ਵਿਚ ਉਹ ਭਾਰਤੀ ਹਾਕੀ ਟੀਮ ਦਾ ਕਪਤਾਨ ਸੀ। 1996 ਦੀਆਂ ਓਲੰਪਿਕ ਖੇਡਾਂ ਐਟਲਾਂਟਾ ਵਿਚ ਹੋਈਆਂ ਤਾਂ ਪਰਗਟ ਸਿੰਘ ਨੂੰ ਦੂਜੀ ਵਾਰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ। ਉਹ ਚੈਂਪੀਅਨਜ਼ ਟਰਾਫੀ ਦੇ ਚਾਰ ਟੂਰਨਾਮੈਂਟ ਖੇਡਿਆ। ਐਟਲਾਂਟਾ ਦੀਆਂ ਓਲੰਪਿਕ ਖੇਡਾਂ ਵਿਚ ਉਹ ਭਾਰਤੀ ਦਲ ਦਾ ਝੰਡਾਬਰਦਾਰ ਸੀ।

ਪਹਿਲਾਂ ਉਹ ਰੇਲ ਕੋਚ ਫੈਕਟਰੀ ਵਿਚ ਭਰਤੀ ਹੋਇਆ ਫਿਰ ਪੰਜਾਬ ਅਲਕਲੀਜ਼ ਦੀ ਟੀਮ ਵਿਚ ਆ ਗਿਆ। ਫਿਰ ਉਸ ਨੂੰ ਪੰਜਾਬ ਪੁਲਿਸ ਨੇ ਸਿੱਧਾ ਡੀ. ਐੱਸ. ਪੀ. ਭਰਤੀ ਕਰ ਲਿਆ। 2005 ਵਿਚ ਉਹ ਪੰਜਾਬ ਖੇਡ ਵਿਭਾਗ ਦਾ ਡਾਇਰੈਕਟਰ ਬਣਿਆ। ਉਸ ਨੇ ਸਕੂਲਾਂ-ਕਾਲਜਾਂ ਦੇ ਖੇਡ ਵਿੰਗਾਂ ਨੂੰ ਸਰਗਰਮ ਕੀਤਾ। ਖੇਡ ਸਾਮਾਨ ਪਿੰਡਾਂ ਵਿਚ ਪੁਚਾਇਆ ਤੇ ਕੋਚ ਤਾਇਨਾਤ ਕੀਤੇ। ਜੇਕਰ ਪਰਵਾਸੀ ਖੇਡ ਪ੍ਰਮੋਟਰ ਉਸ ਨੂੰ ਪੂਰਾ ਸਹਿਯੋਗ ਦਿੰਦੇ ਤਾਂ ਉਹ ਪੰਜਾਬ ਨੂੰ ਭਾਰਤ ਵਿਚ ਫਿਰ ਖੇਡਾਂ ਦਾ ਮੋਹਰੀ ਸੂਬਾ ਬਣਾ ਸਕਦਾ ਸੀ।

ਅਪਰੈਲ 2010 ਵਿਚ ਕਬੱਡੀ ਦਾ ਪਹਿਲਾ ਵਿਸ਼ਵ ਕੱਪ ਪੰਜਾਬ ਵਿਚ ਹੋਇਆ ਤਾਂ ਉਹਨੇ ਮੇਰਾ ਸਾਥ ਮੰਗਿਆ ਤੇ ਮੈਨੂੰ ਉਸ ਨਾਲ ਵਿਚਰਨ ਦਾ ਮੌਕਾ ਮਿਲਿਆ। ਕਬੱਡੀ ਵਿਸ਼ਵ ਕੱਪਾਂ ਦੀ ਕਾਮਯਾਬੀ ਪਿੱਛੇ ਪਰਗਟ ਸਿੰਘ ਦਾ ਉਤਸ਼ਾਹ, ਦੂਰਦ੍ਰਿਸ਼ਟੀ ਤੇ ਕੁਝ ਕਰ ਵਿਖਾਉਣ ਦਾ ਭਰਪੂਰ ਜ਼ਜ਼ਬਾ ਸੀ। ਸਾਡੀ ਕਬੱਡੀ ਕੁਮੈਂਟੇਟਰਾਂ ਦੀ ਟੀਮ ਵਿਚ ਭਗਵੰਤ ਮਾਨ ਵੀ ਸ਼ਾਮਲ ਸੀ। ਭਗਵੰਤ ਮਾਨ ਤੇ ਪਰਗਟ ਸਿੰਘ ਉਦੋਂ ਤੋਂ ਹੀ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਹਾਕੀ ਖੇਡਣ ਤੋਂ ਰਿਟਾਇਰ ਹੋ ਕੇ ਪਰਗਟ ਸਿੰਘ ਨੇ ਹਾਕੀ ਦਾ ਮੈਗਜ਼ੀਨ ਕੱਢਿਆ ਜੋ ਬਾਅਦ ਵਿਚ ਬੰਦ ਹੋ ਗਿਆ। ਉਹ ਅਖ਼ਬਾਰਾਂ ਦਾ ਖੇਡ ਰਿਪੋਰਟਰ ਵੀ ਰਿਹਾ ਤੇ ਕੁਮੈਂਟੇਟਰ ਵੀ। ਉਸ ਦੀਆਂ ਵਿਸ਼ਲੇਸ਼ਣੀ ਟਿੱਪਣੀਆਂ ਵਿਚ ਖੇਡ-ਮੁਹਾਰਤ ਸੀ। ਜਿਹੜੇ ਹਾਕੀ ਅਧਿਕਾਰੀ ਹਾਕੀ ਪ੍ਰਤੀ ਸੁਹਿਰਦ ਨਹੀਂ ਉਹ ਉਨ੍ਹਾਂ ਦੀ ਡਟ ਕੇ ਆਲੋਚਨਾ ਕਰਦਾ ਹੈ। ਸੱਚੀ ਗੱਲ ਮੂੰਹ ਤੇ ਕਹਿਣ ਦੀ ਦਲੇਰੀ ਹੈ ਭਾਵੇਂ ਉਸ ਦਾ ਨਿੱਜੀ ਨੁਕਸਾਨ ਹੀ ਕਿਉਂ ਨਾ ਹੁੰਦਾ ਹੋਵੇ। ਉਸ ਨੇ ਨੁਕਸਾਨ ਕਰਵਾਇਆ ਵੀ ਤੇ ਉਸ ਨੂੰ ਤਿੰਨ ਸਾਲ ਭਾਰਤੀ ਹਾਕੀ ਟੀਮਾਂ ਤੋਂ ਲਾਂਭੇ ਰਹਿਣਾ ਪਿਆ। ਇਹ ਉਸ ਦੀ ਖੇਡ ਕਲਾ ਦਾ ਜਾਦੂ ਸੀ ਕਿ ਅਧਿਕਾਰੀਆਂ ਨੂੰ ਮੁੜ ਕੇ ਉਸ ਨੂੰ ਟੀਮ ਵਿਚ ਪਾਉਣਾ ਪਿਆ।

ਪਰਗਟ ਸਿੰਘ ਦੀ ਸ਼ਾਦੀ ਸਾਬਕਾ ਸਪੀਕਰ ਅਤੇ ਸਾਬਕਾ ਗਵਰਨਰ ਰਾਜਸਥਾਨ ਸ. ਦਰਬਾਰਾ ਸਿੰਘ ਦੀ ਧੀ ਬੀਬੀ ਬਰਿੰਦਰਜੀਤ ਨਾਲ ਹੋਈ। ਉਨ੍ਹਾਂ ਦਾ ਪੁੱਤਰ ਹਰਤਾਸ਼ ਤੇ ਪੁੱਤਰੀ ਹਰਨੂਰ ਹੈ। ਉਹ ਉਸ ਸਮੇਂ ਦੀ ਉਡੀਕ ਵਿਚ ਹੈ ਜਦੋਂ ਭਾਰਤ ਦੀਆਂ ਹਾਕੀ ਟੀਮਾਂ ਮੁੜ ਕੇ ਓਲੰਪਿਕ ਖੇਡਾਂ ਅਤੇ ਵਿਸ਼ਵ ਕੱਪ ਦੇ ਜਿੱਤ-ਮੰਚਾਂ ਤੇ ਚੜ੍ਹਨ। 2012 ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਉਸ ਤੋਂ ਖੇਡ ਵਿਭਾਗ ਦੀ ਡਾਇਰੈਕਟਰੀ ਛੁਡਾ ਕੇ ਹਲਕਾ ਜਲੰਧਰ ਛਾਉਣੀ ਤੋਂ ਟਿਕਟ ਦੇ ਦਿੱਤੀ। ਉਹ ਚੋਣ ਜਿੱਤ ਗਿਆ। ਐਮ. ਐਲ. ਏ. ਤਾਂ ਉਹ ਬਣ ਗਿਆ ਪਰ ਨਾ ਉਹਨੂੰ ਲਾਰੇ ਲਾਉਣੇ ਆਏ, ਨਾ ਠੱਗੀ ਠੋਰੀ ਕਰਨੀ ਆਈ ਤੇ ਨਾ ਚਮਚਾਗੀਰੀ। ਅਜਿਹੇ ਬੰਦੇ ਦਾ ਅਜੋਕੇ ਰਾਜ ਭਾਗ ਵਿਚ ਕੀ ਬਣਨਾ ਸੀ?

ਬੁਨਿਆਦੀ ਤੌਰ ਤੇ ਪਰਗਟ ਖਿਡਾਰੀ ਹੈ, ਸਿਆਸਤਦਾਨ ਨਹੀਂ। ਸਰਕਾਰ ਨੇ ਉਹਤੋਂ ਖੇਡਾਂ ਦਾ ਵੀ ਕੋਈ ਕੰਮ ਨਾ ਲਿਆ ਜਿਸ ਵਿਚ ਉਹ ਮਾਹਿਰ ਸੀ। ਨਾ ਉਹਦੇ ਹਲਕੇ ਦਾ ਕੁਝ ਸੁਆਰਿਆ ਗਿਆ ਹਾਲਾਂ ਕਿ ਸੁਆਰਨ ਵਾਲਾ ਕਾਫੀ ਕੁਝ ਸੀ। ਉਲਟਾ ਵਿਗਾੜਨ ਦੇ ਆਸਾਰ ਬਣ ਗਏ। ਦੋਸਤ ਮਿੱਤਰ ਮਿਹਣੇ ਮਾਰਨ ਲੱਗੇ, ਭਾਅ ਜੀ ਬਟੇਰੇ ਵਾਂਗ ਕਿੱਥੇ ਜਾ ਫਸੇ? ਅਗਲਿਆਂ ਨੂੰ ਫਿਕਰ ਹੋਇਆ ਕਿਤੇ ਉਡਾਰੀ ਨਾ ਮਾਰ ਜਾਵੇ? ਚੀਫ਼ ਪਾਰਲੀਮੈਂਟਰੀ ਸੈਕਟਰੀ ਦੇ ਅਹੁਦੇ ਦਾ ਜਾਲ ਸੁੱਟਿਆ ਗਿਆ। ਫਸਣ ਵਾਲੇ ਫਸ ਗਏ ਪਰ ਉਹ ਨਾ ਫਸਿਆ। ਪਲੋਸਿਆ ਤਾਂ ਉਹਨੇ ਕਿਹਾ, “ਜੇ ਕੁਝ ਕਰਨਾ ਹੈ ਤਾਂ ਮੇਰੇ ਹਲਕੇ ਦਾ ਕਰੋ, ਕਿਹੜਾ ਮੂੰਹ ਵਿਖਾਊਂ ਮੈਂ ਆਪਣੇ ਵੋਟਰਾਂ ਨੂੰ?” ਵੇਖਦੇ ਹਾਂ ਹੁਣ ਕਿਹੜਾ ਜਾਲ ਸੁੱਟਿਆ ਜਾਂਦੈ? ਅਜੋਕੀ ਸਿਆਸਤ ਨੇ ਬੇਸ਼ਕ ਬਹੁਤੇ ਸਿਆਸਤਦਾਨਾਂ ਦੀਆਂ ਜ਼ਮੀਰਾਂ ਜਿਊਂਦੀਆਂ ਨਹੀਂ ਛੱਡੀਆਂ ਪਰ ਕੋਈ-ਕੋਈ ਬੂਟਾ ਅਜੇ ਵੀ ਜਿਊਂਦਾ ਹੈ। ਜਿਹੜੇ ਕਹਿੰਦੇ ਸੀ ਪਰਗਟ ਅੰਦਰਲਾ ਪਰਗਟ ਮਰ ਗਿਆ, ਉਨ੍ਹਾਂ ਨੂੰ ਹਾਲ ਦੀ ਘੜੀ ਸੁਖ ਦਾ ਸਾਹ ਆਇਆ ਹੈ ਕਿ ਪਰਗਟ ਅਜੇ ਜੀਂਦਾ ਹੈ। ਉਹਦੇ ਸ਼ੁਭਚਿੰਤਕਾਂ ਦੀਆਂ ਸ਼ੁਭ ਇਛਾਵਾਂ ਹਨ - ਪਰਗਟ, ਤੂੰ ਪਰਗਟ ਹੀ ਰਹੀਂ।

ਜੇ ਪਰਗਟ ਸਿੰਘ ਨੇ ਬਟੇਰੇ ਵਾਲੀ ਬਾਤ ਅਜੇ ਤਕ ਪੜ੍ਹੀ-ਸੁਣੀ ਨਹੀਂ ਤਾਂ ਜ਼ਰੂਰ ਪੜ੍ਹ-ਸੁਣ ਲਵੇ, ਫਿਰ ਜੋ ਮਰਜ਼ੀ ਕਰੇ।

*****

(280)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author