“ਮੈਂ ਉੱਠ ਕੇ ਉਨ੍ਹਾਂ ਦੇ ਚਰਨ ਛੂਹਣੇ ਚਾਹੇ ਪਰ ਇਹ ਸੁਭਾਗ ਮੈਂਨੂੰ ...”
(27 ਮਾਰਚ 2020)
ਉਹ ਰਾਤ ਬੜੀ ਭਿਆਨਕ ਸੀ। ਬੱਦਲਾਂ ਦੀ ਗਰਜ ਅਤੇ ਚਮਕਦੀ ਬਿਜਲੀ ਇਸ ਨੂੰ ਹੋਰ ਵੀ ਖੌਫਨਾਕ ਬਣਾ ਰਹੀ ਸੀ। ਹਲਕੀ ਹਲਕੀ ਹੋ ਰਹੀ ਬਰਸਾਤ ਜਾਂਦੀ ਹੋਈ ਸਰਦੀ ਦਾ ਅਹਿਸਾਸ ਦਿਵਾਉਂਦੀ ਸੀ। ਰਾਤ ਦਾ ਇੱਕ ਵੱਜ ਗਿਆ ਸੀ ਪਰ ਅਜੇ ਵੀ ਮੇਰੀਆਂ ਅੱਖਾਂ ਵਿੱਚ ਨੀਂਦ ਦਾ ਨਾਮੋ ਨਿਸ਼ਾਨ ਸੀ। ਪਤਾ ਨਹੀਂ ਕਿਉਂ ਬੇਚੈਨੀ ਵਧਦੀ ਜਾ ਰਹੀ ਸੀ ਤੇ ਮੈਂ ਆਪਣੇ ਕਮਰੇ ਵਿੱਚ ਟਹਿਲਣਾ ਸ਼ੁਰੂ ਕਰ ਦਿੱਤਾ। ਮੇਰੇ ਕਮਰੇ ਦੀ ਬੱਤੀ ਜਗਦੀ ਦੇਖਕੇ ਮੇਰੇ ਮਾਪੇ ਸਮਝ ਰਹੇ ਸਨ ਕਿ ਮੈਂ ਕੱਲ੍ਹ ਦੇ ਪੇਪਰ ਦੀ ਤਿਆਰੀ ਵਿੱਚ ਮਗਨ ਹਾਂ ਪਰ ਮੈਂ ਤਾਂ ...।
ਦਰਅਸਲ ਮੇਰੇ ਬਾਰ੍ਹਵੀਂ ਜਮਾਤ ਦੇ ਸਾਲਾਨਾ ਇਮਤਿਹਾਨ ਚੱਲ ਰਹੇ ਸਨ ਤੇ 23 ਮਾਰਚ ਹੋਣ ਕਾਰਨ ਪੇਪਰ ਹੋਣ ਦੇ ਬਾਵਜੂਦ ਦਿਨੇ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਸਬੰਧੀ ਪੜ੍ਹਦਾ ਅਤੇ ਟੀਵੀ ਉੱਤੇ ਲੋਕਾਂ ਦੀਆਂ ਤਕਰੀਰਾਂ ਸੁਣਦਾ ਰਿਹਾ ਸਾਂ। ਉਨ੍ਹਾਂ ਦੀ ਜੀਵਨੀ ਅਤੇ ਅਭੁੱਲ ਦ੍ਰਿਸ਼ ਮੇਰੇ ਜ਼ਿਹਨ ਵਿੱਚ ਘੁੰਮ ਰਹੇ ਸਨ। ਇਹ ਸੋਚ ਕੇ ਮੈਂਨੂੰ ਹੌਲ ਜਿਹੇ ਪੈਂਦੇ ਸਨ ਕਿ ਉਹ ਕਿਸ ਮਿੱਟੀ ਦੇ ਬਣੇ ਹੋਏ ਸਨ ,ਮੇਰੇ ਜੇਡੀ ਉਮਰ ਵਿੱਚ ਹੀ ਉਨ੍ਹਾਂ ਨੇ ਇੰਨਾ ਅਧਿਐਨ ਕੀਤਾ ਤੇ ਸੰਘਰਸ਼ ਦਾ ਰਾਹ ਇਖਤਿਆਰ ਕੀਤਾ ਸੀ। ਕਾਫੀ ਦੇਰ ਬਾਅਦ ਨਾਲ ਦੇ ਕਮਰੇ ਵਿੱਚੋਂ ਮਾਂ ਦੀ ਅਵਾਜ਼ ਕੰਨੀ ਪਈ, “ਪੁੱਤ ਸੌਂ ਜਾ ਹੁਣ ... ਨਹੀਂ ਤਾਂ ਕੱਲ੍ਹ ਨੂੰ ਪੇਪਰ ਵਿੱਚ ਊਂਘੀ ਜਾਵੇਂਗਾ।” ਮੈਂ ਬੱਤੀ ਬੁਝਾ ਕੇ ਮੈਂ ਬਿਸਤਰੇ ਉੱਤੇ ਪੈ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ। ਪਤਾ ਨਹੀਂ ਅੱਜ ਨੀਂਦ ਕਿਤੇ ਖੰਭ ਲਾ ਕੇ ਉੱਡ ਗਈ ਸੀ।
ਕਾਫੀ ਸਮੇਂ ਬਾਅਦ ਨੀਂਦ ਕਦੋਂ ਆ ਗਈ, ਮੈਂਨੂੰ ਪਤਾ ਨਹੀਂ ਚੱਲਿਆ ਕਿਉਂਕਿ ਉਹੀ ਵਿਚਾਰ ਮੇਰੇ ਮਨ ਉੱਤੇ ਭਾਰੂ ਸਨ। ਥੋੜ੍ਹਾ ਨਿਢਾਲ ਜਿਹਾ ਜਿਸਮ ਤੇ ਦਿਲ ਵਿੱਚ ਸਮੋਇਆ ਦਰਦ ਜੋ ਬੇਚੈਨੀ ਦਾ ਸ਼ਿਕਾਰ ਲੱਗਦਾ ਸੀ। ਸਿਰ ਉੱਤੇ ਬੰਨ੍ਹੀ ਘਸਮੈਲੀ ਜਿਹੀ ਪੱਗ ਕਿਸੇ ਗਰੀਬ ਬਾਪ ਜਿਹੀ ਜਾਪਦੀ ਸੀ, ਜਿਸਦੀਆਂ ਧੀਆਂ ਗਰੀਬੀ ਕਾਰਨ ਉਸਦੇ ਬੂਹੇ ਉੱਤੇ ਬੈਠੀਆਂ ਹੋਣ। ਫਿਰ ਵੀ ਉਸਦੀਆਂ ਅੱਖਾਂ ਵਿੱਚ ਅਜੀਬ ਜਿਹੀ ਚਮਕ ਭਾਅ ਮਾਰ ਰਹੀ ਸੀ। ਹੱਥ ਵਿੱਚ ਸਮਾਜਵਾਦ ਅਤੇ ਕ੍ਰਾਂਤੀ ਦੀਆਂ ਕਿਤਾਬਾਂ ਸਨ। ਹੌਲੀ ਹੌਲੀ ਉਸ ਮੁੱਛ ਫੁੱਟ ਨੌਜਵਾਨ ਦਾ ਚਿਹਰਾ ਮੇਰੇ ਕਰੀਬ ਆ ਰਿਹਾ ਸੀ ਤੇ ਮੈਂ ਇਹ ਦੇਖਕੇ ਹੈਰਾਨ ਰਹਿ ਗਿਆ ਸੀ - ਇਹ ਤਾਂ ਸ. ਭਗਤ ਸਿੰਘ ਜੀ ਹਨ। ਉਨ੍ਹਾਂ ਨੂੰ ਅਚਾਨਕ ਸਾਹਮਣੇ ਦੇਖ ਕੇ ਮੈਂਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ। ਇਸੇ ਘਬਰਾਹਟ ਵਿੱਚ ਹੀ ਉਨ੍ਹਾਂ ਨੂੰ ਮੈਂ ਫਤਹਿ ਬੁਲਾਈ ਤੇ ਬੈਠਣ ਲਈ ਕੁਰਸੀ ਅੱਗੇ ਕੀਤੀ। ਉਨ੍ਹਾਂ ਦੀ ਮੁਸਕੁਰਾਹਟ ਨੇ ਫਤਹਿ ਪ੍ਰਵਾਨ ਕੀਤੀ। ਹਾਲ ਚਾਲ ਦੇ ਨਾਲ ਉਨ੍ਹਾਂ ਮੇਰੀ ਪੜ੍ਹਾਈ ਬਾਰੇ ਪੁੱਛਿਆ ਤੇ ਮੈਂ ਥਿੜਕਦੀ ਅਵਾਜ਼ ਵਿੱਚ ਕਿਹਾ ਜੀ … ਜੀ ਬਹੁਤ ਵਧੀਆ। ਫਿਰ ਮੈਂ ਉਨ੍ਹਾਂ ਨੂੰ ਚਾਹ ਪਾਣੀ ਪੁੱਛਿਆ ਪਰ ਉਨ੍ਹਾਂ ਇਹ ਕਹਿਕੇ ਮਨ੍ਹਾਂ ਕਰ ਦਿੱਤਾ ਕਿ ਅਜੇ ਨਹੀਂ, ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ। ਮੈਂਨੂੰ ਘਬਰਾਇਆ ਦੇਖ ਉਨ੍ਹਾਂ ਕਿਹਾ, ਛੋਟੇ ਵੀਰ ਘਬਰਾ ਨਾ ਤੂੰ ਮੇਰੇ ਕੋਲ ਆ ਕੇ ਬੈਠ। ਉਨ੍ਹਾਂ ਸਾਹਮਣੇ ਬੈਠ ਕੇ ਮੇਰੀ ਇੰਨੀ ਹਿੰਮਤ ਨਹੀਂ ਸੀ ਕਿ ਉਨ੍ਹਾਂ ਦੀਆਂ ਮਸ਼ਾਲ ਤੋਂ ਵੀ ਤੇਜ਼ ਚਮਕਦਾਰ ਅੱਖਾਂ ਵਿੱਚ ਅੱਖਾਂ ਪਾ ਕੇ ਕੋਈ ਗੱਲ ਕਰ ਸਕਾਂ।
ਕਾਫੀ ਸਮੇਂ ਤੱਕ ਸਾਡੇ ਦੋਨਾਂ ਵਿੱਚੋਂ ਕੋਈ ਕੁਝ ਨਾ ਬੋਲਿਆ ਤੇ ਬਾਹਰ ਪੈਦੀਆਂ ਕਣੀਆਂ ਦੀ ਅਵਾਜ਼ ਸਾਫ ਸੁਣਾਈ ਦੇ ਰਹੀ ਸੀ। ਆਖਰ ਮੈਂ ਚੁੱਪੀ ਤੋੜੀ। ਜਿਵੇਂ ਉਹ ਇਹੀ ਉਡੀਕ ਰਹੇ ਹੋਣ। ਆਪਣੀ ਸ਼ੰਕਾ ਨਵਿਰਤੀ ਹਿਤ ਮੈਂ ਉਨ੍ਹਾਂ ਨੂੰ ਸਵਾਲ ਕੀਤਾ, ਬਾਈ ਜੀ, ਜਦੋਂ ਦੇਸ਼ ਵਿੱਚ ਸ਼ਾਂਤੀ ਨਾਲ ਅਜਾਦੀ ਲਈ ਅੰਦੋਲਨ ਚੱਲ ਰਿਹਾ ਸੀ ਤਾਂ ਤੁਸੀਂ ਤੇ ਤੁਹਾਡੇ ਸਾਥੀਆਂ ਨੇ ਹਥਿਆਰ ਕਿਉਂ ਚੱਕੇ? ਹਿੰਸਾ ਦਾ ਰਾਹ ਹੀ ਕਿਉਂ ਇਖਤਿਆਰ ਕੀਤਾ?
ਉਨ੍ਹਾਂ ਹੱਸਦੇ ਹੋਏ ਕਿਹਾ, ਬੜਾ ਕਮਾਲ ਦਾ ਪ੍ਰਸ਼ਨ ਕੀਤਾ ਹੈ। - ਫਿਰ ਗੰਭੀਰ ਹੋ ਕੇ ਕਿਹਾ, ਹਥਿਆਰ ਚੁੱਕਣਾ ਮਾੜੀ ਗੱਲ ਤਾਂ ਨਹੀਂ, ਹਾਂ, ਇਸਦਾ ਗਲਤ ਇਸਤੇਮਾਲ ਕਰਨਾ ਬੁਰੀ ਗੱਲ ਹੈ। ਅਸੀਂ ਕਦੇ ਵੀ ਬੇਗੁਨਾਹਾਂ ਦਾ ਕਤਲ ਨਹੀਂ ਕੀਤਾ। ਬਲਕਿ ਮੈਂ ਤਾਂ ਮਨੁੱਖੀ ਹੱਤਿਆ ਦਾ ਵਿਰੋਧੀ ਰਿਹਾ ਹਾਂ, ਕਿਉਂਕਿ ਪਿਸਤੌਲ ਤੇ ਬੰਬ ਕਦੇ ਇਨਕਲਾਬ ਨਹੀਂ ਲਿਆਉਂਦੇ ਬਲਕਿ ਇਨਕਲਾਬ ਦੀ ਤਲਵਾਰ ਵਿਚਾਰਾਂ ਦੀ ਸਾਣ ਉੱਤੇ ਤਿੱਖੀ ਹੁੰਦੀ ਹੈ। ਜੇਕਰ ਅਸੀਂ ਹਿੰਸਾ ਦੇ ਪੁਜਾਰੀ ਹੁੰਦੇ ਤਾਂ ਸੰਸਦ ਵਿੱਚ ਨਕਲੀ ਬੰਬਾਂ ਨਾਲ ਫੋਕਾ ਧਮਾਕਾ ਨਾ ਕਰਦੇ। - ਇਹ ਕਹਿੰਦੇ ਹੋਏ ਉਨ੍ਹਾਂ ਦਾ ਚਿਹਰਾ ਲਾਲ ਹੋ ਗਿਆ ਸੀ।
ਤੁਹਾਡੇ ਬਾਰੇ ਇਹ ਗੱਲ ਬੜੀ ਪ੍ਰਸਿੱਧ ਰਹੀ ਹੈ ਕਿ ਤੁਸੀਂ ਤਾਨਾਸ਼ਾਹ ਤੇ ਦਹਿਸ਼ਤ ਪਸੰਦ ਹੋ। ਇਹ ਕਿੱਥੋਂ ਤੱਕ ਸਹੀ ਹੈ? ਜਾਂ ਫਿਰ ਲੋਕਾਂ ਦਾ ਭੁਲੇਖਾ ਹੈ? ਮੈਂ ਗੰਭੀਰ ਹਾਵ ਭਾਵ ਦਿਖਾ ਕੇ ਉਨ੍ਹਾਂ ਨੂੰ ਪੁੱਛਿਆ।
ਇੱਕ ਇਨਕਲਾਬੀ ਹੋਣ ਕਾਰਨ ਮੈਂ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਸਮਾਜਵਾਦੀ ਸਮਾਜ ਦੀ ਸਥਾਪਨਾ ਹਿੰਸਕ ਤਰੀਕਿਆਂ ਨਾਲ ਨਹੀਂ ਹੋ ਸਕਦੀ, ਬਲਕਿ ਸਮਾਜ ਦੇ ਅੰਦਰੋਂ ਹੀ ਉਪਜਣੀ ਤੇ ਵਿਕਸਿਤ ਹੋਣੀ ਚਾਹੀਦੀ ਹੈ। ਦਹਿਸ਼ਤਵਾਦ ਕੋਈ ਮੁਕੰਮਲ ਇਨਕਲਾਬ ਨਹੀਂ ਹੈ ਤੇ ਇਨਕਲਾਬ ਲਈ ਦਹਿਸ਼ਤਵਾਦ ਲਾਜ਼ਮੀ ਹੈ। ਦਹਿਸ਼ਤਵਾਦ ਜਾਬਰ ਦੇ ਮਨ ਵਿੱਚ ਡਰ ਪੈਦਾ ਕਰਕੇ ਪੀੜਿਤ ਲੋਕਾਂ ਨੂੰ ਉਸਦੇ ਖਿਲਾਫ ਡਟਣ ਦਾ ਬਲ ਪ੍ਰਦਾਨ ਕਰਦਾ ਹੈ।
ਫਿਰ ਇਨਕਲਾਬ ਤੇ ਤੁਹਾਡੀ ਸੋਚੀ ਹੋਈ ਅਜਾਦੀ ਦਾ ਕੀ ਮਤਲਬ ਹੈ ਜੋ ਤੁਸੀਂ ਕਹਿੰਦੇ ਹੋ ਕਿ ਅਹਿੰਸਾਵਾਦ ਤਾਂ ਇੱਕ ਵਿਰੋਧ ਦੀ ਭਾਸ਼ਾ ਹੈ ਤੇ ਅੰਤ ਸਮਝੌਤਾ ਹੁੰਦਾ ਹੈ। ਇਸਦਾ ਕੀ ਮਤਲਬ ਹੈ ਬਾਈ ਜੀ।
ਇਨਕਲਾਬ ਕੋਈ ਬਿਨਾਂ ਸੋਚੀ ਸਮਝੀ ਅੱਗਜ਼ਨੀ ਦੀ ਦਰਿੰਦਾ ਮੁਹਿੰਮ ਨਹੀਂ। ਇਨਕਲਾਬ ਕੋਈ ਮਾਯੂਸੀ ਵਿੱਚੋਂ ਪੈਦਾ ਹੋਇਆ ਫਲਫਸਾ ਵੀ ਨਹੀਂ ਅਤੇ ਨਾ ਹੀ ਸਰਫਰੋਸ਼ੀ ਦਾ ਕੋਈ ਸਿਧਾਂਤ ਹੈ। ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ ਪਰ ਮਨੁੱਖ ਵਿਰੋਧੀ ਨਹੀਂ। ਇਨਕਲਾਬ ਤੋਂ ਭਾਵ ਹੈ ਕਿ ਇੱਕ ਅਜਿਹੇ ਸਮਾਜੀ ਢਾਂਚੇ ਦੀ ਸਥਾਪਨਾ ਕਰਨੀ ਜਿਸ ਵਿੱਚ ਮਜ਼ਦੂਰ ਜਮਾਤ ਦੀ ਸਰਦਾਰੀ ਪ੍ਰਵਾਨਿਤ ਹੋਵੇ।
ਹਾਂ ਜੀ, ਇਹ ਤਾਂ ਠੀਕ ਹੈ ਪਰ ਬਾਈ ਜੀ, ਜਿਸ ਉਦੇਸ਼ ਨਾਲ ਤੁਸੀਂ ਸੰਘਰਸ਼ ਵਿੱਢਿਆ ਸੀ ਤੇ ਅਜ਼ਾਦੀ ਦੇ ਸਾਢੇ ਛੇ ਦਹਾਕਿਆਂ ਬਾਅਦ ਵੀ ਦੇਸ਼ ਵਿੱਚ ਉਹੀ ਕੁਝ ਹੋ ਰਿਹਾ। ਉਦੋਂ ਤਾਂ ਅੰਗਰੇਜ਼ ਬਿਗਾਨੇ ਸਨ ਪਰ ਹੁਣ ਤਾਂ …। - ਮੈਂ ਕਿਹਾ।
ਛੋਟੇ ਵੀਰ, ਕੁਝ ਨਹੀਂ ਬਦਲਿਆ। ਸਿਰਫ ਚਿਹਰੇ ਬਦਲੇ ਹਨ। ਪਹਿਲਾਂ ਅਸੀਂ ਗੋਰਿਆਂ ਦੇ ਗੁਲਾਮ ਸੀ, ਹੁਣ ਆਪਣੇ ਸਾਂਵਲੇ ਰੰਗ ਦੇ ਅੰਗਰੇਜ਼ਾਂ ਦੇ। ਇਨ੍ਹਾਂ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਦੇਖਕੇ ਸੋਚਿਆ ਸੀ ਸਾਡੇ ਸੁਪਨਿਆਂ ਦਾ ਸਮਾਜ ਸਿਰਜਣਗੇ ਪਰ ਇਨ੍ਹਾਂ ਨੇ ਤਾਂ ਆਪਣੇ ਹਿਤਾਂ ਕਾਰਨ ਸਭ ਕੁਝ ਦੀ ਤਿਲਾਂਜਲੀ ਦੇ ਦਿੱਤੀ।
ਬਾਈ ਜੀ, ਦੇਸ਼ ਅੰਦਰ ਲੋਕਤੰਤਰ ਸਿਰਫ ਨਾਮ ਦਾ ਹੀ ਰਹਿ ਗਿਆ ਹੈ ਸਾਡੇ ਨੇਤਾ ਕੁਰਸੀ ਨੂੰ ਮਹਾਰਾਜੇ ਦਾ ਸਿੰਘਾਸਨ ਸਮਝਦੇ ਹਨ। ਸਾਰੀ ਉਮਰ ਇਸ ਉੱਤੇ ਕਾਬਜ਼ ਰਹਿਣ ਲਈ ਹਰ ਕਿਸਮ ਦੇ ਹੱਥਕੰਡੇ ਅਪਣਾਉਂਦੇ ਹਨ। ਦੇਸ਼ ਦੀ ਵਾਗਡੋਰ ਅਤੇ ਸੰਪਤੀ ਚੰਦ ਲੋਕਾਂ ਤੱਕ ਸੀਮਿਤ ਹੈ। ਲੋਕ ਗੁਰਬਤ ਦੇ ਸ਼ਿਕਾਰ ਹਨ। ਇਹ ਪਤਾ ਨਹੀਂ ਕਿਹੜੀ ਵਧੀ ਹੋਈ ਵਿਕਾਸ ਦਰ ਦਾ ਰਾਗ ਅਲਾਪਦੇ ਹਨ। ਲੋਕਾਂ ਦੀ ਦਸ਼ਾ ਬਹੁਤ ਮਾੜੀ ਹੋ ਗਈ ਹੈ। ਹਰ ਪਾਸੇ ਅਸੁਰੱਖਿਅਤਾ ਦਾ ਆਲਮ ਹੈ।
ਛੋਟੇ ਵੀਰ, ਇਹ ਗੱਲ ਤਾਂ ਸਹੀ ਹੈ। ਮੇਰੀਆਂ ਧੀਆਂ ਭੈਣਾਂ ਦੀ ਇੱਜ਼ਤ ਸ਼ਰੇਆਮ ਨਿਲਾਮ ਹੋ ਰਹੀ ਹੈ ਤੇ ਇਹ ਕੁਰਸੀਆਂ ਉੱਤੇ ਬੈਠ ਕੇ ਕਨੂੰਨਾਂ ਦੀ ਘੋਖ ਪੜਤਾਲ ਕਰਨ ਦਾ ਪਖੰਡ ਕਰਦੇ ਹਨ। ਗੁੰਡੇ ਹਰ ਰੋਜ਼ ਧੀਆਂ ਭੈਣਾਂ ਨਾਲ ਜ਼ਬਰਦਸਤੀ ਕਰਦੇ ਹਨ। ਹੋਰ ਤਾਂ ਹੋਰ ਮੇਰੇ ਜਨਮ ਅਤੇ ਆਹ ਸ਼ਹੀਦੀ ਵਾਲੇ ਦਿਨ ਨੌਜਵਾਨ ਬਸੰਤੀ ਪੱਗਾਂ ਬਣ ਕੇ ਮੈਂਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ਪਰ ਰਸਤੇ ਵਿੱਚ ਮਿਲਦੀਆਂ ਔਰਤਾਂ ਨਾਲ ਛੇੜਖਾਨੀਆਂ ਕਰਦੇ ਹਨ। ਇਹ ਸਭ ਦੇਖਕੇ ਮੈਂਨੂੰ ਬਹੁਤ ਦੁੱਖ ਹੁੰਦਾ ਹੈ। ਮੰਨੋ, ਮੇਰਾ ਕਲੇਜਾ ਫਟਦਾ ਹੈ।
ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ ਸਨ। ਉਨ੍ਹਾਂ ਦੇ ਦਿਲ ਵਿੱਚ ਲੋਕਾਂ ਲਈ ਕਿੰਨਾ ਦਰਦ ਛਿਪਿਆ ਹੋਇਆ ਹੈ ਇਹ ਮੈਂ ਮਹਿਸੂਸ ਕਰ ਰਿਹਾ ਸੀ। ਅਚਾਨਕ ਤੇਜ਼ ਹਵਾ ਦਾ ਇੱਕ ਬੁੱਲਾ ਆਇਆ। ਉਨ੍ਹਾਂ ਦਾ ਕੱਪੜਾ ਉੱਠਿਆ ... ਮੈਂ ਇਹ ਦੇਖਕੇ ਸੁੰਨ ਹੋ ਗਿਆ। ਉਨ੍ਹਾਂ ਦੇ ਸਰੀਰ ਉੱਤੇ ਤਸ਼ੱਦਦ ਦੇ ਕਾਫੀ ਡੂੰਘੇ ਜ਼ਖਮ ਸਨ ਜੋ ਜਾਬਰ ਦੀ ਬੇਰਹਿਮੀ ਦੀ ਦਾਸਤਾਨ ਬਿਆਨ ਕਰ ਰਹੇ ਸਨ। ਕਾਫੀ ਦੇਰ ਤੱਕ ਕਮਰੇ ਵਿੱਚ ਸੰਨਾਟਾ ਛਾਇਆ ਰਿਹਾ। ਇਸ ਖਮੋਸ਼ੀ ਨੂੰ ਚੀਰਦਿਆਂ ਉਨ੍ਹਾਂ ਅਚਨਚੇਤ ਕਿਹਾ - ਇਹ ਨੇਤਾ ਬਹੁਤ ਗੰਦੀ ਰਾਜਨੀਤੀ ਉੱਤੇ ਉੱਤਰ ਆਏ ਹਨ। ਕੁਰਸੀ ਖਾਤਰ ਹਰ ਢੰਗ ਅਪਣਾਉਂਦੇ ਹਨ। ਧਰਮ, ਜਾਤਪਾਤ ਦੇ ਨਾਂਅ ਉੱਤੇ ਲੋਕਾਂ ਨੂੰ ਭੜਕਾਉਂਦੇ ਹਨ।
ਲੋਕ, ਬਾਈ ਜੀ, ਇਨ੍ਹਾਂ ਸਾਰਿਆਂ ਤੋਂ ਹੀ ਔਖੇ ਹਨ। ਉਹ ਭਾਵੇਂ ਤੁਹਾਡੀ ਸੋਚ ਦੇ ਧਾਰਨੀ ਕਹਾਉਣ ਵਾਲੇ ਅਜੋਕੇ ਅਖੌਤੀ ਕਾਮਰੇਡ ਹੀ ਕਿਉਂ ਨਾ ਹੋਣ। ਉਨ੍ਹਾਂ ਦੇ ਰਾਜ ਵਿੱਚ ਲੋਕਾਂ ਨੂੰ ਬਹੁਤ ਉਮੀਦਾਂ ਸਨ ਪਰ ਉਹ ਵੀ ਇਨ੍ਹਾਂ ਵਾਂਗ …। ਉਨ੍ਹਾਂ ਦੇ ਹੰਕਾਰ ਨੇ ਉਨ੍ਹਾਂ ਦਾ ਤੇ ਲੋਕਾਂ ਦਾ ਬੇੜਾ ਗਰਕ ਕੀਤਾ ਹੈ।
ਹਾਂ ਛੋਟੇ ਵੀਰ, ਤੀਜੀ ਧਿਰ ਦਾ ਦਾਅਵਾ ਕਰਨ ਵਾਲੇ ਤੇ ਸਾਡੇ ਸੁਪਨਿਆਂ ਦਾ ਸਮਾਜ ਸਿਰਜਣ ਵਾਲੇ ਇੱਕ ਸ਼ਖਸ ਨੇ ਮੇਰੇ ਪਿੰਡ ਖਟਕੜ ਕਲਾਂ ਤੋਂ ਆਪਣੀ ਲੋਕਾਂ ਦੀ ਪਾਰਟੀ ਦੀ ਸ਼ੁਰੂਆਤ ਕੀਤੀ ਸੀ। ਮੇਰੀਆਂ ਅੱਖਾਂ ਅਤੇ ਦਿਲ ਨੇ ਉਸ ਨੂੰ ਕਿਹਾ ਸੀ, ਦੋਸਤ! ਤੂੰ ਹੁਣ ਇਸ ਰਸਤੇ ਉੱਤੇ ਰਾਜਭਾਗ ਤਿਆਗ ਕੇ ਆਇਆ ਹੈਂ, ਲੋਕਾਂ ਦੇ ਦਰਦ ਨੂੰ ਆਪਣਾ ਸਮਝ ਕੇ ਅੱਗੇ ਵਧਦਾ ਰਹੀਂ। ਦੋਵੇਂ ਧਿਰਾਂ ਤੋਂ ਤੈਨੂੰ ਲਾਲਚ ਮਿਲਣਗੇ ਪਰ ਤੂੰ ਅਡੋਲ ਰਹੀਂ। ਜੇਕਰ ਤੂੰ ਵੀ ਹੋਰਾਂ ਵਾਂਗ, ਖਾਸ ਕਰਕੇ ਲੋਕਾਂ ਦੀ ਭਲਾਈ ਕਰਨ ਦੇ ਦਾਅਵੇ ਕਰਨ ਵਾਲਿਆਂ ਵਾਂਗ ਕਰੇਂਗਾ ਤਾਂ ਆਮ ਜਨਤਾ ਦਾ ਯਕੀਨ ਉੱਠ ਜਾਵੇਗਾ ਤੇ ਅਗਾਂਹ ਛੇਤੀ ਕੀਤੇ ਜਨਤਾ ਕਿਸੇ ਉੱਤੇ ਵੀ ਵਿਸ਼ਵਾਸ ਨਹੀਂ ਕਰੇਗੀ। ਆਖਿਰ ਹੋਇਆ ਉਹੀ, ਉਸਨੇ ਦੂਜੀ ਧਿਰ ਨਾਲ ਸਮਝੌਤਾ ਕਰ ਲਿਆ। ਪਤਾ ਨਹੀਂ ਕਿੱਧਰ ਗਿਆ ਜਨੂੰਨ ਲੋਕਾਂ ਨੂੰ ਸਮਾਜਵਾਦੀ ਦੇਸ਼ ਦਾ ਢਾਂਚਾ ਦੇਣ ਦਾ, ਸਾਡੇ ਸੁਪਨਿਆਂ ਤੇ ਸ਼ਹੀਦਾਂ ਦੀਆਂ ਕਸਮਾਂ ਨੂੰ ਸਿਆਸਤ ਵਿੱਚ ਛਿੱਕੇ ਟੰਗ ਦਿੱਤਾ।
ਬਾਈ ਜੀ! ਇਹੀ ਤਾਂ ਦੁੱਖ ਦੀ ਗੱਲ ਹੈ, ਅੱਜ ਲੋਕ ਕਿਸ ਉੱਪਰ ਯਕੀਨ ਕਰਨ। ਆਮ ਆਦਮੀ ਦੇ ਨਾਂਅ ਉੱਤੇ ਅਜੋਕੇ ਦੌਰ ਵਿੱਚ ਇੱਕ ਹੋਰਸ ਸ਼ਖਸ਼ ਦੇਸ਼ ਨੂੰ ਬਦਲਣ ਦੇ ਖੁਆਬ ਜਨਤਾ ਨੂੰ ਦਿਖਾ ਰਿਹਾ ਹੈ। ਉਂਝ ਚੰਦ ਦਿਨਾਂ ਦੀ ਸਰਕਾਰ ਅੰਦਰ ਉਸਨੇ ਕਾਫੀ ਅੱਛਾ ਕੰਮ ਕੀਤਾ ਪਰ ਕੀ ਪਤਾ, ਕੱਲ੍ਹ ਨੂੰ ਉਹ ਵੀ ਦੂਜਿਆਂ ਵਾਂਗ ਬਦਲ ਜਾਵੇ ਤੇ ਲੋਕਾਂ ਦਾ ਭਰੋਸਾ ਤਹਿਸ-ਨਹਿਸ ਹੋ ਜਾਵੇ। ਖੈਰ ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੀ ਗੋਦ ਵਿੱਚ ਹੈ।
ਇਨ੍ਹਾਂ ਨੇਤਾਵਾਂ ਦਾ ਕੀ ਕਹਿਣਾ, ਮੇਰੀ ਜਨਮ ਸ਼ਤਾਬਦੀ ਸਮੇਂ ਇਨ੍ਹਾਂ ਨੇ ਉੱਥੇ ਕੁੜੀਆਂ ਮੁੰਡੇ ਨਚਾਏ ਅਤੇ ਗਾਇਕਾਂ ਨੇ ਆਪਣੇ ਤਰੀਕੇ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਕਿਸੇ ਨੇ ਵੀ ਸਮਾਜਵਾਦ, ਲੋਕਾਂ ਨਾਲ ਸਬੰਧਿਤ ਕੋਈ ਮੁੱਦਾ ਉਠਾਇਆ। ਸਿਰਫ ਦਿਖਾ ਦਿੱਤਾ ਕਿ ਅਸੀਂ ਸ਼ਹੀਦ ਦੀ ਜਨਮ ਸ਼ਤਾਬਦੀ ਮਨਾਈ। ਮੇਰੇ ਬੁੱਤ ਉੱਤੇ ਹਾਰਾਂ ਦੀਆਂ ਲੜੀਆਂ, ਜੋ ਮੈਂਨੂੰ ਮਰਿਆ ਸਾਬਿਤ ਕਰਨ ਲਈ ਕਾਫੀ ਸਨ। ਬੋਲਣਾ ਤਾਂ ਮੈਂ ਉੱਥੇ ਵੀ ਚਾਹੁੰਦਾ ਸੀ ਪਰ ਉੱਥੇ ਤਾਂ ਸਾਰੇ ਲਲਚਾਈਆਂ ਨਜ਼ਰਾਂ ਨਾਲ ਅੱਧ ਢਕੀਆਂ ਕੁੜੀਆਂ ਵੱਲ ਦੇਖ ਰਹੇ ਸਨ। ਕੋਈ ਮੈਂਨੂੰ ਬਹਾਦਰ ਯੋਧਾ ਦੱਸ ਰਿਹਾ ਸੀ ਤੇ ਕਈਆਂ ਨੇ ਮੇਰੇ ਹਥਿਆਰਾਂ ਵਾਲੇ ਪੋਸਟਰਾਂ ਨੂੰ ਸਲਾਮਾਂ ਕੀਤੀਆਂ ਪਰ ਸਾਡੀ ਸੋਚ, ਜੋ ਅਸੀਂ ਕਰਨਾ ਚਾਹੁੰਦੇ ਸੀ, ਉਸ ਨੂੰ ਕਿਸੇ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ...।
ਇਹ ਸਭ ਉਨ੍ਹਾਂ ਨੇ ਬੜੀ ਮਾਯੂਸੀ ਨਾਲ ਕਿਹਾ ਜੋ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਸਾਫ ਝਲਕ ਰਿਹਾ ਸੀ।
ਆਰਥਿਕ ਨਾਬਰਾਬਰੀ ਤੇ ਜਾਤਪਾਤ ਅੱਜ ਵੀ ਸਿਖਰਾਂ ਉੱਤੇ ਹੈ। ਲੋਕ ਤਾਂ ਤੁਹਾਡੀ ਵੀ ਜਾਤ ਦੀ ਪੁੱਛ ਦੱਸ ਕਰਦੇ ਹਨ। ਤੁਹਾਡੇ ਉਪਨਾਮ ਨੂੰ ਆਪਣੇ ਨਾਮ ਨਾਲ ਲੱਗਾ ਕੇ ਕਹਿੰਦੇ ਹਨ ਕਿ ਅਸੀਂ ਤੇਰੀ ਬਿਰਾਦਰੀ ਵਿੱਚੋਂ ਹਾਂ ਪਰ ਉਦੋਂ ਤਾਂ ਤੁਹਾਨੂੰ ਇਹੀ ਲੋਕ ਪਾਗਲ ਕਹਿੰਦੇ ਹੋਣਗੇ। ਲੋਕ ਤੁਹਾਡੇ ਨਾਮ ’ਤੇ ਕੰਮ ਨੂੰ ਸਲਾਮ ਕਰਦੇ ਹਨ ਤੇ ਤੁਹਾਡੀ ਦੁਬਾਰਾ ਲੋੜ ਵੀ ਮਹਿਸੂਸ ਕਰਦੇ ਹਨ ਪਰ ਆਪਣੇ ਬੱਚਿਆਂ ਨੂੰ ਤੁਹਾਡੀ ਸੋਚ ਦਾ ਧਾਰਨੀ ਨਹੀਂ ਬਣਨ ਦਿੰਦੇ।
ਹਾਂ ਛੋਟੇ ਵੀਰ, ਇਹੀ ਤਾਂ ਦੁੱਖ ਦੀ ਗੱਲ ਹੈ। ਇੰਨੀ ਤਰੱਕੀ ਦੇ ਬਾਵਜੂਦ ਲੋਕਾਂ ਦੀ ਮਾਨਸਿਕਤਾ ਸੌੜੀ ਹੈ। ਧਾਰਮਿਕ ਬਿਰਤੀ ਸਿਰਫ ਸਵਾਰਥ ਸਿੱਧੀ ਲਈ ਵਰਤੀ ਜਾਂਦੀ ਹੈ। ਧਰਮ ਦੇ ਨਾਂਅ ਉੱਤੇ ਹੁੰਦੇ ਦੰਗੇ ਫਸਾਦ ਸਵਾਰਥੀਆਂ ਦੀ ਹੀ ਦੇਣ ਹਨ। ਸੰਸਾਰ ਵਿੱਚ ਜਿੰਨਾ ਖੂਨ ਖਰਾਬਾ ਧਰਮ ਦੇ ਨਾਮ ਉੱਤੇ ਹੋਇਆ ਹੈ, ਸ਼ਾਇਦ ਹੀ ਕਿਸੇ ਹੋਰ ਕਾਰਨ ਕਰਕੇ ਹੋਇਆ ਹੋਵੇ। ਧਰਮ ਅਤੇ ਸਿਆਸਤ ਜਦੋਂ ਮਿਲਦੇ ਹਨ ਤਾਂ ਬੜੀ ਖਤਰਨਾਕ ਜ਼ਹਿਰ ਉਪਜਾਉਂਦੇ ਹਨ ਜੋ ਲੋਕਾਂ ਨੂੰ ਮਾਨਸਿਕ ਤੌਰ ਉੱਤੇ ਅਪੰਗ ਕਰ ਦਿੰਦੀ ਹੈ। ਸਾਰੇ ਕਤਲੇਆਮ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਨਹੀਂ ਹੋਏ, ਇਹ ਆਹੂ ਇਸ ਲਈ ਨਹੀਂ ਨਹੀ ਲਾਹੇ ਗਏ ਹਨ ਕਿ ਫਲਾਣਾ ਮਨੁੱਖ ਦੋਸ਼ੀ ਹੈ, ਸਗੋਂ ਇਸ ਲਈ ਕਿ ਫਲਾਣਾ ਮਨੁੱਖ ਹਿੰਦੂ ਹੈ ਜਾਂ ਮੁਸਲਮਾਨ।
ਹਾਂ ਬਾਈ ਜੀ, ਇਹ ਗੱਲ ਤੁਹਾਡੀ ਬਿਲਕੁਲ ਸੱਚੀ ਹੈ। ਫਿਰਕੂ ਲੀਡਰਾਂ ਨੇ ਲੋਕਾਂ ਨੂੰ ਅਜਿਹੇ ਕਤਲੇਆਮਾਂ ਲਈ ਭੜਕਾ ਕੇ ਆਪਣੇ ਹਿਤ ਪੂਰੇ ਹਨ। ਚੌਧਰ ਵਾਲੀ ਮਾਨਸਿਕਤਾ ਕਾਰਨ ਅਖੌਤੀ ਉੱਚ ਜਾਤੀ ਦੇ ਲੋਕਾਂ ਤੋਂ ਦੱਬੇ ਕੁਚਲੇ ਲੋਕਾਂ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਜਿਸਨੇ ਇਨ੍ਹਾਂ ਖਿਲਾਫ ਹੋਣ ਜ਼ੁਲਮਾਂ ਵਿੱਚ ਵਾਧਾ ਕੀਤਾ ਹੈ।
ਗਰੀਬੀ ਪਾਪ ਹੈ, ਇਹ ਸਜ਼ਾ ਹੈ, ਜਿਸ ਨਾਲ ਮਨੁੱਖ ਹੋਰ ਵਧੇਰੇ ਅਪਰਾਧ ਕਰਨ ਲਈ ਮਜਬੂਰ ਹੁੰਦਾ ਹੈ। ਉਹਦੀ ਅਗਿਆਨਤਾ ਅਤੇ ਗਰੀਬੀ ਕਾਰਨ ਖੁਦ ਨੂੰ ਚੰਗੇ ਸਮਝਣ ਵਾਲੇ ਉਸ ਨੂੰ ਨਫਰਤ ਕਰਦੇ ਤੇ ਧਿਰਕਾਰਦੇ ਹਨ। ਧਰਮਾਂ ਨੇ ਪਤਾ ਨਹੀਂ ਕਿਉਂ ਗਰੀਬੀ ਨੂੰ ਸਲਾਹੁਣ ਦਾ ਠੇਕਾ ਲੈ ਰੱਖਿਆ ਹੈ। ਇਸੇ ਲਈ ਨਾਸਤਿਕਤਾ ਨੂੰ ਮੈਂ ਫੋਕੀ ਆਸਤਿਕਤਾ ਤੋਂ ਕਈ ਗੁਣਾ ਬਿਹਤਰ ਸਮਝਦਾ ਹਾਂ। ਮੇਰੀ ਨਾਸਤਿਕਤਾ ਨੂੰ ਕਈ ਮੇਰੀ ਮਗਰੂਰੀ ਸਮਝਦੇ ਹਨ ਦਰਅਸਲ ਅਜਿਹਾ ਨਹੀਂ ਹੈ। ਨਾਸਤਿਕ ਹੋਣ ਲਈ ਉਚੇਰੀ ਸੋਚ ਅਤੇ ਦ੍ਰਿੜ੍ਹ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਨਾਸਤਿਕਤਾ ਦੀ ਬੁਨਿਆਦ ਮੇਰੇ ਦਿਲ ਦਿਮਾਗ ਵਿੱਚ ਮਨੁੱਖਤਾ ਦੀ ਨਿੱਘਰੀ ਹਾਲਤ ਦੇਖ ਕੇ ਉਪਜੀ ਹੈ। ਇਸ ਹਾਲਤ ਲਈ ਮਨੁੱਖ ਹੀ ਜ਼ਿੰਮੇਵਾਰ ਹੈ ਅਤੇ ਉਸਦੇ ਯਤਨਾਂ ਸਦਕਾ ਹੀ ਇਹ ਸਭ ਠੀਕ ਹੋਣਾ ਹੈ ਨਾ ਕਿ ਕਿਸੇ ਰੱਬੀ ਸ਼ਕਤੀ ਨੇ ਇਸ ਪਾਸੇ ਕੁਝ ਕਰਨਾ ਹੈ। ਛੋਟੇ ਵੀਰ, ਮੈਂ ਤਾਂ ਅੱਜ ਵੀ ਮਜ਼ਦੂਰ ਜਮਾਤ, ਮੱਧ ਵਰਗ ਨੂੰ ਕਹਿੰਦਾ ਹਾਂ, ਤੁਹਾਡਾ ਭਲਾ ਇਸ ਵਿੱਚ ਹੈ ਕਿ ਤੁਸੀਂ ਧਰਮ, ਰੰਗ, ਨਸਲ ਅਤੇ ਕੌਮ ਦੇ ਭਿੰਨਭੇਦ ਮਿਟਾ ਕੇ ਇਕੱਠੇ ਹੋ ਜਾਉ ਅਤੇ ਹਕੂਮਤ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਦੇ ਯਤਨ ਕਰੋ। ਅਫਸੋਸ ਦੀ ਗੱਲ ਹੈ, ਜੋ ਸੁਪਨਾ ਅਸੀਂ ਦੇਸ਼ ਦੇ ਬਦਲਾਅ ਅਤੇ ਇਸਦੀ ਅਜ਼ਾਦੀ ਦੇ ਸੰਦਰਭ ਵਿੱਚ ਦੇਖਿਆ ਸੀ, ਉਹ ਅਜੇ ਵੀ ਅਧੂਰਾ ਹੈ।
ਬਾਈ ਜੀ! ਕਿਹੜੀਆਂ ਕਿਹੜੀਆਂ ਸਮੱਸਿਆਵਾਂ ਗਿਣਾਈਏ ਜਿਨ੍ਹਾਂ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ। ਹਰ ਮੋੜ ਉੱਤੇ ਲੋਕ ਅਨਿਆਂ ਦੇ ਸ਼ਿਕਾਰ ਹਨ। ਅਗਰ ਕੋਈ ਇਸ ਅਨਿਆਂ ਵਿਰੁੱਧ ਅਵਾਜ਼ ਵਿਰੁੱਧ ਬੁਲੰਦ ਕਰਦਾ ਹੈ ਜਾਂ ਫਿਰ ਮਜਬੂਰੀ ਵੱਸ ਹਥਿਆਰ ਤੇ ਕਲਮ ਨੂੰ ਹੱਥ ਪਾਉਂਦਾ ਹੈ, ਉਸ ਨੂੰ ਅੱਤਵਾਦੀ ਕਹਿ ਕੇ ਝੂਠੇ ਮੁਕਾਬਲੇ ਬਣਾ ਕੇ ਮਾਰ ਮੁਕਾਇਆ ਜਾਂਦਾ ਹੈ। ਹੁਣ ਦੱਸੋ ਤੁਹਾਡੇ ਅਤੇ ਸਾਡੇ ਸਮੇਂ ਵਿੱਚ ਕਿੱਥੇ ਤੇ ਕੀ ਫਰਕ ਹੈ?
ਕੋਈ ਫਰਕ ਨਹੀਂ ਵੀਰ, ਇਸ ਹਾਲਾਤ ਨੂੰ ਦੇਖ ਕੇ ਤਾਂ ਮੇਰਾ ਦੋਸਤ ਚੰਦਰ ਸ਼ੇਖਰ ਅਜ਼ਾਦ ਹੀ ਮੈਂਨੂੰ ਕਹਿੰਦਾ ਹੈ ਕਿ “ਭਗਤ ਜੇਕਰ ਮੈਂ ਉਦੋਂ ਐਲਫ੍ਰੇਡ ਪਾਰਕ ਵਿੱਚ ਪਏ ਘੇਰੇ ਦੌਰਾਨ ਆਪਣੇ ਆਪ ਨੂੰ ਗੋਲੀ ਨਾ ਮਾਰਦਾ ਤਾਂ ਉਹੀ ਕੰਮ ਅੱਜ ਦੇਸ ਦੇ ਹਾਲਾਤ ਦੇਖ ਕੇ ਜ਼ਰੂਰ ਕਰਦਾ ਕਿ ਅਸੀਂ ਦੇਸ਼ ਦੇ ਸੰਦਰਭ ਵਿੱਚ ਕੀ ਸੋਚਦੇ ਰਹੇ ਸਾਂ।” ਛੋਟੇ ਵੀਰ, ਮੈਂਨੂੰ ਮੇਰੇ ਸਰੀਰਕ ਜ਼ਖਮਾਂ ਦੀ ਕੋਈ ਪਰਵਾਹ ਨਹੀਂ ਪਰ ਸਾਡੇ ਅਧੂਰੇ ਸੁਪਨੇ ਅਤੇ ਅਧੂਰੀ ਲੜਾਈ ਦਾ ਦਰਦ ਹਮੇਸ਼ਾ ਰਹੇਗਾ। ਇਹੀ ਦਰਦ ਮੈਂਨੂੰ ਚੈਨ ਨਹੀਂ ਲੈਣ ਦਿੰਦੇ, ਪਤਾ ਨਹੀਂ ਕਦੋਂ ...।
ਇਹ ਕਹਿੰਦੇ ਹੋਏ ਉਨ੍ਹਾਂ ਲੰਮਾ ਸਾਹ ਲਿਆ ਤੇ ਫਿਰ ਇੱਕ ਹੱਥ ਠੋਡੀ ਥੱਲੇ ਰੱਖਿਆ ਜਿਵੇਂ ਉਹ ਆਪਣੇ ਦੇਸ਼ ਰੂਪੀ ਘਰ ਦੇ ਉਜਾੜੇ ਤੋਂ ਚਿੰਤਤ ਹੋਣ। ਮੈਂ ਬੜੇ ਗਹੁ ਨਾਲ ਉਨ੍ਹਾਂ ਦੇ ਚਿਹਰੇ ਵੱਲ ਦੇਖ ਰਿਹਾ ਸੀ ਤੇ ਉਹ ਟਿਕਟਿਕੀ ਲੱਗਾ ਕੇ ਇੱਕ ਪਾਸੇ ਦੇਖ ਰਹੇ ਸਨ। ਕਾਫੀ ਦੇਰ ਤੱਕ ਅਸੀਂ ਦੋਨੋਂ ਇਸੇ ਤਰ੍ਹਾਂ ਬੈਠੇ ਰਹੇ। ਥੋੜ੍ਹੀ ਦੇਰ ਬਾਅਦ ਉਨ੍ਹਾਂ ਮੇਰਾ ਛੋਟਾ ਨਾਮ ਲੈਕੇ ਕਿਹਾ, ਚੰਗਾ ਮੀਤ, ਹੁਣ ਮੈਂ ਚੱਲਦਾ ਹਾਂ, ਰਾਤ ਕਾਫੀ ਹੋ ਚੁੱਕੀ ਹੈ। ਕੱਲ੍ਹ ਤੇਰਾ ਪੇਪਰ ਵੀ ਹੈ। ਧਿਆਨ ਨਾਲ ਤੇ ਮਨ ਲਗਾਕੇ ਪੜ੍ਹਾਈ ਕਰੀਂ। ਨੌਜਵਾਨਾਂ ਤੋਂ ਮੈਂਨੂੰ ਬਹੁਤ ਉਮੀਦਾਂ ਹਨ ਜੋ ਸਾਡੇ ਸੁਪਨਿਆਂ ਦਾ ਦੇਸ਼ ਸਿਰਜਣਗੇ, ਸਮਾਜਵਾਦੀ ਸਮਾਜ ਜਿੱਥੇ ਹਰ ਕਿਸੇ ਨੂੰ ਹਰ ਪੱਖੋਂ ਅਜ਼ਾਦੀ ਹੋਵੇਗੀ। ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਹਨ।
ਉਹ ਕੁਰਸੀ ਤੋਂ ਉੱਠੇ ਅਤੇ ਆਪਣੀਆਂ ਕਿਤਾਬਾਂ ਸਮੇਟੀਆਂ। ਮੈਂ ਉੱਠ ਕੇ ਉਨ੍ਹਾਂ ਦੇ ਚਰਨ ਛੂਹਣੇ ਚਾਹੇ ਪਰ ਇਹ ਸੁਭਾਗ ਮੈਂਨੂੰ ਪ੍ਰਾਪਤ ਨਾ ਹੋਇਆ ਕਿਉਂਕਿ ਮੇਰੀ ਅੱਖ ਖੁੱਲ੍ਹ ਗਈ ਸੀ। ਮੇਰੀਆਂ ਨਜ਼ਰਾਂ ਕਮਰੇ ਵਿੱਚ ਉਨ੍ਹਾਂ ਨੂੰ ਲੱਭ ਰਹੀਆਂ ਸਨ ਪਰ ਉਹ ਤਾਂ ...। ਮੇਰਾ ਸਿਰ ਸ਼ਰਧਾ ਨਾਲ ਉਨ੍ਹਾਂ ਦੀ ਘਾਲਣਾ ਅਤੇ ਦੇਸ਼ ਨੂੰ ਸਮਰਪਣ ਭਰੇ ਜਜ਼ਬੇ ਅੱਗੇ ਝੁਕ ਗਿਆ ਸੀ। ਆਪਣੇ ਅਤੇ ਉਨ੍ਹਾਂ ਦੇ ਅਧੂਰੇ ਸੁਪਨੇ ਦੇ ਖਿਆਲ ਮੇਰੇ ਮਨ ਵਿੱਚ ਸਨ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2022)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)