SurjitBhagat7ਚੁੱਪ ਕਰਕੇ ਪੈਸੇ ਹਜ਼ਮ ਕਰੋ, ਜਦੋਂ ਕੁਝ ਹੋਊ, ਵੇਖਿਆ ਜਾਊ।” ਦੀ ਸਲਾਹ ਦੇਣ ਵਾਲੇ ...
(25 ਜੂਨ 2021)

 

“ਡੈਡੀ ਕੁਝ ਪੈਸੇ ਭੇਜੇ ਨੇ, ਮੰਮੀ ਵਾਲੇ ਅਕਾਊਂਟ ਵਿੱਚ ਵੇਖ ਲਿਆ ਜੇ।”

ਮੈਲਬੌਰਨ ਤੋਂ ਬੇਟੇ ਲੱਕੀ ਦਾ ਫੋਨ ਸੁਣਕੇ ਸਵੇਰੇ ਸਵੇਰੇ ਹੀ ਮਨ ਪ੍ਰਸੰਨ ਹੋ ਗਿਆ, ਹਾਲਾਂਕਿ ਮੈਂ ਉਸ ਨੂੰ ਕਈ ਦਿਨ ਪਹਿਲਾਂ ਅਜਿਹਾ ਨਾ ਕਰਨ ਦੀ ਤਾਕੀਦ ਵੀ ਕੀਤੀ ਸੀਮੇਰੇ ਸਖ਼ਤੀ ਨਾਲ ਮਨ੍ਹਾਂ ਕਰਨ ਦੇ ਬਾਵਜੂਦ ਵੀ ਉਸਨੇ ਪੈਸੇ ਭੇਜ ਦਿੱਤੇਕਾਰਨ ਇਹ ਕਿ ਇੱਕ ਤਾਂ ਮੈਂਨੂੰ ਉੱਕਾ ਹੀ ਜ਼ਰੂਰਤ ਨਹੀਂ ਸੀ, ਦੂਜਾ ਮੈਂ ਉਸ ਨੂੰ ਕੁਝ ਪੈਸੇ ਬਚਾ ਕੇ ਆਪਣੇ ਕੋਲ ਵੀ ਰੱਖਣ ਲਈ ਅਕਸਰ ਹੀ ਸਲਾਹ ਦਿੰਦਾ ਰਹਿੰਦਾ ਹਾਂਘੰਟੇ ਕੁ ਬਾਅਦ ਸਰਦਾਰਨੀ ਦੇ ਖਾਤੇ ਵਿੱਚ ਚੁਰੰਜਾ ਹਜ਼ਾਰ ਰੁਪਏ ਆਉਣ ਦਾ ਸੁਨੇਹਾ ਮੋਬਾਇਲ ’ਤੇ ਆ ਗਿਆ ਤੇ ਗੱਲ ਆਈ ਗਈ ਹੋ ਗਈ

ਹੈਰਾਨਗੀ ਦੀ ਗੱਲ ਉਦੋਂ ਹੋਈ ਜਦੋਂ ਇੱਕ ਹੋਰ ਸੁਨੇਹਾ ਆ ਗਿਆ ਕਿ ਇਸੇ ਖਾਤੇ ਵਿੱਚ ਦੁਬਾਰਾ ਇੰਨੇ ਹੀ ਪੈਸੇ ਹੋਰ ਆ ਗਏ ਹਨਚੁਰੰਜਾ ਹਜ਼ਾਰ ਰੁਪਏ ਸਾਡੇ ਵਰਗੇ ਸਧਾਰਨ ਜਿਹੇ ਬੰਦੇ ਲਈ ਕਾਫੀ ਜ਼ਿਆਦਾ ਰਕਮ ਹੁੰਦੀ ਹੈਇਕਦਮ ਦੁੱਗਣੀ ਰਕਮ ਆ ਜਾਣ ’ਤੇ ਅਸੀਂ ਸਾਰੇ ਜਣੇ ਇਹ ਸੋਚ ਕੇ ਹੈਰਾਨ ਹੀ ਨਹੀਂ ਸਗੋਂ ਪ੍ਰੇਸ਼ਾਨ ਵੀ ਹੋ ਰਹੇ ਸਾਂ ਕਿ ਜਿਸ ਕਿਸੇ ਕੋਲੋਂ ਵੀ ਇਹ ਗਲਤੀ ਹੋਈ ਹੋਵੇਗੀ, ਉਹ ਕਿਸ ਤਰ੍ਹਾਂ ਇਸ ਨੂੰ ਸੁਧਾਰੇਗਾ? ਪੈਸੇ ਕਾਹਦੇ ਆਏ, ਸਾਨੂੰ ਸਭ ਨੂੰ ਖਲਗਜਣ ਵਿੱਚ ਪਾ ਗਏ

ਹਾਰ ਕੇ ਬੇਟੇ ਲੱਕੀ ਨੂੰ ਆਸਟਰੇਲੀਆ ਫੋਨ ਕੀਤਾ

ਉਹ ਚਾਰੇ ਖੁਰ ਚੱਕੀ ਫਿਰੇਅਖੇ, “ਇਹ ਪੈਸੇ ਸਾਡੇ ਨਹੀਂ ਡੈਡੀ, ਮੈਂ ਤਾਂ ਸਿਰਫ ਇੱਕੋ ਵਾਰੀ ਪੈਸੇ ਭੇਜੇ ਨੇ, ਸਿਰਫ਼ ਚੁਰੰਜਾ ਹਜ਼ਾਰਦੂਜੀ ਵਾਰੀ ਆਏ ਪੈਸੇ ਮੇਰੇ ਨਹੀਂ, ਕਿਧਰੇ ਕੋਈ ਗਲਤੀ ਹੋ ਗਈ ਏ ਬੈਂਕ ਵਾਲਿਆਂ ਤੋਂ, ਤੁਸੀਂ ਜਾ ਕੇ ਪਤਾ ਕਰੋ ਹੁਣੇ ਈ” ਚੋਰ ਨਾਲੋਂ ਪੰਡ ਕਾਹਲੀ ਸੀ

ਉਸ ਦਿਨ ਤਾਂ ਮੈਂ ਦਫਤਰ ਵਿੱਚ ਰੁੱਝੇ ਹੋਣ ਕਾਰਨ ਬੈਂਕ ਨਾ ਜਾ ਸਕਿਆ, ਪਰ ਦੂਜੇ ਦਿਨ ਵੀ ਕਰੀਬ ਦੁਪਹਿਰ ਹੀ ਹੋ ਗਈਬੈਂਕ ਦੇ ਸਬੰਧਿਤ ਕਲਰਕ ਨੇ ਇਹ ਕਹਿ ਕੇ ਮੈਂਨੂੰ ਗਲੋਂ ਲਾਹੁਣ ਦੀ ਕੋਸ਼ਿਸ਼ ਕੀਤੀ ਕਿ ਇਹ ਸਾਰਾ ਕੁਝ ਮੁੰਬਈ ਸ਼ਾਖਾ ਤੋਂ “ਡੀਲ” ਹੁੰਦਾ ਹੈ, ਇਸ ਲਈ ਉਹ ਇਸ ਮਾਮਲੇ ਵਿੱਚ ਮੇਰੀ ਕੋਈ ਵੀ ਮਦਦ ਨਹੀਂ ਕਰ ਸਕਦਾਮੈਂ ਭਾਵੇਂ ਉਸਦੇ ਇਸ ਜਵਾਬ ਤੋਂ ਅਸੰਤੁਸ਼ਟ ਸਾਂ, ਪਰ ਕਰ ਵੀ ਕੀ ਸਕਦਾ ਸਾਂ? ਇੱਕ ਪਾਸੇ ਤਾਂ ਬੇਟਾ ਫੋਨ ’ਤੇ ਫੋਨ ਕਰਕੇ ਦੂਜੀ ਵਾਰੀ ਆਏ ਪੈਸਿਆਂ ਨੂੰ “ਹੱਥ ਨਾ ਲਾਉਣ” ਦਾ ਆਦੇਸ਼ ਜਾਰੀ ਕਰ ਰਿਹਾ ਸੀ, ਦੂਜੇ ਪਾਸੇ ਮੇਰੀ ਹਾਲਤ ਬੜੀ ਤਰਸਯੋਗ ਬਣੀ ਹੋਈ ਸੀ ਕਿਉਂਕਿ ਮੈਂਨੂੰ ਕੋਈ ਵੀ ਹੱਥ ਪੱਲਾ ਨਹੀਂ ਸੀ ਫੜਾ ਰਿਹਾਮੈਂ ਖ਼ੁ਼ਦ ਵੀ ਬੇਗਾਨੇ ਪੈਸੇ ਨੂੰ ਵਰਤਣਾ ਤਾਂ ਦੂਰ, ਅਜਿਹਾ ਸੋਚਣਾ ਵੀ ਗੁਨਾਹ ਸਮਝ ਰਿਹਾ ਸਾਂ

ਚਾਣਚੱਕ ਬੈਂਕ ਵਿੱਚ ਲਗਾਤਾਰ ਦੋ ਛੁੱਟੀਆਂ ਆ ਗਈਆਂ। ਇਨ੍ਹਾਂ ਵਿੱਚ ਮੈਂਨੂੰ ਜਿਹੜੇ ਉਪਦੇਸ਼ ਸੁਣਨੇ ਪਏ, ਮੈਂਨੂੰ ਸਾਰੀ ਉਮਰ ਨਹੀਂ ਭੁੱਲ ਸਕਣਗੇਦਿਹਾੜੀ ਵਿੱਚ ਕਈ ਕਈ ਵਾਰੀ ਆਏ ਫੋਨਾਂ ਵਿੱਚ ਬੇਟਾ ਲੱਕੀ ਨਸੀਹਤ ਦਿੰਦਾ, “ਡੈਡੀ, ਇਨ੍ਹਾਂ ਪੈਸਿਆਂ ਵੱਲ ਬਿਲਕੁਲ ਵੀ ਝਾਕਣਾ ਨਹੀਂ, ਇਹ ਸਾਡੇ ਨੀ ਹੈਗੇਮੇਰੇ ਹੀ ਵਰਗੇ ਕਿਸੇ ਮੁੰਡੇ ਦੇ ਹੋਣੇ ਨੇ, ਜੋ ਦਿਨ ਰਾਤ ਇੱਥੇ ਮਿਹਨਤ ਕਰਦਾ ਹੋਊਸਾਨੂੰ ਪਤੈ, ਇੱਕ ਇੱਕ ਡਾਲਰ ਲਈ ਕੀ ਕੀ ਪਾਪੜ ਵੇਲਣੇ ਪੈਂਦੇ ਆ, ਹੱਥਾਂ ’ਚੋਂ ਲਹੂ ਸਿੰਮਣ ਲਗਦਾ ਹੈ, ਫਿਰ ਕਿਤੇ ਜਾ ਕੇ ਡਾਲਰਾਂ ਦਾ ਮੂੰਹ ਵੇਖੀਦੈ।” ਇਹ ਸੁਣਦੇ ਹੀ ਮੇਰੀ ਭੁੱਬ ਨਿਕਲ ਗਈ

ਚੇਤਾ ਆਇਆ ਕਿ ਮਹੀਨਾ ਕੁ ਪਹਿਲਾਂ ਮੇਰੀ ਬੇਟੀ ਅਮਨਦੀਪ ਨੇ ਆਪਣੇ ਇਸੇ ਛੋਟੇ ਵੀਰੇ ਦੇ ਕੰਮ ਕਰ ਕਰ, ਚੀਰੇ ਪਏ ਹੱਥ, ਵੀਡੀਓ ਕਾਲ ’ਤੇ ਵੇਖ ਕੇ ਮੈਂਨੂੰ ਦੱਸਦਿਆਂ ਅੱਖਾਂ ਸਿੱਲੀਆਂ ਕਰ ਲਈਆਂ ਸਨਇਹ ਗੱਲ ਵੀ ਇੱਥੇ ਦੱਸਣਯੋਗ ਹੋਵੇਗੀ ਕਿ ਸਾਰੀ ਦਿਹਾੜੀ ਜਿਹੜਾ ਕੰਮ ਕਰਦਿਆਂ ਉਸ ਦੇ ਹੱਥਾਂ ਵਿੱਚ ਚੀਰੇ ਪਏ ਸਨ, ਸ਼ਾਮ ਨੂੰ “ਪੰਜਾਬੀ ਭਾਅ ਜੀ” ਨੇ ਲੱਕੀ ਨੂੰ “ਟਰੇਨਿੰਗ ਓ ਕੇ” ਕਹਿ ਕੇ ਖਾਲੀ ਹੱਥ ਹੀ ਵਾਪਸ ਘਰੇ ਤੋਰ ਦਿੱਤਾ ਸੀਇਹ ਸਾਰਾ ਕੁਝ ਯਾਦ ਆਉਂਦਿਆਂ ਮੈਂਨੂੰ ਦੂਜੀ ਵਾਰੀ ਖਾਤੇ ਵਿੱਚ ਆਏ ਬੇਗਾਨੇ ਡਾਲਰਾਂ ਵਿੱਚ ਕਿਸੇ ਹੋਰ ਦੀ ਕਿਰਤ ਦਾ ਲਹੂ/ਪਸੀਨਾ ਚੋਂਦਾ ਨਜ਼ਰ ਆਇਆ

ਬੈਂਕ ਵਾਲੇ ਕਈ ਦਿਨ ਮੈਂਨੂੰ ਇੱਕੋ ਹੀ ਗੱਲ ਕਹਿ ਕੇ ਟਰਕਾਉਂਦੇ ਰਹੇ ਕਿ ਉਨ੍ਹਾਂ ਦੇ ਹੱਥ ਵੱਸ ਕੁਝ ਨਹੀਂ ਹੈ, ਇਹ ਸਾਰਾ ਕੁਝ ਮੁੰਬਈ ਵਾਲਿਆਂ ਦੇ ਹੀ ਹੱਥ ਵੱਸ ਹੈ

“ਚੁੱਪ ਕਰਕੇ ਪੈਸੇ ਹਜ਼ਮ ਕਰੋ, ਜਦੋਂ ਕੁਝ ਹੋਊ, ਵੇਖਿਆ ਜਾਊ।” ਦੀ ਸਲਾਹ ਦੇਣ ਵਾਲੇ ਕਈ ਭੱਦਰ ਪੁਰਸ਼ ਵੀ ਮੇਰੇ ਕਮਲੇਪਣ ਦਾ ਮੌਜੂ ਉਡਾ ਰਹੇ ਸਨਬੇਟੇ ਨੇ ਮੈਂਨੂੰ ਸਵੇਰੇ ਸ਼ਾਮ ਫੋਨ ਕਰ ਕਰ ਕੇ ਮੇਰੇ ਨਾਸੀਂ ਧੂੰ ਦਿੱਤਾ ਹੋਇਆ ਸੀਇਸ ਸਥਿਤੀ ਨੇ ਮੈਂਨੂੰ ਕਈ ਦਿਨ ਡੌਰ ਭੌਰ ਕਰੀ ਰੱਖਿਆ

ਆਖ਼ਿਰ ਇੱਕ ਦਿਨ ਇੱਕ ਸਿਆਣੇ ਬੈਂਕ ਕਰਮਚਾਰੀ ਨੇ ਸਲਾਹ ਦਿੱਤੀ ਕਿ ਮੈਂ ਉਨ੍ਹਾਂ ਨੂੰ ਅਰਜ਼ੀ ਲਿਖ ਕੇ ਦੇਵਾਂ ਕਿ ਦੁਬਾਰਾ ਆਈ ਹੋਈ ਰਕਮ ਮੇਰੀ ਨਹੀਂ ਹੈਉਹ ਮੇਰੀ ਅਰਜ਼ੀ ਮੁੰਬਈ ਭੇਜ ਕੇ ਇਹ ਪੈਸੇ ਜਾਮ ਕਰਵਾ ਦੇਣਗੇ ਅਤੇ ਸਾਲ ਦੇ ਅਖੀਰ ਵਿੱਚ ਖਾਤੇ ਦਾ ਮਿਲਾਣ ਹੋਣ ਉਪਰੰਤ ਇਸਦਾ ਹੱਲ ਹੋ ਜਾਵੇਗਾਮੈਂ ਇੰਞ ਹੀ ਕੀਤਾਬੈਂਕ ਨੇ ਇਹ ਰਕਮ ਜਾਮ ਕਰ ਦਿੱਤੀ। ਮੈਂ ਖ਼ੁਦ ਨੂੰ ਇਸ ਤਰ੍ਹਾਂ ਸੁਰਖਰੂ ਹੋਇਆ ਅਨੁਭਵ ਕਰ ਰਿਹਾ ਸਾਂ, ਜਿਵੇਂ ਮੈਂ ਧੀ ਦੀ ਡੋਲੀ ਤੋਰ ਕੇ ਵਿਹਲਾ ਹੋਇਆ ਹੋਵਾਂ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2861)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਰਜੀਤ ਭਗਤ

ਸੁਰਜੀਤ ਭਗਤ

Phone: (91 - 94172 - 07477)
Email: (surjittbhagat@rediffmail.com)