SukhdevSMann7ਕਈ ਦਿਨ ਚਾਚਾ ਮਾਯੂਸ ਤੁਰਿਆ ਫਿਰਿਆ। ਜਦੋਂ ਮਨ ਹੋਰ ਓਦਰ ਗਿਆ ਤਾਂ ਮੈਂਨੂੰ ਨਾਲ ਲੈ ...
(19 ਅਪਰੈਲ 2022)

 

ਉਦੋਂ ਹਾਲੇ ਖੇਤੀ ਵਿੱਚ ਮਸ਼ੀਨਰੀ ਦੀ ਆਮਦ ਬਹੁਤੀ ਨਹੀਂ ਹੋਈ ਸੀਉਂਜ ਪਿੰਡਾਂ ਵਿੱਚ ਇਹ ਧਾਰਨਾ ਬਣਨ ਲੱਗੀ ਸੀ ਕਿ ਬਲ਼ਦਾਂ ਦੀ ਥਾਂ ਮਸ਼ੀਨਰੀ ਨੇ ਲੈ ਲੈਣੀ ਹੈਫਿਰ ਵੀ ਖੇਤੀ ਰਵਾਇਤੀ ਤਰੀਕੇ ਨਾਲ ਹੀ ਹੁੰਦੀਜਦੋਂ ਹਾੜ੍ਹੀ ਸਿਰ ’ਤੇ ਆ ਜਾਂਦੀ ਤਾਂ ਬਾਪੂ ਤੇ ਛੋਟਾ ਚਾਚਾ ਹਜ਼ੂਰਾ ਵਿਚਕਾਰਲੇ ਚਾਚੇ ਹਰੀ ਕੋਲ ਆਪਣੇ ਨਸ਼ੇ ਦੇ ਦੁੱਖ ਲੈ ਕੇ ਬਹਿ ਜਾਂਦੇਸਾਲ ਦੇ ਬਾਕੀ ਮਹੀਨਿਆਂ ਵਿੱਚ ਚਾਚਾ ਹਰੀ ਦੋਹਾਂ ਨੂੰ ਅਫ਼ੀਮ ਤੋਂ ਕਿਸੇ ਹੱਦ ਤਕ ਵਰਜੀ ਰੱਖਦਾ, ਪਰ ਹਾੜ੍ਹੀ ਵੇਲੇ ਜਦੋਂ ਮਾੜੇ ਧੀੜੇ ਬੰਦੇ ਦੀ ਵੀ ਕਦਰ ਪੈਣ ਲਗਦੀ। ਦੋਵੇਂ ਭਾਈ ਚਾਚੇ ਕੋਲ ਅਫ਼ੀਮ ਬਿਨਾਂ ਹੱਡਾਂ ਦੇ ਨਾ ਜੁੜਨ ਦਾ ਰੋਣਾ ਲੈ ਕੇ ਬਹਿ ਜਾਂਦੇਨਸ਼ੇ ਦਾ ਸਰੋਤ ਸਾਡੀ ਸਕੀਰੀ ਦਾ ਗੁਰੂ ਕੇ ਕੋਠੇ ਦਾ ਇੱਕ ਨਿਕੰਮਾ ਜਿਹਾ ਰਿਸ਼ਤੇਦਾਰ ਬਣਦਾਹਾਲੇ ਪਿੜਾਂ ਦਾ ਕੰਮ ਬਾਕੀ ਹੁੰਦਾ, ਬਾਪੂ ਤੇ ਚਾਚਾ, ਦੋਵੇਂ ਗੁਰੂ ਕੇ ਕੋਠੇ ਵੱਲ ਧਾਈ ਧਰ ਲੈਂਦੇਚਾਚਾ ਮੇਰੀ ਉਂਗਲ ਫੜ ਅਜਿਹੇ ਅਫ਼ਸੋਸਨਾਕ ਮੌਕੇ ਆਖਦਾ, “ਇਕ ਗੱਲ ਪੱਲੇ ਬੰਨ੍ਹ ਲੈ, ਆਹ ਚੰਦਰੀ ਚੀਜ਼ ਤੋਂ ਬਚ ਕੇ ਰਹੀਂਕੜੀਆਂ ਵਰਗੇ ਜਵਾਨ ਸੀ ਇਹ ਦੋਵੇਂ, ਦੇਖ ਲਾ ਕਿਵੇਂ ਮਜਬੂਰ ਹੋਏ ਫਿਰਦੇ ਆ।”

ਕੋਠੇ ਗਏ ਬਾਪੂ ਅਤੇ ਚਾਚਾ ਕਈ ਦਿਨ ਨਾ ਪਰਤਦੇਚਾਚਾ ਇੱਕ ਦੋ ਦਿਨ ਪਿੜ ਵਿੱਚ ਗਾਹੁਣ ਲਈ ਸੁੱਟੀ ਕਣਕ ਨੂੰ ਦੇਖ ਚਿੰਤਾ ਕਰਦਾ, ਫਿਰ ਫਲ਼੍ਹਾ ਬਣਾਉਣ ਦੇ ਆਹਰ ਲੱਗ ਜਾਂਦਾਫਲ਼੍ਹਾ ਤਿਆਰ ਕਰਨਾ ਇਕੱਲੇ ਬੰਦੇ ਦੇ ਵੱਸ ਦਾ ਰੋਗ ਨਹੀਂ ਸੀਇਸ ਕੰਮ ਲਈ ਉਹ ਆਪਣੇ ਪੱਕੇ ਮਿੱਤਰ ਸਾਧੂ ਨੂੰ ਸੱਦਣ ਲਈ ਤੁਰ ਪੈਂਦਾਫਲ੍ਹੇ ਦੀ ਤਿਆਰੀ ਹੁੰਦੀ ਦੇਖ ਮੈਂਨੂੰ ਵੀ ਚਾਅ ਚੜ੍ਹ ਜਾਂਦਾਸਾਧੂ ਖੜ੍ਹੇ ਪੈਰ ਚਾਚੇ ਹਰੀ ਦੇ ਨਾਲ ਤੁਰ ਪੈਂਦਾਸਾਧੂ ਦਾ ਕੁਦਰਤੀ ਵੱਜ ਕਾਰਨ ਇੱਕ ਹੱਥ ਵਾਹਵਾ ਨੁਕਸਾਨਿਆ ਹੋਇਆ ਸੀਫਿਰ ਵੀ ਉਹ ਸਿਰ ਕੱਢ ਹਾਲ਼ੀ ਸੀਸਾਧੂ ਦੀ ਅਪੰਗਤਾ ਦਾ ਮਖੌਲ ਉਡਾਉਣ ਵਾਲੇ ਵੀ ਬਹੁਤ ਸੀਕੋਈ ਉਸ ਨੂੰ ਟੁੰਡਾ ਆਖਦਾਕੋਈ ਬੁੱਜ ਆਖਦਾਸਾਧੂ ਦਾ ਭਾਈ ਤੇ ਭਰਜਾਈ ਵੀ ਉਸਦੀ ਦੁਰ ਸ਼ੁਰ ਕਰਦੇ ਹੀ ਰਹਿੰਦੇਚਾਚੇ ਨਾਲ ਆਪਣੇ ਮਨ ਦੀ ਪੀੜ ਸਾਂਝੀ ਕਰਦਾ ਸਾਧੂ ਅਕਸਰ ਆਖਦਾ, “ਸ਼ਰੀਕਾਂ ਨੇ ਤਾਂ ਮੋਢਿਆਂ ਤੋਂ ਦੀ ਥੁੱਕਣਾ ਹੋਇਆ, ਘਰਦੇ ਬੰਦੇ ਈ ਲਾਹ-ਪਾਹ ਕਰੀ ਜਾਂਦੇ ਆ ...।”

ਚਾਚਾ ਸਾਧੂ ਦੇ ਦਰਦ ਨੂੰ ਸਮਝਦਾਉਹ ਸਾਧੂ ਦਾ ਪੂਰਾ ਨਾਂ ਲੈ ਕੇ ਬੁਲਾਉਂਦਾਸਾਧੂ ਦਾ ਹੰਮਾ ਦਾਅਵਾ ਪਾਲ਼ੀ ਦੀਆਂ ਇੱਟਾਂ ਨਾਲ ਤਿਆਰ ਕੀਤੀ ਕੱਚੀ ਬੈਠਕ ’ਤੇ ਹੀ ਸੀ, ਜਿਸਦੀਆਂ ਕੰਧਾਂ ’ਤੇ ਨੀਲੇ ਥੋਥੇ ਨਾਲ ਸਾਧੂ ਨੇ ਸਿਰਫ਼ ਦੋ ਮੂਰਤਾਂ ਵਾਹੀਆਂ ਹੋਈਆਂ ਸਨਇੱਕ ਸੁੱਚੇ ਸੂਰਮੇ ਦੀ ਬੰਦੂਕ ਪਾਈ ਮੂਰਤ, ਇੱਕ ਜਿਉਣੇ ਮੌੜ ਦੀ ਘੋੜੀ ਚੜ੍ਹੇ ਦੀ ਮੂਰਤ, ਜਿਸ ਵਿੱਚ ਜਿਉਣੇ ਮੌੜ ਦਾ ਫ਼ਰਲਾ ਹਵਾ ਵਿੱਚ ਉਡਦਾ ਦਿਸਦਾਜਦੋਂ ਕਿਤੇ ਖੇਤੀ ਦੇ ਕਾਠੇ ਕੰਮ ਤੋਂ ਮਿਲੀ ਫੁਰਸਤ ਵਿੱਚ ਚਾਚਾ ਤੇ ਸਾਧੂ ਪਿਆਲਾ ਸਾਂਝਾ ਕਰਦੇ ਤਾਂ ਉਨ੍ਹਾਂ ਦੀ ਦਾਅਵਤ ਇਸੇ ਬੈਠਕ ਵਿੱਚ ਹੁੰਦੀਚਾਚੇ ਨਾਲ ਅਕਸਰ ਪ੍ਰਛਾਵਾਂ ਬਣਿਆ ਰਹਿੰਦਾ ਮੈਂ ਸਾਧੂ ਦੀਆਂ ਨੀਲੇ ਥੋਥੇ ਵਿੱਚ ਵਾਹੀਆਂ ਮੂਰਤਾਂ ਵਿਚਲੀ ਖ਼ੂਬਸੂਰਤੀ ਨਿਹਾਰਦਾ ਰਹਿੰਦਾ

ਚਾਚਾ ਸਾਧੂ ਨੂੰ ਨਾਲ ਲੈ ਮੜ੍ਹਾਸਾ ਮਾਰ ਲੈਂਦਾਗੰਡਾਸੀ ਨਾਲ ਜੰਡ ਦੇ ਟਾਹਣ ਵੱਢਦਾਸਾਧੂ ਦੁਸਾਂਗੇ ਵਿੱਚ ਟਾਹਣ ਅੜਾ ਪਿੜ ਵਿੱਚ ਲਿਆ ਸੁੱਟਦਾਚਾਚਾ ਮੰਜੇ ਵਿੱਚ ਤੰਗਲੀ ਅੜਾ ਅੱਗ ਵਰ੍ਹਾਉਂਦੇ ਸੂਰਜ ਦੀ ਦਿਸ਼ਾ ਦੇਖ ਮੇਰੇ ਵਾਸਤੇ ਛਾਂ ਕਰ ਦਿੰਦਾਪਾਣੀ ਵਾਲੀ ਕੋਰੀ ਮੱਘੀ ਵਿੱਚੋਂ ਬਿੰਦ ਬਿੰਦ ਮਗਰੋਂ ਪਾਣੀ ਪੀਂਦਾ ਮੈਂ ਬਣ ਰਹੇ ਫਲ੍ਹੇ ਵਿੱਚ ਸੋਘਵੀਂ ਨਾਲ ਰੱਸੀਆਂ ਵਗਾ ਰਹੇ ਸਾਧੂ ਵੱਲ ਵਿੰਹਦਾ ਰਹਿੰਦਾਸਾਧੂ ਚਾਚੇ ਨਾਲ ਆਪਣੇ ਵਿਆਹ ਦੀ ਟੱਪ ਰਹੀ ਉਮਰ ਦਾ ਵੀ ਝੋਰਾ ਕਰਦਾਪਰ ਉਨ੍ਹੀਂ ਦਿਨੀਂ ਘਰ ਦੇ ਸਾਰੇ ਮੁੰਡਿਆਂ ਦਾ ਵਿਆਹ ਹੋ ਜਾਣਾ ਮੁਸ਼ਕਲ ਕੰਮ ਹੀ ਸੀਫਲ਼ਾ ਤਿਆਰ ਕਰਕੇ ਚਾਚਾ ਭੌਰ ਦੇ ਉੱਤੇ ਖੜ੍ਹ ਗੁਰਦਵਾਰੇ ਵੱਲ ਮੂੰਹ ਕਰ ਕਈ ਕਿਸਮ ਦੀਆਂ ਅਰਦਾਸਾਂ ਕਰਦਾਚਾਚੇ ਦੀ ਅਰਦਾਸ ਵੇਲੇ ਸਾਧੂ ਵੀ ਅੱਖਾਂ ਮੀਚ ਬਰਾਬਰ ਖੜ੍ਹਾ ਰਹਿੰਦਾਅਰਦਾਸ ਖ਼ਤਮ ਕਰਕੇ ਚਾਚਾ ਅਕਸਰ ਕਹਿੰਦਾ, “ਸੱਚਿਆ ਪਾਸ਼ਾ, ਚਿੜੀ ਜਨੌਰ ਦੇ ਭਾਗਾਂ ਨੂੰ, ਰਾਹੀ ਪਾਂਧੀ ਦੇ ਭਾਗਾਂ ਨੂੰ ਅਨਾਜ ਦੇ ਬੋਹਲਾਂ ਨੂੰ ਭਰਭੂਰ ਕਰੀਂ …।”

ਜਦੋਂ ਸੂਰਜ ਸਿਖ਼ਰ ਆ ਜਾਂਦਾ ਤਾਂ ਕਣਕ ਦੀ ਭਖੀ ਪੈਰੀਂ ਵਿੱਚ ਚਾਚਾ ਬਲ਼ਦਾਂ ਨੂੰ ਫਲ਼ੇ ਮੂਹਰੇ ਜੋੜ ਦਿੰਦਾਇੱਕ ਵਾਰੀ ਤਾਂ ਫਲ਼੍ਹਾ ਬਹੁਤ ਬੁੜ੍ਹਕਦਾਪੈਰੀਂ ਤਹਿ ਸਿਰ ਹੋਣ ’ਤੇ ਚਾਚਾ ਮੇਰੀਆਂ ਕੱਛਾਂ ਵਿੱਚ ਹੱਥ ਪਾ ਫਲ਼ੇ ਦੇ ਵਿਚਾਲੇ ਸੁਕੇ ਖੱਬਲ ਦੀ ਬਣਾਈ ਗੱਦੀ ’ਤੇ ਮੈਂਨੂੰ ਬਹਾ ਦਿੰਦਾਪੈਰੀਂ ਪੱਟਦੇ ਚਾਚੇ ਤੇ ਸਾਧੂ ਦੀ ਇੱਕ ਅੱਖ ਬਲ਼ਦਾਂ ਵਿੱਚ ਰਹਿੰਦੀਕਈ ਵਾਰੀ ਰੱਕੜ ਜ਼ਮੀਨ ਨੂੰ ਪੱਟਣ ਲਈ ਸੰਦੇਹਾਂ ਦੇ ਲਾਏ ਹਲ਼ ਦੇ ਜੋਤਰੇ ਤੋਂ ਅੱਕੇ ਪਸ਼ੂ ਸਿਖ਼ਰ ਦੁਪਹਿਰੇ ਫਲ਼੍ਹੇ ਦਾ ਅਕੇਵਾਂ ਮੰਨ ਫਲ਼੍ਹਾ ਉਲਟਾ ਦਿੰਦੇਇਹ ਠੂਣ੍ਹੇ ਕਿਸੇ ਰਾਕਟ ਦੀ ਸਵਾਰੀ ਵਰਗੇ ਲੱਗਦੇ1

ਪਿੜਾਂ ਨੂੰ ਚੁੱਕਦਿਆਂ ਕਈ ਵਾਰ ਤਾਂ ਸਾਉਣ ਚੜ੍ਹ ਜਾਂਦਾਪਿੜ ਚੁੱਕਣ ਦੀ ਖੁਸ਼ੀ ਵਿੱਚ ਚਾਚਾ ਸਾਧੂ ਨਾਲ ਉਸਦੀ ਬੈਠਕ ਵਿੱਚ ਪਿਆਲਾ ਸਾਂਝਾ ਕਰਦਾਇੱਕ ਆਥਣ ਜਦੋਂ ਚਾਚਾ ਮੇਰੀ ਉਂਗਲ ਫੜ ਸਾਧੂ ਦੀ ਬੈਠਕ ਕੋਲ ਗਿਆ ਤਾਂ ਬੈਠਕ ਦਾ ਕੁੰਡਾ ਬਾਹਰੋਂ ਬੰਦ ਸੀਸਾਧੂ ਦੇ ਭਰਾ ਨੇ ਦੱਸਿਆ ਕਿ ਉਹ ਸਾਡੇ ਨਾਲ ਲੜ ਕੇ ਮੰਡੀ ਦਿਹਾੜੀ ਕਰਨ ਜਾ ਲੱਗਿਆ ਹੈਕਈ ਦਿਨ ਚਾਚਾ ਮਾਯੂਸ ਤੁਰਿਆ ਫਿਰਿਆਜਦੋਂ ਮਨ ਹੋਰ ਓਦਰ ਗਿਆ ਤਾਂ ਮੈਂਨੂੰ ਨਾਲ ਲੈ ਸਾਧੂ ਨੂੰ ਸਾਡੀ ਮੌੜ ਮੰਡੀ ਦੇ ਇੱਕ ਨੌਹਰੇ ਵਿੱਚ ਸੇਠਾਂ ਦੇ ਦਿਹਾੜੀ ਕਰਦੇ ਨੂੰ ਚਾਚਾ ਮਿਲਿਆਸਾਧੂ ਨੇ ਭਰਾ ਭਰਜਾਈ ਦੇ ਬਾਰੇ ਬਹੁਤ ਗਿਲੇ ਕੀਤੇਚਾਚੇ ਦੇ ਬੜਾ ਜ਼ੋਰ ਪਾਉਣ ’ਤੇ ਵੀ ਸਾਧੂ ਵਾਪਸ ਪਰਤਣ ਲਈ ਨਾ ਮੰਨਿਆ

ਕਈ ਦਿਨ ਚਾਚਾ ਉਦਾਸ ਤੁਰਿਆ ਫਿਰਿਆਇੱਕ ਦਿਨ ਪਤਾ ਲੱਗਾ, ਸਾਧੂ ਪਰਤ ਆਇਆ ਹੈਭੱਜਦੇ ਚਾਚੇ ਦੇ ਮਗਰ ਭੱਜਦਾ ਮੈਂ ਵੀ ਸਾਧੂ ਦੀ ਬੈਠਕ ਵਿੱਚ ਪੁੱਜ ਗਿਆਸਾਧੂ ਨੀਲਾ ਥੋਥਾ ਘੋਲ ਮੰਦ ਪਏ ਜਿਉਣੇ ਮੌੜ ਤੇ ਸੁੱਚੇ ਸੂਰਮੇ ਦੀਆਂ ਮੂਰਤਾਂ ਚਮਕਾਉਣ ਦੇ ਆਹਰ ਲੱਗਾ ਹੋਇਆ ਸੀਚਾਚੇ ਨੂੰ ਉਹ ਜੱਫੀ ਪਾ ਕੇ ਮਿਲਿਆਪਿਆਲਾ ਟਕਰਾਇਆ ਤਾਂ ਸਾਧੂ ਦੇ ਦਿਲ ਦਾ ਦਰਦ ਜੀਭ ’ਤੇ ਆ ਗਿਆ, “ਹਰੀ ਸਿਆਂ, ਠੀਕ ਆ, ਭਰਾ ਭਰਜਾਈ ਵਿਤਕਰਾ ਕਰਦੇ ਆਮਨ ਖੱਟਾ ਵੀ ਪਿਆਪਰ ਮੰਡੀ ਜਾ ਮੈਂ ਗੁਲਾਮੀ ਦੇਖੀਗੁਲਾਮੀ ਬੜੀ ਚੰਦਰੀ ਚੀਜ਼ ਆ ਯਾਰ! ਏਥੇ ਮੇਰੇ ਕੋਲ ਬੈਠਕ ਆਏਹਦੇ ਵਿੱਚ ਬਹਿ ਕੇ ਤੇਰੇ ਵਰਗੇ ਯਾਰਾਂ ਨਾਲ ਦਿਲ ਤਾਂ ਹੌਲਾ ਕਰ ਸਕਦਾਂਹੰਮਾ ਦਾਅਵਾ ਬਹੁਤ ਵੱਡੀ ਚੀਜ਼ ਹੁੰਦਾ ਹਰੀ ਸਿਆਂ।”

ਸਾਧੂ ਦੀ ਗੁਲਾਮੀ ਤੇ ਹੰਮੇ ਦਾਅਵੇ ਬਾਰੇ ਕਹੀ ਗੱਲ ਮੇਰੀਆਂ ਸਿਮਰਿਤੀਆਂ ਵਿੱਚ ਸਦਾ ਲਈ ਅਟਕ ਗਈ

ਪਿਛਲੇ ਦਿਨੀਂ ਸਾਡੀ ਮੌੜ ਮੰਡੀ ਦੀਆਂ ਰਾਮ ਨਗਰ ਵਾਲੀਆਂ ਕੈਂਚੀਆਂ ’ਤੇ ਖੇਤੀ ਬਿੱਲਾਂ ਖ਼ਿਲਾਫ਼ ਧਰਨਾ ਲੱਗ ਗਿਆਮੈਂ ਵੀ ਗਿਆ, ਪੈਦਲਰਾਹ ਵਿੱਚ ਕੁੜੀਆਂ ਨਰਮਾਂ ਚੁਗੀ ਜਾਣਉਹ ਗੀਤ ਵੀ ਗਾ ਰਹੀਆਂ ਸੀ: ਬਾਬਲੇ ਨੇ ਵਰ ਟੋਲਿਆ, ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾਕੁੜੀਆਂ ਦੇ ਦੁੱਧ ਵਾਲੇ ਡੋਲੂ ਤੂਤ ’ਤੇ ਟੰਗੇ ਹੋਏ ਸੀਛੋਟੀ ਜਿਹੀ ਜੋਤ ਵਿੱਚ ਟਾਹ ਟਾਹ ਹੱਸਦੇ ਨਰਮੇ ਤੇ ਜੁਟੇ ਕਿਰਤ ਦਾ ਇਹ ਸੁਫ਼ਨ ਸੰਸਾਰ ਮਨ ਨੂੰ ਬੜਾ ਭਾਅ ਰਿਹਾ ਸੀਅੱਗੇ ਗਿਆ ਤਾਂ ਬੁਲਾਰਿਆਂ ਦੇ ਬੋਲਾਂ ਵਿੱਚੋਂ ਖੇਤਾਂ ਦਾ ਦਰਦ ਛਲਕ ਰਿਹਾ ਸੀਕੋਈ ਬੁਲਾਰਾ ਆਖ ਰਿਹਾ ਸੀ, “ਅੰਬਾਨੀ ਦੇ ਬਣਾਏ ਵੱਡੇ ਖੇਤੀ ਫਾਰਮਾਂ ਦੇ ਦਰਵਾਜ਼ਿਆਂ ਮੂਹਰੇ ਖੜ੍ਹੇ ਅਹਿਲਕਾਰਾਂ ਨੂੰ ਸਿਰ ਝੁਕਾ ਕੇ ਬਾਰਾਂ ਘੰਟੇ ਦਿਹਾੜੀ ਕਰਨ ਵੇਲੇ ਸਾਡੇ ਦਿਲ ਦੀ ਹਾਲਤ ਕੀ ਹੋਊ ਯਾਰ?” ਬੁਲਾਰੇ ਦੇ ਬੋਲ ਸੁਣ ਆਪਣੀ ਹੰਮੇ ਦਾਅਵੇ ਵਾਲੀ ਬੈਠਕ ਵਿੱਚ ਬਹਿ ਕੇ ਸਾਧੂ ਦੀ ਗੁਲਾਮੀ ਤੇ ਅਜ਼ਾਦੀ ਬਾਰੇ ਕਹੀ ਗੱਲ ਮੈਂਨੂੰ ਬੜੀ ਯਾਦ ਆਈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3515)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)