“ਉਹ ਦਿਨ ਜਾਵੇ ਤੇ ਅੱਜ ਦਾ ਆਵੇ, ਸਾਡਾ ਉਹ ਕੇਸ ਤਰੀਕ-ਉੱਪਰ-ਤਰੀਕ ਦੀਆਂ ਪੌੜੀਆਂ”
(11 ਜੂਨ 2025)
“ਨ੍ਹਾਤੀ ਧੋਤੀ ਰਹਿ ਗਈ ਤੇ ਉੱਤੇ ਮੱਖੀ ਬਹਿ ਗਈ” ਪੰਜਾਬੀ ਭਾਸ਼ਾ ਦਾ ਬੜਾ ਖ਼ੂਬਸੂਰਤ ਮੁਹਾਵਰਾ ਹੈ। ਇਹ ਅਕਸਰ ਉਦੋਂ ਹੀ ਵਰਤਿਆ ਜਾਂਦਾ ਹੈ, ਜਦੋਂ ਕੋਈ ਬੜੀ ਅਹਿਮ ਤਿਆਰੀ ਨਾਲ ਕੋਈ ਕੰਮ ਕਰਨ ਲਈ ਜਾਵੇ ਪਰ ਕੰਮ ਦਾ ਮਕਸਦ ਜਾਂ ਤਾਂ ਅਧੂਰਾ ਰਹਿ ਜਾਵੇ ਜਾਂ ਫਿਰ ਜਿਸ ਨੂੰ ਮਿਲਣ ਲਈ ਤਿਆਰੀ ਕੀਤੀ ਹੋਵੇ, ਉਹ ਉੱਥੇ ਪਹੁੰਚੇ ਹੀ ਨਾ। ਸਰਦੀਆਂ ਦੇ ਦਿਨਾਂ ਵਿੱਚ ਚੰਡੀਗੜ੍ਹ ਨੂੰ ਬੱਸ ਰਾਹੀਂ ਜਾਣਾ ਵੀ ਬੜਾ ਔਖਾ ਜਿਹਾ ਲਗਦਾ ਹੈ ਅੱਜਕੱਲ। ਤੜਕਸਾਰ ਘਰ ਤੋਂ ਨਿਕਲ ਕੇ ਸੜਕ ’ਤੇ ਜਾਣਾ ਤੇ ਫਿਰ ਕੋਈ ਆਟੋ ਲੱਭ ਕੇ ਬੱਸ ਸਟੈਂਡ ਪਹੁੰਚਣਾ ਵੀ ਮੁਹਿੰਮ ਸਰ ਕਰਨ ਨਾਲੋਂ ਘੱਟ ਨਹੀਂ ਹੁੰਦਾ। ਸਵੇਰ ਸਾਰ ਬੱਸ ਸਟੈਂਡ ਵਾਸਤੇ ਬੱਸਾਂ ਅਕਸਰ ਘੱਟ ਹੀ ਮਿਲਦੀਆਂ ਹਨ। ਜੇ ਕਰ ਕੋਈ ਬੱਸ ਐਨ ਸਮੇਂ ਸਿਰ ਲੰਬੇ ਰੂਟ ਵਾਲੀ ਆ ਹੀ ਜਾਵੇ ਤਾਂ ਕੰਡਕਟਰ ਸੌ ਸੌ ਨਖ਼ਰੇ ਕਰਦੇ ਹਨ- “ਸਾਡੀ ਬੱਸ ਦਾ ਇੱਥੇ ਸਟਾਪ ਨਹੀਂ” ਵਗ਼ੈਰਾ। ਘੜੇ ਘੜਾਏ ਜਵਾਬ ਸੁਣਾ ਦਿੰਦੇ ਹਨ। ਭਲਾ ਕੋਈ ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ, “ਭਲਿਆਂ ਲੋਕਾ, ਜੇ ਤੁਹਾਡੀ ਬੱਸ ਦਾ ਇੱਥੇ ਸਟਾਪ ਨਹੀਂ ਤਾਂ ਬੱਸ ਰੋਕੀ ਕਾਹਨੂੰ?” ਫਿਰ ਉਹ ਅਕਸਰ ਇਹ ਕਹਿ ਕੇ ਸੁਰਖ਼ਰੂ ਹੋ ਜਾਂਦੇ ਹਨ ਕਿ ਸਵਾਰੀਆਂ ਦੀ ਸਹੂਲਤ ਲਈ ਬਿਨਾਂ ਸਟਾਪ ਬੱਸ ਰੋਕ ਕੇ ਲੋਕ ਭਲਾਈ ਵੀ ਤਾਂ ਕਰਨੀ ਹੀ ਪੈਂਦੀ ਹੈ।”
“ਹੁਣ ਜੇ ਬੱਸ ਰੋਕ ਹੀ ਲਈ ਆ ਤਾਂ ਦੋ ਸਵਾਰੀਆਂ ਹੋਰ ਬਹਿ ਜਾਣ ਨਾਲ ਲੋਕ ਭਲਾਈ ਖੰਡਿਤ ਹੋ ਜਾਊ?” ਪ੍ਰੇਸ਼ਾਨ ਹੋ ਰਹੀ ਸਵਾਰੀ ਜੇ ਇੰਜ ਕਹਿ ਦੇਵੇ ਤਾਂ ਨਾਲ ਹੀ ਹੋਰ ਸਵਾਲ ਦਾਗ਼ ਦੇਣਗੇ, “ਟਿਕਟ ਪਿਛਲੇ ਅੱਡੇ ਤੋਂ ਲੱਗੂ?”
ਪਿਛਲੇ ਹਫ਼ਤੇ ਸਾਡੇ ਨਾਲ ਵੀ ਅਜਿਹਾ ਹੀ ਵਰਤਾਰਾ ਹੋਇਆ। ਪਠਾਨਕੋਟ ਚੌਂਕ ਵਿੱਚੋਂ ਪੀ ਏ ਪੀ ਤਕ ਜਾਣ ਲਈ ਤੜਕੇ ਤੜਕੇ ਅਸੀਂ ਆਟੋ ਉਡੀਕ ਰਹੇ ਸਾਂ ਕਿ ਅਚਾਨਕ ਪਠਾਨਕੋਟ ਤੋਂ ਆਈ ਰੋਡਵੇਜ਼ ਦੀ ਬੱਸ ਆ ਰੁਕੀ। ਅਸੀਂ ਬੜੇ ਖ਼ੁਸ਼ ਹੋਏ ਕਿ ਜਲਦੀ ਵਿੱਚ ਅੱਗੋਂ ਵੀ ਬੱਸ ਸਮੇਂ ਸਿਰ ਮਿਲ ਜਾਏਗੀ। ਸਵਾਰੀਆਂ ਉੱਤਰ ਗਈਆਂ ਤਾਂ ਬੱਸ ਵਿੱਚ ਚੜ੍ਹਨ ਲਈ ਅਸੀਂ ਅਜੇ ਬਾਰੀ ਨੂੰ ਹੱਥ ਪਾਇਆ ਹੀ ਸੀ ਕਿ ਕੰਡਕਟਰ ਭਗਵਾਨ ਬੋਲ ਉੱਠੇ, “ਨਹੀਂ ਬਈ ਨਹੀਂ, ਚੜ੍ਹਨਾ ਨਹੀਂ।”
“ਪਰ ਕਿਉਂ?” ਅਸੀਂ ਪੁੱਛ ਲਿਆ।
“ਟਿਕਟ ਪਿੱਛੇ ਤੋਂ ਲੱਗੂ, ਇਹ ਸਾਡਾ ਅੱਡਾ ਨਹੀਂ।:
“ਹਾਂ ਬਈ ਜ਼ਰੂਰ, ਜਿਹੜਾ ਤੇਰਾ ਅੱਡਾ ਬਣਦਾ, ਉੱਥੇ ਦੀ ਟਿਕਟ ਕੱਟ ਦੇ।” ਅਸੀਂ ਕਿਹਾ ਤੇ ਜੇਤੂ ਅੰਦਾਜ਼ ਵਿੱਚ ਬੱਸ ਵਿੱਚ ਬੈਠ ਗਏ। ਪੰਜ ਕੁ ਮਿੰਟ ਵਿੱਚ ਬੱਸ ਨੇ ਸਾਨੂੰ ਪੀ ਏ ਪੀ ਦੇ ਅੱਡੇ ’ਤੇ ਪੁਚਾ ਦਿੱਤਾ। ਟਿਕਟ ਮਹਿਜ਼ 25 ਰੁਪਏ ਦੀ ਲੱਗੀ ਜਦੋਂ ਕਿ ਆਟੋ ਵਾਲੇ 30 ਰੁਪਏ ਤੋਂ ਘੱਟ ਨਹੀਂ ਲੈਂਦੇ ਤੇ ਸਮਾਂ ਵੀ ਦੁੱਗਣਾ ਲਗਦਾ ਹੈ। ਪਰ ਉੱਥੇ ਜਾ ਕੇ ਬੱਸਾਂ ਦੀ ਉਡੀਕ ਨੇ ਪ੍ਰੇਸ਼ਾਨ ਕਰ ਦਿੱਤਾ। ਜਿਹੜੀ ਵੀ ਚੰਡੀਗੜ੍ਹ ਵਾਲੀ ਬੱਸ ਆਵੇ, ਰੁਕਣ ਦੀ ਥਾਂ ਹੋਰ ਤੇਜ਼ ਕਰਕੇ ਡਰਾਈਵਰ ਭਜਾ ਕੇ ਲੈ ਜਾਣ। ਅੱਧੇ ਘੰਟੇ ਬਾਅਦ ਇੱਕ ਬੱਸ ਰੁਕੀ ਤਾਂ ਸਾਨੂੰ ਸੁਖ ਦਾ ਸਾਹ ਆਇਆ। ਉਸ ਬੱਸ ਵਾਲੇ ਨੇ ਖ਼ਬਰੇ ਸਾਡੇ ਦਿਲ ਦੀ ਬੁੱਝ ਲਈ ਸੀ ਜਾਂ ਉਨ੍ਹਾਂ ਨੂੰ ਸਮੇਂ ਦੀ ਕਾਹਲ ਸੀ, ਬਿਨਾਂ ਕਿਸੇ ਚਾਹ ਪਾਣੀ ਦੇ ਠਹਿਰਾਵ ਤੋਂ ਬੱਸ ਸਾਢੇ ਨੌਂ ਵਜੇ ਚੰਡੀਗੜ੍ਹ ਬੱਸ ਅੱਡੇ ’ਤੇ ਪਹੁੰਚ ਗਈ ਸੀ। ਉਸੇ ਸਮੇਂ ਉੱਚ ਅਦਾਲਤ ਤੋਂ ਵਕੀਲ ਸਾਹਿਬ ਦਾ ਸੁਨੇਹਾ ਆ ਗਿਆ, “ਜੱਜ ਸਾਹਿਬ ਛੁੱਟੀ ’ਤੇ ਹਨ, ਭਾਵੇਂ ਨਾ ਹੀ ਆਇਓ।”
ਪਰ ਅਸੀਂ ਤਾਂ ਚਾਰ ਜਣੇ ਚੰਡੀਗੜ੍ਹ ਪਹੁੰਚ ਵੀ ਚੁੱਕੇ ਸਾਂ।
“ਚਲੋ ਹੁਣ ਆਏ ਹਾਂ ਤਾਂ ਹਾਈਕੋਰਟ ਵੀ ਹੋ ਹੀ ਆਈਏ ਅਤੇ ਚਾਹ ਪਾਣੀ ਪੀ ਲਈਏ। ਕਈ ਵਾਰ ਅੰਨ-ਜਲ ਛਕਣ ਨਾਲ ਵੀ ਪਾਰ ਉਤਾਰਾ ਹੋ ਜਾਂਦਾ ਹੈ।” ਸਾਡੇ ਵਿੱਚੋਂ ਇੱਕ ਨੇ ਕਿਹਾ।
ਫਿਰ ਕੀ ਸੀ? ਇੱਕ ਨੇ ਕਹੀ, ਦੂਜਿਆਂ ਨੇ ਮੰਨ ਲਈ ਤੇ ਅਸੀਂ ਲੋਕਲ ਬੱਸ ਵਿੱਚ ਜਾ ਸੀਟਾਂ ਮੱਲੀਆਂ। ਹੋਰ ਕਰਦੇ ਵੀ ਤਾਂ ਕੀ? ਉੱਖਲੀ ਵਿੱਚ ਸਿਰ ਦਿੱਤਾ, ਮੋਹਲਿਆਂ ਦਾ ਕੀ ਡਰ?
ਵਕੀਲ ਸਾਹਿਬ ਦੇ ਚੈਂਬਰ ਵਿੱਚ ਜਾ ਕੇ ਘੜੀ ਪਲ ਇੱਧਰ ਉੱਧਰ ਦੀਆਂ ਗੱਲਾਂ ਮਾਰੀਆਂ। ਕੇਸ ਬਾਰੇ ਵਿਚਾਰ ਵਟਾਂਦਰਾ ਕੀਤਾ।
“ਚਾਹ ਪੀਓ ਤੇ ਪਕੌੜੇ ਖਾਓ” ਸਾਡੇ ਵਕੀਲ ਸਾਹਿਬ ਦਾ ਤਕੀਆ ਕਲਾਮ ਹੈ। ਦਾਣਾ-ਪਾਣੀ ਖਾਣ ਨਾਲ ਕਈ ਮਸਲੇ ਸਹਿਜੇ ਹੀ ਹੱਲ ਹੋ ਜਾਂਦੇ ਹਨ। ਇਹ ਸਾਡੇ ਸਮਾਜ ਦੀ ਸੋਚ ਪ੍ਰਥਾ ਵੀ ਹੈ ਤੇ ਸਾਡੇ ਵਕੀਲ ਦੀ ਸੋਚ ਵੀ। ਆਖ਼ਰ ਦੋ ਮਹੀਨੇ ਬਾਅਦ ਦੀ ਤਰੀਕ ਦਾ ਪਤਾ ਸ਼ਾਮ ਨੂੰ ਲੱਗਾ।
ਬਿਨਾਂ ਕਿਸੇ ਪ੍ਰਾਪਤੀ ਦੇ ਅਸੀਂ ਦਿਹਾੜੀ ਅਤੇ ਪੈਸੇ ਦਾ ਨੁਕਸਾਨ ਕਰਕੇ ਵਾਪਸ ਪਰਤ ਆਏ। ਮਸ਼ਕਰੀਆਂ ਕਰਦੇ ਇੱਕ ਦੂਜੇ ਨਾਲ ਦਿਲ ਪਰਚਾਵਾ ਕਰਦੇ ਹੋਏ “ਨ੍ਹਾਤੀ ਧੋਤੀ ਰਹਿ ਗਈ ਤੇ ਉੱਤੇ ਮੱਖੀ ਬਹਿ ਗਈ” ਮੁਹਾਵਰੇ ਦੀਆਂ ਵੱਖੀਆਂ ਉਧੇੜ ਰਹੇ ਸਾਂ। ਉਹ ਦਿਨ ਜਾਵੇ ਤੇ ਅੱਜ ਦਾ ਆਵੇ, ਸਾਡਾ ਉਹ ਕੇਸ ਤਰੀਕ-ਉੱਪਰ-ਤਰੀਕ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ ਤੇ ਕਿੰਨੇ ਹੀ ਸਾਲ ਬੀਤਣ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ... ਤੇ ਇਨਸਾਫ਼ ਦੀ ਉਡੀਕ ਕਰਦੇ ਕਰਦੇ ਸਾਡੇ ਕਈ ਸਾਥੀ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ। ਪਤਾ ਨਹੀਂ ਊਠ ਦਾ ਬੁੱਲ੍ਹ ਕਦੋਂ ਡਿੱਗੇਗਾ ਤੇ ਕਦੋਂ ਸਾਡੀ ਮੁਰਾਦ ਪੂਰੀ ਹੋਵੇਗੀ। ਕਦੇ ਕਦੇ ਇਹ ਵੀ ਡਰ ਲਗਦਾ ਹੈ ਕਿ ਕਿਤੇ ਨਾਤ੍ਹੇ ਧੋਤੇ ਹੀ ਨਾ ਰਹਿ ਜਾਈਏ? ਪਰ ਆਸ ਦੀ ਡੰਗੋਰੀ ਫੜ ਹਾਲੇ ਤਾਂ ਤੁਰੇ ਜਾ ਹਾਂ, ਬਾਕੀ ਜਿਵੇਂ ਪਰਮਾਤਮਾ ਦੀ ਮਰਜ਼ੀ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)