“ਆਸ ਕਰਨੀ ਬਣਦੀ ਹੈ ਕਿ ਮਨੁੱਖਤਾ, ਸਮਾਜ ਅਤੇ ਦੇਸ਼ ਹਿਤ ਵਿੱਚ ਸਮੂਹ ਨਾਗਰਿਕ ...”
(8 ਨਵੰਬਰ 2026)

ਦੀਵਿਆਂ ਦੀ ਲੋਅ! ਦਿਵਾਲੀ ਜਾਂ ਦੀਵਿਆਂ ਵਾਲੀ ਦੋਵੇਂ; ਨਾਮ ਦਿਵਾਲੀ ਦੇ ਤਿਉਹਾਰ ਨੂੰ ਰੁਸ਼ਨਾਉਂਦੇ ਹਨ। ਦਿਵਾਲੀ ਹਨੇਰੀ ਰਾਤ ਨੂੰ ਦੀਵੇ ਬਾਲ ਕੇ ਚਾਨਣ ਕਰਨ ਅਤੇ ਹਨੇਰਾ ਦੂਰ ਕਰਨ ਦੇ ਮਕਸਦ ਨਾਲ ਹੋਂਦ ਵਿੱਚ ਆਈ ਸੀ। ਇਸ ਦਿਨ ਤੋਂ ਪਹਿਲੀ ਰਾਤ ਮੱਸਿਆ ਦੀ ਰਾਤ ਹੁੰਦੀ ਹੈ। ਉਹ ਘੁੱਪ ਹਨੇਰੀ ਰਾਤ, ਜਿਸ ਦੌਰਾਨ ਚੰਦਰਮਾ ਚਾਨਣ ਕਰਨ ਤੋਂ ਅਸਮਰੱਥ ਹੁੰਦਾ ਹੈ। ਕਦੇ ਕਦੇ ਦਿਨਾਂ ਦੇ ਹੇਰ ਫੇਰ ਕਾਰਨ ਦਿਵਾਲੀ ਮੱਸਿਆ ਵਾਲੀ ਰਾਤ ਨੂੰ ਹੀ ਮਨਾਈ ਜਾਂਦੀ ਹੈ। ਲੋਕ ਆਪਣੇ ਘਰਾਂ ਦੇ ਬਨੇਰਿਆਂ ਅਤੇ ਦਰਵਾਜ਼ਿਆਂ ਦੀਆਂ ਚੌਖਟਾਂ ਉੱਪਰ ਦੀਵੇ ਬਾਲ ਕੇ ਰੱਖਦੇ ਹਨ ਤਾਂ ਜੋ ਘੁੱਪ ਹਨੇਰੀ ਰਾਤ ਵਿੱਚ ਵੀ ਚਾਨਣ ਦੀਆਂ ਕਿਰਨਾਂ ਚਮਕਣ ਅਤੇ ਲਾਗਿਉਂ ਲੰਘਣ ਵਾਲਿਆਂ ਲਈ ਰਾਹ ਦਸੇਰੀਆਂ ਬਣਨ।
ਹਨੇਰਾ ਲਫਜ਼ ਅੰਧਕਾਰ ਦਾ ਬਦਲਿਆ ਰੂਪ ਹੈ। ਇਹ ਨਾਂਹ ਵਾਚਕ ਹੋਣ ਦੇ ਨਾਲ ਨਾਲ ਪਿਛਾਂਹ ਖਿੱਚੂ ਅਤੇ ਗੁਰਬਤ ਦੀ ਨਿਸ਼ਾਨੀ ਵੀ ਹੈ। ਮਨੁੱਖੀ ਜ਼ਿੰਦਗੀ ਵਿੱਚ ਖੁਸ਼ਹਾਲੀ ਦੀ ਕਾਮਨਾ ਕੇਵਲ ਅਤੇ ਕੇਵਲ ਰੋਸ਼ਨੀ ਅਥਵਾ ਚਾਨਣ ਨਾਲ ਹੀ ਕੀਤੀ ਜਾ ਸਕਦੀ ਹੈ। ਹਨੇਰਾ ਰੂਪੀ ਰੁਕਾਵਟਾਂ ਜਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਰੋਸ਼ਨੀ ਹੀ ਮੁੱਖ ਹਥਿਆਰ ਹੈ। ਰੋਸ਼ਨੀਆਂ ਦਾ ਇਹ ਤਿਉਹਾਰ ਅਕਸਰ ਨਵੰਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਸ਼ਬਦੀ ਅਰਥ ਤਾਂ ਕੇਵਲ ਹਨੇਰੇ ਨੂੰ ਚਾਨਣ ਵਿੱਚ ਬਦਲਣ ਨਾਲ ਆਪਣਾ ਮਕਸਦ ਹੱਲ ਕਰ ਲੈਂਦੇ ਹਨ ਪਰ ਵਿਹਾਰਕ ਤੌਰ ’ਤੇ ਇੰਨੇ ਨਾਲ ਗੱਲ ਨਹੀਂ ਬਣਦੀ। ਇਸ ਸਮੇਂ ਸਮਾਜ ਵਿੱਚ ਮਨੁੱਖਤਾ ਨੂੰ ਚਾਰ ਚੁਫੇਰੇ ਤੋਂ ਹੀ ਕਈ ਕਿਸਮ ਦੇ ਹਨੇਰਿਆਂ ਨੇ ਘੇਰਾ ਪਾਇਆ ਹੋਇਆ ਹੈ। ਸਭ ਤੋਂ ਪਹਿਲਾ ਹਨੇਰਾ ਤਾਂ ਅਨਪੜ੍ਹਤਾ ਹੈ। ਇਸ ਤੇਜ਼ ਅਤੇ ਤਕਨੀਕ ਅਧਾਰਿਤ ਦੌਰ ਦੌਰਾਨ ਅਨਪੜ੍ਹ ਵਿਅਕਤੀ ਦਾ ਜੀਣਾ ਬਹੁਤ ਮੁਸ਼ਕਿਲ ਹੈ। ਅਨਪੜ੍ਹ ਵਿਅਕਤੀ ਸਮਾਜ ਦੇ ਹਾਣ ਦਾ ਨਹੀਂ ਹੋ ਸਕਦਾ। ਬਰਾਬਰਤਾ ਦੇ ਅਧਿਕਾਰ ਦੀ ਹਰ ਪਾਸੇ ਚਰਚਾ ਹੁੰਦੀ ਹੈ। ਉਹ ਤਾਂ ਹੀ ਸੰਭਵ ਹੈ ਜੇ ਸਾਰੇ ਮਨੁੱਖ ਬਰਾਬਰ ਦੀ ਸਮਝ ਅਤੇ ਯੋਗਤਾ ਰੱਖਦੇ ਹੋਣਗੇ। ਅਨਪੜ੍ਹ ਮਨੁੱਖ ਲਈ ਕੋਈ ਵੀ ਭਾਸ਼ਾ ਸਮਝਣੀ ਮੁਸ਼ਕਿਲ ਹੁੰਦੀ ਹੈ। ਅਗਿਆਨਤਾ ਵੀ ਅਨਪੜ੍ਹਤਾ ਦਾ ਵਿਸਤਿਰਤ ਰੂਪ ਹੈ।
ਆਰਥਿਕ ਵੰਡੀਆਂ ਅਮੀਰੀ ਅਤੇ ਗਰੀਬੀ ਦੇ ਵਰਗੀਕਰਨ ਦਾ ਮੁੱਖ ਕਾਰਨ ਹਨ। ਇਸੇ ਕਾਰਨ ਉੱਚ ਵਰਗ ਦੇ, ਭਾਵ ਅਮੀਰ ਲੋਕ ਮੁੱਢੋਂ ਹੀ ਹੇਠਲੇ ਵਰਗ ਦੇ ਲੋਕਾਂ ਨਾਲ ਵਿਤਕਰਾ ਕਰਦੇ ਆਏ ਹਨ। ਪੀੜ੍ਹੀ ਦਰ ਪੀੜ੍ਹੀ ਇਹ ਪਾੜਾ ਵਧਦਾ ਹੀ ਗਿਆ ਹੈ। ਅੰਧ-ਵਿਸ਼ਵਾਸ, ਜਾਤਾਂ, ਧਰਮਾਂ ਅਤੇ ਨਸਲ-ਭੇਦ ਦੇ ਵਿਤਕਰੇ ਵੀ ਸਮਾਜ ਦੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਆਉਣ ਤੋਂ ਰੋਕਦੇ ਰਹੇ ਹਨ। ਕੁਦਰਤ ਦੀ ਕਾਇਨਾਤ ਨੇ ਮਨੁੱਖੀ ਜੀਵ ਨੂੰ ਇੱਕ ਉੱਤਮ ਜੀਵ ਦਾ ਮਾਣ ਦੇ ਕੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਸੀ। ਇਸਦਾ ਮੁੱਖ ਉਦੇਸ਼ ਪ੍ਰੇਮ-ਪਿਆਰ ਅਤੇ ਇੱਕ ਦੂਜੇ ਦੇ ਸਹਿਯੋਗ ਨਾਲ ਖੁਸ਼ਹਾਲ ਜੀਵਨ ਜਿਊਣਾ ਸੀ। ਪਰ ਮਨੁੱਖੀ ਵਿਹਾਰ ਨੇ ਵੱਖ ਵੱਖ ਤਰ੍ਹਾਂ ਦੇ ਅੰਧਕਾਰ ਫੈਲਾਅ ਕੇ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਕੇ ਅਗਿਆਨਤਾ ਅਤੇ ਅੰਧ-ਵਿਸ਼ਵਾਸ ਰਾਹੀਂ ਨਫਰਤ ਦਾ ਅਜਿਹਾ ਬੀਜ ਬੀਜਿਆ ਕਿ ਸਮੁੱਚਾ ਵਿਸ਼ਵ ਲੜਾਈਆਂ-ਝਗੜਿਆਂ ਵਿੱਚ ਉਲਝ ਗਿਆ। ਇਤਿਹਾਸ ਅਤੇ ਮਿਥਿਹਾਸ ਕਈ ਤਰ੍ਹਾਂ ਦੀਆਂ ਮਹਾਨ ਜੰਗਾਂ ਅਤੇ ਯੁੱਧਾਂ ਦੀਆਂ ਕਥਾ-ਕਹਾਣੀਆਂ ਨਾਲ ਭਰਿਆ ਪਿਆ ਹੈ। ਭਾਵੇਂ ਇਨ੍ਹਾਂ ਵਿੱਚੋਂ ਕਈ ਮਨੁੱਖ ਨੂੰ ਪ੍ਰੇਰਨਾ ਦੇਣ ਦੇ ਮਕਸਦ ਨਾਲ ਹੀ ਕਿਉਂ ਨਾ ਘੜੀਆਂ ਗਈਆਂ ਹੋਣ ਪਰ ਉਹ ਰਾਹ ਦਸੇਰੀਆਂ ਜ਼ਰੂਰ ਸਾਬਤ ਹੋਈਆਂ ਹਨ। ਹਰ ਸਾਲ ਅਸੀਂ ਬਦੀ ਉੱਪਰ ਨੇਕੀ ਦੀ ਫਤਿਹ ਦੇ ਰੂਪ ਵਿੱਚ ਦਸਹਿਰੇ ਦਾ ਤਿਉਹਾਰ ਮਨਾਉਂਦੇ ਹਾਂ। ਬਦੀ ਦੇ ਪ੍ਰਤੀਕ ਰਾਵਣ, ਕੁੰਭ-ਕਰਨ ਅਤੇ ਮੇਘ ਨਾਦ ਦੇ ਪੁਤਲੇ ਅਸੀਂ ਸਦੀਆਂ ਤੋਂ ਸਾੜਦੇ ਆ ਰਹੇ ਹਾਂ। ਸਾਲ ਭਰ ਦੀਆਂ ਬੁਰਾਈਆਂ ਦਸਹਿਰੇ ਦੇ ਰੂਪ ਵਿੱਚ ਸਾੜ ਕੇ ਅਸੀਂ ਸੁਰਖਰੂ ਹੋ ਜਾਂਦੇ ਹਾਂ ਕਿ ਹੁਣ ਬੁਰਾਈ ਖਤਮ ਹੋ ਗਈ ਹੈ।
ਇਸੇ ਤਰ੍ਹਾਂ ਦੀਵੇ ਬਾਲ ਕੇ ਅਸੀਂ ਹਰ ਸਾਲ ਆਪਣੇ ਘਰਾਂ ਨੂੰ ਰੁਸ਼ਨਾਉਂਦੇ ਹਾਂ, ਸਾਫ ਸਫਾਈ ਕਰਦੇ ਹਾਂ ਤਾਂ ਕਿ ਅਗਿਆਨਤਾ ਅਤੇ ਅਨਪੜ੍ਹਤਾ ਦਾ ਹਨੇਰਾ ਦੂਰ ਹੋ ਜਾਵੇ ਅਤੇ ਲੱਛਮੀ ਦੇਵੀ ਸਾਡੇ ਘਰਾਂ ਨੂੰ ਖੁਸ਼ਹਾਲ ਕਰੇ। ਇਹ ਸੇਧ ਅਸੀਂ ਭਗਵਾਨ ਰਾਮ ਦੇ ਚੌਦਾਂ ਸਾਲ ਦਾ ਬਣਵਾਸ ਕੱਟ ਕੇ ਅਤੇ ਰਾਵਣ ਦਾ ਅੰਤ ਕਰਕੇ ਵਾਪਸ ਆਪਣੇ ਘਰ ਅਯੁੱਧਿਆ ਆਉਣ ਤੋਂ ਪ੍ਰਾਪਤ ਕੀਤੀ ਹੈ। ਕਿਹਾ ਜਾਂਦਾ ਹੈ ਕਿ ਉਸ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਰੁਸ਼ਨਾਉਣ ਲਈ ਭਗਵਾਨ ਰਾਮ ਦੇ ਸਵਾਗਤ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ। ਫਿਰ ਹਰ ਸਾਲ ਇਹ ਪਰੰਪਰਾ ਬਣ ਗਈ ਅਤੇ ਦੀਵਿਆਂ ਵਾਲੀ ਰਾਤ ਦਿਵਾਲੀ ਦੇ ਤਿਉਹਾਰ ਵਿੱਚ ਬਦਲ ਗਈ।
ਕਈ ਵਕਤੀ ਘਟਨਾਵਾਂ ਅਚਨਚੇਤ ਵੀ ਨਾਲ ਜੁੜ ਜਾਂਦੀਆਂ ਹਨ ਜੋ ਉਸ ਤਿਉਹਾਰ ਦਾ ਘੇਰਾ ਹੋਰ ਵਿਸਤਿਰਤ ਕਰ ਦਿੰਦੀਆਂ ਹਨ। ਛੇਵੇਂ ਸਿੱਖ ਗੁਰੂ, ਗੁਰੂ ਹਰਿ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਏ ਤਾਂ ਉਨ੍ਹਾਂ ਨੇ ਨਾਲ ਹੀ ਹੋਰ 52 ਰਾਜਿਆਂ ਨੂੰ ਵੀ ਰਿਹਾ ਕਰਵਾ ਲਿਆ ਸੀ। ਉਹ ਸਾਰੇ ਦਿਵਾਲੀ ਵਾਲੇ ਦਿਨ ਹੀ ਅੰਮ੍ਰਿਤਸਰ ਪਹੁੰਚੇ ਸਨ। ਇੰਜ ਬੰਦੀਛੋੜ ਦਿਵਸ ਵਜੋਂ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵਧ ਗਈ। ਦਿਵਾਲੀ ਅਤੇ ਬੰਦੀਛੋੜ ਦੋਵੇਂ ਤਿਉਹਾਰ ਮਨੁੱਖਤਾ ਨੂੰ ਸੇਧ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਰਜੇ ਗਏ ਹਨ। ਇਨ੍ਹਾਂ ਦਾ ਮੁੱਖ ਉਦੇਸ਼ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਹੈ; ਜ਼ੁਲਮ ਨੂੰ ਠੱਲ੍ਹ ਪਾਉਣੀ ਹੈ।
ਆਮ ਲੋਕਾਂ ਦੇ ਨਾਲ ਨਾਲ ਹਾਕਮ ਜਮਾਤ ਨੂੰ ਵੀ ਇਨ੍ਹਾਂ ਤਿਉਹਾਰਾਂ ਤੋਂ ਸਿੱਖਿਆ ਅਤੇ ਸੇਧ ਲੈਣ ਦੀ ਜ਼ਰੂਰਤ ਹੈ। ਪਰ ਹਰ ਵਾਰ ਪੰਚਾਂ ਦਾ ਕਿਹਾ ਸਿਰ ਮੱਥੇ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਲੋਕ ਕੇਵਲ ਤਿਉਹਾਰ ਮਨਾਉਂਦੇ ਹਨ, ਸਾਫ ਸਫਾਈ ਕਰਦੇ ਹਨ ਅਤੇ ਚੀਜ਼ਾਂ ਵਸਤਾਂ ਦੀ ਖਰੀਦ-ਵੇਚ ਵੀ ਬਹੁਤ ਹੁੰਦੀ ਹੈ ਪਰ ਬੁਰਾਈਆਂ ਜਾਂ ਕੁਰੀਤੀਆਂ ਘਟਣ ਦੀ ਬਜਾਏ ਹੋਰ ਵਧ ਜਾਂਦੀਆਂ ਹਨ। ਮਠਿਆਈਆਂ ਦਾ ਤਿਉਹਾਰਾਂ ਨਾਲ ਚੋਲੀ-ਦਾਮਨ ਦਾ ਸਾਥ ਹੈ। ਲੋਕਾਂ ਨੇ ਚੰਗੀਆਂ ਅਤੇ ਵਧੀਆ ਮਠਿਆਈਆਂ ਖਰੀਦ ਕੇ ਖਾ ਪੀ ਕੇ ਅਨੰਦ ਮਾਣਨਾ ਹੁੰਦਾ ਹੈ। ਪਰ ਤਿਉਹਾਰਾਂ ਦੇ ਨਾਮ ’ਤੇ ਬਜ਼ਾਰਾਂ ਵਿੱਚ ਨਕਲੀ ਅਤੇ ਮਿਲਾਵਟ ਵਾਲੀਆਂ ਮਠਿਆਈਆਂ ਦਾ ਬਹੁਤ ਬੋਲਬਾਲਾ ਵਧ ਗਿਆ ਹੈ। ਮਿਲਾਵਟੀ ਚੀਜ਼ਾਂ ਸਿਹਤ ਦਾ ਨੁਕਸਾਨ ਕਰਕੇ ਬਿਮਾਰੀਆਂ ਪਰੋਸਦੀਆਂ ਹਨ। ਤਿਉਹਾਰ ਤਾਂ ਅਸੀਂ ਬੁਰਾਈ ਮੁਕਾਉਣ ਦੇ ਉਦੇਸ਼ ਨਾਲ ਮਨਾਉਂਦੇ ਹਾਂ ਪਰ ਲੋਭੀ ਅਤੇ ਲਾਲਚੀ ਵਪਾਰੀ ਲੋਕ ਸਾਡੀ ਸਿਹਤ ਨਾਲ ਖਿਲਵਾੜ ਕਰਦੇ ਹਨ। ਨਕਲੀ ਦੁੱਧ, ਜੋ ਮਠਿਆਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ, ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ ਅਸਲੀ ਨਾਲੋਂ ਕਈ ਗੁਣਾਂ ਵੱਧ ਵਰਤਿਆ ਜਾਂਦਾ ਹੈ। ਫਿਰ ਅਜਿਹੇ ਤਿਉਹਾਰ ਮਨਾਉਣ ਦਾ ਕੀ ਲਾਭ?

ਰਿਸ਼ਵਤ ਅਤੇ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਰਕਾਰਾਂ ਬਹੁਤ ਰੌਲਾ ਪਾਉਂਦੀਆਂ ਹਨ ਪਰ ਫਿਰ ਵੀ ਉਹ ਖਤਮ ਨਹੀਂ ਹੁੰਦਾ। ਇਹ ਨਹੀਂ ਕਿ ਸਾਡੇ ਕਾਨੂੰਨ ਸਖਤ ਨਹੀਂ ਹਨ। ਕਾਨੂੰਨ ਹਨ ਪਰ ਲੋਕਾਂ ਦੀ ਮਾਨਸਿਕਤਾ ਵੀ ਤਾਂ ਕਾਨੂੰਨਾਂ ਦੀ ਪਾਲਣਾ ਕਰਨ ਦੀ ਹੋਣੀ ਚਾਹੀਦੀ ਹੈ। ਮੁਫਤ ਤੰਤਰ ਦੇ ਲਾਰੇ ਲਾ ਕੇ ਰਾਜਨੀਤਕ ਪਾਰਟੀਆਂ ਸਰਕਾਰਾਂ ਬਣਾਉਂਦੀਆਂ ਹਨ। ਵਾਅਦੇ ਪੂਰੇ ਕਰਨ ਲਈ ਬਜਟ ਡਗਮਗਾ ਜਾਂਦੇ ਹਨ ਅਤੇ ਵਿਕਾਸ ਰੁਕ ਜਾਂਦਾ ਹੈ। ਮਨੁੱਖ ਸਮਾਜਿਕ ਪ੍ਰਾਣੀ ਹੈ। ਇਹ ਬੁਰੀਆਂ ਆਦਤਾਂ ਬਹੁਤ ਜਲਦੀ ਗ੍ਰਹਿਣ ਕਰ ਲੈਂਦਾ ਹੈ। ਵਿਹਲਾ ਮਨ ਸ਼ੈਤਾਨ ਦਾ ਘਰ ਜੁ ਹੋਇਆ। ਤਿਉਹਾਰ ਮਨਾਉਣੇ, ਮਨੋਰੰਜਨ ਕਰਨਾ ਮਨੁੱਖੀ ਜੀਵਨ ਦਾ ਇੱਕ ਹਿੱਸਾ ਹੈ ਪਰ ਉਸ ਤੋਂ ਪਹਿਲਾਂ ਜੀਵਨ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਅਗਿਆਨਤਾ, ਅੰਧ-ਵਿਸ਼ਵਾਸ ਅਤੇ ਹੋਰ ਕੁਰੀਤੀਆਂ ਦੂਰ ਕਰਨ ਲਈ ਸਿੱਖਿਆ ਦਾ ਪ੍ਰਸਾਰ ਕਰਕੇ, ਸਿਹਤ ਸਹੂਲਤਾਂ ਉਪਲਬਧ ਕਰਵਾਉਣਾ ਅਤੇ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਸਰਕਾਰਾਂ ਦਾ ਮੁੱਖ ਜ਼ਿੰਮਾ ਹੈ। ਮੁਫਤ ਦੀਆਂ ਚਾਟਾਂ ਖਤਮ ਕਰਕੇ ਕੰਮ ਪ੍ਰਤੀ ਉਤਸ਼ਾਹ ਪੈਦਾ ਕਰਨਾ ਮੁੱਖ ਟੀਚਾ ਹੋਣਾ ਚਾਹੀਦਾ ਹੈ। ਸਰਕਾਰਾਂ ਭੇਦ-ਭਾਵ ਤੋਂ ਬਿਨਾਂ ਯੋਗਤਾ ਦੇ ਅਧਾਰ ’ਤੇ ਹਰ ਨਾਗਰਿਕ ਨਾਲ ਬਰਾਬਰਤਾ ਦੇ ਅਧਾਰ ’ਤੇ ਵਿਹਾਰ ਕਰਨ, ਕਿਸੇ ਨਾਲ ਵੀ ਵਧੀਕੀ ਨਾ ਹੋਵੇ ਤੇ ਸਮੇਂ ਸਿਰ ਇਨਸਾਫ ਮਿਲੇ ਤਾਂ ਸਮੱਸਿਆਵਾਂ ਖੁਦ ਬਖੁਦ ਖਤਮ ਹੋ ਜਾਂਦੀਆਂ ਹਨ। ਜੇ ਇਕੱਲਾ ਇਹ ਹੀ ਸੋਚ ਲਿਆ ਜਾਵੇ ਕਿ ਪੁਤਲੇ ਸਾੜਨ ਅਤੇ ਦੀਵੇ ਬਾਲਣ ਨਾਲ ਬੁਰਾਈ ਖਤਮ ਹੋ ਜਾਵੇਗੀ ਜਾਂ ਅਗਿਆਨਤਾ ਦਾ ਅੰਧੇਰ ਦੂਰ ਹੋ ਜਾਵੇਗਾ ਤਾਂ ਇਹ ਮਹਿਜ਼ ਗਲਤ ਫਹਿਮੀ ਹੋਵੇਗੀ।
ਇਹ ਤਿਉਹਾਰ ਉਦੇਸ਼ ਅਤੇ ਯਾਦ ਦਾ ਕੰਮ ਕਰਦੇ ਹੋਏ ਮਨੁੱਖੀ ਮਨਾਂ ਅੰਦਰ ਤਾਂਘ ਪੈਦਾ ਕਰਨ ਲਈ ਸਿਰਜੇ ਗਏ ਸਨ। ਬਾਕੀ ਵਿਹਾਰਕ ਰੂਪ ਵਿੱਚ ਮਸਲੇ ਹੱਲ ਕਰਨ ਲਈ ਅਮਲੀ ਜਾਮਾ ਪਹਿਨਾਉਣਾ ਹੀ ਮੁੱਖ ਜ਼ਰੂਰਤ ਹੁੰਦੀ ਹੈ। ਆਸ ਕਰਨੀ ਬਣਦੀ ਹੈ ਕਿ ਮਨੁੱਖਤਾ, ਸਮਾਜ ਅਤੇ ਦੇਸ਼ ਹਿਤ ਵਿੱਚ ਸਮੂਹ ਨਾਗਰਿਕ ਇਸ ਤਰੀਕੇ ਨਾਲ ਆਪੋ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਦਾ ਪਾਲਣ ਕਰਨਗੇ ਕਿ ਸਮੂਹ ਬੁਰਾਈਆਂ ਅਤੇ ਕੁਰੀਤੀਆਂ ਅਲੋਪ ਹੋ ਜਾਣ ਅਤੇ ਖੁਸ਼ਹਾਲੀ ਦੀ ਰੋਸ਼ਨੀ ਵਧੇ ਫੁੱਲੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































