JaswantZirakh7ਸਾਰੇ ਰਾਜ ਨੇਤਾ ਇੱਕ ਪਾਸੇ ਤਾਂ ਹਰ ਧਰਮ ਦਾ ਸਤਕਾਰ ਕਰਨ ਦੀ ਗੱਲ ਕਰਦੇ ਹਨਪਰ ...
(25 ਮਾਰਚ 2025)

 

ਜਦੋਂ ਦੇਸ਼ ਦੀ ਰਾਜ ਕਰਤਾ ਸ਼੍ਰੇਣੀ ਦੇ ਰਾਜਨੀਤੀਵਾਨ ਦੇਸ਼ ਦੇ ਲੋਕਾਂ ਦੀ ਕਿਸਮਤ ਨੂੰ ਤੀਰਥ ਇਸ਼ਨਾਨਾਂ, ਧਾਰਮਿਕ ਅਸਥਾਨਾਂ ਦੀ ਯਾਤਰਾ, ਸਾਧੂਆਂ-ਸੰਤਾਂ ਦੇ ਅੰਧਵਿਸ਼ਵਾਸੀ ਪ੍ਰਵਚਨਾਂ, ਪੂਜਾ-ਪਾਠਾਂ ਆਦਿ ਰਾਹੀਂ ਬਦਲਣ ਨੂੰ ਮਾਨਤਾ ਦੇਣ ਸਮੇਤ ਜ਼ਗੀਰੂ ਅਤੇ ਪੂੰਜੀਪਤੀ ਹਿਤਾਂ ਨੂੰ ਮਹੱਤਤਾ ਦੇਣ ਲੱਗ ਜਾਣ ਤਾਂ ਸਮਝ ਲਓ ਕਿ ਉਹ ਦੇਸ਼ ਦੀ ਬਰਬਾਦੀ ਦੇ ਰਾਹ ਚੱਲ ਪਏ ਹਨਸਾਡੇ ਦੇਸ਼ ਨੂੰ ਅੱਜ ਕੱਲ੍ਹ ਇਸੇ ਰਸਤੇ ’ਤੇ ਚਲਾਉਣ ਦੇ ਸਿਰਤੋੜ ਯਤਨ ਹੀ ਨਹੀਂ ਹੋ ਰਹੇ ਸਗੋਂ ਚਲਾਇਆ ਜਾ ਰਿਹਾ ਹੈਲੋਕ ਹੀ ਦੇਸ਼ ਹੁੰਦੇ ਹਨ, ਨਾ ਕਿ ਕੁਝ ਕੁ ਸਰਮਾਏਦਾਰ ਜਾਂ ਵੱਡੀਆਂ ਜਗੀਰਾਂ ਵਾਲੇ ਉਹ ‘ਮਹਾਨ ਘਰਾਣੇ’, ਜਿਨ੍ਹਾਂ ਦੇ ਕਾਰੋਬਾਰ ਦੇਸ਼ ਦੀ ਲੁੱਟ ਨਾਲ ਚਲਦੇ ਹੋਣਜਿਸ ਦੇਸ਼ ਦੀ ਰਾਜਨੀਤੀ ਵਿੱਚ ਲੋਕਾਂ ਨੂੰ ਸਿਰਫ ਵੋਟ ਪਾਉਣ ਤਕ ਸੀਮਤ ਕਰਕੇ, ਉਹਨਾਂ ਦੀ ਕਿਰਤ ਕੁਝ ਕੁ ਧਨਾਡਾਂ ਨੂੰ ਹੋਰ ਧਨਾਡ ਬਣਾਉਣ ਵਿੱਚ ਲਗਾ ਕੇ ਆਮ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਧਾਰਨ ਲਈ, ਉਪਰੋਕਤ ਅੰਧਵਿਸ਼ਵਾਸੀ ਕਰਮਾਂ ਕਾਂਡਾਂ ਵੱਲ ਧੱਕਿਆ ਜਾਂਦਾ ਹੋਵੇ, ਤਾਂ ਅੰਤ ਉਸ ਦੇਸ਼ ਦਾ ਕੀ ਬਣੇਗਾ? ਜਦੋਂ ਲੋਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਤਾਂ ਬਣਦੇ ਹੱਕ ਮੰਗਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੋਵੇ, ਪਰ ਤੀਰਥ ਯਾਤਰਾ ਕਰਵਾਉਣ ਲਈ ਕਰੋੜਾਂ ਖਰਚ ਦਿੱਤੇ ਜਾਣ ਤਾਂ ਇਹ ਰਸਤਾ ਦੇਸ਼ ਨੂੰ ਕਿਹੜੇ ਵਿਕਾਸ ਵੱਲ ਲੈ ਕੇ ਜਾਵੇਗਾ? ਰਾਜਨੀਤੀਵਾਨਾਂ ਵੱਲੋਂ ਚਲਾਏ ਜਾ ਰਹੇ ਅਜਿਹੇ ਰਾਜ ਪ੍ਰਬੰਧ ਨੂੰ ਚਲਾਉਣ ਲਈ ਉਹਨਾਂ ਨਾਲ ਭਾਈਵਾਲ ਬਣਕੇ, ਲੋਕਾਂ ਨੂੰ ਮੂਰਖ ਬਣਾਉਣ ਵਾਲੇ ਭਾਂਤ ਭਾਂਤ ਦੇ ‘ਮਹਾਰਾਜਿਆਂ’ ਦੀ ਵੱਖਰੀ ਸਲਤਨਤ ਹੈ ਇਨ੍ਹਾਂ ਵਿੱਚ ਚਿੱਟ ਕਪੜੀਏ ਬਾਬੇ, ਡੇਰੇਦਾਰ ਮਹਾਪੁਰਸ਼, ਨਾਂਗੇ ਸਾਧੂਆਂ ਸਮੇਤ ਹੋਰ ਵੀ ਕਈ ਵੰਨਗੀਆਂ ਹਨ ਜਦੋਂ ਸਰਕਾਰ ਨਵੀਂ ਬਣਾਈ ਪਾਰਲੀਮੈਂਟ ਦਾ ਉਦਘਾਟਨ ਕਰਨ ਵੇਲੇ ਅਜਿਹੇ ਸਾਧੂਆਂ ਨੂੰ ਜੋ ਦੇਸ਼ ਦੇ ਕਿਰਤੀ ਲੋਕਾਂ ਰਾਹੀਂ ਪੈਦਾ ਕੀਤੇ ਅਨਾਜ ਅਤੇ ਪੈਸੇ ਸਹਾਰੇ ਪਲਦੇ ਹੋਣ, ਨੂੰ ਸਰਕਾਰੀ ਸਨਮਾਨ ਦਿੱਤਾ ਜਾਂਦਾ ਹੋਵੇ ਤਾਂ ਕੀ ਇਸ ਤਰ੍ਹਾਂ ਦੇਸ਼ ਦਾ ਭਵਿੱਖ ਰੌਸ਼ਨ ਹੋ ਸਕਦਾ ਹੈ? ਦੇਸ਼ ਵਿੱਚ ਜਿੱਥੇ ਕਿਰਤੀ ਲੋਕ ਗਰੀਬੀ, ਬੇਰੋਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ ਵਰਗੀਆਂ ਵੱਡੀਆਂ ਅਲਾਮਤਾਂ ਕਾਰਨ ਜ਼ਿੰਦਗੀ ਜਿਊਣ ਦੀ ਬਜਾਏ ਸਿਰਫ ਜੂਨ ਹੰਡਾਅ ਰਹੇ ਹੋਣ ਉੱਥੇ ਉਹਨਾਂ ਨੂੰ ਚੰਗੀ ਸਿੱਖਿਆ ਦੇ ਕੇ ਜ਼ਿੰਦਗੀ ਦੇ ਸਹੀ ਮਾਅਨੇ ਸਮਝਾਉਣ ਦੀ ਲੋੜ ਹੁੰਦੀ ਹੈ ਨਾ ਕਿ ਅੰਧਵਿਸ਼ਵਾਸੀ ਅਡੰਬਰਾਂ ਵੱਲ ਤੋਰਨ ਦੀਪਰ ਸਾਡੇ ਮੁਲਕ ਵਿੱਚ ਇਨ੍ਹਾਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਲਈ ਚੰਗੀ ਸਿੱਖਿਆ ਦੀ ਥਾਂ ਪਹਿਲਾਂ ਹੀ ਅੰਧਵਿਸ਼ਵਾਸਾਂ ਵਿੱਚ ਗ੍ਰਸੀ ਲੋਕਾਈ ਨੂੰ ਰੌਸ਼ਨੀ ਵੱਲ ਲੈ ਕੇ ਜਾਣ ਦੀ ਬਜਾਏ ਹੋਰ ਅੰਧੇਰੇ ਵੱਲ ਧਕੇਲਕੇ, ਇਸ ਨੂੰ ਮੁਕਤੀ ਪ੍ਰਾਪਤੀ ਦੇ ਨਾਂ ਨਾਲ ਵਡਿਆਇਆ ਜਾ ਰਿਹਾ ਹੈਸਰਕਾਰੀ ਤੌਰ ’ਤੇ ਅਜਿਹੇ ਤੀਰਥ ਅਸਥਾਨਾਂ ਨੂੰ ਮਹੱਤਤਾ ਦੇ ਕੇ ਲੋਕਾਂ ਵਿੱਚ ਉਤਸੁਕਤਾ ਪੈਦਾ ਕਰਨਾ ਜਿੱਥੇ ਸੰਵਿਧਾਨ ਵਿਰੋਧੀ ਹੈ, ਉੱਥੇ ਕਰੋੜਾਂ ਰੁਪਏ ਦੀ ਬਰਬਾਦੀ ਵੀ ਹੈਇਸ ਅੰਧੇਰੇ ਵਿੱਚ ਪਹੁੰਚਕੇ ਜਦੋਂ ਦੇਸ਼ ਦੀ ਜਨਤਾ ਨੰਗੇ-ਧੜੰਗੇ, ਰੰਗ ਬਰੰਗੇ ਸਾਧੂਆਂ ਦੇ ਦਰਸ਼ਨ ਕਰਨ ਅਤੇ ਇਸ਼ਨਾਨ ਕਰਨ ਨੂੰ ਹੀ ਆਪਣੀ ਜ਼ਿੰਦਗੀ ਸਫਲ ਹੋਈ ਸਮਝਣ ਲੱਗ ਪਏ ਤਾਂ ਰਾਜ ਕਰਤਾ ਸ਼੍ਰੇਣੀ ਆਪਣੇ ਰਾਜ ਦੀ ਉਮਰ ਹੋਰ ਲੰਮੀ ਕਰਨ ਵਿੱਚ ਕਾਮਯਾਬੀ ਨਾਲ ਲੋਕਾਂ ਦੀ ਕਮਾਈ ਨਾਲ ਧ੍ਰੋਹ ਕਮਾਉਣ ਦੇ ਸਮਰੱਥ ਬਣਦੀ ਹੋਈ ਅੱਗੇ ਵਧਦੀ ਹੈ

ਦੇਸ਼ ਵਿੱਚ ਅੱਜ ਕੱਲ੍ਹ ਇੱਕ ਅਜਿਹੇ ਤੀਰਥ ‘ਮਹਾਂ ਕੁੰਭ’ ਦੀ ਮਹਿਮਾ ਸਰਕਾਰੀ ਤੌਰ ’ਤੇ ਇਸ ਤਰ੍ਹਾਂ ਕੀਤੀ ਜਾਂਦੀ ਰਹੀ ਹੈ, ਜਿਵੇਂ ਇੱਥੇ ਪਹੁੰਚਕੇ ਮਨੁੱਖ ਦੇ ਸਭ ਦੁੱਖ ਦਲਿੱਦਰ ਦੂਰ ਹੋ ਜਾਣਗੇਇੱਕ ਬਗੇਸ਼ਵਰ ਵਾਲੇ ਬਾਬੇ ਦੇ ਨਾਂ ਨਾਲ ਜਾਣੇ ਜਾਂਦੇ ‘ਨੌਜਵਾਨ ਬਾਬੇ’ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਜਿਹੜਾ ਦੇਸ਼ ਵਾਸੀ ਇਸ ਮਹਾਂ ਕੁੰਭ ਸਮੇਂ ਇੱਥੇ ਇਸ਼ਨਾਨ ਨਹੀਂ ਕਰੇਗਾ ਉਹ ਦੇਸ਼ ਧ੍ਰੋਹੀ ਹੈ

ਧਰਮ ਦੇ ਨਾਂ ’ਤੇ ਤੀਰਥ ਇਸ਼ਨਾਨ ਦੀ ਆਸਥਾ ਨੂੰ ਹਿੰਦੂਤਵੀ ਏਜੰਡੇ ਲਈ ਵਰਤਣ ਲਈ ਸਰਕਾਰੀ ਖ਼ਜ਼ਾਨੇ ਵਿੱਚੋਂ ਅਰਬਾਂ ਰੁਪਏ ਖਰਚੇ ਗਏ ਪਰ ਆਮ ਲੋਕਾਂ ਲਈ ਤੀਰਥ ਅਸਥਾਨ ਵਿਖੇ ਪ੍ਰਬੰਧਾਂ ਦੀ ਬਦਇੰਤਜਾਮੀ ਕਾਰਨ ਹੋਈ ਭਗਦੜ ਦੌਰਾਨ ਸੈਂਕੜੇ ਲੋਕ ਮਾਰੇ ਗਏ ਅਤੇ ਕਿੰਨੇ ਹੀ ਜ਼ਖਮੀ ਹੋਏਇਸ ਘਟਨਾ ਵਿੱਚ ਮਾਰੇ ਗਿਆਂ ਬਾਰੇ ਇਹ ਕਹਿਣਾ ਕਿ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਹੈ, ਹੋਰ ਵੀ ਘਿਨਾਉਣੀ ਮਾਣਤਾ ਹੈਮੋਕਸ਼ ਪ੍ਰਾਪਤੀ ਨੂੰ ਮਨੁੱਖੀ ਜ਼ਿੰਦਗੀ ਦਾ ਮੁੱਖ ਉਦੇਸ਼ ਹੋਣ ਬਾਰੇ ਸਾਰੇ ਧਰਮਾਂ ਵਿੱਚ ਪ੍ਰਚਾਰਿਆ ਜਾਂਦਾ ਹੈ ਅਤੇ ਅਜਿਹੇ ਤੀਰਥ ਅਸਥਾਨਾਂ ’ਤੇ ਨਹਾਉਣ ਨਾਲ ਪਿਛਲੇ ਪਾਪ ਧੋਤੇ ਜਾਣ ਵਰਗੀਆਂ ਅੰਧਵਿਸ਼ਵਾਸੀ ਮਾਨਣਾਵਾਂ ਵੀ ਪ੍ਰਚਲਿਤ ਹਨਜੇਕਰ ਇਸ ਤਰ੍ਹਾਂ ਮਰਨ ਨੂੰ ਮੋਕਸ਼ ਪ੍ਰਾਪਤ ਹੋਣਾ ਮੰਨਿਆ ਜਾਂਦਾ ਹੈ ਤਾਂ ਇਸ ਮੋਕਸ ਦੇ ਨਾਂ ’ਤੇ ਲੋਕਾਂ ਨੂੰ ਪ੍ਰਵਚਨ ਸੁਣਾਉਣ ਵਾਲੇ ਖ਼ੁਦ ਇਸ ਤਰ੍ਹਾਂ ਮੋਕਸ਼ ਦੀ ਪ੍ਰਾਪਤੀ ਕਿਉਂ ਨਹੀਂ ਕਰ ਲੈਂਦੇ? ਸਿਰਫ ਲੋਕਾਂ ਨੂੰ ਹੀ ਇਸਦੇ ਨਾਂ ਹੇਠ ਮੂਰਖ ਕਿਉਂ ਬਣਾਇਆ ਜਾ ਰਿਹਾ ਹੈ? ਜਿਹੜੇ ਵੀ.ਆਈ. ਪੀ. ਅਤੇ ਸਾਧਾਂ ਦੇ ਅਖਾੜਿਆਂ ਨੂੰ ਸ਼ਾਹੀ ਇਸ਼ਨਾਨ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ, ਉਹ ਇਸ ਢੰਗ ਨਾਲ ਮੋਕਸ਼ ਦੀ ਪ੍ਰਾਪਤੀ ਕਿਉਂ ਨਹੀਂ ਕਰ ਲੈਂਦੇ? ਇਹ ਹਰ ਵਿਅਕਤੀ ਲਈ ਗਹਿਰਾਈ ਨਾਲ ਸੋਚਣ ਦੇ ਸਵਾਲ ਹਨ

ਇਸੇ ਤਰ੍ਹਾਂ ਦਿੱਲੀ ਰੇਲਵੇ ਸਟੇਸ਼ਨ ਵਿਖੇ ਪ੍ਰਿਆਗਰਾਜ ਮਹਾ ਕੁੰਭ ਵਿੱਚ ਇਸ਼ਨਾਨ ਕਰਨ ਚੱਲੇ ਬੇਥਾਹ ਸਰਧਾਲੂਆਂ ਦੇ ਇਕੱਠੇ ਹੋਣ ਕਾਰਨ ਹੋਈ ਹਫੜਾ ਦਫੜੀ ਦੌਰਾਨ 20 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਆਈਆਂਮਾਰੇ ਗਏ ਲੋਕਾਂ ਨੂੰ 10 ਲੱਖ ਪ੍ਰਤੀ ਬੰਦਾ ਅਤੇ ਹਸਪਤਾਲ ਵਿੱਚ ਇਲਾਜ ਲਈ 2 ਲੱਖ ਹਰ ਇੱਕ ਨੂੰ ਦੇਣ ਦੇ ਸਰਕਾਰੀ ਐਲਾਨ ਕੀਤੇ ਗਏਇਹ ਸਾਰਾ ਪੈਸਾ ਕਿਰਤ ਕਮਾਈ ਕਰਨ ਵਾਲੇ ਲੋਕਾਂ ਵੱਲੋਂ ਸਰਕਾਰੀ ਟੈਕਸ ਦੇ ਕੇ ਭਰੇ ਖ਼ਜ਼ਾਨੇ ਦਾ ਹਿੱਸਾ ਹੈ ਜੋ ਉਹਨਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਖਰਚਣ ਦੀ ਥਾਂ ਅੰਧਵਿਸ਼ਵਾਸ ਫੈਲਾਉਣ ਵਾਲਾ ਰਾਜ ਪ੍ਰਬੰਧ ਚਲਾਉਣ ਵਾਲਿਆਂ ਦੀ ਸਾਂਝ ਭਿਆਲੀ ਕਾਰਨ ਗ਼ੈਰ ਉਪਜਾਊ ਕੰਮਾਂ ਲਈ ਵਰਤਿਆ ਜਾ ਰਿਹਾ ਹੈਸਮਾਜ ਵਿੱਚ ਵਾਪਰੀ ਜਿਹੜੀ ਆਫਤ ਸਰਕਾਰਾਂ ਅਤੇ ‘ਮਹਾਂਪੁਰਸ਼ਾਂ’ ਦੀ ਨਲਾਇਕੀ ਦਾ ਸਿੱਟਾ ਹੋਵੇ, ਉਸ ਰਾਹੀਂ ਹੋਏ ਨੁਕਸਾਨ ਦੇ ਭੁਗਤਾਨ ਲਈ ਸਰਕਾਰੀ ਮੰਤਰੀ, ਸੰਤਰੀ, ਪ੍ਰਧਾਨ ਮੰਤਰੀ ਅਤੇ ਹੋਰ ਅਫਸਰਸਾਹੀ ਸਮੇਤ ਇਹ ‘ਮਹਾਂਪੁਰਸ਼’ ਅਖਵਾਉਣ ਵਾਲੇ ਜ਼ਿੰਮੇਵਾਰ ਹਨਇਸ ਲਈ ਇਨ੍ਹਾਂ ਰਾਹੀਂ ਫੈਲਾਏ ਅੰਧਵਿਸ਼ਵਾਸਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਸਰਕਾਰੀ ਖ਼ਜ਼ਾਨੇ ਵਿੱਚੋਂ ਕਰਨ ਦੀ ਬਜਾਏ ਇਨ੍ਹਾਂ ਦੀ ਨਿੱਜੀ ਸੰਪਤੀ ਵਿੱਚੋਂ ਕਰਨੀ ਬਣਦੀ ਹੈਕਿਉਂਕਿ ਜੇਕਰ ਨਸ਼ਾ ਤਸਕਰਾਂ ਵੱਲੋਂ ਸਮਾਜ ਵਿੱਚ ਨੌਜਵਾਨਾਂ ਨੂੰ ਨਸ਼ੇ ’ਤੇ ਲਾਉਣ ਦੀ ਜ਼ਿੰਮੇਵਾਰੀ ਸਮਝਕੇ, ਇਸ ਕਾਰਨ ਹੋਈਆਂ ਮੌਤਾਂ ਬਦਲੇ ਉਹਨਾਂ ਦੀਆਂ ਸੰਪਤੀਆਂ ਕੁਰਕ ਕੀਤੀਆਂ ਜਾਂ ਢਾਹੀਆਂ ਜਾ ਸਕਦੀਆਂ ਹਨ ਤਾਂ ਜਿਹੜੀਆਂ ਆਫ਼ਤਾਂ ਲਈ ਸਰਕਾਰਾਂ ਅਤੇ ਉਹਨਾਂ ਦੀ ਛਤਰ ਛਾਇਆ ਹੇਠ ਵਧ ਫੁੱਲ ਰਹੇ ‘ਮਹਾਂਪੁਰਸ਼’ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ, ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਹੋਏ ਨੁਕਸਾਨ ਦੀਆਂ ਭਰਪਾਈਆਂ ਕਿਉਂ ਨਹੀਂ ਹੋ ਰਹੀਆਂ? ਇਹ ਇੱਕ ਵੱਡਾ ਸਵਾਲ ਹੈ ਜਿਸ ਬਾਰੇ ਚਰਚਾ ਕਰਕੇ ਗਲਤ ਕਾਰਗੁਜ਼ਾਰੀ ਨੂੰ ਰੋਕਣ ਲਈ ਅੱਗੇ ਆਉਣਾ ਪਏਗਾ

ਆਸਥਾ ਦੇ ਭਰਮ ਵਿੱਚ ਉਲਝੇ, ਡੁਬਕੀ ਲਗਾਉਣ ਵਾਲੇ ਲੋਕਾਂ ਨੇ ਇਸ ਗੱਲ ਵੱਲ ਵੀ ਕੋਈ ਧਿਆਨ ਦੇਣ ਦੀ ਲੋੜ ਨਹੀਂ ਸਮਝੀ ਕਿ ਇਹ ਪਾਣੀ ਨਹਾਉਣ ਯੋਗ ਵੀ ਹੈ ਕਿ ਨਹੀਂ? ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਅਨੁਸਾਰ ਤਾਂ ਇਹ ਪਾਣੀ ਨਹਾਉਣ ਯੋਗ ਹੀ ਨਹੀਂ, ਕਿਉਂਕਿ ਇਸ ਵਿੱਚ ਮਨੁੱਖੀ ਤੇ ਪਸ਼ੂ ਮਲ਼ ਮੂਤਰ ਕਾਰਨ ਖ਼ਤਰਨਾਕ ਬੈਕਟੀਰੀਆ ਦੇ ਅੰਸ਼ ਵੱਡੀ ਮਾਤਰਾ ਵਿੱਚ ਪਾਏ ਗਏਪਰ ਧਾਰਮਿਕ ਆਸਥਾ ਤਹਿਤ ਲੋਕ ਇਹ ਪਾਣੀ ਪੀਂਦੇ ਵੀ ਰਹੇਸੋ ਬੇਹੱਦ ਗੰਭੀਰਤਾ ਨਾਲ ਸੋਚਣਾ ਬਣਦਾ ਹੈ ਕਿ ਅਜਿਹੀ ਤਰਕਹੀਣ ਆਸਥਾ ਅਤੇ ਲਾਈਲੱਗਤਾ ਬਣਾਈ ਰੱਖਣ ਲਈ ਸਾਡੇ ਦੇਸ਼ ਦਾ ਰਾਜ ਪ੍ਰਬੰਧ ਮਨੁੱਖ ਨੂੰ ਕਿੱਧਰ ਲੈ ਕੇ ਜਾ ਰਿਹਾ ਹੈ?

ਸਾਰੇ ਰਾਜ ਨੇਤਾ ਇੱਕ ਪਾਸੇ ਤਾਂ ਹਰ ਧਰਮ ਦਾ ਸਤਕਾਰ ਕਰਨ ਦੀ ਗੱਲ ਕਰਦੇ ਹਨ, ਪਰ ਦੂਜੇ ਪਾਸੇ ਇਹ ਆਪਣੇ ਧਰਮ ਨੂੰ ਦੂਜੇ ਧਰਮ ਤੋਂ ਵੱਧ ਮਹੱਤਤਾ ਦੇ ਕੇ ਨਫ਼ਰਤੀ ਭਾਸ਼ਾ ਵਰਤਕੇ ਦੰਗੇ ਫਸਾਦ ਕਰਵਾਉਣ ਦੇ ਵੀ ਜ਼ਿੰਮੇਵਾਰ ਹੁੰਦੇ ਹਨਦੇਸ਼ ਦੇ ਪ੍ਰਮੁੱਖ ਰਾਜਾਂ ਦਿੱਲੀ, ਗੁਜਰਾਤ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਧਰਮ ਅਧਾਰਤ ਹੋਏ ਅਣਮਨੁੱਖੀ ਦੰਗੇ ਫਸਾਦਾਂ ਵਰਗੇ ਵਰਤਾਰਿਆਂ ਦੇ ਜਖ਼ਮ ਅੱਜ ਤਕ ਵੀ ਦੇਸ਼ ਦੇ ਲੋਕ ਭੁਗਤ ਰਹੇ ਹਨ, ਜਿਨ੍ਹਾਂ ਲਈ ਸਿੱਧੇ ਰੂਪ ਵਿੱਚ ਧਰਮਾਂ ਦੀ ਰਾਜਨੀਤੀ ਕਰਨ ਵਾਲੇ ਨੇਤਾ ਅਤੇ ਇਨ੍ਹਾਂ ਲਈ ਵੋਟ ਬੈਂਕ ਬਣੇ ਤਰ੍ਹਾਂ ਤਰ੍ਹਾਂ ਦੇ ਸਫੈਦਪੋਸ਼ ਅਤੇ ਭਗਵਾਂਧਾਰੀ, ਦੋਵੇਂ ਤਰ੍ਹਾਂ ਦੇ ਡੇਰੇ ਜ਼ਿੰਮੇਵਾਰ ਹਨਹੁਣੇ ਹੁਣੇ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਮੰਦਰਾਂ-ਮਸਜਦਾਂ ਦੀ ਭੰਨ ਤੋੜ ਵਿੱਚ ਧਰਮਾਂ ਨੂੰ ਵਰਤਕੇ ਲੋਕਾਂ ਦੇ ਅਸਲ ਮੁੱਦਿਆਂ ਤੋਂ ਧਿਆਨ ਹਟਾਕੇ ਇੱਕ ਦੂਜੇ ਦੇ ਦੁਸ਼ਮਣ ਬਣਾਇਆ ਜਾ ਰਿਹਾ ਹੈਇਸੇ ਤਰ੍ਹਾਂ ਹੋਲੀ ਅਤੇ ਹੋਲਾ ਮੁਹੱਲਾ ਵਰਗੇ ਧਰਮ ਅਧਾਰਤ ਤਿਉਹਾਰ ਮੌਕੇ ਦਿਸ਼ਾਹੀਣ ਹੁੱਲੜ੍ਹਬਾਜ਼ਾਂ ਵੱਲੋਂ ਧਰਮ ਦੇ ਨਾਂ ਹੇਠ ਕੀਤੀਆਂ ਖਰਮਸਤੀਆਂ ਨਾਲ ਲਲਕਾਰੇ ਮਾਰਦਿਆਂ ਅਤੇ ਆਪਹੁਦਰੀ ਦਾ ਵਿਖਾਵਾ ਕਰਦੀਆਂ ਭੀੜਾਂ ਨੂੰ ਸੋਸ਼ਲ ਮੀਡੀਆ ਰਾਹੀਂ ਸਭ ਨੇ ਵੇਖਿਆਕਿਵੇਂ ਟ੍ਰੈਕਟਰ ਟਰਾਲੀਆਂ, ਕਾਰਾਂ, ਜੀਪਾਂ ’ਤੇ ਸਵਾਰ ਹੋ ਕੇ ਧਰਮ ਦੀ ‘ਮਹਿਮਾ’ ਵਧਾ ਰਹੇ ਸਨਇਸ ਬਾਰੇ ਸੰਜੀਦਗੀ ਨਾਲ ਸਾਨੂੰ ਸਭ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈਧਰਮ ਦੇ ਨਾਂ ਹੇਠ ਅੱਜ ਦੇ ਅਖੌਤੀ ਧਾਰਮਿਕ ਗੁਰੂ, ਰੰਗ ਬਰੰਗੇ ਸਾਧ ਸੰਤ, ਹਿੰਦੂਤਵੀ ਰਾਜਨੀਤਕ ਨੇਤਾ, ਦੇਸ਼ ਦੀਆਂ ਹੋਰ ਧਾਰਮਿਕ ਗਿਣਤੀਆਂ ਵਿਰੁੱਧ ਨਫ਼ਰਤੀ ਭਾਸ਼ਾ ਰਾਹੀਂ, ਖਾਸ ਕਰ ਮੁਸਲਮਾਨਾਂ ਨੂੰ ਕੁੰਭ ਇਸ਼ਨਾਨ ਕਰਨ ਵਿਰੁੱਧ ਧਮਕਾਉਂਦੇ ਰਹੇ, ਹਿੰਦੂ ਸੰਸਕ੍ਰਿਤੀ ਦੇ ਨਾਂ ਹੇਠ ਮਨੂੰ ਸਮਰਿਤੀ ਅਧਾਰਿਤ ਸੰਵਿਧਾਨ ਜਾਰੀ ਕਰਨ ਅਤੇ ਹਿੰਦੂ ਰਾਸ਼ਟਰ ਬਣਾਉਣ ਲਈ ਧਰਮ-ਸੰਸਦਾਂ ਕਰਨ ਵਰਗੇ ਏਜੰਡੇ ਵਿੱਚ ਰੁੱਝੇ ਰਹੇਕੀ ਅਜਿਹੇ ਕਾਰਨਾਮੇ ਦੇਸ਼ ਦਾ ਕੁਝ ਸੰਵਾਰਨਗੇ, ਜਾਂ ਹੋਰ ਭੱਠਾ ਬਠਾਉਣਗੇ?

ਦੂਜੇ ਪਾਸੇ ਦੇਸ਼ ਦੀ ਆਰਥਿਕਤਾ ਨੂੰ 5 ਟ੍ਰਿਲੀਅਨ ਬਣਾਉਣ ਅਤੇ ਵਿਸ਼ਵ ਗੁਰੂ ਘੋਸ਼ਤ ਕਰਨ ਦੇ ਦਮਗਜ਼ੇ ਮਾਰਕੇ ਲੋਕਾਂ ਦਾ ਝੂਠਾ ਮਨ ਪ੍ਰਚਾਵਾ ਕੀਤਾ ਜਾ ਰਿਹਾ ਹੈ, ਕਿਉਂਕਿ ਜਿਸ ਦੇਸ਼ ਵਿੱਚ ਆਮ ਲੋਕਾਂ ਦੀ ਅੱਧੀਓਂ ਵੱਧ ਅਬਾਦੀ ਦੋ ਡੰਗ ਦੀ ਰੋਟੀ ਤੋਂ ਵੀ ਵਿਰਵੀ ਹੋਵੇ, ਉਸ ਦੇਸ਼ ਨੂੰ ਅਜਿਹੇ ਖਿਤਾਬ ਦੇਣੇ ਕੀ ਲੋਕਾਂ ਦੇ ਅੱਖੀਂ ਘੱਟਾ ਪਾਉਣ ਦੇ ਤੁਲ ਨਹੀਂ? ਜਿਸ ਦੇਸ਼ ਵਿੱਚ ਨੌਜਵਾਨੀ ਰੋਜ਼ਗਾਰ ਦੀ ਭਾਲ ਵਿੱਚ ਆਪਣਾ ਦੇਸ਼ ਛੱਡਣ ਨੂੰ ਪਹਿਲ ਦਿੰਦੀ ਹੋਵੇ ਅਤੇ ਆਪਣੀਆਂ ਜਾਨਾਂ ਦੀ ਵੀ ਪ੍ਰਵਾਹ ਕਰੇ ਬਿਨਾਂ ਵਿਦੇਸ਼ ਪਹੁੰਚਣ ਲਈ ਬਰਬਾਦ ਹੋ ਰਹੀ ਹੋਵੇ, ਤਾਂ ਕੀ ਅਜਿਹੇ ਦੇਸ਼ ਨੂੰ ਵਿਸ਼ਵ ਗੁਰੂ ਕਹਾਉਣ ਵੱਲ ਵਿਕਾਸ ਕਰਦਾ ਕਹੋਗੇ? ਦੇਸ਼ ਦੀ ਜਵਾਨੀ ਨੂੰ ਜਦੋਂ ਆਪਣੇ ਦੇਸ਼ ਵਿੱਚ ਆਪਣਾ ਭਵਿੱਖ ਹਨੇਰਾ ਨਜ਼ਰ ਆਣ ਲੱਗੇ ਤਾਂ ਉਹ ਭਵਿੱਖ ਨੂੰ ਉੱਜਲ ਬਣਾਉਣ ਲਈ ਕਿਸੇ ਵੀ ਜਾਇਜ਼-ਨਾਜਾਇਜ਼ ਢੰਗ ਦੁਆਰਾ ਆਪਣਾ ਦੇਸ਼, ਮਾਂ ਬਾਪ, ਭੈਣ ਭਰਾ ਛੱਡਣ ਦਾ ਕੌੜਾ ਘੁੱਟ ਨਾ ਭਰੇ ਤਾਂ ਹੋਰ ਕੀ ਕਰੇ? ਕੀ ਇਹ ਵਰਤਾਰੇ ਰਾਜ ਪ੍ਰਬੰਧ ਚਲਾਉਣ ਵਾਲਿਆਂ ਦੀ ਨਾਕਾਮੀ ਦਾ ਸਿੱਟਾ ਨਹੀਂ? ਉਹਨਾਂ ਨੂੰ ਨਸ਼ਿਆਂ ਅਤੇ ਖੁਦਕਸ਼ੀਆਂ ਰਾਹੀਂ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਦੇ ਰਾਹ ਤੋਰਨ ਲਈ ਕੀ ਅਜਿਹਾ ਰਾਜ ਪ੍ਰਬੰਧ ਚਲਾਉਣ ਵਾਲੇ ਜ਼ਿੰਮੇਵਾਰ ਨਹੀਂ? ਜਿਸ ਦੇਸ਼ ਦੇ ਅੱਧੋਂ ਵੱਧ (80 ਕਰੋੜ) ਲੋਕ 5 ਕਿਲੋ ਸਰਕਾਰੀ ਅਨਾਜ ’ਤੇ ਗੁਜ਼ਾਰਾ ਕਰਨ ਲਈ ਮਜਬੂਰ ਹੋਣ, ਪਰ ਦੂਜੇ ਪਾਸੇ ਇਸੇ ਪ੍ਰਬੰਧ ਹੇਠ ਵੱਡੇ ਵੱਡੇ ਕਾਰਪੋਰੇਟਾਂ ਦੀ ਆਮਦਨ ਦਿਨੋ ਦਿਨ ਅਸਮਾਨ ਛੂਹਣ ਵੱਲ ਵਧ ਰਹੀ ਹੋਵੇ, ਤਾਂ ਸਪਸ਼ਟ ਹੈ ਕਿ 5 ਟ੍ਰਿਲੀਅਨ ਆਰਥਿਕਤਾ ਦੇਸ਼ ਦੀ ਨਹੀਂ, ਸਗੋਂ ਇਨ੍ਹਾਂ ਕਾਰਪੋਰੇਟਾਂ ਦੀ ਕਰਨ ਦਾ ਸਰਕਾਰੀ ਟੀਚਾ ਸਮਝਿਆ ਜਾਣਾ ਚਾਹੀਦਾ ਹੈਪਰ ਦੁੱਖ ਇਸ ਗੱਲ ਦਾ ਹੈ ਕਿ ਸਾਡੀ ਜਨਤਾ ਭਾਵੇਂ ਕਾਰਪੋਰੇਟਾਂ ਦੇ ਨਾਂ ਤੋਂ ਤਾਂ ਕਿਸਾਨੀ ਮੋਰਚੇ ਰਾਹੀਂ ਜਾਣੂ ਹੋ ਗਈ ਹੈ ਪਰ ਅਜੇ ਵੀ ਪੜ੍ਹ ਲਿਖਣ ਦੇ ਬਾਵਜੂਦ ਅੰਧਵਿਸ਼ਵਾਸੀ ਆਸਥਾ ਦੇ ਪ੍ਰਭਾਵਾਂ ਹੇਠ ਅਨਪੜ੍ਹ ਬਣੀ ਹੋਈ ਹੈ, ਜਿਸ ਨੂੰ ਕੋਈ ਵੀ ਐਰਾ ਗੈਰਾ ਭਗਵਾਂਧਾਰੀ, ਸਿਆਸਤਦਾਨ ਅਤੇ ਕਿਸਮਤ ਬਦਲਣ ਦੇ ਪੀੜ੍ਹੀ ਦਰ ਪੀੜ੍ਹੀ ਚਲਦੇ ਨੁਸਖ਼ੇ ਦੱਸਕੇ ਲੁੱਟਣ ਵਾਲੇ ਜੋਤਿਸ਼ੀ ਅਤੇ ਹੋਰ ਅਖੌਤੀ ਕਰਾਮਾਤੀ ਦਾਅਵੇਦਾਰ ਆਪਣੇ ਪਿੱਛੇ ਤੋਰਨ ਵਿੱਚ ਸਫਲ ਹੋ ਰਹੇ ਹਨਦੇਸ਼ ਦਾ ਬੇੜਾ ਡੋਬਣ ਵੱਲ ਵਧਦੇ ਇਨ੍ਹਾਂ ਵਰਤਾਰਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਬੇਹੱਦ ਲੋੜ ਹੈ‘ਪਰਲੋਕ’ ਸੁਧਾਰਨ ਦੀ ਝੂਠੀ ਮਾਨਸਿਕਤਾ ਵਿੱਚ ਫਸੇ ਲੋਕਾਂ ਨੂੰ ਸਿੱਖਿਅਤ ਕਰਕੇ ਸਹੀ ਸੇਧ ਦੇਣ ਲਈ ਵਿਗਿਆਨਿਕ ਨਜ਼ਰੀਆ ਵਿਕਸਿਤ ਕਰਨ ਲਈ ਸੰਵਿਧਾਨ ਵਿੱਚ ਦਰਜ ਧਾਰਾ 51 ਸਰਕਾਰ ਦੀ ਜ਼ਿੰਮੇਵਾਰੀ ਤੈਅ ਕਰਦੀ ਹੈਪਰ ਸਰਕਾਰ ਵੱਲੋਂ ਇਹ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਇਸ ਧਾਰਾ ਦੀ ਉਲੰਘਣਾ ਕਰਕੇ ਅੰਧਵਿਸ਼ਵਾਸ ਫੈਲਾਉਣ ਵਾਲਿਆਂ ਦੀ ਪਿੱਠ ਥੱਪ ਥਪਾਈ ਜਾ ਰਹੀ ਹੈਇਸ ਲਈ ਦੇਸ਼ ਪ੍ਰਤੀ ਸੰਜੀਦਗੀ ਨਾਲ ਵਿਚਾਰਨ ਵਾਲੇ ਲੋਕਾਂ ਨੂੰ ਅੱਗੇ ਆ ਕੇ ਸੰਵਿਧਾਨ ਅਨੁਸਾਰ ਹਰ ਤਰ੍ਹਾਂ ਦੀ ਗੈਰ ਵਿਗਿਆਨਿਕ ਆਸਥਾ ਦਾ ਖੰਡਨ ਕਰਨ ਲਈ ਜਥੇਬੰਦਕ ਕਦਮ ਚੁੱਕਣ ਦੀ ਬਹੁਤ ਜ਼ਰੂਰੀ ਲੋੜ ਹੈਸੋ ਦੇਸ਼ ਦਾ ਬੇੜਾ ਡੁੱਬ ਜਾਣ ਤੋਂ ਰੋਕਣ ਲਈ ਹਰ ਦੇਸ਼ ਵਾਸੀ ਨੂੰ ਧਰਮਾਂ ਦੇ ਅੰਧਵਿਸ਼ਵਾਸੀ ਵਰਤਾਰਿਆਂ ਵਿੱਚੋਂ ਬਾਹਰ ਆ ਕੇ ਸਹੀ ਵਿਗਿਆਨਿਕ ਵਿਚਾਰਧਾਰਾ ਅਪਣਾਉਣੀ ਸਮੇਂ ਦੀ ਲੋੜ ਹੈ

*       *       *       *       *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਜਸਵੰਤ ਜ਼ੀਰਖ

ਜਸਵੰਤ ਜ਼ੀਰਖ

Phone: (91 - 98151 - 69825)
Email: (jaswantzirakh@gmail.com)

More articles from this author