ਮੈਨੂੰ ਜਦੋਂ ਕੁਝ ਨਾ ਸੁੱਝਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਦੇ ਕਿਸੇ ਵੀ ਅੱਖਰ ਨਾਲ ...”
(25 ਅਕਤੂਬਰ 2024)
ਕੋਈ ਸਮਾਂ ਸੀ ਜਦੋਂ ਸਰਕਾਰੀ ਸਕੂਲ ਵਿਦਿਆਰਥੀਆਂ ਨਾਲ ਨੱਕੋ-ਨੱਕ ਭਰੇ ਹੁੰਦੇ ਸਨ। ਉਹਨੀਂ ਦਿਨੀਂ ਪ੍ਰਾਈਵੇਟ ਸਕੂਲ ਦੂਰ-ਦੂਰ ਤਕ ਨਹੀਂ ਸੀ। ਹੁਣ ਹਰ ਦੋ ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਪ੍ਰਾਈਵੇਟ ਸਕੂਲ ਹੈ। ਬੱਚਿਆਂ ਲਈ ਬੱਸਾਂ ਦਾ ਪ੍ਰਬੰਧ ਹੈ। ਮਾਪੇ ਸੋਚਦੇ ਹਨ ਕਿ ਇਹਨਾਂ ਸਕੂਲਾਂ ਵਿੱਚ ਬੱਚਾ ਅੰਗਰੇਜ਼ੀ ਵਿੱਚ ਮੁਹਾਰਤ ਹਾਸਲ ਕਰੇ। ਨਤੀਜੇ ਵਜੋਂ ਸਰਕਾਰੀ ਸਕੂਲਾਂ ਵਿੱਚ ਉਜਾੜ ਪੈ ਚੁੱਕੀ ਹੈ। ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦਾ ਅਸਲੋਂ ਮੰਦਾ ਹਾਲ ਹੈ।
2013 ਵਿੱਚ ਮੈਨੂੰ ਪਿੰਡ ਵਾਲਿਆਂ ਸਰਪੰਚ ਬਣਾ ਲਿਆ। ਪਿੰਡ ਦੇ ਸਰਕਾਰੀ ਮਿਡਲ ਸਕੂਲ ਵਿੱਚ ਹਿੰਦੀ, ਪੰਜਾਬੀ, ਸਮਾਜਿਕ ਅਤੇ ਅੰਗਰੇਜ਼ੀ ਦਾ ਕੋਈ ਅਧਿਆਪਕ ਨਹੀਂ ਸੀ। ਮੈਂ ਪੰਚਾਇਤ ਦੇ ਫੰਡ ਵਿੱਚੋਂ ਮਤਾ ਪਾ ਕੇ ਪਿੰਡ ਵਿੱਚੋਂ ਐੱਮਏ (ਹਿੰਦੀ) ਬੀਐੱਡ ਯੋਗਤਾ ਵਾਲੀ ਲੜਕੀ ਨੂੰ ਸਟਾਫ ਦੀ ਸਹਾਇਤਾ ਲਈ ਰੱਖ ਲਿਆ, ਆਪ ਛੇਵੀਂ ਦੀ ਅੰਗਰੇਜ਼ੀ ਦੀ ਜ਼ਿੰਮੇਵਾਰੀ ਲੈ ਲਈ। ਬਤੌਰ ਅਧਿਆਪਕ ਮੇਰਾ ਤਜਰਬਾ ਸੀ ਕਿ ਜੇ ਤੁਸੀਂ ਕਿਸੇ ਹੋਰ ਸਕੂਲ ਬਦਲੀ ਨਹੀਂ ਚਾਹੁੰਦੇ ਤਾਂ 6ਵੀਂ ਦੀ ਅੰਗਰੇਜ਼ੀ ਲੈ ਕੇ ਉਸ ਨੂੰ 10ਵੀਂ ਤਕ ਪੜ੍ਹਾਉਣੀ ਚਾਹੀਦੀ ਹੈ ਅਤੇ ਮੁੜ 6ਵੀਂ ਵਿੱਚ ਆ ਜਾਣਾ ਚਾਹੀਦਾ ਹੈ। ਸੀਨੀਅਰ ਅਧਿਆਪਕ 9ਵੀਂ, 10ਵੀਂ ਤੋਂ ਹੇਠਲੀਆਂ ਜਮਾਤਾਂ ਨੂੰ ਪੜ੍ਹਾਉਣਾ ਹੇਠੀ ਸਮਝਦੇ ਹਨ। ਇਸ ਫੋਕੀ ਹਉਮੈ ਤੋਂ ਬਾਹਰ ਨਿਕਲ ਕੇ 6ਵੀਂ ਤੋਂ ਲੈ ਕੇ ਉਸੇ 6ਵੀਂ ਨੂੰ 10ਵੀਂ ਤਕ ਤੋੜ ਪਹੁੰਚਾਉਣਾ ਚਾਹੀਦਾ ਹੈ। ਅੰਗਰੇਜ਼ੀ ਬੱਚਿਆਂ ਨੂੰ ਜਿੰਨੀ ਸਿਖਾਓਗੇ, ਉਸ ਤੋਂ ਵੱਧ ਅੰਗਰੇਜ਼ੀ ਸਿਖਾਉਣੀ ਖੁਦ ਸਿੱਖੋਗੇ, ਸਿੱਟਾ ਵੀ ਕਰਾਮਾਤੀ ਹੋਵੇਗਾ। ਸਕੂਲ ਅਧਿਆਪਕਾਵਾਂ ਦੀ ਇੱਛਾ ਸੀ ਕਿ ਮੈਂ 8ਵੀਂ ਨੂੰ ਅੰਗਰੇਜ਼ੀ ਪੜ੍ਹਾਵਾਂ ਪਰ ਮੈਂ 6ਵੀਂ ਜਮਾਤ ਨੂੰ 8ਵੀਂ ਤਕ ਪਹੁੰਚਦਿਆਂ ਇਸ ਜਮਾਤ ਤੋਂ ਵਿਲੱਖਣਤਾ ਦਾ ਪ੍ਰਦਰਸ਼ਣ ਕਰਵਾਉਣਾ ਸੋਚਿਆ ਹੋਇਆ ਸੀ।
ਇੱਕ ਦਿਨ 7ਵੀਂ ਬਣ ਚੁੱਕੀ ਜਮਾਤ ਨੂੰ ਪੜ੍ਹਾ ਕੇ ਮੈਂ ਦਫਤਰ ਬੈਠਾ ਸੀ ਕਿ ਅੰਗਰੇਜ਼ੀ ਵਿਸ਼ੇ ਦੇ ਮਾਹਿਰ ਜ਼ਿਲ੍ਹਾ ਮੈਂਟਰ ਆ ਗਏ। ਸਕੂਲ ਮੁਖੀ ਕੁਲਜਿੰਦਰ ਕੌਰ ਨੂੰ ਉਹ ਬਰਾਂਡੇ ਵਿੱਚ ਹੀ ਮਿਲ ਗਏ ਤੇ ਬੀਬੀ ਨੂੰ ਦਫਤਰ ਵਿੱਚ ਬੈਠੇ ਬੰਦੇ, ਭਾਵ, ਮੇਰੇ ਬਾਰੇ ਪੁੱਛਿਆ। ਉਸ ਨੇ ਸਹਿਜ ਸੁਭਾਅ ਦੱਸਿਆ ਕਿ ਇਹ ਪਿੰਡ ਦੇ ਸਰਪੰਚ ਹਨ ਅਤੇ 7ਵੀਂ ਜਮਾਤ ਨੂੰ ਅੰਗਰੇਜ਼ੀ ਪੜ੍ਹਾ ਕੇ ਹੁਣੇ-ਹੁਣੇ ਦਫਤਰ ਬੈਠੇ ਹਨ। ਸਰਪੰਚ? ਅੰਗਰੇਜ਼ੀ ਪੜ੍ਹਾਉਂਦਾ? ਬੀਬੀ ਨੇ ਜ਼ਿਲ੍ਹਾ ਮੈਂਟਰ ਦੀ ਹਕਾਰਤ ਭਰੀ ਉਤਸੁਕਤਾ ਦੇਖਦਿਆਂ ਜਾਣਬੁੱਝ ਕੇ ਮੇਰਾ ਸੇਵਾਮੁਕਤ ਅਧਿਆਪਕ ਹੋਣਾ ਨਾ ਦੱਸਿਆ। ਉਹ ਸਿੱਧੇ 7ਵੀਂ ਜਮਾਤ ਵਿੱਚ ਚਲੇ ਗਏ ਅਤੇ ਮੈਨੂੰ ਦਫਤਰੋਂ ਬੁਲਾ ਲਿਆ।
“ਸਰਪੰਚ ਜੀ, ਅੰਗਰੇਜ਼ੀ ਦਾ ਕੀ ਪੜ੍ਹਾਇਆ ਹੈ?” ਉਹਨਾਂ ਦੇ ਪ੍ਰਸ਼ਨ ਦੇ ਉੱਤਰ ਵਿੱਚ ਮੇਰਾ ਇਹੀ ਕਹਿਣਾ ਬਣਦਾ ਸੀ ਕਿ ਖੁਦ ਚੈੱਕ ਕਰ ਲਵੋ। ਇੱਕ ਅਧਿਆਪਕ ਦਾ ਉੱਤਰ ਹੋਰ ਕੀ ਹੋ ਸਕਦਾ ਹੈ? “ਨਹੀਂ, ਦਿਖਾਓ ਕੀ ਪੜ੍ਹਾਇਆ?”
ਮੈਨੂੰ ਜਦੋਂ ਕੁਝ ਨਾ ਸੁੱਝਿਆ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਅੰਗਰੇਜ਼ੀ ਦੇ ਕਿਸੇ ਵੀ ਅੱਖਰ ਨਾਲ ਸ਼ੁਰੂ ਹੋਣ ਵਾਲੇ ਵਰਬਜ਼ (Verbs) ਪੁੱਛ ਲੈਣ। ਵਿਦਿਆਰਥੀਆਂ ਨੂੰ ਆਦੇਸ਼ ਦਿੱਤਾ ਗਿਆ ਕਿ ਹਰ ਕੋਈ ਆਪਣੀ ਵਾਰੀ ਉੱਤੇ ਨਵਾਂ ਵਰਬ ਦੱਸੇਗਾ। 27 ਵਿਦਿਆਰਥੀਆਂ ਵਿੱਚੋਂ 4 ਕੋਈ ਵਰਬ ਨਾ ਦੱਸ ਸਕੇ। ਪੁੱਛਦੇ-ਪੁੱਛਦੇ ਦੂਜਾ ਗੇੜ ਸੁ਼ਰੂ ਹੋ ਗਿਆ। ਅਜੇ 35ਵੇਂ ਵਰਬ ਤਕ ਪਹੁੰਚੇ ਸਨ ਕਿ ਉਹਨਾਂ ਚਾਕ ਚੁੱਕ ਕੇ ਬੋਰਡ ਉੱਤੇ ਸ਼ਬਦ Sentence ਲਿਖ ਕੇ ਉਸ ਨੂੰ Verb ਅਤੇ Noun ਵਜੋਂ ਵਾਕ ਬਣਾਉਣ ਲਈ ਇੱਕ ਵਿਦਿਆਰਥੀ ਨੂੰ ਕਿਹਾ। ਉਸ ਨੇ ਦੋਨੋਂ ਵਾਕ ਬਣਾ ਦਿੱਤੇ। ਉਹਨਾਂ ਮੇਰਾ ਹੱਥ ਫੜਿਆ, ‘ਕੀ ਪੜ੍ਹਾਉਂਦੇ ਹੋ’ ਵਾਲਾ ਪ੍ਰਸ਼ਨ ਹੁਣ ‘ਕਿਵੇਂ ਪੜ੍ਹਾਉਂਦੇ ਹੋ’ ਵਿੱਚ ਬਦਲ ਗਿਆ ਸੀ। ਮੈਂ ਦੱਸਿਆ, “ਇਹਨਾਂ ਵਿੱਚੋਂ ਕੁਝ ਬੱਚੇ ਸ਼ਬਦ Sentence ਨੂੰ Adjective ਵਜੋਂ ਵੀ ਵਾਕ ਬਣਾ ਸਕਦੇ ਹਨ। ਅੰਗਰੇਜ਼ੀ ਸ਼ਬਦਾਂ ਦੀ ਅਜਿਹੀ ਬਹੁ-ਅਰਥੀ ਅਤੇ ਬਹੁ-ਰੂਪੀ ਵਰਤੋਂ ਬਾਰੇ ਅਧਿਆਪਕ ਨੂੰ ਨਾਲ ਦੀ ਨਾਲ ਹੀ ਦੱਸਦੇ ਰਹਿਣਾ ਚਾਹੀਦਾ ਹੈ।”
ਜ਼ਿਲ੍ਹਾ ਮੈਂਟਰ ਸੁਣ ਕੇ ਹੈਰਾਨ ਰਹਿ ਗਏ ਕਿ ਐਸ ਸਾਲ ਸ਼ੁਰੂ ਹੋਣ ਵਾਲੇ 63 Verb 7ਵੀਂ ਦੇ ਇਹਨਾਂ ਬੱਚਿਆਂ ਦੀਆਂ ਨੋਟ ਬੁਕਾਂ ਵਿੱਚ ਦਰਜ ਹਨ ਅਤੇ ਬਹੁਤੇ 63 ਵੀ ਦੱਸ ਵੀ ਸਕਦੇ ਹਨ। ਇੰਚਾਰਜ ਬੀਬੀ ਨੇ ਉਹਨਾਂ ਨੂੰ ਹੁਣ ਮੇਰੇ ਸੇਵਾਮੁਕਤ ਅਧਿਆਪਕ ਹੋਣ ਦੀ ਗੱਲ ਦੱਸ ਦਿੱਤੀ। ਜ਼ਿਲ੍ਹਾ ਮੈਂਟਰ ਅੰਗਰੇਜ਼ੀ ਵਿਸ਼ੇ ਵਿੱਚ ਮਾਹਿਰ ਸੀ। ਸਾਡੀ ਦੋਸਤੀ ਹੋ ਗਈ।
8ਵੀਂ ਤਕ ਪਹੁੰਚਦਿਆਂ ਇਸ ਜਮਾਤ ਦੇ ਕਈ ਬੱਚੇ ਬੱਚੀਆਂ ਠੀਕ ਅਧਿਆਪਕ ਵਾਂਗ ਅੰਗਰੇਜ਼ੀ ਦੀ ਪਾਠ ਪੁਸਤਕ ਦਾ ਪਾਠ ਪੜ੍ਹਾ ਸਕਦੇ ਸਨ। ਅੰਗਰੇਜ਼ੀ ਦੀ ਗਰਾਮਰ ਦੀ ਕੋਈ ਵੀ ਆਈਟਮ ਜਮਾਤ ਨੂੰ ਸਮਝਾ ਵੀ ਸਕਦੇ ਸਨ। ਜਮਾਤ ਵਿੱਚ ਮੇਰਾ ਅੰਗਰੇਜ਼ੀ ਬੋਲਣਾ ਉਹ ਪਸੰਦ ਕਰਨ ਲੱਗ ਪਏ ਸਨ। ਇੱਕ ਦਿਨ ਮੈਂ ਗਰਾਮਰ ਵਿੱਚੋਂ Complex ਵਾਕ ਦਾ Analysis ਸਮਝਾਇਆ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕੁਝ ਨੇ ਹੂਬਹੂ ਮੇਰੇ ਵਾਂਗ ਕਰ ਦਿਖਾਇਆ, ਉਹ ਵੀ ਪੰਜਾਬੀ ਦੇ ਕਿਸੇ ਵਾਕ ਦਾ ਸਹਾਰਾ ਲਏ ਬਿਨਾਂ। ਬੱਚਿਆਂ ਦਾ ਆਤਮ-ਵਿਸ਼ਵਾਸ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਮੈਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਆਪਣੀ ਜਮਾਤ ਵਿੱਚ ਆਉਣ ਲਈ ਬੇਨਤੀ ਕੀਤੀ। ਇੱਕ ਦਿਨ ਉਹਨਾਂ ਅਚਾਨਕ ਸਕੂਲ ਆਉਣ ਦਾ ਪ੍ਰੋਗਰਾਮ ਦੇ ਦਿੱਤਾ। ਮੈਂ ਘਰੋਂ ਸਕੂਲ ਵਾਪਸ ਆ ਗਿਆ। ਉਹ ਆਉਂਦੇ ਹੀ ਸਿੱਧੇ 8ਵੀਂ ਜਮਾਤ ਵਿੱਚ ਗਏ। 8ਵੀਂ ਦੀਆਂ ਵਿਦਿਆਰਥਣਾਂ ਨੇ ਉਦਾਹਰਣਾਂ ਸਮੇਤ Verb ਦੀਆਂ ਕਿਸਮਾਂ ਆਪਣੇ ਵੱਲੋਂ ਮੌਕੇ ਉੱਤੇ ਬੋਰਡ ਉੱਤੇ ਹਰ ਵੰਨਗੀ ਦੇ ਕਈ-ਕਈ ਵਾਕ ਬਣਾ ਕੇ ਵਿਦਿਆਰਥੀਆਂ ਦੀ ਭਾਗੀਦਾਰੀ ਕਰਾਉਂਦਿਆਂ ਗਰਾਮਰ ਦਾ ਟੌਪਿਕ ਸਮਝਾ ਦਿੱਤਾ। ਸਕੱਤਰ ਸਾਹਿਬ ਜਮਾਤ ਤੋਂ ਬਾਹਰ ਜਾਣ ਲੱਗੇ ਤਾਂ ਮੈਂ ਉਹਨਾਂ ਨੂੰ ਬੱਚਿਆਂ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੀ। ਉਹ ਮੁੜ ਅੰਦਰ ਆ ਗਏ।
ਅੰਗਰੇਜ਼ੀ ਵਿੱਚ ਗੱਲਬਾਤ ਸ਼ੁਰੂ ਹੋ ਗਈ। ਉਹਨਾਂ ਬੱਚਿਆਂ ਨੂੰ ਕਿਹਾ ਕਿ ਉਹ ਉਹਨਾਂ ਤੋਂ ਕੁਝ ਪੁੱਛਣਾ ਚਾਹੁੰਦੇ ਹਨ? ਇੱਕ ਬੱਚੇ ਦਾ ਪ੍ਰਸ਼ਨ ਸੀ, “ਉਹ ਸਕੂਲ ਵਿੱਚ ਕਿਵੇਂ ਮਹਿਸੂਸ ਕਰਦੇ ਹਨ?” ਦੂਜੇ ਦਾ ਪ੍ਰਸ਼ਨ ਸੀ, “ਉਹ ਉਹਨਾਂ ਦੀ ਜਮਾਤ ਵਿੱਚ ਕਿਵੇਂ ਮਹਿਸੂਸ ਕਰਦੇ ਹਨ?” ਤੀਜੇ ਬੱਚੇ ਨੇ ਸੈਲਰੀ ਬਾਰੇ ਪੁੱਛ ਲਿਆ। ਕ੍ਰਿਸ਼ਨ ਕੁਮਾਰ ਜੀ ਨੇ ਮੁਸਕਰਾਉਂਦਿਆਂ ਸ਼ਬਦ Sufficient ਕਿਹਾ ਅਤੇ ਮੁਸਕਰਾਉਂਦੇ ਹੋਏ ਜਮਾਤ ਵਿੱਚੋਂ ਬਾਹਰ ਆ ਗਏ।
* * * * *
ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਹਾਲੋਂ ਬੇਹਾਲ --- ਸੁੱਚਾ ਸਿੰਘ ਖੱਟੜਾ
ਅੰਗਰੇਜ਼ੀ ਭਾਸ਼ਾ ਦੀ ਵਧ ਰਹੀ ਲੋੜ ਹੈ ਕਿ ਮੱਧ ਵਰਗ ਅਤੇ ਨਿਚਲੇ ਮੱਧ ਵਰਗ ਦੇ ਲੋਕ ਆਪਣੀ ਔਲਾਦ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਭੇਜਣ ਲੱਗ ਪਏ ਹਨ। ਮਾਪਿਆਂ ਨੂੰ ਪੁੱਛੋ ਤਾਂ ਉਹ ਕਾਰਨ ਦੱਸਦੇ ਹਨ, ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ, ਜਿਹੜੀ ਸਰਕਾਰੀ ਸਕੂਲਾਂ ਵਿੱਚ ਨਹੀਂ ਹੈ। ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਦੇ ਬੇਹਾਲ ਰਹਿਣ ਕਾਰਨ ਸਰਕਾਰੀ ਸਕੂਲਾਂ ਵਿੱਚ ਦਾਖਲੇ ਘਟ ਗਏ ਹਨ ਅਤੇ ਸਕੂਲ ਹੁਸ਼ਿਆਰ ਬੱਚਿਆਂ ਤੋਂ ਵੀ ਵਾਂਝੇ ਹੋ ਗਏ ਹਨ। ਅਨੇਕਾਂ ਪ੍ਰਾਇਮਰੀ ਸਕੂਲ ਪਰਵਾਸੀਆਂ ਦੇ ਬੱਚਿਆਂ ਅਤੇ ਕਿਧਰੇ ਕਿਧਰੇ ਜਾਹਲੀ ਦਾਖਲੇ ਦੇ ਸਿਰ ’ਤੇ ਖੁੱਲ੍ਹੇ ਹਨ, ਵਰਨਾ ਬੰਦ ਹੋ ਗਏ ਹੁੰਦੇ। ਸਿੱਖਿਆ ਮੰਤਰੀ ਜੀ ਵੱਲੋਂ ਦਾਖਲਾ ਵਧਾਉਣ ਦੀਆਂ ਮੁਹਿੰਮਾਂ ਸਫਲ ਨਹੀਂ ਹੋ ਰਹੀਆਂ। ਕਿਸੇ ਸਮੇਂ ਸਭ ਤੋਂ ਵੱਡਾ ਰੁਜ਼ਗਾਰ ਖੇਤਰ ਅੱਜ ਰੁਜ਼ਗਾਰ ਪੱਖੋਂ ਸੁੰਗੜ ਰਿਹਾ ਹੈ। ਹੋਰ ਕਾਰਨਾਂ ਦੇ ਨਾਲ ਨਾਲ ਵੱਡਾ ਕਾਰਨ ਅੰਗਰੇਜ਼ੀ ਦੀ ਪੜ੍ਹਾਈ ਹੈ, ਜਿਸ ਬਾਰੇ ਪ੍ਰਾਈਵੇਟ ਸਕੂਲ ਸਹਿਜੇ ਹੀ ਲੋਕਾਂ ਅੰਦਰ ਧਾਰਨਾ ਬਣਾ ਗਏ ਹਨ ਕਿ ਅੰਗਰੇਜ਼ੀ ਪ੍ਰਾਈਵੇਟ ਸਕੂਲ ਹੀ ਪੜ੍ਹਾ ਸਕਦੇ ਹਨ। ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਦੀ ਇਸ ਦਸ਼ਾ ਲਈ ਜ਼ਿੰਮੇਵਾਰ ਹਨ ਨਾਲਾਇਕ ਅਤੇ ਮੌਕਾਪ੍ਰਸਤ ਸਿਆਸਤ, ਬੇਈਮਾਨ ਅਫਸਰਸ਼ਾਹੀ, ਕੁਝ ਕੁਝ ਅਧਿਆਪਕ ਅਤੇ ਅਧਿਆਪਕ ਜਥੇਬੰਦੀਆਂ। ਇਹਨਾਂ ਵਿੱਚੋਂ ਇਕੱਲੇ ਇਕੱਲੇ ਦੀ ਭੂਮਿਕਾ ਵਿਚਾਰਦਿਆਂ ਹਾਲੇ ਵੀ ਇਹ ਕਲੰਕ ਧੋ ਸਕਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਹਨ।
2004 ਵਿੱਚ ਜਥੇਦਾਰ ਤੋਤਾ ਸਿੰਘ ਸਿੱਖਿਆ ਮੰਤਰੀ ਨੇ ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰ ਦਿੱਤੀ। ਜਦੋਂ ਅੰਗਰੇਜ਼ੀ ਪੜ੍ਹਾਉਣ ਲਈ ਹਰ ਪ੍ਰਾਇਮਰੀ ਸਕੂਲ ਵਿੱਚ ਇੱਕ ਅੰਗਰੇਜ਼ੀ ਟੀਚਰ ਦੇਣ ਦੀ ਗੱਲ ਕੀਤੀ ਤਾਂ ਪਾਸਾ ਵੱਟ ਗਿਆ। ਜਥੇਬੰਦੀ ਨੇ ਦਾਣਾ ਮੰਡੀ ਮੋਗਾ (ਮੰਤਰੀ ਦਾ ਹਲਕਾ) ਤੋਂ ਢੁੱਡੀਕੇ ਤਕ ਸੈਂਕੜੇ ਬੱਸਾਂ, ਟ੍ਰੱਕਾਂ ਨਾਲ ਰਾਹ ਵਿੱਚ ਪੈਂਦੇ ਹਰ ਪਿੰਡ ਵਿੱਚ ਰੈਲੀ ਕਰਦਿਆਂ ਝੰਡਾ ਮਾਰਚ ਕੀਤਾ। ਮੰਤਰੀ ਨੇ ਅੰਗਰੇਜ਼ੀ ਟੀਚਰ ਨਾ ਦਿੱਤੇ। ਸਗੋਂ ਮੁਜ਼ਾਹਰਾਕਾਰੀਆਂ ਵਿਰੁੱਧ ਬਿਆਨ ਆਉਣ ਲੱਗ ਗਏ ਕਿ ਅਧਿਆਪਕ ਜਥੇਬੰਦੀਆਂ ਗਰੀਬਾਂ ਦੀ ਔਲਾਦ ਨੂੰ ਆਈ. ਏ. ਐੱਸ. ਅਫਸਰ ਬਣਦੇ ਦੇਖਣਾ ਨਹੀਂ ਚਾਹੁੰਦੀਆਂ। ਆਈ. ਏ. ਐੱਸ. ਅਫਸਰ ਤਾਂ ਕੋਈ ਬਣਿਆ ਨਾ, ਅੰਗਰੇਜ਼ੀ ਵਲ ਅਣਦੇਖੀ ਨਾਲ ਸਕੂਲ ਬੰਦ ਹੋਣ ਨੂੰ ਹਨ।
ਪ੍ਰਾਇਮਰੀ ਤੋਂ ਅਗਲਾ ਪੜਾਅ ਮਿਡਲ, ਹਾਈ ਸੀ। ਇੱਥੇ ਗੜਬੜ ਇਹ ਸੀ ਕਿ ਹਿਸਾਬ, ਵਿਗਿਆਨ, ਹਿੰਦੀ, ਡਰਾਇੰਗ, ਪੰਜਾਬੀ ਅਤੇ ਸਰੀਰਕ ਸਿੱਖਿਆ, ਸਭ ਲਈ ਅਲੱਗ ਅਲੱਗ ਟੀਚਰ ਸੀ। ਅੰਗਰੇਜ਼ੀ ਵਿਸ਼ੇ ਲਈ ਅਲੱਗ ਟੀਚਰ ਨਹੀਂ ਸੀ। ਅੰਗਰੇਜ਼ੀ ਭਾਸ਼ਾ ਪੜ੍ਹਾਉਣ ਦਾ ਕੰਮ ਸਮਾਜਿਕ ਵਿਸ਼ੇ ਦੇ ਅਧਿਆਪਕ ਨੂੰ ਦਿੱਤਾ ਹੋਇਆ ਸੀ। ਉਸੇ ਜਥੇਬੰਦੀ ਦੇ ਪ੍ਰਧਾਨਗੀ ਮੰਡਲ ਨੇ ਮਿਡਲ, ਹਾਈ ਲਈ ਵੱਖਰੇ ਅੰਗਰੇਜ਼ੀ ਅਧਿਆਪਕ ਦੀ ਮੰਗ ਡਾਇਰੈਕਟਰ (ਸ) ਡਾ. ਜਗਤਾਰ ਸਿੰਘ ਖੱਟੜਾ ਅੱਗੇ ਰੱਖ ਦਿੱਤੀ। ਅੰਗਰੇਜ਼ੀ ਦਾ ਵੱਖਰਾ ਕਾਡਰ ਪੀਰੀਅਡਾਂ ਦੀ ਗਿਣਤੀ ਅਨੁਸਾਰ ਅੰਗਰੇਜ਼ੀ ਕਾਡਰ ਦੀਆਂ ਅਸਾਮੀਆਂ ਦੀ ਉਸ ਸਮੇਂ ਬਣਦੀ ਕੁੱਲ ਗਿਣਤੀ, ਅਸਾਮੀਆਂ ਲਈ ਯੋਗਤਾ ਬੀ.ਏ਼. ਵਿੱਚ ਇਲੈਕਟਿਵ ਅੰਗਰੇਜ਼ੀ ਅਤੇ ਬੀਐੱਡ ਵਿੱਚ ਟੀਚਿੰਗ ਅੰਗਰੇਜ਼ੀ ਵਿਸ਼ਾ ਯੋਗਤਾ, ਸਕੂਲਾਂ ਵਿੱਚ ਸਮਾਜਿਕ ਅੰਗਰੇਜ਼ੀ ਪੜ੍ਹਾਉਂਦੇ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਦੇ ਕਾਡਰ ਵਿੱਚ ਜਾਣ ਲਈ ਆਪਸ਼ਨ, ਬਾਕੀ ਪੋਸਟਾਂ ਭਰਨ ਦੀ ਪੂਰੀ ਯੋਜਨਾ ਦੀ ਫਾਇਲ ਅਧਿਕਾਰੀ ਨਾਲ ਵਿਚਾਰੀ ਗਈ। ਅਧਿਕਾਰੀ ਨੇ ਫਾਇਲ ਤੁਰੰਤ ਸਿੱਖਿਆ ਸਕੱਤਰ ਕੋਲ ਭੇਜ ਦਿੱਤੀ। ਕਿਸੇ ਨੇ ਫਾਇਲ ਨਹੀਂ ਵਿਚਾਰੀ।
2006 ਵਿੱਚ ਆਖਿਰ ਮਸਲਾ ਡੀ.ਜੀ.ਐੱਸ.ਈ ਸ੍ਰੀ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਦੇ ਨੋਟਿਸ ਵਿੱਚ ਲਿਆਂਦਾ ਗਿਆ। ਤੁਰੰਤ ਸਹਿਮਤ ਹੁੰਦਿਆਂ ਉਹਨਾਂ ਵੱਲੋਂ ਫਾਇਲ ਦਾ ਖੁਰਾ ਖੋਜ ਲੱਭਿਆ ਗਿਆ। ਅੰਗਰੇਜ਼ੀ ਵਿਸ਼ੇ ਲਈ ਵੱਖਰਾ ਕਾਡਰ ਬਣ ਗਿਆ। 2008-09 ਵਿੱਚ 1000 ਅੰਗਰੇਜ਼ੀ ਮਾਸਟਰ ਵੀ ਭਰਤੀ ਕਰ ਦਿੱਤੇ। ਕੁਝ ਅਧਿਆਪਕ ਬਾਅਦ ਵਿੱਚ ਵੀ ਭਰਤੀ ਕੀਤੇ ਗਏ। ਪਰ ਹਾਲੇ ਵੀ ਲੋੜੀਂਦੀ ਗਿਣਤੀ ਤੋਂ ਅੰਗਰੇਜ਼ੀ ਮਾਸਟਰ ਬਹੁਤ ਘੱਟ ਹਨ। ਹੁਣ ਅਫਸਰਾਂ ਦੀ ਨਾਲਾਇਕੀ ਅਖਬਾਰਾਂ ਦੇ ਪਹਿਲੇ ਪੰਨੇ ਦੀ ਹੈੱਡ ਲਾਇਨ ਬਣਕੇ ਹੋਰ ਛਪ ਗਈ ਕਿ ਗਿਆਰ੍ਹਵੀਂ, ਬਾਰ੍ਹਵੀਂ ਨੂੰ ਅੰਗਰੇਜ਼ੀ ਪੜ੍ਹਾਉਣ ਲਈ ਜਿਹੜੇ 301 ਲੈਕਚਰਾਰ ਪ੍ਰੋਮੋਟ ਕੀਤੇ, ਉਹਨਾਂ ਵਿੱਚੋਂ 298 ਨੇ ਹਾਈ ਸਕੂਲਾਂ ਵਿੱਚ ਕਦੇ ਅੰਗਰੇਜ਼ੀ ਪੜ੍ਹਾਈ ਹੀ ਨਹੀਂ। ਨਾ ਹੀ ਉਹਨਾਂ ਦਾ ਬੀਐੱਡ ਵਿੱਚ ਟੀਚਿੰਗ ਵਿਸ਼ਾ ਅੰਗਰੇਜ਼ੀ ਸੀ ਅਤੇ ਨਾ ਹੀ ਬੀ. ਏ. ਵਿੱਚ ਇਲੈਕਟਿਵ ਅੰਗਰੇਜ਼ੀ ਹੈ। ਹੋਰ ਤਾਂ ਹੋਰ, ਅੰਗਰੇਜ਼ੀ ਲੈਕਚਰਾਰਾਂ ਦੀ ਸਿੱਧੀ ਭਰਤੀ ਲਈ ਰੱਖੀ ਯੋਗਤਾ ਇਨ੍ਹਾਂ 298 ਕੋਲ ਨਹੀਂ ਹੈ। ਇਹ 298 ਅਧਿਆਪਕ ਹਿਸਾਬ, ਵਿਗਿਆਨ, ਪੰਜਾਬੀ ਆਦਿ ਲੰਬੇ ਸਮੇਂ ਤੋਂ ਪੜ੍ਹਾਉਂਦੇ ਆ ਰਹੇ ਸਨ। ਹੁਣ ਇਹ ਗਿਆਰ੍ਹਵੀਂ ਬਾਰ੍ਹਵੀਂ ਦੀ ਅੰਗਰੇਜ਼ੀ ਪੜ੍ਹਾਉਣਗੇ।
ਜੇਕਰ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਭਾਸ਼ਾ ਪੜ੍ਹਾਉਣ ਦੇ ਨਾਂ ਉੱਤੇ ਸਰਕਾਰੀ ਸਕੂਲਾਂ ਦੀ ਪ੍ਰਾਈਵੇਟ ਸਕੂਲਾਂ ਸਾਹਮਣੇ ਹੇਠੀ ਨੂੰ ਸਰਕਾਰ ਅਤੇ ਅਫਸਰਸ਼ਾਹੀ ਆਪਣੀ ਹੇਠੀ ਮੰਨਦੀ ਹੋਵੇ ਤਾਂ ਅੰਗਰੇਜ਼ੀ ਦਾ ਪੱਧਰ ਪ੍ਰਾਈਵੇਟਾਂ ਤੋਂ ਵੀ ਮਿਆਰੀ ਬਣ ਸਕਦਾ ਹੈ। ਪਰ ਇਸ ਟੀਚੇ ਲਈ ਹਰ ਪ੍ਰਾਇਮਰੀ ਸਕੂਲ ਵਿੱਚ ਅੰਗਰੇਜ਼ੀ ਵਿਸ਼ੇ ਦਾ ਅਧਿਆਪਕ ਦਿੱਤਾ ਜਾਵੇ। ਅਜਿਹੇ ਟੀਚਰਾਂ ਲਈ ਈ.ਟੀ.ਟੀ. ਨਾਲ ਬਾਰ੍ਹਵੀਂ ਵਿੱਚ ਇਲੈਕਟਿਵ ਅੰਗਰੇਜ਼ੀ ਵਿਸ਼ਾ ਯੋਗਤਾ ਰੱਖੀ ਜਾ ਸਕਦੀ ਹੈ। ਮਿਡਲ, ਹਾਈ ਵਿੱਚ ਅੰਗਰੇਜ਼ੀ ਕਾਡਰ ਦੀਆਂ ਪੋਸਟਾਂ ਪੂਰੀਆਂ ਕੀਤੀਆਂ ਜਾਣ। ਅੰਗਰੇਜ਼ੀ ਵਿਸ਼ੇ ਦੇ ਪੀਰੀਅਡ ਵਧਾ ਕੇ ਅੱਠ ਦੀ ਥਾਂ ਨੌ ਕੀਤੇ ਜਾਣ। ਟਾਈਮ ਟੇਬਲ ਵਿੱਚ ਹਰ ਜਮਾਤ ਦੇ ਅੰਗਰੇਜ਼ੀ ਦੇ ਤਿੰਨ ਦਿਨ ਦੋ ਪੀਰੀਅਡ ਇਕੱਠੇ ਲਗਾਏ ਜਾਣ ਤਾਂ ਕਿ ਅਧਿਆਪਕ ਨੂੰ ਸਪੋਕਨ ਇੰਗਲਿਸ਼ ਦੇ ਅਭਿਆਸ ਲਈ ਸਮਾਂ ਮਿਲਦਾ ਰਹੇ। ਕੋਸ਼ਿਸ਼ ਰਹੇ ਕਿ ਜਿਹੜੇ ਅਧਿਆਪਕ ਨੂੰ ਛੇਵੀਂ ਦੀ ਅੰਗਰੇਜ਼ੀ ਦਿੱਤੀ ਜਾਵੇ, ਬਦਲੀ ਨਾ ਹੋਣ ਦੀ ਸੂਰਤ ਵਿੱਚ ਉਹੀ ਅਧਿਆਪਕ ਉਸ ਜਮਾਤ ਨੂੰ ਦਸਵੀਂ ਤਕ ਲੈ ਕੇ ਜਾਵੇ। ਜਦੋਂ ਅਧਿਆਪਕ ਨੂੰ ਸਾਲ ਦਾ ਸਿਲੇਬਸ ਅਤੇ ਕਿਤਾਬਾਂ ਦੇ ਦਿੱਤੀਆਂ ਤਾਂ ਉਸ ਨੂੰ ਉਸ ਦੀ ਮਰਜ਼ੀ ਅਤੇ ਯੋਜਨਾ ਨਾਲ ਪੜ੍ਹਾਉਣ ਦਿੱਤਾ ਜਾਵੇ। ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ, ਹਰ ਪੱਧਰ ਉੱਤੇ ਅੰਗਰੇਜ਼ੀ ਭਾਸ਼ਾ ਦੇ ਮੁਕਾਬਲੇ ਕਰਵਾਏ ਜਾਣ। ਮਿਸ਼ਨ ਸਮਰੱਥ ਵਰਗੇ ਵਿਘਨਕਾਰੀ ਸਿੱਖਿਆ ਵਿਰੋਧੀ ਢੌਂਗ ਅਧਿਆਪਕ ਤੋਂ ਨਾ ਕਰਵਾਏ ਜਾਣ। ਅਧਿਆਪਕ ਜਥੇਬੰਦੀਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਵਿਸ਼ੇ ਸੰਬੰਧੀ ਲੋਕ ਧਾਰਨਾ ਨੂੰ ਚੁਣੌਤੀ ਵਜੋਂ ਲੈ ਕੇ ਆਪਣੀ ਪੱਧਰ ਉੱਤੇ ਵਿਸ਼ੇ ਦੇ ਮਿਆਰ ਨੂੰ ਸੁਧਾਰਨ ਲਈ ਛੁੱਟੀ ਜਾਂ ਛੁੱਟੀਆਂ ਵਿੱਚ ਵਰਕਸ਼ਾਪਾਂ ਲਗਵਾਉਣ। ਉੱਪਰਲੇ ਕਾਰਜਾਂ ਵਿੱਚੋਂ ਜਿਹੜੇ ਕਾਰਜ ਸਰਕਾਰ ਅਤੇ ਅਫਸਰਸ਼ਾਹੀ ਵੱਲੋਂ ਕੀਤੇ ਜਾਣ ਵਾਲੇ ਹਨ, ਉਹਨਾਂ ਨੂੰ ਕਰਵਾਉਣ ਲਈ ਸੰਘਰਸ਼ ਕੀਤੇ ਜਾਣ। ਸੁਝਾ ਇਹ ਵੀ ਹੈ ਕਿ ਮਾਸਟਰ ਕਾਡਰ ਦੀਆਂ ਦੋ ਸੀਨੀਆਰਤਾ ਸੂਚੀਆਂ ਬਣਾਈਆਂ ਜਾਣ, ਇੱਕ ਸਭ ਵਿਸ਼ਿਆਂ ਦੀ ਸਾਂਝੀ, ਜਿਸਦੇ ਅਧਾਰ ਉੱਤੇ ਹੈੱਡ ਮਾਸਟਰ ਪ੍ਰਮੋਟ ਕੀਤੇ ਜਾਣ, ਜੋ ਹੁਣ ਤਕ ਚਲਦੀ ਆ ਰਹੀ ਹੈ। ਦੂਜੀ ਸੀਨੀਆਰਤਾ ਵਿਸ਼ਾਵਾਰ ਬਣਾਈ ਜਾਵੇ, ਜਿਸ ਵਿੱਚੋਂ ਸੰਬੰਧਿਤ ਵਿਸ਼ਿਆਂ ਦੇ ਲੈਕਚਰਾਰ ਪ੍ਰਮੋਟ ਕੀਤੇ ਜਾਣ। ਕਿਸੇ ਵੀ ਕਾਡਰ ਲਈ ਪ੍ਰਮੋਸਨਾਂ ਅਪਰੈਲ ਦੇ ਅੱਧ ਤਕ ਮੁਕੰਮਲ ਕੀਤੀਆਂ ਜਾਣ। ਪਿੱਛੇ ਖਾਲੀ ਹੋਈਆਂ ਪੋਸਟਾਂ ਸਿੱਧੀ ਭਰਤੀ ਜਾਂ ਪ੍ਰਮੋਸਨਾਂ ਰਾਹੀਂ ਅਪਰੈਲ ਮਹੀਨੇ ਵਿੱਚ ਹੀ ਭਰੀਆਂ ਜਾਣ।
ਸਕੂਲ ਆਫ ਐਮੀਨੈਂਸ, ਕੁਝ O2 ਸਕੂਲਾਂ ਅੱਗੇ ਬਾਵਰਦੀ ਫੌਜੀ ਖੜ੍ਹੇ ਕਰਨੇ, ਉਹਨਾਂ ਸਕੂਲਾਂ ਲਈ ਬੱਸਾਂ ਦਾ ਪ੍ਰਬੰਧ ਕਰਨਾ, ਪਰ ਅਧਿਆਪਕ ਪੂਰੇ ਨਾ ਕਰਨਾ ਅਕਾਦਮਿਕ ਦ੍ਰਿਸ਼ਟੀ ਤੋਂ ਅਤੇ ਚੁਣਾਵੀਂ ਦ੍ਰਿਸ਼ਟੀ ਤੋਂ ਉੱਕਾ ਹੀ ਗੈਰ ਲਾਹੇਵੰਦ ਹਨ। ਅੰਗਰੇਜ਼ੀ ਭਾਸ਼ਾ ਵਿੱਚ ਪ੍ਰਾਈਵੇਟ ਸਕੂਲਾਂ ਬਰਾਬਰ ਜੇਕਰ ਸਰਕਾਰੀ ਸਕੂਲਾਂ ਨੂੰ ਕਰਨਾ ਹੈ ਤਾਂ ਅੰਗਰੇਜ਼ੀ ਵਿਸ਼ੇ ਵੱਲ ਉਚੇਚਾ ਧਿਆਨ ਦੇਣਾ ਪੈਣਾ ਹੈ। ਜੇਕਰ ਸਾਰੀਆਂ ਸੰਬੰਧਿਤ ਧਿਰਾਂ ਦੀ ਨੀਅਤ ਵਿੱਚ ਹੀ ਖੋਟ ਹੈ ਤਾਂ ਜਿਹਨਾਂ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਦੀ ਫਿਟਕਾਰ ਨੌਂ ਦਰਵਾਜੇ ਲੰਘ ਕੇ ਵੀ ਜ਼ਮੀਰ ਦੇ ਕੰਨਾਂ ਤਕ ਪਹੁੰਚ ਜਾਵੇਗੀ। ਚੁਣਾਵੀ ਦ੍ਰਿਸ਼ਟੀ ਤੋਂ ਇਹ ਵੀ ਯਾਦ ਰੱਖਿਆ ਜਾਵੇ ਕਿ ਇਹ ਪੰਜਾਬ ਦੀ ਅਬਾਦੀ ਵਿੱਚ ਬਹੁ ਗਿਣਤੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5394)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.