HarparkashSRai7“ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਆ ...”
(ਅਕਤੂਬਰ 29, 2015)

 

ਦੋ ਕੁ ਦਿਨ ਬਾਅਦ ਨਵੇਕਲਾਪਨ ਖਤਮ ਹੋ ਗਿਆ ਤੇ ਫਿਰ ਸ਼ੁਰੂ ਹੋ ਗਿਆ ਕੰਮ ਦਾ ਸਫਰ। ਕੰਮ ਤੇ ਲਿਜਾਣ ਵਾਲੇ ਨੇ ਹੁਕਮ ਦੇ ਦਿੱਤਾ ਕਿ ਪੇਪਰ ਲੱਭ ਲੈ ਭਾਅ ਕਿਸੇ ਦੇ ਜੇ ਕੰਮ ਤੇ ਜਾਇਆ ਕਰਨਾ ਤਾਂਮੈਂ ਕਿਸੇ ਨੂੰ ਜਾਣਦਾ ਨਹੀਂ ਸੀ, ਸੋ ਪਿੰਡ ਵਾਲਿਆਂ ਨੇ ਕਹਿ ਕਹਾ ਕੇ ਕੰਮ ਚਲਾ ਦਿੱਤਾ। ਘਰ ਫੋਨ ਕਰਨ ਵਾਸਤੇ ਕਾਰਡ ਚਾਹੀਦਾ ਸੀ, ਪਰ ਕੋਲ਼ ਪੈਸਾ ਕੋਈ ਨਹੀਂ ਸੀ। ਆਪਣੇ ਪੰਜਾਬੀਆਂ ਦੀਆਂ ਦੁਕਾਨਾਂ ’ਤੇ ਉਧਾਰ ਚੱਲ ਜਾਂਦਾ ਸੀ ਪਰ ਮੈਂ ਅਜੇ ਨਵਾਂ ਹੋਣ ਕਰਕੇ ਉਧਾਰ ਕਿਹਨੇ ਦੇਣਾ ਸੀ? ਇਕ ਮੁੰਡਾ ਬਿੰਦੂ ਸੰਧੂ ਸੀ, ਜਿਸ ਨੇ ਆਪਣੇ ਖਾਤੇ ਵਿੱਚ ਕਾਰਡ ਲੈ ਕੇ ਦਿੱਤਾ। ਸਪੇਨ ਵਿੱਚ ਸਭ ਤੋਂ ਜਿਆਦਾ ਸਾਂਝ ਤੇ ਪਿਆਰ ਇਸ ਨਾਲ਼ ਹੀ ਪਿਆ ਹੈ। ਪਹਿਲਾਂ-ਪਹਿਲਾਂ ਬੜਾ ਭਾਜੀ-ਭਾਜੀ ਕਰਦਾ ਹੁੰਦਾ ਸੀ ਫਿਰ ਭੇਤੀ ਜਿਹਾ ਹੋ ਕੇ ਆ ਗਿਆ ਤੂੰ-ਤੂੰ, ਮੈਂ-ਮੈਂ ਤੇ। ਜੋ ਵੀ ਹੈ, ਬੰਦਾ ਬੜਾ ਵਧੀਆ ਹੈ।

ਬਿੰਦੂ ਸੰਧੂ ਦੀ ਸਾਰਿਆਂ ਨਾਲ਼ ਸਾਂਝ ਹੁੰਦੀ ਸੀ। ਕਿਸੇ ਨੂੰ ਕੋਈ ਵੀ ਕੰਮ ਹੋਣਾ, ਇਹਨੇ ਅੱਡੀਆਂ ਜਿਹੀਆਂ ਚੱਕ ਕੇ ਸਭ ਤੋਂ ਅੱਗੇ ਹੋਣਾ। ਅਸੀਂ ਤਾਂ ਇਸਦਾ ਨਾਮ ਹੀ ਸਰਪੰਚ ਰੱਖ ਦਿੱਤਾ ਸੀ। ਘਰ ਦੀ ਸਾਰੀ ਜਿੰਮੇਦਾਰੀ ਇਹਦੇ ਕੋਲ਼ ਹੁੰਦੀ ਸੀ। ਪੈਸਾ ਨਾ ਵੀ ਕੋਲ਼ ਹੁੰਦਾ, ਇਹ ਫੜ-ਦੜ ਕੇ ਸਮਾਨ ਲੈ ਹੀ ਆਉਂਦਾ ਸੀ। ਜਦੋਂ ਕਿਸੇ ਨੇ ਕਿਰਾਇਆ ਜਾਂ ਸਮਾਨ ਲਈ ਪੈਸੇ ਨਾ ਦੇਣੇ, ਫਿਰ ਇਸ ਦਾ ਮੂੰਹ ਦੇਖਣ ਵਾਲਾ ਹੁੰਦਾ ਸੀ। ਮੱਥੇ ਤੇ ਵੱਟ ਜਿਹੇ ਪਾ ਕੇ ਬਹੁਤ ਖਿਝਦਾ ਹੁੰਦਾ ਸੀ। ਸਾਰਿਆਂ ਨੂੰ ਇਸ ਦੇ ਸੁਭਾ ਦਾ ਪਤਾ ਸੀ, ਸਾਥੀਆਂ ਨੇ ਸਗੋਂ ਹੋਰ ਖਿਝਾਉਣਾ ਇਸ ਨੂੰ। ਇੱਕ ਗੁਣ ਹੈ ਇਸ ਵਿੱਚ, ਮਿਲਣਸਾਰ ਬਹੁਤ ਆ। ਇਹਦੇ ਕੋਲ਼ ਕੋਈ ਵੀ ਚਲਾ ਜਾਵੇ ਸੇਵਾ ਬਹੁਤ ਕਰਦਾ। ਕਿਸਮਤ ਕਈ ਰੰਗ ਦਿਖਾਉਂਦੀ ਆ। ਕਦੇ ਇਸਦਾ ਸਿਤਾਰਾ ਬੁਲੰਦੀਆਂ ਤੇ ਸੀ ਤੇ ਪਰ ਅੱਜ-ਕੱਲ ਇਸਦੇ ਸਿਤਾਰੇ ਗਰਦਿਸ਼ ਵਿੱਚ ਨੇ। ਇਸ ਕਰਕੇ ਮੇਰੀ ਵੀ ਕਈ ਵਾਰ ਬਹਿਸ ਹੋ ਜਾਂਦੀ ਆ ਪਰ ਹਮਦਰਦੀ ਪੂਰੀ ਆ ਆਪਣੀ ਇਹਦੇ ਨਾਲ਼। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਂ ਹਿਸਾਬ-ਕਿਤਾਬ ਵਿੱਚ ਬਹੁਤ ਕੋਰਾ ਹਾਂ, ਫਿਰ ਦੁਕਾਨ ਤੇ ਸਾਡਾ ਸਾਂਝਾ ਖਾਤਾ ਚੱਲਣ ਲੱਗ ਪਿਆ।

ਚਾਰ-ਪੰਜ ਦਿਨਾਂ ਬਾਅਦ ਸਾਰੇ ਕਹਿੰਦੇ, ਭਾਅ ਅੱਜ ਸਬਜੀ ਦੀ ਤੇਰੀ ਵਾਰੀ ਆ। ਮੈਂ ਤਾਂ ਕਦੇ ਬਣੀ ਸਬਜੀ ਨਹੀਂ ਸੀ ਗਰਮ ਕੀਤੀ। ਸਾਰੇ ਕਹਿ ਕੇ ਘੁੰਮਣ ਚਲੇ ਗਏ। ਕਿਚਨ ਵਿੱਚ ਕੰਧ ਤੇ ਇਕ ਵਰਕਾ ਲਾਇਆ ਹੋਇਆ ਸੀ, ਜਿਸ ਉੱਤੇ ਵਾਰੀਆਂ ਲਿਖੀਆਂ ਹੋਈਆਂ ਸਨਸਭ ਤੋਂ ਥੱਲੇ ਮੇਰਾ ਨਾਮ ਵੀ ਪਾ ਦਿੱਤਾ। ਮੈਂ ਪਤੀਲੇ ਵਿੱਚ ਦਾਲ ਧਰ ਦਿੱਤੀ, ਦੂਜੇ ਪਾਸੇ ਤੜਕਾ ਲਾਉਣ ਲੱਗ ਪਿਆ। ਇੱਕ ਮੁੰਡਾ ਟੀ.ਵੀ. ਦੇਖ ਰਿਹਾ ਸੀ। ਮੈਂ ਕਿਹਾ, ਭਾ ਜੀ ਆਹ ਦੇਖਿਉ ਤੜਕਾ ਭੁੱਜ ਗਿਆ? ਉਹ ਕਹਿੰਦਾ, ਭੁੱਜ ਹੀ ਗਿਆ ਲਗਦਾ। ਮੈਂ ਦਾਲ ਵਿੱਚ ਪਾ ਕੇ ਢੱਕਣ ਬੰਦ ਕਰਕੇ ਰੱਖ ਦਿੱਤੀ। ਕੁਝ ਦੇਰ ਬਾਅਦ ਸਾਰੇ ਆ ਗਏ। ਇੰਦੀ ਜਸਵਾਲ ਕਹਿਣ ਲੱਗਾ, ਭੁੱਖ ਬਹੁਤ ਲੱਗੀ ਆ, ਦਾਲ ਖਾਈਏ ਪਹਿਲਾਂ। ਜਦੋਂ ਦਾਲ ਪਾ ਕੇ ਖਾਣ ਲੱਗੇ, ਦਾਲ ਤਾਂ ਆਵੇ ਬਾਹਰ ਨੂੰ। ਚਿੱਥੀ ਨਾ ਜਾਵੇ। ਕਹਿੰਦੇ, ਭਾਅ ਆਹ ਕੀ ਬਣਾਇਆ ਯਾਰ? ਮੈਂ ਕਿਹਾ, ਮੈਂ ਤਾਂ ਇਸ ਮੁੰਡੇ ਨੂੰ ਦਿਖਾਈ ਸੀ, ਇਹ ਕਹਿੰਦਾ ਬਣ ਗਈ ਆ ਕਹਿੰਦੇ, ਇਹਨੂੰ ਕੀ ਪਤਾ, ਇਹ ਤਾਂ ਆਪ ਨਵਾਂ ਆਇਆ। ਫਿਰ ਸਾਰੇ ਦਾਲ ਨੂੰ ਗਰੈਂਡਰ ਮਾਰਦੇ ਫਿਰਨ।

ਕੰਮ ਕਰਦਿਆਂ ਦੋ-ਤਿੰਨ ਦਿਨ ਲੱਤਾਂ ਇੰਝ ਦੁਖੀਆਂ ਕਿ ਬੂਟਾਂ ਦਾ ਭਾਰ ਲੈ ਕੇ ਤੁਰ ਨਹੀਂ ਸੀ ਹੁੰਦਾ। ਫਿਰ ਹੌਲ਼ੀ-ਹੌਲ਼ੀ ਝੋਟੇ ਵਾਂਗੂੰ ਕੰਨ੍ਹ ਪੈ ਗਿਆ। ਤੜਕੇ ਚਾਰ ਵਜੇ ਉੱਠਣਾ, ਪੰਜ ਵਜੇ ਬੱਸ ਆਉਣੀ। ਸੱਤ ਵਜੇ ਮੂੰਹ ਹਨੇਰੇ ਖੇਤਾਂ ਵਿੱਚ ਪਹੁੰਚ ਜਾਣਾ। ਹੌਲ਼ੀ-ਹੌਲ਼ੀ ਮੈਂ ਵੀ ਬੱਸ ਵਿੱਚ ਸਿਰ ਜਿਹਾ ਸੁੱਟ ਕੇ ਸੌਣ ਲੱਗ ਪਿਆ। ਸੱਚ ਹੀ ਕਹਿੰਦੇ ਆ, ਜਦੋਂ ਸਿਰ ’ਤੇ ਪੈਂਦੀ ਆ, ਸਭ ਕੁਝ ਆ ਜਾਂਦਾ। ਹੁਣ ਮੈਨੂੰ ਵੀ ਤਾਰਾਂ ਤੇ ਤੁਰਨਾ ਆ ਗਿਆ ਸੀ। ਖੇਤੀ ਦੇ ਕੰਮ ਵਿੱਚ ਉਹੀ ਕਾਮਯਾਬ ਨੇ ਜਿਨ੍ਹਾਂ ਦਾ ਲੱਕ ਨਹੀਂ ਦੁਖਦਾ। ਮੈਂ ਤਾਂ ਘੰਟੇ ਕੁ ਬਾਅਦ ਹੀ ਲੱਕ ਤੇ ਹੱਥ ਰੱਖ ਕੇ ਹਾਏ ਉਏ ਰੱਬਾ ਕਰਨ ਲੱਗ ਜਾਂਦਾ ਸੀ। ਲੱਕ ਦੇ ਦਰਦ ਤੋਂ ਤੰਗ ਆ ਕੇ ਹੀ ਬਹੁਤੇ ਮੁੰਡੇ ਨਸ਼ੇ ਕਰਨ ਲੱਗ ਜਾਂਦੇ ਨੇ।

ਪਹਿਲੇ ਮਹੀਨੇ ਵਿੱਚ 15 ਕੁ ਦਿਹਾੜੀਆਂ ਲੱਗੀਆਂ ਸਨਜਦੋਂ ਤਨਖਾਹ ਆਈ ਤਾਂ ਬਾਬੇ ਨੂੰ ਪੱਕਾ ਫਿਕਰ ਪੈ ਗਿਆ ਹੋਣਾ ਪੈਸੇ ਦੇਖ ਕੇ, ਕਿਉਂਕਿ ਮੈਂ ਪਹਿਲੀ ਤਨਖਾਹ ਗੁਰੂ ਘਰ ਲਈ ਸੁੱਖੀ ਸੀ, ਖਰਚਾ-ਖੁਰਚਾ ਕੱਢ ਕੇ ਜਿੰਨੇ ਕੁ ਬਚੇ। ਮੈਨੂੰ ਲੱਗਦਾ ਬਾਬਾ ਵੀ ਉਦੋਂ ਦਾ ਨਾਰਾਜ਼ ਹੋਇਆ ਹੋਇਆ ਹੈਦੋ-ਤਿੰਨ ਮਹੀਨਿਆਂ ਬਾਅਦ ਕੰਮ ਬੰਦ ਹੋ ਗਿਆ। ਫਿਰ ਸਾਰਾ ਦਿਨ ਵਿਹਲੇ ਰਹਿਣ ਲੱਗ ਪਏ, ਇਸ ਉਮੀਦ ਨਾਲ਼ ਕੇ ਜਲਦੀ ਚੱਲ ਪਵੇਗਾ। 2007 ਤੱਕ ਦੱਸਦੇ ਹਨ, ਇੱਥੇ ਬਹੁਤ ਕੰਮ ਸੀ। ਬੈੱਡ ਥੱਲੇ ਲੁੱਕ ਕੇ ਛੁੱਟੀ ਕਰਨੀ ਪੈਂਦੀ ਸੀ। ਪਰ ਸਾਡੀ ਵਾਰੀ ਪਤਾ ਨਹੀਂ ਕੀ ਬਿੱਲੀ ਛਿੱਕ ਗਈ। ਕਿਤੇ ਵੀ ਕੰਮ ਨਹੀਂ ਮਿਲ ਰਿਹਾ ਸੀ। ਕਈ ਰੈਸਟੋਰੈਂਟਾਂ ਵਾਲਿਆਂ ਨੂੰ ਵੀ ਪੁੱਛਿਆ, ਪਰ ਕੋਈ ਨਾ ਮੰਨਿਆਕੋਈ ਫਰੀ ਵਿੱਚ ਵੀ ਰੱਖਣ ਲਈ ਤਿਆਰ ਨਾ ਹੋਇਆ।

ਛੇ ਮਹੀਨੇ ਵਿਹਲੇ ਬੈਠਿਆਂ ਦੇ ਲੰਘ ਗਏ। ਸੋਚ-ਸੋਚ ਕੇ ਦਿਮਾਗ ਖਰਾਬ ਹੋ ਰਿਹਾ ਸੀ। ਘਰਦੇ ਵੀ ਧੰਨ ਨੇ ਜਿਹੜੇ ਹਰ ਵੇਲੇ ਹੌਸਲਾ ਦਿੰਦੇ ਸੀ ਕਿ ਕੋਈ ਨਾ ਪੁੱਤ, ਪਾਠ ਕਰਿਆ ਕਰ, ਆਪੇ ਬਾਬਾ ਮਿਹਰ ਕਰੂ। ਜੇ ਪੈਸਿਆਂ ਦੀ ਲੋੜ ਆ ਤਾਂ ਦੱਸ, ਭੇਜ ਦਿੰਦੇ ਹਾਂ। ਮੈਨੂੰ ਪਤਾ ਸੀ ਕਿ ਉਹਨਾਂ ਕਿੱਥੋਂ ਭੇਜਣੇ ਆਂ। ਮੈਂ ਵੀ ਮਨ ਵਿੱਚ ਸੋਚ ਰੱਖਿਆ ਸੀ ਕਿ ਜੇ ਘਰ ਪੈਸੇ ਭੇਜ ਨਾ ਸਕਿਆ, ਮੰਗਵਾਉਣੇ ਵੀ ਨਹੀਂ, ਭੁੱਖਾ ਭਾਵੇਂ ਰਹਿਣਾ ਪੈ ਜਾਵੇ। ਦੋਂਹ ਮਹੀਨਿਆਂ ਦੇ ਕਮਾਏ ਪੈਸੇ ਹੁਣ ਲੱਗ ਚੁੱਕੇ ਸੀ। ਫਿਰ ਇੱਕ ਰਿਸ਼ਤੇਦਾਰ ਮੁੰਡੇ ਕੋਲ਼ੋਂ ਉਧਾਰ ਪੈਸੇ ਲੈ ਕੇ ਕਿਰਾਇਆ ਤਾਰਿਆ।

ਸਾਡੇ ਘਰ ਇੱਕ ਮੁੰਡੇ ਨੇ ਕੰਪਿਊਟਰ ਰੱਖਿਆ ਹੋਇਆ ਸੀ। ਮੈਨੂੰ ਸਕਰੀਨ ਤੇ ’ਗਰੇਜੀ ਜਿਹੀ ਦੇਖ ਕੇ ਡਰ ਲੱਗਦਾ ਸੀ। ਮੈਂ ਇਹ ਗੱਲ ਆਪਣੇ ਚੰਡੀਗੜ੍ਹ ਰਹਿੰਦੇ ਮਿੱਤਰ ਅਮਨਦੀਪ ਨੂੰ ਫੋਨ ਤੇ ਦੱਸੀ। ਉਹ ਕਹਿੰਦਾ, ਓਏ ਸ਼ੁਦਾਈਆ, ਕੰਪਿਊਟਰ ਤਾਂ ਵਧੀਆ ਟਾਈਮ ਪਾਸ ਆ। ਕਹਿੰਦਾ, ਇੱਕ ਔਰਕੁੱਟ ਸਾਈਟ ਆ, ਤੂੰ ਉਸ ਤੇ ਆਈ-ਡੀ ਬਣਾ ਲੈ। ਮੈਂ ਕਿਹਾ, ਭਰਾਵਾ ਮੈਨੂੰ ਉਹਦੇ ਕੋਲੋਂ ਲੰਘਦਿਆਂ ਤਰੇਲੀਆਂ ਆਉਣ ਲੱਗ ਪੈਂਦੀਆਂ। ਮੇਰੀ ਜਾਣੇ ਬਲ਼ਾ ਕਿ ਆਈ-ਡੀ ਕੀ ਹੁੰਦੀ ਆ। ਫਿਰ ਉਸ ਨੇ ਮੈਨੂੰ ਆਈ-ਡੀ ਬਣਾ ਕੇ ਲਿਖਾ ਦਿੱਤੀ। ਫਿਰ ਮੈਂ ਕੰਪਿਊਟਰ ਵਾਲੇ ਭਾਊ ਨੂੰ ਉਹ ਪਰਚੀ ਦਿਖਾਈ। ਉਹ ਕਹਿੰਦਾ, ਇਹ ਤੇਰੀ ਔਰਕੁੱਟ ਆਈ-ਡੀ ਆ ਉਸ ਨੇ ਖੋਲ੍ਹੀ, ਫਿਰ ਬੰਦ ਕਰ ਦਿੱਤੀਇੱਕ ਵਾਰ ਅਸੀਂ 3 ਜਣੇਂ ਇੰਟਰਨੈੱਟ ਕੈਫੇ ਤੇ ਚਲੇ ਗਏ। ਸਾਨੂੰ ਕੰਪਿਊਟਰ ਔਨ ਨਾ ਕਰਨਾ ਆਵੇ। ਕਿਸੇ ਕੋਲੋਂ ਔਨ ਕਰਾ ਲਿਆ, ਫਿਰ ਪਤਾ ਨਾ ਲੱਗੇ ਕਿ ਦੇਖਣਾ ਕੀ ਆ। ਹਾਰ ਕੇ ਉੱਦਾਂ ਹੀ ਉੱਠ ਕੇ ਆ ਗਏ।

ਜਦੋਂ ਸਾਰੇ ਸੌਂ ਜਾਂਦੇ, ਮੈਂ ਉੱਠ ਕੇ ਕੰਪਿਊਟਰ ਔਨ ਕਰ ਲੈਣਾਹੌਲ਼ੀ-ਹੌਲ਼ੀ ਉਂਗਲਾਂ ਮਾਰਨ ਲੱਗ ਪਿਆ। ਆਈ-ਡੀ ਖੋਲ੍ਹਣੀ ਆ ਗਈ। ਫਿਰ ਕਦੇ ਅਖਬਾਰ ਖੋਲ੍ਹ ਲੈਣੀਫਿਰ ਔਰਕੁੱਟ ਤੇ ਮਿੱਤਰ ਬਣਦੇ ਗਏ। ਲਾਇਬਰੇਰੀ ਨੈੱਟ ਫਰੀ ਹੁੰਦਾ ਸੀ, ਕਦੇ ਉੱਥੇ ਜਾ ਕੇ ਬੈਠੇ ਰਹਿਣਾਜਿਵੇਂ ਇਸ ਦਾ ਨਸ਼ਾ ਜਿਹਾ ਲੱਗ ਗਿਆਵਕਤ ਲੰਘਦਾ ਗਿਆ ਤੇ ਮਿੱਤਰ ਸੂਚੀ ਵਧਦੀ ਗਈ। ਵਿਹਲਿਆਂ ਦੀ ਥੋੜ੍ਹੀ ਟੈਨਸ਼ਨ ਘਟ ਗਈ। ਸਿਆਲ ਵਿਹਲੇ ਰਹਿ ਕੇ ਕੰਬਲਾਂ ਵਿੱਚ ਬੈਠ ਕੇ ਕੱਢ ਦਿੱਤਾ। ਪੇਪਰ ਨਾ ਹੋਣ ਕਰਕੇ ਹੋਰ ਕਿਤੇ ਕੋਸਿਸ਼ ਵੀ ਨਹੀਂ ਕਰ ਸਕਦੇ ਸੀ। ਜਾਣ-ਪਹਿਚਾਣ ਤੋਂ ਬਿਨਾਂ ਕੱਚਿਆਂ ਨੂੰ ਕੋਈ ਕੰਮ ‘ਤੇ ਲਿਜਾਂਦਾ ਨਹੀਂ ਸੀ।

ਛੇ ਮਹੀਨਿਆਂ ਬਾਅਦ ਫਿਰ ਉਹੀ ਕੰਮ ਚੱਲ ਪਿਆ। ਰੱਬ ਦਾ ਸ਼ੁਕਰ ਕੀਤਾ ਕਿ ਦਿਹਾੜੀ ਲੱਗਣ ਲੱਗ ਪਈ। ਇੰਨੇ ਟਾਈਮ ਵਿੱਚ ਸਾਡੇ ਪਿੰਡ ਦਾ ਇੱਕ ਹੋਰ ਮੁੰਡਾ ਸੋਨਾ ਸਿੱਧੂ ਆ ਗਿਆ ਸਾਡੇ ਕੋਲ਼। ਨਵਾਂ-ਨਵਾਂ ਬਾਹਰ ਦੇ ਚਾਅ ਵਿਚ ਆਇਆ ਸੀ ਕਿ ਪਤਾ ਨਹੀਂ ਕੀ ਗਾਹ ਪਾ ਦੇਣਾਪਹਿਲੇ ਦਿਨ ਹੀ ਆ ਕੇ ਕਹਿੰਦਾ, ਹੁਣ ਹਨੇਰ ਲਿਆਵਾਂਗੇ ਪੈਸਿਆਂ ਦਾ। ਮੇਰਾ ਸੁਣ ਕੇ ਹਾਸਾ ਨਿਕਲ਼ ਗਿਆ। ਮੈਂ ਕਿਹਾ, ਕੋਈ ਨਾ, ਲੱਗ ਜਾਣਾ ਪਤਾ।

ਚਾਰ ਕੁ ਮਹੀਨੇ ਕੰਮ ਚੱਲਣ ਤੋਂ ਬਾਅਦ ਫਿਰ ਬਰੇਕਾਂ ਲੱਗਣ ਲੱਗ ਗਈਆਂ। ਮਹੀਨੇ ਵਿੱਚ ਮਸਾਂ ਪੰਦਰਾਂ-ਵੀਹ ਦਿਨ ਲੱਗਦੇ ਸੀ। ਹਰ ਰੋਜ਼ ਚਾਰ-ਪੰਜ ਜਣਿਆਂ ਨੂੰ ਘਰ ਬਹਿਣਾ ਪੈ ਜਾਂਦਾ ਕਿਉਂਕਿ ਮੁੰਡੇ ਜਿਆਦਾ ਹੁੰਦੇ ਸੀ, ਸੋ ਵਾਰੀ-ਵਾਰੀ ਲਿਜਾਇਆ ਜਾਂਦਾ ਸੀ, ਜਿਸ ਕਰਕੇ ਛੁੱਟੀ ਹੋ ਜਾਂਦੀ ਸੀ। ਜਿਹੜਾ ਪਿੰਡ ਵਾਲ਼ਾ ਨਵਾਂ ਆਇਆ ਸੀ, ਉਸ ਨੂੰ ਹੋਰ ਕਿਸੇ ਨਾਲ਼ ਗੰਢੇ ਅਤੇ ਆਲੂ ਪੁੱਟਣ ਭੇਜ ਦਿੱਤਾ। ਜਦੋਂ ਸ਼ਾਮ ਨੂੰ ਘਰ ਆਇਆ ਤਾਂ ਹਾਲਤ ਇੰਝ ਦੀ ਸੀ ਜਿਵੇਂ ਕਿਸੇ ਨੇ ਕੁੱਟ ਕੇ ਭੇਜਿਆ ਹੋਵੇ। ਕਹਿੰਦਾ, ਉੱਥੇ ਤਾਂ ਅਗਲਾ ਸਿਰਾ ਹੀ ਨਹੀਂ ਦਿਸਦਾ ਖੇਤ ਦਾ। ਸਾਰਾ ਦਿਨ ਨੀਵੇਂ ਲੱਕ ਬਾਲਟੀਆਂ ਚੱਕ-ਚੱਕ ਕੇ ਹੰਭ ਗਏ। ਮੈਂ ਕਿਹਾ, ਕਿਉਂ, ਪੈਸਿਆਂ ਦਾ ਹਨੇਰ ਨਹੀਂ ਲਿਆਉਣਾ? ਉਹ ਕਹਿੰਦਾ, ਹਨੇਰ ਸਵਾਹ ਆਉਣਾ, ਉਹ ਪਹੇਲ੍ਹੇ (ਵੱਡੇ ਬੋਰੇ) ਤਾਂ ਭਰਦੇ ਹੀ ਨਹੀਂ ਛੇਤੀ

ਦੋ ਕੁ ਦਿਨ ਜਾ ਕੇ ਤੀਜੇ ਦਿਨ ਸਵੇਰੇ ਉੱਠਿਆ ਹੀ ਨਾ। ਮੈਂ ਕਿਹਾ, ਕੀ ਗੱਲ, ਕੰਮ ’ਤੇ ਨਹੀਂ ਜਾਣਾ? ਕਹਿੰਦਾ, ਨਹੀਂ ਯਾਰ, ਓ ਨਾ ਪਿੰਡ ਪਟਵਾਰੀ ਨੂੰ ਫੋਨ ਕਰਨਾ ਸੀ। ਉਸ ਕੋਲ਼ੋਂ 1500 ਰੁਪਇਆ ਲੈਣਾ ਸੀ। ਮੈਂ ਕਿਹਾ, ਤੇਰਾ ਦਿਮਾਗ ਸਹੀ ਆ? 1500 ਬਦਲੇ 3500 ਦੀ ਦਿਹਾੜੀ ਤੋੜ ਰਿਹਾਂ? ਹਾਰ ਕੇ ਸਿੱਧਾ ਹੀ ਕਹਿੰਦਾ, ਯਾਰ, ਮੇਰੇ ਕੋਲ਼ੋਂ ਨਹੀਂ ਹੁੰਦਾ ਇਹ ਕੰਮ। ਫਿਰ ਉਹ ਸਾਡੇ ਨਾਲ਼ ਹੀ ਤਾਰਾਂ ਵਾਲ਼ੇ ਕੰਮ ਤੇ ਜਾਣ ਲੱਗ ਪਿਆ। ਇੱਕ ਦਿਨ ਕੰਮ ’ਤੇ ਲਿਜਾਣ ਵਾਲਾ ਮੁੰਡਾ ਕਹਿੰਦਾ, ਤੁਸੀਂ ਦੋਵੇਂ ਇਕੱਠੇ ਨਾ ਆਇਆ ਕਰੋ। ਵਾਰੀ-ਵਾਰੀ ਆਇਆ ਕਰੋ। ਮੈਂ ਪੁੱਛਿਆ, ਕਿਉਂ, ਅਸੀਂ ਜੌੜੇ ਆਂ? ਅੱਠ-ਨੌਂ ਲੱਖ ਉਹ ਲਾ ਕੇ ਆਇਆ, ਇੰਨੇ ਹੀ ਮੈਂ ਲਾਏ ਆ ਫਿਰ ਕੰਮ ’ਤੇ ਵਾਰੀ-ਵਾਰੀ ਕਿਉਂ ਬਈ?

ਜਦੋਂ ਕੰਮ ਬੰਦ ਹੋ ਗਿਆ, ਫਿਰ ਵਿਹਲੇ ਫਿਰਨ ਲੱਗ ਪਏ। ਇੱਕ ਦਿਨ ਇੱਕ ਰੈਸਟੋਰੈਂਟ ਵਾਲਾ ਕਹਿਣ ਲੱਗਾ, ਭੰਗੜੇ ਵਾਸਤੇ ਮੁੰਡੇ ਚਾਹੀਦੇ ਨੇ ਜੇ ਕਿਸੇ ਨੂੰ ਭੰਗੜਾ ਪਾਉਣਾ ਆਉਂਦਾ ਐ ਤਾਂ ਦੱਸੋ? ਮੈਂ ਕਿਹਾ, ਮੈਨੂੰ ਆਉਂਦਾ ਥੋੜ੍ਹਾ ਬਹੁਤ। ਮੇਰੇ ਨਾਲ਼ ਇੰਦੀ ਜਸਵਾਲ ਨਾਂ ਦਾ ਮੁੰਡਾ (ਜੋ ਅੱਜਕੱਲ੍ਹ ਕੈਨੇਡਾ ਰਹਿੰਦਾ) ਅਤੇ ਮੇਰੇ ਪਿੰਡ ਵਾਲਾ ਸੋਨਾ ਸਿੱਧੂ ਤਿਆਰ ਹੋ ਗਏ। ਫਿਰ ਅਸੀਂ ਹਰ ਸ਼ੁੱਕਰਵਾਰ ਤੇ ਸਨਿੱਚਰਵਾਰ ਭੰਗੜਾ ਪਾਉਣ ਜਾਣ ਲੱਗ ਪਏ। ਪਹਿਲੇ ਦਿਨ ਸੰਗ ਜਿਹੀ ਆਈ, ਫਿਰ ਢੀਠ ਜਿਹੇ ਹੋ ਕੇ ਲੱਗ ਪਏ ਨਚਾਰਾਂ ਵਾਂਗ ਨੱਚਣ। ਗੋਰਿਆਂ ਦੇ ਸਾਹਮਣੇ ਭੰਗੜਾ ਪਾਉਂਦਿਆਂ ਵਾਕਿਆ ਇੰਝ ਲੱਗਦਾ ਹੁੰਦਾ ਕਿ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ

ਭੰਗੜਾ ਪਾਉਣ ਦੇ ਕਈ ਫਾਇਦੇ ਹੋਏ ਸਾਨੂੰ। ਇੱਕ ਤਾਂ ਰੈਸਟੋਰੈਂਟ ’ਤੇ ਰੋਟੀ ਖਾ ਆਉਣੀ ਫਰੀ ਵਿਚਦੂਜਾ, ਫੋਨ ਦਾ ਖਰਚਾ ਨਿਕਲਣ ਲੱਗ ਪਿਆ। ਤੀਜਾ, ਭੰਗੜਾ ਪਾਉਣ ਦਾ ਸ਼ੌਂਕ ਵੀ ਪੂਰਾ ਕਰ ਲਈਦਾ ਸੀ। ਰੈਸਟੋਰੈਂਟ ਦਾ ਮਾਲਕ ਆਪ ਬਹੁਤ ਸ਼ੌਕੀਨ ਸੀ ਭੰਗੜੇ ਦਾ। ਉਹ ਵੀ ਕਈ ਵਾਰ ਸਾਡੇ ਨਾਲ਼ ਭੰਗੜਾ ਪਾਉਂਦਾ ਸੀ। ਬੰਦਾ ਵੀ ਬੜਾ ਚੰਗਾ ਸੀ। ਕਦੇ ਵੀ ਕੁਝ ਖਾਣ-ਪੀਣ ਤੋਂ ਵੀ ਮਨ੍ਹਾ ਨਹੀਂ ਕਰਦਾ ਸੀ। ਨਹੀਂ ਤਾਂ ਕਈ ਬਾਹਲੇ ਲੀਚੜ ਜਿਹੇ ਹੁੰਦੇ ਆ। ਇੱਕ ਵਾਰ ਕਿਸੇ ਹੋਰ ਰੈਸਟੋਰੈਂਟ ਤੇ ਚਲੇ ਗਏ ਭੰਗੜਾ ਪਾਉਣ। ਪਤੰਦਰਾਂ ਨੇ ਭੁੱਖੇ ਮਾਰਤਾ ਸਾਨੂੰ। ਆਪਣੇ ਕੋਈ ਇੰਡੀਅਨ ਖਾਣਾ ਖਾਣ ਆਏ ਉੱਥੇ ਤਾਂ ਉਹਨਾਂ ਨੇ ਦੇਖ ਕੇ ਕਿਹਾ ਕਿ ਇਹਨਾਂ ਨੂੰ ਵੀ ਕੁਝ ਖਵਾ ਪਿਲਾ ਦਿਉ? ਪੈਸੇ ਅਸੀਂ ਦੇ ਦੇਵਾਂਗੇ। ਫਿਰ ਕੋਲ਼ਾ ਦਿੱਤਾ ਸਾਨੂੰ। ਸਾਹੋ-ਸਾਹੀ ਹੋਇਆਂ ਦੀ ਜੁਬਾਨ ਵੀ ਤਾਲ਼ੂ ਨਾਲ਼ ਲੱਗੀ ਹੋਈ ਸੀ। ਰੈਸਟੋਰੈਂਟ ਵਾਲ਼ੇ ਕੰਮ ਮੁਕਾ ਕੇ ਸਾਰੇ ਰੋਟੀ ਖਾਣ ਲੱਗ ਪਏ ਤੇ ਅਸੀਂ ਬਾਂਦਰਾਂ ਵਾਗੂੰ ਇੱਕ ਨੁਕਰੇ ਬੈਠੇ ਉਹਨਾਂ ਦੇ ਮੂੰਹ ਵੱਲ ਦੇਖੀ ਜਾਈਏ। ਰਾਤ ਦੇ ਦੋ ਕੁ ਵਜੇ ਉਹ ਮੁੰਡਾ ਆ ਗਿਆ, ਜਿਸ ਨੇ ਭੇਜਿਆ ਸੀ ਸਾਨੂੰ। ਕਹਿੰਦਾ, ਚੱਲੀਏ? ਰੋਟੀ ਖਾ ਲਈ? ਮੈਂ ਕਿਹਾ, ਆਹੋ! ਖਾ ਲਏ ਗੋਭੀ ਆਲ਼ੇ ਪਰੌਂਠੇ। ਮਾਰ’ਤਾ ਭੁੱਖੇ, ਫਿਰ ਨਹੀਂ ਆਉਂਦੇ ਕਦੇ ਇੱਥੇ। ਫਿਰ ਮਾਲਕ ਵੀ ਰੌਲ਼ਾ ਪਾਉਣ ਲੱਗ ਪਿਆ ਵਰਕਰਾਂ ਨੂੰ - ਕੰਜਰੋ, ਬੇਇੱਜ਼ਤੀ ਕਰਵਾ ਦਿੱਤੀ ਤੁਸੀਂ। ਦੋਂਹ ਬੰਦਿਆਂ ਨੂੰ ਰੋਟੀ ਨਹੀਂ ਖਵਾ ਸਕੇ। ਮੈਂ ਕਿਹਾ, ਛੱਡੋ ਜਨਾਬ, ਹੁਣ ਕੀ ਫਾਇਦਾ?

ਇੱਕ ਵਾਰ ਜਿੱਥੇ ਅਸੀਂ ਪੱਕੇ ਜਾਂਦੇ ਸੀ ਭੰਗੜੇ ਲਈ, ਉਹਨਾਂ ਦੇ ਮੁੰਡਿਆਂ ਦੇ ਜਨਮ ਦਿਨ ਦੀ ਪਾਰਟੀ ਸੀ। ਕਹਿੰਦੇ ਆਇਉ ਤੁਸੀਂ ਵੀ। ਮੈਂ ਕਿਹਾ, ਪਾਰਟੀ ਤੇ ਬੁਲਾ ਰਹੇ ਓ ਜਾਂ ਭੰਗੜੇ ਲਈ? ਕਹਿੰਦੇ, ਬੁਲਾ ਤਾਂ ਪਾਰਟੀ ਲਈ ਰਹੇ ਆਂ, ਪਰ ਭੰਗੜਾ ਉਂਝ ਪਾਵਾਂਗੇ ਸਾਰੇ। ਉਸ ਦਿਨ ਸਾਡੇ ਉੱਤੋਂ ਇੰਝ ਯੂਰੋ ਸੁੱਟ ਰਹੇ ਸੀ ਜਿਵੇਂ ਇੰਡੀਆ ਵਿਆਹ ਵਿਚ ਸੁੱਟਦੇ ਆ। ਸਾਨੂੰ ਕਹਿੰਦੇ, ਚੁੱਕ ਲਉ। ਮੈਂ ਕਿਹਾ, ਜੇ ਇਕੱਲਾ ਭੰਗੜੇ ਲਈ ਬੁਲਾਇਆ ਹੁੰਦਾ, ਜ਼ਰੂਰ ਚੁੱਕਦੇ, ਪਰ ਅੱਜ ਨਹੀਂ। ਅਸੀਂ ਵੀ ਪਾਰਟੀ ’ਤੇ ਆਏ ਹਾਂ। ਪੈਸਾ ਸਾਡੀ ਜ਼ਰੂਰਤ ਆ, ਜ਼ਿੰਦਗੀ ਨਹੀਂ। ਫਿਰ ਉਹ ਸਾਰੇ ਪੈਸੇ ਵੇਟਰਾਂ ਨੇ ਚੁੱਕ ਲਏ।

ਇੱਕ ਵਾਰ ਦੀ ਗੱਲ ਆ, ਅਸੀਂ ਖੇਤਾਂ ਵਿੱਚ ਦਿਹਾੜੀ ਲਾਉਣ ਗਏ ਸੀ। ਉਸ ਦਿਨ ਕੰਮ ਬਾਹਲਾ ਔਖਾ ਸੀ। ਗੋਭੀ ਵਿੱਚੋਂ ਘਾਹ ਕੱਢਦੇ ਸੀ। ਸਾਰਾ ਦਿਨ ਬੁਰੀ ਹਾਲਤ ਹੋ ਗਈ। ਲੱਕ ਕਹੇ, ਅੱਜ ਤੂੰ ਤਾਂ ਗਿਆ ਕਾਕਾ। ਸ਼ਾਮ ਨੂੰ ਭੰਗੜਾ ਪਾਉਣ ਵੀ ਜਾਣਾ ਸੀ। ਰਸਤੇ ਵਿਚ ਆਉਂਦਿਆਂ ਬੱਸ ਖਰਾਬ ਹੋ ਗਈ। ਰੈਸਟੋਰੈਂਟ ਤੋਂ ਫੋਨ ਆਈ ਜਾਵੇ। ਰਾਤ ਨੂੰ 9 ਵਜੇ ਘਰ ਪਹੁੰਚੇ ਤਾਂ ਇੰਦੀ ਕਹਿੰਦਾ, ਮੈਂ ਥੱਕਿਆ ਬਹੁਤ ਆਂ, ਮੈਂ ਤਾਂ ਨਹੀਂ ਜਾਣਾ। ਮੈਂ ਕਿਹਾ, ਥੱਕਿਆ ਤਾਂ ਮੈਂ ਵੀ ਹਾਂ, ਇੰਝ ਵਕਾਰ ਖਰਾਬ ਹੁੰਦਾ ਯਾਰ। ਪਰ ਉਹ ਨਾ ਮੰਨਿਆਮੈਂ ਇੱਕ ਹੋਰ ਮੁੰਡੇ ਨੂੰ ਤਿਆਰ ਕਰਕੇ ਲੈ ਗਿਆ। ਉੱਥੇ ਜਿੰਮੇਦਾਰੀ ਤਾਂ ਨਿਭਾ ਆਇਆ ਪਰ ਜੋ ਮੇਰੀ ਹਾਲਤ ਹੋਈ, ਮੈਨੂੰ ਹੀ ਪਤਾ। ਇੰਝ ਲੱਗੇ ਜਿਵੇਂ ਹੁਣੇ ਹੀ ਡਿੱਗ ਪੈਣਾ ਉਸ ਦਿਨ ਮਨ ਵਿੱਚ ਆਇਆ ਸੀ ਕਿ ਕੀ ਜ਼ਿੰਦਗੀ ਆ ਯਾਰ!

ਕਈ ਹੱਸਦੇ ਵੀ ਹੁੰਦੇ ਸਨ ਸਾਡੇ ’ਤੇ ਕਿ ਆਹ ਕੀ ਨਚਾਰਾਂ ਵਾਲਾ ਕੰਮ ਕਰਦੇ ਓਂ? ਪਰ ਅਸੀਂ ਵੀ ਪੱਕੇ ਢੀਠ ਸੀ, ਪਰਵਾਹ ਨਹੀਂ ਕੀਤੀ ਕਿਉਂਕਿ ਪਤਾ ਸੀ, ਇਹ ਯੂਰਪ ਆ। ਪੈਸੇ ਬਿਨਾਂ ਇੱਥੇ ਤਾਂ ਮਾਵਾਂ ਪੁੱਤ ਨਹੀਂ ਸਾਂਭਦੀਆਂ।

*****

(91)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)