SarwanSingh7“ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐੱਚ ਡੀ ਦੀ ਡਿਗਰੀ ਇਸ ਕਰਕੇ ਹਾਸਲ ਕੀਤੀ ਤਾਂ ਜੋ ...
(ਦਸੰਬਰ 3, 2015)


GurbakhashSBhandal2ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀ ਨਜ਼ਮ ਤੇ ਨਸਰ ਸਭ ਕਵਿਤਾ ਹੀ ਹੈ। ਉਸਦੀ ਕਵਿਤਾ ਲਰਜ਼ਦੇ ਨੀਰ ਵਰਗੀ ਹੈ। ਭੰਡਾਲ ਨਦੀ ਦੀ ਛੱਲ ਦਾ ਮੋਤੀ ਹੈ। ਉਹਦੇ ਤੇ ਸੁਰਜੀਤ ਪਾਤਰ ਦੇ ਪਿੰਡ ਬਿਆਸ ਦੇ ਚੜ੍ਹਦੇ ਬੰਨੇ ਹਨ। ਪਾਸ਼ ਤੇ ਮੀਸ਼ੇ ਦੇ ਪਿੰਡ ਵੀ ਉਨ੍ਹਾਂ ਦੇ ਨੇੜੇ ਹੀ ਪੈਂਦੇ ਹਨ। ਗੁਰਬਖ਼ਸ਼ ਸਿੰਘ ਭੰਡਾਲ ਬੇਟ ਦਾ ਜੰਮਪਲ ਹੈ
ਉਸ ਇਲਾਕੇ ਦਾ ਪੌਣ-ਪਾਣੀ ਸ਼ਾਇਰੀ ਦੀ ਗੁੜ੍ਹਤੀ ਬਖਸ਼ਦ ਹੈਐਨ ਉਵੇਂ, ਜਿਵੇਂ ਨਹਿਰ ਸਰਹੰਦ ਦੇ ਪਾਣੀ ਨਾਲ ਰਾਮਪੁਰ ਦੇ ਜੰਮੇ ਜਾਏ ਸ਼ਾਇਰ ਬਣਦੇ ਹਨ। ਭੰਡਾਲ ਕਵੀ ਵੀ ਹੈ ਤੇ ਵਾਰਤਕਕਾਰ ਵੀ। ਉਹ ਸੰਵੇਦਨਸ਼ੀਲ ਇਨਸਾਨ ਹੈ। ਦਰਦ ਦਾ ਭਰ ਵਗਦਾ ਦਰਿਆ। ਉਸਦੀਆਂ ਅੱਖਾਂ ’ਚ ਤਰਲ ਮੋਤੀ ਲਿਸ਼ਕਦੇ ਰਹਿੰਦੇ ਹਨ। ਉਹ ਬਿਆਸ ਦੇ ਮੰਡ ਦਾ ਮੋਤੀ ਹੀ ਤਾਂ ਹੈ!

ਉਹਦੀ ਲਿਖਤ ਦਾ ਨਮੂਨਾ ਵੇਖੋ, “ਬਾਪ ਮਿਹਨਤ ਦਾ ਸੁੱਚਾ ਹਰਫ਼। ਘਾਲਣਾ ਦਾ ਮਾਨਵੀ ਕਰਮ। ਇਮਾਨਦਾਰੀ ਦਾ ਪਾਕ ਧਰਮ। ਅਕੀਦੇ ਦੀ ਪ੍ਰਾਪਤੀ ਦਾ ਪ੍ਰਣ। ਕ੍ਰਿਤ-ਕਮਾਈ ਦੀ ਸੁੱਚੀ ਇਬਾਦਤ। ਅਸੀਸਾਂ ਦੀ ਆਬਸ਼ਾਰ ਅਤੇ ਜੀਵਨ ਓਟੇ ’ਤੇ ਜਗਦਾ ਚਿਰਾਗ਼। ਸਮੁੱਚਾ ਜੀਵਨ ਇਕ ਨਿਰੰਤਰ ਸੰਘਰਸ਼ ਦਾ ਨਾਮਕਰਣ। ਦੀਦਿਆਂ ਵਿਚ ਬੀਤੇ ਪਲਾਂ ਦਾ ਲਿਸ਼ਕਾਰਾ ਅਤੇ ਬੋਲਾਂ ਵਿਚ ਮਾਣਮੱਤੀ ਇਬਾਰਤ।ਕੀ ਕਿਹਾ ਜਾਵੇ ਅਜਿਹੀ ਰਚਨਾਕਾਰੀ ਨੂੰ? ਉਹਦੀ ਸਾਰੀ ਰਚਨਾ ਹੀ ਇਸੇ ਤਰ੍ਹਾਂ ਦੀ ਹੈ। ਕਵਿਤਾ ਵਾਰਤਕ ਹੈ ਤੇ ਵਾਰਤਕ ਕਵਿਤਾ!

ਉਹਦਾ ਜਨਮ 2 ਅਪ੍ਰੈਲ 1953 ਨੂੰ ਪਿੰਡ ਭੰਡਾਲ ਬੇਟ ਵਿਚ ਸ. ਚੰਨਣ ਸਿੰਘ ਦੇ ਘਰ ਮਾਤਾ ਪ੍ਰੀਤਮ ਕੌਰ ਦੀ ਕੁੱਖੋਂ ਹੋਇਆ। ਉਸ ਨੇ ਪਿੰਡੋਂ ਮੁੱਢਲੀ ਪੜ੍ਹਾਈ ਤੇ ਸਰਕਾਰੀ ਹਾਈ ਸਕੂਲ ਧਾਲੀਵਾਲ ਤੋਂ ਦਸਵੀਂ ਪਾਸ ਕੀਤੀ। ਰਣਧੀਰ ਕਾਲਜ ਕਪੂਰਥਲਾ ਤੋਂ ਬੀਐੱਸ ਸੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭੌਤਿਕ ਵਿਗਿਆਨ ਦੀ ਐਮ ਐੱਸਸੀ। ਇਕ ਅਨਪੜ੍ਹ ਕਿਸਾਨ ਦਾ ਪੁੱਤ ਸਾਇੰਸ ਦੀਆਂ ਸੋਲਾਂ ਜਮਾਤਾਂ ਪੜ੍ਹ ਗਿਆ! ਉਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐੱਚ ਡੀ ਦੀ ਡਿਗਰੀ ਇਸ ਕਰਕੇ ਹਾਸਲ ਕੀਤੀ ਤਾਂ ਜੋ ਡੰਗਰ ਚਾਰਦਿਆਂ ਗਿਆਰਵੀਂ ਜਮਾਤ ਵਿੱਚੋਂ ਫੇਲ੍ਹ ਹੋਣ ਦਾ ਉਲਾਂਭਾ ਲਾਹਿਆ ਜਾ ਸਕੇ!

ਉਸ ਨੇ 1977 ਤੋਂ 2010 ਤਕ ਗੁਰੂਸਰ ਸੁਧਾਰ ਅਤੇ ਤਲਵੰਡੀ ਸਾਬੋ ਦੇ ਪ੍ਰਾਈਵੇਟ ਕਾਲਜਾਂ ਅਤੇ ਕਪੂਰਥਲਾ, ਹੁਸ਼ਿਆਰਪੁਰ, ਮੁਕਤਸਰ ਅਤੇ ਲੁਧਿਆਣੇ ਦੇ ਸਰਕਾਰੀ ਕਾਲਜਾਂ ਵਿਚ ਪੜ੍ਹਾਇਆ। ਇਨ੍ਹਾਂ ਕਾਲਜਾਂ ਦੀਆਂ ਸਭਿਆਚਾਰਕ ਸਰਗਰਮੀਆਂ ਵਿਚ ਉਸ ਦਾ ਸਰਗਰਮ ਰੋਲ ਰਿਹਾ। ਰੋਟੀਆਂ ਉਸ ਨੇ ਭੌਤਿਕ ਵਿਗਿਆਨ ਦਾ ਲੈਕਚਰਰ ਬਣ ਕੇ ਕਮਾਈਆਂ ਅਤੇ ਸ਼ੌਕ ਪਾਲਿਆ ਪੰਜਾਬੀ ਵਿਚ ਕਵਿਤਾ ਤੇ ਵਾਰਤਕ ਲਿਖਣ ਦਾ। ਉਸ ਨੇ ਕੈਨੇਡਾ ਆ ਕੇ ਪੰਜਾਬੀ ਸਪਤਾਹਿਕ ਪਰਵਾਸੀਅਤੇ ਰੋਜ਼ਾਨਾ ਅਖ਼ਬਾਰ ਪੰਜਾਬੀ ਪੋਸਟਦੀ ਸਬ ਐਡੀਟਰੀ ਕੀਤੀ। ਦੋਹਾਂ ਅਖ਼ਬਾਰਾਂ ਨੂੰ ਐਥਨਿਕ ਮੀਡੀਏ ਦਾ ਅਵਾਰਡ ਦੁਆਉਣ ਵਿਚ ਉਸਦੀ ਪੱਤਰਕਾਰੀ ਦਾ ਵੀ ਯੋਗਦਾਨ ਹੈ। ਉਹਦੀ ਪੱਤਰਕਾਰੀ ਵੀ ਕਵਿਤਾ ਵਰਗੀ ਹੈ। ਪੰਜਾਬੀ ਸੱਥਅਦਾਰੇ ਨੇ ਉਹਦੇ ਕਾਵਿਮਈ ਲੇਖ ਪੁਸਤਕ ਲੋਏ ਲੋਏਵਿਚ ਪ੍ਰਕਾਸ਼ਤ ਕੀਤੇ। ਉਨ੍ਹਾਂ ਲੇਖਾਂ ਦੇ ਕੁਝ ਸਿਰਲੇਖ ਵੇਖੋ – ਗੁੰਗੀ ਧੁੱਪ ਦਾ ਗੀਤ, ਚਾਨਣ ਦੀ ਹਾਮੀ ਕੌਣ ਭਰੇ, ਟਟਹਿਣਾ ਜਿਊਂਦਾ ਹੈ, ਯਾਦਾਂ ਦੀ ਮਰਮਰੀ ਸਰਦਲ ’ਤੇ, ਚੁੱਪ ਦੀ ਆਵਾਜ਼ ਸੁਣੋ, ਮਨ ਦੇ ਬਾਗ ਬਗੀਚੇ, ਜਗਦੇ ਰਹਿਣ ਚਿਰਾਗ਼, ਚਾਨਣ ਦੇ ਗਲੋਟੇ, ਤਾਰਿਆਂ ਦਾ ਵਿਹੜਾ, ਫੁਲਕਾਰੀ ਦੇ ਸੁੱਚੇ ਰੰਗ, ਰੁੱਸੇ ਹੋਏ ਗੀਤ, ਜਾਗਦੀ ਰਾਤ ਦਾ ਦਰਦ ਅਤੇ ਕਦੋਂ ਜਾਗੇਗਾ ਮੇਰਾ ਪਿੰਡ?

ਉਸਦੀਆਂ 15 ਪੁਸਤਕਾਂ ਪ੍ਰਕਾਸ਼ਤ ਹਨ ਜਿਨ੍ਹਾਂ ਦੇ ਨਾਂ ਹਉਕੇ ਦੀ ਜੂਨ, ਸੁਪਨਿਆਂ ਦੀ ਜੂਹ, ਰੰਗਾਂ ਦਾ ਦਰਿਆ, ਵਿਗਿਆਨ ਦੇ ਪਾਂਧੀ, ਵਿਗਿਆਨ ਦੇ ਪਾਸਾਰ, ਧੁੱਪ ਦੀ ਤਲਾਸ਼, ਅਸੀਸ ਤੇ ਆਸਥਾ, ਘਰ ਅਰਦਾਸ ਕਰੇ, ਇਹ ਘਰ ਮੇਰਾ ਨਹੀਂ, ਪਰਵਾਸੀ ਪੈੜਾਂ, ਸੂਰਜ ਦੀ ਦਸਤਕ, ਜ਼ਿੰਦਗੀ, ਗਾਡ ਪਾਰਟੀਕਲ, ਹਵਾ ਹੱਥ ਜੋੜਦੀ ਹੈ ਤੇ ਲੋਏ ਲੋਏ ਹਨ। ਸੁਪਨਿਆਂ ਦੀ ਜੂਹ ਕੈਨੇਡਾ ਦਾ ਸਫ਼ਰਨਾਮਾ ਹੈ ਅਤੇ ਜ਼ਿੰਦਗੀ ਲੰਮੀ ਕਵਿਤਾ। ਵਿਗਿਆਨ ਦੇ ਪਾਂਧੀ ਮਹਾਨ ਵਿਗਿਆਨੀਆਂ ਦੀਆਂ ਜੀਵਨੀਆਂ ਤੇ ਵਿਗਿਆਨ ਦੇ ਪਾਸਾਰ ਵਿਗਿਆਨਕ ਲੇਖ ਹਨ। ਗਾਡ ਪਾਰਟੀਕਲ ਵਿਗਿਆਨਕ ਨਿਬੰਧਾਂ ਅਤੇ ਹਵਾ ਹੱਥ ਜੋੜਦੀ ਹੈ ਵਾਤਾਵਰਣ ਨਾਲ ਸੰਬੰਧਿਤ ਨਿਬੰਧਾਂ ਦੇ ਸੰਗ੍ਰਹਿ ਹਨ। ਉਸਦੀ ਰਚਨਾ ਬਹੁਭਾਂਤੀ ਹੈ। ਉਹ ਕਵਿਤਾ ਤੋਂ ਵਿਗਿਆਨ ਅਤੇ ਵਿਗਿਆਨ ਤੋਂ ਕਵਿਤਾ ਦਾ ਸਫ਼ਰ ਕਰਦੀ ਹੈ।

ਪੰਜਾਬ ਵਿਚ ਪੜ੍ਹਨ ਪੜ੍ਹਾਉਣ ਪਿੱਛੋਂ ਉਹ ਪਹਿਲਾਂ ਕੈਨੇਡਾ ਤੇ ਹੁਣ ਅਮਰੀਕਾ ਦਾ ਬਸ਼ਿੰਦਾ ਬਣਿਆ ਹੈ। ਬੇਸ਼ਕ ਵਜੂਦ ਉਹਦਾ ਕੈਨੇਡਾ/ਅਮਰੀਕਾ ਵਿਚ ਵਿਚਰਦਾ ਹੈ ਪਰ ਦਿਲ ਹਾਲਾਂ ਵੀ ਪੰਜਾਬ ਵਿਚ ਧੜਕਦਾ ਹੈ। ਆਪਣੇ ਵਿਰਸੇ ਨਾਲ ਉਸ ਨੂੰ ਬੇਹੱਦ ਮੋਹ ਹੈ। ਉਹਦੀਆਂ ਬਹੁਤੀਆਂ ਕਵਿਤਾਵਾਂ ਅਤੇ ਵਾਰਤਕ ਲੇਖ ਪੰਜਾਬ ਦੇ ਗ਼ਮ ਵਿਚ ਹਟਕੋਰੇ ਲੈਂਦੇ ਅਤੇ ਰੋਂਦੇ ਹਨ। ਉਹਦੀਆਂ ਰਚਨਾਵਾਂ ਵਿਚ ਉਦਰੇਵੇਂ, ਉਦਾਸੀ, ਵਿਗੋਚੇ ਅਤੇ ਵਿਛੋੜੇ ਦੇ ਵੈਣ ਹਨ, ਕੀਰਨੇ ਹਨ ਅਤੇ ਅਲਾਹੁਣੀਆਂ ਹਨ! ਉਹ ਸਿੱਧੀਆਂ ਦਿਲਾਂ ਵਿਚ ਲਹਿੰਦੀਆਂ ਹਨ।

ਆਪ ਉਹ ਬੇਸ਼ਕ ਅਨਪੜ੍ਹ ਪਰਿਵਾਰ ਵਿਚ ਪੈਦਾ ਹੋਇਆ ਸੀ ਪਰ ਆਪਣੀਆਂ ਧੀਆਂ ਨੂੰ ਖ਼ੂਬ ਪੜ੍ਹਾਇਆ ਤੇ ਡਾਕਟਰ ਬਣਾਇਆ। ਉਸ ਦਾ ਵਿਆਹ ਬੀਬੀ ਸੁਖਦੇਵ ਕੌਰ ਨਾਲ ਹੋਇਆ ਜੋ ਇਕ ਅਧਿਆਪਕ ਦੀ ਧੀ ਹੈ। ਭੰਡਾਲ ਜੋੜੇ ਦੀਆਂ ਦੋ ਧੀਆਂ ਹਨ ਜਿਨ੍ਹਾਂ ਦੇ ਨਾਂ ਵੀ ਕਵਿਤਾ ਵਰਗੇ ਹਨ। ਵੱਡੀ ਦਾ ਨਾਂ ਅਜ਼ਲਪ੍ਰੀਤ ਤੇ ਛੋਟੀ ਦਾ ਗਜ਼ਬਪ੍ਰੀਤ ਹੈ। ਅਜ਼ਲਪ੍ਰੀਤ ਅਮਰੀਕਾ ਵਿਚ ਵਿਆਹੀ ਜਾਣ ਪਿੱਛੋਂ ਡਾ. ਅਜ਼ਲਪ੍ਰੀਤ ਕੌਰ ਢਿੱਲੋਂ ਬਣ ਗਈ ਤੇ ਛੋਟੀ ਅਜੇ ਡਾ. ਗਜ਼ਬਪ੍ਰੀਤ ਕੌਰ ਭੰਡਾਲ ਹੈ। ਮੈਂ ਭੰਡਾਲ ਨੂੰ ਬਰੈਂਪਟਨ ਵਿਚ ਤਾਂ ਮਿਲਦਾ ਹੀ ਰਿਹਾਂ, ਇਕ ਵਾਰ ਕਲੀਵਲੈਂਡ ਦੇ ਕਬੱਡੀ ਟੂਰਨਾਮੈਂਟ ਸਮੇਂ ਅਮਰੀਕਾ ਵਿਚ ਵੀ ਮਿਲ ਆਇਆਂ। ਉਸ ਨੂੰ ਪੰਜਾਬੀ ਭਾਸ਼ਾ ਵਿਭਾਗ ਪੰਜਾਬ ਨੇ ਪਰਵਾਸੀ ਪੰਜਾਬੀ ਲੇਖਕ ਪੁਰਸਕਾਰ ਲਈ ਚੁਣਿਆ ਹੈ। ਪੰਜਾਬੀ ਪਿਆਰਿਆਂ ਵੱਲੋਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮੁਬਾਰਕਾਂ!

ਇਸ ਪੁਰਸਕਾਰ ਤੋਂ ਪਹਿਲਾਂ ਪੰਜਾਬੀ ਸੱਥ ਲਾਂਬੜਾ ਤੇ ਹੋਰ ਕਈ ਅਦਾਰਿਆਂ ਵੱਲੋਂ ਉਸ ਨੂੰ ਮਾਣ ਸਨਮਾਨ ਮਿਲ ਚੁੱਕੇ ਹਨ। ਉਹ ਅਨੇਕਾਂ ਸਾਹਿਤਕ ਅਦਾਰਿਆਂ ਨਾਲ ਜੁੜਿਆ ਹੋਇਆ ਹੈ ਅਤੇ ਭਾਸ਼ਨ ਕਲਾ ਦਾ ਮਾਹਿਰ ਹੈ। ਕੰਪਿਊਟਰ ’ਤੇ ਪੰਜਾਬੀ ਵਿਚ ਕੰਮ ਕਰਨ ਦਾ ਮਾਹਿਰ ਹੋਣ ਕਾਰਨ ਉਹ ਅਖ਼ਬਾਰੀ ਕਾਰਜਾਂ ਲਈ ਪੂਰਾ ਫਿੱਟ ਹੈ। ਹੋ ਸਕਦੈ ਕਦੇ ਆਪਣਾ ਪਰਚਾ ਹੀ ਕੱਢ ਲਵੇ। ਉਸ ਦਾ ਸਾਹਿਤਕ ਸਰਕਲ ਖੁੱਲ੍ਹਾ ਹੈ। ਉਸ ਦਾ ਜੀਵਨ ਵੀ ਖੁੱਲ੍ਹੀ ਕਿਤਾਬ ਵਰਗਾ ਹੈ।

ਉਹਦੇ ਪਰਿਵਾਰਕ ਪਿਛੋਕੜ, ਜੀਵਨ ਤੇ ਰਚਨਾ ਦੀਆਂ ਕੁਝ ਝਲਕਾਂ ਉਹਦੇ ਆਪਣੇ ਪਿਤਾ ਬਾਰੇ ਲਿਖੇ ਲੇਖ ਵਿਚੋੱ ਹੀ ਵੇਖਣੀਆਂ ਯੋਗ ਹਨ, “ਬਾਪ ਹੁਣ ਨੱਬਿਆਂ ਦੇ ਕਰੀਬ ਹੈ। ਕੋਰਾ ਅਣਪੜ੍ਹ ਹੋਣ ਦੇ ਬਾਵਜੂਦ ਜੀਵਨ ਦਾ ਗੂੜ੍ਹ ਗਿਆਨ ਹੈ। ਬੱਚਿਆਂ ਨੇ ਵਾਹੀ ਦੇ ਕੰਮਾਂ-ਕਾਰਾਂ ਤੋਂ ਤਾਂ ਵਿਹਲਾ ਕਰ ਦਿੱਤਾ ਏ ਪਰ ਹੁਣ ਵੀ ਉਸ ਨੂੰ ਫਿਕਰ ਰਹਿੰਦਾ ਹੈ ਭੁੱਖਣਭਾਣੀ ਲਵੇਰੀ ਗਾਂ ਦਾ, ਵੱਤਰ ਤੋਂ ਖੁੰਝ ਰਹੀ ਬਿਜਾਈ ਦਾ, ਫਸਲਾਂ ਦੀ ਸਮੇਂ ਸਿਰ ਗੁਡਾਈ ਦਾ, ਰਾਤ ਨੂੰ ਬਿਜਲੀ ਦੀ ਵਾਰੀ ਦਾ ...

ਪਿਛਲੇ ਕੁਝ ਸਮੇਂ ਤੋਂ ਬਾਪ ਨੂੰ ਉੱਚੀ ਸੁਣਨ ਲੱਗ ਪਿਆ ਏ। ਸਾਈਕਲ ਉਸਦੀ ਸ਼ਾਹੀ ਸਵਾਰੀ ਹੈ। ਮੇਰੇ ਵਿਆਹ ਤੱਕ ਚਾਦਰਾ ਲਾਉਣ ਵਾਲਾ ਮੇਰਾ ਬਾਪ, ਹੁਣ ਕੁੜਤਾ ਪਜਾਮਾ ਤਾਂ ਪਾਉਣ ਲੱਗ ਪਿਆ ਏ ਪਰ ਉਸਨੂੰ ਖੇਤਾਂ ਵਿਚ ਗੇੜਾ ਮਾਰਨ ਵੇਲੇ ਹੁਣ ਵੀ ਨੰਗੇ ਪੈਰੀਂ ਤੁਰਨਾ ਚੰਗਾ ਲੱਗਦਾ ਏ। ਸਿਆਲ ਵਿਚ ਵੀ ਕੁੜਤਾ ਪਜਾਮਾ ਪਾ, ਲੋਈ ਦੀ ਪਤਲੀ ਜਿਹੀ ਬੁੱਕਲ ਮਾਰ ਅਤੇ ਕੋਟੀ ਨੂੰ ਸਾਈਕਲ ਦੇ ਹੈਂਡਲ ਨਾਲ ਬੰਨ੍ਹ ਅਕਸਰ ਹੀ ਸ਼ਹਿਰ ਪਹੁੰਚ ਜਾਂਦਾ ਏ ਕਿਉਂਕਿ ਉਸਦਾ ਮੰਨਣਾ ਏ ‘ਪਾਲਾ ਪਾਪਾਂ ਦਾ ਜਾਂ ਮਾੜਿਆ ਸਾਕਾਂ ਦਾ

ਮਿਹਨਤੀ ਬਾਪ ਦੱਸਦਾ ਹੁੰਦਾ ਏ ਕਿ ਢਿੱਲਵਾਂ ਡਿਪੋ ’ਤੇ ਦਰਿਆ ਤੋਂ ਲੱਕੜਾਂ ਢੋਣ ਜਾਂਦੇ ਹੁੰਦੇ ਸਾਂ ਤਾਂ ਗਿੱਲੀਆਂ ਲੱਕੜਾਂ ਨੂੰ ਗੱਡੇ ’ਤੇ ਲੱਦਣਾ ਅਤੇ ਲਾਹੁਣਾ ਬਹੁਤ ਜ਼ੋਰ ਦਾ ਕੰਮ ਹੁੰਦਾ ਸੀ। ਸੱਚੀ ਗੱਲ ਤਾਂ ਇਹ ਸੀ ਕਿ ਉਹਨਾਂ ਦਿਨਾਂ ਵਿਚ ਕਿਰ ਰਹੀ ਛੋਟੀ ਕਿਰਸਾਨੀ ਨੂੰ ਮੋਢਾ ਦੇਣ ਲਈ ਉਹ ਗੱਡਾ ਵਾਹੁੰਦਾ ਸੀ। ਕਦੇ ਕਦਾਈਂ ਤਾਂ ਸਾਰੀ ਰਾਤ ਖਰਾਸ ਨਾਲ ਆਟਾ ਪੀਸ, ਸਵੇਰੇ ਗੱਡਾ ਲੈ ਕੇ ਸ਼ਹਿਰ ਪਹੁੰਚ ਜਾਂਦਾ ਸੀ। ਗੱਡਾ ਲਦਾਉਣ ਤੋਂ ਬਾਅਦ ਹੀ ਮੇਰੇ ਲਈ ਪੜ੍ਹਨ ਦੀ ਵਾਰੀ ਆਉਂਦੀ ਸੀ।

ਬਿਆਸ ਦਰਿਆ ’ਤੇ ਵਸੇ ਸਾਡੇ ਪਿੰਡ ਦਾ ਜ਼ਿਆਦਾ ਰਕਬਾ ਮੰਡ ਦਾ ਹੁੰਦਾ ਸੀ ਜਿਸ ਵਿਚ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਨਾ, ਮੰਡ ਵਿਚ ਭੱਠੀ ਲਾ ਕੇ ਦੇਸੀ ਸ਼ਰਾਬ ਕੱਢਣੀ ਅਤੇ ਬੇਸੁੱਧ ਹੋ ਕੇ ਸ਼ਾਮ ਨੂੰ ਘਰ ਆਉਣਾ ਆਮ ਵਰਤਾਰਾ ਹੁੰਦਾ ਸੀ। ਮੰਡ ਵਿਚ ਭੀਲੋਵਾਲ, ਭਲੋਜਲਾ ਆਦਿ ਮਾਝੇ ਦੇ ਪਿੰਡਾਂ ਦੇ ਲੋਕ ਆਮ ਹੀ ਸ਼ਰਾਬ ਕੱਢਿਆ ਕਰਦੇ ਸਨ ਅਤੇ ਮੰਡ ਵਿਚ ਕਾਹ-ਕਾਨੇ ਵੱਢਣ ਦਾ ਹਰਜਾਨਾ ਉਗਰਾਹੁੰਦੇ ਹੁੰਦੇ ਸਨ। ’ਕੇਰਾਂ ਅਸੀਂ ਕਾਹ ਦਾ ਗੱਡਾ ਲੱਦ ਕੇ ਆ ਰਹੇ ਸਾਂ ਤਾਂ ਉਹ ਗੱਡੇ ਅੱਗੇ ਹੋ ਕੇ ਪੈਸੇ ਮੰਗਣ ਲੱਗ ਪਏ। ਮੇਰਾ ਬਾਪ ਗੰਡਾਸੀ ਲੈ ਕੇ ਉਹਨਾਂ ਨੂੰ ਪੈ ਨਿਕਲਿਆ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਮੰਡ ਵਿੱਚੋਂ ਸਾਥੋਂ ਹੀ ਹਰਜਾਨਾ ਲੈਣ ਵਾਲੇ?

ਅਜੇ ਕੱਲ੍ਹ ਵਾਂਗ ਲੱਗਦਾ ਹੈ ਜਦ ਉਸ ਨੇ ਕਿਸੇ ਡੰਗਰ ਦੇ ਸੌਦੇ ਵਿੱਚੋਂ ਮੈਨੂੰ ਪੁਰਾਣਾ ਸਾਈਕਲ ਲੈ ਦਿੱਤਾ ਸੀ ਕਿਉਂਕਿ ਮੈਂ ਪਿੰਡ ਤੋਂ 3-4 ਮੀਲ ਦੂਰ ਧਾਲੀਵਾਲ ਨੌਵੀਂ ਵਿਚ ਪੜ੍ਹਨ ਜਾਣਾ ਸੀ। ਜਦ ਮੈਨੂੰ ਗਿਆਰਵੀਂ ਵਿੱਚੋਂ ਫੇਲ੍ਹ ਹੋਣ ਦਾ ਪਤਾ ਲੱਗਾ ਤਾਂ ਮੈਂ ਜੂਨ ਮਹੀਨੇ ਬਾਪ ਨਾਲ ਗੱਡੇ ’ਤੇ ਰੂੜੀ ਪਵਾ ਰਿਹਾ ਸਾਂ। ਪੁੱਤ ਦੀ ਨਾਕਾਮਯਾਬੀ ਤੋਂ ਨਿਰਾਸ਼ ਬਾਪ ਨੇ ਆਪਣੀ ਅੱਖ ਵਿਚ ਆਏ ਹੰਝੂ ਨੂੰ ਲੁਕੋ ਕੇ ਕਿਹਾ ਕਿ ਤੂੰ ਕਿਹੜਾ ਬੁੱਢਾ ਹੋ ਗਿਆ ਏਂ। ਇਸ ਵਾਰ ਜ਼ਿਆਦਾ ਮਿਹਨਤ ਕਰੀਂ। - ਇਹ ਬਾਪ ਦੀ ਹੱਲਾਸ਼ੇਰੀ ਹੀ ਸੀ ਕਿ ਮੈਂ ਬੀ ਐੱਸਸੀ ਅਤੇ ਐੱਮ ਐੱਸਸੀ ਸਕਾਲਰਸਿਪ ਲੈ ਕੇ ਪਾਸ ਕੀਤੀਆਂ।

ਪੀਐੱਚ ਡੀ ਸਮੇਂ ਜਦ ਮੈਨੂੰ ਐਗਜ਼ਾਮੀਨਰ ਨੇ ਪੁੱਛਿਆ ਕਿ ਤੂੰ ਤਾਂ ਸਰਕਾਰੀ ਕਾਲਜ ਵਿਚ ਪ੍ਰੋਫੈੱਸਰ ਏਂ, ਤੈਨੂੰ ਕੀ ਲੋੜ ਸੀ ਪੀਐੱਚ ਡੀ ਕਰਨ ਦੀ? ਤੂੰ ਪੰਜ ਸਾਲ ਇਸ ’ਤੇ ਗਵਾ ਦਿੱਤੇ। ਟਿਊਸ਼ਨ ਕਰਕੇ ਬਹੁਤ ਪੈਸੇ ਕਮਾ ਸਕਦਾ ਸੀ - ਤਾਂ ਮੇਰਾ ਨਿਮਰਤਾ ਸਹਿਤ ਕਹਿਣਾ ਸੀ ਮੇਰੀ ਪੀਐੱਚ ਡੀ, ਬਾਪ ਦੀ ਅੱਖ ਵਿਚ ਤਰਦੇ ਉਸ ਹੰਝੂ ਨੂੰ ਅਕੀਦਤ ਏ ਜਿਹੜਾ ਅੱਜ ਵੀ ਮੈਨੂੰ ਪ੍ਰਤੱਖ ਨਜ਼ਰ ਆਉਂਦਾ ਏ, ਜਦ ਮੈਂ ਗਿਆਰਵੀਂ ਵਿੱਚੋਂ ਫੇਲ੍ਹ ਗਿਆ ਸਾਂ।

ਕੁਝ ਕਵਿਤਾਵਾਂ ਵਿਚ ਮੇਰਾ ਬਾਪ, ਮੇਰੇ ਸੰਗ ਤੁਰਦਾ, ਕਲਮ ਦੇ ਸੁੱਚੇ ਹਰਫ਼ ਬਣਦਾ ਏ ਜੋ ਮੇਰੀ ਰੂਹ ਦੇ ਸਭ ਤੋਂ ਨੇੜੇ ਨੇ। ਹਰਫ਼ਾਂ ਦੀ ਚਰਨ-ਬੰਦਨਾ ’ਚ ਬਾਪ ਨੂੰ ਪਰਿਭਾਸ਼ਤ ਕਰਦਿਆਂ, ਕਾਵਿਕਤਾ ਆਪ ਮੁਹਾਰੇ ਵਹਿ ਤੁਰੀ:

- ਬਾਪ ਸਿਰਫ਼ ਦੋ ਅੱਖਰਾਂ ਦਾ ਜੋੜ ਨਹੀਂ ਇਸ ਵਿਚ ਸਮਾਏ ਹੋਏ ਨੇ ਅਸੀਮ ਅਰਥ, ਸੰਵੇਦਨਾਵਾਂ ਤੇ ਸੁਪਨੇ। ਬਾਪ ਤੁਹਾਡੀ ਉਂਗਲ ਹੀ ਨਹੀਂ ਫੜ,ਦਾ ਤੁਹਾਡੇ ਕਦਮਾਂ ਦੇ ਨਾਵੇਂ ਮੰਜ਼ਲਾਂ ਦੀ ਪੈੜ ਅਤੇ ਮੱਥੇ ਵਿਚ ਦਿਸਹੱਦਿਆਂ ਦਾ ਸਿਰਨਾਵਾਂ ਧਰਦਾ ਏ। ਬਾਪ ਕੰਧੇੜੀਂ ਬਿਠਾ ਕੇ ਮੇਲਾ ਹੀ ਨਹੀਂ ਦਿਖਾਉਂਦਾ, ਤੁਹਾਡੇ ਅਵਚੇਤਨ ਵਿਚ ਦੁਨੀਆਂ ਦੇ ਰੰਗ ਤਮਾਸ਼ੇ ਅਤੇ ਜ਼ਿੰਦਗੀ ਦੇ ਵਿਭਿੰਨ ਰੂਪਾਂ ਦੀ ਤਸ਼ਬੀਹ ਵੀ ਖੁਣ ਦਿੰਦਾ ਏਬਾਪ ਜਦ ਨੰਗੇ ਪੈਰਾਂ ਦੇ ਸਫ਼ਰ ਨੂੰ ਤੁਹਾਡੇ ਲਈ ਫਲੇਹ ਦੀ ਪਰਿਕਰਮਾ ਬਣਾਉਂਦਾ ਏ ਤਾਂ ਕੋਮਲ ਸੋਚ ਵਿਚ ਮੁਸ਼ੱਕਤ ਦੀ ਵਗਦੀ ਪੱਛੋਂ ਸੁਨਹਿਰੀ ਦਾਣਿਆਂ ਦਾ ਬੋਹਲ ਬਣਾਉਂਦੀ ਏ। ਬਾਪ ਦੇ ਚੋਂਦੇ ਮੁੜ੍ਹਕੇ ਦੇ ਨਾਵੇਂ ਜਦ ਜੁਆਕ ਕੱਚੀ ਲੱਸੀ ਦਾ ਜੱਗ ਕਰਦਾ ਏ ਤਾਂ ਬੱਚੇ ਦੇ ਮਸਤਕ ਵਿਚ ਮੁੜ੍ਹਕੇ ਵਿੱਚੋਂ ਮੋਤੀਆਂ ਦੀ ਫਸਲ ਉਗਾਉਣ ਦੀ ਜਾਚ ਜਨਮਦੀ ਏ। ਬਾਪ ਜਦ ਧੁੱਪ ਵਿਚ ਨੰਗੇ ਪੈਰੀਂ ਤੁਰੇ ਜਾਂਦੇ ਬੱਚੂ ’ਤੇ ਪਰਨੇ ਦੀ ਛਾਂ ਕਰਦਾ ਏ ਤਾਂ ਸਫਾਫ਼ ਮਨ ਵਿਚ ਛਾਵਾਂ ਵੰਡਣ ਦੀ ਬਿਰਤੀ ਉਗਮਦੀ ਏ। ਬਾਪ ਜਦ ਕਿਸੇ ਦੇ ਖੇਤੋਂ ਪੱਠੇ ਨਾ ਵੱਢਣ ਦੀ ਨਸੀਹਤ ਕਰਦਾ ਏ ਤਾਂ ਇਹ ਕਰਮ-ਯੋਗਤਾ ਦਾ ਪਹਿਲਾ ਪਾਠ ਬਣ ਜਾਂਦਾ ਏ ਤੇ ਬਾਪ ਦੇ ਸੁਪਨਿਆਂ ਨੂੰ ਸੂਹੇ ਫੁੱਲ ਬਾਪ ਦੀ ਅਕੀਦਤ ਦਾ ਹਾਸਲ ਹੁੰਦੇ ਨੇ। ਬਾਪ ਦੋ ਹਰਫਾਂ ਦਾ ਜੋੜ ਨਹੀਂ!

ਹੁਣ ਉਸਦੀਆਂ ਅੱਖਾਂ ਨਮ ਹੋ ਜਾਂਦੀਆਂ ਨੇ ਜਦ ਅਸੀਂ ਪ੍ਰਦੇਸੋਂ ਫੋਨ ਕਰਦੇ ਹਾਂ ਜਾਂ ਵਤਨ ਜਾ ਕੇ ਵਾਪਸ ਪ੍ਰਦੇਸ ਮੁੜਨ ਲੱਗਦੇ ਹਾਂ। ਮਾਂ ਦੀ ਮੌਤ ਤੋਂ ਬਾਅਦ ਜਦ ਮੈਂ ਪਹਿਲੀ ਵਾਰ ਪਿੰਡ ਗਿਆ ਤਾਂ ਇਕ ਨਿੱਕੀ ਜਿਹੀ ਘਟਨਾ ਵੱਡੇ ਅਰਥਾਂ ਦਾ ਸੁਨੇਹਾ, ਮੇਰੀ ਤਲੀ ’ਤੇ ਧਰ, ਭਾਵੁਕ ਕਵਿਤਾ ਦੀ ਧਰਾਤਲ ਬਣ ਗਈ - ਮਾਂ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਪਿੰਡ ਆਇਆ ਹਾਂ। ਪੈਰਾਂ ਦੀ ਬਿੜਕ ਮੇਰੀ ਨਮ-ਚੁੱਪ ਨੂੰ ਤੋੜਦੀ ਹੈ। ਨੰਗੇ ਪੈਰੀਂ ਘਰ ਵੜਦਾ ਬਾਪ, ਬੋਝੇ ’ਚੋਂ ਅੰਬ ਕੱਢ ਕੇ ਮੈਨੂੰ ਦਿੰਦਿਆਂ ਕਹਿੰਦਾ ਹੈ, ‘ਮੈਨੂੰ ਪਤਾ ਸੀ ਤੂੰ ਆਇਆ ਹੋਵੇਂਗਾ, ਤੈਨੂੰ ਖੂਹ ਵਾਲੇ ਬੂਟੇ ਦੇ ਅੰਬ ਬਹੁਤ ਪਸੰਦ ਹਨ, ਅੱਜ ਇਕ ਪੱਕਾ ਅੰਬ ਲੱਭਾ ਸੀ ਲੈ ਫੜ, ਚੂਪ ਲੈ।ਤੇ ਮੈਂ ਬਾਪ ਦੇ ਝੁਰੜੀਆਂ ਭਰੇ ਕੰਬਦੇ ਹੱਥ ’ਚੋਂ ਅੰਬ ਲੈਂਦਿਆਂ ਸੋਚਦਾ ਹਾਂ, ਮਾਂ ਦੀ ਮੌਤ ਤੋਂ ਬਾਅਦ ਬਾਪ ਮਾਂ ਵੀ ਬਣ ਗਿਆ ਹੈ!

ਪੁੱਤ ਦੇ ਹੰਝੂ ਡਲ੍ਹਕ ਪੈਂਦੇ ਹਨ। ਭੰਡਾਲ ਨੂੰ ਲਰਜ਼ਦਾ ਨੀਰ ਨਾ ਕਿਹਾ ਜਾਏ ਤਾਂ ਕੀ ਕਿਹਾ ਜਾਏ?

*****

(126)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਪ੍ਰਿੰ. ਸਰਵਣ ਸਿੰਘ

ਪ੍ਰਿੰ. ਸਰਵਣ ਸਿੰਘ

Brampton, Ontario, Canada.
Email: (principalsarwansingh@gmail.com)

More articles from this author