SukhdevSMann7ਗੋਲੀ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਗੁਲਸ਼ਨ ਨੇ ਕਿੰਨੀ ਵਾਰ ਕਿਹਾ ਸੀ, ...
(24 ਜੁਲਾਈ 2020)

 

ਮਾਂ ਮੇਰੀਆਂ ਬਾਹਾਂ ਨੂੰ ਵਟਣਾ ਮਲ ਰਹੀ ਹੈ। ਮਾਂ ਸੱਤ ਪੱਤਣਾਂ ਦੀ ਤਾਰੂ ਹੋਣ ਦਾ ਭਰਮ ਪਾਲ਼ੀ ਫਿਰਦੀ ਹੈ। ਮਾਂ ਨੂੰ ਜਾਪਦੈ, ਬਾਜ਼ਾਰ ਦੀਆਂ ਸਭ ਨਿਆਮਤਾਂ ਉਸਦੀ ਧੀ ਲਈ ਬਣੀਆਂ ਹਨ। ਮਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ, ਮੇਰੀਆਂ ਰੋਂਦੀਆਂ ਅੱਖਾਂ ਪੜ੍ਹ ਰਹੀਆਂ ਹਨ। ਪਰੇ ਟਾਂਡ ਉੱਤੇ ਮੇਰੀਆਂ ਪੰਜੇਬਾਂ ਦਾ ਜੋੜਾ ਪਿਆ ਹੈ। ਮਾਂ ਨੇ ਪੰਜੇਬਾਂ ਨੂੰ ਲੱਗੇ ਮੇਰੀ ਦੋਸਤ ਨਾਚੀ ਗੁਲਸ਼ਨ ਦੇ ਖ਼ੂਨ ਦੇ ਦਾਗ ਧੋਣ ਲਈ ਪੰਜੇਬਾਂ ਕਈ ਵਾਰ ਧੋਤੀਆਂ, ਪਰ ਖ਼ੂਨ ਦੇ ਦਾਗ ਨਾ ਗਏ। ਪੰਜੇਬਾਂ ਟਾਂਡ ਉੱਤੇ ਧਰਦੀ ਮਾਂ ਬੋਲੀ, “ਸ਼ਾਲੂ, ਤੂੰ ਇੱਕ ਨਾਚੀ ਦੀ ਧੀ ਹੈਂ।। ਪੈਸੇ ਦੇ ਭਰੇ ਬਾਜ਼ਾਰ ਨੂੰ ਛੱਡ ਭੁੱਖੀ ਮਰਨ ਦਾ ਇਰਾਦਾ ਹੈ?”

ਮਾਂ ਦੀ ਬੋਲੀ ਪੀੜ ਦੇ ਰਹੀ ਹੈ। ਗੁਲਸ਼ਨ ਨੂੰ ਯਾਦ ਕਰਕੇ ਫਿਰ ਰੋਣ ਲੱਗਦੀ ਹਾਂ। ਉਸ ਦਿਨ ਗੁਲਸ਼ਨ ਮੇਰੀ ਵੱਖੀ ਨਾਲ ਨੱਚਦਿਆਂ ਇੱਕ ਭੂਤਰੇ ਰਸੂਖ਼ਵਾਨ ਦੀ ਗੋਲੀ ਦਾ ਸ਼ਿਕਾਰ ਹੋ ਗਈ ਸੀ। ਅਸੀਂ ਗੀਤ ਦੀ ਧੁੰਨ ਉੱਤੇ ਭੰਬੀਰੀ ਵਾਂਗ ਘੁੰਮ ਰਹੀਆਂ ਸੀ। ਭੂਤਰੇ ਸ਼ਰਾਬੀ ਦੀ ਬੰਦੂਕ ਘੁੰਮੀ, ਗੁਲਸ਼ਨ ਘੁੱਗੀ ਵਾਂਗ ਤੜਫ਼ ਕੇ ਮੇਰੇ ਪੈਰਾਂ ਕੋਲ ਦਮ ਤੋੜ ਗਈ।

ਹਾਦਸੇ ਮਗਰੋਂ ਮੈਂ ਨ੍ਰਿਤ ਛੱਡ ਦਿੱਤਾ। ਘਰ ਵਿੱਚ ਗੁੰਮ ਸੁੰਮ ਪਈ ਰਹਿੰਦੀ। ਨੋਟਾਂ ਦੀਆਂ ਥੱਬੀਆਂ ਬੰਦ ਹੋ ਗਈਆਂ। ਮਾਂ ਦੀ ਮੇਰੇ ਪ੍ਰਤੀ ਅੱਖ ਬਦਲ ਗਈ। ਪਹਿਲਾਂ ਮਾਂ ਮੈਂਨੂੰ ਦੁੱਧ ਨਾਲ ਬਦਾਮ ਛਿੱਲਕੇ ਖਵਾਉਂਦੀ। ਫ਼ਰਸ਼ੀ ਕੰਡੇ ਨਾਲ ਮੇਰਾ ਭਾਰ ਤੋਲਦੀ ਤਾੜਨਾ ਕਰਦੀ, “ਸ਼ਾਲੂ, ਬਾਜ਼ਾਰ ਵਿੱਚ ਫਿੱਗਰ ਦੀ ਕੀਮਤ ਹੈ। ਸਰੀਰ ਦੀ ਸੰਭਾਲ ਕਰਨਾ ਸਿੱਖੋ।”

ਮਾਂ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਨੋਟਾਂ ਦੀਆਂ ਥੱਬੀਆਂ ਦੇਣ ਵਾਲਾ ਬਾਜ਼ਾਰ ਖ਼ਤਰਿਆਂ ਨਾਲ ਵੀ ਭਰਿਆ ਪਿਆ ਹੈ। ਜਿਸਮਾਨੀ ਛੇੜ-ਛਾੜ ਤੋਂ ਲੈ ਕੇ ਰੇਪ ਵਰਗੀਆਂ ਪੈਦਾ ਹੁੰਦੀਆਂ ਸਥਿਤੀਆਂ ਵਿੱਚਦੀ ਮੈਂ ਅਤੇ ਗੁਲਸ਼ਨ ਕਿੰਨੇ ਵਾਰੀ ਲੰਘੀਆਂ ਸਾਂ। ਕਈ ਵਾਰੀ ਜੀਅ ਵਿੱਚ ਆਉਂਦਾ, ਪੈਸੇ ਦੇ ਭਰੇ ਇਸ ਤਲਿੱਸਮੀ ਸੰਸਾਰ ਵਿੱਚੋਂ ਭੱਜ ਜਾਵਾਂ। ਬਿਉਟੀ ਪਾਰਲਰ ਦੀ ਦੁਕਾਨ ਖੋਲ੍ਹ ਲਵਾਂ। ਗੋਲੀ ਦਾ ਸ਼ਿਕਾਰ ਹੋਣ ਤੋਂ ਪਹਿਲਾਂ ਗੁਲਸ਼ਨ ਨੇ ਕਿੰਨੀ ਵਾਰ ਕਿਹਾ ਸੀ, “ਜਿੰਨਾ ਬਘਿਆੜਾਂ ਦੇ ਜੰਗਲ ਵਿੱਚ ਮੂਨਾਂ ਦਾ ਚਰਨਾ ਖ਼ਤਰਨਾਕ ਹੈ, ਉੰਨਾ ਹੀ ਸਾਡਾ ਪੈਸੇ ਵਾਲਿਆਂ ਦੇ ਸਾਹਮਣੇ ਨੱਚਣਾ ਖ਼ਤਰਨਾਕ ਹੈ।”

ਅਖ਼ੀਰ ਗੁਲਸ਼ਨ ਬਾਜ਼ਾਰ ਨੇ ਖਾ ਹੀ ਲਈ।

ਮਾਂ ਅਰਸ਼ ਤੋਂ ਫ਼ਰਸ਼ ਉੱਤੇ ਡਿੱਗੀ ਲਈ ਪੈਸੇ ਦੇ ਭਰੇ ਬਾਜ਼ਾਰ ਦੀ ਇੱਕ ਹੋਰ ਸੂਚਨਾ ਲੈ ਆਈ।

“ਸ਼ਾਲੂ, ਆਸਟਰੇਲੀਆ ਵਿੱਚ ਸੈਟਲ ਪ੍ਰਵਾਰ ਤੇਰਾ ਹੱਥ ਮੰਗਦੈ।”

ਮੈਂ ਹਾਦਸੇ ਮਗਰੋਂ ਬਹੁਤ ਡਰੀ ਹੋਈ ਸੀ। ਇਨਕਾਰ ਵਜੋਂ ਬੋਲੀ, “ਮਾਂ, ਮੈਂਨੂੰ ਕੁਝ ਨਹੀਂ ਸੁੱਝ ਰਿਹਾ।”

“ਬੇਟਾ, ਜਿਉਂਦੇ ਰਹਿਣ ਲਈ ਬੜਾ ਕੁਝ ਕਰਨਾ ਪੈਂਦਾ। ਇਹ ਜ਼ਿੰਦਗੀ ਤਾਂ ਹਾਦਸਿਆਂ ਦਾ ਜਮ੍ਹਾਂ-ਜੋੜ ਹੈ।” ਮਾਂ ਗੁਲਸ਼ਨ ਦੀ ਮੌਤ ਨੂੰ ਛੇਤੀ ਦੇਣੇ ਭੁੱਲ ਜਾਣ ਦੀਆਂ ਦਲੀਲਾਂ ਦਿੰਦੀ। ਹਾਦਸੇ ਨੇ ਮੈਂਨੂੰ ਜ਼ਿੰਦਗੀ ਦੇ ਬਹੁਤ ਅਰਥ ਸਮਝਾ ਦਿੱਤੇ ਸੀ। ਜ਼ਿੰਦਗੀ ਦੇ ਇਹੀ ਅਰਥ ਮੈਂਨੂੰ ਕਾਲਜ ਪੜ੍ਹਦੇ ਇੱਕ ਪੇਂਡੂ ਮੁੰਡੇ ਜਗਤਵੀਰ ਨੇ ਵੀ ਦੱਸੇ ਸੀ, ਪਰ ਉਦੋਂ ਮੈਂ ਜਗਤਵੀਰ ਦੀਆਂ ਗੱਲਾਂ ਵਲ ਧਿਆਨ ਨਹੀਂ ਦਿੰਦੀ ਸੀ। ਮੈਂਨੂੰ ਜਾਪਦਾ, ਜੋ ਜਗਤਵੀਰ ਆਖਦਾ ਹੈ, ਮਿਥਿਆ ਹੈ। ਇਹ ਸੁਪਨੇ ਕਦੋਂ ਪੂਰੇ ਹੋਏ। ਜਗਤਵੀਰ ਦੀਆਂ ਗੱਲਾਂ ਪਰਬਤ ਨਾਲੋਂ ਭਾਰੀਆਂ ਜਾਪਦੀਆਂ। ਮੈਂਨੂੰ ਜਾਪਦਾ, ਜਿਵੇਂ ਮੇਰੀ ਕੋਮਲ ਰੂਹ ਨੂੰ ਕੋਈ ਖ਼ੁਰਦਰੇ ਹੱਥਾਂ ਨਾਲ ਸਹਿਲਾਉਣ ਦਾ ਯਤਨ ਕਰ ਰਿਹਾ ਹੋਵੇ। ਕੋਈ ਜਗਤਵੀਰ ਨੂੰ ਪਾਗਲ ਆਖਦਾ, ਕੋਈ ਮੋਮਬੱਤੀ ਨਾਲ ਸੱਬਲ ਪਿਘਲਾਉਣ ਦਾ ਯਤਨ ਕਰਨ ਵਾਲਾ ਸੁਫ਼ਨਸਾਜ਼। ਉਹ ਸਮਾਰਟ ਫ਼ੋਨ ਦੀ ਥਾਂ ਹੱਥਾਂ ਵਿੱਚ ਕਿਤਾਬ ਲਈ ਪਰੇ ਰੁੱਖਾਂ ਥੱਲੇ ਬਹਿ ਰਹਿੰਦਾ।

ਇੱਕ ਦਿਨ ਉਹ ਰੁੱਖ ਥੱਲੇ ਸੁੱਤਾ ਪਿਆ ਸੀ। ਉਸਦੀ ਹਿੱਕ ਉੱਤੇ ਪਈ ਕਿਤਾਬ ਮੈਂ ਚੁੱਕ ਲਈ। ਕਿਤਾਬ ਦੀਆਂ ਸਤਰਾਂ ਉੱਤੇ ਮੇਰੀ ਨਜ਼ਰ ਜੰਮ ਗਈ। ਸਤਰਾਂ ਦਾ ਅਰਥ ਸੀ ਕਿ ਚਿੜੀਆਂ ਦਾ ਚੰਬਾ ਉਡਕੇ ਕਿਤੇ ਨਹੀਂ ਜਾਵੇਗਾ। ਇੱਥੇ ਹੀ ਕਿਤੇ ਬਹਿਕੇ ਚਰੀਆਂ ਦੀ ਕੰਡ ਹੰਢਾਵੇਗਾ। ਜਗਤਵੀਰ ਦੀ ਅੱਖ ਖੁੱਲ੍ਹ ਗਈ। ਮੇਰੇ ਹੱਥ ਕਿਤਾਬ ਦੇਖ ਉਹ ਮੁਸਕਾਇਆ ਅਤੇ ਬੋਲਿਆ।

“ਸ਼ਾਲੂ, ਇਹ ਸਾਡੇ ਸਮੇਂ ਦਾ ਮਾੜਾ ਸੱਚ ਹੈ। ਇਸ ਨੂੰ ਬਦਲਣਾ ਹੋਵੇਗਾ।”

ਮੈਂ ਕੋਈ ਉੁੱਤਰ ਦਿੱਤੇ ਬਿਨਾਂ ਉਸਦੀ ਕਿਤਾਬ ਮੋੜ ਦਿੱਤੀ। ਉਹ ਹੋਰ ਗੱਲਾਂ ਵੀ ਕਰਨੀਆਂ ਚਾਹੁੰਦਾ ਸੀ, ਪਰ ਮੈਂਨੂੰ ਉਸਦੀਆਂ ਗੱਲਾਂ ਭਾਰੀਆਂ ਜਾਪਦੀਆਂ ਸੀ। ਮੈਂ ਕੋਈ ਜਵਾਬ ਦਿੱਤੇ ਬਿਨਾਂ ਤੁਰ ਗਈ।

ਸਮੇਂ ਦੇ ਮਾੜੇ ਸੱਚ ਦੀ ਭੰਨ ਤੋੜ ਕਰਦਾ ਉਹ ਇੱਕ ਦਿਨ ਮੈਂਨੂੰ ਹੱਥ-ਕੜੀਆਂ ਵਿੱਚ ਜਕੜਿਆ ਮਿਲਿਆ। ਕਿਸੇ ਰਸੂਖ਼ਵਾਨ ਨੇ ਉਸ ’ਤੇ ਇਰਾਦਾ ਕਤਲ ਦਾ ਕੇਸ ਪਵਾ ਦਿੱਤਾ ਸੀ। ਮੈਂਨੂੰ ਉਸ ਨਾਲ ਹੋਏ ਧੱਕੇ ਉੱਤੇ ਅਫ਼ਸੋਸ ਹੋਇਆ। ਜ਼ਿਲ੍ਹਾ ਕਚੈਹਿਰੀ ਵਿੱਚ ਉਹ ਸਿਪਾਹੀਆਂ ਵਿੱਚ ਘਿਰਿਆਂ ਤਰੀਕਾਂ ਭੁਗਤਣ ਆਉਂਦਾ। ਕਦੇ ਕਦੇ ਜਗਤਵੀਰ ਦੀ ਬਿਰਧ ਮਾਂ ਉਸ ਨੂੰ ਕੱਪੜੇ ਵਗੈਰਾ ਫੜਾਉਣ ਕਚਹਿਰੀ ਆਉਂਦੀ। ਜਿਵੇਂ ਹੋਰ ਲੋਕਾਂ ਨੇ ਤਰਕ ਦਿੱਤਾ ਸੀ ਕਿ ਇਸ ਯੁੱਗ ਵਿੱਚ ਅਜਿਹੇ ਲੋਕਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ, ਮੈਂ ਵੀ ਇਸ ਤਰਕ ਉੱਤੇ ਮੋਹਰ ਲਾ ਦਿੱਤੀ। ਮੇਰੇ ਕੋਲ ਡਾਂਸ ਦੀ ਕਲਾ ਸੀ। ਫਿਲਮਾਂ ਵਿੱਚੋਂ ਕੰਮ ਦੇ ਆਉਂਦੇ ਸੱਦਿਆਂ ਨੇ ਮੈਂਨੂੰ ਪੈਰਾਂ ਤੋਂ ਚੁੱਕ ਦਿੱਤਾ। ਮੈਂ ਤਲਿੱਸਮੀ ਸੰਸਾਰ ਦੀਆਂ ਮਹਿੰਗੀਆਂ ਗੱਡੀਆਂ ਵਿੱਚ ਘੁੰਮਣ ਲੱਗੀ। ਮੇਰੀ ਇੱਕ ਆਈਟਮ ਉੱਤੇ ਨੋਟਾਂ ਦਾ ਮੀਂਹ ਵਰਦਾ। ਜਗਤਵੀਰ ਮੇਰੀਆਂ ਸੋਚਾਂ ਵਿੱਚੋਂ ਮਨਫ਼ੀ ਹੋ ਗਿਆ।

ਗੰਨ ਹਾਦਸੇ ਨੇ ਮੇਰਾ ਤਲਿੱਸਮੀ ਸੰਸਾਰ ਤੀਲਾ ਤੀਲਾ ਕਰ ਦਿੱਤਾ। ਮੈਂ ਫ਼ਰਸ਼ ਉੱਤੇ ਆ ਡਿੱਗੀ। ਮੇਰੇ ਜਗਤਵੀਰ ਯਾਦ ਆਿੲਆ। ਉਸਦਾ ਕਿਹਾ ਕਿੰਨਾ ਸੱਚ ਨਿੱਕਲਿਆ ਸੀ। ਸੱਚ ਹੀ ਚਿੜੀਆਂ ਦੇ ਚੰਬੇ ਦੀ ਇਸ ਯੁੱਗ ਨੇ ਕੀ ਹਾਲਤ ਕਰ ਦਿੱਤੀ ਸੀ। ਪਤਾ ਕੀਤਾ, ਜਗਤਵੀਰ ਨੂੰ ਸਜਾ ਬੋਲ ਗਈ ਸੀ।

ਇੱਕ ਵਾਰੀ ਮੁੜ ਤੋਂ ਮਾਂ ਦੇ ਖਿਲਾਰੇ ਚੋਗੇ ਨੂੰ ਚੁਗਣ ਲਈ ਮਜਬੂਰ ਹੋ ਗਈ। ਮਾਂ ਨੇ ਵਿਦੇਸ਼ੀ ਮੁੰਡੇ ਨਾਲ ਮੇਰਾ ਵਿਆਹ ਸਿਰੇ ਚਾੜ੍ਹ ਕੇ ਹੀ ਦਮ ਲਿਆ। ਵਿਦੇਸ਼ੀ ਲਾੜਾ ਕਈ ਦਿਨ ਮੇਰੇ ਕਾਗਜ਼ ਤਿਆਰ ਕਰਵਾਉਂਦਾ ਰਿਹਾ। ਹਰ ਸ਼ਾਮ ਨੂੰ ਆਖਦਾ, “ਮਾਤਾ ਜੀ, ਆਪਾਂ ਸ਼ਾਲੂ ਦੀ ਫ਼ਾਈਲ ਦਾ ਪੇਟ ਭਰਨ ਦੇ ਇੱਕ ਕਦਮ ਹੋਰ ਅੱਗੇ ਵਧ ਗਏ ਹਾਂ।” ਕਾਰ ਉੱਤੇ ਇੱਕ ਫੇਰੀ ਹੋਰ ਲਾ ਕੇ ਆਖਦਾ, “ਲਉ ਜੀ, ਸ਼ਾਲੂ ਰੁਜ਼ਗਾਰ ਸਿਰ ਹੋ ਜਾਵੇ, ਫਿਰ ਅਸੀਂ ਘੁੰਮਣ ਫਿਰਨ ਲਈ ਵਕਤ ਲੱਭਾਂਗੇ।”

ਇੱਕ ਦਿਨ ਉਸਦੀ ਕਦਮ ਕਦਮ ਵਧਦੀ ਫ਼ਾਈਲ ਮਾਂ ਦਾ ਮੂੰਹ ਚਿੜਾਉਣ ਲੱਗੀ। ਰੁਜ਼ਗਾਰ ਦੀ ਪੱਕੀ ਗਰੰਟੀ ਦੇਣ ਵਾਲਾ ਨਾਟਕੀ ਤਰੀਕੇ ਨਾਲ ਆਸਟਰੇਲੀਆ ਦੌੜ ਗਿਆ ਸੀ। ਪਹਿਲੇ ਹਾਦਸੇ ਤੋਂ ਮਗਰੋਂ ਦੂਜੇ ਹਾਦਸੇ ਨੇ ਤਾਂ ਮੈਂਨੂੰ ਲੁੱਟ ਹੀ ਲਿਆ ਸੀ।

ਇੰਨੀ ਵੱਡੀ ਹੋਈ ਧੋਖਾਧੜੀ ਬਾਰੇ ਸੋਚਦੀ ਦਾ ਇੱਕ ਦਿਨ ਬਲੱਡ ਪ੍ਰੈਸ਼ਰ ਵਧ ਗਿਆ। ਡਾਕਟਰਨੀ ਦੇ ਕਹੇ ਸ਼ਬਦ ਛਿਲਤਰ ਵਾਂਗ ਸੀਨੇ ਵਿੱਚ ਲਹਿ ਗਏ: ਪ੍ਰੈਗਨੈਂਟ।

ਮਾਂ ਦੇ ਹੋਸ਼ ਉੁੱਡ ਗਏ।

ਸੱਤ ਪੱਤਣਾਂ ਦੀ ਤਾਰੂ ਮਾਂ ਨੇ ਮੈਂਨੂੰ ਘਰੇਲੂ ਵੈਦਗੀ ਕਰਦੀ ਦਾਈ ਦੇ ਵੱਸ ਪਾ ਦਿੱਤਾ। ਦਾਈ ਮੇਰੀ ਜਿੰਦ ਨੂੰ ਤੂੰਬਾ ਤੂੰਬਾ ਪਿੰਜਦੀ ਰਹੀ। ਅਖ਼ੀਰ ਉਸ ਨੇ ਮੈਂਨੂੰ ਕਲੰਕ ਮੁਕਤ ਕਰ ਕੇ ਹੀ ਦਮ ਲਿਆ। ਮਾਂ ਦਾ ਲਿਆਂਦਾ ਮੁਰਗੇ ਦਾ ਸੂਪ ਮੈਂ ਵਗਾਹ ਕੇ ਮਾਰਿਆ। ਹਾਦਸਿਆਂ ਦੀ ਝੰਬੀ ਆਤਮਾ ਬਾਗੀ ਹੋ ਗਈ।

ਮੈਂ ਜਗਤਵੀਰ ਦੀ ਤਲਾਸ਼ ਵਿੱਚ ਨਿੱਕਲ ਪਈ। ਉਹ ਸਖ਼ਤ ਪਹਿਰੇ ਵਾਲੀ ਜੇਲ ਵਿੱਚ ਬੰਦ ਸੀ। ਮੁਲਾਕਾਤ ਲਈ ਚਾਰਾਜੋਈ ਕੀਤੀ। ਉਹ ਬੜੇ ਤਪਾਕ ਨਾਲ ਮਿਲਿਆ। ਜੀਅ ਤਾਂ ਕਰਦਾ ਸੀ, ਦੁਨੀਆਂ ਦੀਆਂ ਧੋਖੇਬਾਜ਼ੀਆਂ ਬਾਰੇ ਦੱਸਦੀ ਉਸਦੇ ਕੰਧੇ ਉੱਤੇ ਸਿਰ ਧਰ ਕੇ ਰੋਈ ਜਾਵਾਂ, ਪਰ ਜੇਲ ਦੇ ਨਿਯਮਾਂ ਨੇ ਮੈਂਨੂੰ ਰੋਕੀ ਰੱਖਿਆ। ਮੈਂ ਹੋਏ ਧੋਖਿਆਂ ਬਾਰੇ ਦੱਸ ਕੇ ਕਿਹਾ, “ਜਗਤਵੀਰ, ਮੈਂ ਜ਼ਿੰਦਗੀ ਦੀ ਹਾਰੀ ਜੰਗ ਕਿਵੇਂ ਲੜਾਂ?”

ਉਹ ਮੇਰੀਆਂ ਅੱਖਾਂ ਵਿੱਚ ਝਾਕਦਾ ਬੋਲਿਆ, ““ਸ਼ਾਲੂ, ਕੀ ਤੂੰ ਮੈਂਥੋ ਆਸਰਾ ਲੈਣ ਆਈ ਹੈਂ?”

ਮੈਂ ਹਾਂ ਵਿੱਚ ਸਿਰ ਹਿਲਾਇਆ।

“ਸ਼ਾਲੂ ਜਾਹ, ਮੇਰੀ ਬਿਰਧ ਮਾਂ ਦਾ ਆਸਰਾ ਬਣ। ਮੇਰੀ ਉੱਜੜਦੀ ਖ਼ੇਤੀ ਦੀ ਰਾਖੀ ਲਈ ਕੰਧ ਬਣ ਕੇ ਖੜ੍ਹ ਜਾਈਂ। ਤੇਰੀ ਪੀੜ ਬਾਂਝ ਹੋ ਸਕਦੀ ਹੈ, ਪਰ ਮੇਰੇ ਅਸੂਲ ਬਾਂਝ ਨਹੀਂ ਹੋ ਸਕਦੇ। ਛੇਤੀ ਕੋਈ ਚੰਗੀ ਖ਼ਬਰ ਮਿਲੇਗੀ। ਮੇਰੀ ਜ਼ਮਾਨਤ ਦੀ ਅਰਜੀ ਹਾਈ ਕੋਰਟ ਵਿੱਚ ਲੱਗੀ ਹੋਈ ਹੈ।”

ਮੈਂਨੂੰ ਜਾਪਿਆ ਜਿਵੇਂ ਖ਼ੌਲਦੇ ਸਾਗਰਾਂ ਵਿੱਚ ਡੋਲਦੀ ਜਿੰਦ ਦੀ ਬੇੜੀ ਨੂੰ ਕੋਈ ਪੱਤਣ ਦਿਸ ਪਿਆ ਹੋਵੇ। ਮੈਂ ਖੁਸ਼ ਖੁਸ਼ ਵਾਪਸ ਮੁੜਨ ਲੱਗੀ ਤਾਂ ਜਗਤਵੀਰ ਦੀ ਆਵਾਜ਼ ਮੁੜ ਕੰਨੀ ਪਈ, “ਸ਼ਾਲੂ, ਅਗਲੀ ਮੁਲਾਕਾਤ ਉੱਤੇ ਆਉਣ ਵੇਲੇ ਮੇਰੇ ਖੇਤ ਦੀ ਮਿੱਟੀ ਸੰਧੂਰ ਵਾਲੀ ਡੱਬੀ ਵਿੱਚ ਲਿਆਉਣੀ ...।”

ਉਸਦੇ ਜੇਲ ਦੀਆਂ ਸਲਾਖ਼ਾਂ ਨੂੰ ਕੱਸ ਕੇ ਪਾਏ ਮਰਦਾਵੇਂ ਹੱਥਾਂ ਵਲ ਦੇਖ ਮੇਰਾ ਪਸਤ ਹੋਇਆ ਹੌਸਲਾ ਪਰਤ ਆਇਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2265)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)