HarparkashSRai7ਪਹਿਲੇ 20 ਦਿਨ ਤਾਂ ਜਿਵੇਂ ਲੋਕ ਰੈਸਟੋਰੈਂਟ ਦੇ ਅੱਗਿਉਂ ਅੱਖਾਂ ਤੇ ਪੱਟੀ ਬੰਨ੍ਹ ਕੇ ਲੰਘਦੇ ਰਹੇ ...
(ਦਸੰਬਰ 26, 215)

 

ਜਦੋਂ ਪੇਪਰ ਬਣ ਗਏ, ਰੱਬ ਦਾ ਸ਼ੁਕਰ ਕੀਤਾ ਕਿ ਹੁਣ ਖੁਸ਼ੀ-ਖੁਸ਼ੀ ਇੰਡੀਆ ਤਾਂ ਜਾਵਾਂਗੇ।

ਮੈਨੂੰ ਯਾਦ ਆ, ਸਾਡਾ ਇੱਕ ਰਿਸ਼ਤੇਦਾਰ ਬਾਹਰ ਸੀ। ਜਦੋਂ ਵੀ ਉਸ ਦੇ ਪਿੰਡ ਜਾਣਾ, ਘਰਦਿਆਂ ਨੇ ਕਹਿਣਾ, ਬਹੁਤ ਪੈਸੇ ਭੇਜਦਾ। ਜਦੋਂ ਉਸ ਦੇ ਆਉਣ ਬਾਰੇ ਪੁੱਛਣਾ ਤਾਂ ਉਨ੍ਹਾਂ ਨੇ ਕਹਿਣਾ ਕਿ ਉਹ ਕਹਿੰਦਾ ਹੈ, ਕੁੜੀ ਦਾ ਵਿਆਹ ਕਰਨ ਆਵੇਗਾ। ਸਮਾਂ ਬੀਤਦਾ ਗਿਆ। ਇੱਕ ਦਿਨ ਫੋਨ ਆਇਆ, ਉਹ ਚੱਲ ਵੱਸਿਆ ਸੀ। ਅਸੀਂ ਉਸ ਦੇ ਘਰ ਗਏ। ਬਜ਼ੁਰਗ ਮਾਂ-ਪਿਉ, ਘਰਵਾਲੀ ਤੇ ਜਵਾਕ ਰੋਂਦੇ ਨਹੀਂ ਸਨ ਦੇਖੇ ਜਾਂਦੇ। ਪਤਾ ਲੱਗਿਆ ਕਿ ਲਾਸ਼ ਤਿੰਨ-ਚਾਰ ਦਿਨ ਤੱਕ ਆਉਣੀ ਆ। ਘਰ ਵਿੱਚ ਮਾਤਮ ਛਾਇਆ ਹੋਇਆ ਸੀ। ਘਰਦੇ ਉਸਦੀਆਂ ਭੇਜੀਆਂ ਹੋਈਆਂ ਚੀਜ਼ਾਂ ਨੂੰ ਗਲ਼ ਨਾਲ਼ ਲਾ ਕੇ ਰੋ ਰਹੇ ਸਨ। ਸ਼ਾਮ ਨੂੰ ਅਸੀਂ ਵਾਪਸ ਆ ਗਏ

ਤਿੰਨ-ਚਾਰ ਦਿਨ ਬਾਅਦ ਫਿਰ ਉਸਦੇ ਘਰ ਗਏ। ਪਤਾ ਲੱਗਿਆ ਲਾਸ਼ ਦਿੱਲੀ ਤੋਂ ਲੈ ਕੇ ਆ ਰਹੇ ਸਨ। ਗੁਰੂ ਘਰ ਸੇਵਾ ਬਹੁਤ ਕਰਵਾਉਂਦਾ ਸੀ। ਇਸ ਕਰਕੇ ਕਾਰ ਸੇਵਾ ਵਾਲ਼ੇ ਬਾਬਿਆਂ ਨੇ ਆਪਣੀ ਗੱਡੀ ਭੇਜੀ ਸੀ। ਰਿਸ਼ਤੇਦਾਰ ਅਤੇ ਪਿੰਡ ਵਾਲੇ ਬੇਸਬਰੀ ਨਾਲ਼ ਉਡੀਕ ਰਹੇ ਸਨ। ਕੁਝ ਸੰਸਕਾਰ ਦੀਆਂ ਰਸਮਾਂ ਪੂਰੀਆਂ ਕਰਵਾ ਕੇ ਜਾਣ ਲਈ ਕਾਹਲ਼ੇ ਸਨ ਪਰ ਘਰਦੇ ਆਪਣੇ ਪੁੱਤ ਦਾ ਮੂੰਹ ਦੇਖਣ ਲਈ। ਘੱਟਾ ਉਡਾਉਂਦੀਆਂ 2 ਗੱਡੀਆਂ ਜਿਵੇਂ ਹੀ ਦਰਵਾਜੇ ਅੱਗੇ ਆ ਕੇ ਰੁਕੀਆਂ, ਰੋਣ ਦੀਆਂ ਆਵਾਜ਼ਾਂ ਦਿਲ ਨੂੰ ਧੂਹ ਪਾਉਣ ਲੱਗ ਪਈਆਂ। ਇੱਕ ਲੱਕੜ ਦਾ ਬਕਸਾ ਗੱਡੀ ਵਿੱਚ ਰੱਖਿਆ ਹੋਇਆ ਸੀ। ਅਸੀਂ ਉਸ ਨੂੰ ਚੱਕ ਕੇ ਵਿਹੜੇ ਵਿੱਚ ਲਿਆ ਕੇ ਰੱਖ ਦਿੱਤਾ। ਬਕਸੇ ਦੇ ਵਿੱਚ ਇੱਕ ਛੋਟਾ ਜਿਹਾ ਸ਼ੀਸ਼ਾ ਲੱਗਾ ਹੋਇਆ ਸੀ, ਜਿਸ ਵਿੱਚੋਂ ਉਸ ਦਾ ਇਕੱਲਾ ਚਿਹਰਾ ਦਿਸਦਾ ਸੀ। ਦਵਾਈਆਂ ਲੱਗੀਆਂ ਹੋਣ ਕਰਕੇ ਬਕਸਾ ਖੋਹਣ ਦੀ ਮਨਾਹੀ ਸੀ। ਉਸ ਦੀ ਮਾਂ, ਘਰਵਾਲੀ ਤੇ ਬੱਚੇ ਸ਼ੀਸ਼ੇ ਵਿੱਚ ਦੀ ਉਸ ਨੂੰ ਛੂਹਣ ਦਾ ਯਤਨ ਕਰ ਰਹੇ ਸਨ ਪਰ ਕਿੰਨੇ ਮਜਬੂਰ ਸਨ ਕਿ ਚਾਹ ਕੇ ਵੀ ਉਸ ਨੂੰ ਛੂਹ ਨਹੀਂ ਸਕਦੇ ਸਨ।

ਕੁਝ ਦੇਰ ਬਾਅਦ ਉਹ ਬਕਸਾ ਚੱਕ ਕੇ ਸਿਵਿਆਂ ਵਿੱਚ ਲਿਜਾ ਕੇ ਰੱਖ ਦਿੱਤਾ। ਚਿਣੀਆਂ ਹੋਈਆਂ ਲੱਕੜਾਂ ਤੇ ਲੱਕੜ ਦਾ ਬਕਸਾ ਰੱਖ ਕੇ ਸੰਸਕਾਰ ਕਰ ਦਿੱਤਾ ਗਿਆ। ਪਰਿਵਾਰ ਅਤੇ ਰਿਸ਼ਤੇਦਾਰ ਰੋਂਦੇ ਕੁਰਲਾਉਂਦੇ ਵਾਪਸ ਮੁੜ ਆਏ। ਮੈਂ ਤੁਰਿਆ ਆਉਂਦਾ ਇਨਸਾਨ ਦੀ ਹੋਂਦ ਬਾਰੇ ਸੋਚ ਰਿਹਾ ਸੀ। ਇੱਕ ਪ੍ਰਦੇਸੀ ਦੀ ਆਪਣੇ ਪਰਿਵਾਰ ਅਤੇ ਵਤਨ ਨਾਲ਼ ਇੰਨੀ ਕੁ ਹੀ ਸਾਂਝ ਹੁੰਦੀ ਆ। ਕੁਝ ਅਜਿਹੇ ਵੀ ਬਦਨਸੀਬ ਮਾਪੇ ਦੇਖੇ ਨੇ ਜਿਨ੍ਹਾਂ ਨੂੰ ਆਪਣੇ ਪੁੱਤ ਦਾ ਚਿਹਰਾ ਬਕਸੇ ਵਿੱਚੋਂ ਵੀ ਦੇਖਣਾ ਨਸੀਬ ਨਹੀਂ ਹੁੰਦਾ। ਕਿਉਂਕਿ ਲਾਸ਼ ਨੂੰ ਵਤਨੀਂ ਲਿਜਾਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਸੱਚ ਇਹ ਆ ਕਿ ਜਦੋਂ ਵੀ ਘਰੋਂ ਵਿਦੇਸ਼ ਨੂੰ ਤੁਰਦੇ ਹਾਂ ਤਾਂ ਦਿਲ ਕਰਦਾ ਸਾਰੇ ਪਰਿਵਾਰ ਨੂੰ ਚੰਗੀ ਤਰ੍ਹਾਂ ਮਿਲ ਲਈਏ, ਘੁੱਟ ਕੇ ਗਲ਼ ਨਾਲ਼ ਲਾ ਲਈਏ, ਫਿਰ ਪਤਾ ਨਹੀਂ ਇਹ ਮੌਕਾ ਮਿਲਣਾ ਵੀ ਆ ਕਿ ਨਹੀਂ। ਪਿੰਡ ਜਾ ਕੇ ਹਰ ਇੱਕ ਨਾਲ਼ ਹੱਥ ਮਿਲਾਉਣ ਨੂੰ ਦਿਲ ਕਰਦਾ ਕਿਉਂਕਿ ਫਿਰ ਪਤਾ ਨਹੀਂ ਦੂਜੀ ਵਾਰ ਕਿਹੜਾ ਹੱਥ ਨਹੀਂ ਹੋਣਾ। ਇਹੀ ਪ੍ਰਦੇਸੀਆਂ ਦਾ ਕੌੜਾ ਸੱਚ ਹੈ।

ਫਿਰ ਥੋੜ੍ਹੇ ਦਿਨਾਂ ਬਾਅਦ ਲੈਟਰ ਆ ਗਈ, ਜਿਸ ਤੋਂ ਸਪਸ਼ਟ ਹੋ ਗਿਆ ਕਿ ਮੈਂ ਸਪੇਨ ਵਿੱਚ ਪੱਕਾ ਹੋ ਗਿਆ ਹਾਂ। ਇੰਡੀਆ ਜਾਣ-ਆਉਣ ਦੀ ਖੁੱਲ੍ਹ ਮਿਲ ਗਈ ਸੀ। ਹੁਣ ਮੈਂ ਜਹਾਜ਼ ਦੇ ਸੁਪਨੇ ਦੇਖਣ ਲੱਗ ਪਿਆ।

ਕੁਝ ਦਿਨਾਂ ਬਾਅਦ ਅਸੀਂ ਕਿਸੇ ਕੰਮ ਜਾ ਰਹੇ ਸੀ ਕਿ ਰਸਤੇ ਵਿੱਚ ਮੇਰੇ ਪਿੰਡ ਦਾ ਮੁੰਡਾ ਸੋਨਾ ਸਿੱਧੂ ਮਿਲ ਪਿਆ। ਉਹ ਕਿਸੇ ਰੈਸਟੋਰੈਂਟ ’ਤੇ ਕੰਮ ਕਰਦਾ ਸੀ। ਗੱਲਾਂ ਕਰਦਿਆਂ ਕਹਿੰਦਾ ਕਿ ਆਹ ਰੈਸਟੋਰੈਂਟ ਵਿਕਾਊ ਆ। ਅਸੀਂ ਉਸ ਦੇ ਮਾਲਿਕ ਨਾਲ਼ ਗੱਲ ਕੀਤੀ ਤਾਂ ਸੌਦਾ ਹੋ ਗਿਆ। ਮਾਲਕ ਕਹਿੰਦਾ, ਸਾਈ ਦੇ ਜਾਉ। ਸਾਡੇ ਤਿੰਨਾਂ ਕੋਲ਼ ਤਾਂ 50 ਯੂਰੋ ਵੀ ਨਹੀਂ ਸਨ। ਕੁਦਰਤੀ ਸੋਨੇ ਨੂੰ ਉਸ ਦੇ ਨਾਲ਼ ਕੰਮ ਕਰਦੇ ਮੁੰਡੇ ਨੇ ਪੈਸੇ ਦਿੱਤੇ ਸੀ, ਇੰਡੀਆ ਪਾਉਣ ਨੂੰ। ਅਸੀਂ ਉਹੀ ਸਾਈ ਵਜੋਂ ਦੇ ਦਿੱਤੇ।

ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਸੌਦਾ ਤਾਂ ਮਾਰ ਲਿਆ ਪਰ ਮੇਰੇ ਕੋਲ਼ ਉੱਦਾਂ ਵੀ ਕੋਈ ਪੈਸਾ ਨਹੀਂ ਸੀ। ਫਿਰ ਵੀ ਮੈਨੂੰ ਕੋਈ ਫਿਕਰ ਨਹੀਂ ਸੀ ਕਿਉਂਕਿ ਮੇਰੇ ਕੋਲ਼ ਰੱਬ ਵਰਗਾ ਯਾਰ ਦਵਿੰਦਰ ਸੀ। ਮੈਂ ਦਵਿੰਦਰ ਨੂੰ ਫੋਨ ਕੀਤਾ ਕਿ ਪੈਸੇ ਚਾਹੀਦੇ ਆ। ਕਹਿੰਦਾ, ਦੱਸ ਕਿੰਨੇ ਚਾਹੀਦੇ ਆ? ਮੈਂ ਕਿਹਾ, ਜਿੰਨੇ ਤੈਨੂੰ ਮੰਗਣੇ ਨਾ ਪੈਣ, ਜਦੋਂ ਮੇਰੇ ਕੋਲ਼ ਹੋਏ, ਉਦੋਂ ਮੋੜਨੇ ਆ। ਅੱਧੇ ਉਸ ਨੇ ਕਰ ਦਿੱਤੇ ਤੇ ਅੱਧੇ ਇੰਡੀਆ ਤੋਂ ਵਿਆਜੀ ਫੜ ਕੇ ਆਪਾਂ ਪੇਪਰ ਮਿਲਣ ਤੋਂ ਪਹਿਲਾਂ ਹੀ ਰੈਸਟੋਰੈਂਟ ਦੇ ਮਾਲਕ ਬਣ ਗਏ। ਕਹਿੰਦੇ ਆ, ਜੋ ਮਰਜ਼ੀ ਕਰ ਲਵੋ, ਜਿੱਥੇ ਰੱਬ ਰੱਖੇ, ਰਹਿਣਾ ਉੱਥੇ ਹੀ ਪੈਂਦਾ। ਮਾਲਕ ਤਾਂ ਬਣੇ ਸੀ ਕਿ ਆਪਣਾ ਕੰਮ ਹੋਵੇਗਾ, ਹੋਰ ਨਹੀਂ ਤਾਂ ਚਲੋ ਕੁਝ ਤਨਖਾਹ ਹੀ ਬਚੀ ਜਾਊ। ਪਹਿਲੇ 20 ਦਿਨ ਤਾਂ ਜਿਵੇਂ ਲੋਕ ਰੈਸਟੋਰੈਂਟ ਦੇ ਅੱਗਿਉਂ ਅੱਖਾਂ ਤੇ ਪੱਟੀ ਬੰਨ੍ਹ ਕੇ ਲੰਘਦੇ ਰਹੇ। ਸੋਚ-ਸੋਚ ਦਿਮਾਗ ਖਰਾਬ ਹੋਈ ਜਾਵੇ। ਜਦੋਂ ਖੇਤਾਂ ਵਿਚ ਕੰਮ ਕਰਦਾ ਸੀ, ਉਦੋਂ ਰੱਬ ਅੱਗੇ ਅਰਦਾਸ ਕਰਦਾ ਹੁੰਦਾ ਸੀ ਕਿ ਬਾਬਾ ਜੀ, ਕ੍ਰਿਪਾ ਕਰੋ, ਪੱਕਾ ਕੰਮ ਦਿਵਾ ਦਿਉ। ਕੰਮ ’ਤੇ ਜਾਣ ਦਾ ਰਸਤਾ ਵੀ ਦੋ ਕੁ ਮਿੰਟ ਦਾ ਹੋਵੇ। ਪਤਾ ਨਹੀਂ ਰੱਬ ਨੇ ਕਿਹੜੇ ਵੇਲੇ ਦੀ ਅਰਦਾਸ ਸੁਣ ਲਈ। ਕੰਮ ਵੀ ਪੱਕਾ ਮਿਲ਼ ਗਿਆ ਤੇ ਰਸਤਾ ਵੀ ਘਰ ਤੋਂ ਕੰਮ ਤੱਕ ਦੋ ਮਿੰਟ ਦਾ ਸੀ ਪਰ ਲੱਗਦਾ ਮੈਨੂੰ ਬਾਬੇ ਨੂੰ ਇਹ ਕਹਿਣ ਦਾ ਚੇਤਾ ਭੁੱਲ ਗਿਆ ਕਿ ਪੈਸੇ ਵੀ ਦੇਵੀਂ ...। ਖੈਰ, ਹੌਲ਼ੀ-ਹੌਲ਼ੀ ਕੰਮ ਤੁਰਨ ਲੱਗਾ। ਜ਼ਿਆਦਾ ਤਾਂ ਨਹੀਂ, ਪਰ ਆਪਣਾ ਗੁਜ਼ਾਰਾ ਜਿਹਾ ਚੱਲ ਪਿਆ।

ਇਸ ਸਮੇਂ ਦੌਰਾਨ ਹੀ ਫੇਸਬੁੱਕ ’ਤੇ ਇੱਕ ਮਿੱਤਰ ਸਿਮਰਨ ਦੇ ਸਹਿਯੋਗ ਅਤੇ ਹੌਸਲੇ ਦੀ ਬਦੌਲਤ ਤੁਕਾਂ ਜਿਹੀਆਂ ਜੋੜ ਕੇ ਰਚਨਾਵਾਂ ਲਿਖਣ ਲੱਗ ਪਿਆ। ਕੁਦਰਤੀ ਸੀ ਕਿ ਉਸ ਨੇ ਜੋ ਵੀ ਟੌਪਿਕ ਦੇਣਾ ਮੈਂ ਉਸੇ ’ਤੇ ਲਿਖ ਦੇਣਾ। ਮੈਂ ਆਪਣੇ ਲਿਖੇ ਨੂੰ ਕਿਸੇ ਕਵਿਤਾ, ਗੀਤ, ਗਜ਼ਲ, ਕਹਾਣੀ ਜਾਂ ਵਾਰਤਕ ਦਾ ਨਾਮ ਨਹੀਂ ਦੇ ਸਕਦਾ ਕਿਉਂਕਿ ਨਾ ਤਾਂ ਮੈਂ ਕੋਈ ਲੇਖਕ ਹਾਂ ਅਤੇ ਨਾ ਹੀ ਮੈਨੂੰ ਇਹਨਾਂ ਸਭ ਬਾਰੇ ਕੋਈ ਜਾਣਕਾਰੀ ਆ ਕਿ ਇਹ ਕਿਵੇਂ ਲਿਖਿਆ ਜਾਂਦਾ। ਮੈਂ ਉਹੀ ਲਿਖਦਾ ਹਾਂ ਜੋ ਮਨ ਵਿੱਚ ਆ ਜਾਂਦਾ। ਮੇਰੇ ਲਿਖੇ ਨੂੰ ਰਚਨਾਵਾਂ ਕਹਿ ਸਕਦੇ ਹਾਂ। ਉਂਝ ਮੈਂ ਸੱਤਵੀਂ-ਅੱਠਵੀਂ ਵਿੱਚ ਸੀ ਜਦੋਂ ਆਲ ਇੰਡੀਆ ਰੇਡੀਉ ਅਤੇ ਅਜੀਤ ਅਖਬਾਰ ਵਿੱਚ ਲਿਖਦਾ ਹੁੰਦਾ ਸੀ। ਉਦੋਂ ਚਿੱਠੀਆਂ ਦਾ ਜਮਾਨਾ ਸੀ। ਮੇਰੇ ਘਰ ਚਿੱਠੀਆਂ ਆਉਂਦੀਆਂ ਸੀ ਕਿ ਕਿਵੇਂ ਲਿਖਦੇ ਓ। ਇੱਕ ਨੇ ਚਿੱਠੀ ਪਾਈ ਕਿ ਸਾਡੇ ਮੈਗਜ਼ੀਨ ਲਈ ਆਪਣੀਆਂ ਰਚਨਾਵਾਂ ਭੇਜੋ। ਮੈਨੂੰ ਹਾਸਾ ਆਉਂਦਾ ਸੀ ਕਿ ਮੈਂ ਕਿਹੜਾ ਸ਼ਿਵ ਕੁਮਾਰ ਹਾਂ ...।

ਫਿਰ ਕਾਲਜ ਵੀ ਅਜਿਹੀ ਭਕਾਈ ਕਰਕੇ ਹੀ ਮੈਨੂੰ ਜਾਣਦੇ ਸੀ ਸਾਰੇ। ਮੇਰੇ ਇੱਕ ਮਿੱਤਰ ਅਮਨਦੀਪ ਨੇ ਇੱਕ ਬਲੌਗ ਬਣਾ ਦਿੱਤਾ। ਮੇਰੇ ਕੋਲ ਪੰਜਾਬੀ ਵਾਲ਼ਾ ਕੀ-ਬੋਰਡ ਨਾ ਹੋਣ ਕਰਕੇ ਸਿਮਰਨ ਨੇ ਮੇਰੇ ਲਿਖੇ ਨੂੰ ਪੰਜਾਬੀ ਵਿੱਚ ਲਿਖ ਕੇ ਬਲੌਗ ਤੇ ਪੋਸਟ ਕਰ ਦਿਆ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਕਿਸੇ ਕਾਪੀ ਉੱਤੇ ਨਹੀਂ ਲਿਖਦਾ, ਸਿੱਧਾ ਫੇਸਬੁੱਕ ’ਤੇ ਲਿਖਦਾ ਹਾਂ। ਇਹਨਾਂ ਦੇ ਇਸ ਅਹਿਸਾਨ ਨੂੰ ਮੈਂ ਸਾਰੀ ਜਿੰਦਗੀ ਨਹੀਂ ਭੁੱਲ ਸਕਦਾ। ਮੇਰੇ ਦੁਆਰਾ ਫੇਸਬੁੱਕ ’ਤੇ ਲਿਖੀਆਂ ਰਚਨਾਵਾਂ ਨੂੰ ਦੇਖ ਕੇ ਮਿੰਟੂ ਬਰਾੜ ਜੀ ਦੇ ਯਤਨ ਸਦਕਾ ਮੈਨੂੰ ਹਰਮਨ ਰੇਡੀਉ ਆਸਟਰੇਲੀਆ ਵਾਲ਼ਿਆਂ ਦੋ ਵਾਰੀ ਆਪਣੇ ਪ੍ਰੋਗਰਾਮ ਵਿੱਚ ਸਰੋਤਿਆਂ ਦੇ ਰੂ-ਬਰੂ ਕੀਤਾ। ਪੰਜਾਬੀ ਅਖਬਾਰ ਆਸਟਰੇਲੀਆ ਨੇ ਮੇਰੀਆਂ ਰਚਨਾਵਾਂ ਨੂੰ ਛਾਪਿਆ। ਬਹੁਤ ਹੀ ਖੂਬਸੂਰਤ ਆਵਾਜ਼ ਦੀ ਮਾਲਕ ਡਾ਼ ਸੀਮਾ ਗਰੇਵਾਲ ਨੇ ਆਪਣੀ ਆਵਾਜ਼ ਵਿੱਚ ਰੇਡੀਉ ਉੱਤੇ ਰਚਨਾਵਾਂ ਪੜ੍ਹ ਕੇ ਮਾਣ ਦਿੱਤਾ। ਫੇਸਬੁੱਕ ਤੋਂ ਦੇਖ ਕੇ ਗਾਇਕ ਐਮੀ ਵਿਰਕ ਨੇ ਵੀ ਫੋਨ ’ਤੇ ਗੀਤ ਲਿਖ ਕੇ ਦੇਣ ਲਈ ਕਿਹਾ ਪਰ ਅਫਸੋਸ ਕਿ ਮੈਂ ਅਜਿਹਾ ਲੇਖਕ ਨਹੀਂ ਬਣ ਸਕਿਆ, ਕਿਉਂਕਿ ਮੈਂ ਸਿਰਫ ਮਨ ਆਇਆ ਹੀ ਲਿਖਦਾ ਹਾਂ। ਫੇਸਬੁੱਕ ’ਤੇ ਲਿਖਣ ਕਰਕੇ ਹੀ ਭਗਵੰਤ ਮਾਨ ਜੀ ਨਾਲ਼ ਦੋ-ਤਿੰਨ ਵਾਰੀ ਗੱਲ ਕਰਨ ਦਾ ਸਬੱਬ ਬਣਿਆ। ਉਹਨਾਂ ਨੇ ਮੈਨੂੰ ਲਿਖਣ ਵਾਸਤੇ ਬਹੁਤ ਪ੍ਰੇਰਤ ਕੀਤਾ। ਅੱਜ ਇਸ ਗੱਲ ਨੂੰ ਸੋਚ ਕੇ ਮਾਣ ਜਿਹਾ ਮਹਿਸੂਸ ਹੁੰਦਾ ਕਿ ਕਦੇ ਅਸੀਂ ਸਿਰਫ ਇਹ ਜਾਣਦੇ ਹੁੰਦੇ ਸੀ ਕਿ ਫਲਾਣਾ ਐੱਮ.ਪੀ ਜਾਂ ਐੱਮ.ਐੱਲ.ਏ ਆ ਪਰ ਇਹ ਪਹਿਲੀ ਵਾਰ ਆ ਕਿ ਐੱਮ.ਪੀ ਭਗਵੰਤ ਮਾਨ ਜੀ ਜਾਣਦੇ ਨੇ ਕਿ ਕੋਈ ਸ਼ੁਦਾਈ ਜਿਹਾ ਸਾਬ (ਹਰਪ੍ਰਕਾਸ਼) ਰਾਏ ਵੀ ਹੈਗਾ ਸਪੇਨ ਵਿਚ ...। ਇਹ ਗੱਲਾਂ ਦੱਸ ਕੇ ਮੈਂ ਕੋਈ ਫੁਕਰੀਆਂ ਨਹੀਂ ਮਾਰ ਰਿਹਾ, ਸਿਰਫ ਹੱਡ-ਬੀਤੀ ਸੁਣਾ ਰਿਹਾ ਹਾਂ।

ਰੈਸਟੋਰੈਂਟ ਵਿੱਚ ਮੈਂ ਤੰਦੂਰ ’ਤੇ ਕੰਮ ਕਰਦਾ ਸੀ। ਇੱਕ ਦਿਨ ਸਾਡੇ ਢਾਬੇ ਦਾ ਵੇਟਰ ਕਿਤੇ ਜਰੂਰੀ ਕੰਮ ਗਿਆ ਹੋਇਆ ਸੀ। ਮੈਨੂੰ ਕਹਿੰਦੇ ਉਸ ਦੀ ਜਗਾਹ ਅੱਜ ਤੂੰ ਵੇਟਰੀ ਕਰ। ਮੈਂ ਕਿਹਾ ਅੱਛਾ! ਸਿੱਧਾ ਕਹੋ ਕਿ ਬੈਹਰਾ ਬਣ ਅੱਜ। ਲਉ ਜੀ, ਆਪਾਂ ਪਾ ਕੇ ਉਸ ਦੀ ਵਰਦੀ ਹੋ ਗਏ ਤਿਆਰ। ਜਦੋਂ ਜੁੱਤੀ ਪਾਉਣ ਲੱਗਾ, ਉਹ ਖੁੱਲ੍ਹੀ ਸੀ। ਮੈਂ ਅਗਲੇ ਪਾਸੇ ਕਾਗਜ਼ ਪਾ ਕੇ ਫਿੱਟ ਕਰ ਲਈ …। ਇੰਨੇ ਨੂੰ ਦੋ ਗਾਹਕ ਆ ਗਏ, ਇੱਕ ਉਹਨਾਂ ਕੋਲ ਜਵਾਕ। ਮੈਂ menu ਚੱਕੇ ਤੇ ਅੱਗੇ ਜਾ ਰੱਖੇ ਤੇ ਟੁੱਟੀ -ਫੁੱਟੀ ਗ੍ਰੇਜ਼ੀ ’ਚ ਕਿਹਾ ਕਿ ਕੀ ਪੀਵੋਗੇ? ਜਨਾਨੀ ਕਹਿੰਦੀ ਵਾਈਨ ਤੇ ਬੰਦਾ ਕਹਿੰਦਾ ਵਾਟਰ। ਜਦੋਂ ਖਾਣਾ ਪੁੱਛਿਆ ਤਾਂ ਜਨਾਨੀ ਕਹਿੰਦੀ king praawn ਬੰਦਾ ਕਹਿੰਦਾ ਚਿਕਨ ਕੋਰਮਾ। ਮੈਂ ਸੋਚਣ ਲੱਗ ਪਿਆ ਕਿ ਵਾਕਿਆ ਹੀ ਬਾਹਰਲੇ ਦੇਸ਼ਾਂ ਵਿਚ ਔਰਤ ਮਰਦ ਨਾਲੋਂ ਅੱਗੇ ਆ।

ਜਦੋਂ ਉਹ ਖਾਣਾ ਖਾਣ ਲੱਗੇ, ਜਵਾਕ ਰੋਣ ਲੱਗ ਪਿਆ। ਮੈਂ ਭੱਜ ਕੇ ਗਿਆ ਤੇ ਹੱਥ ਨਾਲ ਇਸ਼ਾਰਾ ਜਿਹਾ ਕਰਕੇ ਕਿਹਾ, ਜੀ ਤੁਸੀਂ ਖਾਣਾ ਖਾਓ, ਜਵਾਕ ਨੂੰ ਮੈਂ ਸਾਂਭਦਾ ਹਾਂ। ਆਪਾਂ ਉਹਦੀ ਰੇਹੜੀ ਜਿਹੀ ਫੜੀ ਤੇ ਘੁਮਾਉਣ ਲੱਗ ਪਏ। ਜਦੋਂ ਜਵਾਕ ਹੇਕ ਜਿਹੀ ਖਿੱਚਣ ਲੱਗੇ, ਮੈਂ ਝੱਟ ਕਹਾਂ, ਸ਼ੀਸ਼ੀ ਕਾਕਾ, ਓਏ ਓਏ ਓਏ, ਲੋਲੂ ਜਿਹਾ। ਜਦੋਂ ਉਹ ਨਾ ਹੀ ਹਟਿਆ, ਹਾਰ ਕੇ ਮੈਂ ਕਿਹਾ, ਚੁੱਪ ਕਰ ਜਾ ਪਤੰਦਰਾ, ਵੱਟ ਲੈਣ ਦੇ ਚਾਰ ਰੁਪਏ! ਮੈਂ ਵੀ ਆਪਣੇ ਜਵਾਕਾਂ ਦੀ ਫੀਸ ਤਾਰਨੀ ਆਂ। ... ਗਾਹਕ ਬਿੱਲ ਦੇਣ ਲੱਗੇ ਕਾਰਡ ਜਿਹਾ ਕੱਢ ਕੇ ਬਹਿ ਗਏ। ਕਾਰਡ ਮੈਨੂੰ ਮਸ਼ੀਨ ਜਿਹੀ ’ਚ ਮਾਰਨਾ ਨਹੀਂ ਆਉਂਦਾ ਸੀ। ਮੈਂ ਕਿਹਾ, ਤੁਹਾਨੂੰ ਕਾਰਡ ਮਾਰਨਾ ਆਉਂਦਾ? ਕਹਿੰਦੇ ਯੈੱਸ। ਮੈਂ ਕਿਹਾ, ਆਹ ਆਪੇ ਹੀ ਬਿੱਲ ਭਰ ਦਿਓ। ਕਹਿੰਦੇ ਵਾਈ? ਮੈਂ ਕਿਹਾ, ਮੈਨੂੰ ਨਹੀਂ ਆਉਂਦਾ ਭਰਨਾ ... ।

ਇੱਕ ਦਿਨ ਆਪਣੇ ਢਾਬੇ ’ਤੇ ਗੋਰਿਆਂ ਦੀ ਪਾਰਟੀ ਸੀ। ਵਾਇਨ ਨਾਲ ਰੱਜ ਕੇ ਅੱਧਖੜ ਜਿਹੀਆਂ ਗੋਰੀਆਂ ਕਹਿੰਦੀਆਂ, ਭੰਗੜਾ ਪਾਉਣਾ। ਉਹ ਵੀ ਪੰਜਾਬੀ ਗਾਣਿਆਂ ’ਤੇ। ਅਸੀਂ ਉੱਚੀ ਅਵਾਜ਼ ਵਿਚ ਡੈੱਕ ਲਾ ਦਿੱਤਾ। ਸਾਡੇ ਵੇਟਰ ਭੰਗੜਾ ਪਾਉਣ ਲੱਗ ਪਏ। ਗੋਰੀਆਂ ਦਾ ਬ੍ਰੇਕ ਡਾਂਸ ਜਿਹਾ ਦੇਖ ਕੇ ਮੇਰੇ ਕੋਲੋਂ ਵੀ ਰਿਹਾ ਨਾ ਗਿਆ। ਮੈਂ ਚੱਪਲ ਲਾਹ ਕੇ ਨਾਲਦੇ ਮੁੰਡੇ ਦੀ ਜੁੱਤੀ ਪਾ ਕੇ ਲੱਗ ਪਿਆ ਲੁੱਡੀਆਂ ਪਾਉਣ। ਇੱਕ 45-50 ਸਾਲ ਦੀ ਗੋਰੀ ਮੇਰੇ ਨਾਲ ਭੰਗੜੇ ਦੇ ਸਟੈੱਪ ਪਾਉਣ ਲੱਗ ਪਈ। ਤੁਹਾਨੂੰ ਪਤਾ ਹੀ ਆ ਬਈ ਪੰਜਾਬੀ ਭੰਗੜੇ ਵਿਚ ਜੋਰ ਵਾਹਵਾ ਲੱਗ ਜਾਂਦਾ। ਉਹ ਵੀ ਜੋਰ ਜੋਰ ਨਾਲ ਬਾਹਵਾਂ ਮਾਰਨ ਲੱਗ ਪਈ ਤੇ ਪਤਾ ਉਦੋਂ ਲੱਗਾ ਜਦੋਂ ਧੜੰਮ ਕਰਦੀ ਫਰਸ਼ ’ਤੇ ਜਾ ਪਈ।

ਮੈਂ ਤਾਂ ਵੀਡੀਓ ਬਣਾਉਣ ਵਾਲੇ ਮੁੰਡੇ ਨੂੰ ਹੱਥ ਮਾਰੀ ਜਾਵਾਂ ਕਿ ਪਤੰਦਰਾ ਬੰਦ ਕਰਦੇ ਕਿਤੇ ਸਾਡਾ ਨਾਂ ਹੀ ਨਾ ਲੱਗ ਜਾਵੇ। ਇੱਕ ਦਮ ਸਭ ਖਾਮੋਸ਼ ਹੋ ਗਏ। ਡੈੱਕ ਵੀ ਬੰਦ ਹੋ ਗਿਆ। ਮੈਂ ਸੋਚਿਆ, ਪੈ ਗਿਆ ਜੱਭ। ਫਿਰ ਉਸ ਗੋਰੀ ਦੇ ਘਰ ਵਾਲਾ ਕਹਿੰਦਾ, ਘਬਰਾਓ ਨਾ, ਇਸ ਨੂੰ ਪਈ ਰਹਿਣ ਦਿਓ ਕੁਝ ਦੇਰ। ਉਹ ਗੋਰੀ ਪੰਜ ਕੁ ਮਿੰਟ ਬਾਅਦ ਉੱਠੀ ਤੇ ਕਹਿੰਦੀ, ਮੈਨੂੰ ਖੁਸ਼ੀ ਜ਼ਿਆਦਾ ਚੜ੍ਹ ਗਈ, ਇਸ ਕਰਕੇ ਬੇਹੋਸ਼ ਹੋ ਗਈ। ਉਹਨਾਂ ਨੂੰ ਸਮਝ ਤਾਂ ਨਹੀਂ ਲੱਗੀ ਪਰ ਮੈਂ ਪੰਜਾਬੀ ਵਿਚ ਕਹਿ ਦਿੱਤਾ ਕਿ ਭਾਈ ਤੂੰ ਇੰਨਾ ਖੁਸ਼ ਨਾ ਹੀ ਹੋਇਆ ਕਰ, ਸਾਨੂੰ ਗਰੀਬਾਂ ਨੂੰ ਤਾਂ ਰੋਣ ਲਾ ਦੇਣਾ ਸੀ ਤੂੰ।

ਸਾਡਾ ਕੰਮ ਬਹੁਤ ਵਧੀਆ ਤਾਂ ਨਹੀਂ ਚੱਲਿਆ ਪਰ ਫਿਰ ਵੀ ਟਾਈਮ ਪਾਸ ਹੋਈ ਜਾਂਦਾ ਸੀ। ਕਿਸੇ ਦੇ ਕੰਮ ਕਰਨ ਨਾਲੋਂ ਚੰਗਾ ਸੀ ਕਿ ਚਲੋ ਆਪਣਾ ਤਾਂ ਸੀ। ਇੰਨੀ ਦੇਰ ਤੱਕ ਵਿਆਜੀ ਫੜੇ ਪੈਸੇ ਕੁਝ ਕਮਾ ਕੇ ਤੇ ਕੁਝ ਕਿਸੇ ਮਿੱਤਰ ਕੋਲ਼ੋਂ ਉਧਾਰੇ ਲੈ ਕੇ ਲਾਹ ਦਿੱਤੇ ਸੀ। ਫਿਰ ਹੌਲ਼ੀ-ਹੌਲ਼ੀ ਇੰਡੀਆ ਜਾਣ ਲਈ ਜੋੜਨ ਲੱਗ ਪਿਆ।

ਜਦੋਂ ਮੈਂ ਸਪੇਨ ਆਇਆ ਸੀ ਤਾਂ ਵਾਪਸ ਜਾਣ ਦਾ ਕੋਈ ਪਤਾ ਨਹੀਂ ਸੀ, ਕਦੋਂ ਜਾ ਜਾਣਾ। ਇੱਕ ਹੀ ਯਕੀਨ ਸੀ ਮਨ ਵਿਚ ਕਿ ਜੋ ਵੀ ਰੱਬ ਕਰੇਗਾ, ਚੰਗਾ ਹੀ ਕਰੇਗਾ। ਇਸ ਯਕੀਨ ਨੂੰ ਹਕੀਕਤ ਵਿਚ ਬਦਲਦਿਆਂ ਚਾਰ ਸਾਲ ਛੇ ਮਹੀਨੇ 19 ਦਿਨ ਲੱਗ ਗਏ। ਫਿਰ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਜਦੋਂ ਮੈਂ ਵਾਪਸ ਘਰ ਜਾਣ ਲਈ ਤਿਆਰ ਸੀ।

*****

(136)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)