“ਇਸ ਮਾੜੀ ਸਥਿਤੀ ਪਿੱਛੇ ਕੀ ਕਾਰਨ ਹਨ,ਸਾਡੇ ਲਈ ਸੋਚਣਾ ...”
(23 ਮਾਰਚ 2019)
ਯੁੱਗਪੁਰਸ਼ ਸ਼ਹੀਦ ਭਗਤ ਸਿੰਘ ਇੱਕ ਮਹਾਨ ਚਿੰਤਕ ਸਨ ਜੋ ਇਤਿਹਾਸ ਦਾ ਰੁਖ ਬਦਲਣ ਦਾ ਜਿਗਰਾ ਰੱਖਦੇ ਸਨ। 23 ਸਾਲ ਦੀ ਛੋਟੀ ਜਿਹੀ ਉਮਰ ਵਿੱਚ ਵਿਸ਼ਵ ਦਾ ਅਧਿਐਨ ਕਰਨਾ, ਆਪਣੇ ਕ੍ਰਾਂਤੀਕਾਰੀ ਵਿਚਾਰਾਂ ਦੁਆਰਾ ਸਮੇਂ ਦੇ ਸਮਾਜ ਨੂੰ ਪ੍ਰਭਾਵਤ ਕਰਨਾ, ਕ੍ਰਾਂਤੀ ਲਈ ਨੌਜਵਾਨ ਪੀੜ੍ਹੀ ਨੂੰ ਲਾਮਬੰਦ ਕਰਨਾ ਅਤੇ ਮੌਤ ਦੇ ਦਰਵਾਜੇ ਤੱਕ ਵੀ ਬੇਖੌਫ਼ ਰਹਿਣਾ ਇੱਕ ਅਨੌਖੀ ਮਿਸਾਲ ਪੈਦਾ ਕਰਦਾ ਹੈ।
ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਭਵਿੱਖ ਨੂੰ ਲੈ ਕੇ ਚਿੰਤਤ ਹੈ। ਪੜ੍ਹੇ ਲਿਖੇ ਨੌਜਵਾਨ ਮੁੰਡੇ-ਕੁੜੀਆਂ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ। ਬੇਰੁਜ਼ਗਾਰੀ ਕਾਰਨ ਪਰੇਸ਼ਾਨ ਨੌਜਵਾਨ ਪੀੜ੍ਹੀ ਨਸ਼ਿਆਂ, ਹਥਿਆਰਾਂ ਅਤੇ ਗੈਂਗਸਟਰਾਂ ਜਿਹੀਆਂ ਅਲਾਮਤਾਂ ਦਾ ਸ਼ਿਕਾਰ ਹੋ ਰਹੀ ਹੈ। ਜ਼ਿਆਦਾਤਰ ਨੌਜਵਾਨ ਆਪਣੇ ਭਵਿੱਖ ਨੂੰ ਸੰਵਾਰਨ ਖਾਤਰ ਵਿਦੇਸ਼ਾਂ ਨੂੰ ਪ੍ਰਵਾਸ ਕਰ ਰਹੇ ਹਨ। ਸਾਡੀ ਜਵਾਨੀ ਜੇਕਰ ਉਪਰੋਕਤ ਰਸਤਿਆਂ ’ਤੇ ਚੱਲਣ ਲੱਗੀ ਤਾਂ ਸਾਡਾ ਭਵਿੱਖ ਕੀ ਹੋਵੇਗਾ, ਇਹ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ।
ਇਸ ਮਾੜੀ ਸਥਿਤੀ ਪਿੱਛੇ ਕੀ ਕਾਰਨ ਹਨ, ਸਾਡੇ ਲਈ ਸੋਚਣਾ ਬਣਦਾ ਹੈ। ਜੇਕਰ ਅਸੀਂ ਗਹਿਰਾਈ ਨਾਲ ਸੋਚੀਏ ਤਾਂ ਸਾਮਰਾਜਵਾਦੀ ਤਾਕਤਾਂ ਦੁਆਰਾ ਆਪਣੇ ਸਮਾਜ ਨੂੰ ਬੇੜੀਆਂ ਦੁਆਰਾ ਜਕੜਿਆ ਵੇਖਾਂਗੇ। ਸ਼ਹੀਦ ਭਗਤ ਸਿੰਘ ਦੇ ਸਮੇਂ ਇੰਗਲੈਡ ਵਰਗੇ ਸਾਮਰਾਜਵਾਦੀ ਦੇਸ਼ ਦੂਸਰੇ ਦੇਸ਼ਾਂ ਨੂੰ ਸਿੱਧੇ ਤੌਰ ਤੇ ਗੁਲਾਮ ਬਣਾਉਂਦੇ ਸਨ ਅਤੇ ਗੁਲਾਮ ਦੇਸ਼ਾਂ ਉੱਤੇ ਸਰੀਰਕ ਅਤੇ ਮਾਨਸਿਕ ਤੌਰ ’ਤੇ ਅੱਤਿਆਚਾਰ ਕਰਦੇ ਸਨ, ਜਿਸ ਕਾਰਨ ਗੁਲਾਮ ਦੇਸ਼ ਦਰਿੱਦਰਤਾ ਅਤੇ ਅੱਤਿਆਚਾਰੀ ਦਾ ਸ਼ਿਕਾਰ ਹੁੰਦੇ ਸਨ। ਪ੍ਰੰਤੂ ਸਾਡਾ ਅਜੋਕਾ ਸਮਾਜ ਅਮਰੀਕਾ ਵਰਗੇ ਸਾਮਰਾਜ ਦਾ ਸ਼ਿਕਾਰ ਹੈ ਜੋ ਸਾਡੇ ਵਰਗੇ ਦੇਸ਼ਾਂ ਨੂੰ ਅਸਿੱਧੇ ਤੌਰ ’ਤੇ ਗੁਲਾਮ ਬਣਾਉਂਦਾ ਹੈ ਅਤੇ ਦੇਸ਼ਾਂ ਦਾ ਸਰਮਾਇਆ ਆਪਣੇ ਦੁਆਰਾ ਪੈਦਾ ਕੀਤੀਆਂ ਅੰਤਰਾਸ਼ਟਰੀ ਪੱਧਰ ’ਤੇ ਕੰਪਨੀਆਂ ਦੁਆਰਾ ਲੁੱਟਦਾ ਹੈ। ਅਮਰੀਕਾ ਤੋਂ ਇਲਾਵਾ ਸਾਡੇ ਆਪਣੇ ਦੇਸ਼ ਦੇ ਸਾਮਰਾਜੀ ਸੋਚ ਦੇ ਲੋਕ ਵੀ ਹਨ ਜੋ ਦੇਸ਼ ਦਾ ਸਾਰਾ ਸਰਮਾਇਆ ਬੜੀ ਤੇਜ਼ੀ ਨਾਲ ਆਪਣੀ ਪਕੜ ਵਿੱਚ ਲੈ ਰਹੇ ਹਨ। ਇਸ ਸਾਮਰਾਜਵਾਦੀ ਸੋਚ ਦੁਆਰਾ ਦੇਸ਼ ਦਾ ਸਰਮਾਇਆ ਮੁੱਠੀ ਭਰ ਲੋਕਾਂ ਦੀਆਂ ਤਿਜੌਰੀਆਂ ਵਿੱਚ ਇਕੱਠਾ ਹੋ ਰਿਹਾ ਹੈ ਅਤੇ ਰਾਜਨੀਤਿਕ ਹਾਕਮ ਇਨ੍ਹਾਂ ਮੁੱਠੀ ਭਰ ਲੋਕਾਂ ਦੀ ਰਹਿਨੁਮਾਈ ਕਰਦੇ ਹਨ।
ਉਪਰੋਕਤ ਸਾਮਰਾਜੀ ਸੋਚ ਦੇ ਕਾਰਨਾਂ ਕਰਕੇ ਸਮਾਜ ਦੀ ਬੁਹਗਿਣਤੀ ਗਰੀਬੀ ਅਤੇ ਮੰਦਹਾਲੀ ਦਾ ਸ਼ਿਕਾਰ ਹੁੰਦੀ ਹੈ, ਜਿਸ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ, ਗ਼ਰੀਬੀ, ਵਾਤਾਵਰਨ ਦਾ ਨੁਕਸਾਨ ਅਤੇ ਬੀਮਾਰੀਆਂ ਆਦਿ ਫੈਲਦੀਆਂ ਹਨ।
ਅਜ਼ਾਦੀ ਦੇ ਸਮੇਂ ਸ਼ਹੀਦ ਭਗਤ ਸਿੰਘ ਨੇ ਇੰਗਲੈਡ ਵਰਗੀਆਂ ਸਾਮਰਾਜੀ ਤਾਕਤਾਂ ਨੂੰ ਵੰਗਾਰਿਆ ਸੀ ਅਤੇ ਸਾਰੇ ਦੇਸ਼ ਵਿੱਚ ਅੰਗਰੇਜ਼ਾਂ ਦੀਆਂ ਮਾੜੀਆਂ ਨੀਤੀਆਂ ਨੂੰ ਸਮਾਜ ਵਿੱਚ ਨੰਗਾ ਕੀਤਾ ਸੀ। ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਰਕੇ ਨੌਜਵਾਨ ਪੀੜ੍ਹੀ ਨੂੰ ਅੰਗਰੇਜ਼ਾਂ ਦੀਆਂ ਨੀਤੀਆਂ ਤੋਂ ਵਾਕਫ ਕਰਵਾਇਆ ਅਤੇ ਉਨ੍ਹਾਂ ਨੂੰ ਦੱਸਿਆ ਸੀ ਕਿ ਸਾਡਾ ਦੇਸ਼ ਜੋ ਕਿਸੇ ਸਮੇਂ ਸੰਸਾਰ ਵਿੱਚ ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅੱਜ ਗਰੀਬੀ ਅਤੇ ਬੀਮਾਰੀਆਂ ਨਾਲ ਜਕੜਿਆ ਹੋਇਆ ਹੈ। ਅੰਗਰੇਜ਼ ਸਾਡੇ ਦੇਸ਼ ਦਾ ਸਰਮਾਇਆ ਲੁੱਟ ਕੇ ਇੰਗਲੈਡ ਵਿੱਚ ਬੇਸ਼ੁਮਾਰ ਦੌਲਤ ਇਕੱਠੀ ਕਰ ਰਹੇ ਹਨ ਅਤੇ ਸਾਡੇ ਦੇਸ਼ ਨੂੰ ਗਰੀਬੀ ਵੱਲ ਧੱਕ ਰਹੇ ਹਨ। ਅਗਰੇਜ਼ ਅੱਜ ਸਾਡੇ ਲੋਕਾਂ ਨੂੰ ਕੁੱਟ ਰਹੇ ਹਨ, ਉਨ੍ਹਾਂ ਦਾ ਕਤਲ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਲੁੱਟ ਰਹੇ ਹਨ ਪਰ ਅਸੀਂ ਹੱਥ ਉੱਤੇ ਹੱਥ ਧਰ ਕੇ ਨਹੀਂ ਬੈਠ ਸਕਦੇ। ਸਾਨੂੰ ਨੌਜਵਾਨਾਂ ਨੂੰ ਅੰਗਰੇਜ਼ਾਂ ਨੂੰ ਜਵਾਬ ਦੇਣਾ ਪਵੇਗਾ।
ਸ਼ਹੀਦ ਭਗਤ ਸਿੰਘ ਸਾਮਰਾਜਵਾਦ ਦਾ ਖਾਤਮਾ ਕਰਕੇ ਸਮਾਜਵਾਦ ਦੀ ਸਥਾਪਨਾ ਕਰਨ ਲੋਚਦੇ ਸਨ ਤਾਂ ਕਿ ਮਨੁੱਖ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਨੂੰ ਖਤਮ ਕੀਤਾ ਜਾ ਸਕੇ। ਸ਼ਹੀਦ ਭਗਤ ਸਿੰਘ ਦਾ ਅਧਿਐਨ ਖੇਤਰ ਕਾਫੀ ਵਿਸ਼ਾਲ ਸੀ। ਉਨ੍ਹਾਂ ਨੇ ਸਾਮਰਾਜ ਖਿਲਾਫ ਹੋਈਆ ਕ੍ਰਾਂਤੀਆਂ ਦਾ ਗਹਿਰਾਈ ਨਾਲ ਅਧਿਐਨ ਕੀਤਾ ਸੀ। ਭਗਤ ਸਿੰਘ ਨੇ ਮਾਰਕਸਵਾਦ ਅਤੇ ਲੈਨਿਨਵਾਦ ਦਾ ਵੀ ਗਹਿਰਾਈ ਨਾਲ ਅਧਿਐਨ ਕੀਤਾ ਸੀ, ਤਾਂ ਹੀ ਉਹ ਸਾਮਰਾਜਵਾਦ ਦੀ ਜੜ੍ਹ ਪੁੱਟ ਕੇ ਸਮਾਜਵਾਦ ਸਿਰਜਣਾ ਚਾਹੁੰਦੇ ਸਨ। ਭਗਤ ਸਿੰਘ ਨੂੰ ਪੜ੍ਹਨ ਦਾ ਇੰਨਾ ਸ਼ੌਕ ਸੀ ਕਿ ਫ਼ਾਂਸੀ ਦੇ ਕੁਝ ਸਮੇਂ ਤੋਂ ਪਹਿਲਾਂ ਵੀ ਉਹ ਲੈਨਿਨ ਦੀ ਜੀਵਨੀ ਪੜ੍ਹ ਰਹੇ ਸਨ। ਇਸ ਤਰ੍ਹਾਂ ਆਪਣੇ ਅਧਿਐਨ ਦੀ ਵਿਸ਼ਾਲਤਾ ਕਾਰਨ ਹੀ ਉਹ ਵਿਰੋਧੀਆਂ ਨੂੰ ਆਪਣੇ ਤਲਵਾਰ ਦੀ ਧਾਰ ਨਾਲੋਂ ਤਿੱਖੇ ਵਿਚਾਰਾਂ ਨਾਲ ਲਾਜਵਾਬ ਕਰ ਦਿੰਦੇ ਸਨ।
ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਦਿਸਹੱਦੇ ’ਤੇ ਨਿਰੰਤਰ ਜਗਦੀ ਮਿਸਾਲ ਦੀ ਭਾਂਤੀ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੀ ਹੈ। ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਾਧਾਰਾ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਆਪਣੇ ਜ਼ਿਹਨ ਵਿੱਚ ਵਸਾਉਣਾ ਚਾਹੀਦਾ ਹੈ। ਜਿਸ ਤਰ੍ਹਾਂ ਭਗਤ ਸਿੰਘ ਅੰਤਰਰਾਸ਼ਟਰੀ ਗਤੀਵਿਧੀਆ ਉੱਤੇ ਬਾਜ਼ ਵਾਲੀ ਅੱਖ ਰੱਖਦੇ ਸਨ। ਸਾਡੇ ਨੌਜਵਾਨਾਂ ਨੂੰ ਉਸਦੀ ਪ੍ਰੇਰਣਾ ਦੀ ਭਾਂਤੀ ਅੰਤਰਾਰਾਸ਼ਟਰੀ ਵਿਵਸਥਾ ਬਾਰੇ ਜਾਣ ਕੇ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਗਹਿਰ-ਗੰਭੀਰਤਾ ਨਾਲ ਅਧਿਐਨ ਕਰਕੇ ਅਜੋਕੀਆਂ ਸਾਮਰਾਜਵਾਦੀ ਤਾਕਤਾਂ ਨੂੰ ਜਵਾਬ ਦੇਣਾ ਚਾਹੀਦਾ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1522)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)







































































































