SuchaSKhatra7ਇਸ ਅਤੇ ਇਸ ਜਿਹੀਆਂ ਹੋਰ ਘਟਨਾਵਾਂ ਵਾਪਰਨ ਦੇਣ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਰਾਜਸੀ ਲਾਹਾ ਖੱਟਣ ਵਾਲਿਆਂ ਨੂੰ ...
(1 ਮਾਰਚ 2023)
ਇਸ ਸਮੇਂ ਮਹਿਮਾਨ: 144.


ਅੰਮ੍ਰਿਤਪਾਲ ਸਿੰਘ ਦਾ ਪੰਜਾਬ ਵਿੱਚ ਉਭਾਰ ਇੱਕ ਸਚਾਈ ਹੈ
ਛੋਟੀ ਹੈ, ਵੱਡੀ ਹੈ, ਇਹ ਫੈਸਲਾ ਥੋੜ੍ਹੇ ਸਮੇਂ ਵਿੱਚ ਹੋ ਜਾਵੇਗਾਜੇਕਰ ਹੱਲ ਕਰਨਾ ਹੋਵੇ ਤਾਂ ਭਾਵੇਂ ਆਪਣੀ ਕਿਸਮ ਦੀ ਅਣਕਿਆਸੀ ਸਮੱਸਿਆ ਹੈ, ਪਰ ਵੱਡੀ ਸਮੱਸਿਆ ਨਹੀਂ ਪਰ ਜੇ ਹੱਲ ਅਤੇ ਬੇਈਮਾਨੀ ਇਕੱਠੇ ਚਲਾਉਣੇ ਹਨ ਤਾਂ ਇਹ ਛੋਟੀ ਹੁੰਦਿਆਂ ਵੀ ਵੱਡੀ ਹੈ

ਗਿਆਰਾਂ ਨਵੰਬਰ ਨੂੰ ਇਨ੍ਹਾਂ ਹੀ ਕਾਲਮਾਂ ਵਿੱਚ ਅਸੀਂ ਹੱਲ ਲਿਖਿਆ ਸੀ ਕਿ ਇਸ ਭੇਦ-ਭਰੇ ਉਭਾਰ ਦਾ ਹੱਲ ਪ੍ਰਸ਼ਾਸਨਕ ਨਹੀਂ, ਵਿਚਾਰਧਾਰਕ ਹੈਪ੍ਰਸ਼ਾਸਨਕ ਕਦਮ ਲੈਣੇ ਹੁੰਦੇ ਹਨ, ਪਰ ਇਸ ਤੋਂ ਪਹਿਲਾਂ ਵਿਚਾਰਧਾਰਕ ਉਪਾਅ ਕਰਦਿਆਂ ਪੰਜਾਬ ਦੀ ਜਨਤਾ, ਖਾਸ ਤੌਰ ’ਤੇ ਸਿੱਖ ਜਨ-ਸਮੂਹ ਬੋਲ ਉੱਠਦੇ ਕਿ ਇਹ ਗਲਤ ਹੈਇਹ ਕੰਮ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿਆਸੀ ਪਾਰਟੀਆਂ, ਸਿੱਖ ਬੁੱਧੀਜੀਵੀ ਅਤੇ ਸਰਕਾਰ ਨੂੰ ਮਿਲ ਬੈਠ ਕੇ, ਬੇਈਮਾਨੀ ਤੋਂ ਉੱਪਰ ਉੱਠ ਕੇ ਖਾਲਿਸਤਾਨ ਦੇ ਸਵਰਗ-ਨਰਕ ਦੇ ਦਰਸ਼ਨ ਪੰਜਾਬ ਨੂੰ ਹੀ ਨਹੀਂ, ਦੇਸ਼ ਦੁਨੀਆ ਤਕ ਨੂੰ ਵਿਖਾ ਦੇਣੇ ਚਾਹੀਦੇ ਸਨ, ਪਰ ਇਸਦੇ ਨਾਲ ਹੀ ਹਿੰਦੂ ਰਾਸ਼ਟਰ ਦੇ ਅਰਥ ਵੀ ਉਸੇ ਵਿਆਕਰਣ ਵਿੱਚ ਬਰਾਬਰ ਕਰਨੇ ਪੈਣੇ ਸਨ

ਖਾਲਿਸਤਾਨ ਬਣਨਾ ਜਾਂ ਨਹੀਂ ਬਣਨਾ ਜੇਕਰ ਮੁੱਦਾ ਪਾਸੇ ਵੀ ਰੱਖ ਦੇਈਏ, ਇਸਦੀ ਮੰਗ ਕਰਨ ਦੇ ਅਧਾਰ ਤਾਂ ਘਟਾ ਕੇ ਵੇਖੇ ਨਹੀਂ ਜਾ ਸਕਦੇ ਇਨ੍ਹਾਂ ਅਧਾਰਾਂ ਨੂੰ ਬਣਾਉਣ ਵਿੱਚ ਭੂਮਿਕਾ ਮੁੱਖ ਤੌਰ ’ਤੇ ਸਰਕਾਰਾਂ ਦੀ, ਸਿਆਸੀ ਪਾਰਟੀਆਂ ਦੀ ਤੇ ਧਾਰਮਕ ਸੰਸਥਾਵਾਂ, ਸੰਗਠਨਾਂ ਦੀ ਰਹੀ ਹੈ

ਪੰਜਾਬ ਦੇ ਬੱਚੇ, ਉਹ ਵੀ ਦੇਸ਼ ਦੇ ਹੋਰ ਹਿੱਸਿਆਂ ਤੋਂ ਗਿਣਤੀ ਵਿੱਚ ਕਿਤੇ ਵਧੇਰੇ ਚੰਗੀ ਸਿੱਖਿਆ ਅਤੇ ਰੁਜ਼ਗਾਰ ਲਈ ਕਤਾਰਾਂ ਬੰਨ੍ਹ ਕੇ ਬਾਹਰ ਜਾ ਰਹੇ ਹਨਮੋਟੇ ਤੌਰ ’ਤੇ 1980 ਤੋਂ ਬਾਅਦ ਹਰ ਸਰਕਾਰ ਇਸ ਲਈ ਜ਼ਿੰਮੇਵਾਰ ਹੈਸਰਕਾਰੀ ਪ੍ਰਾਈਵੇਟ ਸਕੂਲ, ਕਾਲਜ, ਯੂਨੀਵਰਸਿਟੀਆਂ ਸਮੇਤ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਵਿੱਚ ਇੱਕ ਵੀ ਅਜਿਹੀ ਨਹੀਂ, ਜਿਹੜੀ ਆਪਣੇ ਮਿਆਰ ਲਈ ਬਦੇਸ਼ਾਂ ਵਿੱਚ ਨਾ ਸਹੀ, ਦੇਸ਼ ਵਿੱਚ ਜਾਣੀ ਜਾਂਦੀ ਹੋਵੇ ਸਗੋਂ ਸਥਿਤੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੇ ਆਪਣੇ ਇੰਜਨੀਅਰਿੰਗ ਕਾਲਜਾਂ ਵਿੱਚ ਪੰਜਾਬੀਆਂ ਦੇ ਬੱਚੇ ਘਟਦੇ ਅਤੇ ਬਾਹਰਲੇ ਸੂਬਿਆਂ ਦੇ ਬੱਚੇ ਵਧਦੇ ਜਾ ਰਹੇ ਹਨਸਾਡੀ ਸਿੱਖਿਆ ਦਾ ਪੱਧਰ ਵੇਖਣਾ ਹੋਵੇ ਤਾਂ ਪਿਛਲੇ ਦੋ ਸਾਲਾਂ ਤੋਂ, ਖਾਸ ਤੌਰ ’ਤੇ ਇਸ ਵਰ੍ਹੇ ਦੇ ਬੋਰਡ ਦੇ ਪ੍ਰਸ਼ਨ-ਪੱਤਰਾਂ ਨੂੰ ਪੰਦਰਾਂ ਵਰ੍ਹੇ ਪਹਿਲਾਂ ਵਾਲੇ ਪ੍ਰਸ਼ਨ ਪੱਤਰਾਂ ਬਰਾਬਰ ਰੱਖ ਕੇ ਪੱਧਰ ਵੇਖਿਆ ਜਾ ਸਕਦਾ ਹੈਉੱਤਰ-ਪੱਤਰੀਆਂ ਚੈੱਕ ਕਰਦਿਆਂ ਨੂੰ ਮਿਲਦੀਆਂ ਹਦਾਇਤਾਂ ਰਹਿੰਦੀ ਘਾਟ ਪੂਰੀ ਕਰਦੀਆਂ ਹਨਇਨ੍ਹਾਂ ਮਿਆਰਾਂ ਨਾਲ ਪਾਸ ਹੋਣ ਵਾਲੇ ਥਾਂ-ਥਾਂ ਅਜਨਾਲਾ ਸਿਰਜਣਗੇਸਰਕਾਰਾਂ ਬੇਈਮਾਨੀ ਨਾਲ ਓਤਪੋਤ ਕਿਰਦਾਰ ਨਿਭਾ ਰਹੀਆਂ ਹਨਸਿੱਖਿਆ ਦੇ ਮਿਆਰ ਪੱਖੋਂ ਵਲੂੰਧਰੇ ਬੱਚਿਆਂ ਦੇ ਜ਼ਖ਼ਮਾਂ ਉੱਤੇ ਬੇਰੁਜ਼ਗਾਰੀ ਦਾ ਨਮਕ ਛਿੜਕ ਕੇ ਉਨ੍ਹਾਂ ਨੂੰ ਪੂਰਾ ਬੇਚੈਨ ਬਣਾ ਰੱਖਿਆ ਹੈ, ਨਸ਼ਿਆਂ ਦੀ ਲੋਰ ਕਿੰਨੀ ਕੁ ਦੇਰ?

ਚੰਡੀਗੜ੍ਹ, ਬੀ ਬੀ ਐੱਮ ਬੀ ਦੇ ਨਵੇਂ ਜ਼ਖ਼ਮ ਹਨਇਸ ਤੋਂ ਪਹਿਲਾਂ ਬਹਿਬਲ ਕਲਾਂ - ਬਰਗਾੜੀ ਵਿਸ਼ੇਸ਼ ਤੌਰ ’ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਲਟਕਾਉਣ ਨਾਲ ਸਿੱਖਾਂ ਅੰਦਰ ਸ਼ਰਾਰਤੀ ਟੋਲਿਆਂ ਨੂੰ ਪੈਰ ਜਮਾਉਣ ਲਈ ਅਧਾਰ ਦਿੱਤੇ ਜਾ ਰਹੇ ਹਨਸੂਝਵਾਨ ਪੰਜਾਬੀ ਕਿਵੇਂ ਬੋਲੇ, ਕੀ ਖੋਲ੍ਹੇਪੰਜਾਬੀਆਂ ਦਾ ਦੁਖਾਂਤ ਰਹੇਗਾ ਕਿ ਅਜਨਾਲਾ ਕਾਂਡ ਵਰਗੇ ਮੁੱਦੇ ਦੀ ਉਨ੍ਹਾਂ ਨੂੰ ਸਮਝ ਹੀ ਨਹੀਂ ਆਏਗੀਵੱਖ-ਵੱਖ ਧਿਰਾਂ ਦੇ ਪ੍ਰਤੀਕਰਮਾਂ ਨੇ ਉਨ੍ਹਾਂ ਧਿਰਾਂ ਦੇ ਨਕਾਬ ਲਾਹ ਕੇ ਉਨ੍ਹਾਂ ਦਾ ਇੱਕ ਸਾਂਝਾ ਪੱਖ ਨੰਗਾ ਕਰ ਦਿੱਤਾ ਹੈਉਹ ਸਾਂਝਾ ਪੱਖ ਹੈ ਆਪਣੀ-ਆਪਣੀ ਰੋਟੀ ਸੇਕਣੀ ਅਤੇ ਪੰਜਾਬ ਪ੍ਰਤੀ ਬੇਈਮਾਨੀਅੰਮ੍ਰਿਤਪਾਲ ਸਿੰਘ ਆਪ ਅਤੇ ਆਪਣੇ ਹਜੂਮ ਦੀ ਕਾਇਰਤਾ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੱਛੇ ਨਹੀਂ ਛੁਪਾਉਂਦੇ, ਪੰਜਾਬ ਸਰਕਾਰ ਵੀ ਆਪਣੀ ਕਮਜ਼ੋਰੀ, ਬੇਈਮਾਨੀ ਅਤੇ ਮੌਕਾਪ੍ਰਸਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਪਿੱਛੇ ਛੁਪਾ ਰਹੀ ਹੈਸਰਕਾਰ ਪਾਸ ਕੀ ਜਵਾਬ ਹੈ ਕਿ ਕਈ ਦਿਨ ਪਹਿਲਾਂ ਤੋਂ ਆ ਰਹੀ ਸਿੱਧੀ ਵੰਗਾਰ ਦਾ ਨੋਟਿਸ ਕਿਉਂ ਨਹੀਂ ਲਿਆ ਗਿਆ? ਘਟਨਾਕਰਮ ਨੂੰ ਇਸ ਤਰ੍ਹਾਂ ਵਾਪਰਨ ਦੇਣਾ ਸਿਆਸੀ ਮਕਸਦ ਦੀ ਪ੍ਰਾਪਤੀ ਲਈ ਕੀਤੀ ਬੇਈਮਾਨੀ ਹੈਮਕਸਦ ਅਕਾਲੀ ਦਲ ਦੀ ਰਹਿੰਦ ਖੂੰਹਦ ਨੂੰ ਅੰਮ੍ਰਿਤਪਾਲ ਨੂੰ ਹੀਰੋ ਬਣਾ ਕੇ ਸਿੱਖ ਜਨ-ਸਮੂਹਾਂ ਵਿੱਚ ਹੋਰ ਬੌਣਾ ਬਣਾਉਣਾ ਹੈਸ਼੍ਰੋਮਣੀ ਕਮੇਟੀ ਨਾਲ ਵੀ ਇਸੇ ਖੇਡ ਰਾਹੀਂ ਨਿਪਟਣ ਦੀ ਬੇਈਮਾਨ ਕੋਸ਼ਿਸ਼ ਹੈਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਲੱਗੀ ਠੇਸ ਵਿਰੁੱਧ ਸਖ਼ਤ ਸਟੈਂਡ ਲੈਂਦੇ, ਅੰਮ੍ਰਿਤਪਾਲ ਨੂੰ ਅਲੱਗ-ਥਲੱਗ ਕਰਦੇ ਅਤੇ ਇਸ ਘਟਨਾ ਰਾਹੀਂ ਸਿੱਖ ਜਨ-ਸਮੂਹਾਂ ਦੀ ਸਮਝਦਾਰੀ ਵਿੱਚ ਵਾਧਾ ਕਰਦੇ, ਪਰ ਡਰਪੋਕਤਾ ਵਿਖਾ ਕੇ ਅਜਿਹੀਆਂ ਘਟਨਾਵਾਂ ਮੁੜ ਵਾਪਰਨ ਦੇ ਰਸਤੇ ਖੁੱਲ੍ਹੇ ਰਹਿਣ ਦਿੱਤੇ ਗਏ ਹਨਹੈਰਾਨੀ ਹੈ, ਅੱਜ ਸਤਿਕਾਰ ਕਮੇਟੀਆਂ ਵੀ ਚੁੱਪ ਹਨ

ਪੰਜਾਬ ਦੀ ਕਾਂਗਰਸ, ਜਿਸਦਾ ਭਾਜਪਾ ਨਾਲੋਂ ਨਿਖੇੜਾ ਕਰਨਾ ਔਖਾ ਹੈ, ‘ਉਡੀਕ ਅਤੇ ਵੇਖੋ’ ਦੀ ਖੇਡ ਖੇਡ ਰਹੀ ਹੈਭਾਜਪਾ 2024 ਦੀ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਮੁੱਦਿਆਂ ਦੀ ਤਲਾਸ਼ ਵਿੱਚ ਹੈਰਾਮ ਮੰਦਰ ਅਤੇ ਧਾਰਾ 370 ਘਸ ਗਿਆ ਲੱਗਦਾ ਹੈਸਾਂਝਾ ਸਿਵਲ ਕੋਡ ਸਰਪੱਟ ਦੌੜ ਨਹੀਂ ਰਿਹਾਹਿੰਦੂ ਰਾਸ਼ਟਰ ਦਾ ਮੁੱਦਾ ਹੀ ਬਾਕੀ ਹੈਅੰਮ੍ਰਿਤਪਾਲ ਨੇ ਦੁਬਿਧਾ ਖੜ੍ਹੀ ਕਰ ਦਿੱਤੀ ਹੈਅੰਮਿਤਪਾਲ ਸਿੰਘ ਨੇ ਅਮਿਤ ਸ਼ਾਹ ਨੂੰ ਆਖ ਦਿੱਤਾ ਹੈ ਕਿ ਜੇਕਰ ਭਾਜਪਾ ਹਿੰਦੂ ਰਾਸ਼ਟਰ ਦੀ ਮੰਗ ਕਰ ਸਕਦੀ ਹੈ ਤਾਂ ਉਹ (ਅੰਮ੍ਰਿਤਪਾਲ ਸਿੰਘ) ਖਾਲਿਸਤਾਨ ਦੀ ਮੰਗ ਕਿਉਂ ਨਹੀਂ ਕਰ ਸਕਦਾਇਹ ਕਹਿ ਕੇ ਇੱਕ ਪਾਸੇ ਅੰਮ੍ਰਿਤਪਾਲ ਸਿੰਘ ਨੇ ਹਿੰਦੂ ਰਾਸ਼ਟਰ ਲਈ ਆਪਣੇ ਵੱਲੋਂ ਸਿੱਖਾਂ ਦੀ ਸਹਿਮਤੀ ਦੇ ਦਿੱਤੀ ਹੈ, ਪਰ ਨਾਲ ਹੀ ਹਿੰਦੂ ਰਾਸ਼ਟਰ ਦੇ ਅਖੰਡ ਭਾਰਤ ਵਿੱਚੋਂ ਖਾਲਿਸਤਾਨ ਰਾਹੀਂ ਪੰਜਾਬ ਨੂੰ ਨਿਖੇੜ ਲਿਆ ਹੈਭਾਜਪਾ ਨੂੰ ਹਿੰਦੂ ਰਾਸ਼ਟਰ ਲਈ ਅੰਮ੍ਰਿਤਪਾਲ ਸਿੰਘ ਦੀ ਸਹਿਮਤੀ ਤਾਂ ਮਿੱਠੀ ਲਗਦੀ ਹੈ, ਪਰ ਅਖੰਡ ਭਾਰਤ ਵਿੱਚੋਂ ਪੰਜਾਬ ਨੂੰ ਬਾਹਰ ਕੱਢਦਾ ਉਸ ਨੂੰ ਕੌੜਾ ਲਗਦਾ ਹੈ2024 ਦੀਆਂ ਚੋਣਾਂ ਲਈ ਅੰਮ੍ਰਿਤਪਾਲ ਸਿੰਘ ਦਾ ਵਧਣਾ-ਫੁੱਲਣਾ ਭਾਜਪਾ ਦੇ ਹੱਕ ਵਿੱਚ ਜਾਵੇਗਾ, ਕਿਉਂਕਿ ਪੰਜਾਬ ਦੀ ਸਰਕਾਰ ਕੁਝ ਕਰਦੀ ਨਜ਼ਰ ਨਹੀਂ ਆਉਂਦੀਇਸ ਲਈ ਭਾਜਪਾ ਇਸ ਘਟਨਾਕ੍ਰਮ ਨਾਲ ਦੋ ਨਿਸ਼ਾਨੇ ਸਾਧੇਗੀਇੱਕ ਪਾਸੇ ਉਹ ਪੰਜਾਬ ਉੱਤੇ ਰਾਸ਼ਟਰਪਤੀ ਰਾਜ ਲਾਗੂ ਕਰੇਗੀ, ਦੂਜੇ ਪਾਸੇ ਉਹ ਅੰਮ੍ਰਿਤਪਾਲ ਸਿੰਘ ਦਾ ਪ੍ਰਬੰਧ ਕਰਕੇ ਆਪਣੇ ਆਪ ਨੂੰ ਹਿੰਦੂਆਂ, ਪੰਜਾਬ ਅਤੇ ਭਾਰਤ ਦੀ ਏਕਤਾ ਅਖੰਡਤਾ ਦੀ ਰਖਵਾਲੀ ਕਰਨ ਵਾਲੀ ਅਖਵਾਏਗੀ, ਪਰ ਇਨ੍ਹਾਂ ਕਦਮਾਂ ਨੂੰ ਪੁੱਟਣ ਲਈ ਹਾਲੇ ਸਮਾਂ ਨਹੀਂ ਆਇਆ

ਸਿੱਖਾਂ ਦੀ ਸਦੀਆਂ ਦੀ ਕਮਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿੰਮਾ, ਸਿੱਖ ਵਿਚਾਰਧਾਰਾ ਅਤੇ ਵਿਸ਼ਵ ਭਰ ਵਿੱਚ ਫੈਲੇ ਸਿੱਖ ਜਨਮ ਸਮੂਹਾਂ ਨੂੰ ਇਸ ਘਟਨਾ ਨੇ ਠੇਸ ਪਹੁੰਚਾਈ ਹੈਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਥਾਣੇ ਉੱਤੇ ਹਮਲੇ ਲਈ ਢਾਲ਼ ਵਜੋਂ ਵਰਤਣ ਦੀ ਪਰਿਪਾਟੀ ਪ੍ਰੰਪਰਾ ਨਾਲ ਨਜਿੱਠਣ ਲਈ ਸਰਕਾਰਾਂ ਨੇ ਪ੍ਰਬੰਧ ਕਰਨੇ ਹੀ ਹਨਇਸ ਦਿਸ਼ਾ ਵਿੱਚ ਸਰਕਾਰਾਂ ਵੱਲੋਂ ਜੋ ਵੀ ਕੀਤਾ ਜਾਵੇਗਾ, ਉਸ ਨਾਲ ਇਹ ਘਟਨਾ ਇਤਿਹਾਸ ਵਿੱਚ ਕਿਸ ਰੂਪ ਵਿੱਚ ਜੁੜੇਗੀ, ਇਸਦਾ ਅੰਦਾਜ਼ਾ ਸਿੱਖ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਰੱਖਣ ਵਾਲੇ ਆਪ ਅੰਦਾਜ਼ਾ ਲਾ ਲੈਣਅਸੀਂ ਉਨ੍ਹਾਂ ਬੁੱਧੀਜੀਵੀ ਅਖਵਾਉਣ ਵਾਲਿਆਂ ਦੀ ਬੁੱਧੀ ਅਤੇ ਇਤਿਹਾਸਕ ਸਮਝ ਤੋਂ ਵਾਰੇ-ਵਾਰੇ ਜਾਂਦੇ ਹਾਂ, ਜਿਹੜੇ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਪ੍ਰੰਪਰਾ ਹੈ ਕਿ ਦੁਸ਼ਮਣ ਉੱਤੇ ਹਮਲਿਆਂ ਸਮੇਂ ਮੁਹਿੰਮਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਫੌਜਾਂ ਆਪਣੇ ਨਾਲ ਲਿਜਾਂਦੀਆਂ ਰਹੀਆਂ ਹਨਅਜਿਹੇ ਇਤਿਹਾਸਕ ਪ੍ਰਮਾਣ ਇਨ੍ਹਾਂ ਕੋਲ ਹੀ ਹੋ ਸਕਦੇ ਹਨ, ਪਰ ਇਹ ਹਰ ਕੋਈ ਜਾਣਦਾ ਕਿ ਸਿੱਖ ਅਤੇ ਪੰਜਾਬ ਰੈਜੀਮੈਂਟਾਂ ਜਿੱਥੇ ਵੀ ਜਾਂਦੀਆਂ ਹਨ, ਗੁਰਦੁਆਰਾ ਸਾਹਿਬ ਨਾਲ ਲਿਜਾਂਦੀਆਂ ਹਨ, ਪਰ ਲੜਾਈ ਸਮੇਂ ਗੁਰਦੁਆਰਾ ਅਤੇ ਮੰਦਰ ਪਿੱਛੇ (ਰੀਅਰ) ਵਿੱਚ ਰੱਖੇ ਜਾਂਦੇ ਹਨਉਂਝ ਅਜਨਾਲਾ ਵਿਖੇ ਜਿਹੜਾ ਵੀ ‘ਕਿਲ੍ਹਾ’ ਜਿੱਤਿਆ ਗਿਆ, ਜਿਹੜਾ ਵੀ ‘ਦੁਸ਼ਮਣ’ ਹਰਾਇਆ ਗਿਆ, ਇਸ ਸਭ ਕੁਝ ਨੂੰ ਇਹ ਬੁੱਧੀਜੀਵੀ ਵਿਦਵਾਨ ਆਪਣੇ ਵੱਲੋਂ ਲਿਖੇ ‘ਇਤਿਹਾਸ’ ਵਿੱਚ ਸ਼ਾਮਲ ਨਾ ਕਰਨ, ਸਾਡੀ ਇਹ ਬੇਨਤੀ ਹੈ

ਹੁਣ ਵੀ ਸਮਾਂ ਹੈ, ਪੰਜਾਬ ਸਰਕਾਰ ਗੱਪ-ਗਪੌੜ ਤੋਂ ਬਾਹਰ ਆਏ, ਸਭ ਸਿਆਸੀ ਪਾਰਟੀਆਂ (ਭਾਜਪਾ ਤੋਂ ਬਗੈਰ) ਧਾਰਮਕ ਸੰਗਠਨਾਂ, ਸਾਹਿਤਕ ਸੰਸਥਾਵਾਂ, ਬੁੱਧੀਜੀਵੀਆਂ ਨੂੰ ਅਖਬਾਰਾਂ ਦੇ ਪਹਿਲੇ ਪੰਨੇ ਉੱਤੇ ਪੰਜਾਬ ਵਿੱਚ ਅਮਨ ਲਈ ਸੱਦਾ ਦੇਵੇਉਪਰੰਤ ਕੋਈ ਸਾਂਝਾ ਪ੍ਰੋਗਰਾਮ ਬਣਾ ਕੇ ਇਨ੍ਹਾਂ ਸਾਰੀਆਂ ਧਿਰਾਂ ਦੇ ਨਾਂਅ ਉੱਤੇ, ਇਨ੍ਹਾਂ ਦੇ ਆਗੂਆਂ ਦੇ ਨਾਂਵਾਂ ਅਧੀਨ ਪ੍ਰੋਗਰਾਮ ਦਾ ਇਸ਼ਤਿਹਾਰ ਦਿੱਤਾ ਜਾਏਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਸਭ ਪਹਿਚਾਣਦੇ ਹਨਅਜਿਹੇ ਇਸ਼ਤਿਹਾਰਾਂ ਵਿੱਚ ਫੋਟੋ ਦੇਣਾ ਬੇਲੋੜਾ ਹੈਯਾਦ ਰਹੇ ਇਹ ਘਟਨਾ ਅਤੇ ਘਟਨਾਕ੍ਰਮ ਦੱਸਦਾ ਹੈ ਕਿ ਪੰਜਾਬ ਸਰਕਾਰ ਤੋਂ ਜਨ-ਸਮੂਹ ਸੰਤੁਸ਼ਟ ਨਹੀਂ ਹਨਇਸ ਅਤੇ ਇਸ ਜਿਹੀਆਂ ਹੋਰ ਘਟਨਾਵਾਂ ਵਾਪਰਨ ਦੇਣ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਰਾਜਸੀ ਲਾਹਾ ਖੱਟਣ ਵਾਲਿਆਂ ਨੂੰ ਆਪਣੀਆਂ ਗਿਣਤੀਆਂ-ਮਿਣਤੀਆਂ ਸੁਧਾਰ ਲੈਣੀਆਂ ਚਾਹੀਦੀਆਂ ਹਨ, ਕੁਲ ਜੋੜ ਜ਼ੀਰੋ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3823)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਸੁੱਚਾ ਸਿੰਘ ਖੱਟੜਾ

ਸੁੱਚਾ ਸਿੰਘ ਖੱਟੜਾ

Tel: (91 - 94176 - 52947)

More articles from this author