“ਵਿਹਲੇ ਸਮੇਂ ਨੂੰ ਅਸੀਂ ਸਾਹਿਤ ਅਤੇ ਅਖ਼ਬਾਰਾਂ ਨਾਲ ਜੋੜ ਕੇ ਉਸਾਰੂ ਸੋਚ ...”
(20 ਮਈ 2020)
ਸਾਡਾ ਸਮਾਜ ਬੌਧਿਕ ਪੱਖੋਂ ਮਜ਼ਬੂਤ ਨਾ ਹੋ ਸਕੇ, ਇਸ ਲਈ ਮਾਨਸਿਕ ਤੌਰ ਉੱਤੇ ਗੁਲਾਮ ਰੱਖਣ ਲਈ ਰਾਜਨੀਤੀ ਤੇ ਧਾਰਮਿਕ ਕੱਟੜਪੰਥੀਆਂ ਨੇ ਮਿਲ ਕੇ ਅਜਿਹੀ ਸਾਜ਼ਿਸ਼ ਘੜੀ ਕਿ ਅੱਜ ਸਾਡਾ ਸਮਾਜ ਅੰਧ ਵਿਸ਼ਵਾਸ ਦੇ ਪੱਖ ਵਿੱਚ ਅਤੇ ਵਿਗਿਆਨ ਦੇ ਵਿਰੋਧ ਵਿੱਚ ਭੁਗਤ ਰਿਹਾ ਹੈ। ਇਨ੍ਹਾਂ ਦੋਹਾਂ ਧਿਰਾਂ ਨੇ ਅਜਿਹਾ ਸੱਭਿਆਚਾਰਕ ਮਾਹੌਲ ਸਿਰਜਿਆ ਹੈ, ਜਿਸ ਕਾਰਨ ਲੋਕ ਗ਼ੈਰ ਵਿਗਿਆਨਕ ਸੋਚ ਦੇ ਨੇੜੇ ਅਤੇ ਵਿਗਿਆਨਕ ਵਿਚਾਰਾਂ ਤੋਂ ਦੂਰ ਰਹਿੰਦੇ ਹਨ। ਜਿੱਥੇ ਲੋਕਾਂ ਨੇ ਵਿਹਲੇ ਸਮੇਂ ਅਖ਼ਬਾਰਾਂ ਅਤੇ ਸਾਹਿਤ ਪੜ੍ਹ ਕੇ ਬੌਧਿਕ ਪੱਖੋਂ ਮਜ਼ਬੂਤ ਹੋਣਾ ਹੁੰਦਾ ਹੈ, ਉੱਥੇ ਹੀ ਇਨ੍ਹਾਂ ਲੋਕਾਂ ਨੇ ਕੰਮਾਂ-ਧੰਦਿਆਂ ਤੋਂ ਬਾਅਦ ਸਾਡੇ ਦੁਆਰਾ ਬਿਤਾਏ ਜਾ ਰਹੇ ਵਿਹਲੇ ਸਮੇਂ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਬਹੁਤ ਵੱਡੀ ਸਾਜ਼ਿਸ਼ ਘੜੀ ਹੈ।
ਸਭ ਤੋਂ ਪਹਿਲਾਂ ਅਸੀਂ ਫਿਲਮਾਂ ਅਤੇ ਲੜੀਵਾਰ ਨਾਟਕਾਂ ਦੀ ਗੱਲ ਕਰਦੇ ਹਾਂ, ਜਿਸ ਦੁਆਰਾ ਸਾਡੀ ਸੋਚ ਨੂੰ ਤਰਕਵਿਹੂਣੀ ਬਣਾਇਆ ਗਿਆ। ਸਾਡੇ ਸਾਹਮਣੇ ਇੱਛਾਧਾਰੀ ਨਾਗ, ਭੂਤਾਂ ਨਾਲ ਸੰਬੰਧਿਤ, ਕਾਲਪਨਿਕ ਦੈਵੀ ਸ਼ਕਤੀਆਂ ਜਿਹੇ ਲੜੀਵਾਰ ਨਾਟਕ ਅਤੇ ਫਿਲਮਾਂ ਪੇਸ਼ ਕੀਤੀਆਂ ਗਈਆਂ, ਜੋ ਸਾਡੀ ਸੋਚ ਨੂੰ ਅਵਿਗਿਆਨਕ ਬਣਾਉਂਦੀਆਂ ਹਨ। ਅੱਜ ਵੀ ਇਹ ਵਰਤਾਰਾ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਟੈਲੀਵਿਜ਼ਨ ਉੱਪਰ ਜੋਤਿਸ਼ ਅਤੇ ਭਵਿੱਖਬਾਣੀਆਂ ਦੱਸਣ ਸਬੰਧੀ ਕਈ ਪ੍ਰਕਾਰ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ। ਦੂਸਰਾ, ਸਿੱਖਿਆ ਦੇ ਖੇਤਰ ਵਿੱਚ ਸਾਡੇ ਸਾਹਮਣੇ ਅਜਿਹੀਆਂ ਲਿਖਤਾਂ ਲਿਆਂਦੀਆਂ ਗਈਆਂ, ਜੋ ਸਾਨੂੰ ਕਾਲਪਨਿਕ ਦੁਨੀਆਂ ਵਿੱਚ ਪਹੁੰਚਾਉਣ ਦੇ ਨਾਲ ਨਾਲ ਅੰਧ ਵਿਸ਼ਵਾਸੀ ਵੀ ਬਣਾਉਂਦੀਆਂ ਹਨ। ਪੜ੍ਹੀਆਂ ਹੋਈਆਂ ਚੀਜ਼ਾਂ ਨਾਲ ਮਿਲਦੀਆਂ-ਜੁਲਦੀਆਂ ਘਟਨਾਵਾਂ ਨੂੰ ਜਦੋਂ ਅਸੀਂ ਸਕਰੀਨ ’ਤੇ ਵੇਖਦੇ ਹਾਂ ਤਾਂ ਸਾਡਾ ਵਿਸ਼ਵਾਸ ਹੋਰ ਵੀ ਮਜ਼ਬੂਤ ਹੁੰਦਾ ਹੈ। ਬੱਚੇ ਕੋਰਾ ਕਾਗਜ਼ ਹੁੰਦੇ ਹਨ, ਉਹ ਜੋ ਵੇਖਦੇ, ਸੁਣਦੇ ਜਾਂ ਪੜ੍ਹਦੇ ਹਨ, ਉਸ ਨੂੰ ਆਤਮਸਾਤ ਕਰ ਲੈੰਦੇ ਹਨ। ਸਿੱਖਿਆ ਵਿੱਚ ਬੱਚਿਆਂ ਨੂੰ ਪਰੀਆਂ ਵਰਗੀਆਂ ਕਾਲਪਨਿਕ ਕਹਾਣੀਆਂ ਜਾਂ ਕਈ ਵਾਰ ਭੂਤਾਂ ਦੀਆਂ ਕਹਾਣੀਆਂ ਵੀ ਪੜ੍ਹਾਈਆਂ ਜਾਂਦੀਆਂ ਹਨ। ਉਦਾਹਰਣ ਦੇ ਤੌਰ ’ਤੇ ਦਸਵੀਂ ਕਲਾਸ ਦੀ ਅੰਗਰੇਜ਼ੀ ਕਿਤਾਬ ਵਿੱਚ ਇੱਕ ਪਾਠ ਹੈ ‘ਏ ਵਾਈਨ ਆੱਨ ਏ ਹਾਊਸ’ ਜਿਸ ਵਿੱਚ ਇੱਕ ਮਰੀ ਹੋਈ ਔਰਤ ਦੀ ਆਤਮਾ ਦੁਆਰਾ ਘਰ ਵਿੱਚ ਮੌਜੂਦ ਵੇਲ ਨੂੰ ਹਿਲਾਇਆ ਜਾਂਦਾ ਹੈ। ਇਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡਾ ਆਉਣ ਵਾਲਾ ਭਵਿੱਖ ਵੀ ਬੌਧਿਕ ਪੱਖੋਂ ਕੰਗਾਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਤੀਸਰਾ, ਰਾਜਨੀਤੀ ਵਿੱਚ ਅਜਿਹੇ ਨੇਤਾ ਚੁਣੇ ਜਾਂਦੇ ਹਨ, ਜੋ ਅੰਧ ਵਿਸ਼ਵਾਸ ਦਾ ਪ੍ਰਸਾਰ ਕਰਦੇ ਹਨ, ਜਿਵੇਂ ਮੱਧ ਪਰਦੇਸ ਦੀ ਇੱਕ ਸਾਂਸਦ ਸਾਧਵੀ ਪ੍ਰਗਿਆ ਦੁਆਰਾ ਕਿਹਾ ਗਿਆ ਕਿ ਉਸ ਦੀ ਕੈਂਸਰ ਦੀ ਬੀਮਾਰੀ ਗਊ ਮੂਤਰ ਨਾਲ ਠੀਕ ਹੋਈ ਸੀ, ਜਦਕਿ ਉਸ ਦਾ ਇਲਾਜ ਕਰ ਰਹੇ ਡਾਕਟਰ ਨੇ ਕਿਹਾ ਕਿ ਉਸ ਦੀਆਂ ਤਿੰਨ ਪਲਾਸਟਿਕ ਸਰਜਰੀਆਂ ਕੀਤੀਆਂ ਸਨ, ਤਾਂ ਉਨ੍ਹਾਂ ਦੀ ਕੈਂਸਰ ਠੀਕ ਹੋਈ। ਡਾਕਟਰ ਦੀ ਅਜਿਹੀ ਪ੍ਰਤੀਕਿਰਿਆ ’ਤੇ ਸਾਧਵੀ ਪ੍ਰਗਿਆ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਦੀ ਖਾਮੋਸ਼ੀ ਤੋਂ ਪਤਾ ਲੱਗਦਾ ਹੈ ਕਿ ਇਹ ਇੱਕ ਅੰਧ ਵਿਸ਼ਵਾਸ ਫੈਲਾਉਣ ਦੀ ਸਾਜ਼ਿਸ਼ ਸੀ। ਇਸ ਤੋਂ ਇਲਾਵਾ ਅਜੋਕੀ ਸਰਕਾਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਹਵਨ ਕਰਦੀ ਹੈ, ਚਾਹੇ ਉਹ ਬ੍ਰਹਿਮੰਡ ਸੰਬੰਧੀ ਕੋਈ ਖੋਜ ਦੀ ਸ਼ੁਰੂਆਤ ਜਾਂ ਪ੍ਰਾਪਤੀ ਹੋਵੇ। ਪੈਦਾ ਕੀਤੀ ਗਈ ਅਜਿਹੀ ਵਿਵਸਥਾ ਕਾਰਨ ਸਾਡੇ ਜ਼ਿਆਦਾਤਰ ਲੋਕ ਵਿਗਿਆਨਕ ਸੋਚ ਨੂੰ ਨਕਾਰ ਕੇ ਅੰਧ ਵਿਸ਼ਵਾਸੀ ਸੋਚ ਅਪਣਾ ਲੈਂਦੇ ਹਨ।
ਜਦੋਂ ਕੋਈ ਬੁੱਧੀਜੀਵੀ ਇਨ੍ਹਾਂ ਵਿਸ਼ਵਾਸਾਂ ਨੂੰ ਤਰਕ ਦੀ ਕਸਵੱਟੀ ’ਤੇ ਖਰਾ ਉੱਤਰਦਾ ਨਹੀਂ ਵੇਖਦਾ ਅਤੇ ਪ੍ਰਸ਼ਨ ਕਰਦਾ ਹੈ, ਤਾਂ ਇਹ ਲੋਕ ਮਰਨ ਮਾਰਨ ਤਕ ਚਲੇ ਜਾਂਦੇ ਹਨ। ਉਦਾਹਰਨ ਦੇ ਤੌਰ ਉੱਤੇ ਗੌਰੀ ਲੰਕੇਸ਼, ਐੱਮਐੱਮ ਕੁਲਬਰਗੀ, ਗੋਬਿੰਦ ਪੰਸਾਰੇ ਆਦਿ ਬੁੱਧੀਜੀਵੀਆਂ ਦਾ ਕਤਲ ਕਰ ਦਿੱਤਾ ਗਿਆ। ਤਾਜ਼ਾ ਉਦਾਹਰਨ ਅਸੀਂ ਬੀਰ ਸਿੰਘ ਦੁਆਰਾ ਲਿਖੇ ਗੀਤ ‘ਮੇਰਾ ਕੀ ਕਸੂਰ’ ਜੋ ਕਿ ਰਣਜੀਤ ਸਿੰਘ ਬਾਵਾ ਵੱਲੋਂ ਗਾਇਆ ਗਿਆ, ਦੀ ਲੈ ਸਕਦੇ ਹਾਂ, ਜਿਸ ’ਤੇ ਅੰਧ ਵਿਸ਼ਵਾਸੀ ਲੋਕਾਂ ਵੱਲੋਂ ਆਪਣੀਆਂ ਭਾਵਾਨਾਵਾਂ ਨੂੰ ਠੇਸ ਪਹੁੰਚਾਏ ਜਾਣ ਕਾਰਨ ਕੇਸ ਕਰ ਦਿੱਤਾ ਗਿਆ। ਕੇਸ ਕਰਨ ਵਾਲੇ ਲੋਕਾਂ ਪਿੱਛੇ ਰਾਜਨੀਤਕ ਸਰਪ੍ਰਸਤੀ ਹੁੰਦੀ ਹੈ, ਜਿਸ ਕਾਰਨ ਇਨ੍ਹਾਂ ਨੂੰ ਹੋਰ ਵੀ ਖੁੱਲ੍ਹ ਮਿਲ ਜਾਂਦੀ ਹੈ। ਸੱਚ-ਝੂਠ ਦੀ ਪਰਖ ਕੀਤੇ ਬਿਨਾਂ, ਕਿਸੇ ’ਤੇ ਕੇਸ ਦਰਜ ਕਰਨਾ ਜਾਂ ਮਰਨ ਮਾਰਨ ਤਕ ਚੱਲੇ ਜਾਣ ਨੂੰ ਕਦੇ ਵੀ ਠੀਕ ਨਹੀਂ ਕਿਹਾ ਜਾ ਸਕਦਾ। ਜੇਕਰ ਕਿਸੇ ਬੀਮਾਰੀ ਦੇ ਫੈਲਣ ਪੱਖੋਂ ਗੱਲ ਕੀਤੀ ਜਾਏ ਤਾਂ ਵਿਗਿਆਨਕ ਸਮਝ ਪੱਖੋਂ ਵਿਹੂਣੇ ਲੋਕ ਜਦੋਂ ਵੀ ਕਿਸੇ ਬਿਮਾਰੀ ਦਾ ਪ੍ਰਕੋਪ ਫੈਲਦਾ ਹੈ, ਤਾਂ ਉਹ ਤਰ੍ਹਾਂ-ਤਰ੍ਹਾਂ ਦੀਆਂ ਧਾਰਨਾਵਾਂ ਘੜਨੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਕਿਸੇ ਸ਼ਕਤੀ ਦੀ ਪ੍ਰਕੋਪੀ ਹੋਣ ਬਾਰੇ ਗੱਲਾਂ ਕਰਦੇ ਹਨ।
ਅਜੋਕੀ ਮਹਾਂਮਾਰੀ ਬਾਰੇ ਵੀ ਅੰਧ-ਵਿਸ਼ਵਾਸੀ ਲੋਕਾਂ ਦਾ ਕੁਝ ਅਜਿਹਾ ਹੀ ਵਿਸ਼ਵਾਸ ਹੈ, ਜੋ ਕੋਰੋਨਾ ਨੂੰ ਕਿਸੇ ਦੈਵੀ ਸ਼ਕਤੀ ਦੀ ਪ੍ਰਕੋਪੀ ਕਹਿ ਰਹੇ ਹਨ। ਵਿਗਿਆਨਕ ਸਮਝ ਪੱਖੋਂ ਉੂਣੇ ਲੋਕ ਇਹ ਕਹਿ ਰਹੇ ਹਨ ਕਿ ਅੱਜ ਵਿਗਿਆਨ ਕਿੱਥੇ ਹੈ, ਵਿਗਿਆਨ ਫੇਲ ਹੋ ਚੁੱਕਾ ਹੈ, ਅੱਜ ਕਿੱਧਰ ਗਏ ਵੱਡੀਆਂ-ਵੱਡੀਆਂ ਖੋਜਾਂ ਕਰਨ ਵਾਲੇ ਆਦਿ, ਪ੍ਰੰਤੂ ਅਜਿਹਾ ਕੁਫ਼ਰ ਤੋਲਣ ਨਾਲ ਉਹ ਕਰੋਨਾ ਵਿਰੁੱਧ ਜੰਗ ਲੜ ਰਹੇ ਡਾਕਟਰਾਂ ਦਾ ਹੌਸਲਾ ਵੀ ਤੋੜਦੇ ਹਨ, ਜਿਨ੍ਹਾਂ ਤੋਂ ਹਰੇਕ ਪੀੜਤ ਦੇ ਠੀਕ ਹੋਣ ਦੀ ਆਸ ਰੱਖੀ ਜਾਂਦੀ ਹੈ। ਅੱਜ ਕਰੋਨਾ ਮਹਾਂਮਾਰੀ ਤੋਂ ਬਚ ਰਹੇ ਲੋਕ ਡਾਕਟਰਾਂ ਰਾਹੀਂ ਬਚਾਏ ਜਾ ਰਹੇ ਹਨ, ਨਾ ਕਿ ਕਿਸੇ ਦੈਵੀ ਸ਼ਕਤੀ ਦੁਆਰਾ। ਇਨ੍ਹਾਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਅੱਜ ਪਹਿਨਣ ਵਾਲੇ ਕੱਪੜਿਆਂ ਤੋਂ ਲੈ ਕੇ, ਆਵਾਜਾਈ, ਇੰਟਰਨੈੱਟ, ਲਿਖਤੀ ਕਾਗ਼ਜ਼ ਤੇ ਗਿਆਨ ਦੇ ਸ਼ਬਦਾਂ ਦਾ ਭੰਡਾਰ, ਡਾਕਟਰੀ ਸਹੂਲਤਾਂ, ਬ੍ਰਹਿਮੰਡ ਦੀਆਂ ਖੋਜਾਂ ਆਦਿ ਸਭ ਵਿਗਿਆਨ ਦੀ ਦੇਣ ਹਨ। ਕਹਿਣ ਦਾ ਭਾਵ ਹੈ ਕਿ ਸਹੂਲਤਾਂ ਪੱਖੋਂ ਜੋ ਵੀ ਚੀਜ਼ ਅੱਜ ਮਨੁੱਖ ਨਾਲ ਜੁੜੀ ਹੋਈ ਹੈ, ਸਭ ਵਿਗਿਆਨ ਦੀ ਦੇਣ ਹਨ।
ਸਾਨੂੰ ਰਾਜਨੀਤਕ ਲੋਕਾਂ ਅਤੇ ਕੱਟੜਪੰਥੀਆਂ ਦੀਆਂ ਸਾਜ਼ਿਸ਼ਾਂ ਨੂੰ ਸਮਝਦੇ ਹੋਏ ਅਗਾਂਹਵਧੂ ਸੋਚ ਅਪਣਾਉਣੀ ਚਾਹੀਦੀ ਹੈ। ਵਿਹਲੇ ਸਮੇਂ ਨੂੰ ਅਸੀਂ ਸਾਹਿਤ ਅਤੇ ਅਖ਼ਬਾਰਾਂ ਨਾਲ ਜੋੜ ਕੇ ਉਸਾਰੂ ਸੋਚ ਵਾਲਾ ਬਣਾ ਸਕਦੇ ਹਾਂ। ਫਿਰ ਹੀ ਅਸੀਂ ਰਾਜਨੀਤਿਕ ਅਤੇ ਉਨ੍ਹਾਂ ਨਾਲ ਮਿਲੇ ਹੋਏ ਲੋਕਾਂ ਦੀ ਹਰ ਚਾਲ ਨੂੰ ਆਪਣੀ ਤੇਜ਼ ਬੁੱਧੀ ਜ਼ਰੀਏ ਸਮਝ ਸਕਦੇ ਹਾਂ।
ਅੱਜ ਕੁਦਰਤ ਦੇ ਰਹੱਸਾਂ ਨੂੰ ਫਰੋਲਣ ਵਾਲਾ ਵਿਗਿਆਨ ਹੈਰਾਨ ਕਰਨ ਵਾਲੀ ਤਰੱਕੀ ਕਰ ਰਿਹਾ ਹੈ। ਫਿਰ ਵੀ ਤਰੱਕੀ ਦੇ ਯੁਗ ਵਿੱਚ ਸਾਡਾ ਮਨੁੱਖ ਪ੍ਰਾਚੀਨ ਸਮੇਂ ਪੈਦਾ ਕੀਤੇ ਅੰਧ ਵਿਸ਼ਵਾਸਾਂ ਤੋਂ ਛੁਟਕਾਰਾ ਨਹੀਂ ਪਾ ਰਿਹਾ। ਸੋ ਆਓ ਸਭ ਤਰੱਕੀ ਦੇ ਦੌਰ ਵਿੱਚ ਅਗਾਂਹ ਵਧੂ ਵਿਚਾਰ ਅਪਣਾਉਂਦੇ ਹੋਏ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧੀਏ, ਨਹੀਂ ਤਾਂ ਅਸੀਂ ਇੰਨੇ ਪਿੱਛੇ ਰਹਿ ਜਾਵਾਂਗੇ ਕਿ ਸਾਡੇ ਲਈ ਸੋਚਣ ਦਾ ਸਮਾਂ ਵੀ ਨਹੀਂ ਬਚੇਗਾ ਅਤੇ ਨਵੀਂ ਕਾਢ ਲਈ ਸਾਨੂੰ ਅਗਾਂਹਵਧੂ ਮੁਲਕਾਂ ਦੀ ਸੋਚ ’ਤੇ ਨਿਰਭਰ ਕਰਨਾ ਪਏਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2141)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)