GurtejSinghDr7“ਮੇਰੀ ਚੁੱਪ ... ਰੁੱਖਾਂ ਵਰਗੀ ... ਜੜ੍ਹਾਂ ਜ਼ਮੀਨ ਵਿੱਚ ਡੂੰਘੀਆਂ ... ਬਾਹਾਂ ਅਸਮਾਨ ਵੱਲ ...”
(4 ਅਕਤੂਬਰ 2026)

 

1. ਤਕਦੀਰ

ਰਿਹਾ ਝੁਕਾਉਂਦਾ ਸਿਰ ਮੈਂ ਫਕੀਰਾਂ ਨੂੰ,
ਕੋਈ ਵੀ ਬਦਲ ਨਾ ਸਕਿਆ,

ਮੇਰੇ ਮੱਥੇ ਦੀਆਂ ਲਕੀਰਾਂ ਨੂੰ।
ਰਿਹਾ ਲੱਭਦਾ ਨਸੀਬ ਮੈਂ ਸਦਾ,
ਹੱਥਾਂ ਦੀਆਂ ਲਕੀਰਾਂ ਵਿੱਚ।
ਉਮਰ ਗਵਾ ਲਈ ਐਵੇਂ,
ਝੂਠੀਆਂ ਜ਼ੰਜੀਰਾਂ ਵਿੱਚ।
ਥਾਂ-ਥਾਂ ’ਤੇ ਜਾ ਮੱਥੇ ਟੇਕੇ,
ਜੰਡਾਂ ਅਤੇ ਕਰੀਰਾਂ ਨੂੰ।
ਸੰਧੂਰ, ਤੇਲ, ਕੱਪੜੇ,
ਚੜ੍ਹਾਏ ਸੀ ਦ੍ਰਖਤਾਂ ਨੂੰ।
ਜੁੜ੍ਹਿਆ ਨਾ ਤਨ ਨੂੰ ਝੱਗਾ,
ਰੁੱਤਾਂ ਹੰਢਾ ਗਈਆਂ
ਸਰੀਰਾਂ ਨੂੰ।
ਕਿਸੇ ਨੇ ਕਿਹਾ,
ਸੌਂ ਗਈ ਕਿਸਮਤ ਤੇਰੀ।
ਕੋਈ ਆਖੇ,
ਲੰਮੀ ਰਾਤ ਬੜੀ ਘਨੇਰੀ।
ਇੱਕ ਦਿਨ
ਆਪਣੇ ਆਪ ਨੂੰ ਫੋਲਿਆ।
ਅੰਦਰੋਂ
ਆਪਣਾ ਆਪ ਟਟੋਲਿਆ।
ਖੁੱਲ੍ਹਿਆ ਤੀਜਾ ਨੇਤਰ,
ਵਿੱਦਿਆ ਦਾਤੀ ਨਾਲ,
ਮਿੱਟੀ ਵਿੱਚੋਂ ਸੋਨਾ ਬਣਾਉਣਾ,
ਹਨੇਰੇ ਵਿੱਚੋਂ ਚਾਨਣ ਲੱਭਣਾ,
ਤਕਦੀਰ ਲਿਖਣੇ ਦੀ
ਆ ਗਈ ਜਾਚ।
ਆਖਰ ਖੁਦ ’ਤੇ ਕੀਤਾ ਭਰੋਸਾ
ਤੇ ਬਣਾਏ ਰਾਹ
ਮੰਜ਼ਿਲ ਤਕ ਜਾਣ ਲਈ
ਫਿਰ ਕੌਣ ਕਹਿੰਦੈ
ਇਨਸਾਨ ਬਦਲ ਨਹੀਂ ਸਕਦਾ ਤਕਦੀਰਾਂ ਨੂੰ।
ਰਿਹਾ ਝੁਕਾਉਂਦਾ ਸਿਰ ਮੈਂ ਫਕੀਰਾਂ ਨੂੰ
ਕੋਈ ਵੀ ਬਦਲ ਨਾ ਸਕਿਆ
ਮੇਰੇ ਮੱਥੇ ਦੀਆਂ ਲਕੀਰਾਂ ਨੂੰ

     *     *     *

2.    ਜੀਵਨ ਜਾਚ

ਕਦੋਂ ਤਕ ਪਾਵੇਂਗਾ ਵਾਸਤੇ
ਇਸ ਮਗਰੂਰੀ ਦੁਨੀਆ ਅੱਗੇ
ਲੀਰਾਂ ਰੂਪੀ ਖਿੱਦੋ ਨੂੰ
ਜ਼ਰਾ ਕੁ ਸੰਭਾਲ
ਖਿੱਲਰ ਜਾਵੇ ਇਹ
ਜਦ ਪੈਣ ਚੰਦ ਠੁੱਡੇ
ਜ਼ਿਆਦਾ ਨੁਮਾਇਸ਼ ਨਾ ਕਰ
ਆਪਣੇ ਸਿਤਮਾਂ ਦੀ
ਢਿੱਡ ਖ਼ੁਦ ਦਾ ਹੀ ਦਿਸੇ
ਜਦ ਚੁੱਕੀਏ ਜ਼ਰਾ ਕੁ ਝੱਗਾ
ਪਛਾਣ ਆਪਣੇ ਮੂਲ ਨੂੰ
ਚੁਣ ਕੋਈ ਸਹੀ ਰਾਹ
ਹੋਵੇ ਲੋਕਾਂ ਹੱਥ ਡੋਰ ਜਿਨ੍ਹਾਂ ਦੀ
ਜਾਣ ਸਦਾ ਉਹ ਠੱਗੇ।
ਲੰਬੀ ਦੌੜ ਦੌੜੇ
ਸਦਾ ਹੀ ਅਭਿਆਸੀ ਘੋੜਾ
ਪਿੱਛੇ ਰਹਿ ਜਾਣ ਹਮੇਸ਼ਾ ਹੀ
ਕਿਸਮਤ ਕੋਸੂ ਢੱਗੇ।
ਆਵੇ ਮੁਸੀਬਤ
ਬਾਜ਼ ਉਡੇ ਉੱਚੇ ਅੰਬਰੀ
ਇਹੀ ਸਿਧਾਂਤ ਲਾਵੇ
ਮੁਸ਼ਕਿਲਾਂ ਨੂੰ ਅੱਗੇ।
ਬਣੇ ਜੋ ਮਹਾਨ,
ਉਹ ਇੱਕ ਦਿਨ ਵਿੱਚ ਨਹੀਂ ਬਣੇ।
ਮਿਹਨਤਾਂ ਦੇ ਬਾਵਜੂਦ ਵੀ
ਅਸਫਲਤਾ ਦੇ ਬਥੇਰੇ
ਝਟਕੇ ਸੀ ਲੱਗੇ।
ਫਿਰ ਵੀ ਡਰੇ ਨਹੀਂ
ਖੜ੍ਹੇ ਨਹੀਂ, ਹਰੇ ਨਹੀਂ
ਵਧਾਉਂਦੇ ਰਹੇ ਕਦਮ,
ਬਸ ਅੱਗੇ ਹੀ ਅੱਗੇ।

ਕਰ ਦ੍ਰਿੜ੍ਹ ਸੰਕਲਪ
ਫੜ ਲੈ ਮਿਹਨਤ ਦਾ ਪੱਲਾ,
“
ਮੀਤ” ਰੋਕ ਨਹੀਂ ਸਕਦਾ ਫਿਰ
ਕੋਈ ਤੈਨੂੰ ਵਧਣ ਤੋਂ ਅੱਗੇ

  *     *     *

3.   ਮੋਹ ਭਿੱਜੇ ਸ਼ਬਦ
ਜ਼ਿੰਦਗੀ ਵਿੱਚ ਤੇਰਾ ਆਗਮਨ
ਖੁਦਾ ਦੀ ਰਹਿਮਤ ਵਰਗਾ
ਉਦਾਸ ਵੀਰਾਨ ਤਪਦੇ ਮਾਰੂਥਲ ’ਚ
ਮੀਂਹ ਦੀ ਕਣੀ ਵਰਗਾ
ਮਹਿਕਾ ਦਿੱਤੀ ਰੂਹ ਮੇਰੀ
ਤੇਰੇ ਹਸਮੁੱਖ ਚਿਹਰੇ ਨੇ
ਗੁੰਮਸੁੰਮ ਸੀ ਮੈਂ
ਖੜ੍ਹੇ ਪਾਣੀ ਵਰਗਾ
ਤੇਰੇ ਬੋਲਾਂ ਵਿੱਚ ਘੁਲਿਆ ਹੈ
ਮਿੱਠਾ ਕੋਈ ਰਾਗ,
ਸੁਣ ਕੇ ਮਨ ਹੋ ਜਾਂਦਾ ਮੰਤਰਮੁਗਧ
ਕਿਸੇ ਦੀਵਾਨੇ ਵਰਗਾ

ਤੂੰ ਮਿਲੀ ਤਾਂ ਲੱਗਿਆ
ਮਿਲੇ ਜ਼ਿੰਦਗੀ ਨੂੰ ਮਾਅਨੇ
ਸੁੰਨੇ ਰਾਹ ਵਿੱਚ ਮਿਲਿਆ
ਕੋਈ ਸਾਥੀ ਆਪਣੇ ਜਿਹਾ
ਮੈਂ ਤਾਂ ਹਰਦਮ ਇਹੀ ਚਾਹਵਾਂ
ਤੇਰੀ ਮੁਸਕਾਨ ਸਲਾਮਤ ਰਹੇ
ਤੇਰਾ ਹੱਸਣਾ ਮੇਰੇ ਲਈ
ਸਵੇਰ ਦੀ ਲਾਲੀ ਵਰਗਾ

   *     *     *

4.        ਭਾਸ਼ਾ

ਕਿਤਾਬਾਂ ਪੜ੍ਹਨ ਦਾ ਸ਼ੁਕੀਨ ਹਾਂ
ਚੁੱਪ ਤੇ ਸ਼ਾਂਤੀ
ਮਨ ਨੂੰ ਭਾਉਂਦੀ ਹੈ
ਘਰ ਵਿੱਚ ਹੈ ਇੱਕ ਕਮਰਾ
ਜਿੱਥੋਂ ਮਹਿਕ
ਵਰਕਿਆਂ ’ਤੇ ਲਿਖੇ
ਅੱਖਰਾਂ ਦੀ ਆਉਂਦੀ ਹੈ
ਦੁਨੀਆ ਤੋਂ ਕਰ ਚਾਹੇ ਲੱਖ ਪਰਦਾ
ਤੇਰੀ ਮੁਸਕਾਨ ਹੇਠ ਦੱਬੀ
ਉਦਾਸੀ ਨਜ਼ਰ ਆਉਂਦੀ ਹੈ
ਨਜ਼ਰ-ਅੰਦਾਜ਼ ਕਰਨਾ
ਬੇਸ਼ੱਕ ਕਰ
ਦਿਲਾਂ ਦੀ ਤਾਰ
ਮੈਨੂੰ ਜੋੜਨੀ ਆਉਂਦੀ ਹੈ
ਤੂੰ ਬੋਲ ਕੇ ਭਾਵੇਂ ਨਾ ਦੱਸ
ਮੈਨੂੰ ਖਾਮੋਸ਼ੀ ਦੀ ਭਾਸ਼ਾ
ਪੜ੍ਹਨੀ ਆਉਂਦੀ ਹੈ।

 *     *     *

5. ਮੇਰੀ ਚੁੱਪ

ਮੇਰੀ ਚੁੱਪ
ਕਿਤਾਬਾਂ ਵਰਗੀ
ਕੋਈ ਆਣ ਪੜ੍ਹੇ
ਤਾਂ ਖੋਲ੍ਹਾਂ
ਦਿਲ ਆਪਣਾ
ਮੇਰੀ ਚੁੱਪ
ਫੁੱਲਾਂ ਵਰਗੀ
ਨਾ ਰੌਲਾ, ਨਾ ਦਾਅਵਾ
ਬਸ ਚੁੱਪ-ਚਾਪ ਮਹਿਕਣਾ
ਹਵਾ ਆਵੇ ਤਾਂ ਵੰਡ ਦੇਣੀ ਖੁਸ਼ਬੂ
ਨਾ ਆਵੇ ਤਾਂ ਵੀ
ਮਹਿਕਦੇ ਰਹਿਣਾ
ਆਪਣੇ ਆਪ ’ਚ
ਮੇਰੀ ਚੁੱਪ
ਰੁੱਖਾਂ ਵਰਗੀ
ਜੜ੍ਹਾਂ ਜ਼ਮੀਨ ਵਿੱਚ ਡੂੰਘੀਆਂ
ਬਾਹਾਂ ਅਸਮਾਨ ਵੱਲ
ਆਉਂਦੇ-ਜਾਂਦੇ ਨੂੰ ਛਾਂ ਦੇਣੀ
ਪੱਥਰ ਮਾਰਨ ਵਾਲੇ ਨੂੰ ਵੀ ਫਲ ਦੇਣਾ
ਤੇ ਬਦਲੇ ਵਿੱਚ ਕੁਝ ਨਾ ਮੰਗਣਾ
ਮੇਰੀ ਚੁੱਪ
ਮਾਂ ਵਰਗੀ
ਘੱਟ ਬੋਲਣਾ
ਵੱਧ ਸਮਝਣਾ
ਆਪ ਰੋਣਾ ਤਾਂ ਅੰਦਰ-ਅੰਦਰ
ਤੇ ਹੱਸਣਾ
ਸਾਰੇ ਘਰ ਲਈ
ਮੇਰੀ ਚੁੱਪ
ਕਬਰਾਂ ਵਰਗੀ
ਉੱਤੋਂ ਸ਼ਾਂਤ ਦਿਸਦੀ
ਅੰਦਰ ਕਿੰਨੇ ਦਫਨ ਨੇ ਸਵਾਲ
ਕਿੰਨੇ ਅਧੂਰੇ ਖਤ
ਕਿੰਨੇ ਅਣਕਹੇ ਜਵਾਬ
ਮੇਰੀ ਚੁੱਪ
ਬੀਜ ਵਰਗੀ
ਉੱਤੋਂ ਮਿੱਟੀ
ਅੰਦਰ ਜ਼ਿੰਦਗੀ ਦੱਬੀ ਹੋਈ
ਹਨੇਰੇ ਵਿੱਚ ਵੀ ਫੁੱਟਣ ਦੀ ਤਿਆਰੀ ਵਿੱਚ।
ਮੇਰੀ ਚੁੱਪ
ਉਸ ਭੈਣ ਵਰਗੀ
ਬੰਦਿਸ਼ਾਂ ਦੇ ਸ਼ਾਹੂਕਾਰ ਕੋਲ
ਜਿਸ ਦੇ ਸੁਪਨੇ ਗਿਰਵੀ
ਨਾ ਉਹ ਲੜੀ
ਨਾ ਉਹ ਰੋਈ
ਬੱਸ, ਆਪਣੀਆਂ ਕਿਤਾਬਾਂ ਨੂੰ
ਛਾਤੀ ਨਾਲ ਲਾ
ਹੋਰ ਘੁੱਟ ਕੇ ਜੱਫੀ ਪਾ ਲਈ

ਮੇਰੀ ਚੁੱਪ
ਉਸ ਮਾਂ ਵਰਗੀ
ਜਿਸ ਦੇ ਕਈ ਪੁੱਤ ਚਿੱਟੇ ਨੇ ਖਾ ਲਏ
ਖਾਮੋਸ਼ ਚੀਕਾਂ ਨੇ
ਅੱਖਾਂ ਦਾ ਪਾਣੀ
ਸੁਕਾ ਛੱਡਿਆ।

ਮੇਰੀ ਚੁੱਪ
ਦੀਵੇ ਵਰਗੀ
ਜੋ ਹਨੇਰੇ ਨੂੰ ਕੋਸਦੀ ਨਹੀਂ
ਬਸ ਬਲਦੀ
ਆਪਣੀ ਥਾਂ ’ਤੇ
ਕੋਈ ਦੇਖੇ ਤਾਂ ਚਾਨਣ
ਨਾ ਦੇਖੇ ਤਾਂ ਵੀ ਚਾਨਣ
ਮੇਰੀ ਚੁੱਪ ਨੂੰ
ਸਮਝ ਨਾ ਕਮਜ਼ੋਰੀ
ਇਹ ਮੇਰੀ ਹਾਰ ਨਹੀਂ
ਇਹ ਉਹ ਸਬਰ ਹੈ
ਜੋ ਬਜ਼ਾਰ ਦੇ ਰੌਲੇ ’ਚ
ਸੱਚ ਨੂੰ ਮਰਦਾ ਦੇਖ
ਆਪਣੇ ਆਪ ਨੂੰ
ਹਲੂਣਾ ਦੇਣ ਲੱਗ ਪੈਂਦਾ ਹੈ।

   *     *     *

6.  ਜਜ਼ਬਾਤ

ਖਵਾਹਿਸ਼ ਸੀ ਬੱਸ
ਰਹਾਂ ਖੁਸ਼
ਆਪਣੀ ਦੁਨੀਆ ’ਚ
ਖਾਸ ਬਣ ਉੱਭਰਾਂ
ਨਾ ਸੋਚੀ ਕਦੇ ਬਾਤ ਸੀ
ਮਜਬੂਰੀਆਂ ਹੱਥੋਂ ਜੇਕਰ
ਮੇਰੇ ਵਿਕਦੇ ਨਾ ਜਜ਼ਬਾਤ
ਨੈਣਾਂ ਦੇ ਸਮੁੰਦਰ
’ਗਰ ਡੱਕ ਲੈਂਦਾ ਅੰਦਰੇ
ਲੋਕਾਈ ਅੱਗੇ ਜਜ਼ਬਾਤਾਂ ਦੀ
ਨਾ ਹੁੰਦੀ ਫਿਰ ਬਰਸਾਤ ਜੀ
ਖਿੱਲੀ ਤਾਂ ਉੱਡਣੀ ਹੀ ਸੀ ਫਿਰ
ਅਰਮਾਨਾਂ ਦੀ ਪਵਾਈ
ਜੋ ਝਾਤ ਸੀ
ਸੰਵੇਦਨਾਵਾਂ ਦੀ ਹੀ ਦੇਣ ਹੈ ‘ਮੀਤ’
ਕਰ ਦੇਣ ਕਠੋਰ
ਬੰਦੇ ਨੂੰ ਹਾਲਾਤ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author