HarnandSBhullar7ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ...
(23 ਜੂਨ 2020)

 

ਚੀਨ ਦੇ ਦਾਰਸ਼ਨਿਕ ਕਨਫਿਊਸ਼ਿਸ ਅਨੁਸਾਰ “ਲੋਕਾਂ ਦਾ ਖਿਆਲ ਰੱਖਣਾ ਅਤੇ ਉਨ੍ਹਾਂ ਦੀ ਚਿੰਤਾ ਕਰਨੀ ਇੱਕ ਚੰਗੀ ਸਰਕਾਰ ਦਾ ਮੁਢਲਾ ਸਿਧਾਂਤ ਹੈ।" ਚੰਗੀ ਸਰਕਾਰ ਪ੍ਰਤੀ ਇਹੋ ਜਿਹੇ ਹੀ ਵਿਚਾਰ ਅਮਰੀਕਾ ਦੇ ਰਾਸ਼ਟਰਪਤੀ ਅਬਰਾਹਿਮ ਲਿੰਕਨ ਦੇ ਵੀ ਸਨ, ਜਿਨ੍ਹਾਂ ਮੁਤਾਬਕ “ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਜਾਂਦੀ ਹੈ, ਜੋ ਲੋਕਾਂ ਦੇ ਭਲੇ ਲਈ ਹੀ ਕੰਮ ਕਰਦੀ ਹੈ।”

ਇਨ੍ਹਾਂ ਸਤਰਾਂ ਤੋਂ ਅਸੀਂ ਸਮਝ ਸਕਦੇ ਹਾਂ ਕੋਈ ਵੀ ਸਰਕਾਰ, ਜੋ ਲੋਕਾਂ ਦੁਆਰਾ ਚੁਣੀ ਜਾਂਦੀ ਹੈ, ਉਸ ਦਾ ਮਕਸਦ ਲੋਕ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਜੁਟੇ ਰਹਿਣਾ ਹੈ। ਲੋਕ ਭਲਾਈ ਵਾਲੀ ਸਰਕਾਰ ਜਨਤਕ ਸੇਵਾਵਾਂ ਆਪਣੇ ਅਧੀਨ ਰੱਖਦੀ ਹੈ ਅਤੇ ਲੋਕਾਂ ਨੂੰ ਸਸਤੀਆਂ ਸਹੂਲਤਾਂ ਮੁਹੱਈਆ ਕਰਵਾਉਂਦੀ ਹੈ। ਦੇਸ਼ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਜੀਵਨ ਸੁਖਾਲਾ ਬਣਾਉਂਦੀ ਹੈ। ਲੋਕਾਂ ਦੀਆਂ ਮੁੱਢਲੀਆਂ ਲੋੜਾਂ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾ ਸਰਕਾਰ ਹਰ ਇਕ ਲਈ ਲੋੜੀਂਦੀਆਂ ਵਸਤੂਆਂ ਤੱਕ ਪਹੁੰਚ ਆਸਾਨ ਬਣਾਉਂਦੀ ਹੈ। ਬਰਾਬਰੀ, ਨਿਆਂ ਤੇ ਲੋਕਾਂ ਪ੍ਰਤੀ ਜਵਾਬਦੇਹੀ, ਇਹ ਸਰਕਾਰ ਦੇ ਮੁੱਢਲੇ ਏਜੰਡੇ ਵਿੱਚ ਸਥਾਪਤ ਹੁੰਦੇ ਹਨ। ਜਦੋਂ ਲੋਕਾਂ ਨੂੰ ਕਿਸੇ ਕੁਦਰਤੀ ਆਫ਼ਤ ਜਾਂ ਮਹਾਂਮਾਰੀ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਇਹ ਆਪਣੀ ਸਾਰੀ ਸਰਕਾਰੀ ਮਸ਼ੀਨਰੀ ਤੱਕ ਝੋਕ ਦਿੰਦੇ ਹਨ, ਤਾਂ ਜੋ ਲੋਕਾਂ ਨੂੰ ਮੁਸ਼ਕਿਲ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ।

ਕਈ ਦਹਾਕਿਆਂ ਤੋਂ ਅਸੀਂ ਵੇਖ ਰਹੇ ਹਾਂ ਕਿ ਸਾਡਾ ਦੇਸ਼ ਬੇਰੁਜ਼ਗਾਰੀ, ਭੁੱਖਮਰੀ, ਕੁਪੋਸ਼ਨ, ਬੀਮਾਰੀਆਂ, ਭ੍ਰਿਸ਼ਟਾਚਾਰ, ਗ਼ਰੀਬੀ, ਨਸੇ, ਅਪਰਾਧ, ਔਰਤਾਂ ਉੱਤੇ ਅੱਤਿਆਚਾਰ, ਜਾਤ-ਪਾਤ ਅਤੇ ਧਰਮ ਦੇ ਭੇਦਭਾਵ ਦੇ ਨਾਂਅ ’ਤੇ ਦੰਗੇ, ਕਤਲੇਆਮ ਵਰਗੀਆਂ ਸਮੱਸਿਆਵਾਂ ਨਾਲ ਲਗਾਤਾਰ ਜੂਝਦਾ ਆ ਰਿਹਾ ਹੈ, ਪਰੰਤੂ ਸਾਡੀਆਂ ਸਰਕਾਰਾਂ ਪੰਜ ਸਾਲ ਬਾਅਦ ਇੱਕ ਦੂਜੇ ਨਾਲ ਦੋਸਤਾਨਾ ਮੈਚ ਖੇਡਦੇ ਹੋਏ, ਤੂੰ ਚੱਲ ਮੈਂ ਆਇਆ ਵਾਂਗ ਲੋਕਾਂ ਨੂੰ ਲਗਾਤਾਰ ਮੂਰਖ ਬਣਾਉਂਦੀਆਂ ਆ ਰਹੀਆਂ ਹਨ। ਜਾਤ-ਪਾਤ ਅਤੇ ਧਰਮ ਦੇ ਨਾਂ ’ਤੇ ਲੋਕਾਂ ਵਿੱਚ ਵੰਡੀਆਂ ਪਾ ਕੇ ਰਾਜਨੀਤੀ ਦਾ ਮੈਚ ਜਿੱਤਣਾ ਇਨ੍ਹਾਂ ਦਾ ਮੁੱਖ ਮਕਸਦ ਹੁੰਦਾ ਹੈ। ਕੁਦਰਤੀ ਆਫਤਾਂ ਜਾਂ ਮਹਾਂਮਾਰੀਆਂ ਦੇ ਸਮੇਂ ਵੀ ਇਨ੍ਹਾਂ ਸਰਕਾਰਾਂ ਵੱਲੋਂ ਲੋਕ ਭਲਾਈ ਦੇ ਕਾਰਜਾਂ ਵੱਲ ਘੱਟ ਖਿਆਲ ਅਤੇ ਨਿਗੂਣੇ ਪੈਕੇਜ ਦੇ ਐਲਾਨ ਤੇ ਰਾਜਨੀਤਕ ਦੂਸ਼ਣਬਾਜ਼ੀ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਵੱਧ ਸੁਣਾਈ ਦਿੰਦੀਆਂ ਹਨ।

ਕਰੋਨਾ ਮਹਾਂਮਾਰੀ ਦੇ ਸਮੇਂ ਇੱਕ ਦਮ ਕੀਤੀ ਤਾਲਾਬੰਦੀ ਕਾਰਨ ਅਸੀਂ ਲੋਕਾਂ ਦੀਆਂ ਮੁਸ਼ਕਿਲਾਂ ਵੇਖ ਚੁੱਕੇ ਹਾਂ, ਜੋ ਕਿ ਅੱਜ ਤੱਕ ਵੀ ਜਾਰੀ ਹਨ। ਸਭ ਤੋਂ ਵੱਧ ਮੁਸ਼ਕਿਲ ਕਾਰਖਾਨਿਆਂ ਜਾਂ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਆਈਆਂ ਹਨ, ਜੋ ਆਪਣੇ ਮਾਲਕਾਂ ਵੱਲੋਂ ਨਿਹੱਥੇ ਕਰ ਦਿੱਤੇ ਗਏ। ਇਨ੍ਹਾਂ ਲੋਕਾਂ ’ਤੇ ਪਈ ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਨੇ 1947 ਦੀ ਵੰਡ ਦਾ ਦਰਦਨਾਕ ਮੰਜ਼ਰ ਇਕ ਵਾਰ ਫਿਰ ਸਾਡੇ ਸਾਹਮਣੇ ਲਿਆ ਦਿੱਤਾ। ਜਦੋਂ ਇਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਕੋਈ ਮਦਦ ਨਾ ਪਹੁੰਚੀ ਤਾਂ ਇਨ੍ਹਾਂ ਨੇ ਪੈਦਲ ਹੀ ਆਪਣੇ ਪਿੰਡਾਂ ਨੂੰ ਚਾਲੇ ਪਾ ਦਿੱਤੇ। ਫਿਰ ਸ਼ੁਰੂ ਹੋਈ ਇਹਨਾਂ ਦੀ ਦਰਦ ਭਰੀ ਦਾਸਤਾਨ। ਕੋਈ ਦੂਰ ਤੱਕ ਪੈਦਲ ਸਫਰ ਕਰਨ ’ਤੇ ਦਿਲ ਦਾ ਦੌਰਾ ਪੈਣ ਕਾਰਨ ਮਾਰਿਆ ਜਾਂਦਾ ਹੈ, ਕੁਝ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਸਫਰ ਦੀ ਥਕਾਵਟ ਅਤੇ ਨੀਂਦ ਦੇ ਜ਼ੋਰ ਨਾਲ ਰੇਲ ਦੀਆਂ ਪਟੜੀਆਂ ’ਤੇ ਸੌਣ ਕਾਰਨ ਮਾਰੇ ਜਾਂਦੇ ਹਨ। ਇਨ੍ਹਾਂ ਦੀ ਸਹਿਣਸ਼ੀਲਤਾ ਤੇ ਬਹਾਦਰੀ ਵੀ ਵੇਖਣ ਵਾਲੀ ਹੈ ਕਿ ਹਜ਼ਾਰਾਂ ਕਿਲੋਮੀਟਰ ਦਾ ਸਫਰ ਇਹ ਕਿਵੇਂ ਤੈਅ ਕਰ ਗਏ! ਗਰਭਵਤੀ ਔਰਤਾਂ ਦੀਆਂ ਕਹਾਣੀਆਂ ਤਾਂ ਸਾਨੂੰ ਹੈਰਾਨ ਕਰ ਦਿੰਦੀਆਂ ਹਨ ਕਿ ਕਿਵੇਂ ਇਹ ਲੰਮਾ ਸਫਰ ਪੈਦਲ ਚੱਲਦੀਆਂ ਹਨ, ਬੱਚੇ ਨੂੰ ਜਨਮ ਦੇ ਕੇ, ਉਸ ਨੂੰ ਮੋਢੇ ਲਗਾ ਕੇ ਅਗਲੇ ਸਫਰ ਲਈ ਫਿਰ ਚੱਲ ਪੈਂਦੀਆਂ ਹਨ।

ਇਨ੍ਹਾਂ ਮਜ਼ਦੂਰਾਂ ਤੋਂ ਇਲਾਵਾ ਮੱਧ ਵਰਗ ਵੀ ਇਸ ਬਿਮਾਰੀ ਕਾਰਨ ਬੇਰੁਜ਼ਗਾਰ ਹੋ ਕੇ ਘਰ ਬੈਠ ਗਿਆ ਹੈ। ਭਵਿੱਖ ਦੀ ਚਿੰਤਾ ਉਨ੍ਹਾਂ ਨੂੰ ਸਤਾਉਣ ਲੱਗੀ ਹੈ। ਦਰਅਸਲ ਸਾਡੇ ਦੇਸ਼ ਵਿੱਚ ਮਜ਼ਦੂਰ, ਕਿਸਾਨ, ਕਿਰਤੀਆਂ ਤੇ ਛੋਟੇ ਵਪਾਰੀਆਂ ਲਈ ਇਹ ਕੋਈ ਅੱਜ ਦਾ ਵਰਤਾਰਾ ਨਹੀਂ, ਉਨ੍ਹਾਂ ਦੁਆਰਾ ਇਹ ਸੰਤਾਪ ਦਹਾਕਿਆਂ ਤੋਂ ਹੰਢਾਇਆ ਜਾ ਰਿਹਾ ਹੈ। ਦੇਸ਼ ਦਾ ਆਮ ਵਰਗ ਕਾਫੀ ਸਮੇਂ ਤੋਂ ਰੁਜ਼ਗਾਰ ਅਤੇ ਅਸੁਰੱਖਿਅਤ ਭਵਿੱਖ ਪ੍ਰਤੀ ਚਿੰਤਤ ਰਿਹਾ ਹੈ। ਲੋਕਾਂ ਲਈ ਰੁਜ਼ਗਾਰ ਪੈਦਾ ਕਰਨ ਤੇ ਕਿਸੇ ਵੀ ਔਖੀ ਘੜੀ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ, ਪ੍ਰੰਤੂ ਦੇਸ਼ ਦੀਆਂ ਸਰਕਾਰਾਂ ਆਪਣੀਆਂ ਲੋਕਾਈ ਪ੍ਰਤੀ ਜ਼ਿੰਮੇਵਾਰੀਆਂ ਛੱਡ, ਵਿਰੋਧ ਕਰਨ ਵਾਲੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿਚ ਡੱਕਣ ਤੇ ਉਨ੍ਹਾਂ ਉੱਤੇ ਕੇਸ ਦਾਇਰ ਕਰਨ ਅਤੇ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਜਨਤਕ ਅਦਾਰਿਆਂ ਵਿੱਚੋਂ ਬਹੁਤ ਸਾਰੇ ਅਦਾਰੇ ਨਿੱਜੀ ਹੱਥਾਂ ਨੂੰ ਵੇਚ ਦਿੱਤੇ ਗਏ ਹਨ ਅਤੇ ਬਾਕੀਆਂ ਦੀ ਤਿਆਰੀ ਹੈ।

ਨਿੱਜੀ ਅਦਾਰਿਆਂ ਦਾ ਮਕਸਦ ਕੇਵਲ ਮੁਨਾਫਾ ਕਮਾਉਣਾ ਹੁੰਦਾ ਹੈ, ਲੋਕਾਂ ਦੇ ਜੀਵਨ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਅਸੀਂ ਅਕਸਰ ਵੇਖਿਆ ਹੈ ਕਿ ਲੋਕਾਈ ਦਾ ਜੀਵਨ ਸੁਖਾਲਾ ਬਣਾਉਣ ਲਈ ਸਰਕਾਰੀ ਅਦਾਰੇ ਹੀ ਵੱਡੀ ਭੂਮਿਕਾ ਨਿਭਾਉਂਦੇ ਹਨ। ਜੇਕਰ ਅੱਜ ਇਸ ਦੀ ਮਿਸਾਲ ਵੇਖਣੀ ਹੋਵੇ ਤਾਂ ਅਸੀਂ ਸਰਕਾਰੀ ਹਸਪਤਾਲਾਂ ਤੋਂ ਲੈ ਸਕਦੇ ਹਾਂ ਜਿਨ੍ਹਾਂ ਨੇ ਮਹਾਮਾਰੀ ਤੋਂ ਪੀੜਤ ਲੋਕਾਂ ਦੀ ਬਾਂਹ ਫੜੀ। ਪ੍ਰਾਈਵੇਟ ਹਸਪਤਾਲ ਹੱਥ ਖੜ੍ਹੇ ਕਰ ਗਏ ਸਨ ਅਤੇ ਉਨ੍ਹਾਂ ਨੇ ਮਹਾਂਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਸੀ। ਨਾ ਹੀ ਕਿਸੇ ਵੱਡੇ ਕਾਰਪੋਰੇਟ ਘਰਾਣੇ ਨੇ ਲੋਕਾਂ ਦੀ ਮਦਦ ਕੀਤੀ, ਜਿਨ੍ਹਾਂ ਨੂੰ ਸਰਕਾਰ ਦੁਆਰਾ ਲੋਕਾਂ ਨਾਲੋਂ ਵੱਧ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਕਹਿਣ ਨੂੰ ਸਾਡੇ ਦੇਸ਼ ਵਿੱਚ ਲੋਕਤੰਤਰੀ ਸਰਕਾਰਾਂ ਕੰਮ ਕਰਦੀਆਂ ਹਨ।

ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਅਮੀਰ-ਗਰੀਬ ਜਾਂ ਜਾਤ-ਪਾਤ ਦਾ ਭੇਦ-ਭਾਵ ਨਹੀਂ ਵੇਖਿਆ ਜਾਂਦਾ। ਸਿਰਫ਼ ਤੇ ਸਿਰਫ਼ ਬਰਾਬਰੀ ਤੇ ਇਨਸਾਨੀਅਤ ਨੂੰ ਮਹੱਤਵ ਦਿੱਤਾ ਜਾਂਦਾ ਹੈ। ਪ੍ਰੰਤੂ ਸਾਡੇ ‘ਰਾਜ ਸੇਵਕ’ ਜਾਣਦੇ ਹਨ ਕਿ ਜੇਕਰ ਅਸੀਂ ਬਰਾਬਰੀ ਤੇ ਇਨਸਾਨੀਅਤ ਦਾ ਸਮਾਜ ਪੈਦਾ ਕਰ ਦਿੱਤਾ ਦਾ ਸਾਡੇ ਦੁਆਰਾ ਹੁੰਦੀ ਅੰਨ੍ਹੀ ਲੁੱਟ-ਮਾਰ ਖ਼ਤਮ ਹੋ ਜਾਏਗੀ। ਬਰਾਬਰੀ, ਨਿਆਂ ਤੇ ਜਮਹੂਰੀਅਤ ਵਾਲਾ ਰਾਜ ਪੈਦਾ ਕਰਨ ਲਈ ਸਾਨੂੰ ਲੋਕਾਂ ਦਾ ਖਿਆਲ ਰੱਖਣ ਵਾਲੀ ਅਤੇ ਉਨ੍ਹਾਂ ਦੀ ਚਿੰਤਾ ਕਰਨ ਵਾਲੀ ਸਰਕਾਰ ਦੀ ਚੋਣ ਕਰਨੀ ਪਵੇਗੀ, ਜੋ ਲੋਕਾਂ ਲਈ ਹੀ ਕੰਮ ਕਰਨ ਵਾਲੀ ਹੋਵੇ; ਅਜਿਹੀ ਸਰਕਾਰ ਜੋ ਦੇਸ਼ ਦੇ ਕੁਦਰਤੀ ਸੋਮਿਆਂ ਨੂੰ ਬਾਹਰਲੇ ਤੇ ਦੇਸ਼ ਵਿੱਚ ਬੈਠੇ ਮੁੱਠੀ ਭਰ ਲੋਟੂਆਂ ਤੋਂ ਬਚਾਵੇ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰੇ। ਸਾਡੇ ਦੇਸ਼ ਦੇ ਲੋਕਾਂ ਨੂੰ ਅਜਿਹੀ ਸਰਕਾਰ ਹੋਂਦ ਵਿੱਚ ਲਿਆਉਣ ਲਈ ਧਰਮ, ਜਾਤ ਤੇ ਨਸਲੀ ਭੇਦਭਾਵ ਦੀਆਂ ਪੈਦਾ ਕੀਤਿਆਂ ਗਈਆਂ ਮਜ਼ਬੂਤ ਬੇੜੀਆਂ ਤੋੜ ਕੇ ਆਜ਼ਾਦ ਤੇ ਸਰਵ ਸਾਂਝੀਵਾਲਤਾ ਵਾਲੀ ਸੋਚ ਅਪਣਾਉਣੀ ਪਵੇਗੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2211) 

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਹਰਨੰਦ ਸਿੰਘ ਬੱਲਿਆਂਵਾਲਾ

ਹਰਨੰਦ ਸਿੰਘ ਬੱਲਿਆਂਵਾਲਾ

Balleyan Wala, Tarn Taran, Punjab, India.
Phone: (91 - 70870 - 70050)
Email: (harnandbhullar124@gmail.com)

More articles from this author