“ਸਾਰਾ ਸਮਾਜ ਸਰਵ-ਸਾਂਝੀਵਾਲਤਾ ਦੇ ਸਿਧਾਂਤ ਨੂੰ ਅਪਣਾ ਕੇ ਇੱਕ ਇਕਾਈ ...”
(9 ਅਪਰੈਲ 2020)
ਆਦਿ ਕਾਲ ਤੋਂ ਮਨੁੱਖ ਲਗਾਤਾਰ ਵਿਕਾਸ ਕਰਦਾ ਆ ਰਿਹਾ ਹੈ। ਅੱਜ ਦੇ ਮਨੁੱਖ ਤੇ ਪ੍ਰਾਚੀਨ ਮਨੁੱਖ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਮਨੁੱਖ ਨੇ ਆਪਣੀ ਚੇਤਨਾ ਦੇ ਲਗਾਤਾਰ ਵਿਕਾਸ ਦੁਆਰਾ ਅਜੋਕੀ ਉਪਲਬਧੀ ਹਾਸਿਲ ਕੀਤੀ ਹੈ। ਲਗਾਤਾਰ ਵਿਗਿਆਨਕ ਤਰੱਕੀ ਦੁਆਰਾ ਮਨੁੱਖ ਅੱਜ ਚੰਨ੍ਹ ’ਤੇ ਪਹੁੰਚ ਗਿਆ ਹੈ ਅਤੇ ਬ੍ਰਹਿਮੰਡ ਦੀਆਂ ਹੋਰ ਖੋਜਾਂ ਵੀ ਲਗਾਤਾਰ ਜਾਰੀ ਹਨ। ਇੰਟਰਨੈੱਟ ਦੇ ਯੁਗ ਨੇ ਦੁਨੀਆਂ ਨੂੰ ਇੱਕ ਪਿੰਡ ਵਿੱਚ ਬਦਲ ਦਿੱਤਾ ਹੈ। ਇੱਕ ਕਮਰੇ ਵਿੱਚ ਬੈਠ ਕੇ ਅਸੀਂ ਦੁਨੀਆਂ ਦੇ ਹਰ ਖਿੱਤੇ ਦੀ ਜਾਣਕਾਰੀ ਹਾਸਿਲ ਕਰ ਸਕਦੇ ਹਾਂ। ਵਿਦੇਸ਼ਾਂ ਵਿੱਚ ਰਹਿੰਦੇ ਜਾਣਕਾਰਾਂ ਨਾਲ ਆਹਮਣੇ ਸਾਹਮਣੇ ਬੈਠ ਕੇ ਇੱਕ ਦੂਸਰੇ ਨੂੰ ਵੇਖਣਾ ਅਤੇ ਸੰਵਾਦ ਰਚਾਉਣਾ ਵੀ ਇਸ ਯੁਗ ਦੀ ਦੇਣ ਹੈ। ਖਾਣ-ਪੀਣ, ਪਹਿਨਣ ਅਤੇ ਕਈ ਪ੍ਰਕਾਰ ਦੀਆਂ ਘਰੇਲੂ ਵਸਤੂਆਂ ਇੰਟਰਨੈੱਟ ਜ਼ਰੀਏ ਘਰ ਬੈਠੇ ਹੀ ਪ੍ਰਾਪਤ ਹੋ ਜਾਂਦੀਆਂ ਹਨ।
ਤਰੱਕੀ ਦੇ ਇਸ ਯੁਗ ਦੀ ਤਸਵੀਰ ਦਾ ਇਹ ਇੱਕ ਪਾਸਾ ਹੈ। ਦੂਸਰੀ ਤਸਵੀਰ ’ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਇਸਦਾ ਕਰੂਪ ਚਿਹਰਾ ਵੀ ਨਜ਼ਰੀਂ ਪੈਂਦਾ ਹੈ। ਇਹ ਕਰੂਪ ਚਿਹਰਾ ਸੁਖ ਸਹੂਲਤਾਂ ਮਾਣ ਰਹੇ ਇਨਸਾਨੀ ਗੁਣਾਂ ਵਿੱਚ ਬਦਲਾਵ ਦਾ ਹੈ। ਅੱਜ ਮਨੁੱਖ ਵਿੱਚੋਂ ਮਨੁੱਖਤਾ ਖਤਮ ਹੋ ਗਈ ਹੈ। ਬਹੁਤ ਹੀ ਘੱਟ ਲੋਕ ਹਨ, ਜੋ ਇਨਸਾਨੀ ਗੁਣਾਂ ਪ੍ਰਤੀ ਸੰਜੀਦਾ ਹਨ। ਪੂੰਜੀਵਾਦੀ ਅਤੇ ਖਪਤਵਾਦੀ ਸੱਭਿਆਚਾਰ ਨੇ ਮਨੁੱਖੀ ਰਿਸ਼ਤੇ-ਨਾਤਿਆਂ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਪਰਿਵਾਰਿਕ ਰਿਸ਼ਿਤਿਆਂ ਵਿੱਚ ਟੁੱਟ-ਭੱਜ ਹੋਣੀ ਸ਼ੁਰੂ ਹੋ ਗਈ ਹੈ। ਪੈਸੇ ਦੇ ਇਸ ਯੁਗ ਨੇ ਬੰਦੇ ਨੂੰ ਸਵਾਰਥੀ ਬਣਾ ਦਿੱਤਾ ਹੈ। ਪੂੰਜੀਵਾਦ ਨੇ ਬਜ਼ਾਰ ਵਿੱਚ ਜ਼ ਰੂਰਤਮੰਦ ਅਤੇ ਗੈਰ ਜ਼ਰੂਰਤਮੰਦ ਵਸਤੂਆਂ ਦੇ ਅੰਬਾਰ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਮਨੁੱਖ ਇਨ੍ਹਾਂ ਵਸਤੂਆਂ ਦੀਆਂ ਵਲਗਣਾਂ ਵਿੱਚ ਕਿਤੇ ਗੁਆਚ ਗਿਆ ਹੈ। ਸੁੰਦਰ ਦਿਸਣ ਲਈ ਅਸੀਂ ਪਤਾ ਨਹੀਂ ਕੀ-ਕੀ ਢੰਗ ਤਰੀਕੇ ਵਰਤਦੇ ਹਾਂ ਜੋ ਸਾਡੀ ਕੁਦਰਤੀ ਰੰਗਤ ਨੂੰ ਬਣਾਵਟੀ ਚੀਜ਼ਾਂ ਦੁਆਰਾ ਹੋਰ ਵਿਗਾੜਦੇ ਹਨ। ਪ੍ਰੰਤੂ ਅਸੀਂ ਜਾਣਦੇ ਹੋਏ ਵੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਲਗਾਤਾਰ ਕਰੀ ਜਾ ਰਹੇ ਹਾਂ। ਇਹ ਸਾਡੀ ਹੱਢ-ਭੰਨਵੀਂ ਮਿਹਨਤ ਦਾ ਬੇਲੋੜਾ ਉਜਾੜਾ ਹੈ। ਇਸ ਤੋਂ ਇਲਾਵਾ ਛੋਟੇ-ਵੱਡੇ ਪ੍ਰੋਗਰਾਮਾਂ ’ਤੇ ਹੁੰਦੇ ਬੇਲੋੜੇ ਖਰਚੇ ਵੀ ਵੇਖੇ ਜਾ ਸਕਦੇ ਹਨ, ਜੋ ਸਾਡੀ ਦਸਾਂ ਨੌਹਾਂ ਦੀ ਕਿਰਤ ਨੂੰ ਖੋਰਾ ਲਗਾਉਂਦੇ ਹਨ।
ਅੱਜ ਜ਼ਮੀਨੀ ਜਾਂ ਵਪਾਰਿਕ ਝਗੜਿਆਂ ਵਿੱਚ ਭਰਾ ਹੱਥੋਂ ਭਰਾ ਅਤੇ ਪੁੱਤ ਹੱਥੋਂ ਪਿਓ ਦੇ ਕਤਲ ਹੁੰਦੇ ਵੇਖੇ ਜਾਂਦੇ ਹਨ। ਨਸ਼ਿਆਂ ਵਿੱਚ ਅੰਨ੍ਹੇ ਹੋਏ ਪੁੱਤ ਦੁਆਰਾ ਕਿਤੇ ਮਾਂ ਦਾ ਕਤਲ ਕੀਤਾ ਜਾਂਦਾ ਹੈ। ਕਈ ਵਾਰ ਨਸ਼ਈ ਹੋਣ ਕਾਰਨ ਮਾਂ-ਪਿਓ ਦੁਆਰਾ ਪੁੱਤ ਨੂੰ ਘਰੋਂ ਬਾਹਰ ਵੀ ਕੱਢਣ ਲਈ ਮਜਬੂਰ ਹੋਣਾ ਪੈਂਦਾ ਹੈ। ਅੱਜ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਜ਼ਿਆਦਾਤਰ ਬੰਦਿਆਂ ਦੇ ਹੱਡੀਂ ਰਚ ਚੁੱਕੀ ਹੈ। ਛੋਟੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਔਰਤਾਂ ’ਤੇ ਹਰ ਰੋਜ਼ ਅੱਤਿਆਚਾਰਾਂ ਦੀਆਂ ਘਟਨਾਵਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ। ਜਾਤ-ਪਾਤ ਅਤੇ ਧਰਮ ਦੇ ਭੇਦਭਾਵ ਕਾਰਨ ਮਨੁੱਖ ਹੱਥੋਂ ਮਨੁੱਖ ਨੂੰ ਕਤਲ ਕੀਤਾ ਜਾ ਰਿਹਾ ਹੈ। ਲੋਕਾਂ ਦੇ ‘ਪਹਿਰੇਦਾਰ’, ‘ਲੋਕ ਸੇਵਾ ਦੇ ਨਾਂ ’ਤੇ ਕੁਰਸੀਆਂ ਆਪਣੇ ਕਬਜ਼ੇ ਹੇਠ ਲੈ ਕੇ ਲੋਕਾਂ ਵਿੱਚ ਜਾਤ-ਪਾਤ ਅਤੇ ਧਰਮ ਦੇ ਨਾਂ ਹੇਠ ਪਾੜ ਪਾ ਰਹੇ ਹਨ। ਇਹ “ਪਹਿਰੇਦਾਰ” ਲੋਕਾਂ ਨੂੰ ਪਾੜ ਕੇ ਉਨ੍ਹਾਂ ’ਤੇ ਰਾਜ ਕਰਦੇ ਹਨ। ਇਸ ਤੋਂ ਬਾਅਦ ਇਹ ਲੋਕਾਂ ਦੇ ਹੱਕ ਦਾ ਪੈਸਾ ਆਪਣੀਆਂ ਤਿਜੌਰੀਆਂ ਭਰਨ ਲਈ ਵਰਤਦੇ ਹਨ। ਅੱਜ ਧਰਮ ਦੇ ਠੇਕੇਦਾਰ ਰਾਜਨੀਤਕਾਂ ਨਾਲ ਮਿਲ ਕੇ ਲੋਕਾਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਕਰ ਰਹੇ ਹਨ। ਆਸ਼ਰਮ ਚਲਾ ਰਹੇ ਬਾਬੇ ਕਈ ਵਾਰ ਤਾਂ ਆਪਣੇ ਸ਼ਰਧਾਲੂਆਂ ਦੇ ਧੀਆਂ-ਪੁੱਤਾਂ ਦਾ ਸਰੀਰਕ ਸ਼ੋਸ਼ਣ ਵੀ ਕਰਦੇ ਹਨ।
ਉਪਰੋਕਤ ਤਸਵੀਰ ਸਾਡੇ ਅੱਜ ਦੇ ਸਮਾਜ ਦੀ ਉਹ ਘਿਨਾਉਣੀ ਤਸਵੀਰ ਹੈ ਜਿਸਨੇ ਮੱਨੁਖ ਵਿੱਚੋਂ ਮਨੁੱਖਤਾ ਦਾ ਨਾਮੋਂ ਨਿਸ਼ਾਨ ਖਤਮ ਕਰ ਦਿੱਤਾ ਹੈ। ਕਿਤੇ ਜੰਗਲ ਵਿੱਚ ਜਾਉ ਤਾਂ ਬਿਰਖਾਂ ਉੱਤੇ ਵਸਣ ਵਾਲੇ ਪੰਛੀ ਧਰਤੀ ਉੱਤੇ ਚਰਦੇ ਪਸ਼ੂਆਂ ਨੂੰ ਸ਼ਿਕਾਰੀ ਪਸ਼ੂਆਂ ਦੇ ਆਉਣ ਦੀ ਸੂਚਨਾ ਦਿੰਦੇ ਹਨ; ਅਤੇ ਧਰਤੀ ਉੱਤੇ ਵਸਣ ਵਾਲੇ ਪਸ਼ੂ ਰੁੱਖਾਂ ’ਤੇ ਰਹਿਣ ਵਾਲੇ ਪੰਛੀਆਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਆਉਣ ਦੀ ਜਾਣਕਾਰੀ ਦਿੰਦੇ ਹਨ। ਪਸ਼ੂ-ਪੰਛੀ ਵੀ ਇੱਕ ਦੂਸਰੇ ਦੀ ਪੀੜ ਸਮਝਦੇ ਹਨ। ਅਕਾਸ਼ ਵਿੱਚ ਪੰਛੀਆਂ ਦੀਆਂ ਇੱਕ ਸਾਥ ਉੱਡਦਿਆਂ ਦੀਆਂ ਡਾਰਾਂ ਨਜ਼ਰੀਂ ਪੈਂਦੀਆਂ ਹਨ, ਜੋ ਏਕਤਾ ਦਾ ਸੰਦੇਸ਼ ਹੈ। ਪ੍ਰੰਤੂ ਵਿਕਸਤ ਦਿਮਾਗ ਅਤੇ ਇਸ ਧਰਤੀ ਦਾ ਉੁੱਤਮ ਪ੍ਰਾਣੀ ਮਨੁੱਖ ਅੱਜ ਕਿਸ ਦਿਸ਼ਾ ਵੱਲ ਮੁੜ ਗਿਆ ਹੈ?
ਕੁਦਰਤ ਲਗਾਤਾਰ ਵਿਕਾਸ ਕਰਦੀ ਹੈ। ਕੁਦਰਤੀ ਵਿਕਾਸ ਦੇ ਨਾਲ ਨਾਲ ਮਨੁੱਖੀ ਦਿਮਾਗ ਵੀ ਲਗਾਤਾਰ ਤਰੱਕੀ ਕਰਦਾ ਹੈ। ਮਨੁੱਖ ਦਾ ਲਗਾਤਾਰ ਪ੍ਰਗਤੀਵਾਦ ਦਾ ਹਾਮੀ ਹੋਣਾ ਚੰਗੀ ਗੱਲ ਹੈ; ਪ੍ਰੰਤੂ ਮਨੁੱਖ ਹੋਣ ਦੀ ਅਸਲੀਅਤ ਤੋਂ ਕਿਨਾਰਾ ਕਰਨਾ ਘੋਰ ਅਪਰਾਧ ਹੈ। ਮਨੁੱਖ ਹੋਣ ਦੀ ਅਸਲੀਅਤ ਬਾਰੇ ਇਸਦੇ ਕੁਝ ਗੁਣਾਂ ਦਾ ਵਰਣਨ ਕਰਦੇ ਹੋਏ ਕਵੀ ਰਸਨਿਧੀ ਕਹਿੰਦੇ ਹਨ- “ਆਪਣੀ ਪੀੜ ਤਾਂ ਪਸ਼ੂ-ਪੰਛੀ ਵੀ ਜਾਣਦੇ ਹਨ। ਮਨੁੱਖ ਉਹ ਹੈ ਜੋ ਦੂਜਿਆਂ ਦੀ ਪੀੜ ਵੀ ਮਹਿਸੂਸ ਕਰੇ।” ਇਸ ਤੋਂ ਇਲਾਵਾ ਇੱਕ ਹੋਰ ਸਥਾਨ ’ਤੇ ਉਹ ਲਿਖਦੇ ਹਨ ਕਿ “ਆਪਣੀ ਜ਼ਿੰਦਗੀ ਨੂੰ ਇੰਨਾ ਪਵਿੱਤਰ ਬਣਾਓ ਕਿ ਜੇ ਕੋਈ ਤੁਹਾਡੀ ਨਿੰਦਿਆ ਕਰੇ ਤਾਂ ਲੋਕ ਉਸ ਉੁੱਪਰ ਵਿਸ਼ਵਾਸ ਨਾ ਕਰਨ।” ਮਨੁੱਖਤਾ ਦਾ ਪਾਠ ਪੜ੍ਹਾਉਂਦੇ ਹੋਏ ਇੱਕ ਹੋਰ ਲੇਖਕ ਐੱਲ ਜੌਨਸਨ ਅਨੁਸਾਰ, “ਸਮਾਜ ਵਿੱਚ ਸਿਰਫ ਇਨਸਾਨ ਬਣ ਕੇ ਰਿਹਾ ਜਾ ਸਕਦਾ ਹੈ; ਸ਼ੈਤਾਨ ਜਾਂ ਹੈਵਾਨ ਬਣ ਕੇ ਨਹੀਂ।”
ਮਨੁੱਖਤਾ ਦੇ ਗੁਣਾਂ ਦੀ ਸ਼ੁਰੂਆਤ ਘਰ-ਪਰਿਵਾਰ ਤੋਂ ਹੁੰਦੀ ਹੋਈ ਬਾਹਰਲੇ ਸਮਾਜ ਤੱਕ ਪਹੁੰਚਦੀ ਹੈ। ਮਾਤਾ ਪਿਤਾ, ਭੈਣ ਭਰਾ, ਪਤਨੀ ਅਤੇ ਬੱਚਿਆਂ ਪ੍ਰਤੀ ਸਾਡਾ ਕੀ ਰਵੱਈਆ ਹੈ? ਅਸੀਂ ਪਰਿਵਾਰ ਪ੍ਰਤੀ ਕਿੰਨੇ ਕੁ ਜ਼ਿੰਮੇਵਾਰ ਹਾਂ, ਬੁਢਾਪੇ ਵਿੱਚ ਮਾਂ-ਬਾਪ ਨੂੰ ਕਿਵੇਂ ਸਾਂਭਦੇ ਹਾਂ, ਆਦਿ ਕੁਝ ਅਜਿਹੀਆਂ ਜਿੰਮੇਵਾਰੀਆਂ ਹਨ ਜਿਨ੍ਹਾਂ ਤੋਂ ਸਾਡੇ ਮਨੁੱਖ ਹੋਣ ਦੀ ਅਸਲੀਅਤ ਦਾ ਪਤਾ ਲੱਗਦਾ ਹੈ। ਤਲਾਕਾਂ ਦਾ ਵਧਣਾ, ਭਰਾਵਾਂ ਵਿੱਚ ਕਲੇਸ਼, ਮਾਂ-ਪਿਓ ਨੂੰ ਬੁਢਾਪੇ ਵਿੱਚ ਅਨਾਥ-ਆਸ਼ਰਮ ਭੇਜਣਾ ਮਨੁੱਖੀ ਔਗੁਣ ਹਨ, ਜੋ ਇਨਸਾਨੀਅਤ ਦੇ ਨਾਂ ’ਤੇ ਧੱਬਾ ਹਨ। ਕਈ ਵਾਰ ਘਰ ਵਿੱਚ ਮਾਂ-ਪਿਓ ਦੀ ਦੇਖਭਾਲ ਬੁਢਾਪੇ ਦੌਰਾਨ ਚੰਗੀ ਤਰ੍ਹਾਂ ਨਹੀਂ ਕੀਤੀ ਜਾਂਦੀ ਪ੍ਰੰਤੂ ਜਦੋਂ ਕੋਈ ਜਾਣਕਾਰ ਘਰ ਆਉਂਦਾ ਹੈ ਤਾਂ ਵਿਖਾਵੇ ਦੇ ਤੌਰ ਉੱਤੇ ਮਾਂ-ਪਿਓ ਦੀ ਦੇਖਭਾਲ ਸ਼ੁਰੂ ਹੋ ਜਾਂਦੀ ਹੈ। ਇਹ ਵਿਖਾਵਾ ਹੈ। ਹਰ ਚੰਗਾ ਕੰਮ ਤਨੋ-ਮਨੋ ਹੁੰਦਾ ਹੈ, ਵਿਖਾਵੇ ਦੇ ਤੌਰ ’ਤੇ ਨਹੀਂ।
ਇੱਕ ਕਹਾਵਤ ਹੈ ਭੱਜੀਆਂ ਬਾਹਵਾਂ ਗੱਲ ਨੂੰ ਆਉਂਦੀਆਂ ਹਨ। ਭਾਵ ਦੁੱਖ ਸਮੇਂ ਭੈਣ ਭਰਾ ਹੀ ਕੰਮ ਆਉਂਦੇ ਹਨ। ਸਾਨੂੰ ਤਨ-ਮਨ ਤੇ ਧੰਨ ਨਾਲ ਭੈਣ-ਭਰਾਵਾਂ ਨਾਲ ਰਿਸ਼ਤਾ ਨਿਭਾਉਣਾ ਚਾਹੀਦਾ ਹੈ। ਪਤੀ-ਪਤਨੀ ਵਿਚਕਾਰ ਅਜਿਹਾ ਰਿਸ਼ਤਾ ਹੋਵੇ, ਜਿਸਦੀ ਉਦਾਹਰਣ ਅਸੀਂ ਕਾਰਲ ਮਾਰਕਸ ਤੇ ਉਸਦੀ ਪਤਨੀ ਜੈਨੀ ਮਾਰਕਸ ਦੀ ਵੇਖ ਸਕਦੇ ਹਾਂ; ਜੋ ਅੰਤਾਂ ਦੇ ਦੁੱਖਾਂ ਭਰੇ ਸਮੇਂ ਦੌਰਾਨ ਵੀ ਅੰਤਿਮ ਸਮੇਂ ਤੱਕ ਇੱਕ ਦੂਸਰੇ ਦਾ ਸਹਾਰਾ ਬਣੇ। ਦੂਸਰੀ ਉਦਾਹਰਣ ਅਜ਼ਾਦੀ ਦੇ ਯੋਧੇ ਬਟੁਕੇਸ਼ਵਰ ਦੱਤ ਤੇ ਉਸਦੀ ਪਤਨੀ ਅੰਜਲੀ ਦੀ ਹੈ। ਅੰਜਲੀ ਨੇ ਅਮੀਰ ਘਰਾਣੇ ਦੀ ਹੋਣ ਦੇ ਬਾਵਯੂਦ, ਦੇਸ਼ ਭਗਤ ਹੋਣ ਕਾਰਨ ਬੀ. ਕੇ ਦੱਤ ਨਾਲ ਵਿਆਹ ਕਰਵਾਇਆ ਤੇ ਮਾੜੀ ਆਰਥਿਕ ਸਥਿਤੀ ਕਾਰਨ ਵੀ ਦੋਨਾਂ ਆਖਰੀ ਸਮੇਂ ਤੱਕ ਸਾਥ ਨਭਾਇਆ।
ਇੱਕ ਚੰਗਾ ਇਨਸਾਨ ਘਰ ਪਰਿਵਾਰ ਤੋਂ ਇਲਾਵਾ ਸਮਾਜ ਪ੍ਰਤੀ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ। ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਘਰ ਅਤੇ ਸਮਾਜ ਪ੍ਰਤੀ ਆਪਣਾ ਬਣਦਾ ਯੋਗਦਾਨ ਪਾਉਣਾ ਹੈ। ਇਹ ਸਭ ਅਸੀਂ ਉਨ੍ਹਾਂ ਦੇ ਜਿਉਣ ਢੰਗ ਤੋਂ ਗ੍ਰਹਿਣ ਕਰ ਸਕਦੇ ਹਾਂ। ਸਮਾਜ ’ਤੇ ਜਦੋਂ ਭੀੜ ਬਣੀ ਤਾਂ ਗੁਰੂਆਂ ਨੇ ਸਮਾਂ ਆਉਣ ’ਤੇ ਆਪਣਾ ਆਪ ਅਤੇ ਇੱਥੋਂ ਤੱਕ ਕਿ ‘ਸਮਾਜ ਨੂੰ ਅੱਤਿਆਚਾਰ ਤੋਂ ਬਚਾਉਣ ਖਾਤਰ’ ਪਰਿਵਾਰ ਤੱਕ ਵੀ ਵਾਰਨ ਲਈ ਦੇਰ ਨਾ ਲਗਾਈ। ਅਜ਼ਾਦੀ ਦੇ ਸਮੇਂ ਕਿਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਵਰਗਿਆਂ ਨੇ ਘਰ ਪਰਿਵਾਰ ਛੱਡ, ਸਮਾਜ ਪ੍ਰਤੀ ਵੱਧ ਜ਼ਿੰਮੇਵਾਰੀ ਨਿਭਾਈ ਅਤੇ ਦੇਸ਼ ਦੀ ਅਜ਼ਾਦੀ ਵਾਸਤੇ ਆਪਣਾ ਜੀਵਨ ਤੱਕ ਕੁਰਬਾਨ ਕਰ ਦਿੱਤਾ। ਸ਼ਹੀਦ ਊਧਮ ਸਿੰਘ, ਚੰਦਰ-ਸ਼ੇਖਰ ਅਜ਼ਾਦ, ਰਾਜਗੁਰੂ ਅਤੇ ਸੁਖਦੇਵ ਆਦਿ ਵੀ ਇਸ ਰਾਹ ਦੇ ਪਾਂਧੀ ਸਨ।
ਸਾਡਾ ਇਤਿਹਾਸ ਸਮਾਜ ਪ੍ਰਤੀ ਕੀਤੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਤਿਹਾਸ ਤੋਂ ਸੇਧ ਲੈ ਕੇ ਅਸੀਂ ਇੱਕ ਚੰਗੇ ਇਨਸਾਨ ਹੋਣ ਦੇ ਭਾਗੀ ਬਣ ਸਕਦੇ ਹਾਂ। ਚੰਗੀਆਂ ਕਿਤਾਬਾਂ ਪੜ੍ਹ ਕੇ ਜੀਵਨ-ਜਾਂਚ ਦਾ ਗਿਆਨ ਹੁੰਦਾ ਹੈ। ਚੰਗੇ ਇਨਸਾਨਾਂ ਨਾਲ ਦੋਸਤੀ ਤੇ ਮਾਂ-ਬਾਪ ਦੁਆਰਾ ਦਰਸਾਏ ਰਸਤੇ ’ਤੇ ਚੱਲ ਕੇ ਅਸੀਂ ਮਨੁੱਖਤਾ ਦੇ ਗੁਣ ਗ੍ਰਹਿਣ ਕਰ ਸਕਦੇ ਹਾਂ। ਸਵਿਟਸਰਲੈਂਡ, ਇੰਗਲੈਂਡ, ਹਾਲੈਂਡ, ਕਨੇਡਾ, ਨਿਊਜ਼ੀਲੈਂਡ, ਨਾਰਵੇ, ਸਵੀਡਨ ਆਦਿ ਦੇਸ਼ਾਂ ਦੇ ਜਿਉਣ ਦੇ ਢੰਗ ਤਰੀਕਿਆਂ ਤੋਂ ਵੀ ਅਸੀਂ ਸੇਧ ਲੈ ਸਕਦੇ ਹਾਂ। ਮਨੁੱਖਤਾ ਦੀ ਕਦਰ ਇਨ੍ਹਾਂ ਦੇਸ਼ਾਂ ਵਿੱਚ ਪਹਿਲਾ ਫ਼ਰਜ ਹੈ।
ਗੁਰੂ ਨਾਨਕ ਜੀ ਦੀ ਬਾਣੀ ਕਹਿੰਦੀ ਹੈ- “ਮਨ ਤੂੰ ਜੋਤਿ ਸਰੂਪ ਹੈ, ਆਪਣਾ ਮੂਲੁ ਪਛਾਣੁ” ਮਨੁੱਖ ਦੇ ਮਨ ਨੂੰ ਜੋਤ ਸਰੂਪ ਕਹਿ ਕੇ ਗੁਰੂ ਨੇ ਮਨੁੱਖ ਨੂੰ ਆਪਣਾ ਮੂਲ ਪਛਾਨਣ ਲਈ ਕਿਹਾ ਹੈ, ਮਨੁੱਖ ਮੂਲਕ ਤੌਰ ਉੱਤੇ ਇੱਕ ਇਕਾਈ ਹੈ; ਭਾਵ ਸਮੁੱਚੀ ਮਾਨਵਤਾ ਏਕੇ ਦਾ ਸਰੂਪ ਹੈ। ਜੇਕਰ ਅਸੀਂ ਅਜਿਹੀ ਸਮਝ ਆਪਣਾ ਕੇ ਚੱਲੀਏ ਤਾਂ ਸਾਡੇ ਵਿੱਚੋਂ ਜਾਤ-ਪਾਤ, ਰੰਗ-ਨਸਲ, ਮਜ਼ਹਬ, ਵੈਰ-ਵਿਰੋਧ, ਕੌਮਾਂ ਦੀਆਂ ਸਰਹੱਦਾਂ ਆਦਿ ਦੇ ਪਰਦੇ ਹਟ ਸਕਦੇ ਹਨ। ਜੇਕਰ ਅਜਿਹੇ ਪਰਦੇ ਹਟ ਜਾਣ ਤਾਂ ਅਸਲੀ ਮਨੁੱਖਤਾ ਦੀ ਪਹਿਚਾਣ ਸ਼ੁਰੂ ਹੁੰਦੀ ਹੈ, ਜਿਸ ਵਿੱਚ ਦੁਸ਼ਮਣੀ, ਵੈਰ-ਵਿਰੋਧ, ਆਪਸੀ ਨਫਰਤ ਆਦਿ ਵਰਗੀ ਕੋਈ ਚੀਜ਼ ਨਹੀਂ ਰਹਿ ਜਾਂਦੀ। ਸਾਰਾ ਸਮਾਜ ਸਰਵ-ਸਾਂਝੀਵਾਲਤਾ ਦੇ ਸਿਧਾਂਤ ਨੂੰ ਅਪਣਾ ਕੇ ਇੱਕ ਇਕਾਈ ਬਣ ਜਾਂਦਾ ਹੈ। ਅਜਿਹੇ ਸਮਾਜ ਵਿੱਚ ਪਰਿਵਾਰਕ ਅਤੇ ਸਮਾਜਿਕ ਰਿਸ਼ਤੇ ਆਪਸੀ ਪ੍ਰੇਮ-ਭਾਵਨਾ ਅਤੇ ਇੱਕ ਦੂਸਰੇ ਪ੍ਰਤੀ ਆਪਾ ਸਮਰਪਣ ਵਾਲੇ ਬਣ ਜਾਂਦੇ ਹਨ। ਇਹੀ ਮਨੁੱਖਤਾ ਦੀ ਸੱਚੀ ਪਹਿਚਾਣ ਤੇ ਮਨੁੱਖ ਹੋਣ ਦੀ ਅਸਲੀਅਤ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2046)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)