“ਜੇ ਮਨੁੱਖ ਦੇ ਅੱਜ ਤੱਕ ਦੇ ਵਿਕਾਸ ਦੀ ਵਿਗਿਆਨਿਕ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ...”
(22 ਮਈ 2019)
ਧਰਮਾਂ ਦੇ ਨਾਂ ’ਤੇ ਪ੍ਰਚਾਰਿਆ ਜਾਂਦਾ ਝੂਠ, ਰਾਜ ਕਰਦੀ ਲੁਟੇਰੀ ਜਮਾਤ ਅਤੇ ਧਰਮਾਂ ਦੇ ਨਾਂ ’ਤੇ ਚਲਾਏ ਜਾਂਦੇ ਵਿਉਪਾਰ ਦੇ ਫਿੱਟ ਬੈਠਦਾ ਹੈ। ਇਸੇ ਕਰਕੇ ਜਦੋਂ ਕਿਸੇ ਧਾਰਮਿਕ ਮੰਨਤ ਨੂੰ ਵਿਗਿਆਨਿਕ ਤੌਰ ’ਤੇ ਰੱਦ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਧਰਮੀ ਅਖਵਾਉਣ ਵਾਲੇ ਆਪਣੇ ਧਰਮ ਦੀ ਤੌਹੀਨ ਸਮਝਦੇ ਹੋਏ ਹੋ-ਹੱਲਾ ਮਚਾਕੇ ਆਪਣੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਦੁਹਾਈ ਪਾ ਦਿੰਦੇ ਹਨ। ਰਾਜ ਕਰਦੀ ਸ਼੍ਰੇਣੀ, ਜਿਸ ਨੇ ਪਹਿਲਾਂ ਹੀ ਧਰਮਾਂ ਨੂੰ ਸੁਰੱਖਿਅਤ ਰੱਖਣ ਲਈ ਅਜਿਹੇ ਕਾਨੂੰਨ ਬਣਾਏ ਹੋਏ ਹਨ, ਜਿਹਨਾਂ ਨੂੰ ਧਰਮ ਦੀਆਂ ਝੂਠੀਆਂ ਮਾਣਤਾਵਾਂ ਦਾ ਖੰਡਨ ਕਰਨ ਵਾਲ਼ਿਆਂ ਖ਼ਿਲਾਫ਼ ਵਰਤਕੇ ਧਰਮਾਂ ਵੱਲੋਂ ਫੈਲਾਏ ਜਾਂਦੇ ਅੰਧਵਿਸ਼ਵਾਸਾਂ ਨੂੰ ਬਰਕਰਾਰ ਰੱਖਿਆ ਜਾਂਦਾ ਹੈ।
ਹੁਣ ਇੱਕ ਕਦਮ ਹੋਰ ਅੱਗੇ ਜਾਂਦਿਆਂ ਸਾਡੇ ਪ੍ਰਧਾਨ ਮੰਤਰੀ ਆਪਣੀ ਆਸਥਾ ਦੇ ਨਾਂ ਹੇਠ ਮੰਦਰਾਂ, ਪੱਥਰਾਂ ਦੀ ਪੂਜਾ ਦੁਆਰਾ ਅਤੇ ਵਿਸ਼ੇਸ਼ ਸੁਵਿਧਾਵਾਂ ਨੂੰ ਮੁੱਖ ਰੱਖ ਕੇ ਬਣਾਈਆਂ ਗੁਫਾਵਾਂ ਵਿੱਚ ਬੈਠਕੇ ਅੰਤਰ ਧਿਆਨ ਹੋ ਕੇ ਭਗਤੀ ਕਰਨ ਜਾ ਚੁੱਕੇ ਹਨ। ਉਹ ਅਜਿਹਾ ਕਰਕੇ ਦੁਬਾਰਾ ਸੱਤਾਹ ਵਿੱਚ ਆਉਣ ਦੇ ਸੁਪਨੇ ਸਾਕਾਰ ਹੋਣ ਦੀ ਆਸ ਰੱਖਦੇ ਹਨ। ਇਸ ਤੋਂ ਸਪਸ਼ਟ ਹੈ ਕਿ ਉਹਨਾਂ ਨੂੰ ਦੇਸ਼ ਵਾਸੀਆਂ ’ਤੇ ਵਿਸ਼ਵਾਸ ਨਹੀਂ, ਸਗੋਂ ਪੱਥਰ ਦੀਆਂ ਮੂਰਤੀਆਂ ਅਤੇ ਗੁਫਾਵਾਂ ਉੱਪਰ ਵੱਧ ਵਿਸ਼ਵਾਸ ਹੈ ਜੋ ਕਿ ਕਿਰਤੀ ਲੋਕਾਂ ਨੇ ਹੀ ਬਣਾਈਆਂ ਹੋਈਆਂ ਹਨ।
ਦੂਜੇ ਪਾਸੇ ਜੇ ਮਨੁੱਖ ਦੇ ਅੱਜ ਤੱਕ ਦੇ ਵਿਕਾਸ ਦੀ ਵਿਗਿਆਨਿਕ ਨਜ਼ਰੀਏ ਤੋਂ ਗੱਲ ਕੀਤੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਨੇ ਸਮੁੱਚਾ ਵਿਕਾਸ ਗੁਫਾਵਾਂ ਵਿੱਚੋਂ ਬਾਹਰ ਆ ਕੇ ਹੀ ਕੀਤਾ ਹੈ। ਜੇਕਰ ਸਾਡੇ ਪੂਰਵਜ ਇਹਨਾਂ ਗੁਫਾਵਾਂ ਅੰਦਰ ਹੀ ਬੈਠੇ ਰਹਿੰਦੇ ਤਾਂ ਅੱਜ ਤੱਕ ਦਾ ਮਨੁੱਖੀ ਵਿਕਾਸ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਸੀ। ਪਰ ਸਾਡੇ ਪ੍ਰਧਾਨ ਮੰਤਰੀ ਜੀ ਉਲਟਾ ਮਨੁੱਖੀ ਵਿਕਾਸ ਦਾ ਖੇਤਰ ਛੱਡਕੇ, ਪਿੱਛੇ ਵੱਲ ਪਰਤਕੇ ਪਤਾ ਨਹੀਂ ਕਿਹੜੇ ਵਿਕਾਸ ਦਾ ਫਾਰਮੂਲਾ ਲੱਭ ਕੇ ਲਿਆਉਣ ਵਾਲੇ ਹਨ? ਜੇਕਰ ਇਸ ਤਰ੍ਹਾਂ ਦੀਆਂ ਆਸਥਾਵਾਂ ਨੂੰ ਵੋਟਾਂ ਹਥਿਆਉਣ ਲਈ ਵਰਤਣ ਨਾਲ ਮਸਲੇ ਹੱਲ ਹੋ ਜਾਂਦੇ ਹਨ ਤਾਂ ਚੋਣਾਂ ਉੱਪਰ ਕਰੋੜਾਂ ਰੁਪਏ ਖ਼ਰਚਕੇ, ਨਸ਼ੇ ਵੰਡਕੇ ਲੋਕਾਂ ਦੇ ਮਿੰਨਤਾਂ ਤਰਲੇ ਕਰਨ ਦੀ ਕੀ ਲੋੜ ਹੈ? ਜੇਕਰ ਗੁਫਾਵਾਂ ਵਿੱਚ ਬੈਠਕੇ ਅੰਤਰ ਧਿਆਨ ਹੋਣ ਨਾਲ ਕੋਈ ਪ੍ਰਾਪਤੀ ਹੋ ਸਕਦੀ ਹੈ ਤਾਂ ਵਿਗਿਆਨ ਦੀਆਂ ਉਪਲਭਤਾਂ ਨਾਲ ਪ੍ਰਾਪਤ ਹੋਈਆਂ ਸੁਖ ਸਹੂਲਤਾਂ ਨੂੰ ਉਹਨਾਂ ਗੁਫਾਵਾਂ ਵਿੱਚ ਕਿਉਂ ਵਰਤਿਆ ਜਾਂਦਾ ਹੈ?
ਮੀਡੀਏ ਰਾਹੀਂ ਇਹ ਵੀ ਪਤਾ ਲੱਗਾ ਹੈ ਕਿ ਅਜੇ ਇੱਕ ਗੁਫਾ ਦਾ ਨਿਰਮਾਣ ਹੋਇਆ ਹੈ, ਇਸ ਤਰ੍ਹਾਂ ਦੀਆਂ ਆਧੁਨਿਕ ਸੁਖ ਸਹੂਲਤਾਂ ਨਾਲ ਲੈਸ ਪੰਜ ਹੋਰ ਗੁਫਾਵਾਂ ਦਾ ਨਿਰਮਾਣ ਕੀਤਾ ਜਾਣਾ ਹੈ। ਕੀ ਇਸੇ ਨੂੰ ਨਵੇਂ ਭਾਰਤ ਦੇ ਨਿਰਮਾਣ ਦਾ ਨਾਮ ਦਿੱਤਾ ਜਾ ਰਿਹਾ ਹੈ?
ਇਸੇ ਤਰ੍ਹਾਂ ਅਮਿੱਤ ਸ਼ਾਹ ਅਤੇ ਰਾਹੁਲ ਗਾਂਧੀ ਇਸ ਦੌੜ ਵਿੱਚ ਪਿੱਛੇ ਨਹੀਂ ਰਹੇ। ਉਹਨਾਂ ਨੇ ਵੀ ਵੱਖ ਵੱਖ ਮੰਦਰਾਂ ਵਿੱਚੋਂ ਅਸ਼ੀਰਵਾਦ ਲੈਣ ਦੀ ਆਸਥਾ ਨੂੰ ਬਰਕਰਾਰ ਰੱਖਣ ਦੇ ਬਹਾਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਬੜੇ ਦਿਆਨਤਦਾਰ ਹੋਣ ਵਾਲਾ ਪੈਂਤਰਾ ਵਰਤਣ ਲਈ ਕੋਈ ਕਸਰ ਨਹੀਂ ਛੱਡੀ। ਲੋਕਾਂ ਲਈ ਸਵਾਲ ਇਹ ਹੈ ਕਿ ਕੀ ਇਸ ਤਰ੍ਹਾਂ ਕਰਨ ਨਾਲ ਕਿਸੇ ਦੀਆਂ ਇੱਛਾਵਾਂ ਦੀ ਪੂਰਤੀ ਹੋ ਸਕਦੀ ਹੈ? ਜੇਕਰ ਸਿਆਸਤਦਾਨ ਲੋਕਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰਨ ਪੱਖੋਂ ਨਾਕਾਮ ਰਹਿਣ ਬਾਅਦ, ਆਪਣੀ ਆਪਣੀ ਜਿੱਤ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਧਰਮਾਂ ਨੂੰ ਵਰਤਕੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਵਰਤਦੇ ਰਹਿਣਗੇ ਅਤੇ ਲੋਕ ਇਸੇ ਤਰ੍ਹਾਂ ਵੇਖਦੇ ਸੁਣਦੇ ਰਹਿਣਗੇ ਤਾਂ ਦੇਸ਼ ਦੀ ਤਰੱਕੀ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ।
ਇਸ ਤਰ੍ਹਾਂ ਦੇ ਵਰਤਾਰੇ ਜੋ ਵੇਖਣ ਨੂੰ ਮਿਲ ਰਹੇ ਹਨ, ਇਨ੍ਹਾਂ ਨਾਲ ਲੋਕਾਂ ਦੀ ਇੱਕ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ। ਇੱਕ ਪਾਸੇ ਦੇਸ਼ ਦੇ ਬਹੁਗਿਣਤੀ ਲੋਕ ਦੋ ਡੰਗ ਦੀ ਰੋਟੀ ਤੋਂ ਵੀ ਸੱਖਣੇ ਹਨ, ਪਰ ਦੂਜੇ ਪਾਸੇ ਕ੍ਰੋੜਾਂ ਰੁਪਇਆ ਸਾਧਨਾਂ / ਚਿੰਤਨ ਕਰਨ ਦੇ ਨਾਂ ’ਤੇ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਕੈਮਰਿਆਂ ਅਤੇ ਹੋਰ ਸਰਕਾਰੀ ਅਮਲੇ-ਫੈਲੇ ਨੂੰ ਨਾਲ ਲੈਕੇ ਜਾਣਾ ਅਤੇ ਹਰ ਪਲ ਨੂੰ ਮੀਡੀਆ ਵਿੱਚ ਵਿਖਾਉਣ ਦੇ ਪ੍ਰਬੰਧ ਕਰਕੇ, ਅਜਿਹੇ ਸਿਆਸਤਦਾਨ ਲੋਕਾਂ ਦੀ ਕਿਹੜੀ ਸਮੱਸਿਆ ਦਾ ਸਮਾਧਾਨ ਕਰਨਾ ਚਾਹੁੰਦੇ ਹਨ? ਕੀ ਪ੍ਰਧਾਨ ਮੰਤਰੀ ਜੀ ਦੱਸ ਸਕਦੇ ਹਨ ਕਿ ਉਹਨਾਂ ਵੱਲੋਂ ਕੀਤੀ ਜਾ ਰਹੀ ਇਸ ਸਾਧਨਾ ਨਾਲ ਦੇਸ਼ ਭੁੱਖ ਮਰੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਵਰਗੀ ਬਿਮਾਰੀ ਅਤੇ ਅਜਿਹੀਆਂ ਅਨੇਕਾਂ ਹੋਰ ਬਿਮਾਰੀਆਂ ਤੋਂ ਮੁਕਤ ਹੋ ਜਾਵੇਗਾ? ਲੋਕਾਂ ਦੀ ਧਾਰਮਿਕ ਆਸਥਾ ਨੂੰ ਵੋਟਾਂ ਵਿੱਚ ਤਬਦੀਲ ਕਰਨ ਲਈ ਇਸ ਨੂੰ ਇੱਕ ਹੋਰ ਪੈਂਤਰਾ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ।
ਅੱਜ ਲੋੜ ਹੈ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਵਿਗਿਆਨਿਕ ਨਜ਼ਰੀਏ ਰਾਹੀਂ ਘੋਖ ਕਰਨ ਦੀ ਅਤੇ ਉਹਨਾਂ ਦੇ ਸਹੀ ਹੱਲ ਪੇਸ਼ ਕਰਨ ਦੀ। ਕਿਸੇ ਵੀ ਗ਼ੈਰ ਵਿਗਿਆਨਿਕ ਅਤੇ ਅੰਧ ਵਿਸ਼ਵਾਸੀ ਮਾਨਤਾ ਰਾਹੀਂ ਸਾਡੇ ਦੇਸ਼ ਦੀ ਕੋਈ ਵੀ ਸਮੱਸਿਆ ਹੱਲ ਨਹੀਂ ਹੋ ਸਕਦੀ। ਸਿਰਫ ਰਾਜ ਕਰਦੀ ਸ਼੍ਰੇਣੀ ਹੀ ਅਜਿਹੇ ਵਰਤਾਰਿਆਂ ਨੂੰ ਆਪਣੇ ਰਾਜ ਦੀ ਸਲਾਮਤੀ ਲਈ ਵਰਤਦੀ ਰਹੇਗੀ। ਲੋਕਾਂ ਨੂੰ ਇਹ ਸਭ ਕੁਝ ਸਮਝਣ ਦੀ ਲੋੜ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1601)
(ਸਰੋਕਾਰ ਨਾਲ ਸੰਪਰਕ ਲਈ: