“ਕਈ ਦਿਨਾਂ ਬਾਦ ਉੱਧਰੋਂ ਲੰਘਦਾ ਮੈਂ ਫਿਰ ਉਨ੍ਹਾਂ ਦੇ ਘਰ ਗਿਆ ...”
(20 ਦਸੰਬਰ 2021)
ਜ਼ਿੰਦਗੀ ਦੀ ਕਿਤਾਬ ਦੇ ਵਰਕੇ ਪਲਟਦਿਆਂ ਕਈ ਇੰਨੀਆਂ ਮਹੱਤਵਪੂਰਨ ਘਟਨਾਵਾਂ ਯਾਦ ਆ ਜਾਂਦੀਆਂ ਹਨ ਜੋ ਆਪਣੇ ਲਈ ਹੀ ਨਹੀਂ ਸਗੋਂ ਲੋਕਾਈ ਲਈ ਵੀ ਇੱਕ ਸਬਕ ਹੋ ਨਿੱਬੜਦੀਆਂ ਹਨ। ਕਈ ਵਰ੍ਹੇ ਪਹਿਲਾਂ ਦੀ ਗੱਲ ਹੈ। ਹੋਇਆ ਇੰਝ ਕਿ ਵਿਦੇਸ਼ ਵਿੱਚ ਰਹਿ ਰਹੇ ਇੱਕ ਗੂੜ੍ਹੇ ਮਿੱਤਰ ਨੇ ਫੋਨ ਕਰਕੇ ਦੱਸਿਆ ਕਿ ਉੁਸਦਾ ਛੋਟਾ ਭਰਾ ਜੋ ਕਿ ਵਿਆਹਿਆ ਵਰ੍ਹਿਆ ਹੈ ਅਤੇ ਇੱਕ ਬੇਟੀ ਦਾ ਬਾਪ ਵੀ ਹੈ, ਕੋਈ ਕੰਮ ਨਹੀਂ ਕਰਦਾ ਤੇ ਨਾ ਹੀ ਕਈ ਕਈ ਦਿਨ ਘਰ ਵੜਦਾ ਹੈ। ਇਹ ਪਤਾ ਵੀ ਲੱਗਾ ਹੈ ਕਿ ਉਹ ਕਿਸੇ ਬਾਹਰੀ ਔਰਤ ਦੇ ਚੱਕਰ ਵਿੱਚ ਫਸ ਗਿਆ ਹੈ ਜੋ ਉਸ ਨੂੰ ਘਰ ਨਹੀਂ ਆਉਣ ਦਿੰਦੀ। ਉਸ ਦੀ ਬਜ਼ੁਰਗ ਮਾਂ ਵੀ ਆਪਣੇ ਮੁੰਡੇ ਦੀਆਂ ਹਰਕਤਾਂ ਤੋਂ ਬੇਹੱਦ ਦੁਖੀ ਸੀ। ਪੱਤਰਕਾਰ ਦੇ ਤੌਰ ’ਤੇ ਇਲਾਕੇ ਵਿੱਚ ਮੇਰੀ ਕਾਫੀ ਪੁੱਛ ਪ੍ਰਤੀਤ ਸੀ, ਇਸ ਲਈ ਉਸ ਮਿੱਤਰ ਨੂੰ ਇਹ ਆਸ ਹੀ ਨਹੀਂ ਸਗੋਂ ਪੂਰਾ ਯਕੀਨ ਸੀ ਕਿ ਮੈਂ ਆਪਣਾ ਅਸਰ ਰਸੂਖ ਵਰਤ ਕੇ ਉਨ੍ਹਾਂ ਨੂੰ ਇਸ ਖ਼ਲਜਗਣ ਵਿੱਚੋਂ ਕੱਢ ਲਵਾਂਗਾ।
ਜਦੋਂ ਸ਼ਾਮ ਨੂੰ ਮੈਂ ਉਨ੍ਹਾਂ ਦੇ ਘਰ ਜਾ ਪੁੱਜਾ ਤਾਂ ਉਸਦੀ ਪਤਨੀ ਅਤੇ ਮਾਂ ਨੇ ਆਪਣੀ ਵਿਥਿਆ ਸੁਣਾਉਣੀ ਸ਼ੁਰੂ ਕਰ ਦਿੱਤੀ। ਸਹਿਮੀ ਹੋਈ ਛੋਟੀ ਬੱਚੀ, ਸਾਹ ਰੋਕ ਕੇ ਆਪਣੇ ਪਾਪਾ ਬਾਰੇ ਸਭ ਕੁਝ ਗਹੁ ਨਾਲ ਸੁਣ ਰਹੀ ਸੀ। ਸਾਰੀ ਗੱਲ ਸਮਝਣ ਉਪਰੰਤ ਦੋ ਤਿੰਨ ਦਿਨ ਬਾਅਦ ਜਦੋਂ ਮੈਂ ਉਸ ਓਪਰੀ ਔਰਤ ਨੂੰ ਮਿਲਣ ਲਈ ਗਿਆ ਤਾਂ ਪਹਿਲੀ ਹੀ ਨਜ਼ਰੇ ਉਹ ਮੈਨੂੰ ਸਧਾਰਣ ਔਰਤ ਨਹੀਂ, ਸਗੋਂ ਦਾਤ ਵਰਗੀ ਤਿੱਖੀ ਕੋਈ ਸ਼ੈਅ ਲੱਗੀ। ਸਬੱਬ ਨਾਲ ‘ਭਾਈ ਸਾਹਿਬ’ ਵੀ ਉੱਥੇ ਹੀ ਕੋਲ ਕੁਰਸੀ ’ਤੇ ਬਿਰਾਜਮਾਨ ਸਨ। ਉਸ ਕੋਲ ਮੇਰੇ ਹਰ ਸਵਾਲ ਦਾ ਜਵਾਬ ਪਹਿਲਾਂ ਹੀ ਮੌਜੂਦ ਸੀ ਅਤੇ ਉਹ ਮੈਨੂੰ ਗੱਲ ਵੀ ਪੂਰੀ ਨਹੀਂ ਸੀ ਕਰਨ ਦੇ ਰਹੀ। ਉਸ ਦਾ ਕਹਿਣਾ ਸੀ ਕਿ ਤੁਹਾਡੇ ਇਸ ਭਾਈ ਸਾਹਿਬ ਨੇ ਮੇਰੇ ਕੋਲੋਂ ਤਿੰਨ ਲੱਖ ਰੁਪਏ ਕੰਮਕਾਜ ਲਈ ਉਧਾਰੇ ਲਏ ਹੋਏ ਹਨ, ਜਿੰਨੀ ਦੇਰ ਤੱਕ ਇਹ ਕਰਜ਼ਾ ਉਸ ਨੂੰ ਵਾਪਸ ਨਹੀਂ ਮਿਲਦਾ, ਉੰਨੀ ਦੇਰ ਤੱਕ ਉਹ ਉਸ ਨੂੰ ਘਰ ਵਾਪਸ ਨਹੀਂ ਜਾਣ ਦੇਵੇਗੀ। ਉਸ ਦਾ ਇਹ ਵੀ ਕਹਿਣਾ ਸੀ ਕਿ ਉਹ ਤਾਂ ਉਸ ਨੂੰ ਖੁੱਲ੍ਹਾ ਖਰਚਾ ਦੇ ਕੇ ਮਹਿੰਗੇ ਸੂਟ ਬੂਟ ਪਹਿਨਾ ਕੇ ਪੂਰੀ ਐਸ਼ ਕਰਵਾ ਰਹੀ ਹੈ। ਮੈਨੂੰ ਪਤਾ ਸੀ ਕਿ ਇਹ ਸਾਰਾ ਕੁਝ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਨਹੀਂ ਸੀ ਅਤੇ ਮੈਂ ਸਾਰਾ ਕੁਝ ਜਾਣਦਾ ਹੋਇਆ ਵੀ ਬੇਵੱਸ ਸਾਂ। ਕਾਰਣ ਇਹ ਸੀ ਕਿ ਭਾਈ ਸਾਹਿਬ ਵੀ ਮੇਰੇ ਵੱਲ ਵੇਖਣ ਦੀ ਬਜਾਇ ਉਸ ਬੀਬੀ ਦੇ ਹੱਕ ਵਿੱਚ ਹੀ ਹੁੰਗਾਰਾ ਭਰ ਰਹੇ ਸਨ।
ਪਰਿਵਾਰ ਵੱਲੋਂ ਪੁਲਸ ਤੱਕ ਕੀਤੀ ਗਈ ਪਹੁੰਚ ਵੀ ਬੱਸ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਸਾਬਿਤ ਹੋਈ। ਮੈਂ ਪਰਿਵਾਰ ਦੇ ਲਗਾਤਾਰ ਸੰਪਰਕ ਵਿੱਚ ਸਾਂ। ਉਨ੍ਹਾਂ ਦਾ ਹਰ ਕਿਸੇ ਤੋਂ ਯਕੀਨ ਉੱਠ ਚੁੱਕਾ ਸੀ। ਉਹ ਸਥਾਨਕ ਟੀ. ਵੀ. ਚੈਨਲ ਤੋਂ ਕਿਸੇ ਬਾਬੇ ਦੀ ਚੱਲਦੀ ਮਸ਼ਹੂਰੀ ਵੇਖ ਚੁੱਕੇ ਸਨ ਜੋ ‘ਵਸ਼ੀਕਰਨ’, ‘ਮੁੱਠ ਕਰਨੀ’, ‘ਵਿਆਹ ਵਿੱਚ ਦੇਰੀ’, ‘ਆਪਹੁਦਰੀ ਹੋਈ ਔਲਾਦ’ ਅਤੇ ‘ਸੌਂਕਣ ਤੋਂ ਛੁਟਕਾਰਾ’ ਆਦਿ ਦਾ ਸ਼ਰਤੀਆ ਇਲਾਜ ਕਰਦਾ ਸੀ। ਉਨ੍ਹਾਂ ਨੂੰ ਭਲਾ ਹੋਰ ਕੀ ਚਾਹੀਦਾ ਸੀ? ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਅੱਗੇ ਹਿਮਾਲਾ ਪਰਬਤ ਜਿੱਡੀ ਖੜ੍ਹੀ ਮੁਸੀਬਤ ‘ਸੌਕਣ ਤੋਂ ਛੁਟਕਾਰਾ’ ਤਾਂ ਸਿਰਫ ਬਾਬਾ ਜੀ ਹੀ ਕਰਵਾ ਸਕਦੇ ਹਨ। ਸੋ ਮੇਰੇ ਲੱਖ ਮਨ੍ਹਾਂ ਕਰਨ ਦੇ ਬਾਵਜੂਦ ਦੋਵੇਂ ਸੱਸ-ਨੂੰਹ, ਬਾਬਾ ਜੀ ਦੇ ਦਰਬਾਰ ਵਿੱਚ ਜਾ ਹਾਜ਼ਰ ਹੋਈਆਂ। ਵਾਹਵਾ ਮੂੰਹ ਮੱਥੇ ਲੱਗਦੀ ਭਰ ਜਵਾਨ ਨੂੰਹ ਅਤੇ ਦੁਖੀ ਬਜ਼ੁਰਗ ਸੱਸ, ਦੋਵੇਂ ਹੀ ਬਾਬੇ ਨੂੰ ਚੰਗੀਆਂ ਸਾਮੀਆਂ ਜਾਪੀਆਂ।
ਕੁਝ ਦਿਨ ਦੇ ਓਹੜ ਪੋਹੜ ਮਗਰੋਂ ਬਾਬੇ ਨੇ ਆਪਣਾ ਮਾਸਟਰ ਸਟਰੋਕ ਖੇਡਿਆ। ਉਸਨੇ ਕਿਹਾ ਕਿ ਉਹ ਉਨ੍ਹਾਂ ਦਾ ਮਸਲਾ ਪੱਕੇ ਤੌਰ ’ਤੇ ਹੱਲ ਕਰ ਸਕਦਾ ਹੈ ਜੇ ਉਹ ਉਸਦੇ ਕਹਿਣ ’ਤੇ ਇੱਕ ਉਪਾਅ ਕਰਨ। ਹੈ ਜ਼ਰਾ ਮਹਿੰਗਾ, ਪਰ ਕੰਮ ਸਿੱਕੇਬੰਦ ਹੋਉੂ। ਉਪਾਅ ਇਹ ਸੀ ਕਿ ਉਹ ਇੱਕ ਨਿਸਚਿਤ ਦਿਨ ਅਤੇ ਸਮੇਂ ’ਤੇ ਸ਼ਹਿਰ ਵਿੱਚ ਵਗਦੀ ਨਹਿਰ ਦੇ ਕਿਨਾਰੇ ਸਵਾ ਤੋਲਾ ਸੋਨਾ ਅਤੇ ਕੁਝ ਹੋਰ ਨਿਕਸੁਕ ਲੈ ਕੇ ਪਹੁੰਚਣ। ਉੁਹ ਉੱਥੇ ਪੂਜਾ ਕਰੇਗਾ ਅਤੇ ਇਸ ਦੌਰਾਨ ਉਹ ਸੋਨਾ ਅਤੇ ਹੋਰ ਨਿਕਸੁਕ ਲੈ ਕੇ ਮਿੱਟੀ ਦੇ ਇੱਕ ਕੋਰੇ ਕੁੱਜੇ ਵਿੱਚ ਪਾ ਕੇ ਉਸਦੇ ਹਵਾਲੇ ਕਰਕੇ, ਮੱਥਾ ਟੇਕ ਕੇ, ਪਿੱਛੇ ਨਾ ਵੇਖਣ ਅਤੇ ਚੁੱਪ ਚਾਪ ਬਿਨਾਂ ਪਿੱਛੇ ਝਾਕਿਆਂ, ਵਾਪਸ ਘਰ ਚਲੇ ਜਾਣ ਅਤੇ ਦਰਵਾਜਾ ਖੋਲ੍ਹ ਕੇ ਸਿੱਧੇ ਹੀ ਅੰਦਰ ਦਾਖਲ ਹੋਣ। ਉਨ੍ਹਾਂ ਨੇ ਅਜਿਹਾ ਹੀ ਕੀਤਾ। ਮੇਰੇ ਵਾਰ ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਇਹ ਸਾਰਾ ਕੁਝ ਕਰਨ ਦੀ ਭਿਣਕ ਹੀ ਨਹੀਂ ਪੈਣ ਦਿੱਤੀ।
ਮੈਨੂੰ ਸ਼ੱਕ ਹੀ ਨਹੀਂ ਸਗੋਂ ਪੂਰਾ ਯਕੀਨ ਸੀ ਕਿ ਸੋਨਾ ਅਤੇ ਹੋਰ ਸਾਰਾ ਕੁਝ ਲੈ ਕੇ ਬਾਬਾ ਸਹਿਜੇ ਹੀ ਉੱਥੋਂ ਖਿਸਕ ਜਾਵੇਗਾ ਕਿਉਂਕਿ ਵਹਿਮਾਂ ਦੀਆਂ ਮਾਰੀਆਂ ਇਨ੍ਹਾਂ ਸੱਸ-ਨੂੰਹ ਨੇ ਤਾਂ ਆਉਣ ਜਾਣ ਦਾ ਸਾਲਮ ਰਿਕਸ਼ਾ ਕਰਵਾ ਕੇ ਨਹਿਰ ’ਤੇ ਜਾਣਾ ਸੀ ਤੇ ਪਿੱਛੇ ਮੁੜ ਕੇ ਨਾ ਵੇਖਣ ਕਾਰਨ ਬਾਬੇ ਨੇ ਫੌਰਨ ਹੀ ਉੱਥੋਂ ਫੁਰਰ ਹੋ ਜਾਣਾ ਸੀ। ਪਰ ਸੱਸ-ਨੂੰਹ ਨੂੰ ਯਕੀਨ ਸੀ ਕਿ ਹੁਣ ਦੁਨੀਆਂ ਦੀ ਕੋਈ ਵੀ ਤਾਕਤ ਬਾਬਾ ਜੀ ਦੀ ਸ਼ਕਤੀ ਅੱਗੇ ਟਿਕ ਨਹੀਂ ਸਕੇਗੀ ਅਤੇ ਉਨ੍ਹਾਂ ਦਾ ਸੌਂਕਣ ਵਾਲਾ ਮਸਲਾ ਹੱਲ ਹੋ ਜਾਵੇਗਾ। ਬਾਬਿਆਂ ਦੇ ਵਿਰੁੱਧ ਮੇਰੇ ਵੱਲੋਂ ਦਿੱਤੀਆਂ ਠੋਸ ਦਲੀਲਾਂ ਵੀ ਉਨ੍ਹਾਂ ਅੱਗੇ ਕਾਗਜ਼ ਦੇ ਉੱਡਦੇ ਟੁਕੜਿਆਂ ਵਰਗੀਆਂ ਹੋ ਕੇ ਰਹਿ ਗਈਆਂ। ਉਨ੍ਹਾਂ ਦਾ ਕਹਿਣਾ ਸੀ, “ਇੱਕ ਵਾਰੀ ਸਾਡਾ ਮੁੰਡਾ ਬੰਦਾ ਬਣ ਜੇ, ਸੋਨੇ ਦਾ ਕੀ ਏ, ਇਹ ਤਾਂ ਫਿਰ ਵੀ ਬਣ ਜਾਊ।” ਮੈਂ ਜਾਣਦਾ ਸਾਂ ਕਿ ਪਰਿਵਾਰ ਦੀ ਮਾਲੀ ਹਾਲਤ ਚੰਗੀ ਨਹੀਂ ਪਰ ਮੇਰੀਆਂ ਗੱਲਾਂ ਸਭ ਨੂੰ ਮਾੜੀਆਂ ਲੱਗ ਰਹੀਆਂ ਸਨ।
ਕਈ ਦਿਨ ਬੀਤ ਗਏ। ਹਫਤੇ ਲੰਘ ਗਏ, ਪਰ ਊਠ ਦਾ ਬੁੱਲ ਨਾ ਡਿੱਗਾ। ਦੋਵੇਂ ਸੱਸ-ਨੂੰਹ ਹਰ ਵੇਲੇ ਦਰਵਾਜ਼ਾ ਖੜਕਣ ਦਾ ਇੰਤਜ਼ਾਰ ਕਰਦੀਆਂ ਰਹੀਆਂ ਪਰ ਮੁੰਡਾ ਘਰ ਨਾ ਪਰਤਿਆ। ਸੱਸ ਦੇ ਜ਼ੋਰ ਦੇਣ ’ਤੇ ਵੱਡੀ ਆਸ ਨਾਲ ਨੂੰਹ ਨੇ ਕਰਵਾ ਚੌਥ ਦਾ ਵਰਤ ਵੀ ਰੱਖ ਲਿਆ। ‘ਭੈਣ ਵੀਰਾਂ’ ਵਾਲੀ ਦੀ ਕਰਵਾ ਚੌਥ ਵਾਲੀ ਕਥਾ ਸੁਣਨ ਤੋਂ ਬਾਅਦ ਸ਼ਾਮੀ ਨੂੰਹ ਸਜ-ਧਜ ਕੇ ਦਰਵਾਜ਼ੇ ਵੱਲ ਵੇਖਦੀ ਰਹੀ ਪਰ ਪਤੀ ਦੇਵ ਨਾ ਬਹੁੜੇ। ਦੇਰ ਰਾਤ ਜਦੋਂ ਉਸ ਨੂੰ ਨੀਂਦ ਦਾ ਝੋਂਕਾ ਕਦੋਂ ਆਇਆ, ਪਤਾ ਹੀ ਨਾ ਲੱਗਾ ਤੇ ਸਵੇਰੇ ਦਿਨ ਚੜ੍ਹੇ ਹੀ ਉਸਦੀ ਅੱਖ ਖੁੱਲ੍ਹੀ।
ਕੁਝ ਨਾ ਕਰ ਸਕਣ ਕਾਰਨ ਬੇਵੱਸ ਹੋਇਆ ਮੈਂ ਖੁਦ ਬੇਹੱਦ ਪ੍ਰੇਸ਼ਾਨ ਸਾਂ, ਜਦ ਕਿ ਦੋ ਤਿੰਨ ਮਹੀਨੇ ਬੀਤਣ ’ਤੇ ਵੀ ਪਰਿਵਾਰ ਦਾ ਬਾਬਾ ਜੀ ਉੱਤੇ ਅਜੇ ਅਟੁੱਟ ਵਿਸ਼ਵਾਸ ਕਾਇਮ ਸੀ। ਕਈ ਦਿਨਾਂ ਬਾਦ ਉੱਧਰੋਂ ਲੰਘਦਾ ਮੈਂ ਫਿਰ ਉਨ੍ਹਾਂ ਦੇ ਘਰ ਗਿਆ। ਪੁੱਛਣ ’ਤੇ ਨੂੰਹ ਨੇ ਦੱਸਿਆ ਕਿ ਬਾਬੇ-ਬੂਬੇ ਬੱਸ ਐਵੇਂ ਹੀ ਹੁੰਦੇ ਹਨ। ਉਨ੍ਹਾਂ ਦੀ ਸੋਚ ਵਿੱਚ ਆਈ ਅਚਾਨਕ ਤਬਦੀਲੀ ਤੋਂ ਹੈਰਾਨ ਹੋਏ ਨੇ ਮੈਂ ਪੁੱਛਿਆ ਕਿ ਕੀ ਹੋ ਗਿਆ ਹੁਣ? ਗਏ ਨੀ ਉਸ ਕੋਲ?
“ਗਏ ਸੀ, ਉਹ ਤਾਂ ਕੁਝ ਹੋਰ ਹੀ ਕਹਿੰਦਾ ਸੀ।” ਨੂੰਹ ਨੇ ਨੀਵੀਂ ਪਾਉਂਦੇ ਹੋਏ ਜਵਾਬ ਦਿੱਤਾ।
“ਕੀ?” ਮੈਂ ਉਤਸੁਕਤਾ ਨਾਲ ਪੁੱਛਿਆ।
“ਕੀ ਦੱਸਾਂ ਜੀ ...” ਉਸਨੇ ਮੂੰਹ ਹੋਰ ਨੀਵਾਂ ਕਰਦੇ ਹੋਏ ਆਪਣੀਆਂ ਨਜ਼ਰਾਂ ਪੈਰਾਂ ਵਿੱਚ ਗੱਡ ਲਈਆਂ।
ਉਸਦੇ ਬਿਨਾਂ ਕੁਝ ਦੱਸੇ ਹੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ, ਤੇ ਮੈਂ ਖੁਦ ਨੂੰ ਧਰਤੀ ਵਿੱਚ ਗੱਡਿਆ ਮਹਿਸੂਸ ਕਰ ਰਿਹਾ ਸਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3218)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)