“ਰਾਤ ਨੂੰ ਮਾਂ ਵਲੋਂ ਪਾ ਕੇ ਦਿੱਤੀ ਰੋਟੀ ਮੇਰੇ ਸੰਘੋਂ ਨਹੀਂ ਸੀ ਲੰਘ ਰਹੀ ...”
(2 ਸਤੰਬਰ 2019)
ਸੰਨ 1973 ਜਾਂ 74 ਦੀ ਗੱਲ ਹੋਵੇਗੀ, ਉਦੋਂ ਮੈਂ ਪੰਜਵੀ ਜਾਂ ਛੇਵੀਂ ਜਮਾਤ ਵਿੱਚ ਪੜ੍ਹਦਾ ਸਾਂ। ਅੱਧੀ ਛੁੱਟੀ ਵੇਲੇ ਸਕੂਲ ਦਾ ਗੇਟ ਟੱਪਿਆ ਹੀ ਸਾਂ ਕਿ ਰਾਕਟ ਵਰਗੀ ਫੁਰਤੀ ਵਰਤਦਾ ਇੱਕ ਬੱਚਾ ਮੇਰੇ ਹੱਥ ਇੱਕ ਗੁਲਾਬੀ ਜਿਹੇ ਰੰਗ ਦਾ ਗਿੱਠ ਕੁ ਲੰਮਾ ਇਸ਼ਤਿਹਾਰ ਫੜਾ ਕੇ ਛੂ ਮੰਤਰ ਹੋ ਗਿਆ। ਨਾ ਤਾਂ ਮੈਂ ਉਸਨੂੰ ਵੇਖ ਸਕਿਆ ਅਤੇ ਨਾ ਹੀ ਮੇਰੇ ਕੁਝ ਸਮਝ ਆਇਆ ਕਿ ਆਖਰਕਾਰ ਹੋਇਆ ਕੀ ਹੈ? ਹੱਥ ਵਿੱਚ ਫੜਿਆ ਇਸ਼ਤਿਹਾਰ ਵੇਖਿਆ ਤਾਂ ਉਸ ਉੱਪਰ ਸੱਜੇ ਖੱਬੇ ਸ਼ੇਰਾਂ ਵਾਲੀ ਮਾਤਾ ਦੀਆਂ ਛੋਟੀਆਂ ਛੋਟੀਆਂ ਤਸਵੀਰਾਂ ਛਪੀਆਂ ਹੋਈਆਂ ਸਨ ਅਤੇ ਮੋਟੇ ਅੱਖਰਾਂ ਵਿੱਚ ‘ਇਸਨੂੰ ਧਿਆਨ ਨਾਲ ਪੜ੍ਹੋ . ਅਤੇ ਹੋਰ ਮੋਟੇ ਮੋਟੇ ਅੱਖਰਾਂ ਵਿੱਚ ‘ਚਮਤਕਾਰ, ਚਮਤਕਾਰ, ਚਮਤਕਾਰ’ ਲਿਖਿਆ ਹੋਇਆ ਸੀ। ਬੇਹੱਦ ਉਤਸੁਕਤਾ ਨਾਲ ਮੈਂ ਇਸ਼ਤਿਹਾਰ ਪੜ੍ਹਨਾ ਸ਼ੁਰੂ ਕੀਤਾ। ਭਾਵੇਂ ਅਜੇ ਨਿਆਣਾ ਹੀ ਸਾਂ ਪਰ ਇਸ ਵਿੱਚ ਲਿਖੀਆਂ ਗੱਲਾਂ ਨੇ ਮੈਂਨੂੰ ਕੋਈ ਖਾਸ ਪ੍ਰਭਾਵਿਤ ਨਾ ਕੀਤਾ। ਇਸ ਵਿੱਚ ਕਿਸੇ ਕਿਸਾਨ ਦੇ ਘਰ ਇੱਕ ਸੱਪ ਵਲੋਂ ਪ੍ਰਗਟ ਹੋਣ ਅਤੇ ਫਿਰ ਮਨੁੱਖੀ ਰੂਪ ਧਾਰਨ ਕਰਕੇ ਧਰਤੀ ਉੱਤੇ ਦਿਨ ਬਦਿਨ ਫੈਲ ਰਹੇ ਪਾਪਾਂ ਨੂੰ ਖਤਮ ਕਰਨ ਦੇ ਨਾਲ ਨਾਲ ਦੁਨੀਆਂ ਭਰ ਦੇ ਪਾਪੀਆਂ ਨੂੰ ਸਜ਼ਾ ਦੇਣ ਦੀ ਗੱਲ ਆਖੀ ਗਈ ਸੀ।
ਘਰ ਵਿੱਚ ਕਾਮਰੇਡੀ ਮਾਹੌਲ ਹੋਣ ਕਾਰਨ ਇਨ੍ਹਾਂ ਗੱਲਾਂ ਦਾ ਮੇਰੇ ਉੱਤੇ ਕੋਈ ਬਾਹਲਾ ਅਸਰ ਨਹੀਂ ਸੀ ਹੋ ਰਿਹਾ। ਪਰ ਜਿਉਂ ਜਿਉਂ ਇਸ਼ਤਿਹਾਰ ਦੇ ਵਿਸਥਾਰ ਵਿੱਚ ਜਾ ਰਿਹਾ ਸਾਂ, ਮੇਰੇ ਲੂੰ ਕੰਡੇ ਖੜ੍ਹੇ ਹੋ ਰਹੇ ਸਨ। ਅੱਗੇ ਲਿਖਿਆ ਸੀ ਕਿ ਇੱਕ ਵਿਅਕਤੀ ਨੇ ਅਜਿਹੇ 200 ਇਸ਼ਤਿਹਾਰ ਛਪਾ ਕੇ ਵੰਡੇ, ਉਸਦੀ ਲਾਟਰੀ ਨਿੱਕਲ ਆਈ। ਇੱਕ ਰਿਕਸ਼ਾ ਚਾਲਕ ਨੇ ਆਪਣੀ ਹੱਡ ਭੰਨਵੀਂ ਮਿਹਨਤ ਦੀ ਕਮਾਈ ਵਿੱਚੋਂ ਅਜਿਹੇ 500 ਇਸ਼ਤਿਹਾਰ ਛਪਾ ਕੇ ਵੰਡੇ ਜਿਸਦੇ ਸਿੱਟੇ ਵਜੋਂ ਉਸ ਨੂੰ ਸੋਨੇ ਦੀਆਂ ਮੁਹਰਾਂ ਵਾਲਾ ਕੁੱਜਾ ਮਿਲ ਗਿਆ। ਅਖੀਰਲੇ ਪੈਰੇ ਵਿੱਚ ਲਿਖਿਆ ਗਿਆ ਸੀ ਇੱਕ ਸਖ਼ਤ ਸੁਭਾਅ ਵਾਲੇ ਵਿਅਕਤੀ ਨੇ ਇਸ ਇਸ਼ਤਿਹਾਰ ਨੂੰ ਅਣਗੌਲਿਆਂ ਕਰਕੇ ਗੁੱਛੂ ਮੁੱਛੂ ਕਰ ਕੇ ਪੈਰਾਂ ਵਿੱਚ ਸੁੱਟ ਦਿੱਤਾ ਤਾਂ ਉਸਦਾ ਘਰ ਢਹਿ ਗਿਆ ਅਤੇ ਉਸ ਦੇ ਪ੍ਰੀਵਾਰ ਦੇ ਸਾਰੇ ਜੀਅ ਮਾਰੇ ਗਏ। ਇੱਕ ਹੋਰ ਵਿਅਕਤੀ ਨੇ ਇਸ ਗੱਲ ਦੀ ‘ਝੂਠ ਦਾ ਪੁਲੰਦਾ’ ਕਹਿ ਕੇ ਨਿਖੇਧੀ ਕੀਤੀ ਤਾਂ ਉਸਦਾ ਜਵਾਨ ਬੇਟਾ ਮਰ ਗਿਆ। ਇਹ ਪੜ੍ਹਕੇ ਮੈਂਨੂੰ ਸਰਦੀਆਂ ਦਾ ਮੌਸਮ ਹੋਣ ਦੇ ਬਾਵਜੂਦ ਤਰੇਲੀਆਂ ਆਉਣ ਲੱਗ ਪਈਆਂ।
ਘਰ ਦੀ ਮਾਲੀ ਹਾਲਤ ਕਾਫੀ ‘ਹਿਸਾਬੀ ਕਿਤਾਬੀ’ ਹੋਣ ਕਾਰਨ ਮੈਂ ਅਜਿਹੇ ਇਸ਼ਤਿਹਾਰ ਛਪਵਾਉਣ ਦੀ ਸਥਿਤੀ ਵਿੱਚ ਨਹੀਂ ਸਾਂ। ਮਨ ਭਾਵੇਂ ਅਜੇ ਬਾਲ ਵਰੇਸੇ ਹੀ ਸੀ, ਪਰ ਸੋਝੀ ਹੀ ਅਜਿਹੀ ਸੀ ਕਿ ਲਾਟਰੀ ਜਿੱਤ ਕੇ ਅਮੀਰ ਬਣਨਾ ਵੀ ਮੈਂਨੂੰ ਪਸੰਦ ਨਹੀਂ ਸੀ। ਮੈਂ ਬੁਰੀ ਤਰ੍ਹਾਂ ਔਟਲਿਆ ਫਿਰ ਰਿਹਾ ਸਾਂ। ਸਮਝ ਨਾ ਆਵੇ ਕਿ ਇਸ ਇਸ਼ਤਿਹਾਰ ਦਾ ਕਰਾਂ ਤੇ ਕਰਾਂ ਕੀ? ਨਾ ਤਾਂ ਹੋਰ ਛਪਵਾ ਸਕਦਾ ਸੀ ਤੇ ਨਾ ਹੀ ਇਸ ਨੂੰ ਸੁੱਟ ਸਕਦਾ ਸੀ। ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ ਸਥਿਤੀ ਬਣੀ ਹੋਈ ਸੀ। ਖੈਰ ਮੈਂ ਇਹ ਇਸ਼ਤਿਹਾਰ ਤਹਿ ਕਰਕੇ ਆਪਣੀ ਕਮੀਜ਼ ਦੇ ਬੋਝੇ ਵਿੱਚ ਪਾ ਲਿਆ। ਇਹੀ ਡਰ ਕਿ ਕਿਧਰੇ ਪੈਰਾਂ ਵਿੱਚ ਨਾ ਡਿੱਗ ਪਵੇ।
ਇਸ਼ਤਿਹਾਰ ਦੇਣ ਵਾਲਾ ਤਾਂ ਆਪਣੀ ਬਲਾਅ ਮੇਰੇ ਗੱਲ ਵਿੱਚ ਪਾ ਕੇ ਤੁਰ ਗਿਆ ਸੀ ਪਰ ਅੰਞਾਣ ਬੁੱਧੀ ਹੋਣ ਦੇ ਬਾਵਜੂਦ ਮੇਰਾ ਦਿਲ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਸੀ ਦੇ ਰਿਹਾ ਕਿ ਮੈਂ ਇਹ ਬਲਾਅ ਕਿਸੇ ਹੋਰ ਦੇ ਗੱਲ ਪਾ ਦੇਵਾਂ। ਸਾਰੀ ਛੁੱਟੀ ਹੋਣ ਉਪਰੰਤ ਘਰੇ ਪਹੁੰਚ ਕੇ ਮੈਂ ਇਹੀ ਸੋਚਾਂ ਸੋਚ ਸੋਚ ਬੌਂਦਲਿਆ ਪਿਆ ਸਾਂ ਕਿ ਕੀ ਕੀਤਾ ਜਾਵੇ? ਸ਼ਾਮ ਪੈ ਗਈ ਤੇ ਮੈਂ ਡਰਦੇ ਡਰਦੇ ਇਸ ਇਸ਼ਤਿਹਾਰ ਦਾ ਜ਼ਿਕਰ ਪਿਤਾ ਜੀ ਨਾਲ ਕਰ ਦਿੱਤਾ। ਕਮਿਉੂਨਿਸਟ ਵਿਚਾਰਧਾਰਾ ਨੂੰ ਪ੍ਰਣਾਏ ਉਹ ਮਾਰਕਸਵਾਦੀ ਕਮਿਊੁਨਿਸਟ ਪਾਰਟੀ ਦੇ ਕੁਲਵਕਤੀ ਦੇ ਤੌਰ ’ਤੇ ਕੰਮ ਕਰਦੇ ਸਨ ਤੇ ਅਜਿਹੀਆਂ ਗੱਲਾਂ ਨੂੰ ਮੁੱਢੋਂ ਸੁੱਢੋਂ ਹੀ ਨਕਾਰਦੇ ਸਨ। ਨਤੀਜਨ ਉਨ੍ਹਾਂ ਨੇ ਮੇਰੇ ਸਾਰੀ ਦਿਹਾੜੀ ਦੇ ਸਾਂਭ ਸਾਂਭ ਕੇ ਕਲੇਜੇ ਨਾਲ ਲਾ ਕੇ ਰੱਖੇ ਚਮਤਕਾਰ ਵਾਲੇ ਇਸ਼ਤਿਹਾਰ ਦਾ ਵੀ ਇਹੀ ਹਾਲ ਕਰ ਦਿੱਤਾ। ਹੁਣ ਮੈਂਨੂੰ ਯਕੀਨ ਹੋ ਗਿਆ ਕਿ ਨਾਨੀ ਦੇ ਖਸਮ ਕਰਨ ਦਾ ਖਮਿਆਜਾ ਦੋਹਤੇ ਨੂੰ ਹੀ ਭੁਗਤਣਾ ਪੈਣਾ ਹੈ। ਭਾਵ, ਬਾਪੂ ਜੀ ਦੀ ਇਸ ਗਲਤੀ ਦੀ ਸਜ਼ਾ ਤਾਂ ਮੈਂਨੂੰ ਹੀ ਭੁਗਤਣੀ ਪੈਣੀ ਹੈ। ਮੈਂਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਸਵੇਰੇ ਜਿਉਂਦੇ ਰਹਿਣਾ ਹੈ ਕਿ ਨਹੀਂ? ਹੋ ਸਕਦਾ ਹੈ ਮੈਂ ਸੁੱਤਾ ਹੀ ਰਹਿ ਜਾਵਾਂ? ਇਸੇ ਖਿਆਲ ਨੇ ਹੀ ਮੈਂਨੂੰ ਕਈ ਧੋਬੀ ਪਟਕੇ ਮਾਰ ਦਿੱਤੇ।
ਹੁਣ ਦਿਨ ਪੂਰੀ ਤਰ੍ਹਾਂ ਢਲ ਗਿਆ ਸੀ ਤੇ ਰਾਤ ਬੜੀ ਤੇਜ਼ੀ ਨਾਲ ਭੱਜੀ ਆ ਰਹੀ ਸੀ। ਮੈਂਨੂੰ ਲੱਗ ਰਿਹਾ ਸੀ ਕਿ ਮੇਰੀ ਜ਼ਿੰਦਗੀ ਵੀ ਚੰਦ ਕੁ ਘੰਟਿਆਂ ਦੀ ਹੀ ਰਹਿ ਗਈ ਹੈ। ਕਾਹਲੀ ਨਾਲ ਮੈਂ ਸਾਈਕਲ ਚੁੱਕ ਕੇ ਨਿਊ ਮਾਡਲ ਟਾਊਨ ਵਿੱਚ ਰਹਿੰਦੇ ਆਪਣੇ ਗੂੜ੍ਹੇ ਮਿੱਤਰ ਮਾਸਟਰ ਦਲੀਪ ਸਿੰਘ ਜੀ ਦੇ ਲੜਕੇ ਸੋਹਣ ਸਿੰਘ, ਮਾਮੇ ਲਾਲ ਸਿੰਘ ਦਾ ਬਿੱਲਾ, ਦੋਧੀਆਂ ਦਾ ਗੋਲਡੀ, ਤਰਲੋਚਨ, ਫਰੂਟ ਵਾਲੇ ਰਾਜੇ ਤੇ ਕਈਆਂ ਹੋਰਨਾਂ ਸੱਜਣਾਂ ਮਿੱਤਰਾਂ ਨੂੰ ਆਪਣੇ ਵੱਲੋਂ ਆਖ਼ਰੀ ਵਾਰੀ ਇਹ ਸੋਚਕੇ ਮਿਲ ਆਇਆ ਕਿ ਸਵੇਰੇ ਤਾਂ ਸਕੂਲੇ ਮੇਰੇ ਮਰੇ ਦੀ ਹੀ ਖਬਰ ਪੁੱਜਣੀ ਹੈ। ਬਾਕੀ ਜਣੇ ਪਤਾ ਲੱਗਣ ਤੇ ਆਪੇ ਹੀ ਘਰੇ ‘ਮੈਂਨੂੰ ਵੇਖਣ’ ਲਈ ਆ ਜਾਣਗੇ।
ਰਾਤ ਨੂੰ ਮਾਂ ਵਲੋਂ ਪਾ ਕੇ ਦਿੱਤੀ ਰੋਟੀ ਮੇਰੇ ਸੰਘੋਂ ਨਹੀਂ ਸੀ ਲੰਘ ਰਹੀ। ਅਣਮੰਨੇ ਮਨ ਨਾਲ ਰੋਟੀ ਖਾਣੀ ਪਈ। ਮੰਜੇ ਉੱਤੇ ਪਏ ਹੋਏ ਨੂੰ ਭਲਾ ਨੀਂਦਰ ਕਿੱਥੇ ਪੈਣੀ ਸੀ? ਆਪਣੇ ਖਿਆਲਾਂ ਵਿੱਚ ਮੈਨੂੰ ਸਾਰਾ ਪਰਿਵਾਰ ਆਪਣੀ ਲੋਥ ਦੁਆਲੇ ਰੋਂਦਾ ਪਿੱਟਦਾ ਮੈਂਨੂੰ ਵਿਖਾਈ ਦੇ ਰਿਹਾ ਸੀ। ਦੇਰ ਰਾਤ ਤੱਕ ਸੋਚਾਂ ਸੋਚਦਿਆਂ ਮੇਰੀ ਕਦੋਂ ਅੱਖ ਲੱਗੀ ਪਤਾ ਨਹੀਂ, ਪਰ ਸਵੇਰੇ ਜਦੋਂ ਜਾਗ ਆਈ ਤਾਂ ਮੈਂਨੂੰ ਸਭ ਤੋਂ ਵਧ ਚਾਅ ਆਪਣੇ ਬਚ ਜਾਣ ਦਾ ਸੀ।
ਹੁਣ ਜਦੋਂ ਇਸ ਘਟਨਾ ਨੂੰ ਬੀਤਿਆਂ ਸਾਢੇ ਚਾਰ ਦਹਾਕੇ ਬੀਤ ਚੁੱਕੇ ਹਨ ਅਤੇ ਇਸ ਦੌਰਾਨ ਵਿਗਿਆਨ ਨੇ ਬੇਹੱਦ ਤਰੱਕੀ ਕਰ ਲਈ ਹੈ, ਸਾਡੀ ਸੋਚ ਅੱਜ ਵੀ ਉੱਥੇ ਹੀ ਖੜ੍ਹੀ ਹੈ। ਸੋਸ਼ਲ ਮੀਡੀਆ ਉੱਤੇ ਅਜਿਹੀਆਂ ਪੋਸਟਾਂ 11, 21, ਜਾਂ 31 ਫਾਰਵਰਡ ਕਰਨ ਅਤੇ 24 ਘੰਟਿਆਂ ਵਿੱਚ ‘ਚੰਗੀ ਖਬਰ’ ਮਿਲਣ ਬਾਰੇ ਜਦੋਂ ਪੜ੍ਹਦਾ ਹਾਂ ਤਾਂ ਇਹ ਸੋਚ ਕੇ ਮੁਸਕਰਾ ਦਿੰਦਾ ਹਾਂ ਕਿ ਢੇਰ ਸਾਰਾ ਸਮਾਂ ਬੀਤ ਜਾਣ ਉਪਰੰਤ ਵੀ ਸਾਡੀ ਮਾਨਸਿਕਤਾ ਵਾਲਾ ਪਰਨਾਲਾ ਅਜੇ ਵੀ ਉੱਥੇ ਦਾ ਉੱਥੇ ਹੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1721)
(ਸਰੋਕਾਰ ਨਾਲ ਸੰਪਰਕ ਲਈ: