“ਮਨੁੱਖੀ ਜ਼ਿੰਦਗੀ ਬੜੀ ਸੀਮਿਤ ਹੈ। ਹੁਣ ਜੰਗਲਾਂ ਜਾਂ ਪਹਾੜਾਂ ਦੀਆਂ ਖੁੱਡਾਂ ਵਿੱਚ ਰਹਿਣ ਦਾ ਸਮਾਂ ...”
(27 ਫਰਵਰੀ 2026)
ਮਨੁੱਖ ਸੁਭਾਅ ਤੋਂ ਹੀ ਲਾਲਚੀ ਕਿਸਮ ਦਾ ਪ੍ਰਾਣੀ ਹੈ। ਜੰਮਦੇ ਸਾਰ ਹੀ ਜਿੰਦਾ ਰਹਿਣ ਦੀ ਲਾਲਸਾ ਵਿੱਚ ਕੁਝ ਨਾ ਕੁਝ ਖਾਣ ਦਾ ਲਾਲਚ ਜਿਹੜਾ ਮਾਂ ਦੇ ਦੁੱਧ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਉਮਰ ਭਰ ਨਾਲ ਹੀ ਰਹਿੰਦਾ ਹੈ। ਹਾਲਾਂਕਿ ਇਸ ਨੂੰ ਲਾਲਚ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤਾਂ ਬੱਚੇ ਦੀ ਜ਼ਰੂਰਤ ਹੁੰਦੀ ਹੈ। ਵੱਡਾ ਹੁੰਦੇ ਸਾਰ ਹੀ ਅਧਿਆਤਮਿਕ ਪੱਖ ਤੋਂ ਸਿੱਖਿਆ ਦੇਣ ਵਾਲੇ ਤੇ ਸੰਤ ਮਹਾਤਮਾ ਮਨੁੱਖੀ ਸਰੀਰ ਨੂੰ ਚਿੰਬੜੇ ਪੰਜ ਵਿਕਾਰਾਂ ਤੋਂ ਜਾਣੂ ਕਰਵਾਉਣ ਲੱਗ ਜਾਂਦੇ ਹਨ। ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ, ਇਨ੍ਹਾਂ ਪੰਜਾਂ ਤੋਂ ਬਚਣ ਦੀ ਦੁਹਾਈ ਉਮਰ ਭਰ ਚਲਦੀ ਰਹਿੰਦੀ ਹੈ ਪਰ ਕਿਸੇ ਨਾ ਕਿਸੇ ਹੱਦ ਤਕ ਇਹ ਸਭ ਨੂੰ ਘੇਰੀ ਰੱਖਦੇ ਹਨ। ਸਨਿਆਸੀ ਅਤੇ ਤਿਆਗੀ ਲੋਕ ਹੀ ਇਨ੍ਹਾਂ ਤੋਂ ਨਿਰਲੇਪ ਰਹਿ ਸਕਦੇ ਹਨ, ਸਮਾਜ ਵਿੱਚ ਰਹਿਣ ਵਾਲਿਆਂ ਨੂੰ ਤਾਂ ਲੋੜ ਅਨੁਸਾਰ ਇਨ੍ਹਾਂ ਚੀਜ਼ਾਂ ਦਾ ਸਹਾਰਾ ਲੈਣਾ ਹੀ ਪੈਂਦਾ ਹੈ। ਪਰ ਜਦੋਂ ਲੋੜ ਤੋਂ ਵੱਧ ਲਾਲਸਾ ਬਣ ਜਾਵੇ, ਮਜਬੂਰੀ ਜਾਂ ਆਦਤ ਪੈ ਜਾਵੇ, ਉਹ ਮਾੜੀ ਹੁੰਦੀ ਹੈ। ਜਿਹੜੇ ਲੋਕ ਹੱਦੋਂ ਵੱਧ ਕਿਸੇ ਵੀ ਚੀਜ਼ ਦੇ ਆਦੀ ਬਣ ਜਾਂਦੇ ਹਨ ਤੇ ਉਸ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ, ਉਹ ਅਮਲੀ ਅਖਵਾਉਣ ਲੱਗ ਜਾਂਦੇ ਹਨ। ਆਮ ਅਜੋਕੀ ਭਾਸ਼ਾ ਵਿੱਚ ਇਸ ਨੂੰ ਆਪਾਂ “ਨਸ਼ੇ” ਕਹਿ ਸਕਦੇ ਹਾਂ। ਤੇ ਨਸ਼ਾ ਕਿਸੇ ਵੀ ਚੀਜ਼ ਦਾ ਹੋਵੇ, ਮਾੜਾ ਹੁੰਦਾ ਹੈ। ਪਹਿਲਾਂ ਪਹਿਲ ਤਾਂ ਨਸ਼ੇ ਵੀ ਗਿਣੇ ਚੁਣੇ ਹੀ ਹੁੰਦੇ ਸਨ, ਸ਼ਰਾਬ ਅਤੇ ਅਫ਼ੀਮ ਆਦਿ। ਫਿਰ ਭੰਗ, ਚਰਸ ਅਤੇ ਤਮਾਕੂ ਵਿੱਚ ਸ਼ਾਮਲ ਹੋ ਗਏ। ਸਿਗਰਟ-ਬੀੜੀਆਂ ਅਤੇ ਸ਼ਰਾਬ ਤਾਂ ਵਪਾਰਕ ਬਣ ਗਏ। ਹੁਣ ਥਾਂ ਥਾਂ ਇਨ੍ਹਾਂ ਦੀਆਂ ਦੁਕਾਨਾਂ ਅਤੇ ਠੇਕਿਆਂ ਦੀ ਭਰਮਾਰ ਹੋ ਗਈ ਹੈ। ਦੇਸੀ, ਵਿਦੇਸ਼ੀ ਕਈ ਤਰ੍ਹਾਂ ਦੇ ਬਰਾਂਡ ਬਣ ਗਏ ਹਨ। ਮੁੱਕਦੀ ਗੱਲ ਹੁਣ ਸ਼ਰਾਬ, ਇਸਦੀਆਂ ਵੰਨਗੀਆਂ ਅਤੇ ਸਿਗਰਟਾਂ ਦੇ ਬਰਾਂਡ ਨਸ਼ੇ ਨਹੀਂ ਗਿਣੇ ਜਾਂਦੇ। ਹੁਣ ਤਾਂ ਇਹ ਸਟੇਟਸ ਸਿੰਬਲ ਅਤੇ ਅਗਾਂਹ ਵਧੂ ਸਮਾਜ ਦੇ ਚਿੰਨ੍ਹ ਸਮਝੇ ਜਾਣ ਲੱਗ ਪਏ ਹਨ। ਅੱਜ ਦੇ ਆਧੁਨਿਕ ਦੌਰ ਵਿੱਚ ਤਰੱਕੀ ਕਰਦਾ ਪੜ੍ਹਿਆ ਲਿਖਿਆ ਮਨੁੱਖ ਖ਼ੁਸ਼ਹਾਲ ਹੋ ਰਿਹਾ ਹੈ। ਅੱਜਕੱਲ੍ਹ ਦੇ ਨਸ਼ੇ ਤਾਂ ਆਧੁਨਿਕ ਬਰਾਂਡ ਸਮੈਕ, ਹੈਰੋਇਨ, ਆਈਸ ਅਤੇ ਨਿੱਤ ਨਵੇਂ ਤੋਂ ਨਵੇਂ ਮਹਿੰਗੇ ਤੇ ਸਮਗਲ ਹੁੰਦੇ ਡਰੱਗ, ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ ਅਤੇ ਜਵਾਨੀ ਨੂੰ ਖੂੰਜੇ ਲਾ ਦਿੱਤਾ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ। ਨੌਜਵਾਨ ਵਰਗ ਇਸ ਰੋਗ ਵਿੱਚ ਜ਼ਿਆਦਾ ਫਸਦਾ ਹੈ ਤੇ ਘਰਾਂ ਦੇ ਘਰ ਇਸਦੀ ਭੇਟ ਚੜ੍ਹ ਗਏ ਹਨ। ਇਸ ਬਿਮਾਰੀ ਤੋਂ ਨਿਜਾਤ ਦਿਵਾਉਣ ਦੇ ਭਰੋਸੇ ਨਾਲ ਕਈ ਸਰਕਾਰਾਂ ਬਣੀਆਂ ਅਤੇ ਡਿਗੀਆਂ ਹਨ। ਹੁਣ ਇੱਕ “ਯੁੱਧ ਨਸ਼ਿਆਂ ਵਿਰੁੱਧ” ਨਾਮੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਦੇਖੋ ਉਹ ਸੁਭਾਗਾ ਕਿਹੜਾ ਸਮਾਂ ਆਉਂਦਾ ਹੈ ਜਦੋਂ ਇਸ ਤੋਂ ਰਾਹਤ ਮਿਲਦੀ ਹੈ।
ਦੂਸਰਾ ਨਸ਼ਾ ਹੈ ਤਾਕਤ ਦਾ ਨਸ਼ਾ। ਰਾਜੇ ਰਾਣਿਆਂ ਦੇ ਤਾਕਤ ਦੇ ਅਧਾਰ ’ਤੇ ਜੱਦੀ-ਪੁਸ਼ਤੀ ਘਰਾਣਿਆਂ ਵਾਲੇ ਸਾਮਰਾਜ ਤਾਂ ਹੁਣ ਬੀਤੇ ਦੀਆਂ ਗੱਲਾਂ ਬਣ ਕੇ ਰਹਿ ਗਏ ਹਨ। ਹੁਣ ਤਾਂ ਵੋਟ ’ਤੇ ਅਧਾਰਿਤ ਲੋਕਰਾਜੀ ਪ੍ਰਕਿਰਿਆ ਰਾਹੀਂ ਸਰਕਾਰਾਂ ਬਣਦੀਆਂ ਅਤੇ ਚਲਦੀਆਂ ਹਨ। ਵੱਖ ਵੱਖ ਵਿਚਾਰਧਾਰਾਵਾਂ ਵਾਲੇ ਰਾਜਨੀਤਕ ਦਲ ਸਾਰੇ ਹੀ ਦੇਸ਼ਾਂ ਵਿੱਚ ਪ੍ਰਚਲਿਤ ਹੋ ਚੁੱਕੇ ਹਨ। ਵੱਖ ਵੱਖ ਦੇਸ਼ਾਂ ਦੇ ਬਾਲਗ ਵੋਟਰ ਆਪਣੀਆਂ ਵੋਟਾਂ ਰਾਹੀਂ ਆਪਣੇ ਪ੍ਰਤੀਨਿਧ ਚੁਣਦੇ ਹਨ। ਬਹੁਮਤ ਪ੍ਰਾਪਤ ਕਰਨ ਵਾਲੀ ਰਾਜਨੀਤਕ ਪਾਰਟੀ ਸੱਤਾ ’ਤੇ ਕਾਬਜ਼ ਹੁੰਦੀ ਹੈ ਤੇ ਰਾਜ ਚਲਾਉਂਦੀ ਹੈ। ਚਾਹੀਦਾ ਤਾਂ ਇਹ ਸੀ ਕਿ ਇੰਜ ਚੁਣੀਆਂ ਸਰਕਾਰਾਂ ਦੇਸ਼ ਅਤੇ ਲੋਕ ਹਿਤਾਂ ਅਨੁਸਾਰ ਕੰਮ ਕਰਦੀਆਂ, ਜਿਸ ਨਾਲ ਲੋਕਾਂ ਦਾ ਜੀਵਨ ਖ਼ੁਸ਼ਹਾਲ ਹੁੰਦਾ। ਪਰ ਸੱਤਾ ਸੁਖ ਦੇ ਲਾਲਚ ਨੇ ਰਾਜਨੀਤਕ ਲੋਕਾਂ ਨੂੰ ਸੱਤਾ ਦੇ ਅਮਲੀ ਬਣਾ ਦਿੱਤਾ ਹੈ। ਹੁਣ ਉਹ ਦੇਸ਼ ਅਤੇ ਲੋਕ ਹਿਤਾਂ ਦੀ ਥਾਂ ਆਪਣੇ ਹਿਤਾਂ ਨੂੰ ਪਹਿਲ ਦੇਣ ਲੱਗ ਪਏ ਹਨ। ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਜਾਂ ਖ਼ੁਸ਼ਹਾਲ ਕਰਨ ਦੀ ਉਹਨਾਂ ਦੀ ਸੋਚ ਹੀ ਨਹੀਂ ਰਹੀ। ਲੋਕਾਂ ਦੇ ਰੋਜ਼ਗਾਰ, ਸਿਹਤ ਅਤੇ ਸਿੱਖਿਆ ਹੁਣ ਉਹਨਾਂ ਦੀ ਡਿਕਸ਼ਨਰੀ ਦੀ ਸੂਚੀ ਵਿੱਚੋਂ ਬਾਹਰ ਹੋ ਗਏ ਜਾਪਦੇ ਹਨ। ਉਹ ਤਾਂ ਸੱਤਾ ਉੱਤੇ ਕਾਬਜ਼ ਹੋਣ ਸਾਰ ਹੀ ਅਗਲੀ ਵਾਰ ਸੱਤਾ ਕਿੰਜ ਹਥਿਆਉਣੀ ਹੈ, ਇਸੇ ਸੋਚ ਵਿੱਚ ਮਸਰੂਫ ਰਹਿਣ ਲੱਗ ਪਏ ਹਨ। ਜ਼ਿੰਮੇਵਾਰੀ ਦੀ ਭਾਵਨਾ ਅਤੇ ਦ੍ਰਿੜ੍ਹਤਾ, ਅਜੋਕੇ ਨੇਤਾਵਾਂ ਦੀ ਸੋਚ ਵਿੱਚੋਂ ਮਨਫ਼ੀ ਹੋ ਗਈ ਲਗਦੀ ਹੈ। ਪਹਿਲਾਂ ਨੇਤਾ ਲੋਕ ਉੱਚਕੋਟੀ ਦੇ ਨੈਤਿਕ ਪੱਧਰ ਵਾਲੇ ਹੁੰਦੇ ਸਨ। ਲਾਲ ਬਹਾਦਰ ਸ਼ਾਸਤਰੀ ਵਰਗੇ ਨੇਤਾ ਅੱਜਕੱਲ੍ਹ ਨਹੀਂ ਮਿਲਦੇ। ਇੱਕ ਵਾਰ ਉਹ ਰੇਲਵੇ ਮੰਤਰੀ ਸਨ। ਰੇਲ ਦੁਰਘਟਨਾ ਹੋ ਗਈ ਤਾਂ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਝੱਟ ਅਸਤੀਫ਼ਾ ਦੇ ਦਿੱਤਾ ਸੀ।
ਅੱਜਕੱਲ੍ਹ ਤਾਂ ਨੇਤਾ ਲੋਕ ਅਸਤੀਫ਼ਾ ਦੇਣ ਬਾਰੇ ਸੋਚਣ ਦੀ ਥਾਂ ਸੱਤਾ ਉੱਤੇ ਕਾਬਜ਼ ਰਹਿਣ ਲਈ ਨਿੱਤ ਨਵੀਂਆਂ ਪਾਰਟੀਆਂ ਬਦਲਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਰੇਕ ਰਾਜਨੀਤਕ ਪਾਰਟੀ ਦੇ ਆਪਣੇ ਨਿਯਮ ਜਾਂ ਆਦਰਸ਼ ਹੁੰਦੇ ਹਨ। ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਜਾਣ ਅਤੇ ਉਸਦੀਆਂ ਨੀਤੀਆਂ ਸਮਝਣ ਲਈ ਸਮੇਂ ਦੀ ਲੋੜ ਹੁੰਦੀ ਹੈ। ਪਰ ਇੱਥੇ ਤਾਂ ਲੇਬਲ ਬਦਲਦੇ ਹੀ ਦੂਸਰੀ ਪਾਰਟੀ ਵਿੱਚ ਵੀ ਮੰਤਰੀ ਪਦ ਪਰੋਸੇ ਜਾਣ ਲੱਗ ਪਏ ਹਨ। ਦਲ ਬਦਲੀਆਂ ’ਤੇ ਲੋਕ ਅੰਦਰੋਂ ਭਾਵੇਂ ਦੁਖੀ ਹੋਣ ਪਰ ਵੋਟਾਂ ਪਾਉਣ ਸਮੇਂ ਫਿਰ ਕਿਸੇ ਨੈਤਿਕ ਸੋਚ ਜਾਂ ਪਰਖ ਦੀ ਥਾਂ ਅੰਧ ਭਗਤ ਬਣ ਵੋਟਾਂ ਪਾ ਦਿੰਦੇ ਹਨ। ਸਿੱਖਿਆ ਦਾ ਪੱਧਰ ’ਤੇ ਰੋਜ਼ਗਾਰਹੀਣਤਾ ਵੋਟਰਾਂ ਨੂੰ ਸਹੀ ਸੋਚਣ ਦੇ ਸਮਰੱਥ ਹੋਣ ਹੀ ਨਹੀਂ ਦਿੰਦੀ। ਉੱਚ ਸਿੱਖਿਆ ਦਾ ਪੱਧਰ ਉੱਚਾ ਹੋਣ ਦੀ ਥਾਂ ਦਿਨ ਬ ਦਿਨ ਡਿਗਦਾ ਜਾ ਰਿਹਾ ਹੈ। ਇਹੀ ਵੱਡਾ ਕਾਰਨ ਹੈ ਕਿ ਦੇਸ਼ ਦੀ ਜਵਾਨੀ ਪਲੱਸ ਟੂ ਪਾਸ ਕਰਦੇ ਸਾਰ ਹੀ ਵਿਦੇਸ਼ਾਂ ਨੂੰ ਦੌੜਨ ਲਈ ਮਜਬੂਰ ਹੈ।
ਮਨੁੱਖੀ ਜ਼ਿੰਦਗੀ ਬੜੀ ਸੀਮਿਤ ਹੈ। ਹੁਣ ਜੰਗਲਾਂ ਜਾਂ ਪਹਾੜਾਂ ਦੀਆਂ ਖੁੱਡਾਂ ਵਿੱਚ ਰਹਿਣ ਦਾ ਸਮਾਂ ਨਹੀਂ ਹੈ। ਤਕਨੀਕ ਅਤੇ ਵਿਗਿਆਨ ਦੇ ਇਸ ਦੌਰ ਵਿੱਚ ਸਿੱਖਿਆ ਦੀ ਕ੍ਰਾਂਤੀ ਦੀ ਲੋੜ ਹੈ। ਉਹ ਕ੍ਰਾਂਤੀ ਤਾਂ ਹੀ ਆਵੇਗੀ ਜੇ ਨੇਤਾ ਲੋਕ ਸੁਹਿਰਦ ਹੋਣਗੇ, ਲਾਲਚ ਰਹਿਤ ਹੋਣਗੇ। ਉਹਨਾਂ ਦੀ ਸੋਚ ਸਰਬੱਤ ਦੇ ਭਲੇ ਨਾਲ ਲਬਰੇਜ਼ ਹੋਵੇਗੀ ਨਾ ਕਿ ਗਿਣੇ ਚੁਣੇ ਪਰਿਵਾਰਾਂ ਦੀ ਖ਼ੁਸ਼ਹਾਲੀ ਨੂੰ ਅਰਪਿਤ ਹੋਵੇਗੀ। ਸਾਡੀਆਂ ਇਸਰੋ ਵਰਗੀਆਂ ਵਿਗਿਆਨਕ ਸੰਸਥਾਵਾਂ ਵਿਸ਼ਵ ਵਿੱਚ ਪ੍ਰਸਿੱਧ ਹਨ। ਉਹਨਾਂ ਨੂੰ ਹੋਰ ਆਧੁਨਿਕ ਬਣਾਉਣ ਅਤੇ ਨਵੀਨੀਕਰਨ ਦੀ ਲੋੜ ਹੈ। ਦੇਸ਼ ਦੇ ਚੋਣ ਪ੍ਰਬੰਧ ਉੱਤੇ ਕਈ ਤਰ੍ਹਾਂ ਦੇ ਕਿੰਤੂ ਉੱਠਦੇ ਰਹਿੰਦੇ ਹਨ। ਇਸ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਦੀ ਲੋੜ ਹੈ। ਪਾਰਦਰਸ਼ਿਕਤਾ, ਨੈਤਿਕਤਾ, ਇਮਾਨਦਾਰੀ, ਧਾਰਮਿਕ ਅਤੇ ਸਿਆਸੀ ਸੂਝਬੂਝ ਸਮੇਂ ਦੀ ਮੁੱਖ ਲੋੜ ਹੈ। ਦਲ-ਬਦਲੂ ਵਰਤਾਰਾ ਸਮਾਜ ਲਈ ਕੋਹੜ ਦੀ ਭਾਂਤੀ ਹੈ। ਨਸ਼ਿਆਂ ਵਾਂਗ ਹੀ ਦਲ ਬਦਲੂਆਂ ਤੋਂ ਬਚਾ ਕੇ ਹੀ ਦੇਸ਼ ਵਿੱਚ ਸਿਆਸੀ ਇਨਕਲਾਬ ਲਿਆਂਦਾ ਜਾ ਸਕਦਾ ਹੈ। ਕਾਸ਼ ਦੇਸ਼ ਭਰ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੇਤਾ ਆਪਣੇ ਅੰਦਰ ਝਾਤੀ ਮਾਰਨ ਅਤੇ ਤਨੋਂ ਮਨੋਂ ਪ੍ਰਣ ਕਰਕੇ ਦੇਸ਼ ਅਤੇ ਸਮਾਜ ਦੇ ਭਲੇ ਅਤੇ ਖ਼ੁਸ਼ਹਾਲੀ ਲਈ ਜੁੱਟ ਜਾਣ; ਨਿੱਜੀ ਲਾਲਚ ਅਤੇ ਸਹੂਲਤਾਂ ਤੋਂ ਉੱਪਰ ਉੱਠ ਕੇ ਇੱਕ ਨਰੋਏ, ਸਿਹਤਮੰਦ, ਖ਼ੁਸ਼ਹਾਲ ਭਾਰਤ ਲਈ ਸਮਰਪਿਤ ਹੋ ਜਾਣ। ਫਿਰ ਸਮੂਹ ਨਾਗਰਿਕ ਆਪ ਮੁਹਾਰੇ ਉਹਨਾਂ ਦੇ ਨਕਸ਼ੇ ਕਦਮਾਂ ’ਤੇ ਪਹਿਰਾ ਦੇਣਗੇ ਅਤੇ ਸਾਡਾ ਭਾਰਤ ਮੁੜ ਤੋਂ “ਸੋਨੇ ਦੀ ਚਿੜੀ” ਬਣ ਜਾਵੇਗਾ।
ਇਸ ਬ੍ਰਹਿਮੰਡ ਵਿੱਚ ਲੱਖਾਂ ਹੀ ਜੀਵ-ਜੰਤੂ, ਪਸ਼ੂ-ਪੰਛੀ ਅਤੇ ਤਰ੍ਹਾਂ ਤਰ੍ਹਾਂ ਦੀ ਬਨਾਸਪਤੀ, ਫਲ-ਫੁੱਲ ਅਤੇ ਮਨੁੱਖਤਾ ਦੀ ਸਹੂਲਤ ਲਈ ਖਣਿਜ ਪਦਾਰਥਾਂ ਦੀ ਭਰਮਾਰ ਹੈ। ਮਨੁੱਖ ਹੀ ਇੱਕ ਉੱਤਮ ਜੀਵ ਹੈ, ਜਿਸ ਨੂੰ ਸੋਚਣ-ਸਮਝਣ, ਵਿਚਾਰ ਕਰਨ, ਖੋਜਾਂ ਕਰਕੇ ਨਵੇਂ ਸਾਧਨ ਲੱਭਣ ਅਤੇ ਜ਼ਿੰਦਗੀ ਨੂੰ ਖ਼ੁਸ਼ਹਾਲ ਬਣਾਉਣ ਦੀ ਸੋਝੀ ਹੈ। ਜੇ ਕਿਹਾ ਜਾਵੇ ਕਿ ਸਭ ਕੁਝ ਮਨੁੱਖ ਦੀ ਸਹੂਲਤ ਲਈ ਹੀ ਹੈ ਤਾਂ ਅਤਿਕਥਨੀ ਨਹੀਂ ਹੋਵੇਗੀ? ਪਰ ਮਨੁੱਖ ਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ। ਉਸ ਨੂੰ ਅਨੁਸ਼ਾਸਨ ਵਿੱਚ ਰਹਿ ਕਿ ਅਜਿਹਾ ਮਾਹੌਲ ਬਣਾਉਣ ਅਤੇ ਸਾਧਨ ਪੈਦਾ ਕਰਨ ਦੀ ਲੋੜ ਹੈ ਜਿਸ ਵਿੱਚ ਸਮੂਹ ਮਨੁੱਖਤਾ ਖ਼ੁਸ਼ਹਾਲ ਰਹੇ, ਪਿਆਰ ਮੁਹੱਬਤ ਦਾ ਬੋਲਬਾਲਾ ਹੋਵੇ, ਆਪਸ ਭਾਈਚਾਰਕ ਸਾਂਝ ਵਧੇ ਫੁੱਲੇ। ਈਰਖਾ, ਲਾਲਸਾ ਅਤੇ ਹਿੰਸਾ ਦੀ ਸੁਲਝੇ ਸਮਾਜ ਲਈ ਕੋਈ ਥਾਂ ਨਹੀਂ ਹੈ। ਭਾਵੇਂ ਮਨੁੱਖੀ ਜ਼ਿੰਦਗੀ ਥੋੜ੍ਹਚਿਰੀ ਅਤੇ ਅਸਥਾਈ ਹੈ, ਫਿਰ ਵੀ ਮਨੁੱਖ ਲਾਲਚ, ਹਉਮੈਂ, ਸਵਾਰਥ ਤੇ ਈਰਖਾ ਨਾਲ ਭਰਿਆ ਪਿਆ ਹੈ। ਹਰੇਕ ਨੂੰ ਇਸ ਰੰਗੀਨ ਦੁਨੀਆ ਤੋਂ ਸੀਮਿਤ ਸਮੇਂ ਬਾਅਦ ਜਾਣ ਦਾ ਪੂਰਾ ਗਿਆਨ ਹੁੰਦੇ ਹੋਏ ਵੀ ਮਨੁੱਖ ਅਨਜਾਣ ਬਣਿਆ ਹੋਇਆ ਹੈ। ਉਹ ਅਜਿਹੇ ਕੁਕਰਮ ਕਰਨ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰਦਾ ਜੋ ਨਾ ਤਾਂ ਉਸ ਨੂੰ ਸੋਭਦੇ ਹਨ ਤੇ ਨਾ ਹੀ ਸੱਭਿਅਕ ਮਨੁੱਖ ਦੇ ਸੁਣਨ ਅਤੇ ਸੋਚਣ ਦੇ ਹੀ ਯੋਗ ਹਨ। ਮਨੁੱਖ ਨੂੰ ਮਨੁੱਖਤਾ ਦੀ ਲਾਜ ਰੱਖਦੇ ਹੋਏ ਯੋਗ ਇਨਸਾਨ ਬਣਨਾ ਚਾਹੀਦਾ ਹੈ ਨਾ ਕਿ ਪਸ਼ੂਆਂ ਤੋਂ ਵੀ ਭਿਆਨਕ ਹੈਵਾਨ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (