DarshanSRiarAdv7“... ਸਿਰ ਜੋੜ ਕੇ ਬੈਠਣ ਦਾ ਵੇਲਾ ਆ ਗਿਆ ਹੈ, ਨਹੀਂ ਤਾਂ ਨਾ ਰਹੇਗਾ ਬਾਂਸ ਅਤੇ ਨਾ ਹੀ ਵੱਜੇਗੀ ਬਾਂਸੁਰੀ ...
(5 ਜੁਲਾਈ 2025)

 

ਮਈ ਅਤੇ ਜੂਨ ਦੋ ਮਹੀਨੇ ਸਾਡੇ ਦੇਸ਼ ਵਿੱਚ ਹਰ ਸਾਲ ਭਿਆਨਕ ਲੂ ਦੇ ਮਹੀਨੇ ਹੁੰਦੇ ਹਨਭਾਰਤ ਦੀ ਭੂਗੋਲਿਕ ਸਥਿਤੀ ਕਿਉਂਕਿ ਭੂਮੱਧ ਰੇਖਾ ਦੇ ਨੇੜੇ ਹੈ ਅਤੇ ਇਨ੍ਹਾਂ ਦਿਨਾਂ ਦੌਰਾਨ ਇਸ ਖੇਤਰ ਵਿੱਚ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਹਨ, ਨਤੀਜੇ ਵਜੋਂ ਗਰਮੀ ਜ਼ਿਆਦਾ ਹੁੰਦੀ ਹੈਇੱਕ ਭਿਆਨਕ ਗਰਮੀ ਤੇ ਦੂਜਾ ਪ੍ਰਦੂਸ਼ਣ ਵੀ ਵਿਸ਼ਵ ਦੀ ਵੱਡੀ ਸਮੱਸਿਆ ਹੈ ਤੇ ਸਾਡਾ ਦੇਸ਼ ਭਾਰਤ ਵੀ ਉਸ ਦਾ ਵੱਡਾ ਸੰਤਾਪ ਹੰਢਾ ਰਿਹਾ ਹੈਲੂ ਦੀ ਗਰਮੀ ਨਾਲ ਚੱਲਣ ਵਾਲੀਆਂ ਗਰਮ ਹਵਾਵਾਂ ਸਮੁੱਚੇ ਵਾਤਾਵਰਣ ਨੂੰ ਭਖਾ ਦਿੰਦੀਆਂ ਹਨ, ਜਿਸ ਨਾਲ ਬਨਸਪਤੀ, ਪੌਦੇ ਤੇ ਫ਼ਸਲਾਂ ਵੀ ਸੁੱਕਣ ਲੱਗਦੀਆਂ ਹਨਪਾਣੀ ਦੀ ਜ਼ਿਆਦਾ ਲੋੜ ਮਹਿਸੂਸ ਹੁੰਦੀ ਹੈਗਮਲਿਆਂ ਵਿੱਚ ਲਾਏ ਹੋਏ ਫੁੱਲਾਂ ਦੇ ਪੌਦਿਆਂ ਨੂੰ ਜੇ ਸਵੇਰੇ ਸ਼ਾਮ ਦੋ ਵੇਲੇ ਪਾਣੀ ਨਾ ਦਿੱਤਾ ਜਾਵੇ ਤਾਂ ਉਹਨਾਂ ਦਾ ਜੀਵਤ ਰਹਿਣਾ ਮੁਸ਼ਕਿਲ ਹੋ ਜਾਂਦਾ ਹੈਜਦੋਂ ਆਲਾ ਦੁਆਲਾ ਅੱਗ ਉਗਲਦਾ ਹੋਵੇ ਤਾਂ ਮਨੁੱਖੀ ਸਰੀਰਾਂ ਅਤੇ ਹੋਰ ਜੀਵਾਂ ਦਾ ਹਾਲੋਂ ਬੇਹਾਲ ਹੋਣਾ ਵੀ ਕੁਦਰਤੀ ਹੋ ਜਾਂਦਾ ਹੈਲੋਕ ਕੋਠਿਆਂ ਜਾਂ ਮਕਾਨਾਂ ਦੇ ਬਨੇਰਿਆਂ ਉੱਪਰ ਪਾਣੀ ਦੇ ਬਰਤਨ ਭਰ ਕੇ ਰੱਖਦੇ ਹਨ ਤਾਂ ਜੋ ਪੰਛੀ ਆਪਣੀ ਪਿਆਸ ਬੁਝਾ ਸਕਣ ਤੇ ਗਰਮੀ ਦੀ ਤਪਸ਼ ਤੋਂ ਬਚ ਸਕਣਸਵੇਰ ਸਾਰ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਜਾਂਦਾ ਹੈਮੀਂਹ ਦੇ ਪਾਣੀ ਦੀ ਸੁਆਂਤੀ ਬੂੰਦ ਲਈ ਪਪੀਹੇ ਤਰਸਣ ਲੱਗ ਜਾਂਦੇ ਹਨਪਪੀਹੇ ਦੀ, ਮੀਂਹ ਪਾ ਮੀਂਹ ਪਾ ਦੀ ਸੁਰੀਲੀ ਅਵਾਜ਼ ਵਾਤਾਵਰਣ ਵਿੱਚ ਗੂੰਜਣ ਲਗਦੀ ਹੈਪਪੀਹਾ ਪੰਛੀ ਵੀ ਕੁਦਰਤ ਦਾ ਇੱਕ ਅਜੀਬ ਅਜੂਬਾ ਹੈ, ਜਿਸਦੇ ਸਿਰ ਤੇ ਉੱਪਰਲੇ ਸੁਰਾਖ ਰਾਹੀਂ ਕੇਵਲ ਮੀਂਹ ਦੇ ਪਾਣੀ ਨਾਲ ਹੀ ਤ੍ਰਿਪਤੀ ਹੁੰਦੀ ਹੈਗੁਰਬਾਣੀ ਦੇ ਮਿੱਠੇ ਤੇ ਸੁਰੀਲੇ ਸ਼ਬਦ- ਬੋਲ ਪਪੀਹਾ ਤੇਰੀ ਹੁਣ ਰੁੱਤ ਆਈ ਆ, ਅਤੇ- ਅੰਮ੍ਰਿਤ ਵੇਲੇ ਬੋਲਿਆ ਪਪੀਹਾ (ਬੰਬੀਹਾ) ਤੈਂ ਦਰ ਸੁਣੀ ਪੁਕਾਰ ...ਆਦਿ ਵਾਤਾਵਰਣ ਵਿੱਚ ਆਸ ਅਤੇ ਉਮੀਦ ਨੂੰ ਜਿੰਦਾ ਕਰਦੀ ਪੁਕਾਰ ਨਾਲ ਸਰਸ਼ਾਰ ਕਰ ਦਿੰਦੇ ਹਨਤੇ ਫਿਰ ਜਦੋਂ ਸਮੁੰਦਰੀ ਦਿਸ਼ਾ ਤੋਂ ਆਉਂਦੀਆਂ ਮੌਨਸੂਨ ਪੌਣਾਂ ਮੀਂਹ ਦੀਆਂ ਸੁਹਾਵਣੀਆਂ ਬੂੰਦਾਂ ਨਾਲ ਤਪਦੀ ਧਰਤ ਦਾ ਸੀਨਾ ਠਾਰਨਾ ਸ਼ੁਰੂ ਕਰਦੀਆਂ ਹਨ ਤਾਂ ਪੰਛੀ ਚਹਿ ਚਹਾਉਣ ਲੱਗ ਜਾਂਦੇ ਹਨ। ਪਪੀਹਿਆਂ ਦੀ ਪਿਆਸ ਵੀ ਸ਼ਾਂਤ ਹੋਣ ਲਗਦੀ ਹੈ ਤੇ ਕਿਸਾਨਾਂ ਦੇ ਚਿਹਰੇ ’ਤੇ ਵੀ ਰੌਣਕ ਪਰਤ ਆਉਂਦੀ ਹੈ

ਪੁਰਾਤਨ ਸਮੇਂ ਵਿੱਚ ਤਾਂ ਖੇਤੀ ਦਾ ਕਾਰੋਬਾਰ ਸਾਰੇ ਦਾ ਸਾਰਾ ਮੀਂਹ ਉੱਪਰ ਹੀ ਨਿਰਭਰ ਕਰਦਾ ਹੁੰਦਾ ਸੀਭਾਵੇਂ ਹੁਣ ਮੀਂਹ ਉੱਤੇ ਨਿਰਭਰਤਾ ਓਨੀ ਨਹੀਂ ਰਹੀ ਤੇ ਸਿੰਚਾਈ ਦੇ ਹੋਰ ਬਹੁਤ ਸਾਰੇ ਸਾਧਨ ਈਜਾਦ ਅਤੇ ਪ੍ਰਚਲਿਤ ਹੋ ਗਏ ਹਨ, ਫਿਰ ਵੀ ਕੁਦਰਤ ਦੇ ਵਰੋਸਾਏ ਮੀਂਹ ਦੀ ਆਪਣੀ ਹੀ ਮਹੱਤਤਾ ਅਤੇ ਮਹਾਨਤਾ ਹੈਕੁਦਰਤ ਬੜੀ ਦਇਆਵਾਨ ਵੀ ਹੈ ਤੇ ਬਿਨਾਂ ਕਿਸੇ ਭਿੰਨ-ਭੇਦ ਸਾਰੇ ਹੀ ਥਾਂਵਾਂ ’ਤੇ ਪਾਣੀ ਵਰਗੀ ਨਿਆਮਤ ਦੇ ਭੰਡਾਰ ਵਰਸਾ ਦਿੰਦੀ ਹੈ“ਮੀਂਹ ਪਿਆ ਪਰਮੇਸ਼ਰ ਪਾਇਆ, ਜੀਅ ਜੰਤ ਸਭ ਸੁਖੀ ਵਸਾਇਆ।” ਇਹ ਸ਼ਬਦ ਮਨੁੱਖਤਾ ਵੱਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਅਤੇ ਮੀਂਹ ਦੀ ਸਿਫ਼ਤ ਦਾ ਵਰਣਨ ਕਰਦੇ ਹੋਏ ਮੀਂਹ ਦੀ ਮਹੱਤਤਾ ਵੱਲ ਸੰਕੇਤ ਕਰਦੇ ਹਨਵਿਕਾਸ ਦੇ ਨਾਮ ਉੱਤੇ ਆਧੁਨਿਕ ਮਨੁੱਖ ਨੇ ਆਪਣੀਆਂ ਸਹੂਲਤਾਂ ਅਤੇ ਖ਼ੁਸ਼ਹਾਲੀ ਵਾਸਤੇ ਆਪਣੇ ਰਹਿਣ ਸਹਿਣ ਅਤੇ ਖਾਣ-ਪੀਣ ਦੇ ਢੰਗ ਤਰੀਕੇ ਇੰਨੇ ਬਦਲ ਲਏ ਹਨ ਕਿ ਵੱਡੀ ਤਬਦੀਲੀ ਨਾਲ ਸਮੁੱਚਾ ਵਾਤਾਵਰਣ ਹੀ ਬਦਲ ਗਿਆ ਹੈਸੁਭਾਅ ਤੋਂ ਹੀ ਲਾਲਚੀ, ਸਵਾਰਥੀ ਅਤੇ ਈਰਖਾਲੂ ਮਨੁੱਖ ਨੇ ਕੱਚੇ ਮਕਾਨ, ਜੋ ਲੰਬਾ ਸਮਾਂ ਮਨੁੱਖ ਦਾ ਰੈਣ ਬਸੇਰਾ ਰਹੇ ਸਨ ਤੇ ਮੌਸਮ ਅਨੁਸਾਰ ਢਲ ਜਾਂਦੇ ਸਨ, ਭਾਵ-ਗਰਮੀਆਂ ਵਿੱਚ ਠੰਢਕ ਪ੍ਰਦਾਨ ਕਰਦੇ ਸਨ ਤੇ ਸਰਦੀਆਂ ਵਿੱਚ ਨਿੱਘ, ਉਹ ਬਦਲ ਕੇ ਪੱਕੇ, ਉੱਚੇ ਤੇ ਆਧੁਨਿਕਤਾ ਦਾ ਪ੍ਰਗਟਾਵਾ ਕਰਨ ਵਾਲੇ ਬਣਾ ਲਏ ਹਨਇਹ ਮਕਾਨ ਕਈ ਮੰਜ਼ਲੇ, ਉੱਪਰ ਅਤੇ ਜ਼ਮੀਨਦੋਜ਼ ਵੀ ਬਣ ਤਾਂ ਗਏ ਹਨ ਪਰ ਇਨ੍ਹਾਂ ਨੂੰ ਮੌਸਮ ਅਨੁਸਾਰ ਢਾਲਣ ਲਈ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਵੀ ਜ਼ਰੂਰੀ ਹੋ ਗਈ ਹੈਗਰਮੀਆਂ ਵਾਸਤੇ ਏਅਰ-ਕੰਡੀਸ਼ਨਰ ਤੇ ਰਿਫਰਿਜਰੇਟਰ ਅਤੇ ਸਰਦੀਆਂ ਵਾਸਤੇ ਹੀਟਰ, ਬਲੋਅਰ ਤੇ ਕਈ ਕੁਝ ਹੋਰਅਮੀਰੀ, ਆਧੁਨਿਕਤਾ ਅਤੇ ਖ਼ੁਸ਼ਹਾਲੀ ਦੇ ਪ੍ਰਤੀਕ ਇਹ ਉਪਕਰਨ ਜਿੱਥੇ ਜ਼ਰੂਰੀ ਹਨ, ਉੱਥੇ ਇਨ੍ਹਾਂ ਲਈ ਲੋੜੀਂਦੀ ਬਿਜਲੀ ਤਿਆਰ ਕਰਨ ਲਈ ਇਕੱਲੀ ਪਣ-ਬਿਜਲੀ ਨਾਲ ਹੁਣ ਗੁਜ਼ਾਰਾ ਨਹੀਂ ਹੁੰਦਾਤਾਪ-ਘਰ ਕੋਲੇ ਦੀ ਗਰਮੀ ਨਾਲ ਬਿਜਲੀ ਤਿਆਰ ਕਰਨ ਲੱਗ ਪਏ, ਪ੍ਰਮਾਣੂ ਸ਼ਕਤੀ ਹਥਿਆਰਾਂ ਦੇ ਨਾਲ ਨਾਲ ਬਿਜਲੀ ਪੈਦਾਵਾਰ ਲਈ ਵੀ ਵਰਤੀ ਜਾਣ ਲੱਗ ਪਈਪਰ ਇਸ ਨਾਲ ਜਿਹੜਾ ਕਾਰਬਨ ਦਾ ਰਿਸਾਵ ਅਤੇ ਪਸਾਰਾ ਵਧਿਆ ਹੈ, ਉਸ ਨਾਲ ਮਨੁੱਖ ਦਾ ਜੀਵਨ ਹੀ ਦੁੱਭਰ ਹੋ ਗਿਆ ਹੈਪਹਿਲਾਂ ਤਾਂ ਪ੍ਰਮਾਣੂ ਹਥਿਆਰਾਂ ਦੇ ਤਜਰਬਿਆਂ ਨਾਲ ਵਾਤਾਵਰਣ ਦੀ ਫ਼ਿਜ਼ਾ ਵਿੱਚ ਤਬਦੀਲੀ ਆਈ ਸੀ, ਹੁਣ ਸਾਰੇ ਖੇਤਰਾਂ ਦੇ ਰਿਸਾਉ ਮਿਲ ਕੇ ਭਿਆਨਕ ਗਰਮੀ ਤੇ ਪ੍ਰਦੂਸ਼ਣ ਨਾਲ ਵਾਤਾਵਰਣ ਨੂੰ ਇੰਨਾ ਗੰਧਲਾ ਬਣਾਉਣ ਤੇ ਤੁੱਲ ਗਏ ਹਨ ਕਿ ਮਨੁੱਖੀ ਜ਼ਿੰਦਗੀ ਲਈ ਮੁਸ਼ਕਲਾਂ ਦਾ ਢੇਰ ਲੱਗ ਗਿਆ ਹੈ

ਤਕਨੀਕ ਅਤੇ ਵਿਗਿਆਨ ਨੇ ਮਨੁੱਖ ਨੂੰ ਇੱਕ ਦੂਜੇ ਦੇਸ਼ਾਂ ਵਿੱਚ ਪ੍ਰਵਾਸ ਨਾਲ ਨੇੜੇ ਤਾਂ ਲਿਆਂਦਾ ਸੀ ਪਰ ਲਾਲਚ, ਲਾਲਸਾ ਅਤੇ ਸਵਾਰਥ ਭਰੇ ਹੰਕਾਰ ਨਾਲ “ਮੈਂ” ਦਾ ਭੂਤ ਵੀ ਵੱਡਾ ਹੁੰਦਾ ਗਿਆ ਹੈਲੜਾਈਆਂ, ਝਗੜੇ ਅਤੇ ਯੁੱਧਾਂ ਦੌਰਾਨ ਵਰਤੇ ਜਾਂਦੇ ਗੋਲੇ ਬਰੂਦ ਦਾ ਗਰਮ ਮਾਦਾ ਵਾਤਾਵਰਣ ਵਿੱਚ ਹੀ ਘੁਲਦਾ ਹੈਇਸ ਨਾਲ ਗਲੋਬਲ ਪਿੰਡ ਦਾ ਰੂਪ ਧਾਰਦਾ ਹੋਇਆ ਵਿਸ਼ਵ ਪ੍ਰਦੂਸ਼ਣ ਦੀ ਭਾਰੀ ਪੰਡ ਵਿੱਚ ਬਦਲ ਗਿਆ ਹੈਨਤੀਜਾ ਸਭ ਦੇ ਸਾਹਮਣੇ ਹੈਧਰਤੀ ਦਾ ਤਾਪਮਾਨ ਹਰ ਸਾਲ ਵਧਣ ਲੱਗ ਪਿਆ ਹੈ ਜੋ ਮਨੁੱਖੀ ਜ਼ਿੰਦਗੀ, ਬਨਾਸਪਤੀ ਅਤੇ ਇੱਥੋਂ ਤਕ ਕਿ ਧਰਤੀ ਦੀ ਹੋਂਦ ਲਈ ਵੀ ਵੱਡਾ ਖ਼ਤਰਾ ਬਣ ਸਕਦਾ ਹੈਉਂਜ ਤਾਂ ਮਨੁੱਖ ਨੇ ਸੂਰਜੀ ਤਪਸ਼ ਨੂੰ ਵੀ ਸੋਲਰ ਤਾਪ ਘਰਾਂ ਰਾਹੀਂ ਬਿਜਲੀ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਬਹੁਤ ਸਸਤਾ ਵੀ ਹੈ ਤੇ ਲਾਭਦਾਇਕ ਵੀਪਰ ਇੰਜ ਕਰਨ ਨਾਲ ਸੂਰਜ ਦੀ ਤਪਸ਼ ਥੋੜ੍ਹੀ ਘੱਟ ਹੋ ਜਾਣੀ ਹੈਉਂਜ ਤਪਸ਼ ਓਨੀ ਹਾਨੀਕਾਰਕ ਨਹੀਂ ਜਿੰਨਾ ਖ਼ਤਰਨਾਕ ਪ੍ਰਦੂਸ਼ਣ ਹੈਸਦੀਆਂ ਤੋਂ ਧਰੁਵਾਂ ’ਤੇ ਜੰਮੀ ਹੋਈ ਬਰਫ਼ ਦੇ ਗਲੇਸ਼ੀਅਰ ਵੀ ਪਿਘਲਣੇ ਸ਼ੁਰੂ ਹੋ ਗਏ ਹਨਇੰਜ ਸਮੁੰਦਰ ਦਾ ਪਾਣੀ ਉੱਪਰ ਆਉਣਾ ਸ਼ੁਰੂ ਹੋ ਗਿਆ ਹੈ, ਜੋ ਸਮੁੰਦਰ ਕੰਢੇ ਵਸੇ ਦੇਸ਼ਾਂ ਅਤੇ ਟਾਪੂਆਂ ਦੀ ਹੋਂਦ ਲਈ ਖ਼ਤਰਾ ਬਣ ਸਕਦਾ ਹੈ

ਪ੍ਰਦੂਸ਼ਣ ਤਾਂ ਹੁਣ ਆਲਮੀ ਸਮੱਸਿਆ ਬਣ ਗਈ ਹੈਵੱਖਰੀ ਗੱਲ ਇਹ ਹੈ ਕਿ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਰਗੇ ਦੇਸ਼ਾਂ ਨੇ ਆਪਣੀ ਧਰਤੀ ਅਤੇ ਕੁਦਰਤ ਨਾਲ ਖਿਲਵਾੜ ਬਹੁਤ ਘੱਟ ਕੀਤਾ ਹੈ ਜਾਂ ਕੀਤਾ ਹੀ ਨਹੀਂਇਹੀ ਕਾਰਨ ਹੈ ਕਿ ਉਹਨਾਂ ਦੇਸ਼ਾਂ ਦਾ ਵਾਤਾਵਰਣ ਸਾਡੇ ਏਸ਼ੀਆ ਮਹਾਂਦੀਪ ਨਾਲੋਂ ਕਿਤੇ ਸਾਫ਼ ਸੁਥਰਾ ਹੈਪਰ ਵਿਸ਼ਵ ਦੀਆਂ ਪ੍ਰਮੁੱਖ ਪ੍ਰਮਾਣੂ ਤਾਕਤਾਂ ਆਪ ਤਾਂ ਸੁਪਰੀਮ ਬਣ ਗਈਆਂ ਹਨ ਪਰ ਦੂਜੇ ਦੇਸ਼ਾਂ ਨੂੰ ਪ੍ਰਮਾਣੂ ਗਿਆਨ ਹਾਸਲ ਕਰਨ ਤੋਂ ਵੀ ਵਰਜਦੀਆਂ ਹਨਖ਼ੁਦ ਦੂਜੇ ਦੇਸ਼ਾਂ ਨਾਲ ਲੰਬੀਆਂ ਲੜਾਈਆਂ ਕਰਕੇ ਵਾਯੂਮੰਡਲ ਵਿੱਚ ਜ਼ਹਿਰ ਘੋਲਣ ਲਈ ਬਜ਼ਿੱਦ ਹਨਰੂਸ ਅਤੇ ਯੁਕਰੇਨ ਯੁੱਧ ਕਿੰਨਾ ਲੰਬਾ ਖਿੱਚਦਾ ਚਲਿਆ ਜਾ ਰਿਹਾ ਹੈ? ਇਜ਼ਰਾਈਲ ਅਤੇ ਫ਼ਲਸਤੀਨ ਦੀ ਖਿੱਚੋਤਾਣ ਹੀ ਨਹੀਂ ਸੀ ਮੁੱਕੀ, ਇਜ਼ਰਾਈਲ ਨੇ ਇਰਾਨ ਤੇ ਹਮਲਾ ਕਰਕੇ ਵਾਯੂ-ਮੰਡਲ ਦੇ ਵਾਤਾਵਰਣ ਦੇ ਨਾਲ ਨਾਲ ਮਨੁੱਖਤਾ ਨੂੰ ਵੀ ਖ਼ਤਰਾ ਪੈਦਾ ਕਰ ਦਿੱਤਾਇਸ ਖ਼ਿੱਤੇ ਵਿੱਚ ਅਜੇ ਭਾਰਤ-ਪਾਕ‌ਿ ਦਾ ਮਸਲਾ ਅਜੇ ਠੰਢਾ ਨਹੀਂ ਸੀ ਹੋਇਆ ਕਿ ਇੱਕ ਹੋਰ ਜੰਗ ਭੜਕ ਪਈ ਕੀ ਮਨੁੱਖਤਾ ਤੀਸਰੇ ਵਿਸ਼ਵ ਯੁੱਧ ਵੱਲ ਤਾਂ ਨਹੀਂ ਵਧ ਰਹੀ? ਜੇ ਇੰਜ ਹੋਇਆ ਤਾਂ ਮਨੁੱਖਤਾ ਦੇ ਵਣਜਾਰੇ, ਪ੍ਰਮਾਣੂ ਹਥਿਆਰਾਂ ਦੇ ਭੰਡਾਰਾਂ ਵਾਲਿਆਂ ਕੋਲੋਂ ਇਹ ਮਨੁੱਖਤਾ ਨਹੀਂ ਬਚਣੀ।

ਵਿਗਿਆਨ ਅਤੇ ਤਕਨਾਲੋਜੀ ਦੇ ਇਸ ਦੌਰ ਵਿੱਚ ਸਭ ਤੋਂ ਉੱਤਮ ਕਹਾਉਣ ਵਾਲੇ ਮਨੁੱਖ ਨੂੰ ਸਮਝਦਾਰੀ ਅਤੇ ਸ਼ਾਂਤੀ ਨਾਲ ਖ਼ੁਸ਼ਹਾਲ ਜ਼ਿੰਦਗੀ ਜਿਊਣ ਦੇ ਢੰਗ ਤਰੀਕੇ ਖੋਜਣੇ ਅਤੇ ਲਾਗੂ ਕਰਨੇ ਚਾਹੀਦੇ ਹਨ, ਨਾ ਕਿ ਯੁੱਧਾਂ ਨੂੰ ਸੱਦਾ ਦੇ ਕੇ ਧਰਤੀ ਦੀ ਹਿੱਕ ਨੂੰ ਸਾੜਨਾ ਚਾਹੀਦਾ ਹੈਸਬਰ ਅਤੇ ਸੰਜਮ ਨਾਲ ਹਊਮੈਂ ਉੱਪਰ ਕਾਬੂ ਪਾਇਆ ਜਾ ਸਕਦਾ ਹੈ, ਜੇ ਦ੍ਰਿੜ੍ਹ ਇੱਛਾ ਸ਼ਕਤੀ ਹੋਵੇ ਤਾਂਧਰਤੀ ਹੇਠਲਾ ਪਾਣੀ ਵੀ ਅਸਾਂ ਸਿੰਚਾਈ ਵਾਸਤੇ, ਖੇਤੀ ਉਤਪਾਦਨ ਵਧਾਉਣ ਲਈ ਖਿੱਚ ਲਿਆ ਹੈਉਸ ਦੀ ਮੁਫ਼ਤ ਵਰਤੋਂ ਵੀ ਸਰਕਾਰਾਂ ਦੇ ਗਲੇ ਦੀ ਹੱਡੀ ਬਣ ਗਈ ਹੈਜੇ ਧਰਤੀ ਦੇ ਤੇਜ਼ੀ ਨਾਲ ਵਧ ਰਹੇ ਤਾਪਮਾਨ ਨੂੰ ਰੋਕਣ ਦੇ ਸਾਜ਼ਗਾਰ ਉਪਰਾਲੇ ਨਾ ਕੀਤੇ ਗਏ ਤਾਂ ਭਵਿੱਖ ਦੀ ਦੁਨੀਆ ਲਈ ਖਾਧ ਪਦਾਰਥਾਂ ਦੀ ਕਮੀ ਹੋਣੀ ਵੀ ਲਾਜ਼ਮੀ ਹੈਅਸਲਾ ਬਰੂਦ ਵਰਤ ਕੇ ਵਾਤਾਵਰਣ ਨੂੰ ਨਾਸ ਕਰਨ ਵਾਲੀਆਂ ਲੜਾਈਆਂ ਮਨੁੱਖਤਾ ਨੂੰ ਕਦੇ ਵੀ ਰਾਸ ਨਹੀਂ ਆਈਆਂਪਰ ਹੁਣ ਦੇ ਬਦਲਦੇ ਸਮੀਕਰਨਾਂ ਵਿੱਚ ਜਦੋਂ ਸਮੁੱਚਾ ਵਿਸ਼ਵ ਹੀ ਜਵਾਲਾ ਦੀ ਭੱਠੀ ਉੱਪਰ ਬੈਠਾ ਹੈ ਤੇ ਸੂਰਜ ਵੀ ਅੱਗ ਉਗਲ ਰਿਹਾ ਹੈ, ਜੇ ਧਰਤੀ ਦਾ ਸੀਨਾ ਸ਼ਾਂਤ ਕਰਨ ਦੇ ਉਪਰਾਲੇ ਨਾ ਹੋਏ ਤਾਂ ਕੋਵਿਡ-19 ਨਾਲੋਂ ਵੀ ਭੈੜਾ ਹਸ਼ਰ ਹੋ ਸਕਦਾ ਹੈਦੇਸ਼ਾਂ ਦੇ ਮੁਖੀਆਂ ਅਤੇ ਸ਼ਾਂਤੀ ਦੇ ਪੁਜਾਰੀਆਂ ਲਈ ਸਿਰ ਜੋੜ ਕੇ ਬੈਠਣ ਦਾ ਵੇਲਾ ਆ ਗਿਆ ਹੈ, ਨਹੀਂ ਤਾਂ ਨਾ ਰਹੇਗਾ ਬਾਂਸ ਅਤੇ ਨਾ ਹੀ ਵੱਜੇਗੀ ਬਾਂਸੁਰੀ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਐਡਵੋਕੇਟ ਦਰਸ਼ਨ ਸਿੰਘ ਰਿਆੜ

ਐਡਵੋਕੇਟ ਦਰਸ਼ਨ ਸਿੰਘ ਰਿਆੜ

Jalandhar, Punjab, India.
Phone: (91 - 93163 - 11677)
Email: (darshansriar@gmail.com)

More articles from this author