“ਉਹਦਾ ਮਾਨਵ ਜਾਤ ਪ੍ਰਤੀ ਨਜ਼ਰੀਆ ਮਨੂੰਵਾਦੀ ਅਤੇ ਆਰ ਐੱਸ ਐੱਸ ਵਾਲਾ ਹੈ, ਜੋ ਕਿ ...”
(11 ਜਨਵਰੀ 2024)
ਇਸ ਸਮੇਂ ਪਾਠਕ: 585.
ਅਯੁੱਧਿਆ ਦਾ ਮੁੱਦਾ ਇੱਕ ਵਾਰ ਫਿਰ ਭਖਿਆ ਹੈ। ਸੁਪਰੀਮ ਕੋਰਟ ਦਾ ਫੈਸਲਾ ਮੰਦਰ ਦੇ ਪੱਖ ਵਿੱਚ ਨਹੀਂ ਸੀ, ਜਨਤਾ ਦੇ ਵੱਡੇ ਹਿੱਸੇ ਦੀ ਆਸਥਾ ਦੇ ਪੱਖ ਵਿੱਚ ਸੀ। ਪਰ ਹੁਣ ਰਾਮ ਲੱਲ੍ਹਾ ਦਾ ਮੰਦਰ ਬਣ ਰਿਹਾ ਹੈ। ਬਣਦਿਆਂ-ਬਣਦਿਆਂ 22 ਜਨਵਰੀ ਨੂੰ ਮੋਦੀ ਇਸਦੀ ਪ੍ਰਾਣ ਪ੍ਰਤਿਸ਼ਠਾ ਕਰਨ ਜਾ ਰਿਹਾ ਹੈ। ਇਹ ਧਾਰਮਿਕ ਦੀ ਥਾਂ ਉਸ ਦਾ ਰਾਜਨੀਤਕ ਮੁੱਦਾ ਹੈ। ਵਿਰੋਧੀ ਪਾਰਟੀਆਂ ਤੈਅ ਨਹੀਂ ਕਰ ਸਕੀਆਂ ਕਿ ਉਨ੍ਹਾਂ ਨੂੰ ਪ੍ਰਾਣ ਪ੍ਰਤਿਸ਼ਠਾ ਵਿੱਚ ਜਾਣਾ ਚਾਹੀਦਾ ਹੈ ਜਾਂ ਨਹੀਂ ਜਾਣਾ ਚਾਹੀਦਾ, ਪਰ ਕਿਉਂਕਿ ਇਨ੍ਹਾਂ ਪਾਰਟੀਆਂ ਪਿੱਛੇ ਜਨਤਾ ਦਾ ਇੱਕ ਵੱਡਾ ਭਾਗ ਹੈ, ਇਸ ਲਈ ਅਜਿਹੀ ਚਰਚਾ ਇਨ੍ਹਾਂ ਪਾਰਟੀਆਂ ਨੂੰ ਛੇੜਨੀ ਚਾਹੀਦੀ ਹੈ ਜਿਸ ਵਿੱਚ ਮੋਦੀ ਨੂੰ ਹੀ ਕੁਝ ਪੁੱਛੀਏ ਅਤੇ ਕੁਝ ਦੱਸੀਏ। ਅਜਿਹੇ ਸਵਾਲ ਖੜ੍ਹੇ ਕੀਤੇ ਜਾਣ, ਜਿਨ੍ਹਾਂ ਦਾ ਉਹਨੂੰ ਉੱਤਰ ਦੇਣਾ ਪਵੇ।
ਇਸ ਮੁੱਦੇ ਦੇ ਦੋ ਪਹਿਲੂ ਹਨ, ਇੱਕ ਰਾਜਨੀਤਕ ਅਤੇ ਦੂਜਾ ਧਾਰਮਿਕ। ਰਾਜਨੀਤਕ ਪੱਖ ਤੋਂ ਮੋਦੀ ਕੋਲ ਇਸ ਗੱਲ ਦਾ ਕੀ ਜਵਾਬ ਹੈ ਕਿ ਉਸ ਨੇ ਸਭ ਰਾਜਨੀਤਕ ਪਾਰਟੀਆਂ ਨੂੰ ਕਿਉਂ ਨਹੀਂ ਬੁਲਾਇਆ? ਫਿਲਹਾਲ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਕੋਈ ਸੱਦਾ ਨਹੀਂ। ਜਿਨ੍ਹਾਂ ਨੂੰ ਬੁਲਾਇਆ ਹੈ, ਜੇਕਰ ਉਹ 22 ਜਨਵਰੀ ਦੀ ਥਾਂ ਬਾਅਦ ਵਿੱਚ ਆਉਣ ਦੀ ਗੱਲ ਕਰਦੇ ਹਨ ਤਾਂ ਮੋਦੀ ਜਾਂ ਭਾਜਪਾ ਨੂੰ ਕੀ ਤਕਲੀਫ਼ ਹੈ? ਸੀ ਪੀ ਐੱਮ ਨੇਤਾ ਨੇ ਸਪਸ਼ਟ ਕਿਹਾ ਹੈ ਕਿ ਉਸ ਦੀ ਪਾਰਟੀ ਅਤੇ ਕਮਿਊਨਿਸਟ ਧਰਮ ਅਤੇ ਰਾਜਨੀਤੀ ਨੂੰ ਇੱਕ-ਦੂਜੇ ਵਿੱਚ ਰਲਗਡ ਕਰਨ ਦੇ ਵਿਰੋਧੀ ਹਨ। ਮੋਦੀ ਤੋਂ ਉੱਤਰ ਮੰਗਣਾ ਬਣਦਾ ਹੈ ਕਿ ਉਹ ਸੀਤਾ ਰਾਮ ਯੇਚੁਰੀ ਦੇ ਬਿਆਨ ਉੱਤੇ ਕੀ ਟਿੱਪਣੀ ਕਰੇਗਾ? ਜੇਕਰ ਸੀਤਾ ਰਾਮ ਯੇਚੁਰੀ ਗਲਤ ਹੈ ਤਾਂ ਮੋਦੀ ਨੂੰ ਚਾਹੀਦਾ ਹੈ ਕਿ ਉਹ ਯੇਚੁਰੀ ਨੂੰ ਗਲਤ ਕਹੇ ਅਤੇ ਆਪਣੇ ਕਥਨ ਦੀ ਵਿਆਖਿਆ ਕਰੇ। ਉਂਝ ਜੇਕਰ ਸਾਰੀਆਂ ਪਾਰਟੀਆਂ ਸੀਤਾ ਰਾਮ ਯੇਚੁਰੀ ਵਰਗਾ ਸਟੈਂਡ ਰੱਖਦੀਆਂ ਹੁੰਦੀਆਂ ਤਾਂ ਉਨ੍ਹਾਂ ਨੂੰ ਇਸ ਦੁਬਿਧਾ ਦਾ ਸਾਹਮਣਾ ਨਾ ਕਰਨਾ ਪੈਂਦਾ।
ਇਸ ਤੋਂ ਵੀ ਮੁਢਲਾ ਪ੍ਰਸ਼ਨ ਹੈ ਇਹ ਹੈ ਕਿ ਰਾਜਨੀਤਕ ਪਾਰਟੀਆਂ ਨੂੰ ਬੁਲਾਇਆ ਹੀ ਕਿਉਂ? ਜੇਕਰ ਇਹ ਇੱਕ ਧਾਰਮਿਕ ਕਾਰਜ ਹੈ ਤਾਂ ਕਿਸੇ ਨੂੰ ਸੱਦਾ ਦੇਣਾ ਕਿਉਂ ਜ਼ਰੂਰੀ? ਜੇਕਰ ਉਸ ਦੀ ਪਾਰਟੀ ਵੱਲੋਂ ਮੁੱਦਾ ਹੈ ਤਾਂ ਦੂਜੀਆਂ ਪਾਰਟੀਆਂ ਨੂੰ ਬੁਲਾਵਾ ਦੇਣ ਦਾ ਕੀ ਮੰਤਵ? ਇਹ ਪ੍ਰਾਣ ਪ੍ਰਤਿਸ਼ਠਾ ਧਾਰਮਿਕ ਕਾਰਜ ਸੀ। ਵਿਰੋਧੀ ਪੱਖ ਨੂੰ ਚਾਹੀਦਾ ਸੀ ਕਿ ਉਹ ਭਾਜਪਾ ਵੱਲੋਂ ਇਸ ਕਾਰਜ ਦੇ ਹਥਿਆਏ ਜਾਣ ਨੂੰ ਮੁੱਦਾ ਬਣਾ ਕੇ ਇਸਦਾ ਵਿਰੋਧ ਕਰਦਾ। ਇਹ ਧਾਰਮਿਕ ਕਾਰਜ ਧਾਰਮਿਕ ਵਿਅਕਤੀਆਂ ਵੱਲੋਂ ਹੋਣ ਦੇਣ ਦੀ ਵਕਾਲਤ ਕਰਨੀ ਅਤੇ ਲੋਕਾਂ ਤੋਂ ਕਰਵਾਉਣੀ ਬਣਦੀ ਸੀ। ਵਿਰੋਧੀ ਪੱਖ ਵੱਲੋਂ ਘਟਨਾਕ੍ਰਮ ਦੇ ਇਸ ਪਹਿਲੇ ਪੜਾਅ ਉੱਤੇ ਕੀਤੀ ਗਲਤੀ ਉਸ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ। ਹੁਣ ਵੀ ਵਿਰੋਧੀ ਦਲਾਂ ਨੂੰ ਸਾਂਝੇ ਪਲੇਟਫਾਰਮ ਉੱਤੇ ਇਹੀ ਸਟੈਂਡ ਲੈਣਾ ਚਾਹੀਦਾ ਹੈ, ਵਰਨਾ ਪ੍ਰੋਗਰਾਮ ਵਿੱਚ ਜਾਣ ਅਤੇ ਨਾ ਜਾਣ ਦੋਨਾਂ ਹਾਲਤਾਂ ਵਿੱਚ ਸਿਆਸੀ ਨੁਕਸਾਨ ਬਰਾਬਰ ਹੋਵੇਗਾ। ਇਸ ਨੁਕਸਾਨ ਤੋਂ ਬਚਣ ਦਾ ਇੱਕੋ-ਇੱਕ ਹੱਲ ਇਹੀ ਹੈ ਕਿ ਪ੍ਰਾਣ-ਪ੍ਰਤਿਸ਼ਠਾ ਦਾ ਮੁੱਦਾ ਧਾਰਮਿਕ ਕਾਰਜ ਵਜੋਂ ਉਠਾ ਕੇ ਇਸ ਨੂੰ ਮੋਦੀ ਵੱਲੋਂ ਅਤੇ ਭਾਜਪਾ ਵੱਲੋਂ ਹਥਿਆਏ ਜਾਣ ਦੇ ਵਿਰੋਧ ਵਿੱਚ ਨਾ ਜਾਣ ਦਾ ਐਲਾਨ ਕੀਤਾ ਜਾਵੇ ਅਤੇ ਨਾਲ ਹੀ 22 ਜਨਵਰੀ ਤੋਂ ਬਾਅਦ ਕਿਸੇ ਦਿਨ ਜਾਣ ਦਾ ਫ਼ੈਸਲਾ ਦੱਸ ਵੀ ਦਿੱਤਾ ਜਾਵੇ।
ਇਹ ਠੀਕ ਹੈ ਕਿ ਭਾਜਪਾ ਲਈ ਅਯੁੱਧਿਆ ਮੰਦਰ ਸ਼ੁਰੂ ਤੋਂ ਇੱਕ ਮੁੱਦਾ ਰਿਹਾ ਹੈ, ਪਰ ਫਿਰ ਵੀ ਇਹ ਮੁੱਦਾ ਤਾਂ ਧਾਰਮਿਕ ਹੀ ਸੀ ਅਤੇ ਧਾਰਮਿਕ ਹੀ ਹੈ। ਇਸ ਨੂੰ ਰਾਜਨੀਤਕ ਕਿਵੇਂ ਮੰਨਿਆ ਜਾਵੇ ਅਤੇ ਕਿਉਂ ਮੰਨਿਆ ਜਾਵੇ? ਇਸ ਤਰ੍ਹਾਂ ਮੋਦੀ ਜੇਕਰ ਇਸ ਨੂੰ ਧਾਰਮਿਕ ਮੁੱਦਾ ਮੰਨਦਾ ਹੈ ਤਾਂ ਕੁਝ ਰਾਜਨੀਤਕ ਪਾਰਟੀਆਂ ਨੂੰ ਬੁਲਾ ਕੇ ਅਤੇ ਕੁਝ ਨੂੰ ਨਾ ਬੁਲਾ ਕੇ ਉਹ ਧਾਰਮਿਕ ਵਿਤਕਰੇ ਦਾ ਦੋਸ਼ੀ ਹੈ। ਜੇਕਰ ਮੋਦੀ ਪ੍ਰਾਣ-ਪ੍ਰਤਿਸ਼ਠਾ ਨੂੰ ਸਿਆਸੀ ਮੁੱਦਾ ਬਣਾਉਂਦਾ ਹੈ ਤਾਂ ਉਹ ਧਾਰਮਿਕ ਕਾਰਜ ਨੂੰ ਰਾਜਨੀਤਕ ਬਣਾਉਣ ਦਾ ਦੋਸ਼ੀ ਹੈ। ਇਨ੍ਹਾਂ ਪ੍ਰਸ਼ਨਾਂ ਨੂੰ ਮੋਦੀ ਦੇ ਪਾਲੇ ਵਿੱਚ ਸੁੱਟਣਾ ਵਿਰੋਧੀ ਧਿਰ ਦੀ ਮੁੱਦੇ ਉੱਤੇ ਆਪਣੀ ਸਪਸ਼ਟਤਾ ਉੱਤੇ ਨਿਰਭਰ ਕਰਦਾ ਹੈ। ਧਾਰਮਿਕ ਵਿਤਕਰੇ ਦਾ ਦੋਸ਼ੀ ਕਹਿ ਕੇ ਵੀ 22 ਜਨਵਰੀ ਲਈ ਉਸ ਵੱਲੋਂ ਵਿਛਾਏ ਜਾਲ ਵਿੱਚ ਫਸਣ ਤੋਂ ਆਪਣੇ ਆਪ ਨੂੰ ਇਹ ਪਾਰਟੀਆਂ ਬਚਾ ਸਕਦੀਆਂ ਹਨ। ਧਾਰਮਿਕ ਕਾਰਜ ਦੇ ਰਾਜਨੀਤੀਕਰਨ ਦੇ ਇਲਜ਼ਾਮ ਉੱਤੇ ਵੀ 22 ਜਨਵਰੀ ਦੀ ਚਾਲ ਵਿੱਚ ਫਸਣ ਤੋਂ ਬਚਿਆ ਜਾ ਸਕਦਾ ਹੈ।
ਅਯੁੱਧਿਆ ਦਾ ਦੂਜਾ ਪੱਖ ਸਿਆਸਤ ਨੂੰ ਦੂਰ ਰੱਖ ਕੇ ਧਾਰਮਿਕ ਪੱਖੋਂ ਵਿਚਾਰਦਿਆਂ ਵੀ ਮੋਦੀ ਪਾਪ ਦਾ ਭਾਗੀ ਹੈ। ਭਾਰਤ ਵਿੱਚ ਰਾਮ ਦੇ ਦੋ ਰੂਪ ਹਨ। ਇੱਕ ਰਾਮ ਬ੍ਰਾਹਮ ਹੈ, ਈਸ਼ਵਰ ਹੈ। ਦੂਜਾ ਰਾਮ ਰਿਸ਼ੀ ਵਾਲਮੀਕਿ ਜਾਂ ਤੁਲਸੀ ਦਾਸ ਵੱਲੋਂ ਰਚੇ ਮਹਾਂਕਾਵਿ ਵਿੱਚ ਇੱਕ ਨਾਇਕ ਹੈ, ਮਰਿਆਦਾ ਪੁਰਸ਼ੋਤਮ ਹੈ। ਰਾਮ ਦੇ ਪਹਿਲੇ ਸਰੂਪ ਨੂੰ ਮੰਨਣ ਵਾਲੇ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਹਨ। ਇਸ ਸਰੂਪ ਵਿੱਚ ਰਾਮ ਨੂੰ ਕਿਸੇ ਮੰਦਰ ਵਿੱਚ ਨਹੀਂ ਲਿਆਂਦਾ ਜਾ ਸਕਦਾ। ਇਸ ਵਿਚਾਰ ਨੂੰ ਸਮਝਣ ਲਈ ਗੁਰਬਾਣੀ ਤੋਂ ਵੱਧ ਸਪਸ਼ਟਤਾ ਕਿਧਰੇ ਵੀ ਮਿਲਣੀ ਮੁਸ਼ਕਲ ਹੈ, ਕਿਉਂਕਿ ਦੋਵਾਂ ਨੂੰ ਰਲਗਡ ਕਰਕੇ ਪੜ੍ਹਿਆ-ਪੜ੍ਹਾਇਆ ਜਾਂਦਾ ਹੈ। ਇਸ ਅਗਿਆਨਤਾ ਦਾ ਲਾਹਾ ਮੋਦੀ ਨੂੰ ਹੈ। ਵਿਚਾਰਵਾਨ ਲੋਕਾਂ ਨੂੰ ਪਤਾ ਹੈ ਕਿ ਭਾਰਤ ਵਿੱਚ ਅਧਿਆਤਮਕਵਾਦ ਦੀਆਂ ਨਿਰਗੁਣ ਅਤੇ ਸਰਗੁਣ ਪਰੰਪਰਾਵਾਂ ਚਿਰਾਂ ਤੋਂ ਚਲਦੀਆਂ ਆ ਰਹੀਆਂ ਹਨ। ਰਾਮ ਦਾ ਪ੍ਰਮੇਸ਼ਵਰ ਰੂਪ ਨਿਰਗੁਣ ਪਰੰਪਰਾ ਤੋਂ ਹੈ। ਮੋਦੀ ਦਾ ਰਾਮ ਸਰਗੁਣ ਪਰੰਪਰਾ ਤੋਂ ਹੈ।
ਹੁਣ ਇਹ ਮੋਦੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਖੁਦ ਕਿਹੜੇ ਰਾਮ ਦਾ ਉਪਾਸ਼ਕ ਹੈ। ਸਪਸ਼ਟ ਹੈ ਕਿ ਉਹ ਪਹਿਲੇ ਰਾਮ ਅਤੇ ਦੂਜੇ ਰਾਮ ਵਿੱਚੋਂ ਕਿਸੇ ਦਾ ਵੀ ਉਪਾਸ਼ਕ ਨਹੀਂ। ਜੇਕਰ ਉਹ ਰਾਮ ਦੇ ਬ੍ਰਹਮ ਜਾਂ ਈਸ਼ਵਰ ਸਰੂਪ ਨੂੰ ਮੰਨਦਾ ਹੁੰਦਾ ਤਾਂ ਉਹ ਸਮੁੱਚੀ ਮਾਨਵਜਾਤੀ ਨੂੰ ਇੱਕ ਈਸ਼ਵਰ ਦੀ ਔਲਾਦ ਸਮਝਦਾ ਹੁੰਦਾ। ਉਹਦਾ ਮਾਨਵ ਜਾਤ ਪ੍ਰਤੀ ਨਜ਼ਰੀਆ ਮਨੂੰਵਾਦੀ ਅਤੇ ਆਰ ਐੱਸ ਐੱਸ ਵਾਲਾ ਹੈ, ਜੋ ਕਿ ਰਾਮ ਦੇ ਇਸ ਰੂਪ ਨਾਲ ਬੇਈਮਾਨੀ ਹੈ, ਧੋਖਾ ਹੈ। ਮੋਦੀ ਦਾ ਇਹ ਚਰਿੱਤਰ ਉਸ ਨੂੰ ਅਧਰਮੀ ਅਤੇ ਪਾਪੀ ਬਣਾਉਂਦਾ ਹੈ। ਇਸ ਨੂੰ ਭੰਡਿਆ ਜਾਣਾ ਬਣਦਾ ਹੈ।
ਦੂਜਾ ਰਾਮ ਵਾਲਮੀਕ ਦੀ ਰਾਮਾਇਣ ਜਾਂ ਤੁਲਸੀਦਾਸ ਦੀ ਰਾਮਾਇਣ ਦਾ ਪਾਤਰ ਹੈ। ਇਹ ਉਸ ਦਾ ਮਰਿਆਦਾ ਪੁਰਸ਼ੋਤਮ ਸਰੂਪ ਹੈ। ਇਸ ਸਰੂਪ ਨੂੰ ਮੰਨਣ ਵਾਲਾ ਸ਼ਰਧਾਲੂ ਵੀ ਮੋਦੀ ਨਹੀਂ ਹੋ ਸਕਦਾ, ਕਿਉਂਕਿ ਉਸ ਮਰਿਆਦਾ ਪੁਰਸ਼ ਦੇ ਗੁਣਾਂ ਵਿੱਚੋਂ ਇੱਕ ਵੀ ਗੁਣ ਜੇਕਰ ਮੋਦੀ ਵਿੱਚ ਹੋਵੇ ਤਾਂ ਇਨਸਾਫ਼ ਉਹਦੇ ਲਈ ਪਹਿਲਾ ਕਰਤਵ ਹੋਣਾ ਚਾਹੀਦਾ ਸੀ। ਮੋਦੀ ਵਿੱਚ ਨਾ ਹੀ ਇਨਸਾਫ਼, ਨਾ ਹੀ ਸੱਚ ਅਤੇ ਨਾ ਹੀ ਤਿਆਗ ਵਰਗਾ ਕੋਈ ਗੁਣ ਸਾਡੇ ਸਾਹਮਣੇ ਹੈ। ਸਗੋਂ ਮੋਦੀ ਇਨ੍ਹਾਂ ਸਾਰੇ ਗੁਣਾਂ ਤੋਂ ਕੋਰਾ, ਠੀਕ ਇਨ੍ਹਾਂ ਤੋਂ ਉਲਟੇ ਔਗੁਣਾਂ ਦਾ ਪ੍ਰਤੀਕ ਸਾਬਤ ਹੋ ਰਿਹਾ ਹੈ। ਸਮਾਜ ਦੇ ਵੱਖ-ਵੱਖ ਵਰਗ ਉਸ ਦੇ ਇਨਸਾਫ਼ ਲਈ ਵਿਲਕ ਰਹੇ ਹਨ। ਅਨਿਆਂ ਕਰਨ ਵਾਲਿਆਂ ਨਾਲ ਉਹ ਖੜ੍ਹਾ ਦਿਸਦਾ ਹੈ। ਵਾਅਦੇ ਉੱਤੇ ਕਦੇ ਪੂਰਾ ਨਹੀਂ ਉੱਤਰਦਾ। ਮਹਿੰਗੇ ਜਹਾਜ਼, ਮਹਿੰਗੇ ਵਸਤਰ, ਮਹਿੰਗੀਆਂ ਘੜੀਆਂ, ਚਸ਼ਮੇ ਉਸ ਦੇ ਤਿਆਗ ਦਾ ਨਮੂਨਾ ਹਨ। ਰਾਜ ਧਰਮ ਦਾ ਪਾਲਣ ਕਰਨ ਵਿੱਚ ਅਸਫ਼ਲ ਰਹਿਣ ਦਾ ਪ੍ਰਮਾਣ ਪੱਤਰ ਤਾਂ ਉਸ ਨੂੰ ਅਟਲ ਬਿਹਾਰੀ ਵਾਜਪਾਈ ਨੇ ਹੀ ਦੇ ਰੱਖਿਆ ਹੈ।
ਜਦੋਂ ਮੋਦੀ ਆਪਣੇ ਪਿੱਛੇ ਚੱਲਦੇ ਅੰਧ ਭਗਤਾਂ ਨੂੰ ਇਹੋ ਕੁਝ ਬਣਨ, ਕਰਨ ਦੀ ਪ੍ਰੇਰਣਾ ਦਿੰਦਾ ਹੈ ਤਾਂ ਉਹ ਖੁਦ ਤਾਂ ਰਾਮ ਦੇ ਨਿਰਗੁਣ ਅਤੇ ਸਰਗੁਣ ਸਰੂਪ ਤੋਂ ਬੇਮੁੱਖ ਹੈ ਹੀ, ਉਹ ਇਨ੍ਹਾਂ ਭਗਤਾਂ ਨੂੰ ਵੀ ਰਾਮ ਤੋਂ ਬੇਮੁੱਖ ਬਣਾਉਣ ਦਾ ਪਾਪ ਕਰਦਾ ਹੈ। ਇਹ ਘਟਨਾਕ੍ਰਮ ਸਮਾਜ ਲਈ ਅਤੇ ਦੇਸ਼ ਲਈ ਬੁਰੇ ਦਿਨਾਂ ਦਾ ਸੰਕੇਤ ਹੈ। ਸੂਝਵਾਨ ਜਨਤਾ ਨੂੰ ਚਾਹੀਦਾ ਹੈ ਕਿ ਉਹ ਵਿਵੇਕ ਤੋਂ ਕੰਮ ਲਵੇ ਅਤੇ ਮੋਦੀ ਨੂੰ ਇਨ੍ਹਾਂ ਪੱਖਾਂ ਤੋਂ ਬੇਪੜਦ ਕਰੇ।
ਇਹ ਗੱਲ ਕਹਿਣ ਦੀ ਫਿਰ ਵੀ ਲੋੜ ਹੈ ਕਿ ਮੋਦੀ ਆਪਣੀਆਂ ਸਾਰੀਆਂ ਅਸਫ਼ਲਤਾਵਾਂ ਨੂੰ ਰਾਮ ਮੰਦਰ ਦੇ ਮੁੱਦੇ ਦੀ ਚਮਕ-ਦਮਕ ਉਹਲੇ ਛੁਪਾਉਣ ਦੇ ਰੌਂ ਵਿੱਚ ਹੈ। ਇਹ ਕਮਜ਼ੋਰੀ ਕੋਈ ਛੋਟਾ ਮੁੱਦਾ ਨਹੀਂ, ਪਰ ਇਸ ਤੋਂ ਪਹਿਲਾਂ ਵਿਚਾਰੇ ਗਏ ਪਹਿਲੂ ਹੀ ਮੋਦੀ ਨੂੰ ਉਲਟਾ ਫਸਾ ਸਕਦੇ ਹਨ। ਜੇਕਰ ਵਿਰੋਧੀ ਪਾਰਟੀਆਂ ਨੇ ਕੋਈ ਸਾਂਝਾ ਪੈਂਤੜਾ ਨਾ ਲਿਆ ਤਾਂ 2024 ਦੀਆਂ ਚੋਣਾਂ ਵਿੱਚ ਅਜਿਹਾ ਨੁਕਸਾਨ ਹੋ ਜਾਵੇਗਾ ਕਿ ਜਨਤਾ ਅੱਜ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਬੀਤੇ ਦੀ ਟੋਕਰੀ ਵਿੱਚ ਸੁੱਟ ਕੇ ਉਹ ਕਿਸੇ ਨਵੀਂ ਵਿਰੋਧੀ ਧਿਰ ਦੀ ਸਿਰਜਣਾ ਕਰਨ ਲਈ ਮਜਬੂਰ ਹੋਵੇਗੀ।
ਸੋ ਰਾਮ ਦੇ ਬ੍ਰਹਮ ਜਾਂ ਈਸ਼ਵਰ ਸਰੂਪ ਦੀਆਂ ਜੜ੍ਹਾਂ ਉੱਤੇ ਵੀ ਥੋੜ੍ਹੀ ਚਰਚਾ ਵਿਸ਼ੇ ਉੱਤੇ ਚਾਨਣਾ ਪਾ ਸਕਦੀ ਹੈ। ਵਾਲਮੀਕ ਦੀ ਰਾਮਾਇਣ ਪ੍ਰਾਚੀਨ ਹੈ, ਪਰ ਯਾਦ ਰੱਖੀਏ ਕਿ ਹੜੱਪਾ ਅਤੇ ਮਹਿੰਜੋਦੜੋ ਸਭਿਅਤਾਵਾਂ ਵਿੱਚ ਨਾ ਮੰਦਰ ਅਤੇ ਨਾ ਹੀ ਆਰੀਅਨ ਦੇ ਕਿਸੇ ਦੇਵਤੇ ਦਾ ਜ਼ਿਕਰ ਹੈ। ਆਰੀਆ ਲੋਕਾਂ ਦਾ ਪਹਿਲਾ ਅਤੇ ਸੰਸਾਰ ਦੀ ਵੀ ਪਹਿਲੀ ਲਿਖਤੀ ਰਚਨਾ ਰਿਗਵੇਦ ਹੈ। ਇਸ ਵਿੱਚ ਸੰਸਾਰ ਰਚਨਾ ਪਹਿਲਾਂ ਬ੍ਰਹਿਮੰਡ ਦੀ ਕਲਪਨਾ ਇੱਕ ਲਿਖਤ ਵਿੱਚ ਹੈ, ਜਿਸ ਨੂੰ ਅੰਗਰੇਜ਼ ਵਿਦਵਾਨ ਮੈਕਸਮੂਲਰ ਨੇ “ਰਚਨਾ ਦਾ ਗੀਤ” ਕਹਿ ਕੇ “ਅਗਿਆਤ ਪ੍ਰਮਾਤਮਾ ਦੇ ਨਾਂ” ਵਜੋਂ ਤਰਜਮਾਇਆ ਹੈ। ਇਸ ਗਹਿਰ-ਗੰਭੀਰ ਰਚਨਾ ਦੀਆਂ ਸਤਰਾਂ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਵੱਡ-ਅਕਾਰੀ ਰਚਨਾ “ਡਿਸਕਵਰੀ ਆਫ ਇੰਡੀਆ” ਦੇ ਪੰਨੇ 76 ਵਿੱਚ ਦਰਜ ਕੀਤੀਆਂ ਹਨ। ਰਿਗਵੇਦ ਦੇ ਇਸ ਗੀਤ ਤੋਂ ਸਪਸ਼ਟ ਹੈ ਕਿ ਭਾਰਤ ਦੇ ਇਸ ਵੈਦਿਕ ਪੜਾਅ ਉੱਤੇ ਹਾਲੇ ਨਾ ਹੀ ਦੇਵਤਿਆਂ ਦਾ ਜ਼ਿਕਰ ਹੈ, ਨਾ ਹੀ ਹਾਲੇ ਅਵਤਾਰ ਹੋਏ ਹਨ। ਇਹ ਮਨੁੱਖੀ ਕਲਪਨਾ ਦੀ ਸੱਚ ਦਾ ਥਹੁ ਪਾਉਣ ਦੇ ਇਸ ਤੋਂ ਮਗਰਲੇ ਯਤਨਾਂ ਦੀ ਉਪਜ ਹੈ। ਕੇਵਲ ਕੁਝ ਸਤਰਾਂ:
1. “ਉਦੋਂ ਕੋਈ ਗਿਆਤ ਜਾਂ ਆਗਿਆਤ ਨਹੀਂ ਸੀ, ਨਾ ਹੀ ਹਵਾ ਦਾ ਖੇਤਰ, ਨਾ ਹੀ ਉਸ ਤੋਂ ਪਰੇ ਆਕਾਸ਼ … …
2. ਵਿਨਾਸ਼ (ਮੌਤ) ਉਦੋਂ ਨਹੀਂ ਸੀ, ਨਾ ਹੀ ਅਵਿਨਾਸ਼, ਰਾਤ ਅਤੇ ਦਿਨ ਨੂੰ ਵੰਡਣ ਵਾਲਾ ਕੋਈ ਸੰਕੇਤ ਨਹੀਂ ਸੀ।
ਇੱਕੋ ਸਾਹ ਵਿਹੀਣ ਵਸਤੂ ਸਾਹ ਲੈਂਦੀ ਸੀ ਆਪਣੀ ਪ੍ਰਕ੍ਰਿਤੀ ਅਨੁਸਾਰ, ਇਸ ਤੋਂ ਇਲਾਵਾ ਕੁਝ ਵੀ ਨਹੀਂ ਸੀ।
3. ਜੋ ਉਦੋਂ ਹੋਂਦ ਵਿੱਚ ਸੀ, ਉਹ ਕੇਵਲ ਨਿਰੂਪ ਖਲਾਅ ਸੀ, ਗਰਮੀ (ਨਿੱਘ) ਦੀ ਮਹਾਨ ਊਰਜਾ (ਸ਼ਕਤੀ) ਦੁਆਰਾ ਉਹ ਇਕਾਈ ਬਣੀ।
4. ਉਪਰੰਤ ਸ਼ੁਰੂ ਸ਼ੁਰੂ ਵਿੱਚ ਇੱਛਾ ਪੈਦਾ ਹੋਈ ਆਤਮਾ ਦੇ ਬੀਜ ਦਾ ਮੁੱਢ।
ਹੁਣ ਬਾਬਾ ਨਾਨਕ ਦੇਵ ਜੀ ਦੀ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 1035) ਅਰਬਦ ਨਰਬਦ ਧੁੰਦੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨ ਦਿਨ ਰੈਨਿ ਚੰਦੁ ਨ ਸੂਰਜੁ ਸੁੰਨ ਸਮਾਧ ਲਗਾਇਦਾ॥
ਖਾਣੀ ਨ ਬਾਣੀ ਪਉਣ ਨਾ ਪਾਣੀ॥
ਓਪੰਦ ਖਪਤਿ ਨ ਆਵਣ ਜਾਣੀ॥
ਖੰਡ ਪਤਾਲ ਸਪਤ ਨਹੀਂ ਸਾਰਗ ਨਦੀ ਨ ਨੀਰ ਵਗਇਦਾ॥
ਨ ਤਦ ਸੁਰਗ ਮੱਛ ਪਇਆਲਾ॥ ਦੋਲਕ ਭਿਸਤ ਨਹੀਂ ਹੈ ਕਾਲਾ॥
ਨਰਕੁ ਸੁਰਗੁ ਨਹੀਂ ਜੁਮਣ ਮਰਣਾ ਨ ਕੋ ਆਇਨ ਜਾਇਦਾ॥
ਬ੍ਰਹਮਾ ਬਿਸਨੁ ਮਹੇਸ ਨ ਕੋਈ ਅਵਰੁਨ ਦੀਸੈ ਏਕੇ ਸੋਈ॥
ਨਰਿ ਪੁਰਖੁ ਨਹੀਂ ਜਾਤਿ ਨ ਜਨਮਾਂ ਨ ਕੋ ਦੁਖੁ ਸੁਖੁ ਪਾਇਦਾ॥
ਹੁਣ ਰਿਗਵੇਦ ਅਤੇ ਬਾਬਾ ਨਾਨਕ ਨੂੰ ਪੜ੍ਹਕੇ ਮੋਦੀ ਦੱਸੇ ਉਸ ਦਾ ਰਾਮ ਕੌਣ ਹੈ ਅਤੇ ਕਦੋਂ ਵਾਲਾ ਹੈ। ਹੋਰ ਸਪਸ਼ਟ ਹੋਣਾ ਹੈ ਤਾਂ “ਨਾਨਕ ਨਿਰਭਉ ਨਿਰੰਕਾਰ ਹੋਰਿ ਕੇਤੇ ਰਾਮ ਰਵਾਲ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 464-65
ਜਾਂ ਫਿਰ
ਕਬੀਰ ਰਾਮ ਕਹਿਣ ਮਹਿ ਭੇਦ ਹੈ ਤਾਂ ਮਹਿ ਏਕ ਵਿਚਾਰੁ॥
ਸੋਈ ਰਾਮ ਸਭੈ ਕਹਿ ਸੋ ਕੁਤਹੁ ਹਾਰ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1374-75)
ਮੋਦੀ ਜੀ, ਰਾਮ ਨੂੰ ਇੰਨਾ ਨੀਵਾਂ ਨਾ ਲਿਆਉ, ਇਹਨੂੰ ਬ੍ਰਹਮ ਸਰੂਪ ਈਸ਼ਵਰ ਹੀ ਰਹਿਣ ਦਿਓ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4618)
(ਸਰੋਕਾਰ ਨਾਲ ਸੰਪਰਕ ਲਈ: (