HarparkashSRai7ਸ਼ਤਾਬਦੀ ਦਾ ਸਫ਼ਰ ਜਹਾਜ਼ ਨਾਲੋਂ ਵੀ ਵਧੀਆ ਲੱਗਾ ਮੈਨੂੰ ...
(ਜਨਵਰੀ 12, 2015)

 

ਜਦੋਂ ਬੋਰੀ-ਬਿਸਤਰਾ ਬੰਨ੍ਹ ਕੇ ਤੁਰਨ ਲੱਗਾ ਤਾਂ ਪੰਜਾਬ ਆਉਂਦੇ ਭਈਆਂ ਦਾ ਚੇਤਾ ਆ ਗਿਆ। ਉਹ ਵੀ ਇੰਝ ਹੀ ਵਾਪਸ ਬਿਹਾਰ ਜਾਂਦੇ ਸੀ। ਮੇਰੇ ਦੋਸਤ ਮੈਨੂੰ ਗੱਡੀ ’ਤੇ ਬੱਸ ਅੱਡੇ ਤੱਕ ਛੱਡ ਗਏ, ਰਾਤ 11 ਵਜੇ ਬੱਸ ਏਅਰਪੋਰਟ ਵੱਲ ਤੁਰ ਪਈ।

ਬੱਸ ਵਿਚ ਚੁੱਪ ਪਸਰੀ ਹੋਈ ਸੀ ਪਰ ਮੇਰੇ ਮਨ ਵਿਚ ਬਹੁਤ ਕੁਝ ਚੱਲ ਰਿਹਾ ਸੀ। ਸੋਚਾਂ ਵਿਚ ਹੀ ਰਾਤ ਕਿਵੇਂ ਲੰਘ ਗਈ, ਪਤਾ ਹੀ ਨਹੀਂ ਲੱਗਾ। ਦਿਨ ਚੜ੍ਹਦੇ ਹੀ ਏਅਰਪੋਰਟ ਵੀ ਆ ਗਿਆ। ਆਪਣਾ ਸਮਾਨ ਚੱਕਿਆ ਤੇ ਅੰਦਰ ਦਾਖਲ ਹੋ ਗਿਆ। ਸਪੈਨਿਸ਼ ਵਿਚ ਸੀ ਸੀ, ਨੋ ਨੋ, ਵਾਲੇ ਵਾਲੇ, ਗ੍ਰਾਸੀਅਸ, ਗੱਲ ਕੀ ਜਿੰਨੀ ਕੁ ਬੋਲੀ ਆਉਂਦੀ ਸੀ, ਸਾਰੀ ਖਿਲਾਰ ਕੇ ਆਪਾਂ ਜਹਾਜ਼ ਵਾਲੇ ਗੇਟ ਕੋਲ ਚਲੇ ਗਏ। ਭਾਵੇਂ ਉਹਨਾਂ ਦੀ ਬਹੁਤੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਸੀ ਪਰ ਉਹਨਾਂ ਦੇ ਚਿਹਰੇ ਦੀ ਮੁਸਕਰਾਹਟ ਅਤੇ ਸਰ ਸਰ ਕਹਿਣ ਤੋਂ ਲੱਗਦਾ ਸੀ ਕਿ ਇੱਜ਼ਤ ਨਾਲ ਹੀ ਪੇਸ਼ ਆ ਰਹੇ ਨੇ। ਹੋਰ ਕੋਈ ਇੰਡੀਅਨ ਨਾਲ ਨਾ ਹੋਣ ਕਰਕੇ ਮੈਂ ਇਕੱਲਾ ਗਵਾਚੀ ਗਾਂ ਵਾਂਗ ਫਿਰ ਰਿਹਾ ਸੀ। ਪਰ ਜਦੋਂ ਵੀ ਕੋਲੋਂ ਕੋਈ ਲੰਘਦਾ ਜਾਂ ਲੰਘਦੀ, ਹੈਲੋ ਜਾ ਓਲਾ ਕਹਿ ਕੇ ਜਾਂਦੇ ਤਾਂ ਇੰਝ ਲਗਦਾ ਸੀ ਜਿਵੇਂ ਸਾਰੇ ਮੈਨੂੰ ਜਾਣਦੇ ਨੇ। ...

ਇੰਨੀ ਦੇਰ ਨੂੰ ਜਹਾਜ਼ ਅੱਡੇ ਤੇ ਲੱਗ ਗਿਆ, ਸਾਰੇ ਲਾਈਨ ਜਿਹੀ ਬਣਾ ਕੇ ਗੇਟ ਵੱਲ ਖਲੋ ਗਏ, ਆਪਾਂ ਵੀ ਬੈਗ ਗਲ਼ ਵਿਚ ਪਾਇਆ ਤੇ ਲਾਈਨ ਵਿਚ ਲੱਗ ਗਏ।

ਜਹਾਜ਼ ਉਡਣ ਤੋਂ ਥੋੜ੍ਹੀ ਕੁ ਦੇਰ ਬਾਅਦ ਹੀ ਅਸੀਂ ਬੱਦਲਾਂ ਵਿਚ ਗਵਾਚ ਗਏ। ਉਹ ਧੂਏਂ ਜਿਹੇ ਦੇ ਬਣੇ ਬੱਦਲ ਬਿਲਕੁਲ ਮੇਰੇ ਕਰੀਬ ਸੀ, ਜਿਨ੍ਹਾਂ ਵੱਲ ਛੋਟੇ ਹੁੰਦਿਆਂ ਉਂਗਲਾਂ ਕਰਕੇ ਕਹਿੰਦੇ ਹੁੰਦੇ ਸੀ ਕਿ ਉਹਨਾਂ ਬੱਦਲਾਂ ਵਿਚ ਰੱਬ ਰਹਿੰਦਾ ਹੈ। ਮੈਂ ਟੀ.ਵੀ ਦੀ ਸਕਰੀਨ ਔਨ ਕਰਕੇ ਅਕਸ਼ੈ ਕੁਮਾਰ ਦੀ ਫਿਲਮ ਜੋਕਰ ਦੇਖਣ ਲੱਗ ਪਿਆ। ਏਨੀ ਬਕਵਾਸ ਫਿਲਮ ਦੇਖ ਕੇ ਫਿਲਮਾਂ ਬਣਾਉਣ ਵਾਲਿਆਂ ਦੀ ਸੋਚ ’ਤੇ ਤਰਸ ਆਉਣ ਲੱਗ ਪਿਆ। ਪਤਾ ਨਹੀਂ ਕੀ ਸੋਚ ਕੇ ਫਿਲਮ ਬਣਾ ਦਿੰਦੇ ਨੇ। ਇਹਦੇ ਨਾਲੋਂ ਤੇ ਕਿਸੇ ਵੀ ਆਮ ਬੰਦੇ ਦੀ ਜ਼ਿੰਦਗੀ ਤੇ ਫਿਲਮ ਬਣਾ ਦੇਣ, ਓਹੀ ਜਿਆਦਾ ਚੱਲ ਜਾਊ।

ਤੜਕੇ ਦੇ ਚਾਰ ਕੁ ਵੱਜੇ ਤਾਂ ਮੇਰੇ ਕੰਨਾਂ ਵਿਚ ਇੱਕ ਅਵਾਜ਼ ਪਈ, “ਲਓ ਜੀ, ਆ ਗਿਆ ਲੁਟੇਰਿਆਂ ਦਾ ਦੇਸ਼।” ਮੈਂ ਪਿੱਛੇ ਮੁੜ ਕੇ ਦੇਖਿਆ ਇੱਕ ਇੰਡੀਅਨ ਦੇ ਮੂਹੋਂ ਇਹ ਅਵਾਜ ਪਤਾ ਨਹੀਂ ਕੀ ਸੋਚ ਕੇ ਨਿੱਕਲੀ ਸੀ। ਜਦੋਂ ਜਹਾਜ਼ ਵਿੱਚੋਂ ਬਾਹਰ ਆਏ ਤਾਂ ਦੇਖਿਆ ਕਿ ਏਅਰਪੋਰਟ ਬਾਹਲਾ ਖੂਬਸੂਰਤ ਬਣਾਇਆ ਹੋਇਆ ਹੈ। ਥੱਲੇ ਇੰਨੇ ਪੋਲੇ ਜਿਹੇ ਮੈਟ ਵਿਛਾਏ ਹੋਏ ਸਨ ਕਿ ਦਿਲ ਕਰੇ ਜਵਾਕਾਂ ਵਾਂਗ ਬਾਜੀਆਂ ਪੇਲਦਾ ਜਾਵਾਂ।

ਇੰਮੀਗ੍ਰੇਸ਼ਨ ਵਾਲੇ ਸਵਾਲ ਬਹੁਤ ਕਰਦੇ ਆ। ਕਭ ਗਏ ਥੇ, ਕਿਓਂ ਗਏ ਥੇ, ਕੈਸੇ ਗਏ ਥੇ। ਆਪਾਂ ਤਾਂ ਸਿੱਧਾ ਕਹਿ ਦਿੱਤਾ ਕਿ ਸਰ ਬਹੁਤ ਲੰਬੀ ਕਹਾਣੀ ਆਂ, ਹੁਣ ਤੇ ਯਾਦ ਵੀ ਨਹੀਂ 5 ਸਾਲ ਪੁਰਾਣੀ ਆਂ। ਥੋੜ੍ਹੀ ਜਿਹੀ ਪੁੱਛਗਿੱਛ ਤੋਂ ਬਾਅਦ ਆਪਾਂ ਬਾਹਰ ਆ ਗਏ। ਸਮਾਨ ਚੁੱਕਿਆ ਤੇ ਟੈਕਸੀ ਵਾਲੇ ਨੂੰ ਅਵਾਜ ਮਾਰੀ। ਮੈਂ ਕਿਹਾ, ਭਾਈ ਸਾਹਬ, ਸਟੇਸ਼ਨ ਜਾਣਾ ਹੈ। ਉਹ ਕਹਿੰਦਾ, ਬੈਠੋ ਸਰ।

ਉਸ ਨੇ ਸਮਾਨ ਰੱਖਿਆ ਤੇ ਮੈਂ ਪਿਛਲੀ ਸੀਟ ’ਤੇ ਬੈਠ ਗਿਆ। ਕੁਝ ਦੇਰ ਬਾਅਦ ਟੈਕਸੀ ਵਾਲਾ ਗੱਲੀਂ ਲੱਗ ਗਿਆ,ਪਰ ਮੈਂ ਉਸ ਨੂੰ ਜ਼ਰਾ ਵੀ ਜ਼ਾਹਰ ਨਹੀਂ ਕਰ ਰਿਹਾ ਸੀ ਕਿ ਮੈਂ 5 ਸਾਲ ਬਾਅਦ ਆਇਆ ਹਾਂ। ਉਹ ਗੱਲ-ਗੱਲ ਤੇ ਸਰ ਕਹੀ ਜਾਵੇ, ਮੈਂ ਸਗੋਂ ਚੌੜਾ ਜਿਹਾ ਹੋਈ ਜਾਵਾਂ। ਉਹ ਜਦੋਂ ਸਰ ਕਹੇ, ਮੈਂ ਪੈਰ ਗੋਡੇ ਤੇ ਰੱਖ ਲਿਆ ਕਰਾਂ, ਕਿਉਂਕਿ ਨਜ਼ਾਰਾ ਜਿਹਾ ਬੜਾ ਆ ਰਿਹਾ ਸੀ ਕੋਈ ਮੈਨੂੰ ਸਰ ਬੋਲ ਰਿਹਾ ਸੀ। ਘਰਦਿਆਂ ਨੇ ਨਾਮ ਤਾਂ ਸਾਹਬ ਰੱਖ ਦਿੱਤਾ ਸੀ ਪਰ ਸਾਹਬ ਕਦੇ ਨਹੀਂ ਬਣ ਸਕਿਆ।

ਅੱਜ ਸਾਹਬ ਤੋਂ ਸਰ ਬਣ ਕੇ ਅਜੀਬ ਜਿਹੀ ਖੁਸ਼ੀ ਹੋ ਰਹੀ ਸੀ। ਪਰ ਇਹ ਖੁਸ਼ੀ ਜ਼ਿਆਦਾ ਦੇਰ ਨਾ ਰਹੀ। ਮਾੜੀ ਕਿਸਮਤ ਨੂੰ ਮੇਰੀ ਨਜ਼ਰ ਡਰਾਈਵਰ ਦੇ ਸਾਹਮਣੇ ਲੱਗੇ ਸ਼ੀਸ਼ੇ ’ਤੇ ਪੈ ਗਈ। ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦੇ ਹੀ ਮੈਂ ਪੈਰ ਗੋਡੇ ਤੋਂ ਥੱਲੇ ਲਾਹ ਲਿਆ। ਡਰਾਈਵਰ ਸਰ ਕਹਿਣ ਲੱਗਾ ਤਾਂ ਮੈਂ ਕਿਹਾ, ਨਹੀਂ ਯਾਰ, ਮੈਂ ਕੋਈ ਸਰ ਨਹੀਂ ਹਾਂ, ਮੈਂ ਵੀ ਤੇਰੇ ਵਰਗਾ ਇੱਕ ਦਿਹਾੜੀਦਾਰ ਹੀ ਹਾਂ, ਸੋ ਮਿਹਰਬਾਨੀ ਕਰਕੇ ਮੈਨੂੰ ਭਾਈ ਸਾਹਬ ਹੀ ਕਹਿ। ਉਹ ਹੱਸ ਕੇ ਕਹਿੰਦਾ, ਠੀਕ ਹੈ ਸਰ।

ਇੰਨੀ ਦੇਰ ਨੂੰ ਸਟੇਸ਼ਨ ਆ ਗਿਆ। ਉਸ ਨੇ ਸਮਾਨ ਥੱਲੇ ਰੱਖਿਆ ਤੇ ਨਾਲ ਹੀ ਕਹਿੰਦਾ, ਸਰ ਸਮਾਨ ਸੰਭਾਲ ਕੇ ਰੱਖਣਾ। ਮੈਂ ਕਿਹਾ, ਕਿੰਨੇ ਪੈਸੇ? ਉਹ ਕਹਿੰਦਾ, ਸਰ, 520 ਰੁਪਏ। ਮੈਂ ਸੋਚਣ ਲੱਗ ਪਿਆ, ਵੀਹ ਮਿੰਟ ਵਿਚ 520 ਰੁਪਏ ਲੋਕ ਇੱਥੇ ਕਮਾ ਰਹੇ ਨੇ, ਅਸੀਂ ਬਾਹਰ ਧੱਕੇ ਖਾ ਕੇ ਵੀ ਇੰਨੇ ਸਮੇਂ ਵਿਚ ਇੰਨੇ ਪੈਸੇ ਨਹੀਂ ਬਣਾ ਸਕਦੇ। ਫਿਰ ਮੈਨੂੰ ਸਮਝ ਆਈ ਕਿ ਉਹ ਸਰ ਕਿਉਂ ਕਹਿੰਦਾ ਸੀ।

ਮੈਂ ਸਮਾਨ ਚੁੱਕ ਕੇ ਸਟੇਸ਼ਨ ’ਤੇ ਚਲਾ ਗਿਆ। ਉੱਥੇ ਮੇਰੇ ਇੱਕ ਮਿੱਤਰ ਨੇ ਆਉਣਾ ਸੀ, ਜਿਸ ਨੇ ਸ਼ਤਾਬਦੀ ਦੀ ਟਿਕਟ ਕਰਵਾਈ ਹੋਈ ਸੀ। ਮੈਂ ਉਸ ਨੂੰ ਉਡੀਕਣ ਲੱਗ ਪਿਆ। ਉੱਥੇ 15 ਕੁ ਮਿੰਟ ਵਿਚ ਮੇਰੇ ਕੋਲ 15 ਜਣੇ ਆਏ ਹੋਣੇ ਹਨ, ਹਰ ਕੋਈ ਆ ਕੇ ਇਹੀ ਕਹੇ, ਭਾਜੀ ਸਮਾਨ ਸੰਭਾਲ ਕੇ। ਪਤਾ ਨਹੀਂ ਕਿਉਂ ਮੈਨੂੰ ਉੱਥੇ ਹਰ ਕੋਈ ਤੁਰਿਆ ਫਿਰਦਾ ਚੋਰ ਲੱਗਣ ਲੱਗ ਪਿਆ। ਜਦੋਂ ਆਸੇ-ਪਾਸੇ ਕਿਸੇ ਪੰਜਾਬੀ ਨੂੰ ਦੇਖਦਾ ਤਾਂ ਮਨ ਨੂੰ ਤਸੱਲੀ ਜਿਹੀ ਹੁੰਦੀ। ਹਾਰ ਕੇ ਮੈਂ ਬੈਗ ਦੇ ਉੱਪਰ ਦੂਜਾ ਬੈਗ ਰੱਖ ਕੇ ਦੋਨੋਂ ਪਾਸੇ ਲੱਤਾਂ ਕਰਕੇ ਆਪ ਵੀ ਉੱਪਰ ਬੈਠ ਗਿਆ। ਮੈਂ ਸੋਚਿਆ, ਹੁਣ ਕੋਈ ਕਿਵੇਂ ਲੈ ਜਾਊ ਭਲਾ।

ਇੰਨੀ ਦੇਰ ਨੂੰ ਮੇਰਾ ਮਿੱਤਰ ਆ ਗਿਆ ਤੇ ਅਸੀਂ ਪਲੇਟਫਾਰਮ ਤੇ ਚਲੇ ਗਏ, ਗੱਡੀ ਲੱਗੀ ਹੋਈ ਸੀ। ਮੈਂ ਉਸ ਦਾ ਫੋਨ ਲੈ ਕੇ ਘਰ ਲਾਇਆ ਤੇ ਕਿਹਾ ਕਿ ਭਾਈ, ਤੁਹਾਡੀ ਮੂਰਤ ਆ ਗਈ ਹੈ, ਦੁਪਹਿਰ ਨੂੰ ਅੰਮ੍ਰਿਤਸਰ ਆ ਕਿ ਲੈ ਜਾਇਓ। ਫਿਰ ਮਿੱਤਰ ਦਾ ਧੰਨਵਾਦ ਕੀਤਾ ਤੇ ਗੱਡੀ ਵਿਚ ਬੈਠ ਗਿਆ। ਸ਼ਤਾਬਦੀ ਦਾ ਸਫ਼ਰ ਜਹਾਜ਼ ਨਾਲੋਂ ਵੀ ਵਧੀਆ ਲੱਗਾ ਮੈਨੂੰ। ਖਾਣ-ਪੀਣ ਅਤੇ ਸਫਾਈ ਦਾ ਪੂਰਾ ਪ੍ਰਬੰਧ ਸੀ, ਪਰ ਖਾਣਾ ਵਰਤਾਉਣ ਵਾਲਿਆਂ ਦੀ ਵਰਦੀ ਸਹੀ ਨਹੀਂ ਸੀ। ਓਹੀ ਪੁਰਾਣੇ ਜਿਹੇ ਕਪੜੇ, ਤੇ ਟੁੱਟੇ ਹੋਏ ਬੂਟ। ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਮੇਰੇ ਨਾਲ ਦੀਆਂ ਦੋ ਸੀਟਾਂ ਤੇ ਪਤੀ-ਪਤਨੀ ਬੈਠੇ ਹੋਏ ਸੀ। ਗੱਡੀ ਆਪਣੀ ਰਫਤਾਰ ਨਾਲ ਜਾ ਰਹੀ ਸੀ। ਮੈਂ ਬਾਹਰ ਦਾ ਨਜ਼ਾਰਾ ਦੇਖ ਰਿਹਾ ਸੀ। ਕਿਤੇ ਚਰੀ ਅਤੇ ਬਾਜਰੇ ਦੇ ਖੇਤ ਨਜ਼ਰ ਆ ਰਹੇ ਤੇ ਕਿਧਰੇ ਝੋਨੇ ਦੀ ਕਟਾਈ ਹੋ ਰਹੀ ਸੀ। ਵਾਕਿਆ ਹੀ ਆਪਣੇ ਦੇਸ਼ ਵਰਗੀ ਰੌਣਕ ਕਿਤੇ ਨਹੀਂ ਹੈਗੀ। ਮੇਰੇ ਨਾਲ ਬੈਠੇ ਪਤੀ-ਪਤਨੀ ਫੇਸਬੁੱਕ ਖੋਲ੍ਹ ਕੇ ਬੈਠੇ ਸੀ। ਪਤੀ ਕੋਲ ਲੈਪਟੌਪ ਸੀ ਅਤੇ ਪਤਨੀ ਕੋਲ ਫੋਨ। ਮੇਰਾ ਫੋਨ ਬੰਦ ਸੀ, ਨਹੀਂ ਤੇ ਘੱਟ ਤਾਂ ਆਪਾਂ ਵੀ ਨਹੀਂ ਸੀ। ਪਰ ਮੈਂ ਉਹਨਾਂ ਵੱਲ ਦੇਖ ਕੇ ਸੋਚਣ ਲੱਗ ਪਿਆ। ਉਹ ਆਪਸ ਵਿਚ ਬਹੁਤ ਘਟ ਬੋਲ ਰਹੇ ਸੀ, ਬਸ ਚੈਟ ਕਰਨ ਵਿਚ ਮਗਨ ਸੀ। ਮੈਨੂੰ ਆਪਣਾ ਫੇਸਬੁੱਕ ਤੇ ਲਿਖਿਆ ਲੇਖ ਯਾਦ ਆ ਗਿਆ ਕਿ ਹੁਣ ਰਿਸ਼ਤਾ ਕਰਨ ਵੇਲੇ ਮੁੰਡੇ-ਕੁੜੀ ਵਿਚ ਫੇਸਬੁੱਕ ਦੀ ਗੱਲ ਜਰੂਰ ਹੋਇਆ ਕਰੂ, ਕਿ ਭਾਈ ਆਹ ਫੇਸਬੁੱਕ ਦੀ ਆਈ ਡੀ ਦਾ ਕੀ ਕਰਨਾ, ਆਪੋ ਆਪਣੀ ਬਣਾਉਣੀ ਹੈ ਕਿ ਸਾਂਝੀ ਚਲਾਉਣੀ ਹੈ। …

ਮੈਂ ਫੇਸਬੁੱਕ ਦਾ ਇੱਥੇ ਵੀ ਏਨਾ ਕਰੇਜ਼ ਦੇਖ ਕੇ ਹੈਰਾਨ ਸੀ। ਮੇਰਾ ਵੀ ਦਿਲ ਕਰੇ ਕਿ ਇਹਨਾਂ ਨੂੰ ਕਹਾਂ ਕਿ ਇੱਕ ਸਟੇਟਸ ਹੀ ਪਾ ਲੈਣ ਦੋ ਪਰ, ਕਹਿਣ ਦਾ ਮੇਰਾ ਹੌਂਸਲਾ ਨਾ ਪਿਆ। ਮੈਂ ਆਪਣੇ ਮਨ ਨੂੰ ਸਮਝਾਇਆ ਕੇ ਮਨਾ ਸਬਰ ਰੱਖ, ਇਹ ਤੇਰੇ ਇਮਤਿਹਾਨ ਦੀ ਘੜੀ ਆ। ਦੇਖਦੇ ਹਾਂ ਕਿ ਤੂੰ ਕਿੰਨੀ ਦੇਰ ਰਹਿ ਸਕਦਾ ਹੈਂ ਫੇਸਬੁੱਕ ਤੋਂ ਬਿਨਾ।

… ਖੈਰ, ਮੈਂ ਫੇਸਬੁੱਕ ਤੋਂ ਆਪਣਾ ਧਿਆਨ ਹਟਾ ਕੇ ਆਪਣੇ ਪਰਿਵਾਰ ਵੱਲ ਲੈ ਗਿਆ। ਕਿੰਨੀ ਦੇਰ ਹੋ ਗਈ ਸੀ ਉਹਨਾਂ ਨੂੰ ਦੇਖਿਆਂ। ਕਿੰਨਾ ਚਾ ਹੋਵੇਗਾ ਉਹਨਾਂ ਦੇ ਮਨ ਵਿਚ ਵੀ। ਪਰ ਇੱਕ ਗੱਲ ਦਾ ਦੁੱਖ ਜਿਹਾ ਹੋ ਰਿਹਾ ਸੀ ਮੈਨੂੰ, ਮੇਰੇ ਜਵਾਕਾਂ ਨੂੰ ਕਿੰਨਾ ਚਾ ਸੀ ਕਿ ਪਾਪਾ ਨੂੰ ਏਅਰਪੋਰਟ ਤੋਂ ਲੈਣ ਜਾਵਾਂਗੇ, ਜਹਾਜ ਦੇਖ ਕੇ ਆਵਾਂਗੇ। ਪਰ ਪਿਓ ਦੀਆਂ ਮਜਬੂਰੀਆਂ ਉਹਨਾਂ ਦਾ ਚਾ ਪੂਰਾ ਨਾ ਕਰ ਸਕੀਆਂ। ਮੈਨੂੰ ਤੇ ਇੰਝ ਲੱਗ ਰਿਹਾ ਸੀ ਜਿਵੇਂ ਮੈਂ ਬਾਹਰੋਂ ਨਹੀਂ, ਬਿਹਾਰ ਤੋਂ ਆ ਰਿਹਾ ਹੋਵਾਂ।

ਟਰੇਨ ਜਿਵੇਂ ਹੀ ਪੰਜਾਬ ਵਿਚ ਦਾਖਲ ਹੋਈ, ਮੈਂ ਬਾਰੀ ਵਿਚ ਆ ਕੇ ਬੈਠ ਗਿਆ। ਮੈਂ ਸਾਰਾ ਨਜ਼ਾਰਾ ਤੱਕ-ਤੱਕ ਕੇ ਮਨ ਵਿਚ ਭਰ ਲੈਣਾ ਚਾਹੁੰਦਾ ਸੀ। ਦੇਖ ਕੇ ਇੰਝ ਲਗਦਾ ਸੀ ਜਿਵੇਂ ਇਹ ਖੇਤ ਵੀ ਟਰੇਨ ਦੇ ਨਾਲ ਨਾਲ ਦੌੜ ਰਹੇ ਹੋਣ। ਮੇਰੀ ਜਿੱਥੋਂ ਤੱਕ ਵੀ ਨਿਗ੍ਹਾ ਜਾਂਦੀ ਸੀ, ਮੈਂ ਜਰੂਰ ਤੱਕਦਾ ਸੀ। ਇੱਕ ਚਰੀ ਦੇ ਖੇਤ ਵਿਚ ਟਰੈਕਟਰ ਚੱਲ ਰਿਹਾ ਸੀ। ਬਗਲੇ ਹੱਲਾਂ ਦੇ ਪਿੱਛੇ-ਪਿੱਛੇ ਦੌੜ ਰਹੇ ਸੀ, ਸਾਡੇ ਵਾਂਗ ਆਪਣੀ ਖੁਰਾਕ ਪੂਰੀ ਕਰਨ ਲਈ।

ਛੇ ਘੰਟਿਆਂ ਦਾ ਸਫ਼ਰ ਤੈਅ ਕਰਨ ਪਿੱਛੋਂ ਟਰੇਨ ਅੰਮ੍ਰਿਤਸਰ ਪਹੁੰਚ ਗਈ। ਮੇਰਾ ਮਨ ਕਾਹਲਾ ਪੈ ਰਿਹਾ ਸੀ ਕਿ ਜਲਦੀ-ਜਲਦੀ ਉੱਤਰ ਜਾਵਾਂ ਪਰ ਸਟੇਸ਼ਨ ਕੋਲ ਆ ਕੇ ਗੱਡੀ ਦਾ ਹੌਲੀ ਹੋ ਜਾਣਾ ਸ਼ਾਇਦ ਮੇਰੇ ਸਬਰ ਦਾ ਇਮਤਿਹਾਨ ਹੀ ਸੀ। ਜਿਵੇਂ ਹੀ ਗੱਡੀ ਰੁਕੀ ਮੈਂ ਕਾਹਲੀ.ਕਾਹਲੀ ਬਾਹਰ ਨੂੰ ਤੁਰ ਪਿਆ। ਬਾਹਰ ਨਿੱਕਲਦਿਆਂ ਹੀ ਮੇਰੀ ਨਿਗਾਹ ਇੱਕ ਚਿੱਟੀ ਦਾਹੜੀ ਵਾਲੇ 60-65 ਸਾਲ ਦੇ ਬਜ਼ੁਰਗ ਤੇ ਪਈ। ਇੱਕ ਪੰਜ ਕੁ ਸਾਲ ਦਾ ਜਵਾਕ ਸਿਰ ਤੇ ਰੁਮਾਲ ਬੰਨ੍ਹਿਆ ਹੋਇਆ ਤੇ ਅੱਖਾਂ ਵਿਚ ਸੁਰਮੇ ਦੀਆਂ ਧਾਰੀਆਂ, ਉਸ ਬਜ਼ੁਰਗ ਦੀ ਉਂਗਲੀ ਫੜ ਕੇ ਖੜ੍ਹਾ ਸੀ। ਉਹਨਾਂ ਦੀਆਂ ਨਜ਼ਰਾਂ ਵੀ ਸ਼ਾਇਦ ਕਿਸੇ ਨੂੰ ਲੱਭ ਰਹੀਆਂ ਸਨ।

ਮੈਂ ਪਿੱਛੋਂ ਹੌਲੀ ਜਿਹੀ ਉਹਨਾਂ ਦੇ ਗੋਡੀਂ ਹੱਥ ਲਾਉਂਦਿਆਂ ਕਿਹਾ, “ਡੈਡੀ ਜੀ, ਸਤਿ ਸ੍ਰੀ ਅਕਾਲ।” ਮੂੰਹ ਉਤਾਂਹ ਚੱਕ ਕੇ ਉਹਨਾਂ ਵੱਲ ਦੇਖਣ ਦੀ ਦੇਰ ਹੀ ਸੀ ਕਿ ਉਹਨਾਂ ਮੈਨੂੰ ਘੁੱਟ ਕੇ ਗਲ ਨਾਲ ਲਾ ਲਿਆ। ਸਾਡੀਆਂ ਦੋਹਾਂ ਦੀਆਂ ਅੱਖਾਂ ਵਿਚ ਹੰਝੂ ਆਉਣੇ ਸੁਭਾਵਿਕ ਸਨ। ਆਪਣੇ ਪਿਓ ਦੇ ਗਲ਼ ਲੱਗਦਿਆਂ ਜਿਵੇਂ ਮੇਰੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਗਈਆਂ ਹੋਣ। ਉਹਨਾਂ ਗੜ੍ਹਕਦੀ ਆਵਾਜ਼ ਵਿਚ ਕਿਹਾ, “ਕਿੱਦਾਂ ਪੁੱਤਰਾ, ਕੈਮ ਆਂ?”

ਮੈਂ ਕਿਹਾ, “ਤੁਹਾਡੇ ਹੁੰਦਿਆਂ ਆਪਾਂ ਨੂੰ ਕੀ ਹੋ ਸਕਦਾ।” ਵਾਕਿਆ ਹੀ ਬਾਪੂ ਬੜੀ ਚੀਜ਼ ਹੁੰਦਾ ਯਾਰ।

ਫਿਰ ਵਾਰੀ ਆਈ ਰੁਮਾਲ ਵਾਲੇ ਜਵਾਕ ਦੀ, ਜੋ ਆਪਣਾ ਛੋਟਾ ਪ੍ਰਭਸਿਮਰਨ ਸੀ। ਚਾਰ ਮਹੀਨੇ ਦਾ ਸੀ, ਜਦੋਂ ਮੈਂ ਉਸ ਨੂੰ ਛੱਡ ਕੇ ਗਿਆ ਸੀ ਤੇ ਹੁਣ ਉਹ ਪੰਜ ਸਾਲ ਦਾ ਹੋ ਗਿਆ ਸੀ। ਉਹ ਸ਼ਰਾਰਤੀ ਜਿਹੀ ਨਿਗਾਹ ਨਾਲ ਮੈਨੂੰ ਦੇਖ ਰਿਹਾ ਸੀ। ਮੈਂ ਉਸ ਨੂੰ ਚੁੱਕ ਕੇ ਗਲ਼ ਨਾਲ ਲਾਉਂਦਿਆਂ ਕਿਹਾ, “ਓਏ ਪ੍ਰਭ, ਕਿੱਦਾਂ ਪਛਾਣਿਆ?”

ਉਸ ਨੇ ਸੰਗਦੇ ਜਿਹੇ ਨੇ ਹਾਂ ਵਿਚ ਸਿਰ ਹਿਲਾਇਆ। ਮੈਂ ਕਿਹਾ, “ਕਿਵੇਂ?” ਉਹ ਕਹਿੰਦਾ, ਫੋਟੋ ਦੇਖੀਆਂ ਸੀ। ਮੇਰਾ ਹਾਸਾ ਨਿੱਕਲ ਗਿਆ ਤੇ ਮਨ ਹੀ ਮਨ ਵਿਚ ਕਿਹਾ ਸ਼ੁਕਰ ਆ ਰੱਬਾ ਜਵਾਕ ਨੇ ਪਛਾਣ ਲਿਆ, ਨਹੀਂ ਤੇ ਸੁਣਿਆਂ ਕਿ ਬਹੁਤੇ ਜਵਾਕ ਤਾਂ ਬਾਹਰੋਂ ਆਏ ਪਿਓ ਬਾਰੇ ਮੰਮੀ ਨੂੰ ਕਹਿੰਦੇ ਆ, ਮੰਮੀ ਆਹ ਭਾਈ ਜਿਹਾ ਕੌਣ ਆਇਆ। ...

ਇੰਨੇ ਨੂੰ ਦੋ ਨੌਜਵਾਨ ਮੁੰਡੇ ਆਏ। ਖੁੱਲ੍ਹੀਆਂ ਦਾਹੜੀਆਂ, ਸਿਰਾਂ ਤੇ ਪੱਗਾਂ ਬੰਨ੍ਹੀਆਂ ਹੋਈਆਂ। ਮੈਂ ਇੱਕ ਦਮ ਦੇਖ ਕੇ ਹੈਰਾਨ ਰਹਿ ਗਿਆ, ਉਹ ਬਹੁਤ ਜੋਸ਼ ਨਾਲ ਮਿਲੇ ਮੈਨੂੰ। ਇਹਨਾਂ ਵਿਚ ਇੱਕ ਮੇਰੇ ਚਾਚੇ ਦਾ ਪੁੱਤ ਸੀ ਤੇ ਦੂਜਾ ਆਪਣਾ ਪ੍ਰਾਹੁਣਾ, (ਜੀਜਾ ਜੀ)।

ਉਹ ਦੋਨੋਂ ਮੇਰੇ ਕੋਲੋਂ ਜਲਦੀ ਪਛਾਣੇ ਨਹੀਂ ਗਏ। ਦਰਅਸਲ ਜਦੋਂ ਮੈਂ ਬਾਹਰ ਆਇਆ ਸੀ, ਉਦੋਂ ਉਹਨਾਂ ਦੇ ਵਾਲ ਕੱਟੇ ਹੋਏ ਸਨ। ਮੈਂ ਉਹਨਾਂ ਵਿਚ ਇੰਨਾ ਬਦਲਾਵ ਦੇਖ ਕੇ ਹੈਰਾਨ ਸੀ।

ਖੈਰ ਅਸੀਂ ਗੱਡੀ ਵਿਚ ਸਮਾਨ ਰੱਖਿਆ ਤੇ ਘਰ ਵੱਲ ਨੂੰ ਚੱਲ ਪਏ। ਬਜ਼ਾਰ ਵਿਚ ਓਹੀ ਪੀਂ ਪੀਂ , ਪਾਂ-ਪਾਂ। ਰਿਕਸ਼ਾ ਆਇਆ ਚੱਲ ਵਿਚ, ਮੋਟਰ ਸਾਈਕਲ ਆਇਆ ਚੱਲ ਵਿਚ, ਕੁਝ ਵੀ ਤਾਂ ਨਹੀਂ ਬਦਲਿਆ ਸੀ। ਸਭ ਨੂੰ ਅੱਗੇ ਨਿਕਲਣ ਦੀ ਕਾਹਲੀ ਸੀ। ਇੱਕ ਗੱਲ ਤਾਂ ਪੱਕੀ ਆ, ਜਿਸ ਨੇ ਇੰਡੀਆ ਡਰਾਇਵਰੀ ਕਰ ਲਈ, ਉਹ ਦੁਨੀਆਂ ਵਿਚ ਕਿਤੇ ਵੀ ਗੱਡੀ ਚਲਾ ਸਕਦਾ ਹੈ। ਮੈਂ ਦੇਖਿਆ ਇੰਨਾ ਬੁਰਾ ਹਾਲ ਸੀ ਕੀ ਮੁੜਨ ਵੇਲੇ ਦੋਨੋਂ ਇਸ਼ਾਰੇ ਲਾ ਕੇ, ਇਕ ਹੱਥ ਹਾਰਨ ਤੇ ਦੂਜਾ ਬਾਰੀ ਥਾਣੀ ਬਾਹਰ ਕੱਢਿਆ, ਫਿਰ ਮੂੰਹ ਨਾਲ ਵੀ ਕਹਿਣਾ ਪੈਂਦਾ ਸੀ, ਓ ਭਰਾਓ ਰੁਕ ਜਾਓ ਮਿੰਟ ਕੁ, ਮੁੜ੍ਹ ਲੈਣ ਦਿਓ। ਜਾਮ ਲੱਗਿਆ ਹੁੰਦਾ, ਟ੍ਰੈਫਿਕ ਪੋਲੀਸ ਵਾਲੇ ਆਪ ਮੋਟਰ ਸਾਈਕਲ ’ਤੇ ਬੈਠੇ ਵਿਚ ਫਸੇ ਹੁੰਦੇ ਆ। ਇੱਥੇ ਜਗਜੀਤ ਸਿੰਘ ਦੀ ਇੱਕ ਗ਼ਜ਼ਲ ਦੇ ਬੋਲ ਯਾਦ ਆ ਜਾਂਦੇ ਆ।

ਕਾਹਲੀ ਕਾਹਦੀ ਪਈ ਆ
ਕਿੱਥੇ ਅੱਗ ਲੱਗ ਗਈ ਆ
ਜਿਹੜੀ ਬੁਝੂ ਨਾ ਹੋਰ ਤੋਂ
ਜਰਾ ਬਚ ਕੇ ਮੋੜ੍ਹ ਤੋਂ ...

ਇੱਕ ਚੀਜ਼ ਜੋ ਦੇਖਣ ਵਾਲੀ ਸੀ ਕਿ ਅੰਮ੍ਰਿਤਸਰ ਦੇ ਇਲਾਕੇ ਵਿਚ ਸੜਕਾਂ ਬਹੁਤ ਕਮਾਲ ਦੀਆਂ ਬਣ ਗਈਆਂ ਨੇ। ਪਰ ਨਾਲ ਹੀ ਟੋਲ ਪਲਾਜ਼ੇ ਵੀ ਬਹੁਤ ਬਣ ਗਏ ਨੇ। ਗੱਡੀ ਜਿਵੇਂ ਜਿਵੇਂ ਪਿੰਡ ਵੱਲ ਵਧ ਰਹੀ ਸੀ, ਮਨ ਕਾਹਲਾ ਜਿਹਾ ਪਈ ਜਾਂਦਾ ਸੀ। ਅਸੀਂ ਗੱਲਾਂ ਕਰਦੇ-ਕਰਦੇ ਪਿੰਡ ਆ ਗਏ। ਪਿੰਡ ਵੜਦਿਆਂ ਹੀ ਮੈਂ ਜਵਾਕਾਂ ਵਾਂਗ ਗੱਡੀ ਦਾ ਸ਼ੀਸ਼ਾ ਥੱਲੇ ਕਰ ਲਿਆ। ਘੇਰੇ-ਘੇਰੇ ਕੋਠੀਆਂ ਹੀ ਨਜਰ ਆ ਰਹੀਆਂ ਸਨ। ਘਰ ਵੱਲ ਨੂੰ ਮੋੜ ਮੁੜੇ ਤਾਂ ਹੈਰਾਨੀ ਜਿਹੀ ਹੋਈ। ਮੇਰੇ ਮੂਹੋਂ ਨਿੱਕਲ ਗਿਆ, ਆਹ ਕੀ? ਕਿੰਨੀਂ ਜਗਾਹ ਵਿਹਲੀ ਹੁੰਦੀ ਸੀ ਇੱਥੇ, ਗੁੱਲੀ-ਡੰਡਾ, ਬਾਂਟੇ, ਪਿੱਠੂਗ੍ਰਮ, ਵਾਲੀਬਾਲ, ਕ੍ਰਿਕਟ, ਕਿੰਨੀਆਂ ਖੇਡਾਂ ਖੇਡਦੇ ਸੀ ਇਸ ਜਗਾਹ ’ਤੇ ਪਰ ਹੁਣ ਉੱਥੇ ਨਵੇਂ ਘਰ ਬਣ ਗਏ ਸੀ। ਜਿਹਨਾਂ ਘਰਾਂ ਨੂੰ ਇੱਕ ਗੇਟ ਹੁੰਦਾ ਸੀ, ਅੱਜ ਦੋ-ਦੋ ਗੇਟ ਲੱਗੇ ਸੀ। ਸਭ ਕੁਝ ਬਦਲ ਗਿਆ ਸੀ।

ਗੱਡੀ ਦਰਵਾਜੇ ਅੱਗੇ ਰੁਕੀ। ਘੇਰੇ-ਘੇਰੇ ਕੋਠੀਆਂ ਪੈ ਗਈਆਂ ਨੇ ਪਰ ਆਪਣਾ ਅਜੇ ਵੀ ਓਹੀ ਪੁਰਾਣਾ ਘਰ ਸੀ। ਸ਼ਾਇਦ ਇਸ ਘਰ ਵਾਲਿਆਂ ਦਾ ਮੁੰਡਾ ਬਾਹਰ ਹੈ, ਇਸ ਕਰਕੇ। ...

ਦਰਵਾਜਾ ਖੁੱਲ੍ਹਾ ਹੋਇਆ ਸੀ, ਜਿਸ ’ਤੇ ਕਦੇ ਮੇਰੇ ਦਾਦਾ ਜੀ ਨੇ ਲੋਹੇ ਦੀਆਂ ਪੱਤੀਆਂ ਨਾਲ ਸਤਿਨਾਮ ਵਾਹਿਗੁਰੂ ਲਿਖਵਾਇਆ ਸੀ। ਅੱਜ ਵੀ ਉਹ ਬਹੁਤ ਸੋਹਣਾ ਲੱਗਦਾ ਸੀ। ਦਰਵਾਜੇ ਵਿਚ ਤੇਲ ਵਾਲੀ ਸ਼ੀਸ਼ੀ ਲੈ ਕੇ ਖੜ੍ਹੀ ਮਾਤਾ ਜਿਵੇਂ ਆਪਣੇ ਪੁੱਤ ਨੂੰ ਦੇਖਣ ਲਈ ਤਰਸ ਰਹੀ ਹੋਵੇ। ਮੈਨੂੰ ਦੇਖਦੇ ਹੀ ਉਸ ਦੇ ਚਿਹਰੇ ਤੇ ਮਿੱਠੀ ਜਿਹੀ ਮੁਸਕਾਨ ਆ ਗਈ। ਮੈਂ ਭੱਜ ਕੇ ਮਾਂ ਦੇ ਗਲ਼ ਲੱਗ ਗਿਆ। ਕਿੰਨੀ ਦੇਰ ਉਹ ਮੈਨੂੰ ਗਲ਼ ਨਾਲ ਲਾ ਕੇ ਮੇਰਾ ਸਿਰ ਪਲੋਸਦੀ ਰਹੀ। ਜਦੋਂ ਛੱਡਿਆ ਤਾਂ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਮੈਂ ਕਿਹਾ, ਹੁਣ ਰੋਣਾ ਨਹੀਂ, ਖੁਸ਼ ਹੋਵੋ। ਉਹ ਕਹਿੰਦੇ, ਪੁੱਤ ਇਹ ਤਾਂ ਖੁਸ਼ੀ ਦੇ ਹੰਝੂ ਨੇ।

ਫਿਰ ਵਾਰੀ ਆਈ ਮੇਰੀ ਪਤਨੀ ਦੀ। ਉਸ ਦੀਆਂ ਅੱਖਾਂ ਦੀ ਚਮਕ ਮੇਰੇ ਆਉਣ ਦੀ ਖੁਸ਼ੀ ਦਾ ਇਜਹਾਰ ਕਰ ਰਹੀਆਂ ਸਨ। ਫੋਨ ਤੇ ਕਹਿੰਦੀ ਹੁੰਦੀ ਸੀ, ਜਿਸ ਦਿਨ ਤੁਸੀਂ ਆਉਣਾ ਹੋਇਆ, ਮੇਰੇ ਤਾਂ ਪੈਰ ਧਰਤੀ ’ਤੇ ਨਹੀਂ ਲੱਗਣੇ। ਅੱਜ ਵਾਕਿਆ ਹੀ ਉਹ ਬਹੁਤ ਖੁਸ਼ ਸੀ। ਮੈਂ ਬਹੁਤ ਖੁਸ਼ ਨਸੀਬ ਹਾਂ, ਇਸ ਗੱਲੋਂ।

ਘਰ ਵਿਚ ਰੌਣਕ ਲੱਗ ਗਈ, ਵਿਆਹ ਵਰਗਾ ਮਾਹੌਲ ਲੱਗਦਾ ਸੀ। ...

ਸਾਰੀ ਪੱਤੀ ਵਾਲੇ ਵਧਾਈਆਂ ਦੇਣ ਆ ਰਹੇ ਸਨ। ਬੜਾ ਚੰਗਾ ਲੱਗ ਰਿਹਾ ਸੀ। ਜੋ ਪਹਿਲਾਂ ਕੋਲ ਰਹਿ ਕੇ ਵੀ ਨਹੀਂ ਬੁਲਾਉਂਦੇ ਸੀ, ਉਹ ਵੀ ਬੜੇ ਚਾਅ ਮਿਲ ਰਹੇ ਸੀ। ਇਸ ਤੋਂ ਪਤਾ ਲੱਗਦਾ ਕਿ ਆਪਣਿਆਂ ਦੀ ਕਮੀ ਦਾ ਇਹਸਾਸ ਦੂਰ ਰਹਿ ਕੇ ਹੀ ਹੁੰਦਾ ਹੈ। ਇੰਨਾ ਪਿਆਰ ਦਿਖਾਉਣ ਲਈ ਮੈਂ ਸਾਰਿਆਂ ਦਾ ਬਹੁਤ ਸ਼ੁਕਰ-ਗੁਜ਼ਾਰ ਵੀ ਹਾਂ। ਇੰਨੇ ਨੂੰ ਕਰਨ ਵੀ ਸਕੂਲੋਂ ਆ ਗਿਆ। ਉਹ ਮੈਨੂੰ ਪਛਾਣਦਾ ਸੀ। ਆਉਂਦਿਆਂ ਹੀ ‘ਪਾਪਾ ਜੀ, ਸਤਿ ਸ੍ਰੀ ਅਕਾਲ’ ਕਹਿ ਕੇ ਮੇਰੇ ਗਲ ਲੱਗ ਗਿਆ। ਮੈਨੂੰ ਬੜਾ ਸਕੂਨ ਜਿਹਾ ਆਇਆ। ਮੈਂ ਸਾਰਿਆਂ ਵੱਲ ਬੜੇ ਗੌਹ ਨਾਲ ਦੇਖ ਰਿਹਾ ਸੀ। ਕਿੰਨਾ ਕੁਝ ਬਦਲਿਆ-ਬਦਲਿਆ ਲਗਦਾ ਸੀ, ਛੋਟੇ -ਛੋਟੇ ਜਵਾਕ ਹੁਣ ਕਾਫੀ ਵੱਡੇ ਹੋ ਗਏ ਸਨ।

ਕੁਝ ਹੀ ਦੇਰ ਬਾਅਦ ਨੱਚਣ ਗਾਉਣ ਵਾਲੇ ਵਧਾਈਆਂ ਦੇਣ ਆ ਗਏ ਅਤੇ ਆਉਂਦਿਆਂ ਹੀ ਹੋ ਗਏ ਸ਼ੁਰੂ ... ਵਧਾਈਆਂ ਹੋਣ ਸਰਦਾਰ ਜੀ।

ਮੈਂ ਕਿਹਾ, ਭਰਾਵੋ, ਮੈਂ ਬਾਹਰੋਂ ਦਿਹਾੜੀਆਂ ਲਾਉਂਦਾ ਆਇਆਂ, ਵਿਆਹ ਕਰਾ ਕੇ ਨਹੀਂ। ਪਰ ਉਹ ਕਿੱਥੇ ਸੁਣਦੇ ਸੀ ...

ਬੇਬੇ ਨੇ ਉਨ੍ਹਾਂ ਨੂੰ ਜੋ ਦੇਣਾ ਬਣਦਾ ਸੀ, ਖੁਸ਼ੀ ਖੁਸ਼ੀ ਦਿੱਤਾ। ਜਾਣ ਲੱਗੇ ਉਹ ਕਮਰੇ ਦੇ ਦਰਵਾਜੇ ’ਤੇ ਰੰਗਦਾਰ ਕਾਗਜ਼ ਜਿਹੇ ਲਾ ਗਏ, ਜਿਵੇਂ ਮੈਂ ਬਾਹਰੋਂ ਨਹੀਂ ਆਇਆ ਸੀ ਅੱਜ, ਸਗੋਂ ਜੰਮਿਆਂ ਹੀ ਅੱਜ ਸੀ। ...

ਫਿਰ ਸਿਲਸਿਲਾ ਸ਼ੁਰੂ ਹੋਇਆ ਉਸ ਚੋਗੇ ਨੂੰ ਚੁਗਣ ਦਾ, ਜਿਸ ਨੂੰ ਬਾਹਰ ਬੈਠੇ ਦੇਖ-ਦੇਖ ਕੇ ਅਸੀਂ ਜੀ ਤਰਸਾਉਂਦੇ ਰਹਿੰਦੇ ਸੀ। ਉਹ ਸੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ। ਬੇਬੇ ਨੇ ਦੇ ਦਿੱਤੀ ਅਵਾਜ਼ ਕਿ ਆਜਾ ਪੁੱਤ, ਪੀੜ੍ਹੀ ’ਤੇ ਹੀ ਬੈਠ ਜਾ ਕੋਲ ਆ ਕੇ, ਗਰਮ-ਗਰਮ ਲਾਹ ਕੇ ਖਵਾਉਂਦੇ ਹਾਂ। ਆਪਾਂ ਵੀ ਫਿਰ ਗੇੜਾ ਦੇਣਾ ਸ਼ੁਰੂ ਕਰ ਦਿੱਤਾ।

ਇਹ ਨਜ਼ਾਰਾ ਜੰਨਤ ਵਰਗਾ ਲਗਦਾ ਸੀ। ਮੱਲੋਮੱਲੀ ਘਰਦੇ ਮੈਨੂੰ ਵੱਧ ਖਾਣ ਨੂੰ ਕਹਿ ਰਹੇ ਸੀ। ਇਹੀ ਮੌਜ ਨਹੀਂ ਲੱਭਦੀ ਬਾਹਰ। ਪੰਜ ਸਾਲ ਵਿਚ ਵੱਧ ਤਾਂ ਕਿਸੇ ਨੇ ਕੀ ਖਵਾਉਣੀ ਸੀ, ਕਦੇ ਇਹ ਵੀ ਨਹੀਂ ਕਿਹਾ ਸੀ ਕਿ ਆਜਾ ਰੋਟੀ ਖਾ ਲੈ। ਆਪੇ ਪਕਾਓ ਤੇ ਆਪੇ ਖਾਓ। ਪਰ ਅੱਜ ਓਹ ਸਾਰਾ ਕੁਝ ਭੁੱਲ ਗਿਆ ਸੀ।

ਪੰਜਾਬ ਦੇ ਪਿੰਡਾਂ ਵਿਚ ਰੌਣਕ ਬਹੁਤ ਹੁੰਦੀ ਹੈ। ਸਾਰਾ ਦਿਨ ਵੰਨ-ਸੁਵਨੀਆਂ ਅਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ। ਕਦੇ ਲਓ ਜੀ, ਸੁੱਕੇ ਗੰਢੇ ਲਓ, ਕੱਦੂ ਲਓ, ਘੀਆ ਤੋਰੀਆਂ ਲਓ, ਬਤਾਊਂ ਲਓ, ਕਰੇਲੇ ਲਓ, ਰੇਹੜਾ ਆ ਗਿਆ, ਤਾਜ਼ੀ ਸਬਜ਼ੀ ਲਓ ...

ਕਦੇ ਕੱਪ ਲੈ, ਗਲਾਸੀਆਂ ਲੈ, ਪਤੀਸਾ ਲੈ, ਟੁੱਟਾ-ਭੱਜਾ ਪੁਰਾਣਾ ਲੋਹਾ ਵੇਚ, ਖਾਲੀ ਬੋਤਲਾਂ ਬੋਰੀਆਂ ਵੇਚ ...

ਪਰ ਇੱਕ ਫੇਰੀ ਵਾਲਾ ਹੈ ਜਿਸ ਨੇ ਕਦੇ ਅਵਾਜ਼ ਨਹੀਂ ਦਿੱਤੀ। ਮਧਰੇ ਜਿਹੇ ਕੱਦ ਅਤੇ ਇਕਹਿਰੇ ਜਿਹੇ ਸਰੀਰ ਦਾ ਇੱਕ ਬਜ਼ੁਰਗ ਮੋਢਿਆਂ ਉੱਤੇ ਦੋ ਬੋਰੀਆਂ ਚੱਕੀ ਗਲੀਆਂ ਵਿਚ ਫਿਰਦਾ ਰਹਿੰਦਾ ਹੈ। ਉਸ ਨੂੰ ਮੈਂ ਬਚਪਨ ਤੋਂ ਹੀ ਦੇਖਦਾ ਆ ਰਿਹਾ ਹਾਂ। ਇੱਕ ਦਿਨ ਮੈਂ ਵਿਹੜੇ ਵਿਚ ਬੈਠਾ ਸੀ ਕਿ ਉਹ ਬਜ਼ੁਰਗ ਗਲੀ ਵਿਚ ਦੀ ਲੰਘਦਾ ਮੇਰੀ ਨਜਰੀਂ ਪੈ ਗਿਆ। ਮੈਂ ਭੱਜਕੇ ਅਵਾਜ਼ ਮਾਰੀ ਤੇ ਕਿਹਾ, “ਭਾਊ ਕੀ ਹਾਲ ਹੈ, ਆਜਾ ਚਾਹ-ਪਾਣੀ ਪਿਲਾਈਏ।”

ਉਹ ਸਾਡੇ ਘਰ ਆ ਗਿਆ ਤੇ ਮੈਨੂੰ ਮਿਲ ਕੇ ਬਾਹਰ ਦਾ ਹਾਲ-ਚਾਲ ਪੁੱਛਣ ਲੱਗ ਪਿਆ। ਮੈਂ ਕਿਹਾ, “ਭਾਊ, ਬਾਹਰ ਦੀ ਛੱਡ, ਤੂੰ ਸੁਣਾ ਕਿਵੇਂ ਚਲਦੀ ਆ ਜ਼ਿੰਦਗੀ?”

ਉਹ ਹੱਸਦਾ ਹੋਇਆ ਕਹਿਣ ਲੱਗਾ, “ਪਚਾਸੀ ਸਾਲ ਦੀ ਉਮਰ ਹੋ ਗਈ ਆ, ਅਜੇ ਪੰਦਰਾਂ ਸਾਲ ਹੋਰ ਜੀਣਾ ਮੈਂ। ਸੌ ਸਾਲ ਦਾ ਹੋ ਕੇ ਮਰਨਾ।”

ਮੈਂ ਉਸ ਵੱਲ ਤੱਕਿਆ, ਉਹ ਪੂਰੇ ਵਿਸ਼ਵਾਸ ਨਾਲ ਇਹ ਗੱਲ ਕਹਿ ਰਿਹਾ ਸੀ। ਫਿਰ ਉਹ ਦੱਸਣ ਲੱਗਾ, “ਮੈਂ ਪੰਜ ਸਾਲ ਦਾ ਸੀ ਜਦੋਂ ਆਪਣੇ ਪਿਓ ਨਾਲ ਪਿੰਡਾਂ ਵਿਚ ਭਾਂਡੇ ਵੇਚਣ ਲੱਗ ਪਿਆ ਸੀ। ਫਿਰ ਮੈਂ ਆਪਣੇ ਬਾਪ ਨੂੰ ਕਿਹਾ ਕਿ ਜੋ ਤੂ ਅੱਜ ਤੱਕ ਮੇਰੇ ਲਈ ਕੀਤਾ, ਮੈਂ ਉਸ ਦਾ ਦੇਣ ਤਾਂ ਨਹੀਂ ਦੇ ਸਕਦਾ ਪਰ ਅੱਜ ਤੋਂ ਬਾਅਦ ਮੈਂ ਆਪਣਾ ਕਮਾਵਾਂਗਾ ਤੇ ਆਪਣਾ ਹੀ ਖਾਵਾਂਗਾ। ਬੱਸ, ਉਸ ਦਿਨ ਤੋਂ ਲੈ ਕੇ ਅੱਜ ਤੱਕ ਕਿਸੇ ਅੱਗੇ ਹੱਥ ਨਹੀਂ ਅੱਡਿਆ। ਆਪਣੀ ਮਿਹਨਤ ਦੀ ਰੋਟੀ ਖਾਂਦਾ ਹਾਂ।”

ਪਿੰਡ ਦੇ ਹਰ ਘਰ ਬਾਰੇ ਉਹ ਜਾਣਦਾ ਹੈ। ਉਸ ਨੇ ਦੱਸਿਆ ਕਿ ਉਹ ਸਾਰੇ ਪਿੰਡ ਦੇ ਵੱਡੇ-ਵਡੇਰਿਆਂ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੈ। ਇਹ ਬਹੁਤ ਵੱਡੀ ਗੱਲ ਸੀ ਕਿ ਉਸ ਨੇ ਕਦੇ ਵੀ ਭਾਂਡੇ ਵੇਚਣ ਲਈ ਪਿੰਡ ਵਿਚ ਹੋਕਾ ਨਹੀਂ ਦਿੱਤਾ। ਲੋਕ ਆਪ ਅਵਾਜ਼ ਮਾਰ ਕੇ ਭਾਂਡੇ ਲੈਂਦੇ ਨੇ ਉਸ ਕੋਲੋਂ। ਉਹ ਹਰ ਪੰਦਰ੍ਹਾਂ ਦਿਨਾਂ ਬਾਅਦ ਪਿੰਡ ਗੇੜੀ ਲਾਉਂਦਾ ਹੈ। ਉਸ ਕੋਲੋਂ ਕਦੇ ਕਿਸੇ ਨੇ ਭਾਂਡਿਆਂ ਦੀ ਗਾਰੰਟੀ ਨਹੀਂ ਪੁੱਛੀ, ਕਿਉਂਕਿ ਉਸ ਦੀ ਉਮਰ ਹੀ ਉਸ ਦੀ ਗਾਰੰਟੀ ਹੈ।

ਮੈਂ ਉਸ ਨੂੰ ਕਿਹਾ, “ਭਾਊ, ਤੂੰ ਹੁਣ ਆਰਾਮ ਕਰ, ਬਹੁਤ ਕਮਾਈ ਕਰ ਲਈ। ਆਪਣੇ ਬੱਚਿਆਂ ਨੂੰ ਕਰਨ ਦੇ ਕੰਮ ਹੁਣ।”

ਉਸ ਨੇ ਹੱਸ ਕੇ ਕਿਹਾ, “ਜਵਾਕਾਂ ਨੇ ਇਹ ਕੰਮ ਕਿੱਥੇ ਕਰਨਾ, ਉਹ ਤਾਂ ਮੈਨੂੰ ਵੀ ਕਹਿੰਦੇ ਨੇ ਕਿ ਨਾ ਕਰ।”

ਉਸ ਵੇਲੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਦੱਸਿਆ, ਕਿ ਉਸ ਦਾ ਮੁੰਡਾ ਤਹਿਸੀਲਦਾਰ ਹੈ। ਮੈਂ ਕਿਹਾ, “ਭਾਊ, ਫਿਰ ਤੂੰ ਉਸ ਕੋਲ ਕਿਉਂ ਨਹੀਂ ਰਹਿੰਦਾ? ਮੌਜ ਕਰ ਜਾ ਕੇ।”

ਉਹ ਬੋਲਿਆ, “ਮੁੰਡਾ ਕਹਿੰਦਾ ਹੈ ਕਿ ਮੇਰੇ ਕੋਲ ਰਹੋ, ਪਰ ਮੈਂ ਕਿਹਾ, ਪੁੱਤਰਾ, ਸਾਨੂੰ ਖੁਸ਼ੀ ਆ ਕਿ ਤੁਸੀਂ ਪੜ੍ਹ-ਲਿਖ ਕੇ ਅਫਸਰ ਬਣ ਗਿਆ ਹੈਂ। ਪਰ ਜਿੰਨੀ ਦੇਰ ਮੇਰੇ ਸਾਹ ਚਲਦੇ ਨੇ, ਮੈਂ ਨਹੀਂ ਜਾਣਾ ਕਿਤੇ ਵੀ। ਮੈਂ ਤਾਂ ਇਹੀ ਕੰਮ ਕਰਨਾ। ਉਹ ਪੈਸੇ ਵੀ ਦਿੰਦਾ ਹੈ ਪਰ ਮੈਂ ਕਹਿ ਦਿੰਦਾ ਹਾਂ ਕਿ ਜੇ ਪੈਸੇ ਦੇਣੇ ਨੇ ਤਾਂ ਆਪਣੀ ਮਾਂ ਨੂੰ ਬੇਸ਼ੱਕ ਦੇ ਜਾ, ਪਰ ਮੈਂ ਤਾਂ ਆਪਣਾ ਕਮਾਉਣਾ ਤੇ ਆਪਣਾ ਈ ਖਾਣਾ।”

ਇੰਨਾ ਕਹਿ ਕੇ ਉਹ ਹੱਸਦਾ ਹੋਇਆ ਅਗਲੀ ਗਲੀ ਵੱਲ ਤੁਰ ਪਿਆ ਤੇ ਮੈਂ ਉੱਥੇ ਖੜ੍ਹਾ ਕਿੰਨੀ ਦੇਰ ਉਸ ਬਾਰੇ ਸੋਚਦਾ ਰਿਹਾ।

*****

(152)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)