GurtejSinghDr7ਜੰਜ਼ੀਰਾਂ ਪੈਰਾਂ ਵਿੱਚ ਨਹੀਂ... ਹੁਣ ਤਾਂ ਦਿਮਾਗ ਵਿੱਚ ਨੇ... ਤੇ ਤੂੰ ਰੋਜ਼ ਸਵੇਰੇ ...”
(9 ਸਤੰਬਰ 2026)


(1) ਗਿਆਨ ਅਗਿਆਨ

ਮੈਂ ਹਮੇਸ਼ਾ ਸੋਚਦਾ ਸੀ
ਮੇਰੀ ਜੀਵਨ ਸਾਥਣ ਤਾਰਕਿਕ ਹੋਵੇ
ਅਸੀਂ ਰਲ ਕੇ ਰੂੜ੍ਹੀਵਾਦੀ ਸਮਾਜ ਵਿੱਚ ਤਰਕਸ਼ੀਲਤਾ ਫੈਲਾਈਏ
ਮੇਰਾ ਤਾਂ ਮੰਨਣਾ ਏ
ਪਹਿਲਾਂ ਖ਼ੁਦ ਨੂੰ ਬਦਲਣਾ
ਫਿਰ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਨਾ
ਮੈਂ ਉਸ ਤੋਂ ਉਮੀਦ ਕੀਤੀ ਸੀ
ਕਿ ਉਸਨੇ
ਅੰਬੇਡਕਰ ਨੂੰ ਘੋਟ-ਘੋਟ ਕੇ ਪੜ੍ਹਿਆ ਹੋਵੇਗਾ
ਨਾਨਕ ਦੇ ਸਿਧਾਂਤਾਂ ਨੂੰ
ਮਾਰਕਸ ਨੂੰ

ਸਵਿੱਤਰੀ ਬਾਈ ਫੂਲੇ ਨੂੰ ਵੀ
ਕਬੀਰ ਦੀ ਕਰਾਰੀ ਚੋਟ ਨੂੰ ਸਮਝਿਆ ਹੋਵੇਗਾ
ਪਰ ਅਫਸੋਸ...
ਡਿਗਰੀਆਂ ਦੀ ਚਾਰਦਿਵਾਰੀ ਵਿੱਚ ਵੀ
ਉਹ ਰੂੜ੍ਹੀਵਾਦੀ ਨਿਕਲੀ...
ਜਿਨ੍ਹਾਂ ਖੋਖਲੀਆਂ ਪਰੰਪਰਾਵਾਂ ਨੇ
ਮਨੁੱਖ ਨੂੰ ਬਣਾਈ ਰੱਖਿਆ
ਹਜ਼ਾਰਾਂ ਸਾਲ ਗੁਲਾਮ
ਉਹ ਉਨ੍ਹਾਂ ਵਿੱਚੋਂ ਨਿਕਲਣ ਦੀ ਬਜਾਏ
ਹਰ ਸਵੇਰ ਉਨ੍ਹਾਂ ਨੂੰ ਹੀ ਨਿਭਾਉਂਦੀ ਏ
ਪੇਰੀਆਰ ਸਵਾਮੀ ਉਸਦਾ ਆਦਰਸ਼ ਨਹੀਂ
ਉਸ ਦਾ ਆਦਰਸ਼ ਏ ਉਹ ਦਸਵੀਂ ਫੇਲ ਬਾਬਾ
ਜੋ ਰੋਜ਼ ਮਨਘੜਤ ਮਿਥਿਹਾਸ ਸੁਣਾ ਕੇ
ਲੱਖਾਂ ਰੁਪਏ ਲੁੱਟ ਲੈ ਜਾਂਦਾ ਏ
ਡਾ. ਅੰਬੇਡਕਰ ਦੇ ਸੰਘਰਸ਼ ਦਾ
ਔਰਤਾਂ ’ਤੇ ਕਿੰਨਾ ਵੱਡਾ ਕਰਜ਼ ਏ
ਇਸ ਤੋਂ ਉਹ ਬਿਲਕੁਲ ਅਣਜਾਣ
ਪਰ ਉਸ ਢੌਂਗੀ ਬਾਬੇ ਦੀਆਂ
ਊਲ-ਜਲੂਲ ਗੱਲਾਂ ਨੂੰ
ਮੰਨਦੀ ਹੈ ਚਮਤਕਾਰ...

ਉਸ ਨੂੰ ਤਰਕਸ਼ੀਲ ਹੋਣ ਨਾਲੋਂ
ਕਰਮਕਾਂਡੀ ਹੋਣਾ ਵੱਧ ਪਸੰਦ ਐ
ਤੇ ਜੇ ਮੈਂ ਕਦੇ ਵਿਰੋਧ ਕਰਾਂ
ਤਾਂ ਉਹ ਮੇਰੇ ਗਲ ਪੈਂਦੀ ਆ...
ਮੈਂ ਉਸ ਨੂੰ ਸਮਝਾਉਣਾ ਚਾਹੁੰਦਾ ਹਾਂ
ਇਹ ਧੂਪ-ਅਗਰਬੱਤੀ ਨਹੀਂ
ਤੂੰ ਤਾਂ ਜਗਾਉਣੀ ਸੀ ਸਿੱਖਿਆ ਦੀ ਲੋਅ
ਤੈਨੂੰ ਤਾਂ ਬਣਨਾ ਚਾਹੀਦਾ ਸੀ ਸਵਿੱਤਰੀ

ਤੂੰ ਕਿਉਂ ਲਕੀਰ ਦੀ ਫਕੀਰ ਬਣ ਗਈ?
ਜੰਜ਼ੀਰਾਂ ਪੈਰਾਂ ਵਿੱਚ ਨਹੀਂ
ਹੁਣ ਤਾਂ ਦਿਮਾਗ ਵਿੱਚ ਨੇ
ਤੇ ਤੂੰ ਰੋਜ਼ ਸਵੇਰੇ
ਉਨ੍ਹਾਂ ਜ਼ੰਜੀਰਾਂ ਨੂੰ ਹੀ ਪੂਜਦੀ ਏਂ
ਮੈਂ ਅਕਸਰ ਆਪਣੇ ਆਪ ਨੂੰ ਪੁੱਛਦਾ ਹਾਂ
ਕੌਣ ਕਸੂਰਵਾਰ ਆ
ਜਿਹਨਾਂ ਹੱਥਾਂ ਵਿੱਚ
ਹੋਣੀਆਂ ਚਾਹੀਦੀਆਂ ਸਨ ਕਿਤਾਬਾਂ
ਉਨ੍ਹਾਂ ਹੱਥਾਂ ਵਿੱਚ ਕਿਸਨੇ ਫੜਾ ਦਿੱਤੀ
ਆਰਤੀ ਦੀ ਥਾਲੀ

ਹੁਣ ਘਰ ਵਿੱਚ ਇੱਕ ਪਾਸੇ
ਮੇਰੀਆਂ ਕਿਤਾਬਾਂ ਪਈਆਂ ਨੇ ਧੂੜ ਖਾਂਦੀਆਂ

ਦੂਜੇ ਪਾਸੇ ਉਸਦਾ ਬਾਬਾ
ਚੀਕ ਰਿਹਾ ਏ ਟੀਵੀ
ਤੇ
ਤੇ ਉਹ ਹੱਥ ਜੋੜੀ ਬੈਠੀ ਏ
ਉਹ ਚੰਦ ’ਤੇ ਜਾਣ ਦੀ ਗੱਲ ਨਹੀਂ ਕਰਦੀ
ਉਹ ਕਰਵਾ ਚੌਥ ਦੇ ਚੰਦ ’ਤੇ ਹੀ ਸਿਮਟ ਗਈ ਆ
ਉਹ ਸੰਵਿਧਾਨ ਦੀ ਗੱਲ ਨਹੀਂ ਕਰਦੀ

ਉਹ ਮਨੂਸਿਮਰਤੀ ਦੇ ਸ਼ਲੋਕਾਂ ਵਿੱਚ ਉਲਝ ਗਈ ਆ
ਮੈਂ ਚਾਹੁੰਦਾ ਸੀ ਅਸੀਂ ਦੋ ਜੀਅ

ਇੱਕ ਨਵਾਂ ਘਰ ਬਣਾਈਏ
ਜਿੱਥੇ ਨਾ ਹੋਵੇ ਕੋਈ ਪਾਖੰਡਵਾਦ
ਨਾ ਹੀ ਕਿਸੇ ਦੇਵੀ-ਦੇਵਤੇ ਦੀ ਥਾਂ

ਸਗੋਂ ਉੱਥੇ ਹੋਵੇ
ਨਾਨਕ
, ਕਬੀਰ, ਬੁੱਧ, ਫੂਲੇ, ਅੰਬੇਡਕਰ ਦੀ ਵਿਚਾਰਧਾਰਾ...
ਫਿਰ ਵੀ ਮੈਂ ਹਾਰ ਨਹੀਂ ਮੰਨੀ
ਕਿਉਂਕਿ ਮੈਨੂੰ ਪਤਾ ਏ

ਗ਼ੁਲਾਮੀ ਦੀਆਂ ਡੂੰਘੀਆਂ ਜੜ੍ਹਾਂ
ਦਿਮਾਗ਼ ਵਿੱਚ ਹੁੰਦੀਆਂ ਨੇ
ਤੇ ਉਨ੍ਹਾਂ ਨੂੰ ਕੱਟਣ
ਵਕਤ ਜ਼ਿਆਦਾ ਲਗਦਾ ਹੈ
    *      *      *

(2)  ਸੀਰੀ

ਪੰਦਰਾਂ ਅਗਸਤ ਨੂੰ
ਸਕੂਲ
ਵਿੱਚ ਤਿਰੰਗਾ ਲਹਿਰਾਇਆ
ਮਾਸਟਰ ਜੀ ਨੇ ਭਾਸ਼ਣ ਦਿੱਤਾ
ਆਜ਼ਾਦੀ ਬਹੁਤ ਕੁਰਬਾਨੀਆਂ ਨਾਲ ਮਿਲੀ ਏ
ਸੰਵਿਧਾਨ ਮਿਲਿਆ
ਹੱਕ ਮਿਲੇ
ਗ਼ੁਲਾਮੀ ਦਾ ਜੂਲਾ ਗਲੋਂ ਲਹਿਆ
ਉਸੇ ਝੰਡੇ ਦੇ ਪਰਛਾਵੇਂ ਹੇਠ

ਉਸ ਦੇ ਸੀਰੀ ਗਾਮੇ ਦਾ ਮੁੰਡਾ ਕਾਕੂ ਬੈਠਾ
ਮਾਸਟਰ ਦੀਆਂ ਅਲੋਕਾਰੀ ਗੱਲਾਂ
ਉਸ ਦੇ ਅਣਭੋਲ ਜ਼ਿਹਨ
ਵਿੱਚ ਖਰੂਦ ਪਾਉਂਦੀਆਂ ਨੇ
ਸੰਵਿਧਾਨ
, ਅਜ਼ਾਦੀ, ਹੱਕ ਜਿਹੇ ਸ਼ਬਦ
ਉਸ ਦਾ ਮੂੰਹ ਚਿੜਾਉਂਦੇ ਨੇ
ਘਰ ਆ ਕੇ ਆਪਣੀ ਮਾਂ ਤੇ ਦਾਦੀ ਨਾਲ
ਉਨ੍ਹਾਂ ਸ਼ਬਦਾਂ ਦੀਆਂ ਬਾਤਾਂ ਪਾਉਂਦਾ
ਆਪਣੇ ਬਾਪ ਨੂੰ ਮਿਲਣ ਦੀ ਦੁਹਾਈ ਪਾਉਂਦਾ
ਦੋ ਮਹੀਨੇ ਹੋ ਗਏ ਬਾਪੂ ਘਰ ਨਹੀਂ ਵੜਿਆ
ਉਸ ਨੂੰ ਕਦੇ ਐਤਵਾਰ ਨਹੀਂ ਜੁੜਿਆ

ਲੋਕੀਂ ਸੁਤੰਤਰਤਾ ਦਿਵਸ ਪਏ ਮਨਾਉਂਦੇ
ਇੱਕ ਸੀਰੀ ਗਾਮਾ
ਜਿਸਦੀ ਅਜ਼ਾਦੀ ਅਜੇ ਵੀ

ਜ਼ਿਮੀਂਦਾਰ ਦੀ ਮੋਟਰ ਵਾਲੇ ਕੋਠੇ ਵਿੱਚ ਕੈਦ ਏ
ਹੱਕਾਂ ਦੀ ਗੱਲ ਕਰਨ ਵਾਲਾ ਮਾਸਟਰ ਅੱਜ ਦੁਖੀ ਏ
ਆਜ਼ਾਦੀ ਦਿਵਸ ਐਤਵਾਰ ਨੂੰ ਕਿਉਂ ਆਇਆ
ਮਰ ਗਈ ਛੁੱਟੀ
ਸੀਰੀ ਨੂੰ ਦੁੱਖ ਇਸ ਗੱਲ ਦਾ
ਉਸ ਦੀ ਜ਼ਿੰਦਗੀ
ਵਿੱਚ ਕਦੇ ਐਤਵਾਰ ਹੀ ਨਹੀਂ ਆਇਆ
ਮਾਸਟਰ ਦੀ ਗੁਲਾਮੀ

ਹਾਜ਼ਰੀ ਰਜਿਸਟਰ ਤਕ ਏ
ਸੀਰੀ ਦੀ ਗੁਲਾਮੀ
ਪੀੜ੍ਹੀ-ਦਰ-ਪੀੜ੍ਹੀ
ਉਹ ਸਵੇਰੇ ਚਾਰ ਵਜੇ ਉੱਠਦਾ
ਪਸ਼ੂਆਂ ਨੂੰ ਪੱਠੇ ਪਾਉਂਦਾ
ਮੋਟਰ ਚਲਾਉਂਦਾ
ਝੋਨੇ ਨੂੰ ਪਾਣੀ ਲਾਉਂਦਾ
ਰਾਤ ਨੂੰ ਉੱਥੇ ਹੀ ਸੌਂਦਾ
ਉਸ ਦਾ ਘਰ ਉਸ ਨੂੰ ਉਡੀਕਦਾ ਹੀ ਰਹਿ ਜਾਂਦਾ

ਅੱਜ ਗਾਮੇ ਨੇ ਵੀ ਜਿਮੀਂਦਾਰ ਨੂੰ ਮਜਬੂਰੀ ਦੱਸੀ
ਗੁੱਡੀ ਦਾ ਸਹੁਰਾ ਕਰ ਗਿਆ ਚੜ੍ਹਾਈ
ਸਸਕਾਰ ’ਤੇ ਜਾਣਾ
ਕਰ ਲਵਾਂ ਛੁੱਟੀ
?
ਛੁੱਟੀ!!!
ਓਏ ਗਾਮਿਆ! ਤੇਰਾ ਦਿਮਾਗ ਭੰਵਿਆ
ਖਾਦ
, ਸਪਰੇਅ, ਪਾਣੀ
ਖੇਤ ਤਾਂ ਲੋਹੜੇ ਦਾ ਏ ਕੰਮ

ਨਹੀਂ ਸਰਦਾਰਾ ਜਾਣਾ ਜ਼ਰੂਰੀ ਆ
ਸ਼ਰੀਕੇ ਕਬੀਲੇ ਖੁਸ਼ੀ ਗਮੀ ਜਾਣਾ ਹੀ ਪੈਂਦਾ
ਚੰਗਾ, ਚੰਗਾ, ਜਾ ਕੇ ਆ ਜਲਦੀ
ਇਹਨਾਂ ਬੁੜ੍ਹਿਆਂ ਨੇ ਵੀ ਹੁਣੇ ਮਰਨਾ

ਮਾਸਟਰ ਦੀ ਬੁੜ੍ਹਬੁੜ੍ਹ ਦਰਵਾਜ਼ਿਓਂ ਪਾਰ ਸੁਣਦੀ ਆ
ਗਾਮਾ ਮੂੰਹ ਵਲੇਟ ਘਰ ਨੂੰ ਤੁਰਿਆ
ਰਸਤੇ
ਵਿੱਚ ਸੋਚਾਂ ਦੇ ਵਹਿਣ ਵਿੱਚ ਵਹਿ ਤੁਰਿਆ
ਜ਼ਿਮੀਦਾਰ ਦੇ ਬੱਚੇ ਵਿਦੇਸ਼ ਚਲੇ ਗਏ

ਤੇ ਉਸਦੇ ਬੱਚੇ
ਹਾਲੇ ਵੀ ਉਸੇ ਜ਼ਿਮੀਦਾਰ ਦੇ ਦਰ ’ਤੇ ਖੜ੍ਹੇ ਨੇ
ਚਾਚਾ ਚਾਚੀ ਆਖ ਫਤਿਹ ਬੁਲਾਉਣ
ਜ਼ਿਮੀਦਾਰ ਦੇ ਕਾਕੇ ਗਾਮਾ ਗਾਮਾ ਗਾਉਣ
ਸਾਂਝੀਵਾਲਤਾ ਦਾ ਰੋਜ਼ ਸਵੇਰੇ ਭਾਈ ਜੀ ਹੈ ਹੋਕਾ ਦਿੰਦਾ
ਮਾਨਸ ਕੀ ਜਾਤ ਦਾ ਸਲੋਕ ਸੁਣਾਉਂਦਾ

ਮਾਲਕ ਦਾ ਕੁੱਤਾ ਬਰਾਬਰ ਬੈਠੈ
ਉਹ ਕੰਧੋਲੀ ਪਾਰ
ਦਰਵੇਸ਼ ਲਈ ਮੀਟ ਦੇ ਟੁਕੜੇ
ਉਸਨੂੰ ਮਿਲੇ ਅਚਾਰ
ਇਹ ਕਿਹੜੀ ਅਜ਼ਾਦੀ ਏ
?
ਜਿੱਥੇ ਇੱਕ ਲਈ ਛੁੱਟੀ ਦਾ ਮਤਲਬ ਆਰਾਮ
ਤੇ ਦੂਜੇ ਲਈ ਛੁੱਟੀ ਦਾ ਮਤਲਬ

ਦਿਹਾੜੀ ਟੁੱਟਣੀ ਤੇ ਭੁੱਖਾ ਮਰਨਾ
ਇੱਕ ਦਾ ਪੁੱਤ

ਕੁਰਸੀ ’ਤੇ ਬੈਠ ਅਜ਼ਾਦੀ ਦਿਵਸ ਮਨਾਉਂਦਾ
ਤੇ ਦੂਜੇ ਦਾ ਪੁੱਤ
ਉਸੇ ਦਿਨ ਵੀ
ਉਸੇ ਖੇਤ ਵਿੱਚ ਬੰਧੂਆ ਬਣ ਖੜ੍ਹਾ

ਆਜ਼ਾਦੀ ਅਜੇ
ਸਕੂਲ ਦੀ ਚਾਰਦਿਵਾਰੀ ਤੋਂ ਬਾਹਰ ਹੀ ਨਹੀਂ ਨਿਕਲੀ
ਜ਼ਿਮੀਦਾਰ ਦੀ ਹਵੇਲੀ ਤਕ ਪਤਾ ਨਹੀਂ ਕਦੋਂ ਪਹੁੰਚਣੀ ਆ

                 *     *     *

(3)       ਰੁੱਖ

ਕਿੰਨੇ ਪਿਆਰੇ ਲਗਦੇ ਨੇ ਰੁੱਖ,
ਮੀਂਹ ਤੋਂ ਬਾਅਦ ਲਹਿਰਾਉਂਦੇ ਹੋਏ
ਕਿਸੇ ਬੱਚੇ ਵਾਂਗ ਆਪਣੀ ਮੌਜ ,
ਅਠਖੇਲੀਆਂ ਕਰਦੇ ਹੋਏ
ਕਿਸੇ ਨਾਲ ਕੋਈ ਗਿਲਾ-ਸ਼ਿਕਵਾ, ਸਾੜਾ ਨਹੀਂ,
ਬਸ! ਸਰਬੱਤ ਦਾ ਭਲਾ ਲੋਚਦੇ
ਬਿਨਾਂ ਕਿਸੇ ਭੇਦਭਾਵ ਤੋਂ
ਜੀਵਨ ਦੀ ਹੋਂਦ ਬਣਾਈ ਰੱਖਣ ਦਾ ਵਡੇਰਾ ਗੁਣ
ਪਰ ਗੁਮਾਨ ਦਾ ਨਾਮੋ ਨਿਸ਼ਾਨ ਤਕ ਨਹੀਂ
ਹਨੇਰੀਆਂ-ਝੱਖੜ, ਔਕੜਾਂ ਹੱਸ ਕੇ ਜਰ ਲੈਂਦੇ ਨੇ,
ਮੁਸ਼ਕਿਲਾਂ ਦਾ ਰਾਗ ਗਾਏ ਬਗੈਰ
ਸਦਾ ਮੁਸਕਰਾਉਂਦੇ, ਅਪਣੱਤ ਦਾ ਹੱਥ ਹਿਲਾਉਂਦੇ,
ਮਨੁੱਖ ਨੂੰ ਜੀਵਨ ਮਾਣਨ ਹਿਤ,
ਅਧਿਆਪਕ ਵਾਂਗ ਸਿਖਾਉਂਦੇ,
ਕਿੰਨੇ ਪਿਆਰੇ ਲਗਦੇ ਨੇ ਰੁੱਖ
      *     *     *

(4)  ਭੱਜਦੌੜ

ਰੋਜ਼ਾਨਾ ਹੀ ਹੁੰਦੀ ਹੈ,
ਬਥੇਰੇ ਲੋਕਾਂ ਨਾਲ ਚਰਚਾ,
ਅਨੇਕਾਂ ਵਿਸ਼ਿਆਂ ’ਤੇ
ਖੁਦ ਨਾਲ ਗੁਫਤਗੂ ਲਈ
ਨਾ ਵਕਤ ਤੇ ਨਾ ਮਜ਼ਮੂਨ ਮਿਲਿਆ ਕਦੇ
ਸੂਰਜ ਚੜ੍ਹਦੇ ਨੂੰ ਵੇਖਿਆਂ,
ਸਮਾਂ ਲਮੇਰਾ ਹੋ ਗਿਆ,
ਤਾਰਿਆਂ ਦੀ ਛਾਂਵੇਂ ਸੁੱਤੇ ਤਾਂ ਅਰਸਾ ਹੋ ਗਿਆ
ਵਿਛੋੜਾ ਹੀ ਹੈ ਇਹ,
ਖੁਦ ਦਾ ਖੁਦ ਤੋਂ,
ਕੁਦਰਤ ਨਾਲੋਂ ਵੀ
ਸੱਚੀਂ! ਬੜਾ ਕੁਝ ਗਵਾ ਲਿਆ
ਇਸ ਭੱਜ ਦੌੜ ’ਚ...

  *     *     *

5.       ਸਵੈ ਤਰਾਸ਼

ਪੱਥਰ ਦੀ ਕਿਸਮਤ ਦਾ ਫੈਸਲਾ,
ਹੁੰਦਾ ਹੈ!
ਤਰਾਸ਼ਗਾਰ ਦੇ ਹੱਥ

ਛੈਣੀ-ਹਥੌੜੇ ਦੀ ਮਾਰ ਵੀ,
ਹੋਵੇ ਉਸਦੇ ਵੱਸ
ਸਹਿਜਤਾ, ਸੁੱਚੀ ਨੀਤ ਦੀ ਮਿਹਨਤ,
ਪਾ ਦੇਵੇ ਪੱਥਰ ਵਿੱਚ ਜਾਨ
ਜੋ ਕਰਾਵੇ ਉਸ ਨੂੰ ਸਜਦੇ ਲੱਖ
ਬੱਸ! ਆਹੀ ਸੋਚ ਕਿੰਨੇ ਸਾਲਾਂ ਤੋਂ
ਕਰ ਰਿਹਾ ਹਾਂ ਸਵੈ ਤਰਾਸ਼
,
ਜੋ ਜਾਰੀ ਰਹੇਗੀ
ਆਖਰੀ ਦਮ ਤੱਕ...

ਪੱਥਰ ਹੀ ਸਾਂ
ਫਜ਼ੂਲ ਜਿਹਾ ਸਭਨਾਂ ਲਈ
,
ਕਿਸੇ ਕੋਲ ਵਕਤ ਨਹੀਂ ਸੀ ਤਰਾਸ਼ਣ ਲਈ,
ਆਖਰ ਉਡੀਕ ਕੇ, ਸੋਚ ਵਿਚਾਰ ਕੇ
ਉਠਾ ਲਏ ਆਪੇ ਸੰਦ,
ਤੇ ਸ਼ੁਰੂ ਕਰ ਦਿੱਤੀ ਸਵੈ ਤਰਾਸ਼
ਵਕਤ ਤਾਂ ਥੋੜ੍ਹਾ ਜ਼ਿਆਦਾ ਲੱਗ ਗਿਆ
,
ਪਰ ਸ਼ੁਰੂਆਤ ਲਈ
ਹੌਂਸਲਾ ਜੁਟਾਉਣਾ ਸੁਖਾਲਾ ਨਹੀਂ ਰਿਹਾ

ਬਸ ਫਿਰ ਉਹ ਦਿਨ ਸੀ ਤੇ ਆਹ ਦਿਨ ਹੈ,
ਫਜ਼ੂਲ ਪੱਥਰ ਦੀ ਤਰਾਸ਼
ਬਾ-ਕਮਾਲ ਹੋ ਗਈ
,
ਸਨਮਾਨ ਹਿਤ ਹੁਣ,
ਤਾੜੀਆਂ ਦੀ ਗੜਗੜਾਹਟ ਲਈ
ਉੱਠਦੇ ਨੇ ਕਿੰਨੇ ਹੀ ਹੱਥ
ਹੁੰਦੇ ਨੇ ਮਿਹਨਤ ਨੂੰ ਸਿਜਦੇ ...

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

**

About the Author

ਡਾ. ਗੁਰਤੇਜ ਸਿੰਘ

ਡਾ. ਗੁਰਤੇਜ ਸਿੰਘ

Chak Bakhtu, Bathinda, Punjab, India.
Phone: (91 - 94641 - 72783)

Email: (gurtejsingh72783@gmail.com)

More articles from this author