“ਖੇਤੀ ਦੇ ਕੰਮ ਨੂੰ ਹੱਥ ਪਾਉਂਦੀ ਵੀ ਝਿਜਕ ਨਹੀਂ ਮੰਨਦੀ ਸੀ। ਫ਼ਸਲ ਵਲੋਂ ਖੇਤ ...”
(22 ਮਈ 2021)
ਸਾਲ 2001 ਦੀ ਗੱਲ ਹੈ। ਸਾਡੀ ਮੌੜ ਮੰਡੀ ਦੀਆਂ ਖੁੱਚਾਂ ਵਿੱਚ ਵਸੇ ਪਿੰਡ ਮਾਈਸਰਖਾਨਾ ਦੀ ਸ਼ਾਹਰਾਹ ਤੇ ਕਿਸਾਨ ਯੂਨੀਅਨ ਦਾ ਧਰਨਾ ਲੱਗ ਗਿਆ। ਸੜਕ ਬੰਦ ਹੋ ਗਈ। ਧਰਨਾਕਾਰੀ ਆਰ ਜਾਂ ਪਾਰ ਦੀ ਲੜਾਈ ਲੜਨ ਦੇ ਰੌਂ ਵਿੱਚ ਸਨ। ਧਰਨਾ ਲੰਬਾ ਖਿੱਚੀਦਾ ਗਿਆ। ਸਾਡੇ ਪਿੰਡ ਦੇ ਕੀਰਤ ਦਾ ਇਹ ਸੁਭਾਅ ਸੀ ਜੇ ਕੋਈ ਹੋਰ ਨਾ ਨਾਲ ਤੁਰਦਾ, ਉਹ ਇਕੱਲਾ ਹੀ ਡਾਂਗ ਉੱਤੇ ਝੰਡਾ ਚਾੜ੍ਹ ਜਥੇਬੰਦੀਆਂ ਨਾਲ ਜਾ ਖੜ੍ਹਦਾ। ਕਈ ਬੰਦੇ ਕੀਰਤ ਨੂੰ ਡਾਂਗ ਵੱਡੀ ਤੇ ਝੰਡੀ ਛੋਟੀ ਹੋਣ ਦਾ ਸਵਾਲ ਪੁੱਛਦੇ ਤਾਂ ਉਹ ਮੁਸਕਰਾ ਕੇ ਜਵਾਬ ਦਿੰਦਾ, “ਝੰਡੀ ਛੋਟੀ ਹੋਵੇ, ਚਾਹੇ ਕਿਸੇ ਰੰਗ ਦੀ ਹੋਵੇ, ਕੋਈ ਫਰਕ ਨਹੀਂ ਪੈਂਦਾ। ਵਿਚਲੀ ਡਾਂਗ ਮਜ਼ਬੂਤ ਚਾਹੀਦੀ ਆ।” ਕੀਰਤ ਦੀ ਕਹੀ ਗੱਲ ਦਾ ਲੋਕ ਆਪਣੀ ਸਮਝ ਮੂਜਬ ਅਰਥ ਕੱਢਦੇ ਰਹਿੰਦੇ।
ਧਰਨਾ ਪੂਰਾ ਦਿਨੇ ਬਾਰਾਂ ਵਜੇ ਭਖਦਾ। ਬਾਰਾਂ ਵਜੇ ਤਕ ਕੀਰਤ ਕਪਾਹ ਗੁੱਡੀ ਜਾਂਦਾ। ਮੈਂ ਉਸ ਨੂੰ ਇਸ ਸਿਰੜ ਬਾਰੇ ਪੁੱਛਦਾ ਤਾਂ ਉਹ ਦੱਸਦਾ, “ਕਈ ਬੰਦੇ ਆਖ ਦਿੰਦੇ ਆ, ਇਹ ਜਥੇਬੰਦੀਆਂ ਵਾਲੇ ਵਿਹਲੜ ਬੰਦੇ ਆ। ਮੈਂ ਵਿਹਲੜ ਨਹੀਂ ਕਹਾਉਣਾ ਚਾਹੁੰਦਾ। ਇੱਕ ਵੱਜਦੇ ਨੂੰ ਮੈਂ ਮੱਝਾਂ ਨੂੰ ਪੱਠੇ ਪਾ, ਸਾਇਕਲ ਤੇ ਚੜ੍ਹ ਧਰਨੇ ਵਾਲੀ ਜਗ੍ਹਾ ਤੇ ਜਾਊਂਗਾ। ਹੋ ਸਕਦਾ, ਰਾਤ ਵੀ ਉੱਥੇ ਈ ਕੱਟਾਂ। ਜੇ ਬਾਈ ਜਥੇਬੰਦੀਆਂ ਦਾ ਵਿਰੋਧ ਨਾ ਹੋਵੇ, ਵੱਡੇ ਬੰਦੇ ਲੋਕਾਂ ਦੇ ਹੱਥਾਂ ਵਿੱਚੋਂ ਟੁੱਕ ਦਾ ਟੁਕੜਾ ਵੀ ਖੋਹ ਲੈਣ। ਜਦੋਂ ਨੂੰ ਸਾਡੀ ਗੱਲ ਲੋਕਾਂ ਦੇ ਪੱਲੇ ਪਵੇਗੀ, ਉਦੋਂ ਨੂੰ ਬਹੁਤ ਦੇਰ ਹੋ ਜਾਣੀ ਆ। ... ਬੰਦਾ ਲਹਿਰਾਂ ਨਾਲ ਜੁੜ ਕੇ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਵਿੱਚ ਖ਼ੁਦਕੁਸ਼ੀ ਵਰਗਾ ਮਾੜਾ ਕਦਮ ਨਹੀਂ ਚੁੱਕਦਾ। ਸੰਘਰਸ਼ ਨਾਲੋਂ ਟੁੱਟੇ ਬੰਦੇ ਈ ਖ਼ੁਦਕੁਸ਼ੀਆਂ ਕਰਦੇ ਆ।” ਮਗਰੋਂ ਸਾਲ ਦਰ ਸਾਲ ਖੇਤੀ ਵਿੱਚ ਆਈ ਗਿਰਾਵਟ ਨੇ ਕੀਰਤ ਦੀ ਗੱਲ ਸੱਚ ਸਾਬਤ ਕਰ ਦਿੱਤੀ।
ਖੇਤੀ ਦੇ ਨਾਲ ਨਾਲ ਕੀਰਤ ਨੂੰ ਅੱਖਰਾਂ ਨਾਲ ਵੀ ਮੋਹ ਸੀ, ਜੋ ਉਸਦੀ ਧੀ ਜੀਵਨਪ੍ਰੀਤ ਨੂੰ ਪੰਜਾਬ ਯੂਨੀਵਰਿਸਟੀ ਦੀ ਐੱਮ ਫਿਲ ਤਕ ਲੈ ਗਿਆ। ਪੁੱਤ ਉਸਦਾ ਜੀਵਨਪ੍ਰੀਤ ਤੋਂ ਚੌਦਾਂ ਸਾਲ ਮਗਰੋਂ ਪੈਦਾ ਹੋਇਆ, ਇਹਦੇ ਕਰ ਕੇ ਧੀ ਵੀ ਪੁੱਤਾਂ ਵਾਂਗ ਖੜਕੇ ਦੜਕੇ ਨਾਲ ਪ੍ਰਵਾਨ ਚੜ੍ਹੀ ਸੀ। ਢਾਈ ਏਕੜ ਜ਼ਮੀਨ ’ਤੇ ਵੀ ਟੱਬਰ ਸੋਹਣਾ ਗੁਜ਼ਾਰਾ ਕਰੀ ਜਾਂਦਾ। ਕਈ ਵਾਰੀ ਮੈਂ ਸੋਚਦਾ ਜੇ ਇਸ ਤਰ੍ਹਾਂ ਹੀ ਵਿਉਂਤਬੰਦੀ ਨਾਲ ਚੱਲਣ ਤਾਂ ਛੋਟੀਆਂ ਜੋਤਾਂ ਵਾਲੇ ਵੀ ਮਾਣ ਸਨਮਾਨ ਵਾਲੀ ਰੋਟੀ ਖਾ ਸਕਦੇ ਹਨ।
ਜੀਵਨਪ੍ਰੀਤ ਜਦੋਂ ਵੀ ਯੂਨੀਵਰਿਸਟੀ ਵਿੱਚੋਂ ਵਕਤ ਮਿਲਦਾ, ਘਰ ਦਾ ਕੰਮ ਸਾਂਭਦੀ। ਖੇਤੀ ਦੇ ਕੰਮ ਨੂੰ ਹੱਥ ਪਾਉਂਦੀ ਵੀ ਝਿਜਕ ਨਹੀਂ ਮੰਨਦੀ ਸੀ। ਫ਼ਸਲ ਵਲੋਂ ਖੇਤ ਖਾਲੀ ਹੁੰਦਾ ਤਾਂ ਕਿਸੇ ਰਿਸ਼ਤੇਦਾਰੀ ਵਿੱਚੋਂ ਟਰੈਕਟਰ ਲਿਆ ਖੇਤ ਵਾਹ ਦਿੰਦੀ। ਜਦੋਂ ਕੀਰਤ ਧਰਨੇ ਵਾਲੀ ਥਾਂ ਡਟਿਆ ਰਿਹਾ ਤਾਂ ਮੇਰਾ ਵੀ ਕਿਸਾਨਾਂ ਨਾਲ ਗੱਲਾਂ ਕਰਨ ਲਈ ਧਰਨੇ ਵਾਲੀ ਥਾਂ ਆਉਣਾ ਜਾਣਾ ਬਣਿਆ ਰਿਹਾ। ਕਿਸਾਨਾਂ ਦੀਆਂ ਕਈ ਗੱਲਾਂ ਮੇਰੇ ਲਈ ਵੀ ਨਵੀਆਂ ਹੁੰਦੀਆਂ। ਧਰਨਾ ਲੰਬਾ ਖਿੱਚੀਦਾ ਗਿਆ। ਦੋਹਾਂ ਧਿਰਾਂ ਦਾ ਸਬਰ ਜਵਾਬ ਦੇਣ ਲੱਗਾ। ਜ਼ਿਆਦਾ ਗਰਮ ਧਰਨਾਕਾਰੀਆਂ ਨੇ ਇੱਕ ਰਾਤ ਜਿਹੜੇ ਨਲਕਿਆਂ ਤੋਂ ਪੁਲਿਸ ਵਾਲੇ ਪਾਣੀ ਪੀਂਦੇ ਸੀ, ਉਨ੍ਹਾਂ ਨਲਕਿਆਂ ਵਿੱਚ ਗੋਹਾ ਘੋਲ ਦਿੱਤਾ। ਇੱਕ ਰਾਤ ਪਹਿਰ ਦੇ ਤੜਕੇ ਪੁਲਿਸ ਨੇ ਧਰਨਾਕਾਰੀਆਂ ਨੂੰ ਖਿੰਡਾਉਣ ਲਈ ਥੋੜ੍ਹਾ ਸੁਸਤ ਪਏ ਕਿਸਾਨਾਂ ’ਤੇ ਸਖ਼ਤ ਲਾਠੀਚਾਰਜ ਕਰ ਦਿੱਤਾ। ਆਪ ਤੋਂ ਵੱਡੀ ਉਮਰ ਦੇ ਸਾਥੀਆਂ ਨੂੰ ਪੁਲਿਸ ਦੀ ਮਾਰ ਤੋਂ ਬਚਾਉਂਦਾ ਕੀਰਤ ਖ਼ੁਦ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋ ਗਿਆ। ਲੱਤ ਟੁੱਟ ਗਈ। ਪਲੱਸਤਰ ਮਗਰੋਂ ਘਰ ਆਇਆ ਵੀ ਉਹ ਉਸੇ ਸੁਭਾਅ ਨਾਲ ਗੱਲਾਂ ਕਰਦਾ, ਜਿਵੇਂ ਪਹਿਲਾਂ ਕਰਿਆ ਕਰਦਾ ਸੀ। ਮੈਂ ਪਤਾ ਕਰਨ ਜਾਂਦਾ ਤਾਂ ਉਹ ਕਿਤਾਬਾਂ ਦੀ ਮੰਗ ਕਰਦਾ। ਖੇਤੀ ਦੇ ਡੋਲਣ ਬਾਰੇ ਮੈਂ ਫ਼ਿਕਰਮੰਦੀ ਕੀਤੀ ਤਾਂ ਉਹ ਕਹਿੰਦਾ, “ਜਦੋਂ ਮੇਰੇ ਜੀਵਨਪ੍ਰੀਤ ਵਰਗੇ ਹੌਸਲੇ ਵਾਲੇ ਫੌਜੀ ਹੋਣ ਤਾਂ ਫ਼ਿਕਰ ਕਿਸ ਗੱਲ ਦੀ?”
ਸਿਆਲ ਦੀ ਇੱਕ ਰਾਤ ਸਵਖਤੇ ਦੀ ਸੈਰ ਲਈ ਨਿੱਕਲਿਆ ਤਾਂ ਗਵਾਂਢੀ ਘਰ ਦੀ ਮੋਟਰ ਦੀ ਡਿੱਗੀ ਵਿੱਚ ਡਿਗਦੇ ਨਿੱਘੇ ਪਾਣੀ ਵਿੱਚ ਅੱਖਾਂ ਧੋਣ ਗਿਆ। ਮੋਟਰ ਵਾਲੇ ਕਮਰੇ ਵਿੱਚ ਚੱਲਦੇ ਬੱਲਬ ਦੀ ਰੌਸ਼ਨੀ ਵਿੱਚ ਕੀਰਤ ਦੀ ਘਰਵਾਲੀ ਬੈਠੀ ਦੇਖ ਥੋੜ੍ਹੀ ਹੈਰਾਨੀ ਹੋਈ। ਉਸਨੇ ਮੇਰੀ ਆਮਦ ਦੇਖ ਥਰਮਸ ਵਿੱਚੋਂ ਚਾਹ ਦਾ ਕੱਪ ਭਰ ਅੱਗੇ ਕਰਦਿਆਂ ਕਿਹਾ, “ਤੜਕੇ ਜੀਵਨਪ੍ਰੀਤ ਨੇ ਚੰਡੀਗੜ੍ਹ ਚਲੇ ਜਾਣਾ ਹੈ। ਸੋਚਿਆ, ਨੇਕੀ ਚਾਚੇ ਕੀ ਮੋਟਰ ਵਿਹਲੀ ਮਿਲਦੀ ਆ, ਕਣਕ ਭਰ ਦੇਈਏ।”
ਨੱਕਾ ਮੋੜ ਕੇ ਮੁੜੀ ਜੀਵਨਪ੍ਰੀਤ ਨੇ ਮੇਰੀ ਫ਼ਿਕਰਮੰਦੀ ਭਾਪ ਕੇ ਕਿਹਾ, “ਚਾਚਾ, ਇਹ ਤਾਂ ਮੇਰੀ ਆਪਣੀ ਮਿੱਟੀ ਆ। ਇੱਥੇ ਮੈਂਨੂੰ ਕਾਅਦਾ ਡਰ ਲੱਗਣਾ। ਮੈਂ ਤਾਂ ਚੰਡੀਗੜ੍ਹ ਤਕ ਵੀ ਮਾੜੇ ਅਨਸਰਾਂ ਨਾਲ ਥੱਪੜੋ ਥੱਪੜੀ ਹੁੰਦੀ ਨੇ ਕਦੇ ਘੌਲ ਨੀਂ ਕਰੀ। ਕੁੜੀਆਂ ਨੂੰ ਆਪਣੀ ਰਾਖੀ ਆਪ ਕਰਨ ਲਈ ਅੱਗੇ ਆਉਣਾ ਪੈਣਾ, ਇਹ ਸਰਕਾਰਾਂ ਤਾਂ ਆਹੀ ਕੁਝ ਦੇ ਸਕਦੀਆਾਂ, ਜੋ ਕੁਝ ਬਾਪੂ ਹੋਰਾਂ ਨੂੰ ਦੇ ਦਿੱਤਾ।”
ਵਕਤ ਨੇ ਲੰਬੀ ਪੁਲਾਂਘ ਮਾਰ ਲਈ ਹੈ, ਪਰ ਅੱਜ ਵੀ ਕੀਰਤ ਤੇ ਜੀਵਨਪ੍ਰੀਤ ਦੀਆਂ ਆਖੀਆਂ ਗੱਲਾਂ ਸਾਰਥਿਕ ਜਾਪਦੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2798)
(ਸਰੋਕਾਰ ਨਾਲ ਸੰਪਰਕ ਲਈ: