“ਪੜ੍ਹ ਲਿਖ ਕੇ ਸਿਆਣੇ ਬਣਨਾ ਅਤੇ ਆਪੋ ਆਪਣੀ ਜ਼ਿੰਮੇਵਾਰੀ ਅਤੇ ਅਧਿਕਾਰਾਂ ਬਾਰੇ ਜਾਣੂ ...”
(20 ਜੂਨ 2025)
ਆਧੁਨਿਕ ਦੌਰ ਇਸ਼ਤਿਹਾਰਬਾਜ਼ੀ ਅਤੇ ਵਿਖਾਵੇ ਦਾ ਯੁਗ ਹੈ, ਫੇਸਬੁੱਕ ਅਤੇ ਸੋਸ਼ਲ ਮੀਡੀਏ ਦਾ ਜ਼ਮਾਨਾ ਹੈ। ਕਦੇ ਉਹ ਵੇਲਾ ਹੁੰਦਾ ਸੀ ਕਿ ਕਿਸੇ ਦੇ ਘਰ ਕੀ ਰਿੱਝਦਾ ਪੱਕਦਾ ਹੈ, ਉਹ ਕੀ ਖਾ ਰਹੇ ਹਨ, ਘਰ ਵਿੱਚ ਹਨ ਕਿ ਜਾਂ ਬਾਹਰ ਅੰਦਰ ਗਏ ਹੋਏ ਹਨ, ਸਭ ਕੁਝ ਗੁਪਤ ਜਿਹਾ ਹੁੰਦਾ ਸੀ। ਵਿਆਹ ਸ਼ਾਦੀਆਂ ’ਤੇ ਜਾਣ ਦਾ ਪਤਾ ਵੀ ਘਰ ਵਾਲਿਆਂ ਨੂੰ ਹੀ ਹੁੰਦਾ ਸੀ ਜਾਂ ਫਿਰ ਕਿਸੇ ਖ਼ਾਸ ਮਿੱਤਰ ਜਾਂ ਸਕੇ ਸੰਬੰਧੀ ਨੂੰ। ਹੁਣ ਤਾਂ ਲੋਕ ਵਿਖਾਵੇ ਦੇ ਇੰਹਨ ਸ਼ੌਕੀਨ ਹੋ ਗਏ ਹਨ ਕਿ ਜਦੋਂ ਤਕ ਖਾਧੀ ਪੀਤੀ ਦੀ ਗੱਲ ਜਾਂ ਫਿਰ ਨਵੇਂ ਫੈਸ਼ਨ ਦੇ ਕੱਪੜੇ ਪਹਿਹਨ ਹੋਣ ਦੀ ਵੀਡੀਓ ਫੇਸਬੁੱਕ ਉੱਪਰ ਲੋਡ ਨਾ ਕੀਤੀ ਜਾਵੇ, ਤਦ ਤਕ ਰੋਟੀ ਹਜ਼ਮ ਹੀ ਨਹੀਂ ਹੁੰਦੀ। ਕਿਹੋ ਜਿਹਾ ਚੰਦਰਾ ਜ਼ਮਾਨਾ ਆ ਗਿਆ ਏ, ਜਿਹੜੀਆਂ ਗੱਲਾਂ ਦਾ ਪਤਾ ਘਰ ਵਾਲਿਆਂ ਨੂੰ ਵੀ ਨਹੀਂ ਹੁੰਦਾ, ਉਹ ਆਮ ਲੋਕਾਂ ਤਕ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਹੁੰਦੀਆਂ ਹਨ। ਬੌਲੀਵੁੱਡ ਹੋਵੇ ਜਾਂ ਹਾਲੀਵੁੱਡ, ਇਨ੍ਹਾਂ ਦੇ ਹੀਰੋ ਅਤੇ ਹੀਰੋਇਨਾਂ, ਮੰਨਿਆ ਮਸ਼ਹੂਰ ਹੁੰਦੇ ਹਨ, ਉਹਨਾਂ ਦੇ ਇੱਕ ਦੂਜੇ ਨਾਲ ਇਸ਼ਕ-ਮੁਸ਼ਕ ਦੇ ਕਿਸੇ ਕਹਾਣੀਆਂ ਤਾਂ ਪ੍ਰਸਿੱਧ ਹੋਣੇ ਹੀ ਹੁੰਦੇ ਹਨ, ਗਰਭ ਧਾਰਨ ਕਰਨ ਦੀਆਂ ਖ਼ਬਰਾਂ ਵੀ ਅਖਬਾਰੀ ਸੁਰਖ਼ੀਆਂ ਬਣ ਜਾਂਦੀਆਂ ਹਨ। ਨਾ ਕੋਈ ਸੰਗ ਤੇ ਨਾ ਕੋਈ ਸ਼ਰਮ! ਘਰ ਵਿੱਚ ਨਵਾਂ ਜੀਅ ਆਉਣ ਦਾ ਚਾਅ ਤਾਂ ਭਾਵੇਂ ਸਾਰਿਆਂ ਨੂੰ ਹੀ ਹੁੰਦਾ ਹੈ ਤੇ ਇਹ ਇੱਕ ਕੁਦਰਤੀ ਪ੍ਰਕਿਰਿਆ ਵੀ ਹੈ, ਪਰ ਪਹਿਲਾਂ ਇਸਦਾ ਪਤਾ ਬੱਚੇ ਦੇ ਜਨਮ ਹੋਣ ਤੇ ਹੀ ਲਗਦਾ ਸੀ। ਹੁਣ ਤਾਂ ...। ਦੋਸਤ ਮਿੱਤਰ ਬਣਨਾ ਅਤੇ ਦੋਸਤੀ ਪੁਗਾਉਣੀ ਉਂਜ ਤਾਂ ਮਨੁੱਖੀ ਫ਼ਿਤਰਤ ਹੈ, ਆਧੁਨਿਕਤਾ ਦੇ ਦੌਰ ਨਾਲ ਹੁਣ ਇਸਤਰੀ-ਮਰਦ, ਬੁੱਢੇ ਤੇ ਬੱਚੇ, ਵਿਆਹੇ, ਕੁਆਰੇ ਤੇ ਛੜੇ ਸਭ ਨੂੰ ਦੋਸਤੀ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ। ਰਿਸ਼ਤੇ ਨਾਤੇ ਵੀ ਹੁਣ ਤਾਂ ਦੋਸਤੀ ਦੇ ਅਧਾਰ ’ਤੇ ਹੀ ਤੈਅ ਹੋਣ ਲੱਗ ਪਏ ਹਨ। ਉਂਜ ਇੱਕ ਗੱਲੋਂ ਇਹ ਲਾਭਕਾਰੀ ਵੀ ਹੈ ਕਿ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖਾ! ਦੋਵੇਂ ਧਿਰਾਂ ਇੱਕ ਦੂਜੇ ਨੂੰ ਜਾਣਦੇ ਬੁੱਝਦੇ ਹੋਣ, ਇੱਕ ਦੂਜੇ ਦੀਆਂ ਆਦਤਾਂ ਤੋਂ ਜਾਣੂ ਹੋਣ ਤਾਂ ਬਾਅਦ ਵਿੱਚ ਕਿਸੇ ਝਗੜੇ ਦਾ ਡਰ ਨਹੀਂ ਰਹਿੰਦਾ। ਪਰ ਡੁੱਬੀ ਤਾਂ ਜੇ ਸਾਹ ਨਾ ਆਇਆ? ਅਜਿਹੇ ਰਿਸ਼ਤੇ ਧੁਰ ਕਿੱਥੇ ਚੜ੍ਹਦੇ ਹਨ। ਯਾਰੀ ਲੱਗਦੀ ਬਾਅਦ ਵਿੱਚ ਹੈ ਤੇ ਟੁੱਟ ਪਹਿਲਾਂ ਜਾਂਦੀ ਹੈ। ਫਿਰ ਮਨ ਮੁਟਾਵ, ਮੂੰਹ ਮੋਟਾ! ਹੋਰ ਤਾਂ ਹੋਰ, ਸਭ ਤੋਂ ਪਹਿਲਾਂ ਤਾਂ ਫ਼ੋਨ ਬਲੌਕ ਹੁੰਦੇ ਹਨ। ਫਿਰ ਇੱਕ ਦੂਜੇ ਵਿਰੁੱਧ ਰੱਜ ਕੇ ਭੜਾਸ ਵੀ ਕੱਢਦੇ ਹਨ। ਵੰਨ ਸੁਵੰਨੀਆਂ ਟੂਕਾਂ ਅਤੇ ਮੁਹਾਵਰੇ ਸੁਣਨ ਨੂੰ ਮਿਲਦੇ ਹਨ, “ਲੱਗੀ ਨਾਲੋਂ ਟੁੱਟੀ ਚੰਗੀ ਬੇਕਦਰਾਂ ਦੀ ਯਾਰੀ, ਤੇ ਟੁੱਟ ਗਈ ਤੜੱਕ ਕਰਕੇ ...” ਜਾਂ ਫਿਰ “ਭਲਾ ਹੋਇਆ ਮੇਰਾ ਚਰਖਾ ਟੁੱਟਾ, ਜਿੰਦ ਅਜਾਬੋਂ ਛੁੱਟੀ” ਵਗੈਰਾ!
ਰਿਲੇਸ਼ਨਸ਼ਿੱਪ ਵਿੱਚ ਰਹਿਣਾ ਅੱਜਕੱਲ੍ਹ ਵਿਆਹ ਸ਼ਾਦੀ ਤੋਂ ਬਿਨਾਂ ਹੀ ਸ਼ਾਦੀ ਵਾਲੇ ਬੰਧਨ ਵਿੱਚ ਰਹਿਣਾ, ਬੱਚੇ ਵੀ ਪੈਦਾ ਕਰ ਲੈਣੇ ਤੇ ਫਿਰ ਅਚਾਨਕ ਪਈ ਬਰੇਕ ਕਾਰਨ ਸਭ ਕੁਝ ਖਿੱਲਰ ਪੁੱਲਰ ਜਾਣਾ! ਇਹਨੂੰ ਕਹਿੰਦੇ ਹਨ ਆਧੁਨਿਕਤਾ। ਪੰਜਾਹ ਤੋਂ ਟੱਪੀਆਂ ਬੀਬੀਆਂ ਅਤੇ ਸੱਤਰਾਂ ਤੋਂ ਉੱਪਰ ਉਮਰ ਦੇ ਬਾਬੇ ਵੀ ਬੜੇ ਸ਼ੌਕ ਨਾਲ ਦੱਸਦੇ ਹਨ ਕਿ ਅਸੀਂ ਤਾਂ ਰਿਲੇਸ਼ਨ ਵਿੱਚ ਹਾਂ। ਕੋਈ ਦੂਸਰੇ ਰਿਲੇਸ਼ਨ ਸ਼ਿੱਪ ਵਿੱਚ ਹੈ ਤੇ ਕੋਈ ਤੀਸਰੇ ਵਿੱਚ! ਵਿਆਹਾਂ ਦੇ ਬਾਅਦ ਤਾਂ ਤਲਾਕ ਹੁੰਦੇ ਸਨ ਤੇ ਤਲਾਕ ਦੇ ਲੰਬੇ ਝੰਜਟ ਬਾਅਦ ਦੋਹਾਂ ਧਿਰਾਂ ਨੂੰ ਅਜ਼ਾਦੀ ਮਿਲਦੀ ਸੀ, ਫਿਰ ਕਿਤੇ ਜਾ ਕੇ ਉਹ ਨਵੇਂ ਸਿਰੇ ਤੋਂ ਜ਼ਿੰਦਗੀ ਅਰੰਭਣ ਦੇ ਯੋਗ ਹੁੰਦੇ ਸਨ। ਤਲਾਕ ਤਾਂ ਉਂਜ ਹੀ ਪੱਛਮੀ ਕਲਚਰ ਦੀ ਉਪਜ ਸੀ, ਆਧੁਨਿਕਤਾ ਨਾਲ ਸਾਡੇ ਭਾਰਤੀ ਕਲਚਰ ਵਿੱਚ ਵੀ ਇਵੇਂ ਆਣ ਘੁਸਿਆ ਹੈ ਕਿ ਦੇਸ਼ ਭਰ ਦੀਆਂ ਅਦਾਲਤਾਂ ਤਲਾਕ ਦੇ ਮੁਕੱਦਮਿਆਂ ਨਾਲ ਭਰੀਆਂ ਪਈਆਂ ਹਨ। ਇਨ੍ਹਾਂ ਪਰਿਵਾਰਕ ਝਗੜਿਆਂ ਨੂੰ ਨਿਬੇੜਨ ਵਾਸਤੇ ਸਪੈਸ਼ਲ ਫੈਮਲੀ ਕੋਰਟਾਂ ਦਾ ਗਠਨ ਵੀ ਕੀਤਾ ਗਿਆ ਹੈ। ਫਿਰ ਵੀ ਵਿਆਹ ਸ਼ਾਦੀ ਦੇ ਝਗੜਿਆਂ ਤੋਂ ਉਪਜੇ ਮੁਕੱਦਮਿਆਂ ਦੀ ਇੰਨੀ ਭਰਮਾਰ ਹੈ ਕਿ ਸਾਲਾਂ ਬੱਧੀ ਲਟਕਣ ਬਾਅਦ ਵੀ ਮਸਲੇ ਹੱਲ ਨਹੀਂ ਹੁੰਦੇ। ਭਾਰਤੀ ਕਲਚਰ ਵਿੱਚ ਤਾਂ ਤਲਾਕ ਦਾ ਕੋਈ ਨਾਂ ਪਤਾ ਹੀ ਨਹੀਂ ਸੀ ਜਾਣਦਾ ਹੁੰਦਾ। ਜਿਸ ਘਰ ਜ਼ਨਾਨੀ ਵਿਆਹ ਕੇ ਆਈ ਹੁੰਦੀ ਸੀ ਉਸੇ ਘਰੋਂ ਹੀ ਉਸ ਦੀ ਅਰਥੀ ਉੱਠਦੀ ਹੁੰਦੀ ਸੀ। ਅਜ਼ਾਦੀ ਦੇ ਖੁੱਲ੍ਹ ਖ਼ੁਲਾਸੇ ਨਾਲ ਹਉਮੈਂ ਅਤੇ ਈਗੋ ਦੀ ਭਾਵਨਾ ਵੀ ਪਰਿਵਾਰਕ ਝਗੜਿਆਂ ਦਾ ਮੁੱਖ ਕਾਰਨ ਬਣੀ ਹੋਈ ਹੈ। ਅਜ਼ਾਦੀ ਨਾਲ ਔਰਤ ਤੇ ਮਰਦ ਦੋਵੇਂ ਬਰਾਬਰਤਾ ਦੀ ਮਹੱਤਤਾ ਸਮਝਦੇ ਹੋਏ ਸਬਰ ਅਤੇ ਸੰਜਮ ਨਾਲ ਰਹਿਣ ਤੋਂ ਮੁਨਕਰ ਹੋਣ ਲੱਗ ਪਏ ਹਨ। ਸਹਿਣਸ਼ੀਲਤਾ ਦਾ ਮਾਦਾ ਖ਼ਤਮ ਹੋਣਾ ਵੀ ਪਰਿਵਾਰਕ ਝਗੜਿਆਂ ਦਾ ਕਾਰਨ ਬਣ ਰਿਹਾ ਹੈ।
ਪੜ੍ਹ ਲਿਖ ਕੇ ਸਿਆਣੇ ਬਣਨਾ ਅਤੇ ਆਪੋ ਆਪਣੀ ਜ਼ਿੰਮੇਵਾਰੀ ਅਤੇ ਅਧਿਕਾਰਾਂ ਬਾਰੇ ਜਾਣੂ ਹੋਣਾ ਵਧੀਆ ਗੱਲ ਹੈ। ਅਜਿਹਾ ਗ੍ਰਹਿਸਤੀ ਦੀ ਗੱਡੀ ਦੀ ਸਫਲਤਾ ਲਈ ਜ਼ਰੂਰੀ ਵੀ ਹੈ ਪਰ ਜਦੋਂ ਹੈਂਕੜਬਾਜ਼ੀ ਉਤਪੰਨ ਹੋਣ ਲੱਗ ਪਵੇ ਤੇ ਬਰਦਾਸ਼ਤ ਕਰਨ ਦਾ ਮਾਦਾ ਨਾ ਰਹੇ ਤਾਂ ਪੜ੍ਹੇ ਲਿਖੇ ਲੋਕ ਕਿੱਥੇ ਸਮਝਦੇ ਹਨ? ਇਹੀ ਕਾਰਨ ਹੈ ਕਿ ਅੱਜਕੱਲ੍ਹ ਉੱਚ ਪੱਧਰ ਦੇ ਪੜ੍ਹੇ ਲਿਖੇ ਜੋੜਿਆਂ ਦੇ ਤਲਾਕ ਵਧੇਰੇ ਹੁੰਦੇ ਹਨ। ਉਹਨਾਂ ਲੋਕਾਂ ਵਿੱਚ ਸ਼ੱਕ ਅਤੇ ਈਰਖਾ ਜ਼ਿਆਦਾ ਹੁੰਦੀ ਹੈ। ਸ਼ੱਕ ਅਤੇ ਈਰਖਾ ਘਰਾਂ ਨੂੰ ਤਬਾਹ ਕਰਕੇ ਰੱਖ ਦਿੰਦੀ ਹੈ। ਵਿਆਹ ਪਿਆਰ ਦੇ ਨਤੀਜੇ ਵਾਲੇ ਅਰਥਾਤ ਲਵ-ਮੈਰਿਜ ’ਤੇ ਅਧਾਰਤ ਹੋਣ ਜਾਂ ਫਿਰ ਪਰਿਵਾਰਕ ਰਜ਼ਾਮੰਦੀ ਅਨੁਸਾਰ ਤੈਅ ਕਰਨ ਅਨੁਸਾਰ, ਉਹਨਾਂ ਵਿੱਚ ਉਤਪੰਨ ਹੋਏ ਝਗੜੇ ਜਾਂ ਤਾਂ ਰਿਸ਼ਤੇਦਾਰ ਤੇ ਸੰਬੰਧੀਆਂ ਦੀ ਦਖ਼ਲਅੰਦਾਜ਼ੀ ਨਾਲ ਹੱਲ ਹੋ ਜਾਂਦੇ ਸਨ ਜਾਂ ਫਿਰ ਪੰਚਾਇਤਾਂ ਦੇ ਦਖ਼ਲ ਦੇਣ ਨਾਲ। ਉਂਜ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜਕੱਲ੍ਹ ਇਹ ਝਗੜੇ ਨਿਪਟਾਉਣ ਦੇ ਕੁਝ ਕੁਝ ਹੱਕ ਪ੍ਰਾਪਤ ਹਨ। ਪਰ ਆਖ਼ਰੀ ਛੁਟਕਾਰਾ ਅਦਾਲਤੀ ਕਾਰਵਾਈ ਨਾਲ ਹੀ ਹੁੰਦਾ ਹੈ। ਔਖਾ ਹੋਵੇ ਜਾਂ ਸੌਖਾ, ਗਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ। ਉੱਖਲੀ ਵਿੱਚ ਸਿਰ ਦੇਵਾਂਗੇ, ਮੋਹਲੇ ਤਾਂ ਵੱਜਣਗੇ ਹੀ। ਇਹ ਤਾਂ ਚਿੰਗਾੜੀ ਲੱਗਣ ਤੋਂ ਪਹਿਲਾਂ ਜਾਂ ਫਿਰ ਭੜਕਣ ਤੋਂ ਪਹਿਲਾਂ ਜਿਸਨੇ ਬਚਾ ਲਿਆ, ਓਹੀ ਭਲਾ! ਨਹੀਂ ਤਾਂ ਅਦਾਲਤਾਂ ਦੇ ਚੱਕਰ ਅਤੇ ਤਰੀਕਾਂ ਦੀ ਖੱਜਲ ਖਆਰੀ ਮੂੰਹ ਦੂਜੇ ਪਾਸੇ ਲਗਾ ਦਿੰਦੀ ਏ। ਇਸੇ ਲਈ ਤਾਂ ਸਾਡੇ ਕਲਚਰ ਵਿੱਚ ਇਹ ਮੁਹਾਵਰਾ ਜਿਹਾ ਬੜਾ ਹੀ ਮਸ਼ਹੂਰ ਸੀ ਕਿ ਬਿਮਾਰੀਆਂ ਅਤੇ ਮੁਕੱਦਮਿਆਂ ਤੋਂ ਤਾਂ ਰੱਬ ਹੀ ਬਚਾਵੇ! ਉਂਜ ਅੱਜਕੱਲ੍ਹ ਡਾਕਟਰ ਵੀ ਦੂਜੇ ਰੱਬ ਬਣ ਚੁੱਕੇ ਹਨ। ਮਰਦੇ ਮਰਦੇ ਨੂੰ ਬਚਾ ਦੇਣ ਦੀ ਯੋਗਤਾ ਰੱਖਦੇ ਹਨ। ਹਰ ਕੋਈ ਇਨ੍ਹਾਂ ਦੀ ਇੱਜ਼ਤ ਵੀ ਬਹੁਤ ਕਰਦਾ ਹੈ। ਪਰ ਮਹਿੰਗਾਈ ਦੇ ਇਸ ਦੌਰ ਵਿੱਚ ਇਲਾਜ ਵੀ ਬਹੁਤ ਮਹਿੰਗੇ ਹੋ ਚੁੱਕੇ ਹਨ ਤੇ ਕਈ ਡਾਕਟਰ ਵੀ ਬਹੁਤ ਲਾਲਚੀ। ਮਜਬੂਰੀ ਵੱਸ ਮਰੀਜ਼ਾਂ ਨੂੰ ਹਸਪਤਾਲਾਂ ਵੱਲ ਦੌੜਨਾ ਪੈਂਦਾ ਹੈ। ਪਰ ਤੰਦਰੁਸਤੀ ਸਮੇਂ ਜਾਂ ਉਂਜ ਚਾਹ ਕੇ ਕੋਈ ਵੀ ਡਾਕਟਰਾਂ ਵਲ ਤੱਕਣਾ ਵੀ ਨਹੀਂ ਚਾਹੁੰਦਾ। ਇਸਦਾ ਇਹ ਅਰਥ ਹਰਗਿਜ਼ ਨਹੀਂ ਕਿ ਡਾਕਟਰ ਲੋਕ ਮਾੜੇ ਹੁੰਦੇ ਹਨ ਜਾਂ ਸਾਰੇ ਹੀ ਲਾਲਚੀ ਹੁੰਦੇ ਹਨ ਪਰ ਇੱਕ ਲਿੱਬੜੀ ਮੱਝ ਸਾਰੀਆਂ ਮੱਝਾਂ ਨੂੰ ਲਬੇੜ ਦਿੰਦੀ ਹੈ।
ਇਹੀ ਹਾਲ ਵਕੀਲਾਂ ਦੇ ਪੇਸ਼ੇ ਦਾ ਹੈ। ਜਿਵੇਂ ਕਦੇ ਸ਼ਾਹਾਂ ਬਿਨਾਂ ਪੱਤ ਨਹੀਂ ਸੀ ਹੁੰਦੀ, ਉਸੇ ਤਰ੍ਹਾਂ ਵਕੀਲਾਂ ਬਿਨਾਂ ਵੀ ਅੱਜਕੱਲ੍ਹ ਗੱਤ ਨਹੀਂ ਹੁੰਦੀ। ਇੱਧਰ ਵੀ ਚੰਗੇ ਤੇ ਮਾੜੇ, ਲਾਲਚੀ ਤੇ ਦਿਆਲੂ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਹਨ। ਕਈ ਜਾਣ ਬੁੱਝ ਕੇ ਮੁਕੱਦਮੇ ਲਟਕਾਉਂਦੇ ਰਹਿੰਦੇ ਹਨ ਤੇ ਕਈ ਮੁਕੱਦਮੇ ਦਾਇਰ ਕਰਨ ਤੋਂ ਬਿਨਾਂ ਹੀ ਫ਼ਰਜ਼ੀ ਤਰੀਕਾਂ ਦੱਸ ਕਿ ਸਾਇਲਾਂ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਕੇ ਆਪਣੀ ਜੇਬ ਹਰੀ ਕਰਦੇ ਰਹਿੰਦੇ ਹਨ। ਪਰ ਜਦੋਂ ਹੇਰਾਫੇਰੀ ਦੀ ਅਸਲੀਅਤ ਜ਼ਾਹਰ ਹੁੰਦੀ ਹੈ ਤਾਂ ਉਹ ਪੀੜਿਤ ਲੋਕ ਅਜਿਹੀਆਂ ਬਦਦੁਆਵਾਂ ਦਿੰਦੇ ਹਨ ਕਿ ਰੱਬ ਵੀ ਸੁਣਨੋਂ ਮੁਨਕਰ ਹੋ ਜਾਵੇ! ਪਰ ਇਸ ਅਜਬ ਗ਼ਜ਼ਬ ਦੁਨੀਆ ਦਾ ਇਹ ਅਜੀਬ ਜਿਹਾ ਵਰਤਾਰਾ ਆਪਣੀ ਚਾਲੇ ਚੱਲੀ ਜਾਂਦਾ ਹੈ। ਇਹ ਗੱਲ ਵੀ ਹਰ ਕੋਈ ਭਲੀ ਭਾਂਤ ਸਮਝਦਾ ਹੈ ਕਿ ਹੱਕ ਹਲਾਲ ਦੀ ਕਮਾਈ ਵਿੱਚ ਹੀ ਬਰਕਤ ਹੁੰਦੀ ਹੈ। ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗੀਤ ਦੇ ਇਹ ਪੋਲ ਬੜੇ ਪ੍ਰਭਾਵੀ ਹਨ, “ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ ...।” ਪਰ ਇਹ ਦੁਨੀਆ ਸਮਝਦੀ ਕਿੱਥੇ ਹੈ ਜਨਾਬ! ਜਿਸਦੇ ਪੈਰ ਥੱਲੇ ਬਟੇਰਾ ਆ ਜਾਵੇ, ਉਹ ਹੀ ਖ਼ੁਦ ਨੂੰ ਸ਼ਿਕਾਰੀ ਮੰਨ ਬੈਠਦਾ ਹੈ।
ਗੱਲ ਰੋਟੀ ਦੀ ਚੱਲੀ ਹੈ ਤਾਂ ਯਾਦ ਆਇਆ ਕਿ ਰੋਟੀ ਤਾਂ ਘਰ ਦੀ ਹੀ ਸੰਤੁਸ਼ਟ ਕਰਦੀ ਹੈ, ਬਾਹਰੋਂ ਭਾਵੇਂ ਛੱਤੀ ਪ੍ਰਕਾਰ ਦੇ ਭੋਜਨ ਛਕ ਲਈਏ। ਜੋ ਅਨੰਦ ਘਰ ਦੀ ਰੁੱਖੀ ਮਿੱਸੀ ਨਾਲ ਆਉਂਦਾ ਹੈ, ਉਹ ਰੈਸਟੋਰੈਂਟਾਂ ਅਤੇ ਹੋਟਲਾਂ ਦੇ ਮਸਾਲਾ ਭਰਪੂਰ ਖਾਣਿਆਂ ਤੋਂ ਕਿੱਥੇ? ਇਸੇ ਕਾਰਨ ਤਾਂ ਇਹ ਮੁਹਾਵਰਾ ਪ੍ਰਚਲਿਤ ਹੋਇਆ ਸੀ: “ਦਾਲ ਰੋਟੀ ਘਰ ਦੀ ਤੇ ਦਿਵਾਲੀ ਅੰਮ੍ਰਿਤਸਰ ਦੀ।” ਸਿਹਤ ਦੀ ਸਿੱਖਿਆ ਦੇਣ ਵਾਲੇ ਡਾਕਟਰ ਤੇ ਡਾਈਟੀਸ਼ੀਅਨ ਵੀ ਇਹੀ ਸਲਾਹ ਦਿੰਦੇ ਹਨ ਕਿ ਅਜੋਕੀ ਮਿਲਾਵਟ ਭਰਪੂਰ ਜ਼ਿੰਦਗੀ ਤੋਂ ਆਪਣੇ ਆਪ ਨੂੰ ਮਹਿਫ਼ੂਜ਼ ਰੱਖਣ ਲਈ ਰੋਟੀ ਘਰ ਦੀ ਹੀ ਖਾਣੀ ਬਿਹਤਰ ਹੈ। ਪਰ ਲੋਕ ਕਿੱਥੇ ਸੰਤੁਸ਼ਟ ਹੁੰਦੇ ਹਨ। ਛੁੱਟੀਆਂ ਦੇ ਦਿਨ, ਜਨਮ ਦਿਨ ਤੇ ਸਾਲਗਿਰਾਹਾਂ ਦੇ ਬਹਾਨੇ ਜਾਂ ਫਿਰ ਕਿਸੇ ਨਾ ਕਿਸੇ ਪਾਰਟੀ ਦੀ ਆੜ ਵਿੱਚ ਮਸ਼ਹੂਰ ਢਾਬਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚੋਂ ਖਾਣਾ ਖਾਣ ਨੂੰ ਸ਼ਾਨ ਅਤੇ ਅਮੀਰੀ ਰੋਹਬ ਬਣਾ ਲੈਂਦੇ ਹਨ। ਜਲੰਧਰ ਲੁਧਿਆਣਾ ਰੋਡ ਉੱਪਰ ਅਜਿਹੇ ਉੱਚਕੋਟੀ ਦੇ ਢਾਬਿਆਂ ਅਤੇ ਰੈਸਟੋਰੈਂਟਾਂ ਦਾ ਜਾਲ ਜਿਹਾ ਵਿਛਿਆ ਪਿਆ ਹੈ। ਇਨ੍ਹਾਂ ਵਿੱਚ ਜਦੋਂ ਮਰਜ਼ੀ ਜਾ ਕੇ ਦੇਖ ਲਉ, ਰਾਤ ਨੂੰ ਬਾਰਾਂ ਵਜੇ ਤਕ ਸਹਿਜੇ ਸੀਟ ਹੀ ਨਹੀਂ ਮਿਲਦੀ। ਚਾਰ ਜਣਿਆਂ ਦੇ ਖਾਣੇ ਦਾ ਬਿੱਲ ਉਹ ਉੰਨਾ ਕੁ ਬਣਾ ਦਿੰਦੇ ਹਨ, ਜਿਸ ਨਾਲ ਉਸ ਪਰਿਵਾਰ ਦਾ ਹਫ਼ਤਾ ਸੌਖਾ ਲੰਘ ਜਾਵੇ। ਛੋਟੀਆਂ ਛੋਟੀਆਂ ਕੌਲੀਆਂ ਵਿੱਚੋਂ ਦਾਲ ਅਤੇ ਖੀਰ ਦੇ ਭਾਵੇਂ ਦੋ ਚਮਚੇ ਹੀ ਨਿਕਲਣ, “ਅਨੰਦ ਆ ਗਿਆ ਭਈ” ਦੇ ਬੋਲ ਸੁਣਨ ਨੂੰ ਮਿਲਦੇ ਹਨ। ਗੱਡੀ ਪਾਰਕਿੰਗ ਵਿੱਚੋਂ ਕੱਢਦੇ ਸਮੇਂ ਸਕਿਉਰਿਟੀ ਗਾਰਡ ਵੀ ਆਪਣਾ ਲਾਗ ਲੈ ਕਿ ਹੀ ਰੁਖ਼ਸਤ ਹੋਣ ਦਿੰਦੇ ਹਨ। ਪਰ ਇਸ ਤੋਂ ਅੱਗੇ ਜੇ ਕਰ ਕੋਈ ਲਾਚਾਰ ਮੰਗਤਾ ਹੱਥ ਅੱਡੇ ਤੇ ਲਿਲ੍ਹਕੜੀਆਂ ਵੀ ਕੱਢੇ, ਮਜ਼ਾਲ ਕਿ ਗੱਡੀ ਦਾ ਸ਼ੀਸ਼ਾ ਵੀ ਥੱਲੇ ਕਰਨ? ਉਂਜ ਹੀ ਮੂੰਹ ਵਿੱਚ ਵਿਸ ਘੋਲਦੇ ਲੰਘ ਜਾਂਦੇ ਹਨ, ‘ਲਾਹੌਰ ਦੇ ਸ਼ੌਕੀਨ ਤੇ ਬੋਝੇ ਵਿੱਚ ਗਾਜ਼ਰਾਂ’ ਵਾਲੇ ਲੋਕ।
ਬਹੁਤੇ ਸ਼ੌਕੀਨ ਅਤੇ ਸ਼ੋਹਰਤ ਦੇ ਭੁੱਖੇ ਲੋਕਾਂ ਦੀਆਂ ਸਾਥਣਾਂ ਦਾ ਵੀ ਰੋਹਬ ਦੇਖਣ ਵਾਲਾ ਹੀ ਹੁੰਦਾ ਹੈ। ਘਰ ਭਾਵੇਂ ਕਦੇ ਆਈਸ ਕਰੀਮ ਨਾ ਬੜਨ ਦੇਣ, ਬਾਹਰ ਖਾਣਾ ਖਾਣ ਸਮੇਂ ਆਈਸ ਕਰੀਮ ਜਾਂ ਕੋਈ ਨਾ ਕੋਈ ਹੋਰ ਡਿਸ਼ ਖਾਣੇ ਦੇ ਮੀਨੂ ਦਾ ਜ਼ਰੂਰੀ ਹਿੱਸਾ ਹੁੰਦਾ ਹੈ। ਕਿਹੋ ਜਿਹਾ ਜ਼ਮਾਨਾ ਆ ਗਿਆ ਹੈ, ਉੱਚੀ ਦੁਕਾਨ ਤੇ ਫਿੱਕਾ ਪਕਵਾਨ। ਗਲੀ ਮੁਹੱਲੇ ਵਿੱਚ ਸਬਜ਼ੀ ਦੀ ਰੇਹੜੀ ਵਾਲੇ ਨਾਲ ਰੁਪਏ ਦੋ ਰੁਪਇਆਂ ਬਦਲੇ ਬਹਿਸਦੀਆਂ ਹਨ ਬੀਬੀਆਂ, ਤੇ ਮੁਫ਼ਤ ਵਿੱਚ ਧਨੀਆਂ ਅਤੇ ਮਿਰਚਾਂ ਇਨ੍ਹਾਂ ਨੇ ਜਮਾਂਦਰੂ ਹੱਕ ਬਣਾਇਆ ਹੁੰਦਾ ਹੈ ਪਰ ਜਦੋਂ ਗੱਲ ਘੁੰਮਣ ਫਿਰਨ, ਪਿਕਨਿਕ ਅਤੇ ‘ਪਾਰਟੀ’ ਵਰਗੀ ਫੇਰੀ ਦੀ ਹੋਵੇ ਤਾਂ ਮਹਿੰਗੇ ਅਤੇ ਉੱਚਕੋਟੀ ਦੇ ਹੋਟਲ-ਢਾਬੇ, ਜਿਨ੍ਹਾਂ ਦੇ ਰੇਟ ਆਮ ਬੰਦਾ ਸੁਣ ਵੀ ਨਹੀਂ ਸਕਦਾ, ਬੜੀ ਟੌਹਰ ਨਾਲ ਆਲੀਸ਼ਾਨ ਪਰਸ ਲਹਿਰਾਉਂਦਿਆਂ ਅਦਾ ਕੀਤੇ ਜਾਂਦੇ ਹਨ। ਅਜੀਬ ਜਿਹੀ ਇਸ ਭੇਡ ਚਾਲ ਨੂੰ ਫੈਸ਼ਨ ਦਾ ਮਖੌਟਾ ਬਣਾ ਕੇ ਦੋਗਲੀ ਜਿਹੀ ਜ਼ਿੰਦਗੀ ਜਿਊਣ ਦਾ ਢਕਵੰਜ ਕਰ ਰਹੇ ਹਨ ਸਾਡੇ ਮੁਫਤਖੋਰੇ ਲੋਕਾਂ ਵਾਲੇ ਦੇਸ਼ ਦੇ ਆਧੁਨਿਕ ਲੋਕ! ਰੱਬ ਖ਼ੈਰ ਕਰੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)