“ਸਾਡਾ ਦੇਸ਼ ਅਬਾਦੀ ਪੱਖੋਂ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣ ਗਿਆ ਹੈ। ਹਰ ਸਾਲ ...”
(27 ਅਗਸਤ 2026)
ਹਰ ਸਾਲ ਅਗਸਤ ਦੇ ਮਹੀਨੇ ਦੀ ਪੁੰਨਿਆ ਵਾਲੇ ਦਿਨ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੋ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ। ਸਮਾਜ ਵਿੱਚ ਮੇਲ ਮਿਲਾਪ ਵਧਾਉਣ ਅਤੇ ਮੋਹ ਪਿਆਰ ਦੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਲਈ ਅਜਿਹੇ ਬਹੁਤ ਸਾਰੇ ਤਿਉਹਾਰ ਸਾਡੇ ਦੇਸ਼ ਵਿੱਚ ਪ੍ਰਚਲਿਤ ਹਨ। ਮਨੁੱਖ ਸਮਾਜਿਕ ਪ੍ਰਾਣੀ ਹੈ; ਸਮਾਜ ਵਿੱਚ ਰਹਿੰਦੇ ਹੋਏ ਦੁੱਖ ਵੰਡਾਉਣ ਤੇ ਸੁੱਖ ਸਾਂਝਾ ਕਰਨ ਲਈ ਹਰ ਸਮਾਜ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਜਿਹੇ ਤਿਉਹਾਰ ਜ਼ਰੂਰ ਮਨਾਏ ਜਾਂਦੇ ਹਨ। ਕਈ ਤਿਉਹਾਰ ਤਾਂ ਸਮਾਜ ਦੇ ਛੋਟੇ ਜਿਹੇ ਹਿੱਸੇ ਤਕ ਹੀ ਸੀਮਿਤ ਰਹਿੰਦੇ ਹਨ ਤੇ ਕਈ ਇੰਨੇ ਜ਼ਿਆਦਾ ਹਰਮਨ ਪਿਆਰੇ ਹੋ ਜਾਂਦੇ ਹਨ ਕਿ ਉਹ ਵਿਸ਼ਵ ਪੱਧਰ ਤਕ ਫੈਲ ਜਾਂਦੇ ਹਨ। ਕ੍ਰਿਸਮਸ ਦਾ ਤਿਉਹਾਰ ਇਸ ਕਦਰ ਫੈਲਿਆ ਹੈ ਕਿ ਉਹ ਵਿਸ਼ਵ ਪੱਧਰ ’ਤੇ ਮਨਾਇਆ ਜਾਣ ਲੱਗ ਪਿਆ ਹੈ। ਉਂਜ ਤਾਂ ਵਿਸ਼ਵ ਹੀ ਅੱਜ-ਕੱਲ੍ਹ ਦੀਆਂ ਤਕਨੀਕੀ ਅਤੇ ਆਵਾਜਾਈ ਦੀਆਂ ਸਹੂਲਤਾਂ ਨਾਲ ਬਹੁਤ ਨੇੜੇ ਜਾਪਣ ਲੱਗ ਪਿਆ ਹੈ ਤੇ ਇੱਕ ਗਲੋਬਲ ਪਿੰਡ ਬਣ ਗਿਆ ਹੈ। ਸਾਰੇ ਦੇਸ਼ਾਂ ਦੇ ਵਸਨੀਕ ਇੱਕ ਦੂਜੇ ਦੇਸ਼ਾਂ ਵਿੱਚ ਪ੍ਰਵਾਸ ਕਰ ਗਏ ਹਨ ਤੇ ਲਗਭਗ ਸਾਰੇ ਦੇਸ਼ਾਂ ਦੇ ਤਿਉਹਾਰਾਂ ਤੋਂ ਵੀ ਕਾਫੀ ਹੱਦ ਤਕ ਜਾਣੂ ਹੋ ਗਏ ਹਨ। ਪੰਜਾਬੀ ਅਤੇ ਸਿੱਖ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ। ਇੰਜ ਉੱਥੇ ਪੰਜਾਬੀ ਜਾਂ ਭਾਰਤੀ ਤਿਉਹਾਰਾਂ ਦੀ ਮਹਿਕ ਪਹੁੰਚਣੀ ਵੀ ਕੁਦਰਤੀ ਬਣ ਗਈ ਹੈ। ਸਾਡੇ ਸਮਾਜਿਕ ਤਿਉਹਾਰ ਸਾਡੇ ਸਿਨੇਮਾ ਜਗਤ ਨੇ ਬਹੁਤ ਪਾਪੂਲਰ ਕੀਤੇ ਹਨ। ਲਗਭਗ ਸਾਰੇ ਹੀ ਤਿਉਹਾਰਾਂ ਉੱਤੇ ਫਿਲਮਾਂ ਬਣ ਚੁੱਕੀਆਂ ਹਨ। ਫਿਲਮ ਇੱਕ ਅਜਿਹਾ ਸਾਧਨ ਹੈ ਜੋ ਦੇਖਣ ਵਾਲਿਆਂ ਦੇ ਮਨ ਤੇ ਗਹਿਰੀ ਛਾਪ ਛੱਡ ਜਾਂਦਾ ਹੈ। ਜਿਹੜੇ ਦ੍ਰਿਸ਼ ਮਨੁੱਖ ਇੱਕ ਵਾਰ ਦੇਖ ਲੈਂਦਾ ਹੈ ਉਹ ਉਸਦੀ ਯਾਦਸ਼ਕਤੀ ਦਾ ਹਿੱਸਾ ਬਣ ਜਾਂਦੇ ਹਨ। ਸਾਡੇ ਦੇਸ਼ ਦਾ ਮੁੱਖ ਕਿੱਤਾ ਖੇਤੀਬਾੜੀ ਹੋਣ ਕਾਰਨ ਬਹੁਤੇ ਤਿਉਹਾਰਾਂ ਦਾ ਸਮਾਂ ਖੇਤੀ ਖੇਤਰ ਵਿੱਚ ਵਿਹਲ ਦੇ ਸਮੇਂ ਨਾਲ ਜੁੜਿਆ ਹੁੰਦਾ ਹੈ। ਜਿਵੇਂ ਵਿਸਾਖੀ ਦਾ ਮੁੱਖ ਤਿਉਹਾਰ ਹੁਣ ਹਾੜ੍ਹੀ ਦੀ ਰੁੱਤ ਦੀਆਂ ਫਸਲਾਂ ਦੇ ਪੱਕਣ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਪਹਿਲਾਂ ਜਦੋਂ ਫਸਲਾਂ ਮਾਰੂ ਹੁੰਦੀਆਂ ਸਨ ਉਦੋਂ ਕਿਸਾਨ ਕਣਕ ਦੀ ਫਸਲ ਸਾਂਭ ਕੇ ਵਿਸਾਖੀ ਦਾ ਤਿਉਹਾਰ ਮਨਾਉਂਦੇ ਸਨ।
ਇੰਜ ਹੀ ਲੋਹੜੀ ਦਾ ਤਿਉਹਾਰ ਜਨਵਰੀ ਦੇ ਮਹੀਨੇ ਆਉਂਦਾ ਹੈ। ਉਦੋਂ ਵੀ ਕਿਸਾਨ ਕੋਲ ਕਾਫੀ ਵਿਹਲਾ ਸਮਾਂ ਹੁੰਦਾ ਹੈ। ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਸਾਵਣ ਅਤੇ ਭਾਦੋਂ ਦੋ ਮਹੀਨੇ ਔਰਤਾਂ ਦੇ ਤਿਉਹਾਰਾਂ ਵਾਲੇ ਹੁੰਦੇ ਨੇ। ਸਾਵਣ ਮਹੀਨੇ ਦੀਆਂ ਤੀਆਂ ਔਰਤਾਂ ਅਤੇ ਸਜ ਵਿਆਹੀਆਂ ਮੁਟਿਆਰਾਂ ਲਈ ਖੁਸ਼ੀਆਂ ਖੇੜਿਆਂ ਨਾਲ ਭਰਪੂਰ ਹੁੰਦੀਆਂ ਹਨ। ਨਵੀਂਆਂ ਵਿਆਹੀਆਂ ਮੁਟਿਆਰਾਂ ਪਹਿਲਾ ਸਾਵਣ ਆਪਣੇ ਪੇਕੇ ਪਿੰਡ ਆ ਕੇ ਮਨਾਉਂਦੀਆਂ ਹਨ। ਇਸ ਮਹੀਨੇ ਸੱਸ ਨਾਲ ਮਿਲਣਾ ਨਵੀਂ ਵਹੁਟੀ ਲਈ ਅਪਸ਼ਗਨ ਸਮਝਣ ਦੀ ਮਿੱਥ ਪਾਲੀ ਜਾ ਚੁੱਕੀ ਹੈ। ਕੁੜੀਆਂ ਖੂਬ ਨੱਚ-ਟੱਪ ਅਤੇ ਬੋਲੀਆਂ ਪਾ ਕੇ ਆਪਣੇ ਮਨ ਖੁਸ਼ ਕਰਦੀਆਂ ਨੇ। ਘਰਾਂ ਵਿੱਚ ਖੂਬ ਸੁਆਦਲੇ ਪਕਵਾਨ, ਖੀਰਾਂ ਅਤੇ ਪੂੜੇ ਪੱਕਦੇ ਨੇ। ਭਾਦੋਂ ਦੇ ਮਹੀਨੇ ਰੱਖੜੀ ਦਾ ਤਿਉਹਾਰ ਆ ਜਾਂਦਾ ਹੈ। ਇਸ ਤਿਉਹਾਰ ਨੂੰ ਸਾਡੇ ਸਮਾਜ ਨੇ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਤਿਉਹਾਰ ਦੀ ਸ਼ੁਰੂਆਤ ਸੰਬੰਧੀ ਕੋਈ ਤਿੱਥ ਤਾਂ ਨਹੀਂ ਮਿਲਦੀ ਪਰ ਕਿਹਾ ਜਾਂਦਾ ਹੈ ਕਿ ਦਰਬਾਸ਼ਾ ਰਿਸ਼ੀ ਨਦੀ ਵਿੱਚ ਇਸ਼ਨਾਨ ਕਰਦੇ ਸਨ। ਉਨ੍ਹਾਂ ਦੇ ਵਸਤਰ ਰੁੜ੍ਹ ਗਏ ਬਾਹਰ ਆਉਣ ਲਈ ਸਰੀਰ ਤੇ ਕੱਪੜਾ ਚਾਹੀਦਾ ਸੀ। ਕਿਨਾਰੇ ’ਤੇ ਖੜ੍ਹੀ ਦਰੋਪਦੀ ਨੇ ਆਪਣੀ ਸਾੜੀ ਦਾ ਪੱਲਾ ਪਾੜ ਕੇ ਰਿਸ਼ੀ ਜੀ ਵੱਲ ਸੁੱਟਿਆ। ਬਾਹਰ ਆ ਕੇ ਉਨ੍ਹਾਂ ਨੇ ਦਰੋਪਦੀ ਨੂੰ ਵਰ ਦਿੱਤਾ ਕਿ ਉਸਨੇ ਉਨ੍ਹਾਂ ਦਾ ਨੰਗੇਜ਼ ਢਕ ਕੇ ਰੱਖਿਆ ਕੀਤੀ ਹੈ ਬਦਲੇ ਵਿੱਚ ਉਹ ਵੀ ਲੋੜ ਵੇਲੇ ਸਹਾਇਤਾ ਕਰਨਗੇ। ਕਿਹਾ ਜਾਂਦਾ ਹੈ ਕਿ ਕੌਰਵਾਂ ਦੁਆਰਾ ਉਸਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਵੇਲੇ ਰਿਸ਼ੀ ਜੀ ਨੇ ਦਰੋਪਦੀ ਦੀ ਰੱਖਿਆ ਕੀਤੀ ਸੀ।
ਕੁਝ ਲੋਕ ਇਸ ਤਿਉਹਾਰ ਨੂੰ ਭਗਵਾਨ ਕ੍ਰਿਸ਼ਨ ਨਾਲ ਜੋੜਦੇ ਹਨ। ਕੁਝ ਵੀ ਹੋਵੇ ਗੱਲ ਰੱਖਿਆ ਪ੍ਰਦਾਨ ਕਰਨ ਦੀ ਹੈ। ਸਮਾਜ ਨੂੰ ਤਿਉਹਾਰ ਦਾ ਕੋਈ ਅਧਾਰ ਜਾਂ ਬਹਾਨਾ ਮਿਲਣਾ ਚਾਹੀਦਾ ਹੈ ਤੇ ਫਿਰ ਅਗਲਾ ਰਾਹ ਲੋਕ ਖੁਦ ਬਣਾ ਲੈਂਦੇ ਹਨ। ਸਾਰੇ ਉੱਤਰੀ ਭਾਰਤ ਵਿੱਚ ਇਹ ਤਿਉਹਾਰ ਭੈਣਾਂ ਬੜੀਆਂ ਰੀਝਾਂ ਨਾਲ ਮਨਾਉਂਦੀਆਂ ਹਨ। ਪਵਿੱਤਰ ਪਿਆਰ ਦੇ ਬੰਧਨ ਨੂੰ ਕੱਚੇ ਧਾਗੇ ਅਤੇ ਮੋਹ ਦੀਆਂ ਤੰਦਾਂ ਕਰਕੇ ਵੀ ਜਾਣਿਆ ਜਾਂਦਾ ਹੈ। “ਕੱਚੇ ਧਾਗੇ” ਫਿਲਮ ਨੇ ਵੀ ਇਸ ਤਿਉਹਾਰ ਦੀ ਮਹਾਨਤਾ ਨੂੰ ਟੁੰਬਿਆ ਸੀ। ਪੁਰਾਤਨ ਸਮੇਂ ਵਿੱਚ ਭੈਣਾਂ ਮੌਲੀ ਦੇ ਧਾਗੇ ਦੀਆਂ ਤੰਦਾਂ ਆਪਣੇ ਭਰਾ ਦੇ ਗੁੱਟ ਤੇ ਸਜਾਇਆ ਕਰਦੀਆਂ ਸਨ। ਮੌਲੀ ਦਾ ਧਾਗਾ ਵਿਆਹ ਸ਼ਾਦੀ ਦੀਆਂ ਰਸਮਾਂ ਨਿਭਾਉਣ ਲਈ ਵੀ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਭਰਾ ਦਾ ਮੂੰਹ ਮਿੱਠਾ ਕਰਵਾਉਣ ਲਈ ਵਧੀਆ ਮਠਿਆਈ ਜਾਂ ਮਿੱਠੇ ਪਕਵਾਨ ਖੁਆ ਕੇ ਭੈਣਾਂ ਸ਼ਗਨ ਮਨਾਉਂਦੀਆਂ ਸਨ। ਪਹਿਲਾਂ ਪਹਿਲ ਤਾਂ ਗੁੜ ਹੀ ਮਿੱਠੇ ਤੇ ਸ਼ਗਨ ਵਜੋਂ ਵਰਤਿਆ ਜਾਂਦਾ ਸੀ। ਸਮੇਂ ਦੇ ਬਦਲਣ ਨਾਲ ਇਸਦੀ ਥਾਂ ਵੰਨ ਸੁਵੰਨੀਆਂ ਮਠਿਆਈਆਂ ਨੇ ਲੈ ਲਈ ਹੈ।
ਰੱਖੜੀ ਭਰਾ ਵੱਲੋਂ ਭੈਣ ਦੇ ਹਰ ਦੁੱਖ ਸੁਖ ਵਿੱਚ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਬਣ ਗਈ ਹੈ। ਇਸ ਅਹਿਸਾਸ ਨੂੰ ਕਾਇਮ ਰੱਖਣ ਲਈ ਭਰਾ ਵੀ ਸ਼ਗਨ ਅਤੇ ਤੋਹਫੇ ਵਜੋਂ ਆਪਣੀਆਂ ਭੈਣਾਂ ਨੂੰ ਰੁਪਏ ਪੈਸੇ ਅਤੇ ਤੋਹਫੇ ਦੇ ਕੇ ਵਿਦਾ ਕਰਦੇ ਸਨ।
ਸਮੇਂ ਸਮੇਂ ’ਤੇ ਮਹਿੰਗਾਈ ਦੇ ਹਿਸਾਬ ਨਾਲ ਇਨ੍ਹਾਂ ਤੋਹਫਿਆਂ ਅਤੇ ਰੱਖੜੀਆਂ ਦੀਆਂ ਵੰਨਗੀਆਂ ਵੀ ਬਦਲਦੀਆਂ ਜਾ ਰਹੀਆਂ ਹਨ। ਉਹ ਵੀ ਸਮਾਂ ਸੀ ਜਦੋਂ ਰੱਖੜੀ ਦਾ ਸ਼ਗਨ ਸਵਾ ਰੁਪਈਆ ਵੀ ਬਹੁਤ ਮਾਅਨੇ ਰੱਖਦਾ ਸੀ। ਕਈ ਭਰਾ ਦਸ ਰੁਪਏ ਤਕ ਮਨੀਆਰਡਰ ਰਾਹੀਂ ਵੀ ਭੇਜਦੇ ਹੁੰਦੇ ਸਨ। ਗੱਲ ਰੁਪਈਆਂ ਦੀ ਨਹੀਂ ਸੀ ਹੁੰਦੀ, ਪਿਆਰ ਮੁਹੱਬਤ ਦੀ ਸ਼ਰਧਾ ਦਾ ਅਦਾਨ ਪ੍ਰਦਾਨ ਹੁੰਦਾ ਸੀ। ਮਹਿੰਗਾਈ ਵਧਣ ਨਾਲ ਹੁਣ ਤਾਂ ਹਜ਼ਾਰਾਂ ਰੁਪਏ ਵੀ ਉਹ ਭਾਵਨਾ ਪੂਰੀ ਨਹੀਂ ਕਰਦੇ ਜਿਹੜਾ ਮੌਲੀ ਦੇ ਧਾਗੇ ਦੇ ਪਿਆਰ ਲਈ ਸਵਾ ਰੁਪਇਆ ਜ਼ਾਹਰ ਕਰਦਾ ਸੀ। ਅੱਜ-ਕੱਲ੍ਹ ਮੌਲੀ ਦੇ ਧਾਗੇ ਤਾਂ ਉਂਜ ਹੀ ਅਲੋਪ ਹੋ ਗਏ ਨੇ। ਮੌਜੂਦਾ ਨੌਜਵਾਨ ਵਰਗ ਇਸ ਨੂੰ ਪਸੰਦ ਹੀ ਨਹੀਂ ਕਰਦਾ। ਹੁਣ ਤਾਂ ਅਮੀਰੀ ਅਤੇ ਫਕੀਰੀ ਦਾ ਫਰਕ ਆਮ ਨਜ਼ਰ ਆਉਣ ਲੱਗ ਪਿਆ ਹੈ। ਉਂਜ ਪਿਆਰ ਦੇ ਪਰਵਾਨੇ ਤਾਂ ਅੱਜ-ਕੱਲ੍ਹ ਵੀ ਪ੍ਰਚਲਿਤ ਧਾਗਿਆਂ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ, ਜਦੋਂਕਿ ਅਮੀਰ ਲੋਕ ਤਾਂ ਚਾਂਦੀ ਦੀਆਂ ਰੱਖੜੀਆਂ ਨੂੰ ਤਰਜੀਹ ਦੇਣ ਲੱਗ ਪਏ ਹਨ।
ਅੱਜ ਪਦਾਰਥਿਕ ਦੇ ਦੌਰ ਵਿੱਚ ਤਿਉਹਾਰ ਵੀ ਵਿਖਾਵੇ ਦਾ ਸਾਧਨ ਬਣ ਗਏ ਹਨ। ਜੇ ਆਪਾਂ ਅਜੋਕੇ ਤਿਉਹਾਰਾਂ ਨੂੰ ਦਿਖਾਵੇ ਦੇ ਪ੍ਰਤੀਕ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਤਿਉਹਾਰ ਤਾਂ ਕੇਵਲ ਇੱਕ ਰਸਮ ਬਣ ਕੇ ਰਹਿ ਗਏ ਹਨ। ਪਦਾਰਥਵਾਦੀ ਦੌਰ ਨੇ ਸਭ ਕਾਸੇ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ। ਜਿੱਥੇ ਵਪਾਰਕ ਕਦਰਾਂ ਕੀਮਤਾਂ ਹਾਵੀ ਹੋ ਜਾਣ ਉੱਥੋਂ ਪਿਆਰ ਮਨਫੀ ਹੋਣ ਲੱਗ ਪੈਂਦਾ ਏ। ਤੇ ਇਹ ਹੋ ਵੀ ਰਿਹਾ ਏ। ਲੋਕਾਂ ਦੀ ਲਾਲਸਾ ਵਧਦੀ ਜਾ ਰਹੀ ਹੈ ਤੇ ਮੇਲ ਮਿਲਾਪ ਅਤੇ ਪਿਆਰ ਫਿੱਕਾ ਪੈਣ ਲੱਗ ਪਿਆ ਹੈ। ਮਨੁੱਖੀ ਮਨਾਂ ਉੱਪਰ ਲਾਲਚ ਅਤੇ ਲਾਲਸਾ ਭਾਰੂ ਹੋਣ ਲੱਗ ਪਈ ਹੈ। ਅਮੀਰ ਵਰਗ ਦੇ ਲੋਕਾਂ ਵੱਲੋਂ ਇਨ੍ਹਾਂ ਤਿਉਹਾਰਾਂ ਉੱਤੇ ਖੁੱਲ੍ਹੇ ਦਿਲ ਨਾਲ ਕੀਤੇ ਖਰਚੇ, ਸ਼ਗਨਾਂ ਦੇ ਇਵਜ਼ ਵਿੱਚ ਮਹਿੰਗੇ ਤੋਹਫਿਆਂ ਦਾ ਅਦਾਨ ਪ੍ਰਦਾਨ ਹੇਠਲੇ ਵਰਗ ਦੇ ਲੋਕਾਂ ਦੇ ਮਨਾਂ ਵਿੱਚ ਨਫਰਤ, ਸਾੜਾ ਅਤੇ ਈਰਖਾ ਪੈਦਾ ਕਰ ਦਿੰਦਾ ਹੈ। ਅਜਿਹੇ ਲੋਕ ਆਪਣਾ ਮਾਲੀ ਪੱਧਰ ਸੁਧਾਰਨ ਲਈ ਗਲਤ ਹੱਥਕੰਡੇ ਵੀ ਅਪਣਾਉਣ ਲੱਗ ਪੈਂਦੇ ਹਨ। ਇੰਜ ਸਮਾਜ ਵਿੱਚ ਨਿਘਾਰ ਤਾਂ ਆਉਂਦਾ ਹੀ ਹੈ ਬਦਅਮਨੀ ਵੀ ਫੈਲਦੀ ਹੈ। ਹਾਲਾਂਕਿ ਕੋਈ ਵੀ ਤਿਉਹਾਰ ਕੋਈ ਗਲਤ ਕੰਮ ਕਰਨ ਦੀ ਨਾ ਤਾਂ ਪ੍ਰੇਰਨਾ ਦਿੰਦਾ ਹੈ ਤੇ ਨਾ ਹੀ ਹਾਮੀ ਭਰਦਾ ਹੈ, ਸਭ ਮਨੁੱਖੀ ਮਨ ਦੇ ਵਲਵਲੇ ਹਨ। “ਮਨ ਹਰਾਮੀ ਹੁੱਜਤਾਂ ਢੇਰ” ਕਈ ਭੈਣਾਂ ਇਸ ਤਿਉਹਾਰ ’ਤੇ ਆਪਣੇ ਸਹੁਰੇ ਘਰ ਦੀ ਵਿੱਤ ਤੋਂ ਵਧ ਕੇ ਮਹਿੰਗੀਆਂ ਰੱਖੜੀਆਂ ਅਤੇ ਮਠਿਆਈ ਦੇ ਡੱਬੇ ਲੈ ਕੇ ਵਡਿਆਈ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਪਰ ਜੇ ਉਨ੍ਹਾਂ ਦਾ ਕੰਜੂਸ ਭਰਾ ਸ਼ਗਨ ਵਿੱਚ ਰੱਖੜੀ ’ਤੇ ਕੀਤਾ ਗਿਆ ਖਰਚਾ ਵੀ ਨਾ ਮੋੜੇ ਤਾਂ ਭੈਣ ਦਾ ਮੂਡ ਖਰਾਬ ਹੋਣ ਦੇ ਨਾਲ ਨਾਲ ਸਹੁਰੇ ਘਰ ਨਿਰਾਦਰ ਵੀ ਹੋ ਜਾਂਦਾ ਹੈ। ਇੰਜ ਪਿਆਰ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ।
ਦੁਨੀਆ ਵਿੱਚ ਕੰਜੂਸ ਅਤੇ ਖੁੱਲ੍ਹਦਿਲੇ, ਹਰ ਤਰ੍ਹਾਂ ਦੇ ਲੋਕ ਹੁੰਦੇ ਹਨ। ਕਈ ਅਮੀਰ ਵੀ ਅਜਿਹੇ ਤਿਉਹਾਰਾਂ ਉੱਤੇ ਫਜ਼ੂਲ ਖਰਚੀ ਤੋਂ ਟਾਲਾ ਵੱਟ ਕੇ ਕੇਵਲ ਸ਼ਗਨ ਮਨਾਉਣ ਨੂੰ ਹੀ ਤਰਜੀਹ ਦਿੰਦੇ ਹਨ ਜਦੋਂ ਕਿ ਆਕੜ, ਰੀਸ ਅਤੇ ਲਾਲਸਾ ਹੇਠਲੇ ਪੱਧਰ ਦੇ ਲੋਕ ਜ਼ਿਆਦਾ ਦਿਖਾਉਂਦੇ ਹਨ ਤੇ ਉਹ ਹੀ ਮੁਸ਼ਕਲਾਂ ਦਾ ਸਾਹਮਣਾ ਕਰਨ ਨੂੰ ਮਜਬੂਰ ਵੀ ਹੁੰਦੇ ਹਨ। ਕਿੰਨਾ ਚੰਗਾ ਹੋਵੇ ਜੇ ਇਨ੍ਹਾਂ ਤਿਉਹਾਰਾਂ ਨੂੰ ਮਹਿਜ਼ ਪ੍ਰੇਮ ਪਿਆਰ ਦੇ ਪ੍ਰਤੀਕ ਵਜੋਂ ਹੀ ਮਨਾਇਆ ਜਾਵੇ ਤੇ ਇਸ ਨੂੰ ਲੋਕ ਦਿਖਾਵੇ ਦੀ ਭੇਡ-ਚਾਲ ਤੋਂ ਬਚਾਇਆ ਜਾਵੇ। ਤਿਉਹਾਰਾਂ ਨੂੰ ਵਪਾਰ ਦੀ ਵੰਨਗੀ ਬਣਾਉਣ ਵਾਲੇ ਮੁਨਿਆਰੀ ਦੀਆਂ ਦੁਕਾਨਾਂ ਵਾਲਿਆਂ ਅਤੇ ਹਲਵਾਈਆਂ ਨੇ ਇਨ੍ਹਾਂ ਤਿਉਹਾਰਾਂ ਦੀ ਆਮਦ ’ਤੇ ਆਪਣੇ ਬਜਟ ਤੈਅ ਕੀਤੇ ਹੁੰਦੇ ਹਨ। ਵੱਖ ਵੱਖ ਤਿਉਹਾਰਾਂ ਦੀ ਆਮਦ ਉਨ੍ਹਾਂ ਦਾ ਸਾਲ ਭਰ ਦਾ ਖਰਚਾ ਕੱਢ ਦਿੰਦੀ ਹੈ। ਮੁਨਿਆਰੀ ਵਾਲੇ ਤਾਂ ਵੰਨ ਸੁਵੰਨੀਆਂ ਰੱਖੜੀਆਂ ਅਤੇ ਤੋਹਫੇ ਹੀ ਸਪਲਾਈ ਕਰਦੇ ਹਨ ਜੋ ਹਰ ਕੋਈ ਆਪਣੀ ਪਹੁੰਚ ਅਨੁਸਾਰ ਖਰੀਦ ਕੇ ਰੀਝ ਪੂਰੀ ਕਰ ਲੈਂਦਾ ਹੈ। ਇਸ ਨਾਲ ਕਿਸੇ ਦੀ ਵੀ ਸਿਹਤ ’ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ। ਪਰ ਮਠਿਆਈ ਦੀਆਂ ਦੁਕਾਨਾਂ ਵਾਲੇ ਹਲਵਾਈ ਇਨ੍ਹਾਂ ਤਿਉਹਾਰਾਂ ਦੀ ਆੜ ਵਿੱਚ ਇੰਨੀ ਜ਼ਿਆਦਾ ਘਟੀਆ ਅਤੇ ਮਿਲਾਵਟੀ ਮਠਿਆਈ ਬਜ਼ਾਰ ਵਿੱਚ ਵੇਚਦੇ ਹਨ, ਜਿਸ ਨਾਲ ਲੋਕਾਂ ਦੇ ਮਾਲੀ ਨੁਕਸਾਨ ਦੇ ਨਾਲ ਨਾਲ ਸਿਹਤ ਪੱਖੋਂ ਸਰੀਰਕ ਨੁਕਸਾਨ ਜ਼ਿਆਦਾ ਹੁੰਦਾ ਹੈ।
ਸਾਡਾ ਦੇਸ਼ ਅਬਾਦੀ ਪੱਖੋਂ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣ ਗਿਆ ਹੈ। ਹਰ ਸਾਲ ਸਾਡਾ ਦੇਸ਼ ਆਸਟ੍ਰੇਲੀਆ ਮਹਾਂਦੀਪ ਦੀ ਅਬਾਦੀ ਜਿੰਨਾ ਆਪਣੀ ਅਬਾਦੀ ਵਿੱਚ ਵਾਧਾ ਕਰ ਦਿੰਦਾ ਹੈ। ਸਹੂਲਤਾਂ ਪੱਖੋਂ ਮੀਂਹ ਅਜੇ ਅੰਬਾਲੇ ਹੁੰਦਾ ਹੈ ਤੇ ਜਲੰਧਰ ਦੇ ਚੌਂਕਾਂ ਵਿੱਚ ਗੋਡੇ ਗੋਡੇ ਚਿੱਕੜ ਵਾਲਾ ਪਾਣੀ ਜਮ੍ਹਾਂ ਹੋ ਜਾਂਦਾ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਵਿਸ਼ਵ ਸਿਹਤ ਸੰਸਥਾ ਦੀ ਭਾਰਤ ਨੂੰ ਚਿਤਾਵਣੀ ਦਰਸਾਉਂਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਸ ਅਨੁਸਾਰ ਭਾਰਤ ਵਿੱਚ ਪੈਦਾ ਹੋਣ ਵਾਲੇ ਦੁੱਧ ਨਾਲੋਂ ਚਾਰ ਗੁਣਾਂ ਤੋਂ ਵੀ ਵੱਧ ਨਕਲੀ ਦੁੱਧ ਦੀ ਵਰਤੋਂ ਹੋ ਰਹੀ ਹੈ। ਰਸਾਇਣਾਂ ਨਾਲ ਬਣਾਇਆ ਗਿਆ ਅਜਿਹਾ ਦੁੱਧ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਹੀ ਸੱਦਾ ਦੇਵੇਗਾ। ਤਿਉਹਾਰਾਂ ਦੇ ਬਹਾਨੇ ਲੋਕ ਮਠਿਆਈਆਂ ਦੇ ਰੂਪ ਵਿੱਚ ਪਰੋਸਿਆ ਮਿੱਠਾ ਜ਼ਹਿਰ ਬੜੇ ਚਾਅ ਨਾਲ ਖਾ ਜਾਂਦੇ ਹਨ। ਬੜੀ ਤੇਜ਼ੀ ਨਾਲ ਤਰੱਕੀ ਅਤੇ ਖੁਸ਼ਹਾਲੀ ਦੀਆਂ ਮੰਜ਼ਿਲਾਂ ਵੱਲ ਵਧ ਰਹੇ ਭਾਰਤ ਦੀ ਇਸ ਤਸਵੀਰ ਤੋਂ ਸਭ ਅੱਖਾਂ ਮੀਟੀ ਬੈਠੇ ਹਨ।
ਸਰਦੀ ਦੇ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ। ਖੰਡ ਦੀ ਕੀਮਤ ਅਚਾਨਕ ਵੱਡੀ ਛਲਾਂਗ ਮਾਰ ਚੁੱਕੀ ਹੈ। ਅੱਗੇ ਔਰਤਾਂ ਦਾ ਕਰਵਾ ਚੌਥ, ਫਿਰ ਦੁਸਹਿਰਾ ਤੇ ਦਿਵਾਲੀ ਵਰਗੇ ਮੁੱਖ ਤਿਉਹਾਰ ਆਉਣ ਵਾਲੇ ਹਨ। ਦੁੱਧ ਦੀ ਸਪਲਾਈ ਪੂਰੀ ਕਰਨਾ ਤੇ ਡੁਪਲੀਕੇਟ ਦੁੱਧ ਦੀ ਸਪਲਾਈ ਰੋਕਣਾ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੀ ਬਣਦੀ ਹੈ। ਇਨ੍ਹਾਂ ਤਿਉਹਾਰਾਂ ਦੀ ਆੜ ਵਿੱਚ ਮਨੁੱਖਤਾ ਨਾਲ ਹੁੰਦੇ ਖਿਲਵਾੜ ਨੂੰ ਰੋਕਣਾ ਹੀ ਤਿਉਹਾਰਾਂ ਦੀ ਅਸਲ ਪਵਿੱਤਰਤਾ ਦੀ ਸਫਲਤਾ ਹੋਵੇਗੀ। ਕਾਸ਼ ਅਜਿਹੇ ਤਿਉਹਾਰ ਬਿਮਾਰੀਆਂ ਦੇ ਡਰ ਤੋਂ ਰਹਿਤ ਅਤੇ ਨਿਰੋਲ ਪਿਆਰ ਦੇ ਪ੍ਰਤੀਕ ਬਣਾ ਕੇ ਮਨਾਏ ਜਾਣ ਤਾਂ ਜੀਵਨ ਸਫਲ ਹੋ ਜਾਏ!
ਪੰਜਾਬ ਵਿੱਚ ਰੱਖੜੀ ਦਾ ਤਿਉਹਾਰ ਵਿਸ਼ੇਸ਼ ਮੇਲੇ ਦੇ ਰੂਪ ਵਿੱਚ ਬਾਬਾ ਬਕਾਲਾ ਵਿਖੇ ਮਨਾਇਆ ਜਾਂਦਾ ਹੈ। ਅੱਠਵੇਂ ਪਾਤਸ਼ਾਹ ਗੁਰੂ ਹਰਿ ਕ੍ਰਿਸ਼ਨ ਜੀ ਛੋਟੀ ਉਮਰ ਵਿੱਚ ਹੀ ਦਿੱਲੀ ਵਿਖੇ ਜੋਤੀ ਜੋਤਿ ਸਮਾ ਗਏ ਸਨ। ਅਗਲਾ ਗੁਰੂ, “ਬਾਬੇ ਬਕਾਲੇ” ਉਨ੍ਹਾਂ ਦਾ ਵਚਨ ਸੀ। ਗੁਰੂ ਤੇਗ ਬਹਾਦਰ ਜੀ ਲੰਬੇ ਸਮੇਂ ਤੋਂ ਬਾਬਾ ਬਕਾਲਾ ਵਿਖੇ ਪ੍ਰਭੂ ਭਗਤੀ ਵਿੱਚ ਲੀਨ ਸਨ। ਇਹ ਸਮਾਂ 26 ਸਾਲ 9 ਮਹੀਨੇ ਅਤੇ ਤੇਰਾਂ ਦਿਨ ਦਾ ਦੱਸਿਆ ਜਾਂਦਾ ਹੈ। ਲੋਭੀ ਲਾਲਚੀ 22 ਢੌਂਗੀ ਗੁਰੂ ਬਣ ਕੇ ਉੱਥੇ ਡੇਰਾ ਜਮ੍ਹਾਂ ਕੇ ਬੈਠ ਗਏ ਸਨ। ਲੋਕ ਭੰਬਲਭੂਸੇ ਵਿੱਚ ਸਨ ਕਿ ਨੌਂਵਾਂ ਗੁਰੂ ਕਿਹੜਾ ਹੈ? ਅਚਾਨਕ ਬਾਬਾ ਮੱਖਣ ਸ਼ਾਹ ਲੁਬਾਣਾ, ਇੱਕ ਵਪਾਰੀ, ਜਿਸਨੇ ਗੁਰੂ ਮੋਹਰੇ ਪੰਜ ਸੌ ਮੋਹਰਾਂ ਚੜ੍ਹਾਉਣ ਦੀ ਸੁੱਖਣਾ ਸੁੱਖੀ ਸੀ, ਸੁੱਖਣਾ ਚੜ੍ਹਾਉਣ ਲਈ ਬਾਬਾ ਬਕਾਲਾ ਪਹੁੰਚ ਗਿਆ। ਉੱਥੇ 22 ਮੰਜੀਆਂ ਦੇਖ ਕੇ ਉਹ ਸ਼ਸ਼ੋਪੰਜ ਵਿੱਚ ਪੈ ਗਿਆ, “ਸੱਚਾ ਗੁਰੂ ਕਿਹੜਾ ਹੈ” ਅਖੀਰ ਉਸਨੇ 5-5 ਮੋਹਰਾਂ ਰੱਖ ਕੇ ਹਰੇਕ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਸਭ ਬਾਗੋ ਬਾਗ ਹੋ ਗਏ। ਕਿਸੇ ਨੇ ਵੀ 500 ਦੀ ਗੱਲ ਨਾ ਕੀਤੀ। ਅਖੀਰ ਇੱਕ ਭੋਰੇ ਵਿੱਚ ਵੀ ਬਾਬੇ ਬਾਰੇ ਪਤਾ ਲੱਗਣ ਤੇ ਉਸਨੇ ਉੱਥੇ ਵੀ ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ। ਕਹਿੰਦੇ ਨੇ ਕਿ ਗੁਰੂ ਜੀ ਝੱਟ ਬੋਲ ਪਏ, “ਪੰਜ ਸੌ ਸੁੱਖ ਕੇ ਪੰਜ ਦੇ ਰਿਹਾ ਏਂ?” ਮੱਖਣ ਸ਼ਾਹ ਖੁਸ਼ ਹੋ ਗਿਆ। ਉਸਨੇ ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ, “ਗੁਰੂ ਲਾਧੋ ਰੇ, ਗੁਰੂ ਲਾਧੋ ਰੇ।” ਨਕਲੀ ਗੁਰੂ ਮੰਜੀਆਂ ਚੁੱਕ ਕੇ ਦੌੜ ਗਏ ਤੇ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋ ਗਏ। ਇਹ ਘਟਨਾ ਉਸ ਸਮੇਂ ਸਾਵਣ ਮਹੀਨੇ ਦੀ ਪੁੰਨਿਆਂ ਨੂੰ ਵਾਪਰੀ ਸੀ। ਇੰਜ ਬਾਬਾ ਬਕਾਲਾ ਵਿਖੇ ਰੱਖੜੀ ਦਾ ਮੇਲਾ ਪ੍ਰਸਿੱਧ ਹੋ ਗਿਆ। ਲਗਾਤਾਰ ਇਹ ਮੇਲਾ ਇਲਾਕੇ ਦਾ ਪ੍ਰਸਿੱਧ ਤਿਉਹਾਰ ਬਣਿਆ ਹੋਇਆ ਹੈ। ਹੁਣ ਰਾਜਨੀਤਕ ਪਾਰਟੀਆਂ ਵਾਲੇ ਨੇਤਾ ਵੀ ਇੱਥੇ ਆਪਣੀਆਂ ਸਟੇਜਾਂ ਲਾ ਕੇ ਭਾਰੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਦਾ ਲਾਹਾ ਲੈਂਦੇ ਹਨ। ਹਰ ਸਾਲ ਮੌਕੇ ਦਾ ਮੁੱਖ ਮੰਤਰੀ ਇੱਥੇ ਆਪਣੀ ਹਾਜ਼ਰੀ ਸੁਨਿਸ਼ਚਿਤ ਕਰਵਾਉਂਦਾ ਹੈ ਤੇ ਲਾਭ ਲੈਣ ਦੀ ਕੋਸ਼ਿਸ਼ ਕਰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































