SukhdevSMann7ਤਾਰੀ ਝਟਕੇ ਨਾਲ ਬਾਂਹ ਛੁਡਾ ਕੇ ਮੇਰੇ ਵੱਲ ਦੇਖਣ ਲੱਗਾ। ਮੈਂ ਵੀ ਉਸ ਬੰਦੇ ਵੱਲ ...
(2 ਅਕਤੂਬਰ 2021)

 

ਸਾਡੇ ਪਿੰਡ ਮੌੜ ਕਲਾਂ ਦੇ ਲਹਿੰਦੇ ਪਾਸੇ ਗਨੀ ਸਿੱਖ ਦੀ ਹਵੇਲੀ ਤੋਂ ਵੀਹ ਕੁ ਪੁਲਾਂਘਾ ਦੂਰ ਮੇਰਾ ਮੁਢਲਾ ਸਕੂਲ ਸੀ। ਚੇਤਿਆਂ ਵਿੱਚ ਸਕੂਲ ਦੇ ਨਾਲ ਇਹ ਹਵੇਲੀ ਵੀ ਇਸ ਕਰ ਕੇ ਉੱਕਰੀ ਗਈ ਕਿਉਂਕਿ ਇਸ ਹਵੇਲੀ ਦਾ ਅਕਸ ਗਰਦਿਸ਼ ਦੇ ਦਿਨਾਂ ਵਿੱਚ ਮਿਲੀ ਪੀੜ ਨੂੰ ਉਚੇੜਦਾ ਰਹਿੰਦਾ। ਕੱਛ ਵਿੱਚ ਖਲ਼ ਵਾਲੀ ਬੋਰੀ, ਮੋਢੇ ਬਸਤਾ ਤੇ ਕਪੂਰੇ ਮਿਸਤਰੀ ਦੁਆਰਾ ਸੂਸੀ ਦੀਆਂ ਪੱਤੀਆਂ ਲਾ ਕੇ ਅੜਕਾਈ ਫੱਟੀ ਹੀ ਮੇਰੀ ਪੜ੍ਹਨ ਸਮੱਗਰੀ ਦਾ ਹਿੱਸਾ ਬਣਦੀ। ਪੈਰ ਨੰਗੇ ਹੁੰਦੇ। ਸਾਰੀ ਛੁੱਟੀ ਵੇਲੇ ਜਦੋਂ ਸੂਰਜ ਅੱਗ ਵਰ੍ਹਾ ਰਿਹਾ ਹੁੰਦਾ, ਗਨੀ ਸਿੱਖ ਦੀ ਹਵੇਲੀ ਦੀ ਕੰਧ ਦਾ ਧੜਵੈਲ ਪ੍ਰਛਾਵਾਂ ਹੀ ਭੁੱਜਦੇ ਪੈਰਾਂ ਨੂੰ ਕੁਝ ਰਾਹਤ ਦਿੰਦਾ। ਜਾਂ ਮਾਕੇ ਕੇ ਬਾਹਰਲੇ ਵਾੜੇ ਵਿੱਚ ਖੜ੍ਹੇ ਰਿੰਡਾਂ ਦੇ ਪੱਤੇ ਪੈਰਾਂ ’ਤੇ ਲਪੇਟਦਾ। ਗਨੀ ਸਿੱਖ ਦੀ ਹਵੇਲੀ ਦੀ ਸਿਖ਼ਰ ’ਤੇ ਸੀਮਿੰਟ ਨਾਲ ਬਣਾਏ ਰੋਅਬਦਾਰ ਬੰਦੇ ਜਿਨ੍ਹਾਂ ਦੇ ਗਲਾਂ ਵਿੱਚ ਬੰਦੂਖਾਂ ਲਟਕਦੀਆਂ ਹੁੰਦੀਆਂ, ਦੇਖ ਮਨ ਵਿੱਚ ਕਈ ਸਵਾਲ ਉੱਠਦੇ, ਪਰ ਬਾਲ ਮਨ ਉੱਤਰ ਨਾ ਲੱਭ ਪਾਉਂਦਾ।

ਸਕੂਲ ਵਿੱਚ ਦੋ ਹੀ ਕਮਰੇ ਸੀ। ਸਾਡੀ ਛੋਟੀ ਕਲਾਸ ਨੂੰ ਮਾਸਟਰ ਮਦਨ ਲਾਲ ਹਾੜ੍ਹ ਸਿਆਲ ਵਿਹੜੇ ਵਿੱਚ ਖੜ੍ਹੀ ਗੋਦਣੀ ਹੇਠ ਹੀ ਲਾਉਂਦਾ। ਅਕਸਰ ਮਾਸਟਰ ਮਦਨ ਲਾਲ ਮੇਜ਼ ’ਤੇ ਪਏ ਹਾਜ਼ਰੀ ਰਜਿਸਟਰ ਦੀ ਗਰਦ ਝਾੜਦਾ ਸਾਨੂੰ ਕਹਿੰਦਾ, “ਓਇ ਕਾਕਾ, ਆਪਣਾ ਤਾਂ ਆਹੀ ਸੰਸਾਰ ਆ। ਆਹ ਗੋਦਣੀ ਨੂੰ ਪਾਣੀ ਪਾਇਆ ਕਰੋ।” ਕਿਉਂਕਿ ਮੇਰਾ ਕੱਦ ਜ਼ਿਆਦਾ ਲੰਬਾ ਸੀ, ਮੈਂ ਮਜ਼ਦੂਰਾਂ ਦੇ ਮੁੰਡੇ ਮੇਰੇ ਸਹਿਪਾਠੀ ਤਾਰੀ ਨੂੰ ਨਾਲ ਲੈ ਕੇ ਮਾਕੇ ਕੀ ਕਾਲੀ ਗਾਰ ਨਾਲ ਭਰੀ ਛੱਪੜੀ ਵਿੱਚ ਗੋਡੇ ਤਕ ਆਉਂਦੇ ਪਾਣੀ ਵਿੱਚ ਉੱਤਰ ਬਾਲਟੀ ਤਾਰੀ ਨੂੰ ਭਰ ਦਿੰਦਾ। ਤਾਰੀ ਬਾਲਟੀ ਗੋਦਣੀ ਦੀਆਂ ਜੜ੍ਹਾਂ ਵਿੱਚ ਉਲੱਦ ਆਉਂਦਾ।

ਤਾਰੀ ਨਾਲ ਲਿਹਾਜ਼ ਦਾ ਕਾਰਨ ਵੀ ਸਾਡੇ ਅੰਦਰਲਾ ਕੋਈ ਵਿਦਰੋਹੀ ਕਣ ਹੀ ਸੀ। ਇੱਕ ਦਿਨ ਅਸੀਂ ਆਪਣੇ ਪਿੰਡ ਦੇ ਗੁਰਦਵਾਰੇ ਵਿੱਚ ਲੱਗੇ ਨਿਸ਼ਾਨ ਸਾਹਿਬ ’ਤੇ ਚੜ੍ਹਦਾ ਖੱਟਾ ਕੱਪੜਾ ਦੇਖੀ ਗਏ। ਬੰਦੇ, ਔਰਤਾਂ ਸੱਤਨਾਮ ਸੱਤਨਾਮ ਕਰਦੇ ਲੋਹੇ ਦੀ ਤਾਰ ਨਾਲ ਬੰਨ੍ਹੀ ਕੁਰਸੀ ਵਿੱਚ ਅੱਧ ਅਸਮਾਨ ਤਕ ਬਿਫ਼ਰੇ ਨਿਸ਼ਾਨ ਸਾਹਿਬ ’ਤੇ ਕੱਪੜਾ ਲਪੇਟ ਰਹੇ ਭਾਈ ਨੂੰ ਹੌਲੀ ਹੌਲੀ ਹੇਠਾਂ ਲਿਆ ਰਹੇ ਸੀ। ਬੜਾ ਅੱਲੋਕਾਰੀ ਦ੍ਰਿਸ਼ ਸੀ। ਭਾਈ ਥੱਲੇ ਆਇਆ। ਜੈਕਾਰੇ ਛੱਡੇ ਗਏ। ਗੁਲਾਬ ਦੇ ਫੁੱਲਾਂ, ਬਦਾਮਾਂ ਤੇ ਕਾਲੀਆਂ ਮਿਰਚਾਂ ਘੋਟ ਕੇ ਬਣਾਈ ਸ਼ਰਦਾਈ ਵਰਤਣ ਲੱਗੀ। ਅਸੀਂ ਵੀ ਪੰਗਤ ਵਿੱਚ ਬੈਠ ਗਏ। ਗੁਰਦਵਾਰੇ ਦਾ ਸਭ ਤੋਂ ਵੱਡਾ ਸਿੱਖ ਆਇਆ। ਉਸ ਤਾਰੀ ਦੀ ਬਾਂਹ ਫੜ ਲਈ। “ਓਇ ਜਵਾਕਾ, ਤੂੰ ਤਾਂ ਚੌਥੇ ਪੌੜੇ ਵਾਲੈਂ ... ਔਧਰ ਵੱਖਰੀ ਪੰਗਤ ਵਿੱਚ ਬੈਠ।”

ਸਾਡੇ ਬਾਲ ਮਨਾਂ ਨੂੰ ਬੜੀ ਠੇਸ ਪੁੱਜੀ। ਇਹ ਬੇਇਨਸਾਫ਼ੀ ਸੀ। ਅਸੀਂ ਬਿਨਾਂ ਸ਼ਰਦਾਈ ਪੀਤੇ ਘੂਰੀਆਂ ਵੱਟਦੇ ਬਾਹਰ ਆ ਗਏ। ਸਿਵਿਆਂ ਵਿੱਚ ਜਾ ਕੇ ਬੈਠ ਗਏ ਜਿਵੇਂ ਸਾਨੂੰ ਜਾਪ ਰਿਹਾ ਸੀ, ਅਜਿਹੇ ਧਾਰਮਿਕ ਸਥਾਨਾਂ ਨਾਲੋਂ ਜਿੱਥੇ ਮਨੁੱਖਾਂ ਵਿੱਚ ਵਿਤਕਰਾ ਕੀਤਾ ਜਾਂਦਾ ਹੋਵੇ, ਸ਼ਮਸ਼ਾਨਘਾਟ ਹੀ ਚੰਗੇ ਹਨ। ਜਿੱਥੇ ਕੋਈ ਬਾਂਹ ਫੜ ਕੇ ਜਾਤ ਤਾਂ ਨਹੀਂ ਪਰਖਦਾ। ਤਾਉਮਰ ਮੇਰੀ ਮਾਂ ਬੜਾ ਜ਼ੋਰ ਲਾਉਂਦੀ ਰਹੀ, ਮੁੜ ਮੈਂ ਬਾਬੇ ਇਸ਼ਨਾਨ ਦਾ ਪਾਣੀ ਸਿਰ ਵਿੱਚ ਨਹੀਂ ਪਵਾਇਆ।

ਇਸ ਵਿਤਕਰੇ ਦਾ ਮਲਾਲ ਕਰਦੇ ਅਸੀਂ ਅਗਲੀ ਜਮਾਤ ਚੜ੍ਹ ਗਏ। ਸਾਡੇ ਹੱਥ-ਲਿਖਤ ਪ੍ਰਚੇ ਵੰਡਦਾ ਮਾਸਟਰ ਮਦਨ ਲਾਲ ਅਗਾਂਹ ਤੋਂ ਹੋਰ ਮਿਹਨਤ ਕਰਨ ਦੀਆਂ ਨਸੀਹਤਾਂ ਦੇ ਰਿਹਾ ਸੀ। ਪਾਸ ਹੋਣ ਦੀ ਖੁਸ਼ੀ ਵਿੱਚ ਅਸੀਂ ਕੂਕਾਂ ਮਾਰਦੇ ਖਲ਼ ਵਾਲੀਆਂ ਬੋਰੀਆਂ ਦੀ ਗਰਦ ਝਾੜਦੇ ਘਰ ਵੱਲ ਤੁਰ ਪਏ। ਉਸ ਦਿਨ ਵੀ ਸਾਡੀ ਹਥਾਈ ਵਿੱਚ ਅਖੰਡਪਾਠ ਚੱਲ ਰਿਹਾ ਸੀ। ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੀ ਮਹਿਕ ਆ ਰਹੀ ਸੀ। ਪਤਾ ਨਹੀਂ ਸਮੇਂ ਦੀ ਕਿਸੇ ਸ਼ਕਤੀ ਨੇ ਜਾਂ ਧਾਰਮਿਕ ਬੰਦਿਆਂ ਦੀ ਇੱਕ ਹੋਰ ਪਰਖ ਨੇ ਸਾਡੇ ਪੈਰ ਉੱਧਰ ਵੱਲ ਮੋੜ ਦਿੱਤੇ। ਤਿੰਨ ਮੇਲ ਦਾ ਪ੍ਰਸ਼ਾਦ ਤੇ ਪਚਰੰਗਾ ਅਚਾਰ ਜਿਸ ਪੰਗਤ ਵਿੱਚ ਵਰਤ ਰਿਹਾ ਸੀ, ਅਸੀਂ ਉਹ ਮੱਲ ਲਈ। ਇਸ ਵਾਰ ਗੁਰਦਵਾਰੇ ਵਾਲੇ ਭਾਈ ਨੇ ਨਹੀਂ, ਇੱਕ ਜਿਮੀਦਾਰ ਨੇ ਤਾਰੀ ਦੀ ਬਾਂਹ ਆ ਫੜੀ। ਉਸ ਬੰਦੇ ਨੇ ਚਪੇੜ ਵੀ ਉੱਗਰੀ। ਤਾਰੀ ਝਟਕੇ ਨਾਲ ਬਾਂਹ ਛੁਡਾ ਕੇ ਮੇਰੇ ਵੱਲ ਦੇਖਣ ਲੱਗਾ। ਮੈਂ ਵੀ ਉਸ ਬੰਦੇ ਵੱਲ ਤ੍ਰਿਸਕਾਰ ਨਾਲ ਦੇਖਦਾ ਹਥਾਈ ਤੋਂ ਬਾਹਰ ਆ ਗਿਆ। ਰਾਹ ਵਿੱਚ ਅਸੀਂ ਫਿਰ ਇਸ ਬੇ ਇਨਸਾਫ਼ੀ ਖਿਲਾਫ਼ ਬੋਲਦੇ ਘਰਾਂ ਵੱਲ ਤੁਰ ਪਏ।

ਜਮਾਤ ਚੜ੍ਹਨ ਦੀ ਖੁਸ਼ੀ ਵੀ ਸੀ। ਹੋਈ ਬੇਇਨਸਾਫ਼ੀ ਦਾ ਰੰਜ ਲੈ ਮੈਂ ਘਰ ਆਇਆ। ਅਸਾਧ ਰੋਗਾਂ ਦਾ ਸ਼ਿਕਾਰ ਮਾਂ ਜਿਵੇਂ ਅਕਸਰ ਸਾਹ ਸਤਹੀਣ ਹੋਈ ਮੰਜੇ ’ਤੇ ਪਈ ਹੁੰਦੀ ਸੀ, ਉਸ ਦਿਨ ਵੀ ਜਿਗਰ ਦੇ ਰੋਗ ਨਾਲ ਬਿਮਾਰ ਪਈ ਸੀ। ਉਸਨੇ ਬਾਰੀ ਵਿੱਚ ਪਏ ਰੋਟੀਆਂ ਵਾਲੇ ਛਾਬੇ ਵੱਲ ਇਸ਼ਾਰਾ ਮਾਤਰ ਕੀਤਾ ਤੇ ਮੁੜ ਮੂੰਹ ਢਕ ਲਿਆ ਜਿਵੇਂ ਆਖ ਰਹੀ ਹੋਵੇ- ਹੁਣ ਮੈਂ ਬਹੁਤਾ ਚਿਰ ਨ੍ਹੀਂ ਬਚਦੀ ਬੱਚੜਿਆ! ਛਾਬਾ ਖੱਦਰ ਦੇ ਪੋਣੇ ਨਾਲ ਢਕਿਆ ਹੋਇਆ ਸੀ। ਛਾਬੇ ਵਿੱਚ ਕੋਧਰੇ ਦੀਆਂ ਦੋ ਰੋਟੀਆਂ ਪਈਆਂ ਸੀ। ਜੇ ਕੋਧਰੇ ਵਿੱਚ ਕਣਕ ਦਾ ਆਟਾ ਰਲਾਇਆ ਜਾਵੇ ਤਾਂ ਰੋਟੀ ਵਿੱਚ ਲਚਕ ਆ ਜਾਂਦੀ ਹੈ। ਨਹੀਂ ਤਾਂ ਕੋਧਰੇ ਦੀ ਰੋਟੀ ਟੁਕੜਿਆਂ ਵਿੱਚ ਵੰਡੀ ਜਾਂਦੀ ਹੈ। ਹੱਥ ਪਾਇਆ ਤਾਂ ਰੋਟੀਆਂ ਟੁਕੜਿਆਂ ਵਿੱਚ ਵੰਡੀਆਂ ਗਈਆਂ। ਮਨ ਵਿੱਚ ਕਸੀਸ ਉੱਠੀ। ਚਿੱਤ ਰੋਟੀ ਖਾਣ ਤੋਂ ਇਨਕਾਰੀ ਹੋ ਗਿਆ। ਜਿਸ ਬੈਠਕ ਵਿੱਚ ਰੋਟੀਆਂ ਵਾਲੀ ਬਾਰੀ ਸੀ, ਉਸਦੀ ਪਾਂਡੂ ਮਿੱਟੀ ਨਾਲ ਪੋਚਾ ਮਾਰੀ ਕੰਧ ’ਤੇ ਬਾਬਾ ਨਾਨਕ ਦੀ ਇੱਕ ਤਸਵੀਰ ਲਟਕ ਰਹੀ ਸੀ। ਰੋਟੀ ਤੋਂ ਦੁਖੀ ਹੋਏ ਮਨ ਦੀ ਸੁਰਤ ਉਸ ਤਸਵੀਰ ’ਤੇ ਟਿਕ ਗਈ। ਬਾਬੇ ਦੇ ਇੱਕ ਹੱਥ ਮਲਿਕ ਭਾਗੋ ਦਾ ਮਾਲ੍ਹਪੂੜਾ ਸੀ, ਇੱਕ ਹੱਥ ਕਿਰਤੀ ਲਾਲੋ ਦੀ ਕੋਧਰੇ ਦੀ ਰੋਟੀ ਸੀ। ਮਾਲ ਪੂੜੇ ਵਿੱਚੋਂ ਰੱਤ ਚੋਅ ਰਹੀ ਸੀ। ਕੋਧਰੇ ਦੀ ਰੋਟੀ ਵਿੱਚੋਂ ਦੁੱਧ ਦੀ ਧਾਰ ਵਗ ਰਹੀ ਸੀ। ਦੁੱਧ ਦੀ ਧਾਰ ਦੇਖ ਮੇਰੇ ਬਾਲ ਮਨ ਨੂੰ ਇਹ ਅਭਾਸ ਹੋ ਗਿਆ ਕਿ ਰੱਤ ਨਾਲੋਂ ਤਾਂ ਦੁੱਧ ਵਾਲੀ ਰੋਟੀ ਬਹੁਤ ਹੀ ਬਿਹਤਰ ਹੈ। ਮੈਂ ਟੁਕੜੇ ਚਿੱਥਣ ਲੱਗ ਪਿਆ …। ਸਮੇਂ ਨੇ ਕਈ ਪਲਟੀਆਂ ਮਾਰੀਆਂ। ਹੁਣ ਵੀ ਮਨ ਜਿਹੜਿਆਂ ਦੇ ਪੱਲੇ ਕੋਧਰੇ ਦੀ ਰੋਟੀ ਹੈ, ਉੱਧਰ ਹੀ ਖੜ੍ਹਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(3049)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)