“ਧਰਮ ਨੂੰ ਅੰਧਵਿਸ਼ਵਾਸ ਅਤੇ ਫਿਰਕੂ ਨਫਰਤ ਫੈਲਾਉਣ ਲਈ ਵਰਤਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਹਿਤ ...”
(17 ਫਰਵਰੀ 2024)
ਇਸ ਸਮੇਂ ਪਾਠਕ: 385.
ਅੰਧਵਿਸ਼ਵਾਸਾਂ ਦਾ ਸ਼ਿਕਾਰ ਹੋ ਕੇ ਆਏ ਰੋਜ਼ ਦੇਸ਼ ਦੀ ਵੱਡੀ ਗਿਣਤੀ ਅਬਾਦੀ ਜੋ ਪਹਿਲਾਂ ਹੀ ਗਰੀਬੀ, ਬੇਰੋਜ਼ਗਾਰੀ, ਮੰਦਹਾਲੀ ਦੀ ਜ਼ਿੰਦਗੀ ਵਿੱਚ ਰੀਂਗ ਰਹੀ ਹੈ, ਉਹ ਅੰਧਵਿਸ਼ਵਾਸੀ ਅਮਲਾਂ ਰਾਹੀਂ ਹੋਰ ਨਿਘਾਰ ਵੱਲ ਵਧ ਰਹੀ ਹੈ। ਦੇਸ਼ ਦੀ ਚੌਕੀਦਾਰੀ ਕਰਨ ਵਾਲੇ ਹਾਕਮ ਜ਼ੋਰ ਸ਼ੋਰ ਨਾਲ ਦਾਅਵੇ ਕਰ ਰਹੇ ਹਨ ਕਿ ਦੇਸ਼ ਆਤਮ ਨਿਰਭਰ ਹੋਣ ਵੱਲ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਇਹ ਤੇਜ਼ ਰਫ਼ਤਾਰ ਕਿਹੜੇ ਲੋਕਾਂ ਨੂੰ ਆਤਮ ਨਿਰਭਰ ਬਣਾ ਰਹੀ ਹੈ, ਇਸ ਬਾਰੇ ਦੇਸ਼ ਦੀ ਚੌਕੀਦਾਰੀ ਕਰਨ ਵਾਲਿਆਂ ਤੋਂ ਪੁੱਛਣਾ ਜ਼ਿਆਦਾ ਢੁਕਵਾਂ ਰਹੇਗਾ ਕਿਉਂਕਿ ਉਹ ਤਾਂ 24 ਘੰਟੇ ਹੀ ਇਸ ਅਖੌਤੀ ਤੇਜ਼ ਰਫਤਾਰ ਦੇ ਨਾਲ ਨਾਲ ਚਲਦੇ ਹਨ। ਪਿਛਲੇ ਦਿਨੀਂ ਦਿੱਲੀ ਦੇ ਇੱਕ ਪਰਿਵਾਰ ਵੱਲੋਂ ਆਪਣੇ 7 ਸਾਲਾ ਬੱਚੇ ਨੂੰ ਬਲੱਡ ਕੈਂਸਰ ਦੀ ਲੱਗੀ ਨਾਮੁਰਾਦ ਬਿਮਾਰੀ ਦੇ ਇਲਾਜ ਲਈ ਉਸ ਨੂੰ ਗੰਗਾ ਨਦੀ ਵਿੱਚ ਨਹਾਇਆ ਗਿਆ। ਬੱਚੇ ਦੀ ਮਾਂ ਅੰਧਵਿਸ਼ਵਾਸ ਦੇ ਆਤਮ ਵਿਸ਼ਵਾਸ ਵਿੱਚ ਫਸਕੇ ਆਪਣੇ ਬੱਚੇ ਦੀਆਂ ਗੰਗਾ ਵਿੱਚ ਡੁਬਕੀਆਂ ਲਗਾ ਰਹੀ ਟੀ ਵੀ ਰਾਹੀਂ ਸਭ ਨੇ ਵੇਖੀ ਹੋਵੇਗੀ। ਬੱਚੇ ਦੀ ਬਿਮਾਰੀ ਭਾਵੇਂ ਇਸ ਨਾਲ ਠੀਕ ਨਹੀਂ ਸੀ ਹੋਣੀ, ਪਰ ਉਸ ਦੇ ‘ਆਤਮ ਵਿਸ਼ਵਾਸ’ ਰਾਹੀਂ ਬੱਚੇ ਦੀ ਜਾਨ ਗੁਆ ਜਾਣ ਵਾਲੀ ਤਸਵੀਰ ਅਜੇ ਵੀ ਅੱਖਾਂ ਅੱਗੇ ਘੁੰਮ ਰਹੀ ਹੈ, ਜਿਸ ਨੇ ਦੇਸ਼ ਦੇ ਚੌਕੀਦਾਰਾਂ ਦੇ ਆਤਮ ਵਿਸ਼ਵਾਸ ਵੱਲ ਵਧਣ ਦੀ ਪਾਈ ਜਾ ਰਹੀ ਦੁਹਾਈ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ, ਇਸ ਦੇਸ਼ ਵਿੱਚ ਅਜਿਹਾ ਕੁਝ ਅਣਗਿਣਤ ਵਾਰ ਵਾਪਰ ਚੁੱਕਾ ਹੈ ਅਤੇ ਅਗਾਂਹ ਵੀ ਜੇ ਅੱਜ ਵਰਗੇ ਚੌਕੀਦਾਰ ਰਾਜ ਸੱਤਾ ’ਤੇ ਕਾਬਜ਼ ਰਹੇ ਤਾਂ ਇਸ ਦੇਸ਼ ਵਿੱਚ ਅੰਧਵਿਸ਼ਵਾਸਾਂ ਦਾ ਬੋਲਬਾਲਾ ਹੋਰ ਵਧਣ ਤੋਂ ਛੁਟਕਾਰਾ ਨਹੀਂ ਮਿਲੇਗਾ।
ਦੇਸ਼ ਦੇ ਚੌਕੀਦਾਰਾਂ ਨੇ ਇਨਸਾਨੀਅਤ ਨੂੰ ਦਰ ਕਿਨਾਰ ਕਰਕੇ ਕੁਝ ਅਜਿਹੇ ਅਖੌਤੀ ਧਰਮੀ ਠੇਕੇਦਾਰਾਂ ਦਾ ਘੇਰਾ ਆਪਣੇ ਦੁਆਲੇ ਪਾਲ ਰੱਖਿਆ ਹੈ, ਜਿਸਦੀਆਂ ਭਾਵਨਾਵਾਂ ਨੂੰ ਬਹੁਤ ਛੇਤੀ ਠੇਸ ਪਹੁੰਚ ਜਾਂਦੀ ਹੈ। ਇਹਨਾਂ ਠੇਕੇਦਾਰਾਂ ਵੱਲੋਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੇ ਬਹਾਨੇ, ਲੋਕ ਚੇਤਨਾ ਫੈਲਾ ਰਹੀ ਹਰ ਆਵਾਜ਼ ਨੂੰ ਸੱਤਾ ’ਤੇ ਬਿਰਾਜਮਾਨ ਚੌਕੀਦਾਰਾਂ ਦੀ ਸਰਪ੍ਰਸਤੀ ਹੇਠ, ਅੰਧਵਿਸ਼ਵਾਸ ਵਿਰੋਧੀ ਸਹੀ ਆਵਾਜ਼ ਦਾ ਗਲਾ ਘੁੱਟਣ ਲਈ ਧਾਰਾ 295 ਅਤੇ 295 ਏ ਨੂੰ ਵਰਤਣ ਵਿੱਚ ਜ਼ਰਾ ਜਿੰਨੀ ਵੀ ਦੇਰ ਨਹੀਂ ਲਗਦੀ। ਰਾਮ ਮੰਦਰ ਦੇ ਉਦਘਾਟਨੀ ਸਮਾਰੋਹ ਵਿੱਚ ਧਰਮ ਦੇ ਪਰਦੇ ਹੇਠ ਦੇਸ਼ ਨੂੰ ਲੁੱਟਕੇ ਮਾਲੋਮਾਲ ਹੋ ਰਹੇ ਵੱਡੇ ਵੱਡੇ ਧਨਾਡਾਂ ਨੂੰ ਸਰਕਾਰੀ ਮਹਿਮਾਨ ਬਣਾਕੇ ਇਸ ਸਮਾਰੋਹ ਵਿੱਚ ਸਰਕਾਰੀ ਮਾਨ ਸਨਮਾਨਾਂ ਨਾਲ ਨਿਵਾਜਿਆ ਗਿਆ। ਕਰੋਨਾ ਦੀ ਮਹਾਂਮਾਰੀ ਦੌਰਾਨ ਕਰੋੜਾਂ ਲੋਕਾਂ ਦੇ ਰੋਜ਼ਗਾਰ ਖਤਮ ਹੋਏ ਤੇ ਕਰੋੜਾਂ ਲੋਕ ਘਰੋਂ ਬੇਘਰ ਹੋਏ। ਸੈਂਕੜੇ ਮੀਲ ਪੈਦਲ ਚੱਲਕੇ ਪੈਰਾਂ ਵਿੱਚ ਛਾਲੇ ਪੈ ਜਾਣ ਦੇ ਬਾਵਜੂਦ ਅਨੇਕਾਂ ਮਜ਼ਦੂਰ ਪੰਜਾਬ ਵਿੱਚੋਂ ਦੂਰ ਦੁਰਾਡੇ ਸੂਬਿਆਂ ਵਿੱਚ ਆਪਣੇ ਜੱਦੀ ਘਰਾਂ ਵਿੱਚ ਮੌਤ ਨਾਲ ਲੜਦੇ ਹੋਏ ਪੁੱਜੇ। ਗਰਭਵਤੀ ਔਰਤਾਂ ਨੇ ਇਹਨਾਂ ਬਿੱਖੜੇ ਪੈਂਡਿਆਂ ਦੌਰਾਨ ਰਸਤੇ ਵਿੱਚ ਬੱਚਿਆਂ ਨੂੰ ਜਨਮ ਦਿੱਤੇ ਅਤੇ ਨਵ ਜੰਮੇਂ ਬਾਲਾਂ ਨੂੰ ਮੌਤ ਨਾਲ ਖੇਡਕੇ ਆਪਣੀ ਮਮਤਾ ਨਿਭਾਈ। ਪਰ ਦੇਸ਼ ਦੇ ਚੌਕੀਦਾਰਾਂ ਨੇ ਸਭ ਕੁਝ ਵੇਖਦੇ ਹੋਏ ਵੀ ਅਣ ਵੇਖਿਆ ਕਰੀ ਰੱਖਿਆ।
ਦੂਜੇ ਪਾਸੇ ਸਮੇਂ ਦੇ ਇਸੇ ਦੌਰ ਵਿੱਚ ਸਰਕਾਰੀ ਮਾਨ ਸਨਮਾਨ ਲੈ ਰਹੇ ਇਹ ਵੱਡੇ ਵੱਡੇ ਅਰਬ ਪਤੀ ਧਨਾਡ ਖਰਬ ਪਤੀ ਕਿਵੇਂ ਬਣੇ, ਦੇਸ਼ ਦੀ ਚੌਕੀਦਾਰੀ ਕਰਨ ਵਾਲੇ ਵਧੇਰੇ ਚੰਗੀ ਤਰ੍ਹਾਂ ਦੱਸ ਸਕਦੇ ਹਨ। ਰੋਜ਼ਗਾਰ ਤੋਂ ਸੱਖਣੇ ਹੋਏ ਕਰੋੜਾਂ ਦੇਸ਼ ਵਾਸੀਆਂ ਵੱਲੋਂ ਇਹ ਸਵਾਲ ਪੁੱਛਣੇ ਵੀ ਬਣਦੇ ਹਨ। ਕੀ ਰਾਮ ਮੰਦਰ ਦੀ ਉਸਾਰੀ ਅਤੇ ਨਵੀਂ ਸੰਸਦੀ ਇਮਾਰਤ ਬਣਾਉਣ ਆਦਿ ਨਾਲ ਲੋਕਾਂ ਦੇ ਰੋਜ਼ਗਾਰ ਦੀ ਸਮੱਸਿਆ ਦਾ ਵੀ ਕੋਈ ਸਮਾਧਾਨ ਹੋਵੇਗਾ? ਜੇ ਕੋਈ ਇਹ ਸਵਾਲ ਉਠਾਉਂਦਾ ਹੈ ਤਾਂ ਧਰਮ ਦਾ ਹੋ ਹੱਲਾ ਖੜ੍ਹਾ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦੁਹਾਈ ਪਾਉਣ ਵਾਲੇ 295 ਏ ਲੈ ਕੇ ਪੁਲਿਸ ਪਾਸ ਪਹੁੰਚ ਜਾਂਦੇ ਹਨ। ਅੱਗੋਂ ਪੁਲਿਸ ਵੀ ਬਿਨਾਂ ਕੋਈ ਸੱਦ ਪੁੱਛ ਤੋਂ 295 ਏ ਦੇ ਅਧੀਨ ਝੱਟ ਕੇਸ ਦਰਜ ਕਰ ਲੈਂਦੀ ਹੈ। ਪੰਜਾਬ ਵਿੱਚ ਅਜਿਹੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।
ਜਦੋਂ ਕਠੂਆ ਵਿੱਚ ਇੱਕ ਬਾਲੜੀ ਨਾਲ ਮੰਦਰ ਵਿੱਚ ਹੀ ਬਲਾਤਕਾਰ ਕਰਨ ਦੀ ਘਟਨਾ ਵਾਪਰਦੀ ਹੈ, ਉਦੋਂ ਕਦੀ ਵੀ ਅਜਿਹੇ ਧਰਮੀਆਂ ਦੀ ਭਾਵਨਾ ਨੂੰ ਕੁਝ ਵੀ ਨਹੀਂ ਹੁੰਦਾ ਸਗੋਂ ਬਲਾਤਕਾਰੀਆਂ ਦੇ ਹੱਕ ਵਿੱਚ ਮਾਰਚ ਕੀਤੇ ਜਾਂਦੇ ਹਨ। ਜਦੋਂ ਬਿਲਕਸ ਬਾਨੋ ਵਰਗੀਆਂ ਔਰਤਾਂ ਦੇ ਬਲਾਤਕਾਰੀ ਦੋਸ਼ੀਆਂ ਦੀ ਉਮਰ ਕੈਦ ਖਤਮ ਕਰਕੇ ਚੰਗੇ ਆਚਰਣ ਦਾ ਸਰਟੀਫਿਕੇਟ ਦੇ ਕੇ ਬਰੀ ਕੀਤਾ ਜਾਂਦਾ ਹੈ, ਉਦੋਂ ਕਿਸੇ ਦੀ ਵੀ ਭਾਵਨਾ ਨੂੰ ਠੇਸ ਨਹੀਂ ਪੁੱਜਦੀ। ਜਦੋਂ ਪਸ਼ੂਆਂ ਦੇ ਨਾਂ ’ਤੇ ਮਨੁੱਖਾਂ ਨੂੰ ਸ਼ਰੇਆਮ ਕੁੱਟ ਕੁੱਟ ਕੇ ਮਾਰ ਦਿੱਤਾ ਜਾਂਦਾ ਹੈ, ਉਦੋਂ ਵੀ ਕਿਸੇ ਦੀ ਭਾਵਨਾ ਨੂੰ ਸੱਟ ਨਹੀਂ ਵੱਜਦੀ। ਅਜਿਹਾ ਕੁਝ ਇੱਕ ਨਹੀਂ, ਸਾਰੇ ਧਰਮਾਂ ਵਿੱਚ ਬਾਰ ਬਾਰ ਵਾਪਰਦਾ ਅਸੀਂ ਸਭ ਵੇਖ ਰਹੇ ਹਾਂ। ਬੇਅਦਬੀ ਦੇ ਨਾਂ ਹੇਠ ਧਰਮ ਅਸਥਾਨਾਂ ਤੇ ਕਤਲ ਹੋ ਰਹੇ ਹਨ, ਧਰਮ ਗ੍ਰੰਥਾਂ ਨੂੰ ਮੰਨਣ ਅਤੇ ਨਾ ਮੰਨਣ ਪਿੱਛੇ ਝਗੜੇ ਹੋ ਰਹੇ ਹਨ। ਪੁਰਾਤਨ ਬਣੀਆਂ ਧਰਮ ’ਤੇ ਅਧਾਰਤ ਇਮਾਰਤਾਂ ਦੇ ਨਾਂ ਹੇਠ ਫਿਰਕੂ ਨਫਰਤ ਰਾਹੀਂ ਮਨੁੱਖਤਾ ਕਤਲ ਹੋ ਰਹੀ ਹੈ, ਪਰ ਅਜਿਹੇ ਹਾਲਾਤ ਨੂੰ ਜਨਮ ਦੇਣ ਵਾਲੇ, ਇਸ ਦੇਸ਼ ਦੇ ਰਖਵਾਲੇ ਕਹਾਉਣ ਹਨ, ਇਹ ਬੜੇ ਸਿਤਮ ਵਾਲੀ ਗੱਲ ਹੈ।
ਦੁਨੀਆਂ ਨੂੰ ਨਵੀਂ ਰੌਸ਼ਨੀ ਦੇਣ ਵਾਲੇ ਗਲੀਲੀਓ, ਬਰੂਨੋ, ਕਾਪਰਨਿਕਸ ਵਰਗੇ ਅਨੇਕਾਂ ਹੀ ਵਿਗਿਆਨੀਆਂ ਨੂੰ ਧਰਮਾਂ ਦੇ ਠੇਕੇਦਾਰਾਂ ਨੇ ਇਸ ਕਰਕੇ ਸਰੀਰਕ ਤਸੀਹੇ ਦੇ ਕੇ ਹਕੂਮਤਾਂ ਪਾਸੋਂ ਕਤਲ ਕਰਵਾਏ, ਕਿਉਂਕਿ ਉਹਨਾਂ ਦੀਆਂ ਵਿਗਿਆਨਿਕ ਖੋਜਾਂ ਧਰਮ ਵਿੱਚ ਮੰਨੀ ਜਾਂਦੀ ਮਾਨਤਾ ਨੂੰ ਝੁਠਲਾਉਂਦੀਆਂ ਸਨ। ਪਰ ਅੱਜ ਉਹਨਾਂ ਹੀ ਵਿਗਿਆਨੀਆਂ ਦੀਆਂ ਖੋਜਾਂ ਰਾਹੀਂ ਸਿੱਧ ਕੀਤੀਆਂ ਸਚਿਆਈਆਂ ਨੂੰ ਪੂਰੀ ਦੁਨੀਆਂ ਮੰਨ ਰਹੀ ਹੈ। ਇਸਦੇ ਬਾਵਜੂਦ ਅੱਜ ਵੀ ਸਾਡੇ ਸਾਹਮਣੇ ਅਜਿਹਾ ਕੁਝ ਹੀ ਵਾਪਰ ਰਿਹਾ ਹੈ, ਜਿਸ ਰਾਹੀਂ ਧਰਮਾਂ ਦੇ ਪਰਦੇ ਹੇਠ ਗੈਰ ਵਿਗਿਆਨਿਕ ਮਾਨਤਾਵਾਂ ਨੂੰ ਪ੍ਰਚਾਰਕੇ ਦੇਸ਼ ਦੀ ਜਨਤਾ ਨੂੰ ਅੰਧਵਿਸ਼ਵਾਸਾਂ ਅਤੇ ਫਿਰਕਾਪ੍ਰਸਤੀ ਵੱਲ ਧੱਕਿਆ ਜਾ ਰਿਹਾ ਹੈ। ਜੇਕਰ ਕੋਈ ਉਹਨਾਂ ਨੂੰ ਅਜਿਹੇ ਹਾਲਾਤ ਤੋਂ ਮੁਕਤ ਕਰਨ ਦੀ ਗੱਲ ਕਰਦਾ ਹੈ ਤਾਂ ਧਰਮ ਦੇ ਅਖੌਤੀ ਚੌਧਰੀਆਂ ਵੱਲੋਂ ਭਾਵਨਾ ਨੂੰ ਠੇਸ ਪਹੁੰਚਣ ਦਾ ਹੋ-ਹੱਲਾ ਖੜ੍ਹਾ ਕਰ ਲਿਆ ਜਾਂਦਾ ਹੈ। ਭਾਵੇਂ ਵਿਗਿਆਨ ’ਤੇ ਅਧਾਰਤ ਪ੍ਰਚਾਰ ਕਰਕੇ ਲੋਕਾਂ ਦਾ ਸੋਚਣ ਢੰਗ ਵਿਗਿਆਨਿਕ ਬਣਾਉਣ ਦੇ ਯਤਨ ਕਰਨ ਦੀ ਸੰਵਿਧਾਨਿਕ ਜ਼ਿੰਮੇਵਾਰੀ ਹਰ ਨਾਗਰਿਕ ਦੀ ਹੈ, ਪਰ ਧਰਮ ਦੇ ਨਾਂ ’ਤੇ ਦੁਕਾਨਾਂ ਚਲਾ ਰਹੇ ‘ਧਰਮੀਆਂ’ ਵੱਲੋਂ ਆਪਣੀ ਗਾਹਕੀ ਘਟਣ ਦੇ ਡਰੋਂ, ਉਹਨਾਂ ਨੂੰ ਅਜਿਹਾ ਰਾਸ ਨਹੀਂ ਆਉਂਦਾ। ਲੋਕਾਂ ਨੂੰ ਧਰਮਾਂ ਦੁਆਰਾ ਸਥਾਪਤ ਕੀਤੀਆਂ ਗਈਆਂ ਗੈਰ ਵਿਗਿਆਨਿਕ ਮਾਨਤਾਵਾਂ ਨੂੰ ਨਾ ਮੰਨਣ ਦਾ ਪ੍ਰਚਾਰ ਕਰਨ ਬਦਲੇ, 295/295 ਏ ਵਰਗੇ ਕੇਸ ਦਰਜ ਹੋਣੇ ਸੰਵਿਧਾਨ ਦੀ ਸਰਾਸਰ ਉਲੰਘਣਾ ਹੈ। ਸਮੇਂ ਦੇ ਮੌਜੂਦਾ ਦੌਰ ਅੰਦਰ ਸਮਾਜ ਨੂੰ ਧਰਮਾਂ, ਜਾਤਾਂ, ਫਿਰਕਿਆਂ ਵਿੱਚ ਵੰਡਕੇ ਆਪਣੇ ਸੌੜੇ ਹਿਤਾਂ ਦੀ ਪੂਰਤੀ ਕਰਨ ਬਦਲੇ, ਮਨੁੱਖਤਾ ਦਾ ਖੂਨ ਵਹਾਉਣ ਵਾਲੇ ਸਿਆਸਤਦਾਨ ਅਤੇ ਧਰਮਾਂ ਦੇ ਅਲੰਬੜਦਾਰਾਂ ਦੀ ਆਪਸੀ ਸਾਂਝ ਦੇ ਅਨੇਕਾਂ ਕਿੱਸਿਆਂ ਰਾਹੀਂ, ਇਹਨਾਂ ਦੀ ਮਿਲੀ ਭੁਗਤ ਦੇ ਨਮੂਨੇ ਵੇਖੇ ਜਾ ਸਕਦੇ ਹਨ। ਇਹ ਨਮੂਨੇ 1947 ਤੋਂ ਬਾਅਦ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਹੋਰ ਵੱਡੇ ਸ਼ਹਿਰਾਂ ਅਤੇ 2002 ਵਿੱਚ ਗੁਜਰਾਤ, 2023 ਵਿੱਚ ਮਨੀਪੁਰ, ਹਰਿਆਣਾ ਆਦਿ ਵਿੱਚ ਇਨਸਾਨਾਂ ਦੇ ਵੱਡੀ ਪੱਧਰ ’ਤੇ ਡੁੱਲ੍ਹੇ ਖੂਨ ਰਾਹੀਂ ਸਪਸ਼ਟ ਵੇਖੇ ਜਾ ਸਕਦੇ ਹਨ।
ਅੱਜ ਜਦੋਂ ਹਰ ਪੰਜੀਂ ਸਾਲੀਂ ਰਾਜ ਗੱਦੀਆਂ ’ਤੇ ਬਿਰਾਜਮਾਨ ਹੋ ਰਹੇ ਰੰਗ ਬਰੰਗੀਆਂ ਸਿਆਸੀ ਪਾਰਟੀਆਂ ਨਵੇਂ ਨਵੇਂ ਵਾਅਦਿਆਂ ਦੀ ਪੂਰਤੀ ਦੀ ਗਰੰਟੀ ਦੇ ਲਾਰਿਆਂ ਰਾਹੀਂ ਲੋਕਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਲੋਕ-ਲੁਭਾਉਣੇ ਫਰਮਾਨ ਜਾਰੀ ਕਰ ਰਹੀਆਂ ਹਨ, ਨੂੰ ਸਵਾਲ ਪੁੱਛਣ ਲਈ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ।
2024 ਦੀਆਂ ਚੋਣਾਂ ਸਿਰ ’ਤੇ ਹਨ, ਇਸ ਸਮੇਂ ਲੋਕਾਂ ਨੂੰ ਧਰਮਾਂ, ਜਾਤਾਂ, ਫਿਰਕਿਆਂ ਵਿੱਚ ਵੰਡਕੇ ਉਹਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਤੋਂ ਧਿਆਨ ਦੂਜੇ ਪਾਸੇ ਕਰਨ ਦੇ ਸਿਰਤੋੜ ਯਤਨ ਸੱਤਾ ’ਤੇ ਕਾਬਜ਼ ਧਿਰ ਦੀ ਛਤਰਛਾਇਆ ਹੇਠ ਹੁੰਦੇ ਵੇਖ ਰਹੇ ਹਾਂ। ਅਜਿਹੇ ਸਮੇਂ ਲੋਕਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ, ਬਾਰੇ ਲੋਕ ਚੇਤਨਾ ਫੈਲਾਉਣ ਦਾ ਵਰਤਾਰਾ ਨਿਰੰਤਰ ਜਾਰੀ ਰੱਖਣਾ ਬੇਹੱਦ ਜ਼ਰੂਰੀ ਹੈ। ਭਾਵੇਂ ਇਹ ਚੇਤਨਾ ਫੈਲਾਉਣ ਵਾਲਿਆਂ ਦੀ ਜ਼ੁਬਾਨਬੰਦੀ ਕਰਨ ਲਈ ਸਰਕਾਰੀ ਸ਼ਹਿ ਹੇਠ ਧਰਮ ਦੀ ਹੇਠੀ ਕਰਨ ਦੇ ਬਹਾਨੇ 295 / 295 ਏ ਦੇ ਅਧੀਨ ਪਰਚੇ ਦਰਜ ਕਰਕੇ ਸਹੀ ਅਤੇ ਵਿਗਿਆਨ ਅਧਾਰਤ ਆਵਾਜ਼ ਬੰਦ ਕਰਨ ਦਾ ਭਰਮ ਪਾਲਿਆ ਜਾ ਰਿਹਾ ਹੈ ਪਰ ਅੰਤ ਜਿੱਤ ਵਿਗਿਆਨ ਉੱਤੇ ਅਧਾਰਤ ਵਿਚਾਰਧਾਰਾ ਦੀ ਹੀ ਹੋਣੀ ਹੈ ਅਤੇ ਸਰਕਾਰੀ ਸਰਪ੍ਰਸਤੀ ਹੇਠ ਪਣਪ ਰਹੇ ਅੰਧਕਾਰ ਦਾ ਖਾਤਮਾ ਅਟੱਲ ਹੈ। ਦੇਸ਼ ਦੀ ਚੌਕੀਦਾਰੀ ਕਰਨ ਦਾ ਹੋਕਾ ਦੇ ਕੇ ਸੱਤਾ ਵਿੱਚ ਆਏ ਇਹ ਗੱਲ ਜਾਣਦੇ ਹੋਏ ਵੀ ਆਪਣੀ ਸੱਤਾ ਦੇ ਗਰੂਰ ਹੇਠ ਵਿਗਿਆਨਿਕ ਦਲੀਲਾਂ ਦਾ ਜਵਾਬ ਨਾ ਦੇ ਕੇ, ਧਰਮ ਨੂੰ ਪੁਰਾਣੀ ਸੰਸਕ੍ਰਿਤੀ ਬਹਾਲ ਕਰਨ ਲਈ ਵਰਤਦਿਆਂ, ਸੰਵਿਧਾਨਿਕ ਉਲੰਘਣਾ ਕਰਨ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਜਿਹੜੇ ਸੰਵਿਧਾਨ ਨੂੰ ਮੰਨਣ ਦੀ ਸੌਂਹ ਖਾ ਕੇ ਉਸ ਦੀ ਪਾਲਣਾ ਕਰਨ ਦਾ ਵਾਅਦਾ ਕਰਕੇ ਰਾਜ ਗੱਦੀ ਸੰਭਾਲੀ ਸੀ, ਉਸ ਨਾਲ ਵਾਅਦਾ ਖਿਲਾਫੀ ਹੀ ਨਹੀਂ, ਸਗੋਂ ਉਸ ਨੂੰ ਮੰਨਣ ਤੋਂ ਹੀ ਕਿਨਾਰਾ ਕੀਤਾ ਜਾ ਰਿਹਾ ਹੈ। ਇਸ ਲਈ ਸੰਵਿਧਾਨਿਕ ਜ਼ਿੰਮੇਵਾਰੀਆਂ ਨਾ ਨਿਭਾਉਣ ਵਾਲਿਆਂ ਨੂੰ ਕੋਈ ਹੱਕ ਨਹੀਂ ਕਿ ਉਹ ਧਰਮ ਦੀ ਤੌਹੀਨ ਦੇ ਬਹਾਨੇ ਗੈਰ ਵਿਗਿਆਨਿਕ ਮਾਨਤਾਵਾਂ ਦੀ ਰਾਖੀ ਕਰਨ। ਧਰਮ ਨੂੰ ਅੰਧਵਿਸ਼ਵਾਸ ਅਤੇ ਫਿਰਕੂ ਨਫਰਤ ਫੈਲਾਉਣ ਲਈ ਵਰਤਕੇ ਆਪਣੇ ਰਾਜ ਦੀ ਉਮਰ ਲੰਮੀ ਕਰਨ ਹਿਤ ਦੇਸ਼ ਵਿੱਚ ਮਨੁੱਖਤਾ ਦਾ ਖੂਨ ਤਾਂ ਵਹਾਇਆ ਜਾ ਸਕਦਾ ਹੈ, ਪਰ ਕਦੀ ਵੀ ਆਤਮ ਨਿਰਭਰ ਨਹੀਂ ਬਣਾਇਆ ਜਾ ਸਕਦਾ। ਹੁਣ ਦੇਸ਼ ਦੀ ਜਨਤਾ ਨੇ ਵੇਖਣਾ ਹੈ ਕਿ ਅਜਿਹੇ ਹਾਲਾਤ ਵਿੱਚ ਵਿਗਿਆਨਿਕ ਵਿਚਾਰਾਂ ਵੱਲ ਮੋੜਾ ਕੱਟਕੇ ਆਤਮ ਨਿਰਭਰਤਾ ਵੱਲ ਵਧਣਾ ਹੈ ਜਾਂ ਅੰਧਵਿਸ਼ਵਾਸੀ ਅਤੇ ਫਿਰਕੂ ਨਫਰਤ ਫੈਲਾਉਣ ਵਾਲਿਆਂ ਵਾਲੀ ਨਿਰਭਰਤਾ ਵੱਲ?
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4732)
(ਸਰੋਕਾਰ ਨਾਲ ਸੰਪਰਕ ਲਈ: (