HarparkashSRai7“ਜਦੋਂ ਸ਼ੈੱਡ ਦੇ ਉੱਪਰ ਚੜ੍ਹੇ, ਹੋਰ ਸਾਰੇ ਤਾਂ ਤਾਰਾਂ ਉੱਤੇ ਭੱਜੇ ਫਿਰਨ, ਪਰ ਮੇਰੀਆਂ ਲੱਤਾਂ ਕੰਬਣ ...”
(ਸਤੰਬਰ 12, 2015)


ਦੋ ਕੁ ਦਿਨ ਵਧਾਈਆਂ ਲੈਣ ਤੋਂ ਬਾਅਦ ਕੰਮ ਲੱਭਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪਰ ਕਿਤੇ ਵੀ ਗੱਲ ਨਾ ਬਣੇ। ਉੰਨੇ ਦਿਨ ਮੈਂ ਸੁੱਖ ਨਾਲ਼ ਉਸਦੇ ਰੈਸਟੋਰੈਂਟ ਤੇ ਚਲੇ ਜਾਇਆ ਕਰਨਾ। ਉਨ੍ਹਾਂ ਮੈਨੂੰ ਕਿਹਾ, ਜੋ ਮਰਜੀ ਆ ਖਾ-ਪੀ ਲੈ। ਬਾਰ ਉੱਤੇ ਫੈਂਟੇ
ਕੋਲ਼ੇ ਦੇਖ ਕੇ ਪਿੰਡ ਯਾਦ ਆ ਗਿਆ। ਹੁਣ ਜਮਾਨਾ ਬਦਲ ਗਿਆ ਹੈ ਪਰ ਸਾਡੇ ਵੇਲੇ ਤੇ ਹਾੜ੍ਹੀ-ਸਾਉਣੀ ਨਸੀਬ ਹੁੰਦਾ ਸੀ, ਉਹ ਵੀ ਗੋਲ਼ੀ ਵਾਲਾ ਬੱਤਾ। ਕਈ ਵਾਰ ਦੁਕਾਨ ਵਾਲੇ ਬਰਫ ਦੇ ਪੈਸੇ ਵੱਖਰੇ ਲਾਉਂਦੇ ਸੀ। ਫਰਿੱਜ ਤਾਂ ਕਿਸੇ ਕਰਮਾਂ ਵਾਲੇ ਦੇ ਘਰ ਹੁੰਦੀ ਸੀ। ਜੇ ਕਿਤੇ ਪ੍ਰਾਹੁਣੇ ਆ ਜਾਣੇ ਤਾਂ ਸਾਈਕਲ ਉੱਤੇ ਸਾਰੇ ਪਿੰਡ ਦੀਆਂ ਹੱਟੀਆਂ ਤੋਂ ਬਰਫ ਪੁੱਛਦੇ ਫਿਰਨਾ। ਜੇ ਬਰਫ ਮਿਲ਼ ਜਾਣੀ, ਫਿਰ ਨਿੰਬੂ ਨਾ ਮਿਲਣੇ ਸ਼ਕੰਜਵੀਂ ਬਣਾਉਣ ਲਈ। ਅੱਜ ਵੀ ਚੇਤੇ ਵਿੱਚ ਗਲ਼ੀ ਦੇ ਨਿਆਣੇ ਸਿਖਰ ਦੁਪਿਹਰ ਨੂੰ ਕੱਪੜੇ ਜਾਂ ਕੌਲੇ ਵਿੱਚ ਦਾਣੇ ਪਾ ਕੇ ਕੁਲਫੀ ਵਾਲੇ ਭਾਈ ਦੇ ਮਗਰ ਭੱਜਦੇ ਨਜ਼ਰ ਆਉਂਦੇ ਆ।  ... ਇੱਥੇ ਤਾਂ ਕੋਲੇ ਤੇ ਆਈਸ-ਕਰੀਮਾਂ ਵੀ ਵਾਧੂ ਸੀ। ਆਪਾਂ ਵੀ ਫਿਰ ਪੂਰੀਆਂ ਗਿੱਦੜ ਲੇਹੜਾਂ ਮਾਰੀਆਂ। ਖਾਣ-ਪੀਣ ਨੂੰ ਤਾਂ ਮਿਲੀ ਜਾਂਦਾ ਸੀ ਪਰ ਅੱਠ ਦਿਨ ਬੀਤ ਜਾਣ ਦੇ ਬਾਅਦ ਵੀ ਕੰਮ ਨਾ ਮਿਲਿਆ।

ਜਿਹੜੇ ਰਿਸ਼ਤੇਦਾਰ ਮੁੰਡਿਆਂ ਸੁੱਖ, ਸਿੱਧੂ ਤੇ ਗੁਰੀ ਕੋਲ਼ ਮੈਂ ਆਇਆ ਸੀ, ਸਫਰ ਉੁਹਨਾਂ ਦਾ ਵੀ ਦਿਲ ਦਹਿਲਾ ਦੇਣ ਵਾਲਾ ਸੀ। ਮੈਨੂੰ ਯਾਦ ਆ ਉਦੋਂ ਅਸੀਂ ਹੀ ਇਹਨਾਂ ਦੀ ਗੱਲ ਕਰਕੇ ਆਏ ਸੀ ਕਿਸੇ ਨਾਲ਼ ਪਰ ਬਾਅਦ ਵਿੱਚ ਹਕੀਕਤ ਕੁਝ ਹੋਰ ਈ ਨਿੱਕਲ਼ੀ। ਉਮਰ ਅਠਾਰਾਂ ਸਾਲ ਤੋਂ ਘੱਟ ਹੋਣ ਕਰਕੇ ਕਹਿੰਦੇ ਇਹਨਾਂ ਦਾ ਟੂਰਿਸਟ ਵੀਜ਼ਾ ਨਹੀਂ ਲੱਗਣਾਪੈਸੇ ਉਹਨਾਂ ਵੱਲ ਗਏ ਹੋਣ ਕਰਕੇ ਦੋ ਨੰਬਰ ਵਿੱਚ ਹੀ ਤੁਰ ਪਏ। ਜਹਾਜ਼ ਉੱਤੇ ਪਹਿਲਾਂ ਇਹਨਾਂ ਨੂੰ ਅਫਰੀਕਾ ਦੇ ਅਬੀਜਾਨ ਵਿੱਚ ਲੈ ਗਏ। ਉੱਥੋਂ ਅੱਧੀ ਰਾਤ ਨੂੰ ਤੋਰ ਕੇ ਬਾਰਡਰ ਪਾਰ ਕਰਾਉਂਦੇ ਸੀ। ਦੱਸਦੇ ਨੇ ਕਿ ਸਾਰੇ ਪਾਸੇ ਰੇਗਿਸਤਾਨ ਸੀ। ਕਦੇ ਗੱਡੀ ਵਿੱਚ ਲੁਕਾ ਕੇ ਤੇ ਕਦੇ ਤੋਰ ਕੇ ਮੋਰਾਕੋ ਦੇ ਜੰਗਲਾਂ ਵਿੱਚ ਲੈ ਗਏਜਦੋਂ ਕਿਸੇ ਕੋਲੋਂ ਤੁਰਿਆ ਨਾ ਜਾਣਾ ਤਾਂ ਡੌਂਕਰਾਂ ਨੇ ਕੁੱਟ-ਕੁੱਟ ਕੇ ਤੋਰਨੇ। ਦੱਸਦੇ ਨੇ ਕਿ ਇਹਨਾਂ ਨੂੰ ਵੀ ਬਹੁਤ ਕੁੱਟ ਪਈ ਉੱਥੇ। ਜੰਗਲ ਵਿੱਚ ਕੋਈ ਵੀ ਰੋਟੀ-ਪਾਣੀ ਨਹੀਂ ਸੀ ਮਿਲਦਾ। ਜਦੋਂ ਭੁੱਖ ਲੱਗਣੀ ਤਾਂ ਪਿੰਡਾਂ ਵਿੱਚੋਂ ਰੋਟੀ ਮੰਗ ਕੇ ਲਿਆਉਣੀ। ਕਈ ਦਿਨ ਮੰਗਵੀਂ ਰੋਟੀ ਨਾਲ਼ ਹੀ ਗੁਜਾਰਾ ਚੱਲਦਾ ਰਿਹਾ। ਫਿਰ ਉੱਥੋਂ ਸਪੇਨ ਨੂੰ ਜਾਣ ਲਈ ਲੈ ਤੁਰਦੇ ਪਰ ਕਾਮਯਾਬੀ ਨਾ ਮਿਲਦੀ। ਇੱਕ ਦਿਨ ਪੰਜ ਜਣਿਆਂ ਨੂੰ ਪਲਾਸਟਿਕ ਦੀ ਬੇੜੀ ਵਿੱਚ ਬਿਠਾ ਕੇ ਸਮੁੰਦਰ ਪਾਰ ਕਰਾਉਣ ਲੱਗੇ। ਰਸਤੇ ਵਿੱਚ ਸਮੁੰਦਰ ਦੀ ਛੱਲ੍ਹ ਆਉਣ ਨਾਲ਼ ਬੇੜੀ ਮੂਧੀ ਹੋ ਗਈ। ਗੁਰੀ ਨੂੰ ਤੈਰਨਾ ਵੀ ਨਹੀਂ ਸੀ ਆਉਂਦਾ। ਜੇ ਇੱਕ ਇਹਦੇ ਨਾਲ਼ ਦਾ ਮੁੰਡਾ, ਜਿਸ ਨੂੰ ਤੈਰਨਾ ਆਉਂਦਾ ਸੀ, ਨਾ ਖਿੱਚ ਕੇ ਲਿਆਉਂਦਾ ਤਾਂ ਇਹ ਤਾਂ ਗਿਆ ਸੀ। ਕਈ ਦਿਨਾਂ ਦੀ ਕੋਸ਼ਿਸ਼ ਤੋਂ ਬਾਅਦ ਇਹ ਸਪੇਨ ਦਾਖਲ ਹੋ ਗਏ। ਪੁਲਿਸ ਨੇ ਫੜ ਕੇ ਇੱਕ ਸ਼ਰਨਾਰਥੀ ਕੈਂਪ ਵਿੱਚ ਭੇਜ ਦਿੱਤਾ। ਜਿੱਥੋਂ ਇਹਨਾਂ ਨੂੰ ਤਿੰਨ-ਚਾਰ ਮਹੀਨਿਆਂ ਬਾਅਦ ਛੱਡਿਆ ਤਾਂ ਫਿਰ ਇਹ ਬਾਹਰ ਆਏ। ਇਹਨਾਂ ਦੀ ਕਹਾਣੀ ਸੁਣ ਕੇ ਤਾਂ ਮੈਂ ਰੱਬ ਦਾ ਸ਼ੁਕਰ ਕਰਦਾ ਸੀ। ...

ਇੱਥੇ ਕੰਮ ਦੀ ਕੋਈ ਗੱਲ ਨਾ ਬਣਦੀ ਦੇਖ ਮੈਂ ਆਪਣੇ ਪਿੰਡ ਦੇ ਇੱਕ ਮੁੰਡੇ, ਜੋ ਪਹਿਲਾਂ ਦਾ ਇੱਥੇ ਰਹਿੰਦਾ ਸੀ, ਨੂੰ ਫੋਨ ਕੀਤਾ। ਉਹ ਖੇਤਾਂ ਦੇ ਕੰਮ ’ਤੇ ਹੋਰ ਮੁੰਡੇ ਲੈ ਕੇ ਜਾਂਦਾ ਸੀ। ਉਹ ਅਗਲੇ ਹੀ ਦਿਨ ਮੈਨੂੰ ਮਿਲਣ ਆ ਗਿਆ। ਮਿਲ ਕੇ ਕਹਿੰਦਾ ਕਿ ਸਾਡੇ ਕੋਲ਼ ਆ ਜਾ ਕੰਮ ਵੀ ਮਿਲ ਜਾਊਗਾ। ਮੈਂ ਦੋ ਕੁ ਦਿਨ ਰੁੱਕ ਕੇ ਉਸ ਦੇ ਪਿੰਡ ਵੱਲ ਤੁਰ ਪਿਆ। ਪੈਸੇ ਰਸਤੇ ਵਿੱਚ ਹੀ ਮੁੱਕ ਜਾਣ ਕਰਕੇ ਹੁਣ ਉਧਾਰ ਦੀ ਜਿੰਦਗੀ ਜੀਅ ਰਿਹਾ ਸੀ। ਸੁੱਖ ਨੇ ਜੋ ਸ਼ਾਪਿੰਗ ਕਰਵਾਈ, ਆਪਾਂ ਪਰਚੀ ਸਾਂਭ ਲਈ। ਫਿਰ ਕੰਮ ਦੀ ਤਲਾਸ਼ ਵਿੱਚ ਮੈਂ ਪੇਂਡੂਆਂ ਦੇ ਪਿੰਡ ਵੱਲ ਤੁਰ ਪਿਆ। ਮੇਰਾ ਪੇਂਡੂ, ਗਵਾਂਢੀ ਤੇ ਬਚਪਨ ਦਾ ਮਿੱਤਰ ਭਾਊ ਨਿੰਮਾ ਇੱਥੇ ਕਾਫੀ ਪਹਿਲਾਂ ਆਇਆ ਸੀ। ਇਹ ਪੜ੍ਹਿਆ-ਲਿਖਿਆ ਤੇ ਫਿਰਿਆ-ਤੁਰਿਆ ਹੋਣ ਕਰਕੇ ਸਪਾਨਿਸ਼ ਵੀ ਜਲਦੀ ਸਿੱਖ ਗਿਆ ਸੀ। ਮਾਝੇ ਨਾਲ਼ ਸੰਬੰਧਤ ਹੋਣ ਕਰਕੇ ਸਾਰੇ ਇਸ ਨੂੰ ਭਾਊ ਕਹਿ ਕੇ ਬੁਲਾਉਂਦੇ ਸਨਭਾਊ ਖੇਤਾਂ ਵਿੱਚ ਕੰਮ ’ਤੇ ਬੰਦੇ ਲੈ ਕੇ ਜਾਂਦਾ ਸੀ। ਭਾਊ ਦੀ ਇੱਕ ਖਾਸੀਅਤ ਹੈ ਕਿ ਇਸ ਕੋਲ਼ ਕਿਸੇ ਲਈ ਨਾਂਹ ਸ਼ਬਦ ਨਹੀਂ ਹੈਗਾ। ਕਿਸੇ ਸੱਤ ਬੇਗਾਨੇ ਨੇ ਵੀ ਜੇ ਫੋਨ ਕਰਕੇ ਕਹਿ ਦਿੱਤਾ ਕਿ ਭਾਊ ਮੈਨੂੰ ਵੀ ਕੰਮ ਤੇ ਲੈ ਜਾ ਤਾਂ ਇਸ ਨੇ ਕਦੇ ਨਾਂਹ ਨਹੀਂ ਕੀਤੀ ਬਾਅਦ ਵਿੱਚ ਭਾਵੇਂ ਅਣਬਣ ਹੀ ਹੋ ਜਾਵੇ ਪਰ ਪਹਿਲੀ ਵਾਰ ਹਰ ਕੋਈ ਭਾਊ ਕੋਲ਼ ਹੀ ਆਉਂਦਾ ਸੀ। ਹਰ ਇੱਕ ਦੀ ਆਪੋ ਆਪਣੀ ਕਹਾਣੀ ਹੈ। ਕਿਸੇ ਲਈ ਭਾਊ ਚੰਗਾ ਹੋਊ, ਕਿਸੇ ਲਈ ਮਾੜਾ ਪਰ ਆਪਣੇ ਲਈ ਭਾਊ ਵਧੀਆ ਸੀ। ਮੈਨੂੰ ਉਸ ਨੇ ਕਿਸੇ ਗੱਲੋਂ ਵੀ ਨਾਂਹ ਨਹੀਂ ਕੀਤੀ ਅੱਜ ਤੱਕ।

ਮੈਂ ਜਿਸ ਪਿੰਡ ਗਿਆ ਉਸ ਦਾ ਨਾਮ ਤੋਰੀ ਪਾਚੀਕੋ ਸੀ। ਪੂਰੇ ਸਪੇਨ ਵਿੱਚ ਜੇ ਕਿਸੇ ਦਾ ਕੋਈ ਨਹੀਂ ਜਾਂ ਕਿਸੇ ਕੋਲ਼ ਕੰਮ ਨਹੀਂ ਹੈਗਾ ਉਸ ਦੀ ਬਾਂਹ ਇਹ ਪਿੰਡ ਹੀ ਫੜਦਾ ਹੈ। ਇੱਥੇ ਹੋਰ ਕੁਝ ਬਚੇ ਜਾਂ ਨਾ ਪਰ ਰੋਟੀ-ਟੁੱਕ ਚੱਲੀ ਜਾਂਦਾ ਹੈ। ਮੈਂ ਭਾਊ ਦੇ ਭਰਾ ਕੋਲ਼ ਗਿਆ ਉਸ ਨੇ ਤੇ ਭਾਊ ਨੇ ਹੋਰ ਮੁੰਡਿਆਂ ਨਾਲ਼ ਇੱਕ ਘਰ ਵਿੱਚ ਮੇਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ। ਭਾਊ ਨੇ ਮੈਨੂੰ ਫੋਨ ਦੀ ਸਿੰਮ ਲੈ ਦਿੱਤੀ। ਇੱਕ ਦੋ ਦਿਨ ਬਾਅਦ ਇੱਕ ਸੋਨੂੰ ਨਾਂ ਦੇ ਮੁੰਡੇ, ਜੋ ਅੱਜ-ਕੱਲ ਇੰਡੀਆ ਹੀ ਰਹਿੰਦਾ ਹੈ, ਨਾਲ਼ ਕੰਮ ਤੇ ਜਾਣ ਦਾ ਪ੍ਰਬੰਧ ਵੀ ਕਰ ਦਿੱਤਾ।

ਭਾਊ ਦਾ ਭਰਾ ਮਿੰਟੂ ਮੈਨੂੰ ਦੁਕਾਨ ਤੇ ਲੈ ਗਿਆ। ਕਹਿੰਦਾ, ਕੰਮ ਵਾਲੇ ਬੂਟ ਤੇ ਦਸਤਾਨੇ ਲੈ ਲਾ। ਬੂਟ ਉਹ ਜਿਹੜੇ ਸੜਕ ਤੇ ਲੁੱਕ ਪਾਉਣ ਵਾਲੇ ਪਾਉਂਦੇ ਆ। ਕਹਿੰਦਾ, ਇਹ ਸੇਫਟੀ ਬੂਟ ਆ। ਮੈਂ ਕਿਹਾ, ਆਪਣੇ ਤਾਂ ਅੱਧੀ ਰਾਤ ਵੀ ਖੇਤਾਂ ਵਿਚ ਨੰਗੇ ਪੈਰੀਂ ਤੁਰੇ ਫਿਰਦੇ ਆ, ਭਾਵੇਂ ਸੱਪ ਹੀ ਲੜ ਜਾਵੇ। ਫਿਰ ਕਹਿੰਦਾ, ਦਸਤਾਨੇ ਵੀ ਲੈਣੇ ਆਂ। ਮੈਂ ਕਿਹਾ - ਆਪਾਂ ਤੇ ਫੋਰੇਟ ਦਵਾਈ ਪਾਉਣ ਵੇਲੇ ਦਸਤਾਨੇ ਨਹੀਂ ਵਰਤੇ। ਕਹਿੰਦਾ, ਕੋਈ ਨਾ ਲੱਗ ਜਾਣਾ ਪਤਾ ਕੱਲ੍ਹ ਨੂੰ। ਅਸੀਂ ਸਾਮਾਨ ਖਰੀਦਿਆ ਤੇ ਪਰਚੀ ਆਪਾਂ ਇਹ ਵੀ ਸਾਂਭ ਲਈ। ਜਿਸ ਘਰ ਵਿੱਚ ਮੈਨੂੰ ਰਹਿਣ ਲਈ ਕਿਹਾ ਗਿਆ ਉੱਥੇ ਪਹਿਲਾਂ ਹੀ ਛੇ-ਸੱਤ ਮੁੰਡੇ ਰਹਿੰਦੇ ਸੀ। ਪਹਿਲੇ ਹੀ ਦਿਨ ਇੱਕ ਬਿੰਦੂ ਨਾਮ ਦਾ ਮੁੰਡਾ ਆ ਕੇ ਮੈਨੂੰ ਕਹਿੰਦਾ, ਵੀਰ, ਕਿਰਾਇਆ ਤੂੰ ਦੇਵੇਂਗਾ ਕਿ ਤੇਰੇ ਪਿੰਡ ਵਾਲ਼ੇ? ਕੁਦਰਤੀ ਉਸ ਦਿਨ ਮੈਨੂੰ ਗੁਰੀ ਮਿਲਣ ਆਇਆ 100 ਯੂਰੋ ਦੇ ਗਿਆ ਸੀ। ਮੈਂ ਉਹੀ 100 ਕਿਰਾਏ ਦਾ ਦੇ ਦਿੱਤਾ।

ਅਗਲੇ ਦਿਨ ਕੰਮ ਤੇ ਜਾਣਾ ’ਸੀ। ਮਨ ਵਿੱਚ ਖੁਸ਼ੀ ਜਿਹੀ ਸੀ ਕਿ ਪੈਸੇ ਕਮਾਵਾਂਗੇ ਹੁਣ। ਸ਼ਾਮ ਨੂੰ ਰੋਟੀ ਪਕਾ ਕੇ ਐਲਮੂਨੀਅਮ ਪੇਪਰ ਵਿੱਚ ਵਲ੍ਹੇਟ ਕੇ ਰੱਖ ਲਈ। ਸਬਜ਼ੀ ਵੀ ਇੱਕ ਪਲਾਸਟਿਕ ਦੀ ਡੱਬੀ ਵਿੱਚ ਪਾ ਕੇ ਰੱਖ ਲਈ। ਇਸ ਸਭ ਕੰਮ ਵਿੱਚ ਮੇਰੀ ਮਦਦ ਇਸ ਬਿੰਦੂ ਸੰਧੂ ਨੇ ਕੀਤੀ ਸੀ। ਇਸਦਾ ਜ਼ਿਕਰ ਬਾਅਦ ਵਿਚ ਕਰਾਂਗਾ। ਮੈਨੂੰ ਰੋਟੀ ਤਾਂ ਕੀ ਆਟਾ ਵੀ ਗੁੰਨ੍ਹਣਾ ਨਹੀਂ ਸੀ ਆਉਂਦਾ। ਸਵੇਰੇ ਚਾਰ ਵਜੇ ਅਲਾਰਮ ਵੱਜ ਗਿਆ। ਸਾਰੇ ਕਮਰਿਆਂ ਵਿੱਚੋਂ ਅਲਾਰਮ ਦੀਆਂ ਅਵਾਜਾਂ ਆਉਣ ਲੱਗ ਪਈਆਂ। ਹੌਲ਼ੀ-ਹੌਲ਼ੀ ਸਾਰੇ ਅੱਖਾਂ ਜਿਹੀਆਂ ਮਲ਼ਦੇ ਉੱਠ ਪਏ। ਇੱਕ ਨੇ ਚਾਹ ਧਰ ਦਿੱਤੀ। ਮੈਂ ਵੀ ਹੱਥ-ਮੂੰਹ ਧੋ ਕੇ ਹੋ ਗਿਆ ਤਿਆਰ। ਬੂਟਾਂ ਦਾ ਭਾਰ ਮੈਨੂੰ ਮੇਰੇ ਭਾਰ ਨਾਲ਼ੋਂ ਵੀ ਜਿਆਦਾ ਲੱਗਦਾ ਸੀ। ਰੋਟੀਆਂ ਬੈਗ ਵਿਚ ਪਾ ਲਈਆਂ। ਚਾਹ ਵਾਲ਼ਾ ਪਤੀਲਾ ਵਿਚਾਰਾ ਚਾਹ ਨੂੰ ਰਿੰਨ੍ਹਦਾ ਕਾਲ਼ਾ ਹੋ ਗਿਆ ਸੀ। ਆਪੋ-ਆਪਣੀ ਚਾਹ ਪਾ ਕੇ ਪੀਣ ਲੱਗ ਪਏ। ਜਿਨ੍ਹਾਂ ਨੂੰ ਨਾ ਮਿਲ਼ੀ, ਉਹ ਰੌਲ਼ਾ ਪਾਉਣ ਲੱਗ ਪਏ। ਫਿਰ ਰੋਟੀਆਂ ਵਾਲ਼ਾ ਬੈਗ ਚੱਕਣ ਤੋਂ ਰੌਲ਼ਾ ਸ਼ੁਰੂ ਹੋ ਗਿਆ। ਕੋਈ ਕਹਿੰਦਾ ,ਮੈਂ ਕੱਲ੍ਹ ਚੱਕ ਕੇ ਲੈ ਗਿਆ ਸੀ। ਕੋਈ ਕਹੇ, ਮੈਂ ਕੱਲ੍ਹ ਲੈ ਕੇ ਆਇਆ ਸੀ। ਮੈਂ ਸਾਰਾ ਕੁਝ ਚੁੱਪ-ਚਾਪ ਦੇਖ ਰਿਹਾ ਸੀ। ਹੌਲ਼ੀ-ਹੌਲ਼ੀ ਸਾਰੇ ਘਰੋਂ ਬਾਹਰ ਨੂੰ ਤੁਰ ਪਏ।

ਬਾਹਰ ਅਜੇ ਹਨੇਰਾ ਸੀ। ਅੱਡੇ ’ਤੇ ਜਾ ਕੇ ਸਾਰੇ ਖਲੋ ਗਏ। ਕੰਮ ’ਤੇ ਲਿਜਾਣ ਲਈ ਗੱਡੀ ਆ ਗਈ। ਉਸ ਵਿੱਚ ਡਰਾਈਵਰ ਸਮੇਤ ਪੰਦਰਾਂ ਜਣੇਂ ਬੈਠ ਸਕਦੇ ਸੀ, ਪਰ ਉੱਥੇ ਜਾਣ ਵਾਲੇ ਸਤਾਰਾਂ ਸੀ। ਬਾਕੀ ਤਿੰਨ ਮੂੰਹ ਜਿਹਾ ਬਣਾ ਕੇ ਵਾਪਸ ਤੁਰ ਪਏ। ਗੱਡੀ ਹੌਲ਼ੀ-ਹੌਲ਼ੀ ਪਹਾੜਾਂ ਵੱਲ ਨੂੰ ਤੁਰ ਪਈ ... ਬੱਸ ਵਿੱਚ ਸਾਰੇ ਸੁੱਤੇ ਹੋਏ ਸੀ, ਪਰ ਮੈਂ ਜਾਗ ਰਿਹਾ ਸੀ। ਮੈਨੂੰ ਕੰਮ ’ਤੇ ਜਾਣ ਦਾ ਚਾਅ ਸੀ। ਪਹਾੜਾਂ ਵਿੱਚ ਦੀ ਵਲ਼ ਜਿਹੇ ਖਾਂਦੀ ਬੱਸ ਸੱਤ ਕੁ ਵਜੇ ਖੇਤਾਂ ਵਿੱਚ ਪਹੁੰਚ ਗਈ। ਜਿਹੜੀਆਂ ਵੀਡੀਉ ਕੋਚ ਬੱਸਾਂ ਆਪਣੇ ਪੰਜਾਬ ਵਿਚ ਬਰਾਤ ਵਾਸਤੇ ਬੁੱਕ ਕਰਦੇ ਆ, ਉਹਨਾਂ ਨਾਲ਼ੋਂ ਵੀ ਵਧੀਆ ਬੱਸਾਂ ਇੱਥੇ ਕੰਮ ਵਾਲ਼ੇ ਬੰਦਿਆਂ ਨੂੰ ਕੰਮ ’ਤੇ ਲੈ ਕੇ ਜਾਂਦੀਆਂ ਹਨ

ਬੱਸ ਵਿੱਚੋਂ ਉੱਤਰਿਆ ਤਾਂ ਵੱਡੇ ਵੱਡੇ ਪਲਾਸਟਿਕ ਦੇ ਸ਼ੈੱਡ ਨਜ਼ਰ ਆ ਰਹੇ ਸਨਦੂਰ-ਦੂਰ ਤੱਕ ਉੱਚੇ-ਨੀਵੇਂ ਖੇਤ ਹੀ ਖੇਤ ਨਜ਼ਰ ਆ ਰਹੇ ਸੀ। ਕਹਿੰਦੇ ਪੰਜਾਬੀ ਬਹੁਤ ਮਿਹਨਤੀ ਹੁੰਦੇ ਆ, ਪਰ ਮੈਂ ਦੇਖਿਆ ਆਪਾਂ ਇਹਨਾਂ ਸਾਹਮਣੇ ਕੁਝ ਵੀ ਨਹੀਂ ਹਾਂ। ਟਰੈਕਟਰ ਐਨੇ ਵੱਡੇ ਆ ਕਿ ਮੈਂ ਤਾਂ ਅਗਲੇ ਟਾਇਰ ਜਿੱਡਾ ਵੀ ਨਹੀਂ ਹੈਗਾ। ਮੈਂ ਤਾਂ ਇਹੀ ਸੋਚੀ ਜਾਂਦਾ ਕਿ ਜੇ ਸਾਡੇ ਪਿੰਡ ਵਾਲੇ ਗਿੰਦੀ ਪੈਂਚਰਾਂ ਵਾਲੇ ਨੂੰ ਪੈਂਚਰ ਲਾਉਣਾ ਪੈ ਜਾਵੇ, ਫਿਰ ਕੀ ਬਣੂੰ। ਟਰੈਕਟਰ ਦੇ ਪਿਛਲੇ ਟਾਇਰਾਂ ਉੱਤੇ ਤਾਂ ਪੌੜੀ ਲਾ ਕੇ ਚੜ੍ਹਨਾ ਪੈਂਦਾ।

ਲਉ ਜੀ, ਕੰਮ ਸੀ ਅੰਗੂਰਾਂ ਅਤੇ ਟਮਾਟਰਾਂ ਉੱਪਰ ਬਣੇ ਸ਼ੈੱਡਾਂ ਤੋਂ ਤਰਪਾਲਾਂ ਲਾਹੁਣ ਤੇ ਪਾਉਣ ਦਾ। ਉਸ ਦਿਨ ਤਰਪਾਲਾਂ ਲਾਹੁਣੀਆਂ ਸਨਪੰਦਰਾਂ ਫੁੱਟ ਉੱਚੇ ਅਤੇ ਸੌ-ਡੇਢ ਸੌ ਮੀਟਰ ਲੰਬੇ ਲੋਹੇ ਦੀਆਂ ਤਾਰਾਂ ਦੇ ਸ਼ੈੱਡਾਂ ਉੱਪਰ ਚੜ੍ਹ ਕੇ ਤਰਪਾਲਾਂ ਲਾਹੁਣੀਆਂ ਸੀ। ਹੈਰਾਨੀ ਹੁੰਦੀ ਸੀ ਐਨੀਆਂ ਵੱਡੀਆਂ ਤਰਪਾਲਾਂ ਦੇਖ ਕੇ। ਆਪਣੇ ਤਾਂ ਪਹਿਲਾਂ ਕੱਚੇ ਕੋਠੇ ਤੇ ਪਾਉਣ ਲਈ ਜਾਂ ਮੰਡੀ ਵਿੱਚ ਮੀਂਹ ਆਉਣ ਤੇ ਝੋਨੇ ਦੀ ਢੇਰੀ ਤੇ ਪਾਉਣ ਲਈ ਤਰਪਾਲ ਦਾ ਟੋਟਾ ਲਿਆਉਣਾ ਔਖਾ ਸੀ। ਕਈ ਦੁਕਾਨਾਂ ਉੱਤੇ ਰੇਟ ਪੁੱਛ ਕੇ ਪੰਜ ਮੀਟਰ ਦਾ ਟੋਟਾ ਲਿਆਈਦਾ ਸੀ। ... ਜਿਹੜਾ ਮੁੰਡਾ ਸਾਨੂੰ ਕੰਮ ’ਤੇ ਲੈ ਕੇ ਜਾਂਦਾ ਸੀ, ਹੈ ਤਾਂ ਉਹ ਵੀ ਕੱਚਾ ਹੀ ਸੀ, ਪਰ ਕਿਸਮਤ ਦੇਖ ਲਉ, ਪੰਦਰਾਂ ਬੰਦੇ ਉਸ ਦੇ ਥੱਲੇ ਕੰਮ ਕਰਦੇ ਸੀ, ਕਿਉਂਕਿ ਬੋਲੀ ਆਉਂਦੀ ਸੀ ਉਸ ਨੂੰ। ਉੱਦਾਂ ਉਹ ਬਰਫ ਨੂੰ ‘ਬੜਫ’ ਬੋਲਦਾ ਸੀ।

ਜਨਤਾ ਨਵੇਂ ਬੰਦੇ ਦੇ ਪੈਰ ਕਿੱਥੇ ਲੱਗਣ ਦਿੰਦੀ ਆ। ਮੈਨੂੰ ਕਹਿੰਦਾ, ਭਾਅ ਕਿੰਨੇ ਪੈਸੇ ਲਾ ਕੇ ਆਇਆਂ? ਮੈਂ ਕਿਹਾ, ਭਾ ਜੀ ਲੱਗ ਹੀ ਗਿਆ ਸਾਢੇ ਕੁ ਅੱਠ ਲੱਖ। ਪਤੰਦਰ ਕਹਿੰਦਾ, ਅੱਛਾ! ਚਲੋ ਹੋ ਈ ਜਾਣਗੇ ਪੰਜਾਂ ਕੁ ਸਾਲਾਂ ’ਚ ਪੂਰੇ। ਉਸਦੇ ਬੋਲ ਸੱਚ ਹੀ ਹੋ ਗਏ। ਫਿਰ ਕਹਿੰਦਾ, ਚੱਲ ਅੱਜ ਦਿਹਾੜੀ ਲੱਗ ਜਾਣੀ ਆ, ਸਾਢੇ ਅੱਠ ਵਿੱਚੋਂ ਪੈਂਤੀ ਸੌ ਘਟਾ ਲੈ। ਮੈਂ ਕਿਹਾ, ਠੀਕ ਆ ਭਾਜੀ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏ

ਜਦੋਂ ਸ਼ੈੱਡ ਦੇ ਉੱਪਰ ਚੜ੍ਹੇ, ਹੋਰ ਸਾਰੇ ਤਾਂ ਤਾਰਾਂ ਉੱਤੇ ਭੱਜੇ ਫਿਰਨ, ਪਰ ਮੇਰੀਆਂ ਲੱਤਾਂ ਕੰਬਣ। ਉਹ ਹੱਥ ਛੱਡ ਕੇ ਤੁਰਨ, ਮੇਰੇ ਕੋਲੋਂ ਬਹਿ-ਬਹਿ ਕੇ ਵੀ ਨਾ ਤੁਰਿਆ ਜਾਵੇ। ਹੱਥ ਵਿੱਚ ਤਾਰਾਂ ਉੱਤੇ ਲੱਗੇ ਟਾਂਕੇ ਕੱਟਣ ਲਈ ਕਟਰ ਫੜੇ ਹੋਏ ਸੀ। ਡਰ ਜਿਹਾ ਲੱਗੀ ਜਾਵੇ ਕਿ ਜੇ ਪੈਰ ਤਾਰ ਤੋਂ ਸਲਿੱਪ ਕਰ ਗਿਆ, ਧੜੱਮ ਕਰਦਾ ਟਮਾਟਰਾਂ ’ਤੇ ਡਿੱਗਣਾ ਜਾ ਕੇ। ਨਾ ਸ਼ੈੱਡਾਂ ਦਾ ਅਗਲਾ ਸਿਰਾ ਹੀ ਦਿਸੇ। ਜਦੋਂ ਮੂੰਹ ਉਤਾਂਹ ਚੱਕਾਂ ਤਾਂ ਦੂਰ-ਦੂਰ ਤੱਕ ਸ਼ੈੱਡ ਹੀ ਦਿਸਣ। ਉੱਪਰੋਂ ਸੂਰਜ ਦੀ ਤਪਸ਼ ਚਮੜੀ ਦੇ ਰੰਗ ਨੂੰ ਅਫਰੀਕੀਆਂ ਵਰਗੇ ਕਰੀ ਜਾਂਦੀ ਸੀ।

ਕਈਆਂ ਨੇ ਪਾਣੀ ਦੀਆਂ ਬੋਤਲਾਂ ਲੱਕ ਨਾਲ਼ ਬੰਨ੍ਹੀਆਂ ਹੋਈਆਂ ਸਨਇੰਡੀਆ ਵਾਂਗ ਨਾ ਤਾਂ ਕੋਈ ਪਿੰਡੋਂ ਚਾਹ ਆਉਂਦੀ ਦਿਸਦੀ ਸੀ ਨਾ ਰੋਟੀ। ਤੇ ਨਾ ਹੀ ਕੋਈ ਆਸ ਸੀ। ਉੱਥੇ ਤਾਂ ਮਰਜੀ ਨਾਲ਼ ਦੋ-ਤਿੰਨ ਬੋਰੀਆਂ ਖਾਦ ਦੀਆਂ ਠੰਢੇ-ਠੰਢੇ ਪਾ ਕੇ ਕਹਿਣਾ, ਬਾਕੀ ਕੱਲ੍ਹ ਨੂੰ ਸਹੀ। ਘਰ ਰੋਅਬ ਵੱਖਰਾ ਪਾਈ ਜਾਣਾ, ਕਿ ਗਰਮ-ਗਰਮ ਰੋਟੀ ਲਿਆਉ, ਖਾਦ ਪਾ ਕੇ ਆਏ ਹਾਂ। ਪਰ ਇੱਥੇ ਸਭ ਉਲਟ ਸੀ। ਦੁਪਹਿਰੇ ਇਕ ਵਜੇ ਰੋਟੀ ਦਾ ਟਾਈਮ ਹੋ ਗਿਆ। ਪਾਣੀ ਪੀ-ਪੀ ਕੇ ਡੰਗਰਾਂ ਵਾਂਗੂੰ ਅਫਰੇਵਾਂ ਜਿਹਾ ਹੋਇਆ ਪਿਆ ਸੀ। ਰਾਤ ਦੀ ਲੱਥੀ ਰੋਟੀ ਅਗਲੇ ਦਿਨ ਦੁਪਹਿਰੇ ਕਿੱਥੇ ਲੰਘਦੀ ਸੀ। ਉਹ ਵੀ ਅੰਗੂਠੇ ਨਾਲ਼ ਵੇਲਣੇ ਵਿਚ ਗੰਨਿਆਂ ਵਾਂਗ ਧੱਕਣੀ ਪੈਂਦੀ ਸੀ।

ਸਪੇਨ ਵਿੱਚ ਖੇਤੀ ਦੇ ਕੰਮਾਂ ਵਿੱਚੋਂ ਸਭ ਤੋਂ ਸੌਖਾ ਕੰਮ ਸ਼ੈੱਡਾਂ ਉੱਤੇ ਤਰਪਾਲ਼ਾਂ ਲਾਹੁਣ-ਪਾਉਣ ਦਾ ਹੈ ਅਤੇ ਸਭ ਤੋਂ ਔਖਾ ਪਲਾਂਤਾ ਲਾਉਣਾ, ਮਤਲਬ ਲੇਚਹੂਗਾ (ਬੰਦ ਗੋਭੀ ਵਰਗਾ) ਦੀ ਪਨੀਰੀ ਲਾਉਣਾ ਹੈ। ਤਰਪਾਲ਼ਾਂ ਦੇ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੋਣ ਕਰਕੇ ਕਈ ਵਾਰ ਖਿੱਚਣੀਆਂ ਬਹੁਤ ਔਖੀਆਂ ਲੱਗਦੀਆਂ ਸੀ। ਕਦੇ ਸਾਰਾ ਪਾਣੀ ਉੱਪਰ ਪੈ ਜਾਣ ਕਰਕੇ ਭਿੱਜੀ ਬਿੱਲੀ ਵਾਲਾ ਹਿਸਾਬ ਬਣ ਜਾਂਦਾ ਸੀ। ਮੇਰਾ ਪਹਿਲਾ ਦਿਨ ਹੋਣ ਕਰਕੇ ਕਈ ਤਰ੍ਹਾਂ ਦੇ ਸਵਾਲ ਤੇ ਮਜ਼ਾਕ ਹੋ ਰਿਹਾ ਸੀ। ਨਾਲ ਦੇ ਕਹਿਣ, ਚੱਲ ਭਾਅ, ਲਾ ਦੇ ਜੋਰ, ਉਦੋਂ ਤਾਂ ਕਹਿੰਦਾ ਹੋਣਾ ਯੂਰਪ ਜਾਣਾ। ਮੈਂ ਗੱਲਾਂ ਸੁਣ ਕੇ ਥੋੜ੍ਹਾ ਜਿਹਾ ਹੱਸ ਕੇ ਚੁੱਪ ਕਰ ਜਾਣਾ। ਕੰਮ ਤੇ ਲਿਜਾਣ ਵਾਲਾ ਮੁੰਡਾ ਕਹਿੰਦਾ, ਭਾਅ, ਕੋਈ ਗੱਲ ਹੀ ਸੁਣਾ ਦੇ। ਮੈਂ ਕਿਹਾ, ਭਾਜੀ ਕੋਈ ਗੱਲ ਆਉਂਦੀ ਹੀ ਨਹੀਂ। ਮੈਂ ਅਜੇ ਇਸ ਕਰਕੇ ਚੁੱਪ ਸੀ ਕਿ ਪਹਿਲਾਂ ਦੇਖ ਲਈਏ ਕਿ ਕੌਣ ਕਿੰਨੇ ਕੁ ਪਾਣੀ ਵਿੱਚ ਆ।

ਸਾਰਾ ਦਿਨ ਬਾਂਦਰਾਂ ਵਾਂਗੂ ਤਾਰਾਂ ਉੱਤੇ ਟੱਪਦਿਆਂ ਲੰਘ ਗਿਆ। ਨੀਵੇਂ ਲੱਕ ਜਦੋਂ ਕੰਮ ਕਰਕੇ ਉਤਾਂਹ ਨੂੰ ਉੱਠਣਾ, ਨਾਲ਼ ਹੀ ਹਾਏ ਓਏ ਰੱਬਾ!ਮੂੰਹੋਂ ਨਿੱਕਲ਼ ਜਾਂਦਾ ਸੀ। ਸ਼ਾਮ ਨੂੰ ਪੰਜ ਕੁ ਵਜੇ ਛੁੱਟੀ ਹੋਈ ਤਾਂ ਜਨਤਾ ਨੂੰ ਇੰਝ ਚਾਅ ਚੜ੍ਹਿਆ, ਜਿਵੇਂ ਸਕੂਲੋਂ ਅੱਧੀ ਛੁੱਟੀ ਸਾਰੀ ਹੋ ਗਈ ਹੋਵੇ। ਸਾਰੇ ਭੱਜ ਕੇ ਗੱਡੀ ਵਿੱਚ ਬੈਠ ਗਏ। ਦਸ ਕੁ ਮਿੰਟ ਕਾਫੀ ਹਾਸਾ-ਠੱਠਾ ਹੋਇਆ, ਫਿਰ ਸਾਰੇ ਇੰਝ ਇੱਕ ਦੂਜੇ ਉੱਤੇ ਸਿਰ ਸੁੱਟ ਕੇ ਸੌਂ ਗਏ, ਜਿਵੇਂ ਬੇਹੋਸ਼ ਕੀਤੇ ਹੋਣ। ਇਕੱਲਾ ਡਰਾਈਵਰ ਹੀ ਜਾਗਦਾ ਸੀ ਜਾਂ ਫਿਰ ਮੈਂ। ਮੇਰਾ ਵੀ ਸ਼ਾਇਦ ਪਹਿਲਾ ਦਿਨ ਹੋਣ ਕਰਕੇ ਅਜੇ ਆਦਤ ਨਹੀਂ ਪਈ ਸੀ ਜਾਂ ਥਕੇਵਾਂ ਮਹਿਸੂਸ ਨਹੀਂ ਹੋ ਰਿਹਾ ਸੀ। ਮੈਂ ਸੋਚਦਾ ਆ ਰਿਹਾ ਸੀ ਦਸ ਘੰਟੇ ਲਗਾਤਾਰ ਪਿੰਡ ਆਪਣੀ ਜਮੀਨ ’ਤੇ ਕੰਮ ਕੀਤਾ ਹੁੰਦਾ ਤਾਂ ਗਵਾਂਢੀਆਂ ਦੀਆਂ ਵੱਟਾਂ ਉੱਤੇ ਵੀ ਘਾਹ ਨਹੀਂ ਉੱਗਣਾ ਸੀ ਪਰ ਉੱਥੇ ਕੋਈ ਕਦਰ ਵੀ ਤਾਂ ਨਹੀਂ ਪੈਂਦੀ। ਛੇ ਮਹੀਨੇ ਬਾਅਦ ਪੱਕੀ ਫਸਲ ਨੂੰ ਕਦੇ ਰੱਬ ਤੇ ਕਦੇ ਆੜਤੀਏ ਆਪਣੀ ਮਰਜੀ ਨਾਲ਼ ਲੈ ਜਾਂਦੇ ਨੇ। ਖਰਚਾ ਹਰ ਰੋਜ ਦਾ, ਤੇ ਆਮਦਨ ਛੇ ਮਹੀਨੇ ਬਾਅਦ।

ਫਿਰ ਸੋਚਣ ਲੱਗਾ ਇੰਨੀ ਮਿਹਨਤ ਤਾਂ ਉੱਥੇ ਸਬਜ਼ੀ ਬੀਜਣ ’ਤੇ ਹੀ ਕਰ ਸਕਦੇ ਹਾਂ ਪਰ ਇਹ ਕੰਮ ਵੀ ਤਾਂ ਕਰ ਦੇਖਿਆ ਸੀ ਮੈਂਕੀ ਫਾਇਦਾ ਹੋਇਆ? ... ਇੱਕ ਵਾਰ ਸ਼ਹਿਰ ਦੇ ਨੇੜੇ ਰਹਿੰਦਾ ਮਾਸੜ ਮੈਨੂੰ ਮਿਲਣ ਆ ਗਿਆ। ਜਿੱਦਾਂ ਪਿੰਡਾਂ ਵਾਲਿਆਂ ਦੀ ਆਦਤ ਹੁੰਦੀ ਆ, ਆਏ ਮਹਿਮਾਨ ਨੂੰ ਇਹ ਕਹਿ ਕੇ ਨਾਲ਼ ਪੱਠੇ ਲੈਣ ਤੋਰ ਲਈਦਾ ਕਿ ਆ ਜੋ ਘੁਮਾ-ਫਿਰਾ ਲਿਆਈਏ। ਮੈਂ ਵੀ ਮਾਸੜ ਨੂੰ ਨਾਲ਼ ਲੈ ਗਿਆ। ਇੱਕ ਖੇਤ ਉੱਚਾ ਸੀ ਜਿੱਥੇ ਝੋਨਾ ਨਹੀਂ ਲੱਗਦਾ ਸੀ, ਮੈਂ ਉੱਥੇ ਟਾਂਡੇ (ਗਾਚਾ) ਬੀਜੇ ਹੋਏ ਸਨ। ਕਨਾਲ਼ ਕੁ ਥਾਂ ਵਿਹਲਾ ਹੋ ਗਿਆ ਸੀ। ਮਾਸੜ ਕਹਿੰਦਾ, ਇੱਥੇ ਕੀ ਬੀਜਣਾ? ਮੈਂ ਕਿਹਾ, ਬਾਕੀ ਤਾਂ ਝੋਨਾ ਲੱਗਾ ਆ, ਇੱਥੇ ਫਿਰ ਪੱਠੇ ਹੀ ਬੀਜ ਦੇਵਾਂਗੇ, ਉਹ ਵੀ ਜੇ ਕਿਸੇ ਦੇ ਬਲ਼ਦ ਮਿਲ ਗਏ ਤਾਂ। ਕਿਉਂਕਿ ਘੇਰੇ-ਘੇਰੇ ਝੋਨਾ ਲੱਗਾ ਹੋਣ ਕਰਕੇ ਟਰੈਕਟਰ ਦੇ ਜਾਣ ਲਈ ਰਸਤਾ ਨਹੀਂ ਸੀ। ਮਾਸੜ ਬੋਲਿਆ, ਇਸ ਨੂੰ ਵਾਹ ਕੇ, ਪਾਣੀ ਛੱਡ ਕੇ ਸ਼ਟਾਲ੍ਹਾ (ਬਰਸੀਮ) ਬੀਜਣ ਵਾਂਗ ਤੋਰੀਏ ਦਾ ਛੱਟਾ ਦੇ ਦੇਵੀਂ। ਮੈਂ ਕਿਹਾ, ਉਹ ਕਿਉਂ? ਉਹ ਕਹਿੰਦਾ, ਸਾਗ ਹੋ ਜਾਣਾ, ਇੱਥੇ ਫਿਰ ਮੰਡੀ ਵਿੱਚ ਵੇਚ ਆਇਆ ਕਰੀਂ। ਮੇਰਾ ਹਾਸਾ ਨਾ ਰੁਕੇ। ਮੈਂ ਕਿਹਾ, ਮਾਸੜਾ, ਕਿਉਂ ਟਿੱਚਰਾਂ ਕਰਾਉਣੀਆਂ ਲੋਕਾਂ ਕੋਲੋਂ? ਮਾਸੜ ਕਹਿਣ ਲੱਗਾ, ਮਜ਼ਾਕ ਨਹੀਂ, ਕਰਕੇ ਦੇਖੀਂ ਇੰਝ।

ਉਦੋਂ ਪਿੰਡ ਵਿੱਚ ਅਜੇ ਵੀ ਬਲਦਾਂ ਦੀਆਂ ਜੋਗਾਂ ਹੈਗੀਆਂ ਸੀ ਦੋ ਤਿੰਨ। ਇੱਕ ਨੂੰ ਕਹਿ ਕੇ ਮੈਂ ਜਮੀਨ ਵਾਹ ਕੇ ਮਾਸੜ ਦੇ ਕਹਿਣ ’ਤੇ ਤੋਰੀਏ ਦਾ ਛੱਟਾ ਦੇ ਦਿੱਤਾ। ਦਿਨਾਂ ਵਿੱਚ ਹੀ ਤੋਰੀਏ ਨੇ ਸਾਗ ਦਾ ਰੂਪ ਲੈ ਲਿਆ ਪਰ ਉਸ ਵਿੱਚ ਮੋਥਰਾ ਬਹੁਤ ਉੱਗ ਆਇਆ। ਮੈਂ ਸੋਚਿਆ, ਇਹ ਤਾਂ ਹੁਣ ਡੰਗਰਾਂ ਦੇ ਕੰਮ ਹੀ ਆਉਣਾ। ਪਰ ਇੱਕ ਦਿਨ ਬਾਪੂ ਖੇਤਾਂ ਨੂੰ ਚਲਾ ਗਿਆ, ਦੇਖ ਕੇ ਕਹਿੰਦਾ, ਚੱਲ ਆ ਮੋਥਰਾ ਪੁੱਟੀਏ। ਮੈਂ ਕਿਹਾ, ਛੱਡੋ ਪਰਾਂ, ਕੀ ਕਰਨਾ ਪਰ ਉਹ ਨਾ ਮੰਨੇ ਤੇ ਅਸੀਂ ਦੋਂਹ ਤਿੰਨਾਂ ਘੰਟਿਆਂ ਵਿੱਚ ਹੀ ਮੋਥਰਾ ਕੱਢ ਕੇ ਬਾਹਰ ਸੁੱਟ ਦਿੱਤਾ।

ਕੁਝ ਦਿਨਾਂ ਬਾਅਦ ਹੀ ਤੋਰੀਏ ਨੇ ਗੰਦਲਾਂ ਵਾਲ਼ੇ ਸਾਗ ਦਾ ਰੂਪ ਧਾਰ ਲਿਆ। ਮੈਂ ਇੱਕ ਸ਼ਾਮ ਨੂੰ ਪੰਡ ਕੁ ਵੱਢ ਕੇ ਘਰ ਲੈ ਗਿਆ। ਅਗਲੇ ਦਿਨ ਤੜਕੇ ਸਕੂਟਰ ਤੇ ਰੱਖੀ ਪੰਡ ਤੇ ਮੰਡੀ ਚਲਾ ਗਿਆ। ਸੰਗ ਜਿਹੀ ਵੀ ਆਈ ਜਾਵੇ ਕਿ ਜੇ ਕਿਸੇ ਦੇਖ ਲਿਆ, ਕਹਿਣਾ ਸਾਗ ਵੇਚਣ ਆਇਆ। ਲੋਕਾਂ ਵੱਲ ਦੇਖ ਕੇ ਮੈਂ ਵੀ ਇੱਕ ਜਗਾਹ ਢੇਰੀ ਲਾ ਲਈ। ਇੱਕ ਸਾਡੇ ਪਿੰਡ ਦਾ ਮੂਲੀਆਂ ਵੇਚਣ ਗਿਆ ਸੀ ਟਰਾਲੀ ’ਤੇ, ਉਹ ਮਿਲ ਪਿਆ। ਕਹਿੰਦਾ, ਕਿੱਧਰ ਅੱਜ ਤੜਕੇ? ਮੈਂ ਕਿਹਾ, ਕਿਸੇ ਰਿਸ਼ਤੇਦਾਰ ਦੇ ਵਿਆਹ ਐ, ਇਸ ਕਰਕੇ ਸਬਜ਼ੀ ਲੈਣ ਆਏ ਆਂਕੁਝ ਦੇਰ ਬਾਅਦ ਬੋਲੀ ਆਈ ਤਾਂ ਉਹ ਛੋਟੀ ਜਿਹੀ ਪੰਡ ਤਿੰਨ ਸੌ ਰੁਪਏ ਦੀ ਵਿਕੀ। ਕਹਿੰਦੇ, ਕਿਸ ਦੀ ਆ? ਮੈਂ ਕਿਹਾ, ਮੇਰੀ ਆ ਬਾਊ ਜੀ। ਉਹ ਗਵਾਂਢੀ ਕਹਿੰਦਾ ਆ ਕੇ, ਮੈਨੂੰ ਪਹਿਲਾਂ ਹੀ ਪਤਾ ਸੀ ਤੂੰ ਕਿਸੇ ਮਾਰ ਤੇ ਲਗਦਾਂ। ਇਹ ਤਾਂ ਮਹਿੰਗਾ ਹੀ ਬਹੁਤ ਆ। ...

ਇਸੇ ਲਾਲਚ ਵਿੱਚ ਆ ਕੇ ਸਿਆਲ ਵਿੱਚ ਵਿਆਹਾਂ ਦੇ ਟਾਈਮ ਪਾਲਕ ਬੀਜ ਲਈਉਸ ਨੂੰ ਕਿਸੇ ਨੇ ਪੁੱਛਿਆ ਹੀ ਨਾ। ਘਰ ਦੇ ਮਜ਼ਾਕ ਕਰਨ, ਹੁਣ ਡੰਗਰਾਂ ਨੂੰ ਹੀ ਖਵਾਈ ਜਾਹ ਪਾਲਕ ਵਾਲੇ ਪਕੌੜੇ ...

ਗੱਡੀ ਰੁਕੀ ਤਾਂ ਨਾਲ਼ ਹੀ ਸੋਚਾਂ ਦੀ ਲੜੀ ਟੁੱਟ ਗਈ। ਆਪਣਾ ਪਿੰਡ ਆ ਗਿਆ ਸੀ। ਹੈਰਾਨੀ ਦੀ ਗੱਲ ਸੀ ਲਿੱਬੜੇ-ਤਿੱਬੜੇ ਬਜਾਰ ਵਿੱਚੋਂ ਲੰਘਦਿਆਂ ਵੱਲ ਕੋਈ ਨਹੀਂ ਦੇਖ ਰਿਹਾ ਸੀ। ਸਭ ਆਪਣੀ ਮਸਤੀ ਵਿੱਚ ਫਿਰ ਰਹੇ ਸਨਜੇ ਇੰਡੀਆ ਹੁੰਦਾ, ਲੋਕਾਂ ਨੇ ਟਿੱਚਰਾਂ ਹੀ ਕਰੀ ਜਾਣੀਆਂ ਸਨ - ਕੀ ਮਰਨ ਮਿੱਟੀ ਚੁੱਕੀ ਹੋਈ ਆ? ਪੈਸੇ ਨਾਲ਼ ਲੈ ਕੇ ਜਾਣੇ ਈ? ਕੱਪੜਾ ਤਾਂ ਚੱਜ ਦਾ ਪਾ ਲਿਆ ਕਰ। ਪਰ ਇੱਥੇ ਅਜਿਹਾ ਕੁਝ ਨਹੀਂ ਸੀ। ਕੰਮ ਵਾਲੇ ਨੂੰ ਇੱਥੇ ਇੱਜ਼ਤ ਦੀ ਨਿਗਾਹ ਨਾਲ਼ ਦੇਖਿਆ ਜਾਂਦਾ ਹੈ

*****

(62)