HarnandSBhullar7ਜਿਸ ਮਜ਼ਬੂਤ ਇਰਾਦੇ, ਸਿਰੜ, ਸਾਂਤੀ ਅਤੇ ਜ਼ਾਬਤੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ, ਉਸ ਤੋਂ ...
(21 ਅਕਤੂਬਰ 2021)

 

ਸ਼ਹੀਦ ਭਗਤ ਸਿੰਘ ਨੇ ਕਿਹਾ ਸੀ, ‘ਜਦ ਤਕ ਸਮਾਜਵਾਦੀ ਲੋਕਰਾਜ ਸਥਾਪਤ ਨਹੀਂ ਹੋ ਜਾਂਦਾ ਤੇ ਸਮਾਜ ਦਾ ਵਰਤਮਾਨ ਢਾਂਚਾ ਖ਼ਤਮ ਕਰਕੇ ਉਸ ਦੀ ਥਾਂ ਸਮਾਜ ਖੁਸ਼ਹਾਲੀ ’ਤੇ ਆਧਾਰਿਤ ਨਵਾਂ ਸਮਾਜਿਕ ਢਾਂਚਾ ਨਹੀਂ ਉੱਸਰ ਜਾਂਦਾ, ਜਦ ਤਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ ਉੱਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਡਰਤਾ, ਬਹਾਦਰੀ ਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ। ਨਿਕਟ ਭਵਿੱਖ ਵਿੱਚ ਆਖਰੀ ਯੁੱਧ ਲੜਿਆ ਜਾਵੇਗਾ ਤੇ ਉਹ ਫ਼ੈਸਲਾਕੁੰਨ ਹੋਵੇਗਾ।”

ਸ਼ਹੀਦ ਭਗਤ ਸਿੰਘ ਦੇ ਉਪਰੋਕਤ ਸ਼ਬਦ ਅੱਜ ਵੀ ਓਨੇ ਹੀ ਪ੍ਰਸੰਗਕ ਹਨ ਜਿੰਨੇ ਆਜ਼ਾਦੀ ਦੀ ਜੰਗ ਸਮੇਂ ਪ੍ਰਸੰਗਕ ਸਨ। ਆਜ਼ਾਦੀ ਸਮੇਂ ਸਾਡੀ ਜੰਗ ਇੰਗਲੈਂਡ ਵਰਗੀਆਂ ਸਾਮਰਾਜਵਾਦੀ ਸ਼ਕਤੀਆਂ ਨਾਲ ਸੀ, ਪਰੰਤੂ ਅੱਜ ਅਮਰੀਕਾ ਵਰਗੇ ਦੇਸਾਂ ਦੀਆਂ ਵੱਡੀਆਂ ਸਰਮਾਏਦਾਰ ਕੰਪਨੀਆਂ ਨਾਲ ਹੈ। ਇਨ੍ਹਾਂ ਦੇਸ਼ਾਂ ਦੀਆਂ ਦਿਓ-ਕੱਦ ਕਾਰਪੋਰੇਟਾਂ ਸਭ ਤੋਂ ਪਹਿਲਾਂ ਅਮਰੀਕਾ ਦੇ ਭਾਈਵਾਲ ਦੇਸ਼ਾਂ ਜਿਵੇਂ ਇੰਗਲੈਂਡ, ਇਜ਼ਰਾਈਲ, ਫਰਾਂਸ ਆਦਿ ਦੇਸ਼ਾਂ ਦੀਆਂ ਖ਼ੁਫ਼ੀਆ ਏਜੰਸੀਆਂ ਜ਼ਰੀਏ ਵਿਕਾਸ ਕਰ ਰਹੇ ਦੇਸ਼ਾਂ ’ਤੇ ਆਪਣਾ ਅਧਿਕਾਰ ਸਥਾਪਿਤ ਕਰਨ ਲਈ ਕਠਪੁਤਲੀਆਂ ਸਰਕਾਰਾਂ ਬਣਾਉਂਦੇ ਹਨ। ਇਸ ਤੋਂ ਬਾਅਦ ਕੌਮਾਂਤਰੀ ਵਿੱਤੀ ਸੰਸਥਾਵਾਂ ਜਿਵੇਂ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ ਨਾਲ ਮਿਲ ਕੇ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਕਰਜ਼ ਦੇ ਜਾਲ ਵਿਚ ਫਸਾਇਆ ਜਾਂਦਾ ਹੈ। ਇਹ ਸੰਸਥਾਵਾਂ ਦੇਸ਼ਾਂ ਨਾਲ ਕਰਜ਼ੇ ਮਨਜ਼ੂਰ ਕਰਨ ਤੋਂ ਪਹਿਲਾਂ ਸਪਸ਼ਟ ਤੌਰ ’ਤੇ ਸ਼ਰਤ ਵਜੋਂ ਲਿਖਤੀ ਮੰਗ ਕਰਦੀਆਂ ਹਨ। ਇਨ੍ਹਾਂ ਮੰਗਾਂ ਵਿਚ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਵਿੱਚ ਕਟੌਤੀ ਅਤੇ ਉਨ੍ਹਾਂ ਦੇ ਕੁਦਰਤੀ ਸੋਮਿਆਂ ਨੂੰ ਕਾਰਪੋਰੇਟ ਹੱਥਾਂ ਵਿੱਚ ਸੌਂਪਣ ਦੇ ਸਮਝੌਤੇ ਹੁੰਦੇ ਹਨ। ਇਨ੍ਹਾਂ ਕਾਰਪੋਰੇਟਾਂ ਦੀਆਂ ਗੁਲਾਮ ਭਾਵ ਕਠਪੁਤਲੀ ਸਰਕਾਰਾਂ ਸੁਧਾਰ ਅਤੇ ਢਾਂਚਾ-ਢਲਾਈ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਕੇ ਦੇਸ਼ ਨੂੰ ਕੌਡੀਆਂ ਦੇ ਭਾਅ ਕਾਰਪੋਰੇਟਾਂ ਨੂੰ ਵੇਚਣਾ ਸ਼ੁਰੂ ਕਰ ਦਿੰਦੇ ਹਨ। ਇਸ ਤਰ੍ਹਾਂ ਵਾਸ਼ਿੰਗਟਨ ਵਿਚ ਬੈਠੇ ਦਫਤਰੀ ਬਾਬੂਆਂ ਕੋਲ ਏਸ਼ੀਆ, ਦੱਖਣੀ ਅਮਰੀਕਾ ਅਤੇ ਅਫ਼ਰੀਕਾ ਦੇ ਕਰੋੜਾਂ ਲੋਕਾਂ ਦੀ ਹੋਣੀ ਬਾਰੇ ਫੈਸਲੇ ਲੈਣ ਦੀ ਤਾਕਤ ਹੱਥਾਂ ਵਿੱਚ ਆ ਜਾਂਦੀ ਹੈ। ਇਹ ਬਾਬੂ ਆਪਣੇ ਮੇਜਾਂ ’ਤੇ ਪਏ ਕੰਪਿਊਟਰਾਂ ਅਤੇ ਲੈਪਟਾਪਾਂ ਜ਼ਰੀਏ ਦੁਨੀਆਂ ਨੂੰ ਕੰਟਰੋਲ ਕਰਨ ਦੀ ਤਾਕਤ ਰੱਖਦੇ ਹਨ। ਇਸ ਸਭ ਪ੍ਰਕਿਰਿਆ ਤੋਂ ਬਾਅਦ ਮਾਨਸਿਕ, ਆਰਥਿਕ, ਰਾਜਨੀਤਕ, ਅਤੇ ਸਮਾਜਿਕ ਪੱਖੋਂ ਗੁਲਾਮ ਬਣਾਏ ਦੇਸ਼ਾਂ ਵਿੱਚ ਬੇਰੁਜ਼ਗਾਰੀ, ਭੁੱਖਮਰੀ, ਗ਼ਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ, ਅੱਤਵਾਦ, ਅੱਤਿਆਚਾਰ, ਦੰਗੇ, ਕਤਲੇਆਮ, ਜੰਗਾਂ, ਯੁੱਧ ਅਤੇ ਗ੍ਰਹਿ ਯੁੱਧ ਵਰਗੀਆਂ ਪ੍ਰਸਥਿਤੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਪਿੱਛੇ ਕਾਰਪੋਰੇਟ ਤੇ ਰਾਜਨੀਤੀ ਦੀ ਮਿਲੀਭੁਗਤ ਹੁੰਦੀ ਹੈ।

ਭਾਰਤ ਵਿੱਚ ਅੱਜ ਅਮਰੀਕਾ ਵਰਗੇ ਦੇਸ਼ਾਂ ਦੇ ਕਾਰਪੋਰੇਟ ਘਰਾਣਿਆਂ ਦਾ ਰਾਜ ਹੈ। 1991 ਦੀਆਂ ਆਰਥਿਕ ਨੀਤੀਆਂ ਤੋਂ ਬਾਅਦ ਦੇਸ਼ ਦੀਆਂ ਸਰਕਾਰਾਂ ਦੇਸ਼ ਨੂੰ ਪ੍ਰਾਈਵੇਟਕਰਨ ਵੱਲ ਧੱਕ ਰਹੀਆਂ ਹਨ। ਪਹਿਲਾਂ ਪ੍ਰਾਈਵੇਟਕਰਨ ਦੀ ਰਫ਼ਤਾਰ ਕੁਝ ਮੱਠੀ ਸੀ, ਪ੍ਰੰਤੂ 2014 ਦੀ ਮੋਦੀ ਸਰਕਾਰ ਸਮੇਂ ਇਹ ਰਫ਼ਤਾਰ ਤੇਜ਼ੀ ਨਾਲ ਵਧ ਚੁੱਕੀ ਹੈ। ਦੇਸ਼ ਦਾ ਸਰਮਾਇਆ ਜਿਵੇਂ ਕੋਇਲਾ ਖਾਨਾ, ਖੇਤੀਬਾੜੀ, ਜੰਗਲ, ਬੰਦਰਗਾਹਾਂ, ਬਿਜਲੀ, ਰੇਲਵੇ, ਹਵਾਈ ਜਹਾਜ਼ ਆਦਿ ਸਭ ਕਾਰਪੋਰੇਟਾਂ ਹਵਾਲੇ ਕੀਤਾ ਜਾ ਰਿਹਾ ਹੈ। ਰਾਜਨੀਤਕ ਤੇ ਕਾਰਪੋਰੇਟ ਦੀ ਅਜਿਹੀ ਜੋਟੀ ਕਾਰਨ ਦੇਸ਼ ਦੇ ਆਮ ਲੋਕ ਆਰਥਿਕ ਪੱਖੋਂ ਕਮਜ਼ੋਰ ਹੋ ਚੁੱਕੇ ਹਨ। ਅੱਜ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਜਾ ਰਹੀਆਂ ਹਨ। ਨੋਟਬੰਦੀ ਅਤੇ ਤਾਲਾਬੰਦੀ ਨੇ ਇਸ ਵਿੱਚ ਹੋਰ ਵਾਧਾ ਕੀਤਾ। ਦੇਸ਼ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ, ਅੱਤਿਆਚਾਰ, ਦੰਗੇ, ਕਤਲੇਆਮ, ਜ਼ੁਲਮ, ਔਰਤਾਂ ਨਾਲ ਦਰਿੰਦਗੀ ਵਰਗੀਆਂ ਮਾਰੂ ਤੋਹਮਤਾਂ ਦਾ ਸ਼ਿਕਾਰ ਹੋ ਚੁੱਕਾ ਹੈ। ਪਰ ਇਸ ਸਭ ਤੋਂ ਧਿਆਨ ਭਟਕਾਉਣ ਲਈ ਸਰਕਾਰ ਦੇਸ਼ ਦੇ ਬਹੁਗਿਣਤੀ ਨੂੰ ਖਤਰਾ ਹੋਣ ਦੀ ਦੁਹਾਈ ਦੇ ਕੇ ਇਕ ਫਿਰਕੇ ਦੇ ਲੋਕਾਂ ਨੂੰ ਇਕਜੁੱਟ ਕਰ ਰਹੀ ਹੈ। ਫ਼ਿਰਕਾਪ੍ਰਸਤੀ ਦੇ ਡੰਗੇ ਅਜਿਹੇ ਲੋਕ, ਜਿਨ੍ਹਾਂ ਦਾ ਆਪਣੀ ਮਾਨਸਿਕਤਾ ’ਤੇ ਕੋਈ ਕੰਟਰੋਲ ਨਹੀਂ ਹੁੰਦਾ, ਧਰਮ ਦੇ ਨਾਂ ’ਤੇ ਮਰਨ-ਮਾਰਨ ਤੱਕ ਚਲੇ ਜਾਂਦੇ ਹਨ। ਭੀੜਤੰਤਰ ਵੱਲੋਂ ਘੱਟ ਗਿਣਤੀਆਂ ਅਤੇ ਦਲਿਤ ਲੋਕਾਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਵਰਗੇ ਕਾਨੂੰਨ ਬਣਾ ਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ। ਪਰੰਤੂ ਮੋਦੀ ਸਰਕਾਰ ‘ਦੇਸ਼ ਵਿਕਾਸ ਕਰ ਰਿਹਾ ਹੈ’ ਜਿਹੇ ਸ਼ਬਦਾਂ ਨਾਲ ਦੇਸ਼ ਨੂੰ ਭਰਮਾਉਣ ਦੀਆਂ ਕੋਸ਼ਿਸਾਂ ਵਿੱਚ ਲੱਗੀ ਹੋਈ ਹੈ।

ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਰੇਲਵੇ ਟਰੈਕ ਦੇ ਧਰਨਿਆਂ ਤੋਂ ਲੈ ਕੇ ਦਿੱਲੀ ਦੀਆਂ ਬਰੂਹਾਂ ਤੱਕ ਲਗਪਗ ਇਕ ਸਾਲ ਪੂਰਾ ਕਰ ਚੁੱਕਾ ਹੈ। ਅੰਤਰਰਾਸ਼ਟਰੀ ਪ੍ਰਸਿੱਧੀ ਹਾਸਲ ਕਰ ਚੁੱਕੇ ਇਸ ਅੰਦੋਲਨ ਨੇ ਮੋਦੀ ਸਰਕਾਰ ਅਤੇ ਕਾਰਪੋਰੇਟਵਾਦ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ। ਕਿਸਾਨ ਜਥੇਬੰਦੀਆਂ ਨੇ ਆਪਸੀ ਏਕਤਾ ਸਥਾਪਤ ਕਰ ਕੇ ਸਾਰੇ ਦੇਸ਼ ਨੂੰ ਏਕਤਾ ਦੇ ਸੂਤਰ ਵਿੱਚ ਬੰਨ੍ਹ ਦਿੱਤਾ। ਅੱਜ ਹਰ ਧਰਮ ਅਤੇ ਜਾਤੀ ਦੇ ਲੋਕ ਇਸ ਸੰਘਰਸ਼ ਵਿਚ ਸ਼ਾਮਿਲ ਹੋ ਚੁੱਕੇ ਹਨ। ਅੰਤਰਰਾਸ਼ਟਰੀ ਪੱਧਰ ਦੀਆਂ ਸਨਮਾਨਤ ਹਸਤੀਆਂ ਜਿਵੇਂ ਨਿਓਮ ਚੌਮਸਕੀ, ਗਰੇਟਾ ਥੁਨਬਰਗ ਆਦਿ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਕਿਸਾਨ ਅੰਦੋਲਨ ਨੂੰ ਦੇਸ਼ ਵਿਚ ਰੇਲਵੇ, ਟਰੱਕ, ਬਿਜਲੀ ਅਤੇ ਅਧਿਆਪਕ ਵਰਗੀਆਂ ਜਥੇਬੰਦੀਆਂ ਤੋਂ ਇਲਾਵਾ ਲੇਖਕ, ਕਲਾਕਾਰ, ਵਿਦਿਆਰਥੀਆਂ, ਔਰਤਾਂ ਆਦਿ ਹਰ ਵਰਗ ਦਾ ਸਮਰਥਨ ਪ੍ਰਾਪਤ ਹੈ।

ਕਿਸਾਨਾਂ ਵੱਲੋਂ ਗਿਆਰਾਂ ਗੇੜ ਵਿਚ ਸਰਕਾਰ ਨਾਲ ਕੀਤੀ ਵਾਰਤਾਲਾਪ ਦਾ ਸਰਕਾਰ ਕੋਲ ਕੋਈ ਜਵਾਬ ਨਹੀਂ। ਇਸ ਲਈ ਸਰਕਾਰ ਅੰਦੋਲਨ ਨੂੰ ਕਾਮਰੇਡ, ਖਾਲਿਸਤਾਨੀ, ਮਾਓਵਾਦੀ ਅਤੇ ਪਾਕਿਸਤਾਨੀ ਆਦਿ ਜਿਹੇ ਸ਼ਬਦਾਂ ਨਾਲ ਵੰਡਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਜਦੋਂ ਇਸ ਦਾ ਕੋਈ ਅਸਰ ਹੁੰਦਾ ਨਾ ਵੇਖਿਆ ਤਾਂ ਉਸ ਨੇ ਅੰਦੋਲਨ ਨੂੰ ਹਿੰਸਕ ਬਣਨ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। 26 ਜਨਵਰੀ ਦੀ ਘਟਨਾ ਤੋਂ ਅੰਦੋਲਨ ਨੂੰ ਦੋਫਾੜ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸਿੰਘੂ ਬਾਰਡਰ 'ਤੇ ਪੱਥਰਬਾਜ਼ੀ ਕਰਨਾ, ਕਰਨਾਲ ਵਿੱਚ ਐੱਸਡੀਐੱਮ ਵਲੋਂ ਪੁਲਸ ਕਰਮਚਾਰੀਆਂ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਸਿਰ ਭੰਨਣ ਲਈ ਉਕਸਾਉਣਾ, ਜਿਸ ਵਿੱਚ ਪੁਲੀਸ ਦੀਆਂ ਲਾਠੀਆਂ ਕਾਰਨ ਇਕ ਕਿਸਾਨ ਸ਼ਹੀਦ ਹੋ ਗਿਆ ਅਤੇ ਤਾਜ਼ਾ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿੱਚ ਵਾਪਰੀ ਹੈ। ਇਸ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਾਂਤਮਈ ਪ੍ਰਦਰਸ਼ਨ ਕਰ ਕੇ ਵਾਪਸ ਜਾ ਰਹੇ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਦਿੱਤੀਆਂ, ਜਿਸ ਕਾਰਨ ਚਾਰ ਕਿਸਾਨ ਸ਼ਹੀਦ ਹੋ ਗਏ ਅਤੇ ਕਈ ਜ਼ਖਮੀ ਹੋ ਗਏ। ਇਸ ਤੋਂ ਬਾਅਦ ਗੱਡੀਆਂ ਨੂੰ ਅੱਗ ਲੱਗਣ ਕਾਰਨ ਭਾਜਪਾ ਦੇ ਤਿੰਨ ਵਿਅਕਤੀ ਵੀ ਮਾਰੇ ਗਏ ਅਤੇ ਇਕ ਪੱਤਰਕਾਰ ਦੀ ਮੌਤ ਹੋ ਗਈ। ਇਸ ਘਟਨਾ ਦਾ ਸਾਰੇ ਦੇਸ਼ ਵਿਚ ਵਿਰੋਧ ਹੋਇਆ ਅਤੇ ਵਿਰੋਧੀ ਪਾਰਟੀਆਂ ਵੀ ਇਸ ਘਟਨਾ ਕਾਰਨ ਸਰਕਾਰ ਵਿਰੁੱਧ ਮੈਦਾਨ ਵਿਚ ਨਿੱਤਰ ਆਈਆਂ। ਸਰਕਾਰ ਦੁਆਰਾ ਅਜਿਹੀਆਂ ਹਿੰਸਕ ਵਾਰਦਾਤਾਂ ਦੇ ਬਾਵਜੂਦ ਵੀ ਕਿਸਾਨ ਅੰਦੋਲਨ ਹੁਣ ਤੱਕ 700 ਦੇ ਲਗਭਗ ਕਿਸਾਨਾਂ ਦੀਆਂ ਸ਼ਹੀਦੀਆਂ ਦੇ ਬਾਵਜੂਦ ਸ਼ਾਂਤਮਈ ਪ੍ਰਦਰਸ਼ਨ ਕਰਦਾ ਰਿਹਾ ਅਤੇ ਕਰ ਰਿਹਾ ਹੈ। ਕਿਉਂਕਿ ਕਿਸਾਨ ਸਰਕਾਰ ਦੀਆਂ ਹਿੰਸਾ ਲਈ ਉਕਸਾਉਣ ਵਾਲੀਆਂ ਸਾਜ਼ਿਸ਼ਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿ ਉਹ ਅੰਦੋਲਨ ਹਿੰਸਕ ਦਿਸ਼ਾ ਵਿੱਚ ਲਿਜਾ ਕੇ ਖਤਮ ਕਰਨਾ ਚਾਹੁੰਦੀ ਹੈ।

ਸੰਘਰਸ਼ ਦੀ ਵਿਸ਼ਾਲ ਲਾਮਬੰਦੀ ਦੇ ਬਾਵਜੂਦ ਵੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਦਰਅਸਲ ਕਿਸਾਨਾਂ ਦਾ ਇਹ ਸੰਘਰਸ਼ ਕਾਰਪੋਰੇਟ ਵਿਰੁੱਧ ਅਤੇ ਲੋਕਰਾਜ ਦੀ ਸਥਾਪਤੀ ਲਈ ਲੜਿਆ ਜਾ ਰਿਹਾ ਇਕ ਵਿਸ਼ਾਲ ਅੰਦੋਲਨ ਹੈ। ਲੋਕਾਂ ਵਿੱਚ ਵੰਡੀਆਂ ਪਾਉਣ ਵਾਲੀਆਂ ਸਰਕਾਰਾਂ ਅੰਦੋਲਨ ਤੋਂ ਇਸ ਲਈ ਡਰ ਰਹੀਆਂ ਹਨ ਕਿਉਂਕਿ ਹੁਣ ਤੱਕ ਉਹ ਅੰਗਰੇਜ਼ਾਂ ਦੀ ਵੰਡ ਪਾਓ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਚੱਲ ਰਹੀਆਂ ਸਨ। ਪਰ ਕਿਸਾਨ ਅੰਦੋਲਨ ਨੇ ਸਰਕਾਰ ਦੀਆਂ ਇਨ੍ਹਾਂ ਸਾਜਿਸਾਂ ਤੋਂ ਪਰਦਾ ਹਟਾ ਕੇ ਸਭ ਧਰਮਾਂ ਅਤੇ ਜਾਤੀ ਦੇ ਲੋਕਾਂ ਵਿੱਚ ਏਕਤਾ ਸਥਾਪਤ ਕਰ ਦਿੱਤੀ ਹੈ। ਇਸ ਸੰਘਰਸ਼ ਨੇ ਰਾਜਨੀਤਕ ਅਤੇ ਕਾਰਪੋਰੇਟ ਦੀਆਂ ਮਿਲ ਕੇ ਚੱਲੀਆਂ ਜਾ ਰਹੀਆਂ ਚਾਲਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਹੈ। ਇਹ ਸੰਘਰਸ਼ ਸਦੀਆਂ ਤੋਂ ਲਤਾੜੇ ਜਾ ਰਹੇ ਲੋਕਾਂ ਦੀ ਹੋਣੀ ਨੂੰ ਬਦਲਣ ਦਾ ਲਈ ਹੈ। ਇਹ ਫਾਸ਼ੀਵਾਦ ਦੇ ਖਾਤਮੇ ਅਤੇ ਕਾਰਪੋਰੇਟ ਨੂੰ ਜੜ੍ਹੋਂ ਉਖੇੜਨ ਲਈ ਲੜੀ ਜਾ ਰਹੀ ਜੰਗ ਹੈ। ਇਹ ਸੰਘਰਸ਼ ਰਾਜਨੀਤਕ, ਆਰਥਿਕ ਅਤੇ ਸਮਾਜਿਕ ਬਰਾਬਰੀ ਲਈ ਲੜਿਆ ਜਾ ਰਿਹਾ ਹੈ ਅਤੇ ਜੰਗਾਂ-ਯੁੱਧਾਂ ਵਰਗੇ ਤਨਾਅ ਨੂੰ ਖਤਮ ਕਰਕੇ ਮਨੁੱਖਤਾ ਉੱਤੇ ਅਸਲ ਤੇ ਸਥਾਈ ਅਮਨ ਦੀ ਸਥਾਪਤੀ ਲਈ ਹੈ। ਇਸ ਤਰ੍ਹਾਂ ਇਹ ਸੰਘਰਸ਼ ਸ਼ਹੀਦ ਭਗਤ ਸਿੰਘ ਦੇ ਕਹੇ ਸ਼ਬਦ ਨੂੰ ਸੱਚ ਕਰਦਾ ਪ੍ਰਤੀਤ ਹੋ ਰਿਹਾ ਹੈ, ਜੋ ਲੋਕਰਾਜ ਦੀ ਸਥਾਪਤੀ ਲਈ ਨਵੇਂ ਜੋਸ਼, ਵਧੇਰੇ ਨਿਡਰਤਾ, ਬਹਾਦਰੀ ਅਤੇ ਅਟੱਲ ਇਰਾਦੇ ਨਾਲ ਲੜਿਆ ਜਾ ਰਿਹਾ ਹੈ। ਅਸੀਂ ਕਹਿ ਸਕਦੇ ਹਾਂ ਕਿ ਜਿਸ ਮਜ਼ਬੂਤ ਇਰਾਦੇ, ਸਿਰੜ, ਸਾਂਤੀ ਅਤੇ ਜ਼ਾਬਤੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ, ਉਸ ਤੋਂ ਸਾਨੂੰ ਇਸ ਸੰਘਰਸ਼ ਦੀ ਜਿੱਤ ਯਕੀਨੀ ਨਜ਼ਰ ਆਉਂਦੀ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3093)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author