“ਸਾਨੂੰ ਸਮਝਣਾ ਪਏਗਾ ਕਿ ਧਰਮਾਂ-ਕਰਮਾਂ ਦੇ ਨਾਂ ’ਤੇ ਹੋ ਰਹੀ ਲੁੱਟ ਨੂੰ ਜਾਰੀ ਰੱਖਣ ਲਈ ...”
(26 ਅਗਸਤ 2025)
ਜ਼ਿੰਦਗੀ ਜਿਊਣ ਦੇ ਦੋ ਢੰਗ ਹਨ, ਇੱਕ ਧਾਰਮਿਕ ਨਜ਼ਰੀਏ ਅਨੁਸਾਰ ਅਤੇ ਦੂਜਾ ਵਿਗਿਆਨਿਕ ਨਜ਼ਰੀਏ ਅਨੁਸਾਰ। ਧਾਰਮਿਕ ਨਜ਼ਰੀਏ ਅਨੁਸਾਰ ਮਨੁੱਖੀ ਜ਼ਿੰਦਗੀ, ਕਿਸੇ ਅਦਿੱਖ ਕਲਪਿਤ ਅਗੰਮੀ ਸ਼ਕਤੀ ਵੱਲੋਂ ਲਿਖੀ ਗਈ ਤੈਅਸ਼ੁਦਾ ਕਿਸਮਤ ਦੇ ਅਧੀਨ ਚਲਦੀ ਮੰਨੀ ਜਾਂਦੀ ਹੈ, ਜਿਸ ਵਿੱਚ ਸਾਰੀ ਉਮਰ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਬਾਰੇ ਜਨਮ ਵੇਲੇ ਪਹਿਲਾਂ ਹੀ ਤੈਅ ਹੋਇਆ ਮੰਨਿਆ ਜਾਂਦਾ ਹੈ। ਇੱਥੋਂ ਤਕ ਕਿ ਮਰਨ ਦੀ ਤਾਰੀਖ ਵੀ ਪਹਿਲਾਂ ਹੀ ਤੈਅ ਹੋਈ ਮੰਨੀ ਜਾਂਦੀ ਹੈ। ਹਰ ਧਰਮ ਦੀਆਂ ਆਪਣੀਆਂ ਪਰੰਪਰਾਵਾਂ ਹਨ, ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਅਪਣਾਉਣ ਲਈ ਉਸ ਧਰਮ ਦੇ ਲੋਕ ਪਾਬੰਦ ਹੁੰਦੇ ਹਨ। ਹਰ ਧਰਮ ਦੇ ਆਪਣੇ-ਆਪਣੇ ਧਾਰਮਿਕ ਗ੍ਰੰਥ, ਧਰਮ ਅਸਥਾਨ ਅਤੇ ਤੀਰਥ ਅਸਥਾਨ ਵੱਖ ਵੱਖ ਹਨ। ਇਨ੍ਹਾਂ ਅਨੁਸਾਰ ਮਨੁੱਖ ਪਿਛਲੇ ਜਨਮ ਵਿੱਚ ਕੀਤੇ ਗਏ ਚੰਗੇ ਮੰਦੇ ਕੰਮਾਂ ਦਾ ਫਲ ਵੀ ਇਸ ਮੌਜੂਦਾ ਜਨਮ ਵਿੱਚ ਭੁਗਤਦਾ ਹੈ, ਭਾਵੇਂ ਕਿ ਇਸਦਾ ਕੋਈ ਪੁਖਤਾ ਸਬੂਤ ਨਹੀਂ ਦਿੱਤਾ ਜਾਂਦਾ। ਇਸ ਜ਼ਿੰਦਗੀ ਵਿੱਚ ਸੁਖ ਸਹੂਲਤਾਂ ਪ੍ਰਾਪਤ ਕਰਨ ਅਤੇ ਮਰਨ ਉਪਰੰਤ ਸਵਰਗ ਵਿੱਚ ਜਾਣ ਲਈ ਪੂਜਾ, ਪਾਠ, ਦਾਨ, ਪੁੰਨ ਕਰਨ ਆਦਿ ਸਮੇਤ ਕਈ ਕਿਸਮ ਦੀਆਂ ਪਰੰਪਰਾਵਾਂ ਸ਼ਾਮਲ ਹਨ। ਕਿਸੇ ਵੀ ਧਰਮ ਵਿੱਚ ਮੰਨੀ ਜਾਂਦੀ ਅਦਿੱਖ ਅਗੰਮੀ ਸ਼ਕਤੀ ਨੂੰ ਭਾਵੇਂ ਅੱਜ ਤਕ ਕਿਸੇ ਵੱਲੋਂ ਵੀ ਮਿਲਣ ਜਾਂ ਦੇਖਣ ਦਾ ਦਾਅਵਾ ਨਹੀਂ ਕੀਤਾ ਗਿਆ ਪਰ ਇਸਦੇ ਬਾਵਜੂਦ ਵੀ ਉਸਦੀ ਹੋਂਦ ਨੂੰ ਸਵੀਕਾਰਿਆ ਜਾ ਰਿਹਾ ਹੈ। ਸਦੀਆਂ ਪਹਿਲਾਂ ਲਿਖੇ ਧਾਰਮਿਕ ਗ੍ਰੰਥਾਂ ਵਿੱਚ ਉਸ ਸਮੇਂ ਪ੍ਰਚਲਿਤ ਕਈ ਮਾਨਤਾਵਾਂ ਨੂੰ ਬਿਨਾਂ ਸਮਝੇ ਜਾਂ ਪੜਤਾਲੇ ਅੱਜ ਵੀ ਉਸੇ ਤਰ੍ਹਾਂ ਮੰਨਿਆ ਜਾਂਦਾ ਹੈ, ਭਾਵੇਂ ਕਿ ਅੱਜ ਵਿਗਿਆਨਿਕ ਤੌਰ ’ਤੇ ਉਹਨਾਂ ਨੂੰ ਗਲਤ ਸਿੱਧ ਕੀਤਾ ਗਿਆ ਹੋਵੇ। ਜਿਵੇਂ ਜੇਕਰ ਵਿਗਿਆਨੀਆਂ ਵੱਲੋਂ ਪਹਿਲੀਆਂ ਮਾਨਤਾਵਾਂ ਉਪਰੰਤ, ਜੇ ਨਵੀਂਆਂ ਖੋਜਾਂ ਵਿੱਚ ਕੋਈ ਹੋਰ ਵਾਧਾ ਘਾਟਾ ਕਰ ਲਿਆ ਜਾਂਦਾ ਹੈ ਤਾਂ ਪਹਿਲੀਆਂ ਵਿੱਚ ਸੋਧ ਕਰਕੇ ਨਵੀਂ ਅਨੁਸਾਰ ਦਰੁਸਤ ਕਰ ਲੈਂਦੇ ਹਨ। ਪਰ ਧਾਰਮਿਕ ਲੋਕਾਂ ਵੱਲੋਂ ਆਪਣੇ ਗ੍ਰੰਥਾਂ ਵਿੱਚ ਸੋਧ ਕਰਨੀ ਅਸੰਭਵ ਹੈ। ਇਸ ਲਈ ਮਨੁੱਖੀ ਜ਼ਿੰਦਗੀ ਵਿੱਚ ਪੀੜ੍ਹੀ ਦਰ ਪੀੜ੍ਹੀ ਉਹੀ ਧਾਰਮਿਕ ਵਿਸ਼ਵਾਸ ਬਿਨਾਂ ਸੋਚੇ ਸਮਝੇ ਨਿਰੰਤਰ ਚਲਦੇ ਆ ਰਹੇ ਹਨ।
ਹਿੰਦੂ, ਮੁਸਲਮਾਨ, ਸਿੱਖ, ਇਸਾਈ ਆਦਿ ਦੇ ਨਾਂਵਾਂ ਨਾਲ ਜਾਣੇ ਜਾਂਦੇ ਧਰਮਾਂ ਨੂੰ ਮੰਨਣ ਵਾਲੇ ਸਾਰੇ ਲੋਕ ਆਪਣੇ ਨਿੱਜੀ ਸੁਆਰਥਾਂ ਲਈ ਅਗੰਮੀ ਸ਼ਕਤੀ ਨੂੰ ਰੱਬ, ਪ੍ਰਮਾਤਮਾ, ਅੱਲਾ, ਪ੍ਰਮੇਸ਼ਵਰ ਆਦਿ ਨਾਂਵਾਂ ਨਾਲ ਪੁਕਾਰਕੇ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਲਈ ਅਰਜੋਈਆਂ ਕਰਦੇ ਆ ਰਹੇ ਹਨ। ਇਹ ਸਵਾਰਥ ਆਮ ਕਰਕੇ ਮੋਕਸ਼ (ਜੰਮਣ ਮਰਨ ਤੋਂ ਮੁਕਤੀ), ਪਰਿਵਾਰਕ ਸੁੱਖ-ਸ਼ਾਂਤੀ, ਘਰੇਲੂ ਕੰਮਾਂ ਦੀ ਸਫਲਤਾ ਆਦਿ ਵਰਗੇ ਹੁੰਦੇ ਹਨ। ਇਸ ਤਰ੍ਹਾਂ ਬਹੁਤੇ ਧਾਰਮਿਕ ਵਿਸ਼ਵਾਸ ਇਸ ਗੱਲ ਲਈ ਇੱਕ ਮੱਤ ਹਨ ਕਿ ਇੱਕ ਅਗੰਮੀ ਸ਼ਕਤੀ ਦੇ ਹੁਕਮ ਨਾਲ ਸਾਰੀ ਸ੍ਰਿਸ਼ਟੀ ਚਲਦੀ ਹੈ ਅਤੇ ਸਾਰੇ ਕੰਮ ਉਸਦੀ ਕ੍ਰਿਪਾ ਦ੍ਰਿਸ਼ਟੀ ਨਾਲ ਹੀ ਪੂਰੇ ਹੁੰਦੇ ਹਨ। ਉਸਦੇ ਹੁਕਮ ਅਨੁਸਾਰ ਹੀ ਹਰ ਮਨੁੱਖ ਜੰਮਦਾ, ਮਰਦਾ ਅਤੇ ਜ਼ਿੰਦਗੀ ਜਿਊਂਦਾ ਹੈ। ਇਨ੍ਹਾਂ ਸਾਰਿਆਂ ਵੱਲੋਂ ਭਾਵੇਂ ਇਹ ਤਾਂ ਮੰਨਿਆ ਜਾਂਦਾ ਹੈ ਕਿ ਉਸ ਸ਼ਕਤੀ ਦਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ, ਪਰ ਇਸਦੇ ਮੰਨਣ ਅਤੇ ਪ੍ਰਚਾਰਨ ਵਾਲੇ ਖੁਦ ਆਪ ਧਰਮਾਂ ਦੇ ਵਖਰੇਵਿਆਂ ਨੂੰ ਇੱਕ ਦੂਜੇ ਵਿੱਚ ਨਫ਼ਰਤ ਫੈਲਾ ਕੇ ਵੈਰ ਵਿਰੋਧ ਪੈਦਾ ਕਰਦੇ ਅਕਸਰ ਹੀ ਵੇਖੇ ਜਾਂਦੇ ਹਨ। ਦੇਸ਼ ਵਿੱਚ ਧਰਮਾਂ ਅਧਾਰਤ ਕਰਵਾਏ ਜਾ ਰਹੇ ਦੰਗੇ-ਫਸਾਦ ਇਸ ਗੱਲ ਦਾ ਪ੍ਰਤੱਖ ਸਬੂਤ ਹਨ। ਇਨ੍ਹਾਂ ਧਰਮਾਂ ਦੀ ਮਨੁੱਖਤਾ ਨੂੰ ਇੱਕ ਦੂਜੇ ਖਿਲਾਫ ਨਫਰਤੀ ਵੈਰ-ਵਿਰੋਧ ਖੜ੍ਹੇ ਕਰਨ ਲਈ ਕਿਵੇਂ ਵਰਤੋਂ ਹੋ ਰਹੀ ਹੈ, ਸਾਡੇ ਸਭ ਦੇ ਸਾਹਮਣੇ ਹੈ। ਜੇ ਧਰਮਾਂ ਦੇ ਇਹ ਵਖਰੇਵੇਂ ਨਾ ਹੁੰਦੇ ਤਾਂ ਇਨ੍ਹਾਂ ਕਾਰਨ ਮਨੁੱਖਤਾ ਦਾ ਜੋ ਖੂਨ ਹੁਣ ਤਕ ਇਸ ਧਰਤੀ ’ਤੇ ਡੁੱਲ੍ਹਿਆ ਹੈ, ਉਹ ਨਹੀਂ ਸੀ ਡੁੱਲਣਾ। ਧਰਮਾਂ ਅਨੁਸਾਰ ਹਰ ਪ੍ਰਾਣੀ ਆਪਣੀ ਜ਼ਿੰਦਗੀ ਵਿੱਚ ਉਹੀ ਕੰਮ ਕਰਦਾ ਹੈ ਜੋ ਉਸਦੀ ਕਿਸਮਤ ਵਿੱਚ ਪਹਿੱਲਾਂ ਹੀ ਧੁਰੋਂ ਉਸ ਅਗੰਮੀ ਸ਼ਕਤੀ ਵੱਲੋਂ ਲਿਖੇ ਹੁੰਦੇ ਹਨ। ਉਸ ਅਨੁਸਾਰ ਹੀ ਮਰਨ ਉਪਰੰਤ ਆਪਣੇ ਕੀਤੇ ਕੰਮਾਂ ਦਾ ਲੇਖਾ ਜੋਖਾ ਕਿਸੇ ਧਰਮਰਾਜ ਅੱਗੇ ਕਰਦਾ ਹੈ, ਜਿਸਦੇ ਹਿਸਾਬ ਅਨੁਸਾਰ ਅਗਲੇ ਜਨਮ, ਸਵਰਗ, ਨਰਕ ਵਿੱਚ ਜਾਣਾ ਤੈਅ ਹੁੰਦਾ ਹੈ ਆਦਿ ਆਦਿ। ਸਾਰੇ ਧਰਮਾਂ ਵਿੱਚ ਅਜਿਹੀਆਂ ਧਾਰਨਾਵਾਂ ਪ੍ਰਚਲਿਤ ਹਨ, ਜਿਸ ਕਰਕੇ ਮਨੁੱਖ ਆਪਣੇ ਆਪਣੇ ਧਰਮ ਦੀਆਂ ਸਥਾਪਿਤ ਪਰੰਪਰਾਵਾਂ ਦੀ ਪਾਲਣਾ ਪੂਜਾ, ਪਾਠ, ਦਾਨ-ਪੁੰਨ, ਅਰਦਾਸਾਂ, ਤੀਰਥ ਇਸ਼ਨਾਨ, ਤੀਰਥ ਯਾਤਰਾਵਾਂ, ਮੱਥੇ ਟੇਕਣੇ, ਮੰਨਤਾਂ, ਚੜ੍ਹਾਵੇ ਆਦਿ ਸਾਧਾਂ-ਸੰਤਾਂ, ਜੋਤਸ਼ੀਆਂ ਦੇ ‘ਪ੍ਰਵਚਨਾਂ’ ਅਨੁਸਾਰ ਨਿੱਜੀ ਸੁੱਖ-ਸ਼ਾਂਤੀ ਲਈ ਕਰਦਾ ਹੈ। ਸਾਰੇ ਧਰਮਾਂ ਵਿੱਚ ਹੀ ਪੁਜਾਰੀ ਵਰਗ ਦੀ ਦੇਖ ਰੇਖ ਅਤੇ ਆਦੇਸ਼ਾਂ ਹੇਠ ਮਾੜੇ-ਮੋਟੇ ਅੰਤਰ ਨਾਲ ਇਹ ਧਾਰਨਾਵਾਂ ਪ੍ਰਚਲਿਤ ਹਨ। ਅਜਿਹੇ ਵਹਿਣਾਂ ਵਿੱਚ ਵਹਿ ਕੇ ਇਨ੍ਹਾਂ ਸਾਰੇ ਧਰਮਾਂ ਦੇ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਕਿਸੇ ਆਫ਼ਤ ਤੋਂ ਸਲਾਮਤ ਰੱਖਣ ਲਈ ਪੁਜਾਰੀਆਂ ਵੱਲੋਂ ਉਪਰੋਕਤ ਉਪਾਵਾਂ ਨੂੰ ਨਿਯਮਤ ਮਰਯਾਦਾਵਾਂ ਅਧੀਨ ਆਪਣੀ ਕਮਾਈ ਦਾ ਵੱਡਾ ਹਿੱਸਾ ਭੇਂਟ ਕਰਨ ਤੋਂ ਵੀ ਸੰਕੋਚ ਨਹੀਂ ਕਰਦੇ। ਕੀ ਅਜਿਹਾ ਕੁਝ ਕਰਨਾ ਧਰਮ ਅਖਵਾਏਗਾ ਜਾਂ ਸਵਾਰਥ? ਇਸ ਵਖਰੇਵੇਂ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਕੀ ਅਜਿਹਾ ਕੁਝ ਕਰਨ ਨਾਲ ਕਿਸੇ ਦੀ ਜ਼ਿੰਦਗੀ ਸੁਧਰ ਜਾਣ ਜਾਂ ਕਿਸੇ ਸਮੱਸਿਆ ਦੇ ਹੱਲ ਹੋ ਜਾਣ ਦੀ ਕੋਈ ਗਰੰਟੀ ਹੈ? ਗੰਭੀਰਤਾ ਨਾਲ ਵਿਚਾਰਿਆਂ ਸਪਸ਼ਟ ਹੋ ਜਾਂਦਾ ਹੈ ਕਿ ਹਰ ਸਮੱਸਿਆ ਮਨੁੱਖ ਦੇ ਨਿੱਜੀ ਯਤਨਾਂ ਜਾਂ ਮਿਹਨਤ ਕਰਨ ਨਾਲ ਹੀ ਹੱਲ ਹੁੰਦੀ ਹੈ, ਕਿਸੇ ਧਰਮ ਅਨੁਸਾਰ ਕੀਤੇ ਪੂਜਾ-ਪਾਠ ਜਾਂ ਮੰਨਤ ਮੰਨਣ ਰਾਹੀਂ ਦਿੱਤੇ ਚੜ੍ਹਾਵਿਆਂ ਕਾਰਨ ਨਹੀਂ। ਇਨ੍ਹਾਂ ਚੜ੍ਹਾਵਿਆਂ ਅਤੇ ਮਾਨਤਾਵਾਂ ਨੇ ਲੋਕਾਂ ਦੇ ਜੀਵਨ ਸੁਧਾਰਨ ਲਈ ਕੋਈ ਪ੍ਰਾਪਤੀ ਨਹੀਂ ਕੀਤੀ, ਸਗੋਂ ਪੁਜਾਰੀ ਵਰਗ ਨੂੰ ਹੀ ਮਾਲਾਮਾਲ ਕੀਤਾ ਹੈ। ਜੇਕਰ ਮਨੁੱਖੀ ਮਿਹਨਤ ਜਾਂ ਯਤਨਾਂ ਨਾਲ ਹੀ ਜ਼ਿੰਦਗੀ ਦੀ ਹਰ ਸਮੱਸਿਆ ਨੇ ਹੱਲ ਹੋਣਾ ਹੈ ਤਾਂ ਧਰਮਾਂ ਅਧਾਰਤ ਮਾਨਤਾਵਾਂ ਦਾ ਕੀ ਅਰਥ ਰਹਿ ਜਾਂਦਾ ਹੈ? ਜੇਕਰ ਧਰਮ ਦੀ ਸਹੀ ਪ੍ਰੀਭਾਸ਼ਾ ਬਾਰੇ ਕਿਸੇ ਤੋਂ ਪੁੱਛਿਆ ਜਾਵੇ, ਤਾਂ ਅਕਸਰ ਹਰ ਇੱਕ ਦਾ ਜਵਾਬ ਉਪਰੋਕਤ ਧਾਰਮਿਕ ਮਾਨਤਾਵਾਂ ਨੂੰ ਪੂਰਾ ਕਰਨਾ ਹੀ ਧਰਮ ਮੰਨਿਆ ਜਾ ਰਿਹਾ ਹੈ।
ਭਾਵੇਂ ਹਰ ਧਰਮ ਵਿੱਚ ਕਾਮ, ਕਰੋਧ, ਲੋਭ, ਮੋਹ, ਹੰਕਾਰ ਸਮੇਤ ਚੋਰੀ ਕਰਨਾ, ਠੱਗੀ ਮਾਰਨਾ, ਜ਼ੁਲਮ ਕਰਨਾ, ਝੂਠ ਬੋਲਣਾ, ਬੇਈਮਾਨੀ ਕਰਨਾ, ਔਰਤ ਦਾ ਅਪਮਾਨ ਆਦਿ ਸਭ ਦੀ ਮਨਾਹੀ ਹੈ, ਪਰ ਕੀ ਧਰਮਾਂ ਨੂੰ ਮੰਨਣ ਵਾਲੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਂਦੇ ਹਨ? ਜੇ ਨਹੀਂ ਅਪਣਾਉਂਦੇ ਤਾਂ ਕੀ ਜਿਸ ਅਗੰਮੀ ਸ਼ਕਤੀ ਦੀ ਇਹ ਮਾਨਤਾ ਕਰਦੇ ਹਨ, ਉਸ ਵੱਲੋਂ ਕੋਈ ਸਜ਼ਾ ਦਿੱਤੀ ਜਾਂਦੀ ਹੈ? ਜੇ ਨਹੀਂ ਦਿੱਤੀ ਜਾਂਦੀ ਤਾਂ ਕੀ ਜੋ ਗਲਤ ਹੋ ਰਿਹਾ, ਉਸ ਸ਼ਕਤੀ ਨੂੰ ਪ੍ਰਵਾਨ ਹੈ? ਧਾਰਮਿਕ ਸੰਸਥਾਵਾਂ ਦੇ ਨਾਂ ਹੇਠ ਸਥਾਪਤ ਕਿੰਨੇ ਹੀ ਅਦਾਰਿਆਂ ਦੇ ਮੁਖੀ ਅਤੇ ਧਰਮ ਗੁਰੂ ਅਖਵਾਉਣ ਵਾਲੇ ਆਪਣੇ ਕੁਕਰਮਾਂ ਦੀ ਸਜ਼ਾ ਕਾਰਨ ਜੇਲ੍ਹਾਂ ਵਿੱਚ ਬੰਦ ਹਨ, ਜਿਹਨਾਂ ਨੇ ਲੋਕਾਂ ਨਾਲ ਬਦਫੈਲੀਆਂ ਕੀਤੀਆਂ। ਪਰ ਕੋਈ ਵੀ ਅਜਿਹੀ ਸ਼ਕਤੀ ਉਹਨਾਂ ਦੀ ਮਦਦ ਕਰਨ ਨਹੀਂ ਪਹੁੰਚੀ, ਜਿਸ ਨੂੰ ਮੰਨਣ ਲਈ ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਸਨ। ਜੇਕਰ ਜ਼ਿੰਦਗੀ ਵਿੱਚ ਅਜਿਹੇ ਧਰਮ-ਕਰਮ ਨਾਲ ਕੁਝ ਹੱਲ ਹੀ ਨਹੀਂ ਹੋਣਾ ਤਾਂ ਇਨ੍ਹਾਂ ਲਈ ਸਮਾਂ ਅਤੇ ਪੈਸਾ ਬਰਬਾਦ ਕਰਨਾ ਕਿਵੇਂ ਠੀਕ ਹੈ?
ਦੂਜਾ ਹੈ ਵਿਗਿਆਨਿਕ ਨਜ਼ਰੀਆ, ਜਿਸ ਅਨੁਸਾਰ ਨਾ ਕਿਸੇ ਅਗੰਮੀ ਸ਼ਕਤੀ ਅਤੇ ਨਾ ਹੀ ਕਿਸਮਤ ਆਦਿ ਵਿੱਚ ਕੋਈ ਵਿਸ਼ਵਾਸ ਕੀਤਾ ਜਾਂਦਾ ਹੈ। ਕਿਉਂਕਿ ਮਨੁੱਖੀ ਇਤਿਹਾਸ ਦੱਸਦਾ ਹੈ ਕਿ ਮੁਢਲੇ ਦੌਰ ਵਿੱਚ ਮਨੁੱਖ ਝੁੰਡਾਂ ਵਿੱਚ ਇਕੱਠੇ ਜੰਗਲਾਂ ਵਿੱਚ ਰਹਿੰਦੇ ਸਨ ਅਤੇ ਆਪਣੀ ਉਪਜੀਵਕਾ ਲਈ ਸ਼ਿਕਾਰ ਕਰਦਿਆਂ ਇਕੱਠੇ ਵਿਚਰਦੇ ਸਨ। ਖਾਣ ਵੇਲੇ ਪਹਿਲ ਬੱਚਿਆਂ, ਬੁੱਢਿਆਂ ਅਤੇ ਔਰਤਾਂ ਨੂੰ ਦੇ ਕੇ ਨੈਤਿਕ ਫਰਜ਼ ਨਿਭਾਉਂਦੇ। ਉਦੋਂ ਉਹਨਾਂ ਦਾ ਨੈਤਿਕਤਾ ਤੋਂ ਬਿਨਾਂ ਕੋਈ ਵੀ ਧਰਮ ਨਹੀਂ ਸੀ ਅਤੇ ਨਾ ਹੀ ਇੱਕ ਦੂਜੇ ਪ੍ਰਤੀ ਕੋਈ ਵੈਰ ਵਿਰੋਧ ਸੀ, ਸਿਰਫ ਸਾਂਝੇ ਕਾਜ ਦੀ ਕਾਮਯਾਬੀ ਲਈ ਬਣਾਏ ਨੈਤਿਕ ਨਿਯਮ ਹੀ ਉਹਨਾਂ ਦਾ ਧਰਮ ਸੀ। ਮੌਜੂਦਾ ਧਰਮਾਂ ਦੀ ਸਥਾਪਤੀ ਨੇ ਉਸਦੀ ਇਕੱਠੇ ਰਹਿਣ ਦੀ ਪ੍ਰਵਿਰਤੀ ਨੂੰ ਖਤਮ ਕਰਕੇ ਸਾਂਝੇ ਯਤਨਾਂ ਨੂੰ ਖੋਰਾ ਲਾ ਕੇ ਇੱਕ ਦੂਜੇ ਦੇ ਵਿਰੁੱਧ ਖੜ੍ਹਾ ਕੀਤਾ ਹੈ। ਵਿਗਿਆਨ ਅਨੁਸਾਰ ਮਨੁੱਖ ਦੀ ਉਤਪਤੀ ਅਤੇ ਵਿਕਾਸ ਦੌਰਾਨ ਅੱਗ, ਹੜ੍ਹ, ਹਨੇਰੀਆਂ, ਭੁਚਾਲ ਆਦਿ ਬਹੁਤ ਤਰ੍ਹਾਂ ਦੀਆਂ ਕੁਦਰਤੀ ਘਟਨਾਵਾਂ ਦੇ ਵਾਪਰਨ ਕਾਰਨ ਉਸਦੇ ਹੋ ਰਹੇ ਨੁਕਸਾਨਾਂ ਦੇ ਡਰ ਅਤੇ ਅਗਿਆਨਤਾ ਵਿੱਚੋਂ, ਵੱਖ ਵੱਖ ਦੇਵਤਿਆਂ ਅਤੇ ਅਗੰਮੀ ਸ਼ਕਤੀ ਦੀ ਹੋਂਦ ਸਥਾਪਤ ਹੋਈ। ਆਪਣੇ ਨੁਕਸਾਨ ਹੋਣ ਦੇ ਡਰ ਵਿੱਚੋਂ ਇਨ੍ਹਾਂ ਕਾਲਪਨਿਕ ਸ਼ਕਤੀਆਂ ਦੀ ਪੂਜਾ ਅਤੇ ਪ੍ਰਾਰਥਨਾਵਾਂ ਦੀ ਹੋਂਦ ਨੇ ਜਨਮ ਲਿਆ। ਵਿਗਿਆਨ ਨੇ ਕਿਸਮਤ ਆਦਿ ਦੀ ਮਾਨਤਾ ਨੂੰ ਵੀ ਝੂਠਾ ਸਿੱਧ ਕਰਦਿਆਂ ਸਪਸ਼ਟ ਕੀਤਾ ਕਿ ਮਨੁੱਖ ਆਪਣੀ ਕਿਸਮਤ ਆਪ ਬਣਾਉਂਦਾ ਹੈ, ਜਿਸ ਲਈ ਮਿਹਨਤ ਕਰਨੀ ਅਤੇ ਮਨੁੱਖ ਪੱਖੀ ਰਾਜ ਪ੍ਰਬੰਧ ਬਣਨਾ ਜ਼ਰੂਰੀ ਹੈ। ਇਸ ਅਨੁਸਾਰ ਕਿਸੇ ਕਿਸਮ ਦੇ ਧਾਰਮਿਕ ਜਾਂ ਇਸ ਨਾਲ ਸਬੰਧਤ ਕੋਈ ਵੀ ਚਾਰਾਜੋਈ ਕਰਨ ਦੀ ਬਜਾਏ ਧਰਮਾਂ ਦੇ ਵਖਰੇਵੇਂ ਛੱਡ ਆਪਣੀ ਜ਼ਿੰਦਗੀ ਨੂੰ ਵਿਗਿਆਨਿਕ ਲੀਹਾਂ ’ਤੇ ਤੋਰਦਿਆਂ ਇੱਕ-ਜੁੱਟ ਯਤਨਾਂ ਦੀ ਲੋੜ ਹੈ। ਵਿਗਿਆਨ ਮਨੁੱਖਤਾ ਨੂੰ ਧਰਮਾਂ ਵਿੱਚ ਵੰਡਕੇ ਨਹੀਂ, ਸਗੋਂ ਹਰ ਇੱਕ ਨੂੰ ਬਰਾਬਰ ਇਨਸਾਨੀ ਨਜ਼ਰੀਏ ਨਾਲ ਦੇਖਦਾ ਹੈ, ਇਸ ਲਈ ਧਰਮਾਂ ਦੇ ਝੰਜਟ ਛੱਡ ਸਿਰਫ ਇਨਸਾਨੀਅਤ ਨੂੰ ਹੀ ਧਰਮ ਮੰਨਕੇ ਜ਼ਿੰਦਗੀ ਵਿੱਚ ਉਸਾਰੂ ਵਿਗਿਆਨਿਕ ਕਦਰਾਂ ਕੀਮਤਾਂ ਅਪਣਾਉਣਾ ਸਮੇਂ ਦੀ ਲੋੜ ਹੈ।
ਧਰਮ ਦੀ ਵਿਆਖਿਆ ਅਕਸਰ ਹੀ ਧਾਰਮਿਕਤਾ ਦੇ ਪੱਖ ਤੋਂ ਕੀਤੀ ਜਾਂਦੀ ਹੈ ਜਿਸ ਨੂੰ ਵੱਖ ਵੱਖ ਧਰਮਾਂ/ਮਜ਼੍ਹਬਾਂ ਦੀ ਵਲਗਣ ਵਿੱਚ ਸੀਮਿਤ ਕਰ ਦਿੱਤਾ ਗਿਆ ਹੈ, ਜਿਸ ਨੂੰ ਵਿਗਿਆਨਿਕ ਨਜ਼ਰੀਆ ਰੱਦ ਕਰਦਾ ਹੈ। ਅਸਲ ਵਿੱਚ ਹਰ ਇੱਕ ਮਨੁੱਖ ਵੱਲੋਂ ਸਮਾਜਿਕ ਜਾਂ ਵਿਅਕਤੀਗਤ ਭਲਾਈ ਲਈ ਬਿਨਾਂ ਕਿਸੇ ਨਿੱਜੀ ਲੋਭ-ਲਾਲਚ ਅਤੇ ਬਿਨਾਂ ਕਿਸੇ ਨੂੰ ਨੁਕਸਾਨ ਪਹੁੰਚਾਏ ਤੋਂ ਕੀਤੇ ਜਾਂਦੇ ਕੰਮ ਜਾਂ ਨਿਭਾਇਆ ਜਾਂਦਾ ਫਰਜ਼ ਹੀ ਮਨੁੱਖੀ ਧਰਮ ਅਖਵਾਉਂਦਾ ਹੈ। ਜ਼ਰੂਰੀ ਨਹੀਂ ਕਿ ਇਹ ਨਿਭਾਉਣ ਲਈ ਧਾਰਮਿਕ ਹੋਇਆ ਜਾਵੇ। ਇਨ੍ਹਾਂ ਫਰਜ਼ਾਂ ਦਾ ਸਬੰਧ ਕਿਸੇ ਵਿਸ਼ੇਸ਼ ਧਰਮ/ਮਜ਼੍ਹਬ/ ਫਿਰਕੇ ਦੀ ਬਜਾਏ ਇਨਸਾਨੀਅਤ ਨਾਲ ਹੈ। ਵੱਖ ਵੱਖ ਧਰਮਾਂ ਦੀ ਉਤਪਤੀ ਤੋਂ ਪਹਿਲਾਂ ਵੀ ਇਹ ਇਨਸਾਨੀ ਫਰਜ਼ ਬਰਕਰਾਰ ਸਨ, ਜਿਸ ਕਰਕੇ ਇਨ੍ਹਾਂ ਨੂੰ ਕਿਸੇ ਵਿਸ਼ੇਸ਼ ਧਾਰਮਿਕਤਾ ਦੀ ਵਲਗਣ ਵਿੱਚ ਰੱਖਣ ਤੋਂ ਬਿਨਾਂ ਵੀ ਅਪਣਾਇਆ ਜਾ ਸਕਦਾ ਹੈ।
ਕੋਈ ਵੀ ਮਨੁੱਖ ਜਿਸ ਪਰਿਵਾਰ ਵਿੱਚ ਪੈਦਾ ਹੁੰਦਾ ਹੈ, ਉਸ ਪਰਿਵਾਰ ਵੱਲੋਂ ਜੀਵੀ ਜਾ ਰਹੀ ਧਾਰਮਿਕ ਜ਼ਿੰਦਗੀ ਨੂੰ ਹੀ ਆਪਣੇ ਧਰਮ ਵਜੋਂ ਅਪਣਾ ਲੈਂਦਾ ਹੈ। ਆਪਣੇ ਪਰਿਵਾਰ ਦੀਆਂ ਰੀਤਾਂ ਅਨੁਸਾਰ ਹੀ ਧਾਰਮਿਕ ਪੂਜਾ ਪਾਠ ਨੂੰ ਬਿਨਾਂ ਕਿਸੇ ਸੋਚ ਵਿਚਾਰ ਕੀਤਿਆਂ ਨਿਭਾਉਣਾ ਸਵੀਕਾਰ ਕਰ ਲੈਂਦਾ ਹੈ। ਜਿਸ ਕਰਕੇ ਉਸਦਾ ਦਿਮਾਗ ਧਾਰਮਿਕ ਸੀਮਤਾਈ ਤਕ ਹੀ ਵਿਕਸਿਤ ਹੁੰਦਾ ਹੈ, ਜੋ ਉਸਦੀ ਖੋਜੀ ਪ੍ਰਵਿਰਤੀ ਬਣਨ ਵਿੱਚ ਰੁਕਾਵਟ ਬਣਦਾ ਹੈ। ਭਾਵੇਂ ਮਨੁੱਖ ਆਪਣੀ ਜ਼ਿੰਦਗੀ ਵਿੱਚ ਵਿਗਿਆਨ ਦੀਆਂ ਪ੍ਰਾਪਤੀਆਂ ਰਾਹੀਂ ਮਿਲ ਰਹੀਆਂ ਸੁਖ ਸਹੂਲਤਾਂ ਤਾਂ ਹਰ ਪਲ ਮਾਣਦਾ ਹੈ, ਪਰ ਆਪਣੇ ਵਿਚਾਰਾਂ ਨੂੰ ਵਿਗਿਆਨਿਕ ਬਣਾਉਣ ਦੀ ਥਾਂ ਸਾਰੀ ਜ਼ਿੰਦਗੀ ਧਾਰਮਿਕ ਵਿਚਾਰਾਂ ਨੂੰ ਹੀ ਪਹਿਲ ਦਿੰਦਾ ਰਹਿੰਦਾ ਹੈ। ਜਿਵੇਂ ਮਨੁੱਖ ਜ਼ਿੰਦਗੀ ਵਿੱਚ ਕਈ ਵਾਰ ਬਿਮਾਰ ਹੋਣ ’ਤੇ ਠੀਕ ਤਾਂ ਵਿਗਿਆਨਿਕ ਦਵਾਈਆਂ ਨਾਲ ਹੁੰਦਾ ਹੈ, ਪਰ ਧੰਨਵਾਦ ਆਪਣੇ ਧਾਰਮਿਕ ਆਕਾ ਦਾ ਕਰਦਾ ਹੈ। ਇਸੇ ਤਰ੍ਹਾਂ ਜ਼ਿੰਦਗੀ ਵਿੱਚ ਹਰ ਸਹੂਲਤ ਵਿਗਿਆਨ ਦੀ ਵਰਤਦਾ ਹੈ, ਪਰ ਵਿਗਿਆਨ ਦਾ ਵਿਰੋਧੀ ਵੀ ਬਣਿਆ ਰਹਿੰਦਾ ਹੈ। ਇਸ ਲਈ ਗੰਭੀਰਤਾ ਨਾਲ ਸੋਚ ਸਮਝਕੇ ਵਿਗਿਆਨ ਦੀਆਂ ਪ੍ਰਾਪਤੀਆਂ ਲਈ ਵਿਗਿਆਨੀਆਂ ਦੇ ਧੰਨਵਾਦ ਲੋੜ ਹੈ।
ਜਿਵੇਂ ਕਿ ਇਹ ਸਿੱਧ ਹੁੰਦਾ ਹੈ ਕਿ ਧਰਮਾਂ ਦੀ ਉਤਪਤੀ ਤੋਂ ਪਹਿਲਾਂ ਵੀ ਮਨੁੱਖੀ ਜੀਵਨ ਵਿੱਚ ਇੱਕ ਦੂਜੇ ਪ੍ਰਤੀ ਇਨਸਾਨੀ, ਨਿਰਸੁਆਰਥ ਅਤੇ ਨੈਤਿਕ ਕਦਰਾਂ ਕੀਮਤਾਂ ਸਥਾਪਿਤ ਸਨ, ਜਿਨ੍ਹਾਂ ਦੀ ਮਹੱਤਤਾ ਅੱਜ ਤਕ ਸਾਡੇ ਸਮਾਜ ਵਿੱਚ ਬਰਕਰਾਰ ਹੈ। ਅਸਲ ਵਿੱਚ ਕੋਈ ਵੀ ਧਰਮ ਇਨ੍ਹਾਂ ਇਨਸਾਨੀ ਕਦਰਾਂ ਕੀਮਤਾਂ ਤੋਂ ਬਿਨਾਂ ਬੇ ਮਾਅਨੇ ਹੈ। ਭਾਵੇਂ ਹਰ ਧਰਮ ਵਿੱਚ ਇਨ੍ਹਾਂ ਕਦਰਾਂ ਕੀਮਤਾਂ ਨੂੰ ਉਚਿਆਇਆ ਤਾਂ ਜਾਂਦਾ ਹੈ ਪਰ ਇਨ੍ਹਾਂ ਨੂੰ ਜ਼ਿੰਦਗੀ ਵਿੱਚ ਅਪਣਾਉਣ ਦੀ ਬਜਾਏ ਧਰਮਾਂ ਦੇ ਗਲਬੇ ਹੇਠ ਸਿਰਫ ਪਾਠ-ਪੂਜਾ, ਦਾਨ-ਪੁੰਨ, ਪ੍ਰਾਰਥਨਾਵਾਂ/ਅਰਦਾਸਾਂ ਆਦਿ ਵਰਗੇ ਉਪਰੋਕਤ ਕਰਮਾਂ ਕਾਂਡਾਂ ਨੂੰ ਹੀ ਧਰਮ ਸਮਝਿਆ ਜਾ ਰਿਹਾ ਹੈ, ਜਿਸਦੀ ਆਮ ਮਨੁੱਖ ਦੀ ਜ਼ਿੰਦਗੀ ਸੁਧਾਰਨ ਵਿੱਚ ਕੋਈ ਭੂਮਿਕਾ ਨਹੀਂ ਰਹੀ। ਮਰਨ ਉਪਰੰਤ ਜਿਹੜੇ ਸਵਰਗ ਵਿੱਚ ਜਾਣ ਲਈ ਮਨੁੱਖ ਸਾਰੀ ਉਮਰ ਧਾਰਮਿਕਤਾ ਦਾ ਲੜ ਫੜੀ ਰੱਖਦਾ ਹੈ, ਵਿਗਿਆਨ ਉਸ ਸਵਰਗ ਦੀ ਪ੍ਰਾਪਤੀ ਇਸੇ ਜਨਮ ਵਿੱਚ ਜਿਊਂਦਿਆਂ ਹੀ ਇਸੇ ਧਰਤੀ ’ਤੇ ਉਸਾਰਨ ਦਾ ਰਾਹ ਵਿਖਾਉਂਦਾ ਹੈ। ਲੋੜ ਹੈ ਇਸ ਰਾਹ ਨੂੰ ਸਮਝਣ ਲਈ ਆਪਣੀ ਵਿਚਾਰਧਾਰਾ ਵਿਗਿਆਨਿਕ ਬਣਾ ਕੇ ਅੱਗੇ ਵਧਣ ਦੀ। ਇਹ ਰਾਹ ਕੋਈ ਧਾਰਮਿਕ ‘ਮਹਾਂ ਪੁਰਸ਼’ ਅਖਵਾਉਣ ਵਾਲਾ ਨਹੀਂ ਦੱਸੇਗਾ, ਸਗੋਂ ਸਾਨੂੰ ਸਮਾਜ ਵਿਗਿਆਨ ਸਮਝਣ ਨਾਲ ਵਿਖਾਈ ਦੇਵੇਗਾ। ਸਾਨੂੰ ਸਮਝਣਾ ਪਏਗਾ ਕਿ ਧਰਮਾਂ-ਕਰਮਾਂ ਦੇ ਨਾਂ ’ਤੇ ਹੋ ਰਹੀ ਲੁੱਟ ਨੂੰ ਜਾਰੀ ਰੱਖਣ ਲਈ ਪੁਜਾਰੀ ਵਰਗ ਅਤੇ ਰਾਜ ਕਰਤਾ ਸ਼੍ਰੇਣੀ ਕਿਵੇਂ ਇੱਕ ਦੂਜੇ ਦਾ ਸਾਥ ਨਿਭਾਉਂਦੇ ਹਨ। ਸੋ ਵਿਗਿਆਨ ਦੀਆਂ ਪ੍ਰਾਪਤੀਆਂ ਨੂੰ ਲਾਲਚ ਵੱਸ ਹੋ ਕੇ, ਬੇ-ਥਾਹ ਪੈਸਾ ਕਮਾਉਣ ਵਾਲਿਆਂ ਵਿਰੁੱਧ ਅਵਾਜ਼ ਉਠਾ ਕੇ, ਮਨੁੱਖਤਾ ਦੀ ਭਲਾਈ ਲਈ ਵਰਤਣ ਨੂੰ ਪਹਿਲ ਦੇ ਅਧਾਰ ’ਤੇ ਧਰਮ/ਫਰਜ਼ ਸਮਝਦਿਆਂ ਵਿਗਿਆਨਿਕ ਨਜ਼ਰੀਏ ਰਾਹੀਂ ਜ਼ਿੰਦਗੀ ਨੂੰ ਹੋਰ ਵੀ ਰੁਸ਼ਨਾਇਆ ਜਾ ਸਕਦਾ ਹੈ, ਜਿਸ ਸਬੰਧੀ ਵਿਗਿਆਨਿਕ ਵਿਚਾਰਾਂ ਦੇ ਧਾਰਨੀ ਬਣਕੇ ਸਾਂਝੇ ਜਥੇਬੰਦਕ ਉਪਰਾਲਿਆਂ ਦੀ ਲੋੜ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (