“ਇਕ ਵਾਰੀ ਤਾਂ ਮੁਣਸ਼ੀ ਦਾ ਫਰਮਾਨ ਸੁਣ ਧਰਤੀ ਘੁੰਮਣ ਲੱਗ ਪਈ। ਮਾਲਖਾਨੇ ਦਾ ਪੁਰਾਣਾ ਰਿਕਾਰਡ ...”
(21 ਮਾਰਚ 2022)
ਜਦੋਂ ਵੀ ਸੰਤ ਸਿੰਘ ਸੇਖੋਂ ਦੀ ਜੀਵਨੀ ‘ਉਮਰਾਂ ਦੇ ਪੰਧ’ ਦੇ ਪੰਨੇ ਪਲਟਦਾ, ਇੱਕ ਪੰਨੇ ’ਤੇ ਨਜ਼ਰ ਅਟਕ ਜਾਂਦੀ। ਜਿਸ ਪੰਨੇ ’ਤੇ ਸੇਖੋਂ ਆਪਣੇ ਬਾਪੂ ਦੇ ਚਲਾਣੇ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਮੰਨਦਾ। ਜੀਵਨੀ ਵਿੱਚ ਖੁੱਭਿਆ ਮੈਂ ਵੀ ਬਾਪੂ ਦੇ ਤੁਰ ਜਾਣ ਮਗਰੋਂ ਵਕਤ ਦੀਆਂ ਪਈਆਂ ਮਾਰਾਂ ਨਾਲ ਹੱਥੋਪਾਈ ਹੁੰਦਾ ਇਸ ਤਰ੍ਹਾਂ ਮਹਿਸੂਸ ਕਰਦਾ, ਇਸ ਵਾਰ ਜਦੋਂ ਮੂਧੇ ਮੂੰਹ ਡਿੱਗਾਂਗਾ ਤਾਂ ਸ਼ਾਇਦ ਮੁੜ ਕੇ ਖੜ੍ਹਾ ਨਾ ਹੋ ਸਕਾਂ। ਪਰ ਪਤਾ ਨਹੀਂ ਕਿਸ ਕੋਨੇ ਵਿੱਚੋਂ ਸਮੇਂ ਦੀ ਕੋਈ ਤਾਕਤ ਜਾਂ ਕੋਈ ਨੇਕ ਬੰਦਾ ਮੇਰੀ ਬਾਂਹ ਆ ਫੜਦਾ। ਮੈਂ ਮੁੜ ਤੋਂ ਤੂਫ਼ਾਨਾਂ ਮੂਹਰੇ ਡਟ ਜਾਂਦਾ।
ਕਿਲੇ ਵਾਲੇ ਸ਼ਹਿਰ ਦੀ ਕਚਹਿਰੀ ਵਿੱਚ ਖਿੱਲਰੀ ਜ਼ਮੀਨ ਦੇ ਟੁਕੜੇ ਇਕੱਠੇ ਕਰਦਾ ਮਾਰਿਆ ਮਾਰਿਆ ਫਿਰ ਰਿਹਾ ਸਾਂ। ਕਚਹਿਰੀ ਦੇ ਪਲ ਪਲ ਬਦਲਦੇ ਤੇਵਰਾਂ ਨੂੰ ਸਮਝਣ ਤੋਂ ਅਸਮਰੱਥ ਸਾਂ। ਜਦੋਂ ਵੀ ਤਰੀਕ ’ਤੇ ਜਾਂਦਾ, ਵਕੀਲ ਦਾ ਮੁਣਸ਼ੀ ਮੈਂਨੂੰ ਦੂਰੋਂ ਹੀ ਖੜ੍ਹਾ ਦਿਸਦਾ। ਮੁਣਸ਼ੀ ਨੂੰ ਦੇਖ ਮੇਰਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਦਾ। ਆਈ ਤਰੀਕ ’ਤੇ ਮੁਣਸ਼ੀ ਮੇਰੇ ਮੋਢੇ ’ਤੇ ਹੱਥ ਮਾਰ ਕਹਿੰਦਾ, “ਦੇਵ ਸਿਆਂ, ਚਿੰਤਾ ਨਾ ਕਰ। ਇੱਥੋਂ ਦੀਆਂ ਤਾਂ ਕੰਧਾਂ ਵੀ ਪੈਸੇ ਮੰਗਦੀਆਂ। ਆਹ ਕਾਗਜ਼ ਤਾਂ ਸੌ ਰੁਪੀਈਏ ਦੀ ਮਾਰ ਆ। ਮਾਰ ਹੰਭਲਾ।” ਸ਼ਾਮ ਤਕ ਵਕੀਲਾਂ ਦੇ ਖੋਖਿਆਂ ਵਿਚਦੀ ਹੰਭਲੇ ਮਾਰਦਾ ਮੈਂ ਭੁੱਖ ਪਿਆਸ ਨਾਲ ਰੋਣ ਹਾਕਾ ਹੋ ਜਾਂਦਾ।
ਇੱਕ ਤਰੀਕ ’ਤੇ ਗਿਆ ਤਾਂ ਮੁਣਸ਼ੀ ਦਾ ਚਿਹਰਾ ਝਮਿਆ ਹੋਇਆ ਸੀ। ਕਹਿੰਦਾ, “ਮੁਰੱਬਾਬੰਦੀ ਵੇਲੇ ਦਾ ਬਸਤਾ ਮਾਲਖਾਨੇ ਵਿੱਚੋਂ ਕਢਵਾਉਣਾ ਪਊ। ਤੇਰੇ ਕਈ ਕਿੱਲਿਆਂ ਦੇ ਨੰਬਰ ਕਿਸੇ ਚਾਰ ਸਾਲੇ ਵਿੱਚ ਚੜ੍ਹਨੋਂ ਰਹਿ ਗਏ। ਇਹ ਵੀ ਚਾਰ ਕੁ ਸੌ ਦੀ ਮਾਰ ਆ। ਮਾਰ ਹੰਭਲਾ।” ਇਕ ਵਾਰੀ ਤਾਂ ਮੁਣਸ਼ੀ ਦਾ ਫਰਮਾਨ ਸੁਣ ਧਰਤੀ ਘੁੰਮਣ ਲੱਗ ਪਈ। ਮਾਲਖਾਨੇ ਦਾ ਪੁਰਾਣਾ ਰਿਕਾਰਡ ਹੰਘਾਲਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਬਾਕੀ ਮੁਣਸ਼ੀ ਨੇ ਇਹ ਵੀ ਦੱਸ ਦਿੱਤਾ ਸੀ ਕਿ ਹੰਭਲਾ ਸੰਭਲ ਕੇ ਮਾਰਾਂ। ਮਾਲਖਾਨੇ ਦੀ ਜਰ ਜਰ ਇਮਾਰਤ ਵਿੱਚ ਸੱਪ ਤੇ ਠੂੰਹੇਂ ਵੀ ਬਹੁਤ ਸੀ। ਅਰਧ ਚਾਨਣੀ ਤੇ ਸਿੱਲ ਭਰੀ ਇਮਾਰਤ ਵਿੱਚ ਪੁਰਾਣਾ ਰਿਕਾਰਡ ਸਾਂਭਿਆ ਹੋਇਆ ਸੀ। ਇੱਕ ਵਾਰੀ ਤਾਂ ਜੀਅ ਵਿੱਚ ਆਇਆ, ਹੱਥ ਫੜੀ ਪਰਚੀ ਸੁੱਟ ਕੇ ਘਰ ਨੂੰ ਭੱਜ ਜਾਵਾਂ। ਟੁੱਟੇ ਦਿਲ ਨਾਲ ਮਾਲਖਾਨਾ ਇੰਚਾਰਜ ਦੀ ਮੁੱਠੀ ਗਰਮ ਕੀਤੀ। ਉਸ ਵੀ ਸੱਪਾਂ ਤੋਂ ਬਚਣ ਦੀ ਤੰਬੀਹ ਕੀਤੀ। ਜਿੱਥੇ ਹੋਰ ਡੰਗ ਵੱਜੀ ਜਾਂਦੇ ਸੀ, ਇੱਕ ਡੰਗ ਸੱਪ ਤੇ ਠੂੰਹਿਆਂ ਦਾ ਖਾਣ ਲਈ ਮੱਕੜੀਆ ਦੇ ਜਾਲ਼ਿਆਂ ਨਾਲ ਭਰੇ ਕਮਰੇ ਵਿੱਚ ਵੜਨ ਹੀ ਲੱਗਾ ਸਾਂ, ਕਿਸੇ ਨੇਕ ਬੰਦੇ ਨੇ ਮੇਰੀ ਬਾਂਹ ਆ ਫੜੀ। ਹਨੇਰੇ ਕਮਰੇ ਵਿੱਚ ਮੈਂਨੂੰ ਉਸ ਬੰਦੇ ਦਾ ਮੂੰਹ ਵੀ ਨਾ ਦਿਸਿਆ। ਪਰ ਉਸਦੇ ਬੋਲਾਂ ਵਿੱਚ ਮੱਚਦੇ ਭਾਂਬੜ ਵਰਗਾ ਸੇਕ ਸੀ। ਕਹਿੰਦਾ, ਵੀਰ, ਜੇ ਜੀਵਨ ਦੀ ਲੋਅ ਮਘਦੀ ਰੱਖਣੀ ਹੋਵੇ ਤਾਂ ਨਾਗਾਂ ਦੇ ਨਿਵਾਸ ਰਹਿਣਾ ਸਿੱਖ ਲੈਣਾ ਚਾਹੀਦਾ। ਆਦਮੀ ਮਹਾਨ ਨਹੀਂ ਹੁੰਦਾ। ਮਹਾਨ ਚੁਣੌਤੀਆਂ ਹੁੰਦੀਆਂ। ਚੁਣੌਤੀਆਂ ਕਬੂਲਣ ਵਾਲਾ ਮਹਾਨ ਬਣ ਜਾਂਦਾ।”
ਉਸ ਬੰਦੇ ਦੇ ਬੋਲਾਂ ਵਿਚਲੇ ਚਾਨਣ ਨੇ ਅੰਧੇਰੇ ਭਰੇ ਕਮਰੇ ਵਿੱਚ ਵੀ ਰੌਸ਼ਨੀ ਕਰ ਦਿੱਤੀ। ਅਸੀਂ ਪੁਰਾਣੀ ਪੋਟਲੀ ਭਾਲ ਕੇ ਹੀ ਦਮ ਲਿਆ। ਬਾਹਰ ਆ ਕੇ ਉਸਨੇ ਦੱਸਿਆ ਕਿ ਉਹ ਘੁੰਮਣ ਪਿੰਡ ਦਾ ਜੱਗਰ ਹੈ। ਗੁਰਦਿਆਲ ਸਿੰਘ ਦੇ ਨਾਵਲ ਪਰਸੇ ਵਰਗੇ ਦ੍ਰਿੜ੍ਹ ਬੋਲਾਂ ਵਾਲੇ ਉਸ ਬੰਦੇ ਦਾ ਕਚਹਿਰੀਆਂ ਵੱਲ ਜਾਂਦੇ ਦਾ ਖੜਕਦਾ ਖੂੰਡਾ ਮੈਂ ਮੰਤਰ ਮੁਗਧ ਹੋ ਕੇ ਦੇਖਦਾ ਰਿਹਾ।
ਸੰਖੇਪ ਜਿਹੀ ਮੁਲਾਕਾਤ ਗਹਿਰੇ ਲਗਾਅ ਵਿੱਚ ਬਦਲ ਗਈ। ਮੈਂ ਜੱਗਰ ਦੇ ਪਿੰਡ ਗਿਆ। ਜਰ ਜਰ ਹਾਲਤ ਵਿੱਚ ਉਸਦਾ ਘਰ ਸੀ। ਹਾਂ, ਉਸਦੇ ਬਾਰ ਮੂਹਰੇ ਖੜ੍ਹਾ ਬੋਹੜ ਜ਼ਰੂਰ ਬੜਾ ਸ਼ਾਨਦਾਰ ਸੀ। ਜ਼ਮੀਨ ਵੀ ਨਾ ਮਾਤਰ। ਇੱਕ ਮੁੰਡਾ ਵਿਆਹਿਆ ਹੋਇਆ ਸੀ। ਮੈਂਨੂੰ ਘਰ ਵਿੱਚ ਫਿਰਦੀ ਨੂੰਹ ਪੰਜਾਬਣ ਨਾ ਜਾਪੀ। ਜੱਗਰ ਨੇ ਆਪ ਹੀ ਘੁੰਢੀ ਖੋਲ੍ਹੀ, “ਮੇਰੀ ਨੂੰਹ ਬੰਗਾਲ ਦੀ ਧੀ ਹੈ। ਮਾਣ ਵਾਲੀ ਗੱਲ ਹੈ, ਇਹ ਪੰਜਾਬੀ ਬੜੀ ਸੋਹਣੀ ਬੋਲਦੀ ਆ। ਤੜਕੇ ਉੱਠ ਕੇ ਸਾਡੇ ਦੋਹਾਂ ਜੀਆਂ ਦੇ ਪੈਰੀਂ ਹੱਥ ਲਾਉਂਦੀ ਆ। ਘਰ ਦਾ ਸਾਰਾ ਕੰਮ ਪੈਰਾਂ ਹੱਥਾਂ ਨਾਲ ਲਾ ਕੇ ਲੈ ਜਾਂਦੀ ਆ।”
ਮੇਰੀ ਨਜ਼ਰ ਜਰ ਜਰ ਘਰ ਨਾਲ ਖੜ੍ਹੀ ਧੜਵੈਲ ਕੋਠੀ ਵੱਲ ਗਈ। ਜੱਗਰ ਬੋਲਿਆ, “ਇਹ ਮੇਰੇ ਬੈਂਕ ਮਨੇਜ਼ਰ ਭਰਾ ਦੀ ਕੋਠੀ ਆ। ਭਰਜਾਈ ਮੇਰੀ ਤੁਰ ਗਈ। ਭਤੀਜੇ ਕਨੇਡਾ ਵਿੱਚ ਹੋਰ ਪੈਸਾ ਕਮਾਉਣ ਗਏ ਆ। ਵੈਸੇ ਭਾਈ ਕੋਲ ਇੱਥੇ ਵੀ ਬਹੁਤ ਪੈਸਾ ਆ। ਪਰ ਬੰਦਿਆਂ ਦੀ ਤਮ੍ਹਾਂ ਦਾ ਕੀ ਕੀਤਾ ਜਾਵੇ? ਪਰ ਬਾਈ ਨੇ ਇੱਕ ਗੱਲ ਮਾੜੀ ਕੀਤੀ, ਕੋਠੀ ਦੀ ਇੱਕ ਵੀ ਬਾਰੀ ਸਾਡੇ ਵੱਲ ਨਹੀਂ ਰੱਖੀ। ਅਸੀਂ ਬੇਸ਼ਕ ਗਰੀਬ ਆਂ, ਪਰ ਸਾਡੇ ਜਿਗਰੇ ਪਰਾਤਾਂ ਜਿੱਡੇ ਆ। ਕੋਈ ਵਕਤ ਆਉਂਦਾ, ਜਦੋਂ ਟੁੱਟੀਆਂ ਬਾਹਾਂ ਗਲ਼ ਨੂੰ ਆਉਂਦੀਆਂ …। ” ਆਖ਼ਰੀ ਵਾਕ ਆਖਦਿਆਂ ਜੱਗਰ ਦੇ ਕੋਇਆਂ ਵਿੱਚ ਪਾਣੀ ਸਿੰਮ ਆਇਆ। ਮਾਹੌਲ ਬੋਝਲ ਬਣ ਗਿਆ। ਪਰ ਜੱਗਰ ਦੇ ਬੋਹੜ ਹੇਠ ਖੇਡਦੇ ਦੋਵੇਂ ਪੋਤਰਿਆਂ ਨੇ ਸਾਡੇ ਵਿਚਕਾਰ ਆ ਆਲਾ ਦੁਆਲਾ ਖੁਸ਼ਨੁਮਾ ਬਣਾ ਦਿੱਤਾ। ਮੁੰਡਿਆਂ ਦੀ ਬੰਗਾਲੀ ਤੇ ਪੰਜਾਬੀ ਨਕਸ਼ਾਂ ਦੀ ਦਿੱਖ ਦੇਖਿਆਂ ਹੀ ਬਣਦੀ ਸੀ।
ਇੱਕ ਦਿਨ ਸੁਨੇਹਾ ਮਿਲਿਆ। ਕਿਸੇ ਗਰੀਬ ਦੀ ਮਦਦ ’ਤੇ ਆਏ ਜੱਗਰ ਦੀ ਪੁਲਿਸ ਨਾਲ ਤਕਰਾਰ ਹੋ ਗਈ। ਕੇਸ ਪੈ ਗਿਆ। ਬਖ਼ਸ਼ੀਖਾਨੇ ਮਿਲਣ ਗਿਆ। ਜੱਗਰ ਕਹਿੰਦਾ, “ਪੁਲਸ ਨੇ ਆਪਣੀ ਤੋਰ ਤੁਰਨਾ ਤੇ ਅਸੀਂ ਆਪਣੀ। ਬੱਸ ਹਾਥੀ ਦੀ ਤੋਰ ਯਾਦ ਰੱਖਿਆ ਕਰੋ।” ਉਸ ਜੇਬ੍ਹ ਵਿੱਚੋਂ ਇੱਕ ਕਤਰਨ ਕੱਢੀ। ਅਖ਼ਵਾਰ ਦੀ ਫ਼ੋਟੋ ਸੀ। “ਆਹ ਉੱਗੀ ਪਿੰਡ ਦੇ ਲੋਕ ਨੇ। ਖੇਤਾਂ ਦੇ ਪੁੱਤ ਪਾਸ਼ ਨੂੰ ਮੋਮਬੱਤੀਆਂ ਬਾਲ ਕੇ ਯਾਦ ਕਰ ਰਹੇ ਆ। ਪਾਸ਼ ਹਰ ਰੋਜ਼ ਜਿਊਂਦਾ ਹੋ ਰਿਹਾ। ਕਿਸੇ ਦਿਨ ਇਸ ਬੰਦੇ ਦੇ ਨਾਂ ’ਤੇ ਮੇਲੇ ਭਰਿਆ ਕਰਨਗੇ। ਦੋ ਤੱਤਾਂ ਦੇ ਪੁਨਰ ਜਨਮ ਬਾਰੇ ਤਾਂ ਮੈਂ ਵੀ ਪੜ੍ਹਿਆ। ਇੱਕ ਤਾਂ ਅੰਬਰ ਦਾ ਤਾਰਾ ਜਦੋਂ ਆਪਣੀ ਅਥਾਹ ਊਰਜਾ ਨਾਲ ਧਮਾਕਾ ਕਰਦਾ ਤਾਂ ਉਹਦੇ ਮਲ਼ਬੇ ਵਿੱਚੋਂ ਨਵਾਂ ਸਿਤਾਰਾ ਪੈਦਾ ਹੁੰਦਾ। ਇੱਕ ਪਾਸ਼ ਵਰਗੇ ਬੰਦੇ, ਜਿਹੜੇ ਸਮਾਜ ਦੀ ਹਿੱਕ ’ਤੇ ਪੈਰ ਧਰ ਕੇ ਨਿੱਤ ਜਵਾਨ ਹੁੰਦੇ ਆ …।”
ਜੱਗਰ ਕੇਸ ਵਿੱਚੋਂ ਵੀ ਬਾਹਰ ਆ ਗਿਆ। ਮਿਲਣ ਗਿਆ ਤਾਂ ਬੋਹੜ ਹੇਠ ਪਰਿਵਾਰ ਦੇ ਨਾਲ ਅਧਰੰਗ ਦੇ ਦੌਰੇ ਮਗਰੋਂ ਕਮਜ਼ੋਰ ਪਿਆ ਮਨੇਜਰ ਭਰਾ ਵੀ ਪਿਆ ਸੀ। ਜੱਗਰ ਦੀ ਨੂੰਹ ਮਨੇਜ਼ਰ ਦੀ ਅਧਰੰਗ ਨਾਲ ਨੁਕਸਾਨੀ ਬਾਂਹ ਦੀ ਮਾਲਿਸ਼ ਕਰ ਰਹੀ ਸੀ। ਚਾਹ ਫੜਾਉਂਦਿਆਂ ਜੱਗਰ ਕਹਿੰਦਾ, “ਇਕ ਰਾਤ ਬਾਈ ਬਿਮਾਰ ਹੋ ਗਿਆ। ਸਾਨੂੰ ਸਵੇਰੇ ਪਤਾ ਲੱਗਾ। ਚੁੱਕ ਕੇ ਹਸਪਤਾਲ ਭੱਜੇ। ਲਾਕ ਡੌਨ ਕਰ ਕੇ ਭਤੀਜੇ ਵੀ ਆਉਣ ਤੋਂ ਅਸਮਰੱਥ ਸੀ। ਮੁਸ਼ਕਲ ਨਾਲ ਜਾਨ ਬਚੀ। ਹੁਣ ਭਾਈ ਇੰਨਾ ਡਰ ਗਿਆ, ਟੁੱਟੇ ਫੁੱਟੇ ਲਫ਼ਜ਼ਾਂ ਵਿੱਚ ਸਾਨੂੰ ਆਖਦਾ, ਕੋਠੀ ਨਹੀਂ ਜਾਣਾ। ਇੱਥੇ ਈ ਰਹਿਣਾ।”
ਜੱਗਰ ਵੱਲ ਦੇਖ ਮੈਂ ਸੋਚਣ ਲੱਗਾ, ਜਿਵੇਂ ਸਰਬੱਤ ਦਾ ਭਲਾ ਚਾਹੁਣ ਵਾਲਾ ਤੁਰ ਗਿਆ ਪੰਜਾਬ ਮੁੜ ਪਰਤ ਆਇਆ ਹੋਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3444)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)