“ਅੱਡ ਹੋਣ ਤੋਂ ਪਹਿਲਾਂ ਉਸਨੇ ਵੱਡੇ ਭਰਾ ਨੂੰ ਨੰਗ ਹੀ ਨਹੀਂ, ਸਗੋਂ ਕਰਜ਼ਾਈ ਵੀ ...”
(27 ਅਕਤੂਬਰ 2019)
ਭਾਈਆ (ਜੀਜਾ) ਜੀ ਕਿਸੇ ਵੀ ਕੀਮਤ ਉੱਤੇ ਇੱਕ ਪਲ ਲਈ ਵੀ ਦੁਕਾਨ ਸੁੰਨੀ ਨਹੀਂ ਸਨ ਛੱਡਦੇ, ਭਾਵੇਂ ਕਿੱਡੀ ਵੀ ਲੋੜ ਹੋਵੇ। ਜੇ ਭਾਈਆ ਜੀ ਨੂੰ ਕਿਤੇ ਜਾਣਾ ਪੈ ਜਾਂਦਾ ਤਾਂ ਉਨ੍ਹਾਂ ਦੇ ਭਾਪਾ ਜੀ ਜਾਂ ਛੋਟਾ ਭਰਾ ਹੱਟੀ ਉੱਤੇ ਬਹਿ ਜਾਂਦੇ। ਪਤਾ ਨਹੀਂ ਅੱਜ ਉਨ੍ਹਾਂ ਨੂੰ ਕਿੰਨੀ ਕੁ ਵੱਡੀ ਮੁਸੀਬਤ ਆਣ ਪਈ ਸੀ ਕਿ ਇਨ੍ਹਾਂ ਤਿੰਨਾਂ ਵਿੱਚੋਂ ਕਿਸੇ ਨੇ ਵੀ ਹੱਟੀ ਉੱਤੇ ਹਾਜ਼ਰ ਨਹੀਂ ਸੀ ਹੋ ਸਕਣਾ। ਇਹ ਗੁਣਾ ਮੇਰੇ ਨਾ ਚਾਹੁੰਦੇ ਹੋਏ ਵੀ ਮੇਰੇ ਉੱਤੇ ਆਣ ਪਿਆ।
“ਭਾਈਆ ਜੀ, ਮੈਂਨੂੰ ਤਾਂ ਇਹਦਾ ਕੁਝ ਵੀ ਪਤਾ ਨੀ ਲੱਗਣਾ, ਮੈਂ ਕਿੱਦਾਂ ਸਾਰਾ ਦਿਨ ਕੱਟੂੰ?” ਮੈਂ ਆਪਣੀ ਜਾਨ ਛੁਡਾਉਣ ਦੇ ਆਖਰੀ ਹਰਬੇ ਵਜੋਂ ਪੱਤਾ ਖੇਡਿਆ।
“ਤੂੰ ਕਿਹੜਾ ਯਾਰ ਮੰਤਰ ਪੜ੍ਹਨੇ ਨੇ, ਬੱਸ ਬੈਠੇ ਹੀ ਰਹਿਣਾ ਹੈ। ਮਾਲ ਗਿਣ ਕੇ ਦੇ ਦੇਣੈ, ਰੇਟ ਤਾਂ ਨੌਕਰਾਂ ਨੂੰ ਪਤਾ ਹੈ ਈ ਐ। ਤੂੰ ਤਾਂ ਬੱਸ ਨੋਟ ਹੀ ਗਿਣ ਕੇ ਫੜਨੇ ਨੇ।” ਉਨ੍ਹਾਂ ਨੇ ਮੈਂਨੂੰ ਹੌਸਲਾ ਦਿੰਦੇ ਹੋਏ ਕਿਹਾ।
“ਅੱਜ ਕੱਲ੍ਹ ਕਾਕਾ ਕਿਸੇ ’ਤੇ ਕੋਈ ਤਬਾਰ ਨੀ, ਹੋਰ ਕੋਈ ਗੱਲ ਨੀ। ਦੁਕਾਨ ਤਾਂ ਮੇਰੇ ਨੌਕਰ ਵੀ ਸਾਂਭ ਲੈਣਗੇ ਪਰ ਉਨ੍ਹਾਂ ਦੇ ਸਿਰ ਉੱਤੇ ਕੋਈ ਕੁੰਡਾ ਵੀ ਚਾਹੀਦਾ ਹੈ ਨਾ?” ਭਾਈਆ ਜੀ ਮੇਰੇ ਉੱਤੇ ਵੱਡਾ ਇਤਬਾਰ ਜਿਤਾ ਕੇ ਮੈਂਨੂੰ ਦੁਕਾਨ ’ਤੇ ਬਿਠਾ ਕੇ ਜਾਣ ਲਈ ਬਜ਼ਿੱਦ ਸਨ।
ਖੈਰ, ਮੈਂ ਅਣਮੰਨੇ ਮਨ ਨਾਲ ਦੂਜੀ ਸਵੇਰ ਦੁਕਾਨ ਉੱਤੇ ਬਹਿਣ ਲਈ ਹਾਮੀ ਭਰ ਦਿੱਤੀ। ਅੱਠਵੀਂ ਨੌਵੀਂ ਵਿੱਚ ਪੜ੍ਹਦਾ ਸਾਂ ਖੌਰੇ ਉਦੋਂ ਮੈਂ। ਸਮਝ ਵੀ ਬੱਸ ਇੰਨੀ ਕੁ ਹੀ ਸੀ। ਘਰੋਂ ਪੂਰੇ ਸੂਰੇ ਹੋਣ ਦੇ ਬਾਵਜੂਦ ਵੀ ਮਨ ਦੀ ਕੋਰੀ ਸਲੇਟ ’ਤੇ ਠੱਗੀ ਠੋਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ।
ਅਗਲੇ ਦਿਨ ਮੈਂ ਸਾਝਰੇ ਹੀ ਸਮੇਂ ਸਿਰ ਬੋਦਾ ਵਾਹ ਕੇ ਦੁਕਾਨ ਦੀ ਗੱਦੀ ਉੱਤੇ ਜਾ ਬੈਠਾ। ਦੁਕਾਨ ਦੇ ਨੌਕਰ ਮੈਂਨੂੰ ਵੇਖ ਵੇਖ ਕੱਛਾਂ ਵਿੱਚ ਹੱਸ ਰਹੇ ਸਨ। ਕਦੇ ਕਦਾਈਂ ਦੁਕਾਨ ਅੰਦਰ ਘਰੋਂ ਚੋਰੀ ਸਿਗਰਟਾਂ ਪੀਣ ਆਉਣ ਕਾਰਨ ਉਹ ਮੇਰੇ ਜਾਣੂ ਹੀ ਸਨ। ਪਹਿਲਾਂ ਜਾਣ ਪਛਾਣ ਹੋਣ ਦੀ ਵਜ੍ਹਾ ਕਾਰਨ ਉਹ ਦਿਲ ਹੀ ਦਿਲ ਵਿੱਚ ਲੱਡੂ ਭੋਰ ਰਹੇ ਸਨ। ਚਾਹ ਪਾਣੀ ਪਿੱਛੋਂ ਉਨ੍ਹਾਂ ਦੀ ਭੇਦ ਭਰੀ ਹਾਸੀ ਮੇਰੇ ਕੁਝ ਕੁਝ ਸਮਝ ਆ ਰਹੀ ਸੀ, ਪਰ ਦੋਵੇਂ ਧਿਰਾਂ ਵਲੋਂ ਮੂੰਹੋਂ ਕੁਝ ਨਾ ਬੋਲਣ ਕਾਰਨ ਦੁਪਹਿਰ ਤੱਕ ਇਹ ਮੁਸਕਰਾਹਟ ਭੇਦ ਹੀ ਬਣੀ ਰਹੀ। ਬਾਦ ਦੁਪਹਿਰ ਰੋਟੀ ਖਾਣ ਬਾਦ ਇਹ ਚੁੱਪ ਟੁੱਟ ਹੀ ਗਈ। ਉਹ ਬੜੇ ਸਬਰ ਨਾਲ ਮੈਂਨੂੰ ਗ੍ਰਾਹਕਾਂ ਕੋਲੋਂ ਪੈਸੇ ਲੈਂਦੇ ਵੇਖ ਰਹੇ ਸਨ।
“ਪੈਸੇ ਸਾਰੇ ਹੀ ਬਾਊ ਜੀ ਨੂੰ ਦੱਸਣੇ ਨੇ?” ਕਿਸੇ ਤਰ੍ਹਾਂ ਹਿੰਮਤ ਇਕੱਠੀ ਕਰਕੇ ਇੱਕ ਦੁੱਧ ਚਿੱਟੇ ਦੰਦਾਂ ਵਾਲਾ ਕਾਲਾ ਜਿਹਾ ਨੌਕਰ ਮੇਰੇ ਕੋਲ ਆ ਕੇ ਪੁੱਛਣ ਲੱਗਾ।
“ਕੀ ਮਤਲਬ?” ਮੈਂਨੂੰ ਗੱਲ ਕੁਝ ਸਮਝ ਨਹੀਂ ਸੀ ਆਈ।
“ਮਤਲਬ ਕਿ ਸਾਰਾ ਕੁਝ ਬਾਊ ਜੀ ਨੂੰ ਦੱਸਣਾ ਹੈ ਕਿ ਜਾਂ ਫਿਰ ਕੁਝ ਕੁੰਡੀ? ...” ਉਹ ਅਗਲੇ ਲਫ਼ਜ ਮੇਰੀ ਸਮਝ ’ਤੇ ਹੀ ਛੱਡ ਗਿਆ ਸੀ।
“ਨਹੀਂ, ਨਹੀਂ, ਸਾਰਾ ਕੁਝ, ਮਤਲਬ ਸਾਰੇ ਪੈਸੇ ਬਾਊ ਜੀ ਨੂੰ ਹੀ ਦੇਣੇ ਹਨ।” ਉਨ੍ਹਾਂ ਨੂੰ ਮੇਰੇ ਕੋਲੋਂ ਸ਼ਾਇਦ ਇਹ ਉਮੀਦ ਨਹੀਂ ਸੀ। ਉਨ੍ਹਾਂ ਦੀਆਂ ਆਸਾਂ ਉੱਤੇ ਵੀ ਪਾਣੀ ਫਿਰ ਗਿਆ ਜਾਪਦਾ ਸੀ।
“ਜੇ ‘ਉਹ’ ਹੁੰਦਾ ... ਤਾਂ ਅੱਜ ਇੱਕ ਸੂਟ ਪੱਕਾ ਹੀ ਬਣ ਜਾਣਾ ਸੀ ...।” ਉਨ੍ਹਾਂ ਵਿੱਚੋਂ ਇੱਕ ਨੇ ਜਦ ਇਹ ਗੱਲ ਸਹਿਜ ਸੁਭਾਅ ਹੀ ਕਹੀ ਤਾਂ ਮੈਂਨੂੰ ‘ਉਸਦੇ’ ਨਿੱਤ ਨਵੇਂ ਸਫ਼ਾਰੀ ਸੂਟ ਅਤੇ ਚਿੱਟੇ ਟੈਰੀ ਰੂਬੀਆ ਦੀਆਂ ਅੱਖਾਂ ਚੁਧਿਆਉਂਦੀਆਂ ਸਫੈਦੀ ਵਾਲੀਆਂ ਕਮੀਜ਼ਾਂ ਦੀ ਅਸਲੀਅਤ ਸਮਝ ਆ ਗਈ। ਉਸਦੇ ਇਨ੍ਹਾਂ ਸੂਟਾਂ ਦੀ ਵਰਤੋਂ ਮੈਂ ਵੀ ਵਿਆਹ ਮੰਗਣੇ ਤੇ ਕਈ ਵਾਰੀ ਕੀਤੀ ਸੀ ਕਿਉਂਕਿ ਮੇਰੇ ਕੋਲ ਅਜਿਹੀ ਟੌਹਰ ਵਾਲੇ ਕੱਪੜੇ ਨਹੀਂ ਸਨ। ਚੋਰ ਅਤੇ ਕੁੱਤੀ ਦੇ ਰਲ ਕੇ ਚੱਲਣ ਵਾਲਾ ਇਹ ਧੰਦਾ ਪਤਾ ਨਹੀਂ ਕਦ ਤੋਂ ਚਲਦਾ ਆ ਰਿਹਾ ਸੀ। ਇਸ ਸਵਾਲ ਨੇ ਮੇਰੇ ਦਿਲੋ ਦਿਮਾਗ ਅੰਦਰ ਚੋਖੀ ਖਲਬਲੀ ਮਚਾ ਦਿੱਤੀ। ਅਚਾਨਕ ਮੇਰਾ ਧਿਆਨ ਉਖੜਿਆ। ਅੰਦਰੋਂ ਨੌਕਰਾਂ ਦੀਆਂ ਮੇਰੀ ਖਿੱਲੀ ਉਡਾਉਣ ਵਾਲੀਆਂ ਗੱਲਾਂ ਮੇਰੇ ਕੰਨੀਂ ਪੈਣ ਲੱਗੀਆਂ।
“ਇਹ ਕੁਝ ਨੀ ਕਰ ਸਕਦਾ ..., ਇਹਨੇ ਇੱਦਾਂ ਹੀ ਰਹਿਣੈ ਸਾਰੀ ਜਿੰਦਗੀ, ਭੁੱਖਾ ਈ ਮਰੂ ਇਹ।” ਇਸ ਖੁਸਰ ਖੁਸਰ ਨਾਲ ਉਹ ਭਾਵੇਂ ਮੇਰਾ ਮਜ਼ਾਕ ਉਡਾ ਰਹੇ ਸਨ, ਪਰ ਮੈਂ ਆਪਣੇ ਅਕੀਦੇ ਉੱਤੇ ਕਾਇਮ ਰਹਿਣ ਵਿੱਚ ਹੀ ਖੁਦ ਨੂੰ ਕਿਸੇ ਜੇਤੂ ਜਰਨੈਲ ਵਾਂਗ ਸਮਝ ਰਿਹਾ ਸਾਂ।
ਖੈਰ, ਸ਼ਾਮੀਂ ਮੈਂ ਸਾਰਾ ਹਿਸਾਬ ਦੇ ਕੇ ਭਾਈਆ ਜੀ ਤੋਂ ਸ਼ਾਬਾਸ਼ ਤਾਂ ਲੈ ਲਈ ਤੇ ਉਨ੍ਹਾਂ ਨੇ ਵੀ ਬਿਨਾਂ ਪੈਸੇ ਗਿਣੇ ਸਾਰੀ ਰਕਮ ਜੇਬ ਵਿੱਚ ਪਾ ਲਈ ਪਰ ਮੇਰੇ ਮਨ ਵਿੱਚ ਇਹ ਗੱਲ ਜਰੂਰ ਰੜਕ ਰਹੀ ਸੀ ਕਿ ਇਸ ਭੋਲੇ ਬੰਦੇ ਨੂੰ ਪਤਾ ਨਹੀਂ ਕਿ ਉਸਦੀ ਲਾਈ ਵਾੜ ਹੀ ਉਸਦੇ ਖੇਤ ਨੂੰ ਤੇਜ਼ੀ ਨਾਲ ਖਾਈ ਜਾ ਰਹੀ ਹੈ।
ਮੈਂ ਇਹ ਗੱਲ ਵਿੰਗੇ ਟੇਢੇ ਢੰਗ ਨਾਲ ਭੈਣ ਜੀ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਪਤਾ ਨੀ ਕਿਹੜੀ ਮਜਬੂਰੀ ਸੀ ਕਿ ਕਿਸੇ ਨੇ ਮੇਰੀ ਗੱਲ ਵੱਲ ਕੰਨ ਨਹੀਂ ਧਰਿਆ। ਮੈਂ ਮਨ ਮਸੋਸ ਕੇ ਹੀ ਰਹਿ ਗਿਆ ਅਤੇ ਮੁੜ ਕਦੇ ਵੀ ‘ਉਸ’ ਕੋਲੋਂ ਕੱਪੜੇ ਮੰਗ ਕੇ ਪਾਉਣ ਦੀ ਹਿੰਮਤ ਨਹੀਂ ਜੁਟਾ ਸਕਿਆ।
‘ਲਛਮਣ ਭਰਾਤਾ’ ਦਾ ਕਾਰੋਬਾਰ ਕਈ ਸਾਲ ਇਸੇ ਤੋਰੇ ਤੁਰਦਾ ਰਿਹਾ ਅਤੇ ਸਿੱਟੇ ਵਜੋਂ ਦੁਕਾਨ ਦੀ ਰਾਸ ਖਤਮ ਹੁੰਦੀ ਗਈ। ਆਖਿਰਕਾਰ ਕਾਰੋਬਾਰ ਹੌਲੀ ਹੌਲੀ ਤਬਾਹ ਹੋ ਗਿਆ।
ਸਮਾਂ ਆਪਣੀ ਤੋਰੇ ਤੁਰਦਾ ਗਿਆ।
ਪੈਸਿਆਂ ਦੇ ਵਿਗਾੜੇ ਹੋਏ ਛੋਟੇ ਭਰਾ, ਜਿਸਨੂੰ ਭਾਈਆ ਜੀ ਲਛਮਣ ਸਮਝਦੇ ਰਹੇ, ਵਿਭੀਖਣ ਨਿਕਲਿਆ ਤੇ ਅੱਠਵੀਂ ਜਮਾਤ ਤੋਂ ਅੱਗੇ ਵਾਲੀ ਲਛਮਣ ਰੇਖਾ ਦੇ ਅੰਦਰ ਹੀ ਰਹਿ ਗਿਆ। ਅੱਡ ਹੋਣ ਤੋਂ ਪਹਿਲਾਂ ਉਸਨੇ ਵੱਡੇ ਭਰਾ ਨੂੰ ਨੰਗ ਹੀ ਨਹੀਂ, ਸਗੋਂ ਕਰਜ਼ਾਈ ਵੀ ਕਰ ਛੱਡਿਆ।
ਵਿੰਗੇ ਟੇਢੇ ਰਾਹਾਂ ’ਤੇ ਜ਼ਿੰਦਗੀ ਦੇ ਥਪੇੜੇ ਖਾਂਦਿਆਂ ਭਾਈਆ ਜੀ ਤਾਂ ਜੀਵਨ ਪੰਧ ਮੁਕਾ ਗਏ ਪਰ ਦਹਾਕਿਆਂ ਉਪਰੰਤ ਪਰਿਵਾਰ ਅਜੇ ਵੀ ਪੈਰਾਂ ਸਿਰ ਨਹੀਂ ਹੋ ਸਕਿਆ।
ਹੁਣ ਚਾਰ ਦਹਾਕੇ ਦਾ ਸਮਾਂ ਬੀਤ ਜਾਣ ਉਪਰੰਤ ਇੱਕੋ ਸ਼ਹਿਰ ਵਿੱਚ ਰਹਿੰਦੇ ਹੋਏ ਭਾਈਆ ਜੀ ਦੇ ਇਹ ‘ਲਛਮਣ ਭਰਾਤਾ ਜੀ’ ਮੇਰੀ ਕਾਰ ਦੇ ਅੱਗੇ ਅੱਗੇ, ਰਿਕਸ਼ੇ ਉੱਤੇ ਸਵਾਰੀਆਂ ਬਿਠਾਈ, ਮੈਲੇ ਕੁਚੈਲੇ ਪਜਾਮੇ ਦੇ ਸੱਜੇ ਗਿੱਟੇ ਨਾਲ ਰੱਸੀ ਨਾਲ ਬੰਨ੍ਹੇ ਪਹੁੰਚੇ ਨਾਲ ਖੱਬਾ ਪੈਰ ਚੁੱਕ ਕੇ ਪੈਡਲ ਮਾਰਦੇ ਨਜ਼ਰ ਆਉਂਦੇ ਹਨ ਤਾਂ ਮੈਂਨੂੰ ‘ਇਸਦੀ’ ਹਾਲਤ ਤੋਂ ਬਿਲਕੁਲ ਹੀ ਕਚਿਆਣ ਨਹੀਂ ਆਉਂਦੀ ਪਰ ਭਾਈਆ ਜੀ ਦੇ ਕਾਰੀਗਰਾਂ ਵੱਲੋਂ ਕਹੇ ਸ਼ਬਦ, “ਇਹ ਕੁਝ ਨਹੀਂ ਕਰ ਸਕਦਾ ...” ਜਦੋਂ ਚੇਤੇ ਆ ਜਾਂਦੇ ਹਨ ਤਾਂ ਦਿਲ ਕਹਿ ਉੱਠਦਾ ਹੈ ਕਿ ਜੋ ਕੁਝ ਇਸਨੇ ਕੀਤਾ ਹੋਇਆ ਹੈ, ਉਹ ਕੋਈ ਵੀ ਨਾ ਕਰੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1785)
(ਸਰੋਕਾਰ ਨਾਲ ਸੰਪਰਕ ਲਈ: