“ਅੱਜ ਅੱਤਵਾਦ ਅਜਗਰ ਵਾਂਗ ਮਨੁੱਖਤਾ ਨੂੰ ਨਿਗਲ ਰਿਹਾ ਹੈ। ਸੰਸਾਰ ਅੰਦਰ ਧਾਰਮਿਕ, ਰਾਜਨੀਤਕ ...”
(5 ਮਈ 2025)
ਅੱਤਵਾਦ ਸ਼ਬਦ ਫਰੈਂਚ ਭਾਸ਼ਾ ਦੇ ਸ਼ਬਦ ‘ਟੈਰਿਜਮੇ’ ਤੋਂ ਬਣਿਆ ਹੈ। 1793-94 ਵਿੱਚ ਫਰੈਂਚ ਸਰਕਾਰ ਨੇ ਅੱਤਵਾਦੀ ਸ਼ਬਦ ਵਰਤਣਾ ਸ਼ੁਰੂ ਕੀਤਾ ਸੀ ਜਿਸਦਾ ਭਾਵ ਸੀ- ਨਿਰਦੋਸ਼ਾਂ ਦਾ ਖੂਨ ਕਰਨ ਵਾਲਾ। ਇਸ ਤੋਂ ਬਾਅਦ ਸੰਸਾਰ ਵਿੱਚ ਇਹ ਲਫਜ਼ ਸ਼ੁਰੂ ਹੋ ਗਿਆ। ਵਿਕਸਿਤ ਦੇਸ਼ਾਂ ਨੇ ਪੂਰੇ ਸੰਸਾਰ ’ਤੇ ਆਪਣੀ ਚੌਧਰ ਲਈ ਕੁਝ ਗ਼ਰੀਬ ਮੁਲਕਾਂ ਵਿੱਚ ਇਸ ਅਜਗਰ ਨੂੰ ਪਾਲਣ ਲਈ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ। ਇਨ੍ਹਾਂ ਵਿਕਾਸਸ਼ੀਲ ਦੇਸ਼ਾਂ ਨੇ ਇਸ ਨੂੰ ਆਪਣੇ ਉੱਤੇ ਵਿਕਸਿਤ ਦੇਸ਼ਾਂ ਦਾ ਰਹਿਮੋ-ਕਰਮ ਸਮਝਿਆ ਤੇ ਚੰਦ ਸਿੱਕਿਆਂ ਦੇ ਲਾਲਚ ਅਤੇ ਕੁਰਸੀ ਖ਼ਾਤਿਰ ਉੱਥੋਂ ਦੇ ਕੁਝ ਲੋਕਾਂ ਨੇ ਆਪਣਾ ਇਮਾਨ ਗਹਿਣੇ ਰੱਖਿਆ। ਸਮੇਂ ਦੇ ਗੇੜ ਨੇ ਉਨ੍ਹਾਂ ਨੂੰ ਵੀ ਉਸ ਥਾਂ ’ਤੇ ਲਿਆ ਖੜ੍ਹਾ ਕੀਤਾ ਜਿੱਥੇ ਉਹ ਪੂਰੀ ਦੁਨੀਆ ਨੂੰ ਰੱਖ ਕੇ ਬਾਦਸ਼ਾਹਤ ਦੇ ਰੰਗੀਨ ਖੁਆਬ ਦੇਖਦੇ ਸਨ। ਵਿਕਸਿਤ ਦੇਸ਼ਾਂ ਦੀ ਇਸ ਚਾਲ ਦਾ ਸ਼ਿਕਾਰ ਸਾਰਾ ਸੰਸਾਰ ਹੈ ਅਤੇ ਉਨ੍ਹਾਂ ਦੇ ਬੀਜੇ ਕੰਡੇ ਚੁਗਣ ਲਈ ਮਜਬੂਰ ਹੈ। ਬਰੂਦ ਦੇ ਢੇਰ ’ਤੇ ਬੈਠੀ ਦੁਨੀਆ ਵੱਲ ਅੱਤਵਾਦ ਰੂਪੀ ਅਜਗਰ ਫੁੰਕਾਰੇ ਮਾਰ ਰਿਹਾ ਹੈ। ਹਰ ਦਿਨ ਕਿਤੇ ਨਾ ਕਿਤੇ ਇਸ ਅਜਗਰ ਦੁਆਰਾ ਮਨੁੱਖਤਾ ਨੂੰ ਨਿਗਲਣ ਦੀਆਂ ਖ਼ਬਰਾਂ ਨਸ਼ਰ ਹੁੰਦੀਆਂ ਹਨ।
ਪਹਿਲਗਾਮ (ਜੰਮੂ ਕਸ਼ਮੀਰ) ਦੇ ਬੈਸਰਨ ਵਿੱਚ 22 ਅਪਰੈਲ ਨੂੰ ਅੱਤਵਾਦੀ ਹਮਲਾ ਹੋਇਆ। ਇਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਸਭ ਤੋਂ ਵੱਡਾ ਹਮਲਾ ਹੈ। ਅੱਤਵਾਦੀਆਂ ਨੇ ਸੈਲਾਨੀਆਂ ’ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਦੋ ਵਿਦੇਸ਼ੀ ਸੈਲਾਨੀਆਂ ਸਮੇਤ 26 ਲੋਕ ਮਾਰੇ ਗਏ। 14 ਫਰਵਰੀ 2019 ਨੂੰ ਜੰਮੂ ਦੇ ਪੁਲਵਾਮਾ ਖੇਤਰ ਵਿੱਚ ਕੇਂਦਰੀ ਅਰਧ ਸੈਨਿਕ ਬਲਾਂ ਦੇ ਕਾਫਲੇ ’ਤੇ ਹਮਲਾ ਹੋਇਆ ਸੀ ਜਿਸ ਵਿੱਚ 42 ਜਵਾਨ ਮਾਰੇ ਗਏ ਸਨ। ਇਸਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। 18 ਸਤੰਬਰ 2016 ਨੂੰ ਜੰਮੂ ਦੇ ਉੜੀ ਵਿੱਚ ਅੱਤਵਾਦੀਆਂ ਦੁਆਰਾ ਫੌਜ ਦੇ ਕੈਂਪ ’ਤੇ ਆਤਮਘਾਤੀ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਫੌਜ ਦੇ 17 ਜਵਾਨ ਮਾਰੇ ਗਏ ਸਨ। ਇਸ ਹਮਲੇ ਦਾ ਸੰਬੰਧ ਵੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸੀ। ਇਹ ਅੱਤਵਾਦੀ ਹਮਲੇ ਪਹਿਲੇ ਨਹੀਂ ਹਨ ਤੇ ਸ਼ਾਇਦ ਆਖਰੀ ਵੀ ਨਹੀਂ। ਅਜਿਹੀਆਂ ਘਟਨਾਵਾਂ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਹੋ ਰਹੀਆਂ ਹਨ। ਪਾਕਿਸਤਾਨ ਵੀ ਇਸ ਤੋਂ ਨਹੀਂ ਬਚ ਸਕਿਆ।
20 ਜਨਵਰੀ 2016 ਨੂੰ ਪਾਕਿਸਤਾਨ ਦੇ ਸੂਬੇ ਖੈਬਰ ਪਖਤੂਨਖਵਾ ਦੀ ਬਾਚਾ ਖਾਨ ਯੂਨੀਵਰਸਿਟੀ ’ਤੇ ਚਾਰ ਅੱਤਵਾਦੀਆਂ ਨੇ ਆਤਮਘਾਤੀ ਹਮਲਾ ਕੀਤਾ। ਇਸ ਵਿੱਚ ਨਿਹੱਥੇ, ਨਿਰਦੋਸ਼ ਵਿਦਿਆਰਥੀਆਂ ਨਾਲ ਅਧਿਆਪਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ਵਿੱਚ 18 ਵਿਦਿਆਰਥੀਆਂ, ਇੱਕ ਪ੍ਰਫੈੱਸਰ ਅਤੇ ਇੱਕ ਹੋਰ ਸ਼ਖ਼ਸ ਦੀ ਮੌਤ ਹੋ ਗਈ ਸੀ। ਤਿੰਨ ਦਰਜਨ ਵਿਦਿਆਰਥੀ ਜ਼ਖਮੀ ਹੋਏ ਸਨ। ਇਸ ਤੋਂ ਪਹਿਲਾਂ 16 ਦਸੰਬਰ 2014 ਵਿੱਚ ਪਾਕਿਸਤਾਨ ਦੇ ਪੇਸ਼ਾਵਰ ਦੇ ਫ਼ੌਜੀ ਸਕੂਲ ’ਤੇ ਭਿਆਨਕ ਹਮਲਾ ਹੋਇਆ ਸੀ ਜਿਸਦੇ ਫਲਸਰੂਪ 134 ਬੱਚਿਆਂ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ਵਿੱਚ ਬੱਚੇ ਅਤੇ ਸਕੂਲ ਦੇ ਕਰਮਚਾਰੀ ਜ਼ਖਮੀ ਹੋ ਗਏ ਸਨ। ਇਨ੍ਹਾਂ ਦੋਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਗੁੱਟ ਨੇ ਲਈ ਸੀ। ਉਸ ਵਕਤ ਇਸ ਹਰਕਤ ਦਾ ਆਲਮੀ ਪੱਧਰ ’ਤੇ ਬਹੁਤ ਵਿਰੋਧ ਹੋਇਆ ਸੀ। ਅਗਰ ਵੇਲੇ ਸਿਰ ਠੋਸ ਕਾਰਵਾਈ ਕੀਤੀ ਜਾਂਦੀ ਤਾਂ ਸ਼ਾਇਦ ਕਿੰਨੀਆਂ ਦਹਿਸ਼ਤੀ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਸੀ ਪਰ ਕਾਰਵਾਈ ਕਰਨ ਲਈ ਦ੍ਰਿੜ੍ਹ ਇੱਛਾ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ।
ਭਾਰਤ ਦੁਨੀਆ ਦਾ ਛੇਵਾਂ ਦੇਸ਼ ਹੈ ਜੋ ਅੱਤਵਾਦ ਨਾਲ ਬੁਰੀ ਤਰ੍ਹਾਂ ਪੀੜਿਤ ਹੈ। ਸੰਸਾਰ ਦੇ 43 ਸਰਗਰਮ ਅੱਤਵਾਦੀ ਸੰਗਠਨਾਂ ਵਿੱਚੋਂ ਕਈ ਭਾਰਤ ਵਿੱਚ ਵੀ ਸਰਗਰਮ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਭਾਰਤ ਵਿੱਚ ਗੜਬੜੀ ਫੈਲਾਉਣ ਦੀ ਤਾਕ ਵਿੱਚ ਰਹਿੰਦੀ ਹੈ। ਮਕਬੂਜ਼ਾ ਕਸ਼ਮੀਰ ਵਿੱਚ ਅੱਤਵਾਦੀ ਸਿਖਲਾਈ ਕੇਂਦਰ ਚੱਲ ਰਹੇ ਹਨ ਜਿੱਥੋਂ ਉਹ ਭਾਰਤ ਵਿੱਚ ਘੁਸਪੈਠ ਕਰਦੇ ਹਨ। ਪੰਜਾਬ ਦੀ ਸਰਹੱਦ ਰਾਹੀਂ ਅੱਤਵਾਦੀ ਘੁਸਪੈਠ ਅਤੇ ਨਸ਼ਿਆਂ ਦੀ ਸਮਗਲਿੰਗ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਤੇ ਕਾਫੀ ਹੱਦ ਤਕ ਕਾਮਯਾਬ ਵੀ ਹੁੰਦੀਆਂ ਹਨ। ਦੀਨਾਨਗਰ ਅਤੇ ਪਠਾਨਕੋਟ ਏਅਰਬੇਸ ’ਤੇ ਹਮਲੇ ਸਮੇਂ ਅੱਤਵਾਦੀ ਇਸੇ ਰਸਤੇ ਹੀ ਪਹੁੰਚੇ ਸਨ। ਉਂਝ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਸ ਵੇਲੇ ਖ਼ੁਫੀਆ ਤੰਤਰ ਦੀ ਸੂਚਨਾ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ ਸੀ।
ਦੇਸ਼ ਦੀ ਸੰਸਦ ਅਤੇ ਤਾਜ ਹੋਟਲ ਵਿੱਚ ਹਮਲੇ ਸਮੇਂ ਸੁਰੱਖਿਆ ਪ੍ਰਬੰਧਾਂ ਦਾ ਪੋਲ ਖੁੱਲ੍ਹ ਗਿਆ ਸੀ। ਮੁਲਕ ਵਿੱਚ ਫੈਲੇ ਭ੍ਰਿਸ਼ਟਾਚਾਰ ਦਾ ਕਰੂਪ ਚਿਹਰਾ ਉਸ ਸਮੇਂ ਜੱਗ ਜ਼ਾਹਿਰ ਹੋ ਗਿਆ ਸੀ। ਗ਼ੈਰ-ਮਿਆਰੀ ਸਾਜ਼ੋ-ਸਮਾਨ ਕਾਰਨ ਦੇਸ਼ ਦੇ ਜਾਂਬਾਜ਼ ਅਫਸਰ ਫੌਤ ਹੋ ਗਏ ਸਨ, ਜੋ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸੀ। ਪੰਜਾਬ ਨੇ ਵੀ ਡੇਢ ਦਹਾਕੇ ਅੱਤਵਾਦ ਦਾ ਸੰਤਾਪ ਹੰਢਾਇਆ। ਇਸ ਕਾਲੇ ਸਮੇਂ ਦੌਰਾਨ ਲੋਕਾਂ ਨੂੰ ਦੋਹਰੀ ਮਾਰ ਪਈ, ਅੱਤਵਾਦੀਆਂ ਦੀ ਅਤੇ ਪੁਲੀਸ ਦੀ। ਅੱਤਵਾਦੀਆਂ ਦੇ ਨਾਂ ’ਤੇ ਪੁਲੀਸ ਨੇ ਨਿਰਦੋਸ਼ਾਂ ਦਾ ਖੂਨ ਵਹਾਇਆ। ਦੋ ਦਹਾਕਿਆਂ ਦੌਰਾਨ ਢਾਈ ਲੱਖ ਲੋਕ ਸਿੱਧੇ ਅਸਿੱਧੇ ਤੌਰ ’ਤੇ ਅੱਤਵਾਦ ਨਾਲ ਪ੍ਰਭਾਵਿਤ ਹੋਏ।
ਦੁਨੀਆ ਦੀ ਨੰਬਰ ਇੱਕ ਮਹਾਂ ਸ਼ਕਤੀ ਵਜੋਂ ਜਾਣਿਆ ਜਾਂਦਾ ਅਮਰੀਕਾ ਪਾਕਿਸਤਾਨ ਦਾ ਵੱਡਾ ਹਿਤੈਸ਼ੀ ਰਿਹਾ ਹੈ, ਜਿਸਦੀ ਸਰਪ੍ਰਸਤੀ ਹੇਠ ਅੱਤਵਾਦ ਵਧਿਆ ਫੁੱਲਿਆ। ਹੌਲੀ-ਹੌਲੀ ਅੱਤਵਾਦੀਆਂ ਨੇ ਉਨ੍ਹਾਂ ਖਿਲਾਫ ਹੀ ਝੰਡਾ ਬੁਲੰਦ ਕਰ ਦਿੱਤਾ, ਜਿਸਦਾ ਖਮਿਆਜ਼ਾ ਅਮਰੀਕੀਆਂ ਨੂੰ 11 ਸਤੰਬਰ 2001 ਨੂੰ ਭੁਗਤਣਾ ਪਿਆ। ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਵਰਲਡ ਟਰੇਡ ਸੈਂਟਰ ਦੇ ਟਾਵਰਾਂ ’ਤੇ ਅੱਤਵਾਦੀ ਹਮਲੇ ਨੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅੱਤਵਾਦੀਆਂ ਨੇ ਹਵਾਈ ਜਹਾਜ਼ ਵਰਤ ਕੇ ਵਰਲਡ ਟਰੇਡ ਸੈਂਟਰ ਦੀ ਇਮਾਰਤ ਪਲਾਂ ਅੰਦਰ ਖ਼ਾਕ ਕਰ ਦਿੱਤੀ। ਸ਼ਾਇਦ ਅਮਰੀਕਾ ਨੂੰ ਉਸ ਦਿਨ ਅਹਿਸਾਸ ਜ਼ਰੂਰ ਹੋਇਆ ਹੋਵੇਗਾ ਕਿ ਦੂਜਿਆਂ ਲਈ ਪੁੱਟਿਆ ਟੋਆ ਕਿਸ ਤਰ੍ਹਾਂ ਆਪਣੇ ਲਈ ਖੂਹ ਹੋ ਨਿੱਬੜਦਾ ਹੈ। ਨਿਰਦੋਸ਼ ਲੋਕਾਂ ਦੀ ਮੌਤ ਤੋਂ ਬਾਅਦ ਉੱਥੇ ਵਸਦੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਅੱਤਵਾਦੀ ਸਮਝ ਕੇ ਲੋਕਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ। ਨਸਲੀ ਹਮਲਿਆਂ ਨੇ ਅੱਜ ਵੀ ਇਨ੍ਹਾਂ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ।
ਗਲੋਬਲ ਅੱਤਵਾਦ ਇੰਡੈਕਸ ਅਨੁਸਾਰ, ਵਿਸ਼ਵ ਅੰਦਰ ਅੱਤਵਾਦ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ 61 ਫੀਸਦ ਵਾਧਾ ਹੋਇਆ ਹੈ। ਇਰਾਕ, ਅਫਗਾਨਿਸਤਾਨ, ਪਾਕਿਸਤਾਨ, ਨਾਈਜੀਰੀਆ ਤੇ ਸੀਰੀਆ ਵਿੱਚ ਵਿੱਚ 80 ਫੀਸਦ ਮੌਤਾਂ ਦਾ ਕਾਰਨ ਅੱਤਵਾਦ ਹੈ। ਪਿਛਲੇ 14 ਸਾਲਾਂ ਵਿੱਚ ਵਿਸ਼ਵ ਅੰਦਰ 48000 ਤੋਂ ਵੱਧ ਅੱਤਵਾਦੀ ਘਟਨਾਵਾਂ ਹੋਈਆਂ ਜਿਨ੍ਹਾਂ ਵਿੱਚ ਇੱਕ ਲੱਖ ਸੱਤ ਹਜ਼ਾਰ ਲੋਕ ਮਾਰੇ ਗਏ।
ਅੱਜ ਅੱਤਵਾਦ ਅਜਗਰ ਵਾਂਗ ਮਨੁੱਖਤਾ ਨੂੰ ਨਿਗਲ ਰਿਹਾ ਹੈ। ਸੰਸਾਰ ਅੰਦਰ ਧਾਰਮਿਕ, ਰਾਜਨੀਤਕ, ਖੇਤਰਵਾਦ ਆਦਿ ਅਨੇਕ ਰੂਪ ਵਿੱਚ ਅੱਤਵਾਦ ਦਿਨੋ-ਦਿਨ ਪੈਰ ਪਸਾਰ ਰਿਹਾ ਹੈ। ਸੋਸ਼ਲ ਮੀਡੀਆ ਨੂੰ ਵੀ ਇਨ੍ਹਾਂ ਕੰਮਾਂ ਲਈ ਵਰਿਤਆ ਜਾ ਰਿਹਾ ਹੈ, ਜਿੱਥੇ ਲੋਕਾਂ ਨੂੰ ਧਾਰਮਿਕ ਜਾਂ ਹੋਰ ਤਰੀਕੇ ਨਾਲ ਭਾਵਨਾਵਾਂ ਭੜਕਾ ਕੇ ਵਰਗਲਾ ਲਿਆ ਜਾਂਦਾ ਹੈ ਤੇ ਲੋਕ ਅੱਤਵਾਦ ਦੇ ਰਾਹ ਪੈ ਜਾਂਦੇ ਹਨ। ਅੱਤਵਾਦੀ ਸੰਗਠਨ ਇਸਲਾਮੀ ਸਟੇਟ ਵਿੱਚ ਪੜ੍ਹੇ ਲਿਖੇ ਨੌਜਵਾਨ ਸੋਸ਼ਲ ਸਾਈਟਾਂ ਦੇ ਜ਼ਰੀਏ ਲਗਾਤਾਰ ਸ਼ਾਮਲ ਹੋ ਰਹੇ ਹਨ। ਇਸਲਾਮੀ ਸਟੇਟ ਦੇ ਮੋਢੀ ਅਲ-ਬਗਦਾਦੀ ਨੇ ਔਰਤਾਂ ਅਤੇ ਬੱਚਿਆਂ ਦੀ ਖਾਸ ਫੌਜ ਤਿਆਰ ਕੀਤੀ ਸੀ। ਸੁਰੱਖਿਆ ਨਾਲ ਜੁੜੇ ਲੋਕ ਵੀ ਇਨ੍ਹਾਂ ਰਾਹੀਂ ਹੀ ਗੁਮਰਾਹ ਹੁੰਦੇ ਹਨ। ਬੇਰੁਜ਼ਗਾਰੀ, ਗ਼ਰੀਬੀ ਅਤੇ ਰਾਤੋ-ਰਾਤ ਅਮੀਰ ਹੋਣ ਦੀ ਹੋੜ ਨੇ ਲੋਕਾਂ ਨੂੰ ਇਸ ਪਾਸੇ ਰੁਖ਼ ਕਰਨ ਲਈ ਮਜਬੂਰ ਕੀਤਾ ਹੈ। ਸੌੜੇ ਸਿਆਸੀ ਹਿਤਾਂ ਦੀ ਪੂਰਤੀ ਅਤੇ ਚੌਧਰ ਕਾਇਮ ਕਰਨ ਲਈ ਵੀ ਅੱਤਵਾਦ ਦਾ ਸਹਾਰਾ ਲਿਆ ਜਾ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)