HarparkashSRai7

ਜਦੋਂ ਵੀ ਅਵਾਜ ਪੈਣੀ, ਸਾਹ ਉਤਾਂਹ ਚੜ੍ਹ ਜਾਣੇ ਕਿ ਹੁਣ ਕਿਤੇ ਵਾਪਸ ਹੀ ਨਾ ਭੇਜ ਦੇਣ ...”

(ਅਗਸਤ 9, 2015)


ਘਰਦੇ ਭਾਵੇਂ ਕੁਝ ਨਹੀਂ ਕਹਿ ਰਹੇ ਸਨ ਪਰ ਫਿਕਰ ਜਿਹਾ ਸਭ ਦੇ ਚਿਹਰਿਆਂ ਉੱਤੇ ਨਜ਼ਰ ਆ ਰਿਹਾ ਸੀ। ਮੈਂ ਤਾਂ ਡਰਦਾ ਘਰੋਂ ਨਾ ਨਿੱਕਲ਼ਾਂ ਕਿ ਲੋਕਾਂ ਨੇ ਮਜਾਕ ਉਡਾਉਣਾ। ਉਹੀ ਗੱਲ ਹੋਈ, ਜਦੋਂ ਬਾਹਰ ਨਿੱਕਲਿਆ, ਇੱਕ ਗਵਾਂਢੀ ਟੱਕਰ ਗਿਆ ਗਲ਼ੀ ਵਿੱਚ। ਉਹ ਕਹਿਣ ਲੱਗਾ, “ਕਿੱਥੇ ਗਿਆ ਸੀ, ਦਿਸਿਆ ਹੀ ਨਹੀਂ ਕਿੰਨੇ ਦਿਨ?”

ਮੈਂ ਕਿਹਾ, “ਭਰਾਵਾ ਜਾਣਾ ਕਿੱਥੇ ਆ, ਯੂ ਪੀ ਵਿਆਹ ਗਿਆ ਸੀ।”

ਪਤੰਦਰ ਅੱਗਿਉਂ ਬੋਲਿਆ, “ਰੰਗ ਨਹੀਂ ਯੂ ਪੀ ਵਾਲਾ ਲੱਗਦਾ

ਰੰਗ ਦਾ ਵਾਕਿਆ ਹੀ ਬਹੁਤ ਫਰਕ ਪੈ ਗਿਆ ਸੀ। ਜਦੋਂ ਪੱਠੇ ਲੈਣ ਗਿਆ, ਮੇਰਾ ਪੱਠੇ ਵੱਢਣ ਨੂੰ ਦਿਲ ਨਾ ਕਰੇ ਕਿ ਹੱਥ ਗੰਦੇ ਹੋ ਜਾਣੇ ਆ। ਅਜੇ ਕੁਦਰਤੀ ਮੱਝਾਂ ਨਹੀਂ ਸੀ ਵੇਚੀਆਂ, ਬਾਹਰ ਜਾਣ ਦੇ ਚਾਅ ਵਿੱਚ, ਨਹੀਂ ਤਾਂ ਬਾਹਲ਼ੀ ਲੱਸੀ ਹੋਣੀ ਸੀ। ਇੱਕ ਵਾਕਿਆ ਹੋਇਆ ਉਸ ਵੇਲੇ ਮੇਰੇ ਨਾਲ਼। ਸ਼ਰਧਾ ਦੀ ਗੱਲ ਕਰ ਲਉ ਜਾਂ ਵਿਸ਼ਵਾਸ ਦੀ। ਮੈਂ ਬਾਹਰ ਜਾਣ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਪੰਜ ਮੱਸਿਆ ਸੁੱਖੀਆਂ ਸੀ। ਅਜੇ ਤਿੰਨ ਹੀ ਨਹਾਤਾ ਸੀ ਕਿ ਬਾਹਰ ਦਾ ਕੰਮ ਬਣ ਗਿਆ। ਪਰ ਕੁਦਰਤੀ ਗੱਲ ਦੇਖੋ ਕਿ ਜਿਸ ਦਿਨ ਮੈਂ ਘਰ ਵਾਪਸ ਗਿਆ, ਉਸ ਦਿਨ ਚੌਥੀ ਮੱਸਿਆ ਸੀ। ਮੈਂ ਸੋਚਿਆ, ਬਾਬਾ ਕਹਿੰਦਾ ਹੋਣਾ, ਪੁੱਤ ਤਿੰਨ ਨਹਾ ਕੇ ਭੱਜ ਗਿਆ ਸੀ, ਬਾਕੀ ਦੋ ਕਿਹਨੇ ਪੂਰੀਆਂ ਕਰਨੀਆਂ?

ਹੌਲ਼ੀ-ਹੌਲ਼ੀ ਸਮਾਂ ਬੀਤਦਾ ਗਿਆ ਤੇ ਫਿਕਰ ਵਧਦੇ ਗਏ। ਹੁਣ ਬਾਹਰ ਜਾਣਾ ਮੇਰੀ ਮਜਬੂਰੀ ਬਣ ਗਿਆ ਸੀ, ਕਿਉਂਕਿ ਪੈਸੇ ਨਹੀਂ ਮੁੜਨੇ ਸਨ। ਜਦੋਂ ਵੀ ਫੋਨ ਕਰਨਾ, ਅੱਗਿਉਂ ਜਵਾਬ ਮਿਲਣਾ, ਬਸ ਤਿਆਰੀ ਰੱਖ। ਐਤਵਾਰ ਫੋਨ ਕਰਨਾ ਤਾਂ ਸੋਮਵਾਰ ਦਾ ਲਾਰਾ ਲਾ ਦੇਣਾ। ਸੋਮਵਾਰ ਕਹਿਣਾ ਕਿ ਬੁੱਧਵਾਰ ਤੇ ਬੁੱਧਵਾਰ ਕਹਿਣਾ ਕਿ ਸੋਮਵਾਰ ...। ਜਿਨ੍ਹਾਂ ਨੂੰ ਸਭ ਕੁਝ ਆਰਾਮ ਨਾਲ਼ ਜਾਂ ਥੋੜ੍ਹੀ ਬਹੁਤ ਮਿਹਨਤ ਕਰਨ ਨਾਲ਼ ਮਿਲ ਜਾਂਦਾ ਉਹ ਕਿਸਮਤ ਨੂੰ ਨਹੀਂ ਮੰਨਦੇ ਪਰ ਮੈਂ ਮੰਨਦਾ ਹਾਂ। ਮੇਰਾ ਇੱਕ ਮਿੱਤਰ ਅਮਨਦੀਪ ਸਿੰਘ ਕਹਿੰਦਾ ਸੀ ਕਿ ਜੇ ਅਸੀਂ 100% ਮਿਹਨਤ ਕਰਦੇ ਹਾਂ ਤੇ ਇਸ ਵਿੱਚ 10% ਕਿਸਮਤ ਦਾ ਹੱਥ ਹੁੰਦਾ ਹੈ ਪਰ ਜੇ ਇਹ 10% ਕਿਸਮਤ ਸਾਥ ਨਹੀਂ ਦਿੰਦੀ ਤਾਂ 90% ਮਿਹਨਤ ਵੀ ਐਵੇਂ ਹੀ ਜਾਂਦੀ ਆ। ਮੈਂ ਵੀ ਇੱਕ ਵਾਰ ਆਪਣੀ ਵਾਹ ਲਾ ਕੇ, ਹੁਣ ਕਿਸਮਤ ਸਮਝ ਕੇ ਬਹਿ ਗਿਆ ਸੀ। ਕਣਕਾਂ ਵੱਢ ਕੇ ਝੋਨਾ ਲਵਾ ਲਿਆ। ਫਿਰ ਰਾਤਾਂ ਨੂੰ ਮੋਟਰ ਤੇ ਮੱਛਰ ਲੜਾਉਣਾ ਸ਼ੁਰੂ ਕਰ ਦਿੱਤਾ। ਵੱਟਾਂ ਤੇ ਮਿੱਟੀ ਲਾਉਂਦੇ ਨੂੰ ਜਦੋਂ ਕਦੇ ਮੇਰੇ ਮਿੱਤਰ ਦਵਿੰਦਰ ਸਿੰਘ ਨੇ ਇੰਗਲੈਂਡ ਤੋਂ ਫੋਨ ਕਰਨਾ ਤਾਂ ਫਿਰ ਮਨ ਕਾਹਲ਼ਾ ਜਿਹਾ ਪੈ ਜਾਣਾ। ਮਨ ਵਿੱਚ ਸੋਚੀ ਜਾਣਾ ਕਿ ਪਤਾ ਨਹੀਂ ਕਦੋਂ ਗੱਲ ਬਣੂਗੀ। ਸਮਾਂ ਬੀਤਦਾ ਗਿਆ।

ਇੰਝ ਹੀ ਅੱਜ-ਕੱਲ੍ਹ ਕਰਦਿਆਂ ਸਾਲ ਬੀਤ ਗਿਆ। ਇਹ ਸਾਲ ਕਿੰਝ ਬੀਤਿਆ, ਮੈਨੂੰ ਹੀ ਪਤਾ। ਫਿਰ ਇੱਕ ਦਿਨ ਫੋਨ ਆਇਆ, ਆ ਜਾ ਦਿੱਲੀ। ਟਾਈਮ ਉਹੀ ਸੀ ਪਰ ਇਸ ਵਾਰ ਕੋਈ ਗੱਡੀ ਕਿਰਾਏ ਤੇ ਨਹੀਂ ਸੀ ਕੀਤੀ। ਗੁਰਪ੍ਰੀਤ ਰਾਏ ਆਪਣਾ ਮੋਟਰ ਸਾਈਕਲ ਲੈ ਕੇ ਆ ਗਿਆ ਸੀ, ਤੜਕੇ ਚਾਰ ਵਜੇ। ਨਾਲ਼ ਚਾਚੇ ਦੇ ਮੁੰਡੇ ਨੂੰ ਲਿਆ ਤੇ ਫਿਰ ਵਿਦਾਈਗੀ ਸ਼ੁਰੂ ਹੋ ਗਈ। ਮੇਰੇ ਖਿਆਲ ਵਿੱਚ ਮਾਂ-ਬਾਪ ਅਤੇ ਘਰਵਾਲੀ-ਬੱਚਿਆਂ ਤੋਂ ਇਲਾਵਾ ਸਭ ਤੋਂ ਨੇੜੇ ਦੇ ਤਿੰਨ ਰਿਸ਼ਤੇ ਹੁੰਦੇ ਨੇ, ਭੈਣ, ਭੂਆ ਤੇ ਨਾਨੀ। ਇਹ ਸਾਰੇ ਫਿਰ ਮੈਨੂੰ ਤੋਰਨ ਆਏ ਸੀ। ਭੂਆ ਫਿਰ ਪੈਸੇ ਦੇ ਰਹੀ ਸੀ ਕਿ ਰਾਹ ਵਿੱਚੋਂ ਕੁਝ ਲੈ ਕੇ ਖਾ ਲਵੀਂ। ਮੈਂ ਕਿਹਾ, ਭੂਆ ਜੀ ਰਹਿਣ ਦਿਓ, ਪਿਛਲੀ ਵਾਰ ਵਾਲੇ ਵੀ ਰਾਹ ਵਿੱਚੋਂ ਹੀ ਖਾ ਕੇ ਮੁੜ ਆਇਆ ਸੀ। ਭੂਆ ਕਹਿੰਦੀ, ਲੈ ਫਿਰ ਕੀ ਹੋਇਆ, ਤੂੰ ਜਦੋਂ ਕਮਾਏਂਗਾ ਉਦੋਂ ਸਾਨੂੰ ਦੇ ਦੇਵੀਂ। ਇਹ ਕਹਿੰਦਿਆਂ ਹੀ ਉਸ ਨੇ ਗਲ਼ ਨਾਲ਼ ਲਾ ਲਿਆ। ਉਦੋਂ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਇਹ ਭੂਆ ਨਾਲ਼ ਮੇਰੀ ਆਖਰੀ ਮਿਲਣੀ ਸੀ। ਉਹ ਮੇਰੇ ਪ੍ਰਦੇਸੋਂ ਵਾਪਸ ਆਉਣ ਤੋਂ ਪਹਿਲਾਂ ਹੀ ਤੁਰ ਗਈ। ਜਦੋਂ ਆਪਣੇ ਕਮਾ ਕੇ ਹੱਥ ਤੇ ਰੱਖਣ ਦਾ ਟਾਈਮ ਆਇਆ ਤਾਂ ਉਹ ਹੱਥ ਹੀ ਛੁੱਟ ਗਏ। ਕੀ ਖੋਇਆ, ਕੀ ਪਾਇਆ, ਇਸਦਾ ਜ਼ਿਕਰ ਅਖੀਰ ਤੇ ਕਰਾਂਗਾ। ਖੈਰ, ਅਸੀਂ ਸਾਰਿਆਂ ਨੂੰ ਮਿਲ਼ ਕੇ ਅੰਮ੍ਰਿਤਸਰ ਵੱਲ ਚੱਲ ਪਏ।

ਮੇਰਾ ਰੇਲਵੇ ਸਟੇਸ਼ਨ ਨਾਲ਼ ਪਤਾ ਨਹੀਂ ਕੀ ਰਿਸ਼ਤਾ ਸੀ, ਹਰ ਵਾਰ ਉੱਥੇ ਹੀ ਜਾਣਾ ਪੈਂਦਾ ਸੀ। ਇਸ ਵਾਰ ਫਿਰ ਦੋ ਮੁੰਡੇ ਮੇਰੇ ਨਾਲ਼ ਜਾ ਰਹੇ ਸਨਉਹਨਾਂ ਨੂੰ ਮੈਂ ਪਹਿਲੀ ਵਾਰ ਮਿਲ ਰਿਹਾ ਸੀ। ਇੱਥੇ ਇੱਕ ਬਹੁਤ ਅਜੀਬ ਜਿਹਾ ਵਾਕਿਆ ਹੋਇਆ। ਇੱਕ ਵਾਰ ਮੈਂ ਆਪਣੇ ਇੱਕ ਮਿੱਤਰ ਨਾਲ਼ ਇੱਕ ਪਿੰਡ ਵਿੱਚ ਦੀ ਲੰਘ ਰਿਹਾ ਸੀ। ਉਸ ਨੇ ਮੈਨੂੰ ਪਿੰਡ ਦੇ ਬਾਹਰਵਾਰ ਬਿਲਕੁਲ ਨੇੜੇ-ਨੇੜੇ ਦੋ ਘਰ ਦਿਖਾਏ। ਕਹਿੰਦਾ, ਆਹ ਦੋ ਘਰ ਦੇਖ। ਮੈਂ ਕਿਹਾ, ਕੀ ਆ, ਘਰ ਹੀ ਆ। ਉਹਨੇ ਦੱਸਿਆ, ਇਹਨਾਂ ਦੋਨਾਂ ਘਰਾਂ ਦੇ ਮੁੰਡੇ-ਕੁੜੀ ਨੇ ਭੱਜ ਕੇ ਵਿਆਹ ਕਰਾ ਲਿਆ। ਹੁਣ ਮੈਂ ਸੱਚੀਂ ਗਹੁ ਨਾਲ਼ ਦੇਖ ਰਿਹਾ ਸੀ। ਉਦੋਂ ਇਹ ਗੱਲ ਆਈ-ਗਈ ਹੋ ਗਈ। ਪਰ ਹੁਣ ਟਰੇਨ ਵਿੱਚ ਜਿਹੜੇ ਦੋ ਮੁੰਡੇ ਮਿਲੇ, ਉਹਨਾਂ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਇੱਕ ਉਹਨਾਂ ਵਿੱਚੋਂ ਉਹੀ ਸੀ, ਜਿਸ ਨੇ ਗਵਾਂਢੀਆਂ ਦੀ ਕੁੜੀ ਨਾਲ਼ ਵਿਆਹ ਕਰਵਾਇਆ ਸੀ। ਮੈਂ ਬਹੁਤ ਹੈਰਾਨ ਹੋਇਆ।

ਗਵਾਂਢਣ ਕੁੜੀ ਨਾਲ਼ ਵਿਆਹ ਕਰਵਾਉਣ ਵਾਲਾ ਮੁੰਡਾ ਆਪਣੇ ਇੱਕ ਮਿੱਤਰ, ਜੋ ਮੇਰੇ ਨਾਲ਼ ਜਾ ਰਿਹਾ ਸੀ, ਨੂੰ ਚੜ੍ਹਾਉਣ ਜਾ ਰਿਹਾ ਸੀ। ਉਸਦੀ ਪਿਆਰ ਕਹਾਣੀ ਸੁਣਦਿਆਂ ਸ਼ਾਮ ਤੱਕ ਅਸੀਂ ਦਿੱਲੀ ਪਹੁੰਚ ਗਏ। ਉੱਥੇ ਇੱਕ ਹੋਟਲ ਵਿੱਚ ਚਲੇ ਗਏ। ਉੱਥੇ ਵੀ ਉਹੀ ਅੱਜ-ਕੱਲ੍ਹ ਵਾਲਾ ਸਿਲਸਿਲਾ ਸ਼ੁਰੂ ਹੋ ਗਿਆ। ਰੋਜ਼-ਰੋਜ਼ ਬਾਹਰੋਂ ਖਾਣਾ ਵੱਸੋਂ ਬਾਹਰ ਦੀ ਗੱਲ ਹੋ ਰਿਹਾ ਸੀ। ਇਸ ਕਰਕੇ ਆਪਾਂ ਪੁੱਛਿਆ ਗੁਰਦੁਆਰਾ ਬੰਗਲਾ ਸਾਹਿਬ ਦਾ ਰਸਤਾ, ਤੇ ਪੈ ਗਏ ਸੜਕੇ। ਫਿਰ ਤਕਰੀਬਨ ਰੋਜ ਇੱਕ ਟਾਈਮ ਦਾ ਲੰਗਰ ਬਾਬੇ ਵੱਲ ਹੁੰਦਾ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਬਾਹਲਾ ਰੰਗ ਬੰਨ੍ਹਿਆ। ਜੇ ਗੁਰੂ ਘਰਾਂ ਦੇ ਸੇਵਾਦਾਰ ਇਮਾਨਦਾਰੀ ਨਾਲ਼ ਸੇਵਾ ਕਰਨ ਤਾਂ ਮੈਂ ਇਹ ਗੱਲ ਦਾਅਵੇ ਨਾਲ਼ ਕਹਿੰਦਾ ਹਾਂ ਕਿ ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲਾ ਜਾਵੇ. ਰੋਟੀ ਤੋਂ ਭੁੱਖਾ ਨਹੀਂ ਮਰਦਾ। ਕੁਝ ਲੋਕ ਲਾਲਚੀ ਪ੍ਰਧਾਨਾਂ ਤੋਂ ਔਖੇ ਗੁਰੂ ਘਰ ਨੂੰ ਉਗਰਾਹੀ ਦੇਣ ਤੋਂ ਹਟ ਗਏ ਨੇ ਪਰ ਜਦੋਂ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹਾਂ ਤੇ ਇਹ ਗੱਲ ਮਨ ਵਿੱਚ ਜਰੂਰ ਆਉਂਦੀ ਹੈ ਕਿ ਸਰਦਾ ਬਣਦਾ ਹਿੱਸਾ ਉਗਰਾਹੀ ਵਿੱਚ ਜਰੂਰ ਪਾਉਣਾ ਚਾਹੀਦਾ।

ਅੱਠ-ਦਸ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਕੋਈ ਗੱਲ ਬਣਦੀ ਨਜ਼ਰ ਨਾ ਆਈ ਤਾਂ ਦਿਲ ਕਰੇ ਕਿ ਘਰ ਮੁੜ ਜਾਵਾਂ। ਮਨ ਵੀ ਨਹੀਂ ਲੱਗ ਰਿਹਾ ਸੀ। ਪਰ ਅੱਗੋਂ ਉਹਨਾਂ ਦਾ ਜਵਾਬ ਹੁੰਦਾ, ਜੇ ਵਾਪਸ ਚਲਾ ਗਿਆ, ਫਿਰ ਦੁਬਾਰਾ ਨਾ ਅਸੀਂ ਭੇਜਣਾ ਤੇ ਨਾ ਹੀ ਪੈਸੇ ਮੋੜਨੇ ਆ। ਮੈਂ ਫਿਰ ਚੁੱਪ ਕਰਕੇ ਬੈਠ ਜਾਣਾ।

ਇੱਕ ਦਿਨ ਉਹ ਵਿਆਹ ਵਾਲਾ ਮੁੰਡਾ ਸਾਡੇ ਕੋਲ ਹੋਟਲ ਵਿੱਚ ਆਇਆ ਤੇ ਕਹਿੰਦਾ, ਚਲੋ ਏਅਰਪੋਰਟ ਜਾਣਾ। ਅਸੀਂ ਉਸ ਨਾਲ਼ ਚਲੇ ਗਏ। ਉੱਥੇ ਉਸ ਦੀ ਗਵਾਂਢਣ ਘਰਵਾਲੀ ਅਮਰੀਕਾ ਤੋਂ ਆ ਰਹੀ ਸੀ, ਜਿਸ ਨੂੰ ਲੈਣ ਉਹ ਪੰਜਾਬ ਤੋਂ ਆਇਆ ਸੀ। ਕੁਝ ਦੇਰ ਬਾਅਦ ਉਹ ਕੁੜੀ ਵੀ ਮੇਰੇ ਸਾਹਮਣੇ ਸੀ। ਇੱਕ ਹੀ ਪਿੰਡ ਤੇ ਗਵਾਂਢੀ ਹੋਣ ਕਰਕੇ ਉਹਨਾਂ ਦੀ ਕਹਾਣੀ ਦੰਦਕਥਾ ਬਣ ਗਈ। ਉਹਨਾਂ ਦੇ ਦੱਸਣ ਮੁਤਾਬਕ ਦੋਹਾਂ ਦੇ ਘਰਦੇ ਵੀ ਉਹਨਾਂ ਨਾਲ਼ ਨਹੀਂ ਵਰਤਦੇ ਸਨਖੈਰ, ਉਹ ਉਸ ਨੂੰ ਲੈ ਕੇ ਪੰਜਾਬ ਚਲਾ ਗਿਆ ਤੇ ਅਸੀਂ ਫਿਰ ਹੋਟਲ ਵਿੱਚ ਆ ਗਏ।

ਮੇਰੇ ਨਾਲ਼ ਆਇਆ ਮੁੰਡਾ ਦੁਖੀ ਹੋ ਕੇ ਵਾਪਸ ਪਿੰਡ ਮੁੜ ਗਿਆ ਪਰ ਮੈਂ ਹੌਸਲਾ ਜਿਹਾ ਕਰਕੇ ਬੈਠਾ ਰਿਹਾ। ਪੰਦਰ੍ਹਾਂ ਦਿਨਾਂ ਬਾਅਦ ਕਹਿੰਦੇ ਕਿ ਅੱਜ ਰਾਤ ਨੂੰ ਤੁਸੀਂ ਜਾ ਰਹੇ ਓ ... ਫਿਰ ਉਹ ਵੇਲਾ ਵੀ ਆ ਗਿਆ ਜਦੋਂ ਅਸੀਂ ਜਾਣ ਲਈ ਤਿਆਰ ਹੋ ਗਏ। ਅਸੀਂ ਚਾਰ ਜਣੇਂ ਸੀ। ਪੂਰੇ ਇੱਕ ਸਾਲ ਬਾਅਦ ਮੈਂ ਫਿਰ ਉੱਡਣ ਲਈ ਤਿਆਰ ਸੀ। ਅੱਧੀ ਕੁ ਰਾਤ ਨੂੰ ਜਹਾਜ਼ ਵਿੱਚ ਬੈਠ ਕੇ ਘਰ ਫੋਨ ਕਰ ਦਿੱਤਾ ਕਿ ਮੈਂ ਠੀਕ-ਠਾਕ ਪਹੁੰਚ ਗਿਆ ਹਾਂ। ਸੀਟ ਮਿਲ ਗਈ ਆ। ਜੇ ਕਿਸੇ ਨੇ ਰਸਤੇ ਵਿੱਚ ਨਾ ਉਤਾਰਿਆ ਤਾਂ ਧੁਰ ਜਾ ਕੇ ਫੋਨ ਕਰਾਂਗਾ।

ਜਹਾਜ਼ ਤੁਰਨ ਤੋਂ ਪਹਿਲਾਂ ਹੀ ਪਰਛਾਵੇਂ ਵਾਂਗ ਨਾਲ਼ ਚੱਲਣ ਵਾਲੇ ਦਵਿੰਦਰ ਸਿੰਘ ਦਾ ਵੀ ਫੋਨ ਆ ਗਿਆ। ਕਹਿੰਦਾ, “ਕਿੱਦਾਂ, ਲੱਗੇ ਤੁਰਨ?”

ਮੈਂ ਕਿਹਾ, “ਭਰਾਵਾ, ਤੁਰਨ ਤਾਂ ਲੱਗੇ ਹਾਂ, ਹੁਣ ਟਿਕਾਣੇ ਪਹੁੰਚ ਜਾਈਏ ਸਹੀ।”

ਇੱਕ ਬਹੁਤ ਅਜੀਬ ਗੱਲ ਇਹ ਹੋਈ ਕਿ ਮੈਂ ਪੂਰੇ ਇੱਕ ਸਾਲ ਬਾਅਦ ਉਸੇ ਮਹੀਨੇ ਤੇ ਉਸੇ ਤਰੀਕ ਨੂੰ ਤੁਰਨ ਲੱਗਾ ਸੀ। ਕੋਈ ਨੌਂ ਕੁ ਘੰਟੇ ਜਹਾਜ਼ ਉੱਡਦਾ ਰਿਹਾ। ਸਵੇਰੇ ਛੇ ਵਜੇ ਜਦੋਂ ਜਹਾਜ਼ ਉੱਤਰਿਆ ਤਾਂ ਅਸੀਂ ਵੀ ਉੱਤਰ ਕੇ ਕੁਰਸੀਆਂ ’ਤੇ ਜਾ ਬੈਠੇ। ਸਾਰਾ ਦਿਨ ਕੁਰਸੀਆਂ ’ਤੇ ਲੰਘ ਗਿਆ। ਸ਼ਾਮ ਨੂੰ ਜਦੋਂ ਬਾਹਰ ਨਿਕਲਣ ਲੱਗੇ ਤਾਂ ਉਹਨਾਂ ਨੇ ਬੇਰੰਗ ਲਿਫਾਫੇ ਵਾਂਗ ਮੋੜ ਦਿੱਤਾ। ਅਸੀਂ ਫਿਰ ਕੁਰਸੀਆਂ ’ਤੇ ਬੈਠ ਗਏ। ਸਾਰੀ ਰਾਤ ਵੀ ਕੁਰਸੀਆਂ ਉੱਤੇ ਬੈਠਿਆਂ ਹੀ ਲੰਘ ਗਈ। ਅਗਲਾ ਦਿਨ ਚੜ੍ਹ ਗਿਆ। 24 ਘੰਟੇ ਬੀਤ ਚੁੱਕੇ ਸਨ, ਨਾ ਬਾਹਰ ਜਾਣ ਦਾ ਕੋਈ ਰਸਤਾ ਮਿਲ ਰਿਹਾ ਸੀ ਤੇ ਨਾ ਹੀ ਕੁਝ ਖਾਣ-ਪੀਣ ਨੂੰ। ਢਿੱਡ ਵਿੱਚ ਕਤੂਰੇ ਨੱਚ ਰਹੇ ਸੀ। ਫਿਰ ਸਾਰਾ ਦਿਨ ਲੋਕਾਂ ਨੂੰ ਆਉਂਦਿਆਂ-ਜਾਂਦਿਆ ਦੇਖ ਕੇ ਨਿੱਕਲ ਗਿਆਦੁਬਾਰਾ ਰਾਤ ਪੈ ਗਈ ਪਰ ਅਸੀਂ ਅਜੇ ਵੀ ਕੁਰਸੀਆਂ ਉੱਤੇ ਬੈਠ ਕੇ ਬਿੱਟ-ਬਿੱਟ ਤੱਕ ਰਹੇ ਸੀ। ਅੰਗਰੇਜੀ ਤਾਂ ਆਉਂਦੀ ਨਹੀਂ ਸੀ, ਢਿੱਡ ਤੇ ਹੱਥ ਮਾਰ-ਮਾਰ ਕੇ ਹੀ ਕਹੀ ਜਾਈਏ ਕਿ ਭੁੱਖ ਲੱਗੀ ਆ। ਪਰ ਕੌਣ ਸੁਣਦਾ ਸੀ?

ਛੱਤੀ ਘੰਟਿਆਂ ਬਾਅਦ ਸਾਡੇ ਕੋਲ ਇਕ ਪੁਲੀਸ ਵਾਲਾ ਆਇਆ ਤੇ ਮੈਨੂੰ ਨਾਲ ਲੈ ਗਿਆ ਮੇਰੀ ਤਲਾਸ਼ੀ ਲੈ ਕੇ ਗੱਡੀ ਵਿਚ ਬਿਠਾ ਕੇ ਇੱਕ ਕੈਂਪ ਨੁਮਾ ਜੇਲ ਵਿਚ ਲੈ ਗਏ ਉੱਥੇ ਹੋਰ ਵੀ ਕਿੰਨੇ ਹੀ ਪੰਜਾਬੀ ਮੁੰਡੇ ਸੀ। ਉਹਨਾਂ ਮੈਨੂੰ ਸੁੱਕੇ ਜਿਹੇ ਬ੍ਰੈੱਡ ਤੇ ਨਾਲ ਕੋਲੇ ਦੀ ਬੋਤਲ ਦਿੱਤੀ ਕਹਿੰਦੇ, ਆਹ ਸਵੇਰ ਦੇ ਪਏ ਸੀ, ਖਾ ਲੈ, ਫਿਰ ਸਵੇਰੇ ਨਵੇਂ ਮਿਲਣਗੇ ਬਾਅਦ ਵਿਚ ਪਤਾ ਲੱਗਾ ਕਿ ਇਹ ਰੈੱਡ ਕਰਾਸ ਦਾ ਕੈਂਪ ਸੀ, ਜਿੱਥੇ ਸ਼ਰਨਾਰਥੀਆਂ ਨੂੰ ਸ਼ਰਨ ਦਿਵਾਈ ਜਾਂਦੀ ਸੀ ਉੱਥੇ ਹਰ ਇਕ ਸਹੂਲਤ ਸੀ, ਪਰ ਬਾਹਰ ਦੀ ਹਵਾ ਨਹੀਂ ਸੀ ਲੈ ਸਕਦੇ ਪੂਰੀ ਬਿਲਡਿੰਗ ਬੰਦ ਸੀ, ਬਸ ਸ਼ੀਸ਼ੇ ਵਿਚ ਦੀ ਬਾਹਰ ਦਿਸਦਾ ਸੀ। ਦੋ ਟਾਈਮ ਖਾਣਾ ਦਿੱਤਾ ਜਾਂਦਾ ਸੀ ਦੋਵੇਂ ਟਾਈਮ ਬ੍ਰੈੱਡ ਜਿਹੇ ਹੀ ਹੁੰਦੇ ਸੀ ਤੇ ਨਾਲ ਫੁਕਲੀ ਜਿਹੀ ਸਬਜੀ ਬ੍ਰੈੱਡ ਖਾਧੇ ਨਹੀਂ, ਸਗੋਂ ਚੱਬੇ ਜਾਂਦੇ ਸੀ ਸਾਨੂੰ ਕਿੱਲੋ ਆਟਾ ਤੇ ਹਰੀਆਂ ਮਿਰਚਾਂ ਖਾਣ ਵਾਲਿਆਂ ਨੂੰ ਕਿੱਥੇ ਸਬਰ ਆਵੇ, ਪਰ ਕਰ ਵੀ ਕੀ ਸਕਦੇ ਸੀ? ਇਸ ਕਰਕੇ ਜੋ ਮਿਲਦਾ, ਜਿੰਨਾ ਕੁ ਖਾਧਾ ਜਾਂਦਾ, ਖਾ ਲੈਂਦੇ

ਸਾਨੂੰ ਕਈ ਵਾਰ ਬੁਲਾ ਕੇ ਪੁੱਛਿਆ ਗਿਆ, ਕਿੱਥੋਂ ਆਏ ਹੋ? ਕਿੱਥੇ ਜਾਣਾ ਹੈ? ਮੈਂ ਕਿਹਾ, ਭਾਈ ਇੰਗਲੈਂਡ ਤੋਂ ਆਏ ਹਾਂ, ਕੈਨੈਡਾ ਜਾਣਾ ਹੈ। ਉਹ ਕਹਿੰਦੇ, ਤੁਸੀਂ ਇੰਡੀਆ ਤੋਂ ਆਏ ਹੋ, ਤੁਹਾਨੂੰ ਇੰਡੀਆ ਹੀ ਭੇਜਣਾ ਵਾਪਸ ਫੋਨ ’ਤੇ ਕਿਸੇ ਪੰਜਾਬੀ ਬੋਲਦੀ ਕੁੜੀ ਨਾਲ ਗੱਲ ਕਰਵਾਉਂਦੇ ਸੀ ਮੈਂ ਕਿਹਾ, ਭਾਈ ਗੱਲ ਏਦਾਂ ਕੇ ਜਾਂ ਇੰਗਲੈਂਡ ਭੇਜ ਦਿਓ ਜਾਂ ਫਿਰ ਕੈਨੇਡਾ। ਉਹ ਕਹਿੰਦੀ, ਤੁਹਾਨੂੰ ਇਹ ਇੰਡੀਆ ਹੀ ਭੇਜਣਗੇ ਮੈਂ ਕਿਹਾ, ਆਪਾਂ ਨਹੀਂ ਜਾਂਦੇ ਇੰਡੀਆ, ਇੱਥੇ ਹੀ ਗੋਲੀ ਮਾਰ ਦਿਓ ਬੇਸ਼ਕ ਜੇ ਇੰਡੀਆ ਗਏ ਘਰਦਿਆਂ ਵੀ ਹੁਣ ਤਾਂ ਘਰ ਨਹੀਂ ਵਾੜਨਾ। ਵੀਹ ਦਿਨ ਸਾਨੂੰ ਪੁੱਛਦੇ ਰਹੇ, ਪਰ ਆਪਾਂ ਨਹੀਂ ਮੰਨੇ ਇਹ ਵੀਹ ਦਿਨ ਕੰਧਾਂ ਨਾਲ ਲੱਗ ਲੱਗ ਕੇ ਕੱਟੇ ਅਸੀਂ ਇੱਥੇ ਫੋਨ ਲੱਗੇ ਹੁੰਦੇ ਸੀ ਪਰ ਉਨ੍ਹਾਂ ’ਤੇ ਸਿਰਫ ਸੁਣ ਹੀ ਸਕਦੇ ਸੀ, ਕਰ ਨਹੀਂ ਦਵਿੰਦਰ ਨੇ ਮੈਨੂੰ ਫੋਨ ਕਰਕੇ ਹਾਲ-ਚਾਲ ਪੁੱਛਣਾ ਤੇ ਫਿਰ ਸਾਡੇ ਘਰ ਦੱਸਣਾ ਇੱਕ ਦਵਿੰਦਰ ਸੀ, ਜਿਸ ਨੂੰ ਮੇਰੇ ਇੱਕ ਇੱਕ ਪਲ ਦਾ ਪਤਾ ਸੀ ਜਦੋਂ ਵੀ ਮਨ ਨਾ ਲੱਗਣਾ ਉਸ ਨੂੰ ਮਿਸ-ਕਾਲ ਮਾਰ ਦੇਣੀ ਤੇ ਉਸ ਨੇ ਫੋਨ ਕਰ ਦੇਣਾ ਕੁਝ ਵੀ ਪਤਾ ਨਹੀਂ ਸੀ ਕਿ ਸਾਡਾ ਕੀ ਕਰਨਾ ਇਹਨਾਂ ਜਦੋਂ ਵੀ ਅਵਾਜ ਪੈਣੀ, ਸਾਹ ਉਤਾਂਹ ਚੜ੍ਹ ਜਾਣੇ ਕਿ ਹੁਣ ਕਿਤੇ ਵਾਪਸ ਹੀ ਨਾ ਭੇਜ ਦੇਣ

ਵੀਹ ਦਿਨਾਂ ਵਿਚ ਤਿੰਨ ਵਾਰ ਸਾਨੂੰ ਅਦਾਲਤ ਵਿਚ ਲੈ ਕੇ ਗਏ ਪਰ ਜਦੋਂ ਕਿਤੇ ਵੀ ਗੱਲ ਨਾ ਬਣੀ ਤਾਂ ਸਾਨੂੰ ਸਾਰਿਆਂ ਨੂੰ ਉਹਨਾਂ ਆਪਣੇ ਦਫਤਰ ਬੁਲਾ ਲਿਆ। ਇੱਕੀਵੇਂ ਦਿਨ ਸਾਨੂੰ ਕਹਿੰਦੇ ਕਿ ਅੱਠ ਦਿਨਾਂ ਵਿਚ ਸਾਡਾ ਦੇਸ਼ ਛੱਡ ਜਾਓ ਮੈਂ ਰੱਬ ਦਾ ਸ਼ੁਕਰ ਕੀਤਾ ਤੇ ਮਨ ਵਿਚ ਕਿਹਾ, ਅੱਠ ਦਿਨ ਤਾਂ ਕੀ, ਅਸੀਂ ਅੱਠ ਘੰਟੇ ਨਹੀਂ ਰਹਿੰਦੇ, ਤੁਸੀਂ ਛੱਡੋ ਤਾਂ ਸਹੀ ਦੁਪਹਿਰ ਤੱਕ ਸਾਨੂੰ ਬਾਹਰ ਕੱਢ ਦਿੱਤਾ ਗਿਆਯਕੀਨ ਕਰਿਓ, ਮੈਂ ਤਾਂ ਬਾਹਰ ਨਿੱਕਲ ਕੇ ਧਰਤੀ ਉੱਤੇ ਨੱਕ ਰਗੜ ਕੇ ਰੱਬ ਦਾ ਸ਼ੁਕਰ ਕੀਤਾ

ਅਸੀਂ ਬਾਹਰ ਨਿੱਕਲ ਕੇ ਟੈਕਸੀ ਵਾਲੇ ਨੂੰ ਕਿਹਾ ਕਿ ਕਿਸੇ ਗੁਰੂ ਘਰ ਲੈ ਜਾਵੇ। ਉਹ ਸਾਨੂੰ ਇੱਕ ਗੁਰੂ ਘਰ ਲੈ ਗਿਆ ਉੱਥੇ ਬਾਬੇ ਅੱਗੇ ਜੋੜੇ ਹੱਥ ਤੇ ਸ਼ੁਕਰ ਮਨਾਇਆ ਕਿ ਅਸੀਂ ਬਾਹਰ ਆ ਗਏ ਹਾਂ ਫਿਰ ਅਸੀਂ ਸਿੱਧੇ ਲੰਗਰ ਵੱਲ ਗਏ। ਵੀਹ ਦਿਨ ਬਾਅਦ ਰੋਟੀ ਦੇਖ ਕੇ ਸਾਡੇ ਤਾਂ ਮੂੰਹ ਵਿਚ ਪਾਣੀ ਆ ਗਿਆ ਨਾਲ ਬਦਾਮਾਂ ਵਾਲੀ ਖੀਰ ਨਜ਼ਾਰਾ ਹੀ ਵੱਖਰਾ ਸੀ ਦਿਲ ਕਰਦਾ ਸੀ ਕਿ ਵੀਹ ਦਿਨਾਂ ਦੀ ਕਸਰ ਅੱਜ ਹੀ ਕੱਢ ਲਈਏ ਵਾਕਿਆ ਹੀ ਹੋਰ ਜੋ ਮਰਜ਼ੀ ਖਾ ਲਵੋ, ਰੋਟੀ ਬਿਨਾਂ ਧਰਵਾਸ ਜਿਹਾ ਨਹੀਂ ਆਉਂਦਾਇੱਥੇ ਫਿਰ ਲੰਗਰ ਦੀ ਅਹਿਮੀਅਤ ਦਾ ਪਤਾ ਲੱਗਿਆ ਤੇ ਆਪਣੇ ਬਾਬਿਆਂ ਦਾ ਧੰਨਵਾਦ ਕੀਤਾ ਅਜੇ ਲੰਗਰ ਛਕ ਕੇ ਹੀ ਹਟੇ ਸੀ ਕਿ ਗੁਰੂ ਘਰ ਦੇ ਸੇਵਾਦਾਰ ਆ ਕੇ ਕਹਿਣ ਲੱਗੇ, ਸਿੰਘੋ, ਲੰਗਰ ਛਕ ਕੇ ਇੱਥੋਂ ਚਾਲੇ ਮਾਰੋ ਇੱਥੇ ਸਿਰਫ ਲੰਗਰ ਦਾ ਹੀ ਪ੍ਰਬੰਧ ਹੈ, ਰਹਿਣ-ਸਹਿਣ ਦਾ ਨਹੀਂ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਦੇਖੀਏ ਫਿਰ ਸਤਿ ਬਚਨ ਕਹਿ ਕੇ ਚੱਕਿਆ ਡੰਡਾ ਡੋਰੀਆ ਤੇ ਬਾਹਰ ਆ ਗਏ

ਇੱਕ ਮੁੰਡੇ ਨੂੰ ਉਸ ਦੇ ਕੁਝ ਮਿੱਤਰ ਲੈਣ ਆ ਗਏ ਆਪਣਾ ਉੱਥੇ ਕੋਈ ਹੈ ਨਹੀਂ ਸੀ, ਸੋ ਆਪਾਂ ਅਗਲੇ ਪੜਾ ਵੱਲ ਚਾਲੇ ਮਾਰਨ ਲਈ ਉਹਨਾਂ ਮੁੰਡਿਆਂ ਨੂੰ ਬੇਨਤੀ ਕੀਤੀ ਕਿ ਸਾਨੂੰ ਟਰੇਨ ਦੇ ਸਟੇਸ਼ਨ ਤੱਕ ਛੱਡ ਆਓ। ਉਹਨਾਂ ਸਾਡੀ ਬੇਨਤੀ ਪਰਵਾਨ ਕਰ ਲਈ ਤੇ ਸਾਨੂੰ ਟਰੇਨ ਦੇ ਸਟੇਸ਼ਨ ’ਤੇ ਛੱਡ ਆਏ ਉੱਥੇ ਮੇਰੇ ਨਾਲ ਅੱਗੇ ਜਾਣ ਲਈ ਮਨਦੀਪ ਨਾਂ ਦਾ ਮੁੰਡਾ ਸੀ ਅਸੀਂ ਪਹਿਲੀ ਵਾਰ ਯੂਰਪ ਦੀ ਟਰੇਨ ਵਿਚ ਸਫਰ ਕਰ ਰਹੇ ਸੀ ਟਰੇਨ ਕਾਹਦੀ, ਸਵਰਗ ਹੀ ਲਗਦਾ ਸੀ ਮਨ ਵਿਚ ਡਰ ਜਿਹਾ ਸੀ, ਪਰ ਟਰੇਨ ਤਾਂ ਜਾਵੇ ਪੈਲਾਂ ਪਾਉਂਦੀ ਨਾ ਆਪਣੇ ਵਾਲੀਆਂ ਵਾਂਗੂੰ ਪਾਂ ਪਾਂ, ਨਾ ਛੱਕ ਛੱਕ ਦੀ ਅਵਾਜ਼। ਨਾ ਹੀ ਬਾਰੀ ਵਿਚ ਖਲੋ ਕੇ ਦੇਖਣਾ ਪੈਂਦਾ ਸੀ ਕਿ ਸਟੇਸ਼ਨ ਕਿਹੜਾ ਆ ਗਿਆ ਸਕਰੀਨ ’ਤੇ ਲਿਖਿਆ ਆਈ ਜਾਂਦਾ ਸੀ ਕਿ ਹੁਣ ਕਿੱਥੇ ਕੁ ਆ ਗਏ ਹਾਂ ਨਾਲ ਨਕਸ਼ਾ ਵੀ ਆ ਰਿਹਾ ਸੀ। ਪੌਣੇ ਕੁ ਘੰਟੇ ਵਿਚ ਹੀ ਟਰੇਨ ਨੇ ਦੂਜੇ ਦੇਸ਼ ਦੇ ਸਟੇਸ਼ਨ ’ਤੇ ਉਤਾਰ ਦਿੱਤਾ ਫਿਰ ਸਾਨੂੰ ਬਾਹਰ ਨਿਕਲਣ ਦਾ ਪਤਾ ਨਾ ਲੱਗੇ ਜਿੱਧਰ ਲੋਕ ਤੁਰੇ ਜਾਣ ਉੱਧਰ ਅਸੀਂ ਤੁਰ ਪਏ ਤੇ ਰੱਬ ਦੀ ਮਿਹਰ ਨਾਲ ਸਹੀ ਸਲਾਮਤ ਬਾਹਰ ਨਿੱਕਲ ਗਏ

ਅੱਗੇ ਆਪਣੇ ਮਿੱਤਰ ਲੈਣ ਆਏ ਹੋਏ ਸੀ ਤੇ ਉਹ ਸਾਨੂੰ ਆਪਣੇ ਘਰ ਲੈ ਗਏ ਮੇਰਾ ਪ੍ਰੋਗਰਾਮ ਸਪੇਨ ਜਾਣ ਦਾ ਸੀ ਪਰ ਮੈਨੂੰ ਕੁਝ ਦਿਨ ਇੱਥੇ ਰੁਕਣਾ ਪੈਣਾ ਸੀ ਇੱਥੇ ਰਹਿੰਦਿਆਂ ਕੁਝ ਉਹ ਮੁੰਡੇ ਵੀ ਮਿਲੇ, ਜੋ ਇੰਗਲੈਂਡ ਜਾਣ ਦੀ ਕੋਸ਼ਿਸ਼ ਕਰ ਰਹੇ ਸੀ। ਉਹਨਾਂ ਦਾ ਸਫਰ ਵੀ ਰੌਂਗਟੇ ਖੜ੍ਹੇ ਕਰਨ ਵਾਲਾ ਸੀ ਉੱਥੋਂ ਟਰਾਲੇ ਵਿਚ ਚੜ੍ਹਾ ਕੇ ਇੰਗਲੈਂਡ ਭੇਜਿਆ ਜਾਂਦਾ ਸੀ ਉਸ ਤੋਂ ਪਹਿਲਾਂ, ਦੱਸਦੇ ਸੀ, ਕਿ ਟਰੇਨ ਤੇ ਚੜ੍ਹਾਉਂਦੇ ਸੀ ਤੁਰੀ ਜਾਂਦੀ ਮਾਲ ਗੱਡੀ ਦੇ ਉੱਪਰ ਪੁਲ ’ਤੇ ਖਲਾਰ ਕੇ ਛਾਲ ਮਰਾਈ ਜਾਂਦੀ ਸੀ ਇੱਕ ਵਾਰ ਦੱਸਦੇ ਸੀ ਕਿ ਕੋਈ ਮੁੰਡਾ ਗੱਡੀ ਦੇ ਡੱਬਿਆਂ ਦੇ ਵਿਚਕਾਰ ਡਿੱਗ ਪਿਆ ਤੇ ਗੱਡੀ ਦੇ ਥੱਲੇ ਆ ਗਿਆ ਫਿਰ ਇਹ ਸਿਲਸਿਲਾ ਬੰਦ ਹੋ ਗਿਆ ਮੈਨੂੰ ਉਹ ਕਹਿਣ ਲੱਗੇ ਕਿ ਭਾਅ ਤੂੰ ਵੀ ਇੰਗਲੈਂਡ ਚਲਾ ਜਾ ਮੈਂ ਕਿਹਾ, ਇੱਥੋਂ ਤੱਕ ਆ ਗਿਆ ਹਾਂ, ਰੱਬ ਦਾ ਕੋਟ ਕੋਟ ਧੰਨਵਾਦ ਆਪਾਂ ਤਾਂ ਹੁਣ ਸਪੇਨ ਹੀ ਜਾਵਾਂਗੇ ਉੱਥੇ ਸੁਣਿਆ ਹੈ ਕਿ ਪੇਪਰ ਬਣ ਜਾਂਦੇ ਆ। ਮੈਂ ਤਾਂ ਪੇਪਰ ਬਣਾਉਣੇ ਆ

**

ਮੇਰੀ ਹਰ ਖਬਰ ਰੱਖਣ ਵਾਲਾ ਦਵਿੰਦਰ ਸਿੰਘ, ਦੋਸਤ ਨਾ ਹੋ ਕੇ ਭਰਾਵਾਂ ਨਾਲੋਂ ਵੀ ਵੱਧ ਸੀ, ਜੋ ਅੱਜਕੱਲ ਇੰਗਲੈਂਡ ਰਹਿ ਰਿਹਾ ਹੈ। ਮੈਨੂੰ ਫੋਨ ਕਰਕੇ ਫਿਰ ਮੇਰੇ ਘਰ ਵੀ ਦੱਸਣਾ ਕਿ ਮੈਂ ਕਿੱਥੇ ਅਤੇ ਕਿਨ੍ਹਾਂ ਹਾਲਾਤ ਵਿੱਚ ਹਾਂ। ਇਸ ਨੇ ਵੀ ਬਹੁਤ ਧੱਕੇ ਖਾਧੇ ਸੀ ਬਾਹਰ ਆਉਣ ਵਾਸਤੇ। 1999 ਦੀ ਗੱਲ ਆ, ਅਸੀਂ ਪਹਿਲੀ ਵਾਰ ਕਾਲਜ ਮਿਲੇ ਸੀ। ਫਿਰ ਇਸ ਦੇ ਗਵਾਂਢ ਸਾਡੀ ਇੱਕ ਰਿਸ਼ਤੇਦਾਰੀ ਬਣ ਗਈ, ਜਿਸ ਨਾਲ਼ ਸਾਡੀ ਸਾਂਝ ਹੋਰ ਵੀ ਗੂੜ੍ਹੀ ਹੋ ਗਈ। ਬੀ ਏ ਭਾਗ-1 ਵਿੱਚ ਹੀ ਸਾਨੂੰ ਅੰਗਰੇਜ਼ੀ ਨੇ ਲੱਤੋਂ ਫੜ ਕੇ ਸੁੱਟ ਲਿਆ। ਫਿਰ ਅੰਗਰੇਜ਼ੀ ਦੇ ਪੇਪਰ ਨੇ ਸਾਨੂੰ ਅੰਮ੍ਰਿਤਸਰ ਦੇ ਸਾਰੇ ਕਾਲਜ ਤੇ ਯੂਨੀਵਰਸਿਟੀ ਦੇ ਦਰਸ਼ਨ ਕਰਵਾ ਦਿੱਤੇ। ਸਾਰਾ ਸਾਲ ਸਾਡਾ ਕੰਪਾਰਟਮੈਂਟ ਦਾ ਪੇਪਰ ਦਿੰਦਿਆਂ ਨਿੱਕਲ਼ ਗਿਆ। ਮੈਂ ਤਾਂ ਛੜੀਆਂ ਜਿਹੀਆਂ ਮਾਰ ਕੇ ਅਗਲੀ ਜਮਾਤ ਵਿੱਚ ਬੈਠ ਗਿਆ ਪਰ ਇਸ ਨੇ ਬਾਹਰ ਜਾਣ ਦਾ ਮਨ ਬਣਾ ਲਿਆ। ਮੈਂ ਇਸ ਨੂੰ ਉਦੋਂ ਰੋਕਦਾ ਹੁੰਦਾ ਸੀ ਕਿ ਬਾਹਰ ਕੀ ਰੱਖਿਆ? ਉਦੋਂ ਤਾਂ ਬਾਪੂ ਦੇ ਸਿਰ ਤੇ ਇੰਡੀਆ ਹੀ ਨਜ਼ਾਰੇ ਲੱਗਦੇ ਸੀ। ਪਤਾ ਤਾਂ ਬਾਅਦ ’ਚ ਲੱਗਾ ਜਦੋਂ ਗ੍ਰਹਿਸਥ ਦੀ ਪੰਜਾਲ਼ੀ ਗਲ਼ ’ਚ ਪਈ।

ਦਵਿੰਦਰ ਸਿੰਘ ਨੇ ਕਿਸੇ ਨਾਲ਼ ਇੰਗਲੈਂਡ ਦੀ ਗੱਲ ਕਰ ਲਈਉਸ ਵਾਸਤੇ ਇਸ ਨੇ ਚਾਰ ਕਿੱਲੇ ਗਹਿਣੇ ਪਾਏ ਤੇ ਘਰਦਿਆਂ ਦੇ ਵੀ ਕੰਨ,ਹੱਥ ਵਿਹਲੇ ਕਰ ਦਿੱਤੇ ਸੀ। ਮੇਰੇ ਕੋਲ਼ੋਂ ਬਹੁਤ ਜਿਆਦਾ ਨਹੀਂ ਸਰਿਆ ਸੀ, ਪਰ ਜਿੰਨਾ ਕੁ ਕੀਤਾ ਉਸ ਬਦਲੇ ਇਸ ਬੰਦੇ ਨੇ ਜੋ ਮੇਰੇ ਲਈ ਕੀਤਾ, ਜੋ ਮੈਨੂੰ ਮਾਣ ਦਿੱਤਾ, ਉਸ ਲਈ ਮੇਰੇ ਕੋਲ਼ ਲਫਜ਼ ਨਹੀਂ ਹੈਗੇ। ਖੈਰ ਜੀ, 2001 ਨੂੰ ਇਹ ਵੀ ਸੁਨਹਿਰੀ ਸੁਫਨਿਆਂ ਦੀ ਖੋਜ ਵਿੱਚ ਬਾਹਰ ਨੂੰ ਤੁਰ ਪਿਆ। ਉਸ ਵੇਲੇ ਸਾਰੇ ਮਜ਼ਾਕ ਕਰਦੇ ਸਨ ਕਿ ਇਸ ਨੇ ਵੀ ਫੂਕ ਦਿੱਤੀ ਜੇ ਪਿਉ-ਦਾਦੇ ਦੀ ਜਾਇਦਾਦ। ਮੈਂ ਵੀ ਇਹਨੂੰ ਕਿਹਾ ਸੀ ਕਿ ਜੇ ਤਾਂ ਰੱਬ ਮਿਹਰ ਕਰ ਦਿੱਤੀ, ਤਾਂ ਵਧੀਆ, ਨਹੀਂ ਤਾਂ ਸਾਰੀ ਉਮਰ ਨਹੀਂ ਉੱਠ ਸਕਣਾ। ਰਸਤੇ ਵਿੱਚ ਅਜਿਹਾ ਕਸੂਤਾ ਫਸਿਆ ਕਿ ਪੁਲਾਂ ਥੱਲੇ ਸੌਂਦਾ ਰਿਹਾ। ਦੋ ਵਾਰ ਵਾਪਸ ਵੀ ਭੇਜਣ ਲੱਗੇ ਪਰ ਇਹ ਲਿਟਣ ਲੱਗ ਪਿਆ ਧਰਤੀ ’ਤੇ ਕਿ ਮੈਂ ਨਹੀਂ ਜਾਣਾ ਵਾਪਸ। ਦੁਹਾਈਆਂ ਵੀ ਸੱਚਾ ਹੀ ਪੌਂਦਾ ਸੀ, ਜੇ ਵਾਪਸ ਚਲੇ ਜਾਂਦਾ ਤਾਂ ਘਰਦਿਆਂ ਨੇ ਉਂਝ ਬੇਦਖਲ ਕਰ ਦੇਣਾ ਸੀ। ਕਈ ਦਿਨ ਅਨਜਾਣ ਸੜਕਾਂ ’ਤੇ ਧੱਕੇ ਖਾਣ ਤੋਂ ਬਾਅਦ ਜਦੋਂ ਇੰਗਲੈਂਡ ਪਹੁੰਚਿਆ ਤਾਂ ‘ਮਾਮਿਆਂ’ ਨੇ ਫਿਰ ਚੱਕ ਲਿਆ। ਫਿਰ ਜਦੋਂ ਛੱਡਿਆ ਤਾਂ ਬਾਹਰ ਨਿੱਕਲ਼ ਕੇ ਇਸ ਨੇ ਬਹੁਤ ਮਿਹਨਤ ਕੀਤੀ। ਕਹਿੰਦੇ ਨੇ ਨੀਤ ਨੂੰ ਮੁਰਾਦਾਂ ਹੁੰਦੀਆਂ ਨੇ। ਇਸ ਦੀ ਸਾਫ ਨੀਅਤ ਤੇ ਭਲਮਾਣਸੀ ਇਸ ਨੂੰ ਕਾਮਯਾਬੀ ਵੱਲ ਲੈ ਤੁਰੀ। ਸਖਤ ਮਿਹਨਤ ਕਰਕੇ ਇਸ ਨੇ ਗਹਿਣੇ ਪਈ ਜਮੀਨ ਵੀ ਛੁਡਾ ਲਈ ਤੇ ਘਰਦਿਆਂ ਦਾ ਹਰ ਸੁਪਨਾ ਵੀ ਪੂਰਾ ਕੀਤਾ। ਮਾਰਕੀਟ ਵਿੱਚ ਆਉਣ ਵਾਲ਼ਾ ਹਰ ਨਵਾਂ ਫੋਨ ਮੇਰੇ ਕੋਲ਼ ਹੁੰਦਾ ਸੀ। ਕੁਝ ਹੀ ਸਾਲਾਂ ਵਿੱਚ ਪੱਕਾ ਹੋ ਕੇ ਇਹ ਵਾਪਸ ਇੰਡੀਆ ਗਿਆ। ਆਪਣੇ ਮਾਂ-ਬਾਪ ਨੂੰ ਵੀ ਜਹਾਜ਼ ਦਾ ਝੂਟਾ ਦਿਵਾ ਦਿੱਤਾ। ਲੋਕ ਬਾਹਰੋਂ ਜਾ ਕੇ ਉਦੋਂ ਟੌਹਰ ਬਣਾਉਂਦੇ ਫੁਕਰੀਆਂ ਮਾਰਦੇ ਸੀ। ਪਰ ਇਹ ਬਾਹਰੋਂ ਜਾ ਕੇ ਮੇਰੇ ਨਾਲ਼ ਅੱਧੀ ਰਾਤ ਨੂੰ ਨਹਿਰ ਦਾ ਪਾਣੀ ਵੀ ਲਵਾਉਂਦਾ ਹੁੰਦਾ ਸੀ। ਅੱਜ ਇਹ ਇਨਸਾਨ ਆਪਣੀ ਮਿਹਨਤ ਤੇ ਕਿਸਮਤ ਸਦਕਾ ਇੰਗਲੈਂਡ ਵਿੱਚ ਸਾਡੀ ਭਰਜਾਈ ਰਾਜਵਿੰਦਰ ਕੌਰ ਅਤੇ ਭਤੀਜੇ ਤਨਵੀਰ ਸਿੰਘ ਨਾਲ਼ ਵਧੀਆ ਜਿੰਦਗੀ ਬਤੀਤ ਕਰ ਰਿਹਾ ਹੈ।

ਕਹਿੰਦੇ ਨੇ ਘਰ ਚਲਾਉਣ ਤੇ ਰਿਸ਼ਤੇ ਨਿਭਾਉਣ ਵਿੱਚ ਜਨਾਨੀ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਇਹੀ ਕਾਰਨ ਹੈ ਕਿ ਸਾਡੀਆਂ ਜਨਾਨੀਆਂ ਚੰਗੀਆਂ ਹੋਣ ਕਰਕੇ ਪੰਦਰ੍ਹਾਂ ਸਾਲਾਂ ਤੋਂ ਇਹ ਰਿਸ਼ਤਾ ਬਾਖੂਬੀ ਨਿਭਾ ਰਹੇ ਹਾਂ। ਹਰ ਦੁੱਖ-ਸੁੱਖ ਵੇਲੇ ਹਾਜ਼ਰ ਹੁੰਦੇ ਹਾਂ। ਇਸ ਦੁਨੀਆਂ ਤੋਂ ਸਭ ਨੇ ਜਾਣਾ ਹੈ, ਇਹ ਸਚਾਈ ਹੈ। ਇਸੇ ਕਰਕੇ ਅਸੀਂ ਇੱਕ ਦੂਜੇ ਨਾਲ਼ ਇਹ ਵਾਅਦਾ ਕੀਤਾ ਹੈ ਕਿ ਜੋ ਵੀ ਪਹਿਲਾਂ ਗਿਆ, ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਤੋਰਨ ਜਰੂਰ ਆਉਣਾ। ਮੇਰੀ ਤਾਂ ਇਹੀ ਅਰਦਾਸ ਹੁੰਦੀ ਹੈ ਕਿ ਇਹ ਮੈਨੂੰ ਤੋਰਨ ਆਵੇਜਿੱਥੇ ਕਹਾਂ, ਉੱਥੇ ਖੜ੍ਹਨ ਵਾਲਾ, ਭਰਾਵਾਂ ਵਰਗਾ ਯਾਰ, ਰੱਬ ਸਭ ਨੂੰ ਦੇਵੇ। ਤੁਸੀਂ ਸਭ ਮੈਨੂੰ ਮੇਰੀਆਂ ਲਿਖਤਾਂ ਕਰਕੇ ਜਾਣਦੇ ਹੋ ਪਰ ਇਹ ਮੈਨੂੰ ਭਰਾ ਕਰਕੇ ਜਾਣਦਾ ਹੈ। ਮੇਰੀ ਹਰ ਚੰਗੀ ਮਾੜੀ ਆਦਤ ਤੋਂ ਵਾਕਿਫ, ਮੇਰਾ ਹਮਰਾਜ਼ ਹੈ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹੋ-ਜਿਹੇ ਮਿੱਤਰ-ਪਿਆਰਿਆਂ ਨੂੰ ਮੇਰੀ ਉਮਰ ਵੀ ਲਾ ਦੇਵੇ।

**

ਵੀਹ-ਬਾਈ ਦਿਨ ਠਹਿਰਨ ਬਾਅਦ ਸਪੇਨ ਵੱਲ ਚੱਲ ਪਿਆ। ਉਸ ਵੇਲੇ ਫਰਾਂਸਬੈਲਜੀਅਮ ਤੇ ਜਰਮਨ ਵਾਲੇ ਸੱਜਣ-ਮਿੱਤਰ ਕਹਿੰਦੇ ਸੀ ਕਿ ਇੱਧਰ ਆ ਜਾ, ਕੰਮ ਲੱਭ ਲਵਾਂਗੇ। ਪਰ ਮੇਰਾ ਇਰਾਦਾ ਸਪੇਨ ਜਾਣ ਦਾ ਹੀ ਸੀ ਕਿਉਂਕਿ ਸੁਣਿਆ ਸੀ ਕਿ ਸਪੇਨ ਵਿਚ ਤਿੰਨ ਸਾਲ ਰਹਿਣ ਪਿੱਛੋਂ ਪੱਕੇ ਹੋ ਜਾਈਦਾ। ਮੇਰਾ ਮਕਸਦ ਪਹਿਲਾਂ ਪੱਕੇ ਹੋਣਾ ਸੀ, ਕਿਉਂਕਿ ਜਿਆਦਾ ਦੇਰ ਪਰਿਵਾਰ ਤੋਂ ਦੂਰ ਰਹਿਣਾ ਵੀ ਔਖਾ ਸੀ। ਗੱਡੀ ’ਤੇ ਰਾਤ ਨੂੰ ਨੌਂ ਕੁ ਵਜੇ ਦੇ ਤੁਰੇ ਅਸੀਂ ਸਵੇਰੇ ਛੇ ਵਜੇ ਸਪੇਨ ਦਾਖਲ ਹੋ ਗਏ। ਅੱਗੇ ਇੱਕ ਰਿਸ਼ਤੇਦਾਰ ਮੁੰਡੇ ਕੋਲ਼ ਜਾਣਾ ਸੀ ਪਰ ਉਹ ਕਾਫੀ ਦੂਰ ਰਹਿੰਦਾ ਸੀ। ਉਸ ਤੱਕ ਪਹੁੰਚਣ ਲਈ ਦੋ ਬੱਸਾਂ ਬਦਲਣੀਆਂ ਪੈਣੀਆਂ ਸੀ ਪਰ ਮੇਰੇ ਕੋਲ਼ ਇੱਕ ਬੱਸ ਦੀ ਟਿਕਟ ਲੈਣ ਜੋਗੇ ਹੀ ਪੈਸੇ ਸੀ। ਮੈਂ ਉੱਥੋਂ ਬਾਰਸੀਲੋਨਾ ਦੀ ਟਿਕਟ ਲਈ, ਜਿੱਥੇ ਜਾਣ ਲਈ ਸੱਤ-ਅੱਠ ਘੰਟੇ ਲੱਗਣੇ ਸਨ। ਰਿਸ਼ਤੇਦਾਰ ਨੇ ਉਸ ਸ਼ਹਿਰ ਕਿਸੇ ਮੁੰਡੇ ਨੂੰ ਫੋਨ ਕਰ ਦਿੱਤਾ ਤੇ ਉਹ ਮੈਨੂੰ ਆਪਣੇ ਘਰ ਲੈ ਗਿਆ। ਉੱਥੇ ਉਸ ਨੇ ਮੈਨੂੰ ਰਾਤ ਆਪਣੇ ਘਰ ਰੱਖਿਆ ਤੇ ਅਗਲੇ ਦਿਨ ਆਪਣੇ ਕੋਲ਼ੋਂ ਟਿਕਟ ਲੈ ਕੇ ਦਿੱਤੀ ਤੇ ਨਾਲ਼ ਵੀਹ ਯੂਰੋ ਵੀ ਦਿੱਤੇ ਕਿ ਰਸਤੇ ਵਿੱਚ ਕੁਝ ਖਾ ਲਵੀਂ। ਮੈਂ ਉਹਨਾਂ ਦਾ ਧੰਨਵਾਦ ਕੀਤਾ ਤੇ ਪੈਸੇ ਵਾਪਸ ਮੋੜਨ ਦਾ ਵਾਅਦਾ ਵੀ।

ਬਾਹਰ ਦੀਆਂ ਬੱਸਾਂ ਵੀ ਬਾਹਰ ਵਰਗੀਆਂ ਹੀ ਨੇ। ਮੈਨੂੰ ਪੰਜਾਬ ਰੋਡਵੇਜ ਯਾਦ ਆ ਗਈ। ਉੱਤਰਨ-ਚੜ੍ਹਨ ਵੇਲੇ ਧਿਆਨ ਰੱਖਣਾ ਪੈਂਦਾ ਸੀ ਕਿ ਕੋਈ ਪੱਤਰੀ ਜਿਹੀ ਨਾ ਵੱਜ ਜਾਵੇ। ਸਕੂਲ ਜਾਣ ਵੇਲੇ ਸਭ ਤੋਂ ਜਿਆਦਾ ਦੁਖੀ ਰੋਡਵੇਜ ਤੇ ਮਿੰਨੀ ਬੱਸਾਂ ਵਾਲੇ ਕਰਦੇ ਸੀਕਦੇ ਚੜ੍ਹਾਉਂਦੇ ਹੀ ਨਹੀਂ ਸੀ ਤੇ ਜੇ ਚੜ੍ਹਾ ਲੈਣਾ ਤਾਂ ਟਿਕਟ ਕੱਟ ਕੇ ਹੱਥ ਤੇ ਰੱਖ ਦੇਣੀ। ਇੱਕ ਤੁੜ ਪਿੰਡ ਦਾ ਛਿੰਦਾ ਕੰਡਕਟਰ ਹੁੰਦਾ ਸੀ। ਹੁਣ ਜਦੋਂ ਮੈਂ ਇੰਡੀਆ ਗਿਆ, ਮਿਲ਼ ਕੇ ਆਉਣਾ ਉਹਨੂੰ। ਸਕੂਲ ਦੇ ਦਿਨਾਂ ਵਿੱਚ ਸਭ ਤੋਂ ਜਿਆਦਾ ਉਹਨੇ ਦੁਖੀ ਕੀਤਾ ਸੀ। ਇੱਕ ਤਾਂ ਪਤੰਦਰ ਨੇ ਭੋਰਾ-ਭੋਰਾ ਜਵਾਕਾਂ ਦੀ ਟਿਕਟ ਕੱਟ ਦੇਣੀ ਉੱਤੋਂ ਰੌਲਾ ਪਾਈ ਜਾਣਾ, ਜੰਮਦੇ ਮਗਰੋਂ ਆ, ਸਕੂਲੇ ਪਹਿਲਾਂ ਤੁਰ ਪੈਂਦੇ ਆ। ਇਹਦੇ ਰੌਲ਼ੇ ਨਾਲ਼ ਘੋਟਾ ਲਾਇਆ ਵੀ ਭੁੱਲ ਜਾਂਦਾ ਸੀ। ਰੱਬ ਇਸ ਦੀ ਉਮਰ ਲੰਬੀ ਕਰੇ, ਉਸ ਨੂੰ ਯਾਦ ਜਰੂਰ ਕਰਾਉਣਾ।

ਮੇਰੇ ਕੋਲ਼ ਤਰਨ ਤਾਰਨ ਵਾਲੇ ਹੀਰੋ ਟੇਲਰ ਕੋਲੋਂ ਸਿਵਾਈ ਇੱਕੋ-ਇੱਕ ਪੈਂਟ-ਸ਼ਰਟ ਬਚੀ ਸੀ। ਬਾਰਸੀਲੋਨਾ ਵਾਲੇ ਮਿੱਤਰ ਕਹਿੰਦੇ, ਭਾਅ ਆਹ ਲਿਫਾਫਾ ਜਿਹਾ ਬੁਰਾ ਲੱਗਦਾ, ਬੈਗ ਵਿੱਚ ਪਾ ਲੈ। ਉਹਨਾਂ ਮੈਨੂੰ ਇੱਕ ਛੋਟਾ ਜਿਹਾ ਬੈਗ ਦਿੱਤਾ ਜੋ ਅੱਜ ਵੀ ਮੇਰੇ ਕੋਲ਼ ਹੈ। ਮੈਂ ਬੱਸ ਵਿੱਚੋਂ ਦੇਖਿਆ ਕਿਤੇ ਸੁੱਕੇ ਪਹਾੜ ਤੇ ਕਿਤੇ ਸਮੁੰਦਰ ਹੀ ਨਜ਼ਰ ਆ ਰਿਹਾ ਸੀ। ਮਨ ਵਿੱਚ ਸੋਚੀ ਜਾਵਾਂ, ਕੰਮ ਪਤਾ ਨਹੀਂ ਕਾਹਦਾ ਤੇ ਕਿੱਥੇ ਕਰਨਾ ਪੈਣਾ। ਅੱਠ ਕੁ ਘੰਟਿਆਂ ਬਾਅਦ ਬੱਸ ਨੇ ਮੈਨੂੰ ਟਿਕਾਣੇ ਲਾ ਦਿੱਤਾ। ਅੱਗੇ ਮੇਰਾ ਰਿਸ਼ਤੇਦਾਰ ਸੁੱਖ ਸਿੱਧੂ ਮੈਨੂੰ ਲੈਣ ਆ ਗਿਆ। ਇਹ ਇੱਕ ਰੈਸਟੋਰੈਂਟ ’ਤੇ ਕੰਮ ਕਰਦਾ ਸੀ। ਜਿਸ ਛੋਟੇ ਜਿਹੇ ਸ਼ਹਿਰ ਨੁਮਾ ਪਿੰਡ ਵਿੱਚ ਮੈਂ ਉੱਤਰਿਆ, ਉਸਦਾ ਨਾਮ ਗੁਆਰਦਾਮਾਰ ਸੀ। ਸਮੁੰਦਰ ਦੇ ਐਨ ਕੰਢੇ ’ਤੇ ਹੋਣ ਕਰਕੇ ਬਹੁਤ ਦਿਲਕਸ਼ ਨਜ਼ਾਰਾ ਸੀ।

ਘਰ ਪਹੁੰਚਕੇ ਮੈਂ ਕਿਹਾ, “ਪਹਿਲਾਂ ਮੈਨੂੰ ਫੋਨ ਲਾ ਕੇ ਦੇ ਘਰਦਿਆਂ ਨੂੰ, ਉਹਨਾਂ ਨੂੰ ਖੁਸ਼ਖਬਰੀ ਦੇਵਾਂ। ਬਿਚਾਰੇ ਬਾਬੇ ਦੇ ਪ੍ਰਸ਼ਾਦ ਕਰਾ ਕੇ ਆਉਣ।”

ਫਿਰ ਕੀ ਸੀ, ਆਪਾਂ ਕੁੱਲ ਰਿਸ਼ਤੇਦਾਰਾਂ ਤੇ ਯਾਰਾਂ ਨੂੰ ਫੋਨ ਕਰ-ਕਰ ਕੇ ਵਧਾਈਆਂ ਲੈਣ ਲੱਗ ਪਏ।

*****

(47)