DarshanSRiarAdv7“ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜ ਸਦੀਆਂ ਤੋਂ ਵੱਧ ਦਾ ਸਮਾਂ ...”GuruNanakPlough1
(18 ਨਵੰਬਰ 2026)

 

GuruNanakPloughing1
ਗੁਰੂ ਨਾਨਕ ਦੇਵ ਜੀ
, ਸਿੱਖ ਧਰਮ ਦੇ ਪਹਿਲੇ ਗੁਰੂ ਜੀ ਦਾ ਜਨਮ ਦਿਨ ਹਰ ਸਾਲ ਨਵੰਬਰ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਜਨਮ ਦਿਨ ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਰਾਇ ਭੋਏਂ ਦੀ ਤਲਵੰਡੀ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ, ਪਿਤਾ ਮਹਿਤਾ ਕਾਲੂ ਜੀ ਦੇ ਘਰ ਹੋਇਆ ਸੀ। ਵਿਸਾਖ ਦੇ ਮਹੀਨੇ ਵਿੱਚ ਇਸ ਮਹਾਨ ਹਸਤੀ ਦੇ ਜਨਮ ਦਿਨ ਬਾਰੇ ਵੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਪੰਜ ਸਦੀਆਂ ਬੀਤਣ ਬਾਦ ਵੀ ਇਸ ਤਿੱਥ ਤਿਉਹਾਰ ਦਾ ਭੰਬਲਭੂਸਾ ਜਿਵੇਂ ਦਾ ਤਿਵੇਂ ਕਾਇਮ ਹੈ। ਨਵੰਬਰ ਮਹੀਨਾ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ। ਸਰਦੀ ਦੀ ਰੁੱਤ ਵਿੱਚ ਗਰਮੀ ਦੀ ਬਜਾਏ ਤਿਉਹਾਰ ਅਤੇ ਸਮਾਗਮ ਮਨਾਉਣੇ ਲੋਕਾਂ ਨੂੰ ਜ਼ਿਆਦਾ ਪਸੰਦ ਹੁੰਦੇ ਹਨ। ਇਸੇ ਲਈ ਇਸ ਮੌਸਮ ਵਿੱਚ ਤਿਉਹਾਰਾਂ ਅਤੇ ਸਮਾਗਮਾਂ ਦੀ ਭਰਮਾਰ ਰਹਿੰਦੀ ਹੈ। ਮਹਾਨ ਲੋਕਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਦਿਨ ਵਾਰ ਮਨਾਉਣੇ ਮਹੱਤਵਪੂਰਨ ਹੋਣ ਦੇ ਨਾਲ ਨਾਲ ਮਾਣ ਵਾਲੀ ਗੱਲ ਵੀ ਹੈ।

ਬਾਬੇ ਨਾਨਕ ਦੇ ਪੈਰੋਕਾਰ ਵਿਸ਼ਵ ਦੇ ਹਰ ਹਿੱਸੇ ਵਿੱਚ ਵਸੇ ਹੋਏ ਹਨ। ਇਸ ਲਈ ਇਹ ਤਿਉਹਾਰ ਕੇਵਲ ਭਾਰਤ ਵਿੱਚ ਹੀ ਨਹੀਂ ਮਨਾਇਆ ਜਾਂਦਾ ਬਲਕਿ ਹਰ ਉਸ ਦੇਸ਼ ਵਿੱਚ ਮਨਾਇਆ ਜਾਂਦਾ ਹੈ ਜਿੱਥੇ ਜਿੱਥੇ ਨਾਨਕ ਨਾਮ ਲੇਵਾ ਲੋਕ ਰਹਿੰਦੇ ਹਨ। ਬਾਬਾ ਨਾਨਕ ਜੀ ਉਹ ਮਹਾਨ ਹਸਤੀ ਹੋਏ ਹਨ ਜਿਨ੍ਹਾਂ ਨੇ ਉਸ ਸਮੇਂ ਦੇ ਵਿਗੜੇ ਹੋਏ ਸਮਾਜ, ਜਿੱਥੇ ਕੂੜ ਦਾ ਪਸਾਰਾ ਸੀ, ਲੋਕ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਸਨ, ਅੰਧ-ਵਿਸ਼ਵਾਸ ਦਾ ਬੋਲਬਾਲਾ ਸੀ ਤੇ ਲੋਕ ਸੱਚ ਬੋਲਣ ਦੀ ਹਿੰਮਤ ਵੀ ਖੋਹ ਬੈਠੇ ਸਨ, ਉਸ ਵੇਲੇ ਹੱਕ-ਸੱਚ ਅਤੇ ਇਨਸਾਫ ਦੀ ਅਵਾਜ਼ ਉਠਾਈ। ਮੌਜੂਦ ਸਿਸਟਮ ਦੇ ਗਲਤ ਕੰਮਾਂ ਅਤੇ ਰਵਾਇਤਾਂ ਵਿਰੁੱਧ ਬੋਲਣਾ ਇਨਕਲਾਬ ਅਖਵਾਉਂਦਾ ਹੈ। ਇੰਜ ਗੁਰੂ ਨਾਨਕ ਦੇਵ ਜੀ ਇੱਕ ਇਨਕਲਾਬੀ, ਸਮਾਜ ਸੁਧਾਰਕ ਅਤੇ ਜਗਤ ਗੁਰੂ ਦੇ ਨਾਮ ਨਾਲ ਮਸ਼ਹੂਰ ਹੋਏ ਸਨ।

ਉਸ ਵੇਲੇ ਦਾ ਚਿਤਰਨ ਕਰਦੇ ਹੋਏ ਸਿੱਖ ਧਰਮ ਦੇ ਮਹਾਨ ਫਿਲਾਸਫਰ ਭਾਈ ਗੁਰਦਾਸ ਜੀ ਨੇ ਬਹੁਤ ਸੋਹਣਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਜਿਵੇਂ ਸੰਘਣੀ ਧੁੰਦ ਦੇ ਅਲੋਪ ਹੋਣ ਲਈ ਸੂਰਜ ਦੀਆਂ ਕੁਝ ਕਿਰਨਾਂ ਚਾਨਣ ਦੀ ਚਮਕ ਦਰਸਾਉਣ ਲੱਗ ਜਾਂਦੀਆਂ ਹਨ ਅਤੇ ਹਨੇਰਾ ਛਿਪਣ ਲੱਗ ਜਾਂਦਾ ਹੈ, ਉਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਵੀ ਸਮਾਜ ਵਿੱਚ ਪ੍ਰਚਲਿਤ ਅੰਧਕਾਰ ਅਤੇ ਕੂੜ ਦੇ ਪਸਾਰੇ ਨੂੰ ਦੂਰ ਕਰਨ ਵਾਲੀ ਤੇ ਸਮਾਜ ਨੂੰ ਨਵੀਂ ਸੇਧ ਦੇਣ ਵਾਲੀ ਰੋਸ਼ਨੀ ਮਹਿਸੂਸ ਹੋਈ ਸੀ। ਇਸਦਾ ਅਰਥ ਇਹ ਵੀ ਨਿਕਲਦਾ ਹੈ ਕਿ ਗੁਰੂ ਜੀ ਦੇ ਜਨਮ ਦੇ ਨਾਲ ਹੀ ਸਮਾਜ ਵਿੱਚੋਂ ਆਸਾਵਾਂਪਣ ਖਤਮ ਹੋਣ ਦਾ ਸੰਕੇਤ ਮਿਲ ਗਿਆ ਸੀ। ਪੰਜਾਬੀ ਭਾਸ਼ਾ ਦਾ ਇੱਕ ਜਾਣਿਆ ਪਛਾਣਿਆ ਮੁਹਾਵਰਾ ਹੈ, “ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ।” ਮਹਾਨ ਸ਼ਖਸੀਅਤਾਂ ਜਨਮ ਤੋਂ ਹੀ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦੇਂਦੀਆਂ ਹਨ। ਲਿਹਾਜ਼ਾ ਬਾਬੇ ਨਾਨਕ ਨੇ ਵੀ ਜਨਮ ਸਾਰ ਹੀ ਆਪਣੇ ਜੌਹਰ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ।

ਉਸ ਵੇਲੇ ਦੇ ਹਿੰਦੂ ਸਮਾਜ ਵਿੱਚ ਬਾਲ ਅਵਸਥਾ ਵਿੱਚ ਬੱਚੇ ਨੂੰ ਜਨੇਊ ਪਹਿਨਾ ਕਿ ਧਰਮ ਦੀ ਪਹਿਲੀ ਪੌੜੀ ਚੜ੍ਹਾਇਆ ਜਾਂਦਾ ਸੀ। ਬਾਬੇ ਨਾਨਕ ਜੀ ਨੂੰ ਜਨੇਊ ਪਹਿਨਾਉਣ ਦੀ ਰਸਮ ਵੇਲੇ ਹੀ ਰੇੜਕਾ ਪੈ ਗਿਆ। ਬਾਬੇ ਨੇ ਜਨੇਊ ਪਹਿਨਾਉਣ ਵਾਲੇ ਪੰਡਿਤ ਨੂੰ ਅਜਿਹੇ ਸਵਾਲ ਪੁੱਛ ਲਏ ਜਿਨ੍ਹਾਂ ਦਾ ਉਹ ਜਵਾਬ ਹੀ ਨਾ ਦੇ ਸਕਿਆ ਤੇ ਬਾਬਾ ਜੀ ਨੇ ਹਿੰਦੂ ਧਰਮ ਦੀ ਮੁੱਖ ਪਰੰਪਰਾ ਦਾ ਵਿਰੋਧ ਕਰ ਦਿੱਤਾ। ਉਨ੍ਹਾਂ ਨੇ ਪੰਡਿਤ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਉਹ ਸੱਚਾ ਅਤੇ ਸੁੱਚਾ ਜਨੇਊ ਪਹਿਨ ਸਕਦੇ ਹਨ ਜਿਹੜਾ ਸਦਾ ਕਾਇਮ ਰਹੇ। ਪਰ ਮਨੁੱਖੀ ਜ਼ਿੰਦਗੀ ਤਾਂ ਹੈ ਹੀ ਸੀਮਿਤ। ਇਹ ਬਾਬੇ ਨਾਨਕ ਦਾ ਪਹਿਲਾ ਇਨਕਲਾਬੀ ਕਦਮ ਸੀ।

ਦੁਨਿਆਵੀ ਪੜ੍ਹਾਈ ਕਰਨ ਲਈ ਪਿਤਾ ਨੇ ਉਸ ਵੇਲੇ ਦੇ ਵਿੱਦਿਅਕ ਸਿਸਟਮ ਅਨੁਸਾਰ ਵਾਰੀ ਵਾਰੀ ਪਾਂਧੇ ਅਤੇ ਮੌਲਵੀ ਪਾਸ ਭੇਜਿਆ। ਉੱਥੇ ਫਿਰ ਬਾਬੇ ਨੇ ਦੋਹਾਂ ਨੂੰ “ਇੱਕ” ਦੇ ਚੱਕਰ ਵਿੱਚ ਉਲਝਾ ਲਿਆ। ਇਹ ਦੂਜਾ ਇਨਕਲਾਬੀ ਕਦਮ ਸੀ। ਬਾਬਾ ਨਾਨਕ ਦੁਨਿਆਵੀ ਰੁਝੇਵਿਆਂ ਵਿੱਚ ਨਹੀਂ ਸਨ ਉਲਝਣਾ ਚਾਹੁੰਦੇ। ਉਹ ਦੁਨੀਆ ਨੂੰ ਸੁਲਝੀ ਹੋਈ ਸੇਧ ਦੇਣ ਵੱਲ ਕੇਂਦਰਿਤ ਸਨ। ਹਰ ਪਿਤਾ ਵਾਂਗ ਬਾਬੇ ਨਾਨਕ ਦੇ ਪਿਤਾ ਦੀ ਵੀ ਰੀਝ ਸੀ ਕਿ ਉਨ੍ਹਾਂ ਦਾ ਬੇਟਾ ਸਮਾਜ ਵਿੱਚ ਸਨਮਾਨਯੋਗ ਅਹੁਦਾ ਪ੍ਰਾਪਤ ਕਰਕੇ ਉਨ੍ਹਾਂ ਦਾ ਨਾਮ ਰੋਸ਼ਨ ਕਰੇ। ਉਹ ਸਰਦੇ ਪੁੱਜਦੇ ਪਟਵਾਰੀ ਸਨ ਜੋ ਉਸ ਸਥਾਨ ਦੇ ਵੱਡੇ ਜ਼ਿਮੀਂਦਾਰ ਰਾਇ ਬੁਲਾਰ ਦੀ ਜ਼ਮੀਨ ਦਾ ਹਿਸਾਬ ਕਿਤਾਬ ਦੇਖਦੇ ਸਨ। ਪੁੱਤਰ ਨੂੰ ਵਪਾਰੀ ਬਣਾਉਣ ਲਈ ਉਨ੍ਹਾਂ ਨੇ ਵੀਹ ਰੁਪਏ, ਉਸ ਸਮੇਂ ਦੀ ਵੱਡੀ ਰਕਮ ਦੇ ਕੇ ਕੋਈ ਖਰਾ ਜਿਹਾ ਸੌਦਾ ਕਰਨ ਦੇ ਉਦੇਸ਼ ਨਾਲ ਭੇਜਿਆ। ਪਰ ਬਾਬਾ ਨਾਨਕ ਦੁਨਿਆਵੀ ਵਪਾਰ ਤੋਂ ਕਿਤੇ ਅਗਾਂਹ ਦੀ ਸੋਚ ਵਿੱਚ ਮਸਤ ਸਨ। ਉਹ ਉਸ ਰਕਮ ਨਾਲ ਭੁੱਖੇ ਸਾਧੂਆਂ ਦੇ ਟੋਲੇ ਨੂੰ ਰਾਸ਼ਨ ਪਾਣੀ ਨਾਲ ਨਿਹਾਲ ਕਰਕੇ ਖਾਲੀ ਹੱਥ ਘਰ ਪਰਤ ਆਏ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਾਫੀ ਝਿੜਕਿਆ ਅਤੇ ਨਰਾਜ਼ ਵੀ ਹੋਏ। ਅੱਕ ਕੇ ਉਨ੍ਹਾਂ ਨੇ ਨਾਨਕ ਨੂੰ ਉਨ੍ਹਾਂ ਦੀ ਵੱਡੀ ਭੈਣ ਬੀਬੀ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ।

ਇੱਥੇ ਫਿਰ ਬਾਬੇ ਨਾਨਕ ਨੇ ਇਨਕਲਾਬੀ ਕ੍ਰਿਸ਼ਮਾ ਵਿਖਾਇਆ। ਉਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ। ਪ੍ਰਮਾਤਮਾ ਦੀ ਮਸਤੀ ਵਿੱਚ ਉਨ੍ਹਾਂ ਨੇ ਖੂਬ ਦਿਲਚਸਪੀ ਨਾਲ ਡਿਊਟੀ ਨਿਭਾਈ ਅਤੇ ਲੋੜਵੰਦਾਂ ਨੂੰ ਤੇਰਾ ਤੇਰਾ ਦਾ ਉਪਦੇਸ਼ ਦਿੰਦੇ ਹੋਏ ਰਾਸ਼ਨ ਪੁੱਜਦਾ ਕੀਤਾ। ਦਰਅਸਲ ਉਹ ਅਸਲੀ ਸਮਾਜਵਾਦ ਦੇ ਹਾਮੀ ਸਨ। ਉਹ ਚਾਹੁੰਦੇ ਸਨ ਕਿ ਅਜਿਹੇ ਹਾਲਤ ਪੈਦਾ ਹੋਣ ਕਿ ਹਰੇਕ ਲਈ ਲੋੜ ਅਨੁਸਾਰ ਸਾਧਨ ਮੌਜੂਦ ਹੋਣ। ਧਨ ਦੀ ਕਾਣੀ ਵੰਡ ਨਾ ਹੋਵੇ। ਹਰ ਕੋਈ ਬਰਾਬਰ ਹੋਵੇ, ਊਚ-ਨੀਚ ਅਤੇ ਜਾਤ-ਪਾਤ ਖਤਮ ਹੋਵੇ। ਭੁੱਖੇ ਸਾਧੂਆਂ ਨੂੰ ਭੋਜਨ ਛਕਾਉਣਾ, ਮੋਦੀਖਾਨੇ ਵਿੱਚੋਂ ਤੇਰਾ ਤੇਰਾ ਕਹਿੰਦੇ ਹੋਏ ਰਾਸ਼ਨ ਵੰਡਣਾ ਅਤੇ ਵਲੀ ਕੰਧਾਰੀ ਦੇ ਕਬਜ਼ੇ ਵਿੱਚੋਂ ਪਾਣੀ ਦੇ ਖੂਹ ਦਾ ਕਬਜ਼ਾ ਛੁਡਾ ਕੇ ਪਾਣੀ ਦੇ ਝਰਨੇ ਵਗਾ ਦੇਣੇ, ਸਭ ਸਮਾਜਵਾਦ ਦੇ ਹੀ ਪ੍ਰਤੀਕ ਸਨ।

ਬਾਬੇ ਨਾਨਕ ਨੇ ਗ੍ਰਹਿਸਤ ਮਾਰਗ ਦਾ ਵਿਰੋਧ ਨਹੀਂ ਕੀਤਾ। ਵਿਆਹ ਕਰਵਾਇਆ। ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਉਨ੍ਹਾਂ ਦੇ ਦੋ ਸਾਹਿਬਜ਼ਾਦੇ ਸਨ। ਪਰ ਦੁਨੀਆਦਾਰੀ ਉਨ੍ਹਾਂ ਨੂੰ ਘਰ ਤਕ ਸੀਮਿਤ ਨਾ ਰੱਖ ਸਕੀ। ਓਭੜ-ਖਾਬੜ ਰਸਤਿਆਂ ਉੱਪਰ ਪੈਦਲ ਚਲਦੇ ਹੋਏ ਉਨ੍ਹਾਂ ਨੇ ਚਹੁੰਆਂ ਦਿਸ਼ਾਵਾਂ ਵਿੱਚ ਚਾਰ ਮੁੱਖ ਯਾਤਰਾਵਾਂ ਕੀਤੀਆਂ। ਇਹ ਚਾਰ ਉਦਾਸੀਆਂ ਦੇ ਨਾਮ ਨਾਲ ਮਸ਼ਹੂਰ ਹੋਈਆਂ। ਇਨ੍ਹਾਂ ਯਾਤਰਾਵਾਂ ਦੌਰਾਨ ਉਨ੍ਹਾਂ ਦਾ ਬਚਪਨ ਦਾ ਸਾਥੀ ਮਰਦਾਨਾ ਹਮੇਸ਼ਾ ਨਾਲ ਰਿਹਾ। ਮਰਦਾਨਾ ਰਬਾਬ ਵਜਾਉਂਦਾ ਰਿਹਾ ਤੇ ਬਾਬਾ ਬਾਣੀ ਗਾਉਂਦਾ ਵੀ ਰਿਹਾ ਤੇ ਉਸ ਨੂੰ ਸਾਂਭਦਾ ਵੀ ਰਿਹਾ। ਉਨ੍ਹਾਂ ਦੀ ਰਚੀ ਹੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮੌਕੇ ਦਾ ਹਾਕਮ ਬਾਬਰ, ਜਿਸ ਨੂੰ ਉਨ੍ਹਾਂ ਨੇ ਜਾਬਰ-ਬਾਬਰ ਕਹਿਣ ਤੋਂ ਵੀ ਸੰਕੋਚ ਨਾ ਕੀਤਾ ਅਤੇ ਉਸਦੇ ਭਾਰਤਵਰਸ਼ ਉੱਤੇ ਹਮਲੇ ਨੂੰ ਬੜੀ ਤਫਸੀਲ ਨਾਲ ਚਿਤਰਿਆ।

ਏਮਨਾਬਾਦ ਨਗਰ ਵਿੱਚ ਉੱਚ ਜਾਤੀ ਦਾ ਅਮੀਰ ਮਲਿਕ ਭਾਗੋ ਸ਼ਾਹੂਕਾਰ ਸਮਾਜ ਦੇ ਹੇਠਲੇ ਵਰਗ ਦੇ ਲੋਕਾਂ ਨੂੰ ਆਪਣੇ ਸ਼ਾਹੀ ਪਕਵਾਨਾਂ ਦੇ ਬੋਝ ਹੇਠ ਦੱਬ ਕੇ ਰੱਖਦਾ ਸੀ। ਲੋਕ ਉਸਦੇ ਰੋਹਬ ਸਦਕਾ ਉਸਦਾ ਹਰ ਹੁਕਮ ਮੰਨਦੇ ਸਨ। ਗੁਰੂ ਨਾਨਕ ਦੇਵ ਜੀ ਨੇ ਵੀ ਉਸੇ ਨਗਰ ਵਿੱਚ ਹੱਕ-ਹਲਾਲ ਦੀ ਮਿਹਨਤ ਕਰਨ ਵਾਲੇ ਭਾਈ ਲਾਲੋ ਦੇ ਘਰ ਰੈਣ-ਬਸੇਰਾ ਕੀਤਾ ਹੋਇਆ ਸੀ। ਮਲਿਕ ਭਾਗੋ ਨੇ ਗੁਰੂ ਜੀ ਉੱਪਰ ਵੀ ਆਪਣੇ ਰੋਹਬ ਦਾ ਪ੍ਰਭਾਵ ਪਾਉਣਾ ਚਾਹਿਆ ਅਤੇ ਆਪਣੇ ਸ਼ਾਹੀ ਭੋਜ ਦਾ ਨਿਉਂਦਾ ਭੇਜਿਆ। ਗੁਰੂ ਜੀ ਦੇ ਉਸ ਭੋਜ ਵਿੱਚ ਸ਼ਿਰਕਤ ਨਾ ਕਰਨ ’ਤੇ ਉਹ ਅੱਗ-ਬਬੂਲਾ ਹੋ ਗਿਆ ਤੇ ਬੜੇ ਗੁੱਸੇ ਦਾ ਇਜ਼ਹਾਰ ਕੀਤਾ। ਸ਼ਾਂਤ ਚਿੱਤ ਗੁਰੂ ਨਾਨਕ ਦੇਵ ਜੀ ਨੇ ਉਸਦੇ ਭੋਜ ਵਿੱਚ ਗਰੀਬਾਂ ਦੇ ਖੂਨ ਅਤੇ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਦੀ ਹੋਂਦ ਦਰਸਾ ਕੇ ਉਸਦੇ ਭਰਮ ਭੁਲੇਖੇ ਦੂਰ ਕਰ ਦਿੱਤੇ। ਆਪਣੀ ਦਲੀਲ ਅਤੇ ਤਰਕ ਦੇ ਅਧਾਰ ’ਤੇ ਉਨ੍ਹਾਂ ਨੇ ਮਲਿਕ ਭਾਗੋ ਨੂੰ ਵੀ ਸ਼ਾਂਤ ਕਰ ਦਿੱਤਾ।

ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰਕ ਦੇ ਅਧਾਰ ’ਤੇ ਬਾਬੇ ਨਾਨਕ ਨੇ ਵਹਿਮਾਂ-ਭਰਮਾਂ ਦਾ ਖੰਡਨ ਕੀਤਾ। ਕੁਰਖੇਤਰ ਦੇ ਸੂਰਜ ਗ੍ਰਹਿਣ ਸਮੇਂ ਅੱਗ ਨਾ ਬਾਲਣ ਅਤੇ ਪਿਤਰਾਂ ਨੂੰ ਪਾਣੀ ਦੇਣ ਦੇ ਪਖੰਡ ਨੂੰ ਵੀ ਬੜੇ ਸਹਿਜ ਨਾਲ ਹੀ ਉਨ੍ਹਾਂ ਨੇ ਸੁਲਝਾ ਦਿੱਤਾ। ਪੰਡਿਤਾਂ ਦੇ ਸੂਰਜ ਵੱਲ ਪਾਣੀ ਦੇ ਛਿੱਟੇ ਮਾਰਨ ਦੇ ਉਲਟ ਉਨ੍ਹਾਂ ਨੇ ਲਹਿੰਦੇ ਵੱਲ ਪਾਣੀ ਝੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਪੁੱਛਣ ’ਤੇ ਉਨ੍ਹਾਂ ਨੇ ਕਰਤਾਰਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਭੇਜਣ ਬਾਰੇ ਕਿਹਾ। ਦੂਰੀ ਦਾ ਅਹਿਸਾਸ ਕਰਕੇ ਜਦੋਂ ਲੋਕਾਂ ਨੇ ਮਜ਼ਾਕ ਕਰਨਾ ਚਾਹਿਆ ਤਾਂ ਝੱਟ ਉਨ੍ਹਾਂ ਨੇ ਸੂਰਜ ਦੀ ਦੂਰੀ ਦਰਸਾ ਕੇ ਸਭ ਨੂੰ ਸ਼ਾਂਤ ਕਰ ਦਿੱਤਾ। ਮੱਕੇ ਵਿੱਚ ਕਾਹਬੇ ਵੱਲ ਪੈਰ ਕਰਕੇ ਜਦੋਂ ਉਹ ਲੇਟ ਗਏ ਤਾਂ ਹਾਜ਼ਰ ਮੁੱਲਾਂ ਕਾਜ਼ੀ ਬੜੇ ਗੁੱਸੇ ਵਿੱਚ ਭੱਜੇ ਆ ਗਏ। ਉਨ੍ਹਾਂ ਨੇ ਬੜੇ ਰੋਹਬ ਨਾਲ ਰੱਬ ਦੇ ਘਰ ਵੱਲੋਂ ਪੈਰ ਦੂਜੇ ਪਾਸੇ ਕਰਨ ਨੂੰ ਕਿਹਾ। ਬਾਬਾ ਜੀ ਨੇ ਬਿਰਧ ਅਤੇ ਥੱਕੇ ਹੋਣ ਦਾ ਅਹਿਸਾਸ ਕਰਕੇ ਉਨ੍ਹਾਂ ਨੂੰ ਖੁਦ ਹੀ ਦੂਜੇ ਪਾਸੇ ਪੈਰ ਕਰਨ ਨੂੰ ਕਹਿ ਦਿੱਤਾ, ਜਿਸ ਪਾਸੇ ਰੱਬ ਮੌਜੂਦ ਨਹੀਂ? ਜਿਵੇਂ ਹੀ ਉਨ੍ਹਾਂ ਨੇ ਗੁੱਸੇ ਵਿੱਚ ਲੱਤਾਂ ਤੋਂ ਫੜ ਕੇ ਬਾਬਾ ਜੀ ਨੂੰ ਘੜੀਸਣਾ ਚਾਹਿਆ, ਉਨ੍ਹਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਮੱਕਾ ਵੀ ਪੈਰਾਂ ਦੇ ਨਾਲ ਹੀ ਘੁੰਮ ਰਿਹਾ ਹੈ। ਬੜੀ ਸਰਲ ਦਲੀਲ ਨਾਲ ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾ ਦਿੱਤਾ ਕਿ ਰੱਬ ਦੀ ਮੌਜੂਦਗੀ ਇੱਕ ਥਾਂ ’ਤੇ ਸਥਿਰ ਨਹੀਂ ਹੈ। ਬਗਦਾਦ ਜਾਣ ’ਤੇ ਉੱਥੇ ਪਹਿਲਾਂ ਹੀ ਮੌਜੂਦ ਪੀਰਾਂ ਫਕੀਰਾਂ ਨੇ ਗੁਪਤ ਸੰਦੇਸ਼ ਦੇਣ ਲਈ ਦੁੱਧ ਦਾ ਕਟੋਰਾ ਭਰ ਕੇ ਬਾਬਾ ਜੀ ਨੂੰ ਪੇਸ਼ ਕੀਤਾ। ਜਿਸਦਾ ਅਰਥ ਸੀ ਕਿ ਇਹ ਨਗਰ ਪਹਿਲਾਂ ਹੀ ਸਾਧੂਆਂ ਨਾਲ ਭਰਿਆ ਪਿਆ ਹੈ, ਤੁਸੀਂ ਕਿਧਰੇ ਹੋਰ ਥਾਂ ਡੇਰਾ ਲਾਉ। ਗੁਰੂ ਜੀ ਨੇ ਵੀ ਗੁਪਤ ਸਵਾਲ ਦਾ ਜਵਾਬ ਗੁਪਤ ਤਰੀਕੇ ਨਾਲ ਚਮੇਲੀ ਦੇ ਫੁੱਲ ਦੀਆਂ ਪੱਤੀਆਂ ਦੁੱਧ ਉੱਪਰ ਰੱਖ ਕੇ ਦੁੱਧ ਵਾਪਸ ਭੇਜ ਦਿੱਤਾ ਤਾਂ ਫਕੀਰ ਨਿਸ਼ਚਿੰਤ ਹੋ ਗਏ।

ਜ਼ਿੰਦਗੀ ਦਾ ਆਖਰੀ ਪੜਾਅ ਵਿੱਚ ਬਾਬਾ ਜੀ ਨੇ ਕਰਤਾਰਪੁਰ ਵਿਖੇ ਆਪਣੇ ਹੱਥੀਂ ਖੇਤੀ ਕਰਕੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੰਦੇਸ਼ ਦਿੱਤਾ। ਆਪਣੇ ਜੀਵਨ ਦੌਰਾਨ ਰਚੀ ਹੋਈ ਸਾਰੀ ਬਾਣੀ ਇਕੱਤਰ ਕੀਤੀ। ਗੁਣਾਂ ਅਤੇ ਯੋਗਤਾ ਦੇ ਅਧਾਰ ’ਤੇ ਆਪਣੇ ਪੁੱਤਰਾਂ ਦੀ ਪ੍ਰਵਾਹ ਨਾ ਕਰਦੇ ਹੋਏ, ਆਪਣੇ ਪਰਮ ਸੇਵਕ ਭਾਈ ਲਹਿਣਾ ਜੀ ਨੂੰ ਗੁਰਗੱਦੀ ਸੌਂਪ ਕੇ ਦੂਜੇ ਗੁਰੂ ਨਾਮਜ਼ਦ ਕੀਤਾ। ਇਹ ਰਵਾਇਤ ਬੜੀ ਲੋਕਤੰਤਰਿਕ ਅਤੇ ਪਿਤਾ ਪੁਰਖੀ ਬੰਧਨਾਂ ਤੋਂ ਮੁਕਤ ਸੀ। ਬਾਬੇ ਨਾਨਕ ਨੇ ਆਪਣੇ ਜੀਵਨ ਦੌਰਾਨ ਸਹਿਜ ਅਤੇ ਸਰਲਤਾ ਨਾਲ ਵਿਚਰ ਕੇ, ਤਰਕ ਅਤੇ ਦਲੀਲ ਨਾਲ ਵਿਚਾਰ ਕਰਕੇ ਵਿਚਾਰਾਂ ਦੀ ਸਾਂਝ ਨੂੰ ਉਤਸ਼ਾਹਿਤ ਕੀਤਾ। ਵਹਿਮਾਂ-ਭਰਮਾਂ ਦਾ ਖੰਡਨ ਕਰਕੇ ਕੁਦਰਤ ਦੀ ਕਾਇਨਾਤ ਨੂੰ ਸਮਝਣ ਅਤੇ ਉਸਦੀ ਕਸਵੱਟੀ ’ਤੇ ਖਰੇ ਉੱਤਰਨ ਨੂੰ ਤਰਜੀਹ ਦਿੱਤੀ। ਊਚ-ਨੀਚ ਅਤੇ ਜਬਰ-ਜ਼ੁਲਮ ਦਾ ਡਟ ਕੇ ਵਿਰੋਧ ਕਰਨ ਨੂੰ ਉਤਸ਼ਾਹਿਤ ਕੀਤਾ।

ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜ ਸਦੀਆਂ ਤੋਂ ਵੱਧ ਦਾ ਸਮਾਂ ਬੀਤਣ ਬਾਅਦ ਵੀ ਬਾਬੇ ਨਾਨਕ ਦੇ ਪੈਰੋਕਾਰਾਂ ਦੀ ਗਿਣਤੀ ਭਾਵੇਂ ਬਹੁਤ ਵਧ ਗਈ ਹੈ ਪਰ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਅਮਲ ਕਰਨ ਵਾਲਿਆਂ ਦੀ ਗਿਣਤੀ ਨਿਰੰਤਰ ਘਟਦੀ ਜਾ ਰਹੀ ਹੈ। ਲੋਕ ਵਿਖਾਵੇ ਦਾ ਪ੍ਰਚਾਰ ਤਾਂ ਬਹੁਤ ਕਰਦੇ ਹਨ ਪਰ ਅਮਲੀ ਤੌਰ ’ਤੇ ਖੋਖਲੇ ਹੋਈ ਜਾ ਰਹੇ ਹਨ। ਮਨੁੱਖਤਾ, ਇਨਸਾਨੀਅਤ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਪਾਲਣਾ ਨਾਲ ਹੀ ਸਹੀ ਮੁਕਾਮ ਹਾਸਲ ਕਰ ਸਕਦੀ ਹੈ। ਸਾਡਾ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਤਾਂ ਹੈ ਪਰ ਲੋਕਤੰਤਰੀ ਰਵਾਇਤਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਸਵਾਰਥ, ਲਾਲਚ ਅਤੇ ਨਫਰਤ ਦਾ ਬੋਲਬਾਲਾ ਵਧਦਾ ਜਾ ਰਿਹਾ ਹੈ। ਹੋਰ ਤਾਂ ਹੋਰ, ਵੋਟ ਚੋਰੀ ਦਾ ਰੌਲਾ-ਗੌਲਾ ਲੋਕਤੰਤਰ ਦੀ ਜੜ੍ਹੀਂ ਤੇਲ ਦੇਣ ਵਾਲਾ ਸਾਬਤ ਹੋਵੇਗਾ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਨ ਲਈ ਨਫਰਤ, ਹੇਰਾਫੇਰੀ, ਲਾਲਚ ਅਤੇ ਲਾਲਸਾ ਦਾ ਤਿਆਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜੀਵਨ ਬਹੁਤ ਥੋੜ੍ਹੇ ਚਿਰ ਲਈ ਹੈ ਅਤੇ ਕਿਸੇ ਨੇ ਵੀ ਇੱਥੇ ਸਦਾ ਲਈ ਕਾਇਮ ਨਹੀਂ ਰਹਿਣਾ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author