HarparkashSRai7ਖੈਰ ... ਪੋਟਿਆਂ ’ਤੇ ਦਿਨ ਗਿਣਦਿਆਂ ਉਹ ਦਿਨ ਵੀ ਆ ਗਿਆ ਜਦੋਂ 3 ਸਾਲ ਪੂਰੇ ਹੋ ਗਏ ...
(ਨਵੰਬਰ 19, 2015)


ਵਕਤ ਗੁਜ਼ਰਦਾ ਗਿਆ ਤੇ ਰਿੜ੍ਹ-ਖੁੜ ਕੇ ਗੁਜ਼ਾਰਾ ਚੱਲਦਾ ਗਿਆ। ਇੱਕ ਵਰਕੇ ਤੇ ਮੈਂ 36 ਡੰਡੇ ਬਣਾਏ ਸੀ। ਮਹੀਨਾ ਚੜ੍ਹਨ ਤੋਂ ਪਹਿਲਾਂ ਹੀ ਡੰਡੇ ਤੇ ਲੀਕ ਚਾੜ੍ਹ ਦਿੰਦਾ ਸੀ ਕਿਉਂਕਿ ਇੱਥੇ ਦਾ ਕਨੂੰਨ ਹੈ ਕਿ ਤਿੰਨ ਸਾਲ ਰਹਿਣ ਬਾਅਦ ਕਿਸੇ ਕੋਲੋਂ ਕੰਮ ਦਾ ਕੰਟਰੈਕਟ ਲਾ ਕੇ ਪੇਪਰ ਮਿਲ਼ ਜਾਂਦੇ ਨੇ। ਇਸੇ ਉਮੀਦ ਨਾਲ਼ ਮੈਂ ਵਕਤ ਕੱਢ ਰਿਹਾ ਸੀ। ਕੰਮ ਕਦੇ ਚੱਲ ਪੈਂਦਾ, ਕਦੇ ਰੁਕ ਜਾਂਦਾ। ਦੋ ਸਾਲ ਇੰਝ ਹੀ ਲੰਘ ਗਏ। ਘਰਦਿਆਂ ਵੀ ਕਹਿ ਛੱਡਣਾ ਕਿ ਕੋਈ ਗੱਲ ਨਹੀਂ ਪੁੱਤ, ਜਿੰਨੀ ਦੇਰ ਪੱਕਾ ਨਹੀਂ ਹੁੰਦਾ, ਜਿਵੇਂ ਵੀ ਆ ਟੈਮ ਪਾਸ ਕਰ। ਮੈਂ ਵੀ ਕਹਿ ਦੇਣਾ, ਪੇਪਰ ਬਣ ਲੈਣ ਦਿਉ, ਫਿਰ ਕੰਮ ਮਿਲ ਜਾਇਆ ਕਰਨਾ।

ਇੱਕ ਵਾਰ ਮੇਰੇ ਪਿੰਡ ਵਾਲਾ ਭਾਊ ਕਹਿੰਦਾ, ਤੂੰ ਮੇਰੇ ਨਾਲ਼ ਚੱਲ ਅੱਜ ਕੰਮ ’ਤੇ। ਪਹਿਲਾਂ ਤੇ ਤਿੰਨ ਘੰਟੇ ਦੀ ਡਰਾਈਵ ਕਰਕੇ ਖੇਤਾਂ ਵਿੱਚ ਪਹੁੰਚੇ। ਕੰਮ ਸੀ ਬਰੌਕਲੀ (ਗੋਭੀ ਵਰਗੀ ਹੁੰਦੀ ਆ) ਵਿੱਚੋਂ ਜੇਹਰਵਾ (ਘਾਹ) ਪੁੱਟਣ ਦਾ। ਨੀਵੇਂ ਲੱਕ ਸਵੇਰ ਤੋਂ ਸ਼ਾਮ ਤੱਕ ਜੋ ਹਾਲਤ ਹੋਈ, ਮੈਨੂੰ ਹੀ ਪਤਾ। ਮਾੜੀ ਕਿਸਮਤ ਨੂੰ ਅਗਲੇ ਦਿਨ ਫਿਰ ਮੈਨੂੰ ਨਾਲ ਲੈ ਗਏ। ਮੈਂ ਤਾਂ ਗੋਡਿਆਂ ’ਤੇ ਅਰਕਾਂ ਰੱਖ-ਰੱਖ ਕੇ ਤੁਰਾਂ। ਕਈ ਨਸ਼ੇ-ਪੱਤੇ ਵਾਲੇ ਤਾਂ ਸੈੱਟ ਜਿਹੇ ਹੋ ਕੇ ਅਲੀ-ਅਲੀ ਕਰਦੇ ਫਿਰਨ। ਮੇਰੇ ਕੋਲੋਂ ਤਾਂ ਸਿੱਧਾ ਬੈਠ ਕੇ ਰੋਟੀ ਨਾ ਖਾ ਹੋਵੇ। ਰੱਬ ਵੱਲੋਂ ਅੱਧੇ ਦਿਨ ਬਾਅਦ ਕੰਮ ਮੁੱਕ ਗਿਆ ਤਾਂ ਅਸੀਂ ਸੁਖ ਦਾ ਸਾਹ ਲਿਆ। ਯਕੀਨ ਕਰਿਉ ਡੇਢ ਦਿਨ ਵਿੱਚ ਅਰਕਾਂ ਗੋਡਿਆਂ ਉੱਤੇ ਰੱਖ ਕੇ ਤੁਰਨ ਨਾਲ਼ ਉੱਖੜੇ ਵਾਲ ਢਾਈ ਮਹੀਨਿਆਂ ਬਾਅਦ ਆਏ ਸੀ। ਗੋਡੇ ਵਾਲ ਉਖੜਨ ਕਰਕੇ ਖੁਸਰੇ ਦੀ ਅੱਡੀ ਵਰਗੇ ਨਿਕਲ ਆਏ ਸੀ।

ਸਬੱਬ ਨਾਲ ਇਨ੍ਹਾਂ ਹੀ ਦਿਨਾਂ ਵਿਚ ਦਵਿੰਦਰ ਮਿਲਣ ਆ ਗਿਆ ਇੰਗਲੈਂਡ ਤੋਂ। ਦਵਿੰਦਰ ਨੂੰ ਘੁਮਾਉਣ ਲਈ ਮੈਂ ਸੁੱਖ ਸਿੱਧੂ ਕੋਲ਼ ਲੈ ਗਿਆ ਕਿਉਂਕਿ ਉਸ ਨੇ ਹੋਰ ਦੋਸਤਾਂ ਨਾਲ਼ ਮਿਲ ਕੇ ਰੈਸਟੋਰੈਂਟ ਖੋਲ੍ਹ ਲਿਆ ਸੀ ਤੇ ਦੂਜਾ ਉਸ ਕੋਲ਼ ਗੱਡੀ ਵੀ ਹੈਗੀ ਸੀ। ਦਵਿੰਦਰ ਚਾਰ-ਪੰਜ ਦਿਨ ਰਿਹਾ ਸਾਡੇ ਕੋਲ। ਜਿੰਨਾ ਕੁ ਹੋ ਸਕਿਆ, ਅਸੀਂ ਉਸ ਨੂੰ ਘੁਮਾਉਂਦੇ ਰਹੇ।

ਇਸ ਵੇਲੇ ਸੁੱਖ ਹੋਰਾਂ ਨੂੰ ਤੰਦੂਰ ਉੱਤੇ ਕੰਮ ਕਰਨ ਲਈ ਬੰਦਾ ਚਾਹੀਦਾ ਸੀ। ਮੈਨੂੰ ਕਹਿੰਦੇ ਕੰਮ ਸਿੱਖਣਾ? ਮੈਂ ਕਿਹਾ, ਸਿੱਖ ਲੈਂਦੇ ਹਾਂ। ਪੰਦਰਾਂ ਕੁ ਦਿਨ ਫਰੀ ਲਾਉਣ ਤੋਂ ਬਾਅਦ ਉਹਨਾਂ ਮੈਨੂੰ 300 ਯੂਰੋ ਪ੍ਰਤੀ ਮਹੀਨਾ ਤਨਖਾਹ ’ਤੇ ਰੱਖ ਲਿਆ। ਜਿਸ ਕੰਮ ਵਿੱਚ ਰੁਚੀ ਨਾ ਹੋਵੇ, ਉਹ ਸਿੱਖਣਾ ਵੀ ਬੜਾ ਔਖਾ ਲੱਗਦਾ। ਮੈਨੂੰ ਉਹ ਜੋ ਵੀ ਦੱਸਣ, ਭੁੱਲ ਜਾਇਆ ਕਰੇ। ਤੰਦੂਰ ਵਿੱਚ ਤਾਂ ਹੱਥ ਨਾ ਪਵੇ, ਗਰਮ ਬਾਹਲ਼ਾ ਲੱਗਦਾ ਸੀ। ਜੇ ਰੋਟੀ ਲਾਉਣ ਲੱਗਾਂ ਤਾਂ ਵਿੱਚ ਡਿੱਗ ਪਿਆ ਕਰੇ। ਮਸਾਲਿਆਂ ਦਾ ਵੀ ਚੇਤਾ ਭੁੱਲ ਜਾਇਆ ਕਰੇ ਕਿ ਕਿਹੜੇ ਕਿਸ ਵਿੱਚ ਪਾਉਣੇ ਆ। ਹਾਰ ਕੇ ਇੱਕ ਵਰਕੇ ’ਤੇ ਲਿਖਿਆ ਸਭ ਕੁਝ। ਸਾਰਾ ਦਿਨ ਤਿਆਰੀ ਕਰਦਿਆਂ ਹੀ ਲੰਘ ਜਾਣਾ।

ਇੱਕ ਦਿਨ ਨਾਨਾਂ ਵਾਲਾ ਆਟਾ ਗੁੰਨ ਰਿਹਾ ਸੀ। ਜਦੋਂ ਆਟੇ ਦੇ ਦੋ ਪੈਕਟ ਦੁੱਧ ਵਿੱਚ ਪਾਏ ਉਹ ਤਾਂ ਆਟਾ ਸਾਰਾ ਹੀ ਘੁਲ਼ ਗਿਆ। ਫਿਰ ਯਾਦ ਆਇਆ ਕਿ ਦੁੱਧ ਜਿਆਦਾ ਪਾ ਬੈਠਾ ਸੀ। ਹੋਰ ਆਟਾ ਪਾ ਕੇ ਮਸਾਂ ਸੈੱਟ ਕੀਤਾ। ਮਾਲਕਾਂ ਤੋਂ ਡਰਦੇ ਨੇ ਅੱਧਾ ਆਟਾ ਫਰਿੱਜ ਦੇ ਉਹਲੇ ਲੁਕਾ ਦਿੱਤਾ। ਰੱਬ ਵੱਲੋਂ ਉਸ ਦਿਨ ਕੰਮ ਜਿਆਦਾ ਆ ਗਿਆ ਤੇ ਲੁਕਾਇਆ ਆਟਾ ਵੀ ਲੱਗ ਗਿਆ, ਨਹੀਂ ਤਾਂ ਗਾਲ਼ਾਂ ਹੀ ਪੈਣੀਆਂ ਸਨ। ...

ਇੱਕ ਦਿਨ ਰੰਗ ਵਾਲ਼ੇ ਚੌਲ ਬਣਾ ਰਿਹਾ ਸੀ। ਜਦੋਂ ਚੌਲ਼ ਬਣ ਗਏ, ਲਾਹੁਣ ਲੱਗਿਆਂ ਯਾਦ ਆਇਆ ਕਿ ਰੰਗ ਤਾਂ ਪਾਇਆ ਹੀ ਨਹੀਂ ਸੀ। ਇਸ ਦਿਨ ਵੀ ਮਾਲਿਕ ਕੋਲ਼ ਨਹੀਂ ਸੀ, ਆਪਾਂ ਚੱਕੇ ਚੌਲ ਤੇ ਡਸਟਬੀਨ ਵਿਚ ਸੁੱਟ ਕੇ ਨਵੇਂ ਬਣਾ ਦਿੱਤੇ। ਬਾਅਦ ਵਿਚ ਪਤਾ ਲੱਗਿਆ ਕਿ ਰੰਗ ਤਾਂ ਲਾਹੁਣ ਲੱਗਿਆਂ ਵੀ ਪਾ ਲਈਦਾ। ...

ਮੈਨੂੰ ਇੰਡੀਆ ਕਹਿੰਦੇ ਹੁੰਦੇ ਸੀ ਕਿ ਤੂੰ ਬੜਾ ਦਿਮਾਗੀ ਆਂ ਪਰ ਇੱਥੇ ਆ ਕੇ ਪਤਾ ਲੱਗਾ ਕਿ ਮੇਰਾ ਤਾਂ ਦਿਮਾਗ ਹੀ ਬਾਹਲ਼ਾ ਮੋਟਾ ਹੈ। ਕੁਝ ਸਮਝ ਹੀ ਨਹੀਂ ਲੱਗਦੀ ਸੀ। ਉੱਦਾਂ ਮੈਂ ਦੇਖਿਆ ਕਿ ਕਈ ਵਾਰ ਤਾਰੂ ਵੀ ਡੁੱਬ ਜਾਂਦੇ ਨੇ। ਇੱਕ ਦਿਨ ਮੈਂ ਪਿਸ਼ਾਵਰੀ ਨਾਨ ਲਾ ਰਿਹਾ ਸੀ ਕਿ ਨਾਨ ਤੰਦੂਰ ਦੇ ਵਿੱਚ ਡਿੱਗ ਗਿਆ। ਦੁਬਾਰਾ ਲਾਇਆ ਤਾਂ ਉਹ ਵੀ ਡਿੱਗ ਗਿਆ। ਮੇਰਾ ਉਸਤਾਦ ਮੁੰਡਾ, ਜੋ ਮਾਲਿਕ ਵੀ ਸੀ, ਕਹਿੰਦਾ, ਜਾਹ ਪਰਾਂ ਹੋ, ਤੂੰ ਨਹੀਂ ਕਰ ਸਕਦਾ ਕੁਝ ਵੀ। ਤੇਰੇ ਵੱਸ ਦਾ ਕੰਮ ਨਹੀਂ ਆ। ਮੈਨੂੰ ਗੁੱਸਾ ਵੀ ਲੱਗਿਆ ਤੇ ਬੇਇਜ਼ਤੀ ਵੀ ਮਹਿਸੂਸ ਹੋਈ, ਪਰ ਕਰ ਕੁਝ ਨਹੀਂ ਸੀ ਸਕਦਾ। ਸ਼ਾਇਦ ਉਹ ਸੱਚ ਹੀ ਕਹਿੰਦਾ ਸੀ। ਪਰ ਜਦੋਂ ਉਸ ਨੇ ਨਾਨ ਲਾਇਆ, ਉਹ ਵੀ ਡਿੱਗ ਪਿਆ ਤੰਦੂਰ ਵਿਚ। ਫਿਰ ਮੇਰਾ ਹਾਸਾ ਨਾ ਬੰਦ ਹੋਵੇ। ਮੈਂ ਕਿਹਾ, ਜਾਹ ਪਰਾਂ ਹੋ, ਯਾਰ ਤੇਰੇ ਵੀ ਵੱਸ ਦੀ ਗੱਲ ਨਹੀਂ ਆ। ਉਸ ਵੇਲੇ ਮੈਨੂੰ ਲੱਗਿਆ, ਜਿਵੇਂ ਮੈਂ ਹਾਰ ਕੇ ਫਿਰ ਜਿੱਤ ਗਿਆ ਹੋਵਾਂ।

ਇੱਥੇ ਕਈ ਵਾਰ ਝਾੜੂ-ਪੋਚਾ ਕਰਦਿਆਂ ਮੈਂ ਸੋਚਣ ਲੱਗ ਜਾਂਦਾ ਸੀ ਕਿ ਕੀ ਜਿੰਦਗੀ ਆ? ਪਤਾ ਨਹੀਂ ਅੱਗੇ ਕੀ ਹੋਣਾ। ਫਿਰ ਸੋਚਣਾ, ਚਲੋ ਜੋ ਵੀ ਰੱਬ ਕਰਦਾ, ਚੰਗਾ ਹੀ ਆ। ਜਿੱਥੇ ਰੱਖਦਾ, ਰਹਿਣਾ ਤਾਂ ਪੈਣਾ ਹੀ ਆ। ਚਲੋ ਖੇਤਾਂ ਨਾਲ਼ੋਂ ਤਾਂ ਚੰਗਾ ਹੀ ਆ। ਇੱਕ ਦਿਨ ਮੇਰੇ ਇੱਕ ਰਿਸ਼ਤੇਦਾਰ ਮੁੰਡੇ ਦਾ, ਜੋ ਬੈਲਜੀਅਮ ਰਹਿੰਦਾ ਹੈ, ਫੋਨ ਆ ਗਿਆ। ਕਹਿੰਦਾ, ਕਿੰਨੇ ਕੁ ਪੈਸੇ ਬਣ ਜਾਂਦੇ ਆ? ਮੈਂ ਕਿਹਾ, 300 ਯੂਰੋ ਮਿਲਦਾ। ਪਤੰਦਰ ਅੱਗਿਉਂ ਕਹਿੰਦਾ, ਚੰਗਾ ਹਨੇਰ ਲਈ ਆਉਂਦਾ ਹੈਂ ਫਿਰ ਤਾਂ ...। ਮੈਂ ਕਿਹਾ, ਭਰਾਵਾ ਅਸੀਂ ਤਾਂ ਸ਼ੁਕਰ ਕਰਦੇ ਹਾਂ ਰੱਬ ਦਾ, ਕਿ ਇੰਨੇ ਕੁ ਤਾਂ ਮਿਲੀ ਜਾਂਦੇ ਆ। ...
ਇਹਨਾਂ ਦਿਨਾਂ ਵਿੱਚ ਹੀ ਫੇਸਬੁੱਕ ਦਾ ਵੀ ਕਾਫੀ ਚਸਕਾ ਪੈ ਗਿਆ। ਸ਼ੁਰੂ-ਸ਼ੁਰੂ ਵਿੱਚ ਜਦੋਂ ਕੁਝ ਪੋਸਟ ਕਰਦਾ ਸੀ ਨਾ ਕਿਸੇ ਲਾਈਕ ਕਰਨਾ ਨਾ ਕੁਮੈਂਟ। ਮੈਂ ਡਲੀਟ ਹੀ ਕਰ ਦਿੰਦਾ ਸੀ। ਹੌਲ਼ੀ ਹੌਲ਼ੀ ਮਿੱਤਰ ਬਣਦੇ ਗਏ ਤੇ ਲਿਖਿਆ ਵੀ ਪਸੰਦ ਕਰਨ ਲੱਗ ਪਏ। ਉਦੋਂ ਮੈਂ ਤੁਕਾਂ ਜਿਹੀਆਂ ਜੋੜ ਕੇ ਲਿਖਦਾ ਹੁੰਦਾ ਸੀ। ਲਿਖਣ ਬਾਰੇ ਕੋਈ ਜਾਣਕਾਰੀ ਤਾਂ ਨਹੀਂ ਸੀ, ਪਰ ਜੋ ਵੀ ਮਨ ਵਿੱਚ ਆਉਣਾ, ਲਿਖ ਦੇਣਾ। ਪਹਿਲਾਂ ਮੇਰੇ ਕੋਲ ਤਾਂ ਫੋਨ ਵੀ ਨੋਕੀਆ ਦਾ 1110 ਹੁੰਦਾ ਸੀ। ਲਾਇਬਰੇਰੀ ਜਾ ਕੇ ਨੈੱਟ ਦਾ ਚਸਕਾ ਪੂਰਾ ਕਰਦੇ ਸੀ। ਫਿਰ ਔਖੇ-ਸੌਖੇ ਹੋ ਕੇ ਨਵਾਂ ਫੋਨ ਲਿਆ, ਉਹ ਛੇ ਮਹੀਨੇ ਬਾਅਦ ਹੀ ਖਰਾਬ ਹੋ ਗਿਆ। ਇੱਕ ਵਾਰ ਫਿਰ ਨਵਾਂ ਲਿਆ, ਉਹ ਅਗਲੇ ਦਿਨ ਹੀ ਸੜਕ ਤੇ ਡਿੱਗ ਕੇ ਅਜਿਹਾ ਖਿਲਰਿਆ ਕਿ ਮੁੜ ਕੇ ਇਕੱਠਾ ਹੀ ਨਹੀਂ ਹੋਇਆ।

ਜਿਨ੍ਹੀਂ ਦਿਨੀਂ ਦਵਿੰਦਰ ਮਿਲਣ ਆਇਆ ਸੀ, ਉਹ ਦੇ ਕੇ ਗਿਆ ਸੀ ਇੱਕ ਫੋਨ, ਉਸ ਨੇ ਕਾਫੀ ਸਾਥ ਦਿੱਤਾ। ਉਦੋਂ ਮੈਨੂੰ ਲੱਗਿਆ ਕਿ ਆਪਣੀ ਲਈ ਚੀਜ਼ ਨਹੀਂ ਹਜ਼ਮ ਹੁੰਦੀ ਮੈਨੂੰ। ਉਂਝ ਮੈਂ ਦੇਖਿਆ, ਇੰਡੀਆ ਵਾਲ਼ਿਆਂ ਨੂੰ ਬਾਹਰ ਵਾਲ਼ਿਆਂ ਤੋਂ ਫੋਨ ਦੀ ਬੜੀ ਝਾਕ ਹੁੰਦੀ ਆ। ਜਦੋਂ ਮੈਂ ਇੰਡੀਆ ਸੀ ਮੈਨੂੰ ਵੀ ਇੰਝ ਹੀ ਹੁੰਦਾ ਸੀ ਕਿ ਕੋਈ ਬਾਹਰੋਂ ਫੋਨ ਹੀ ਭੇਜ ਦੇਵੇ। ਦਵਿੰਦਰ ਨੇ ਭੇਜੇ ਵੀ ਪਰ ਹੁਣ ਇੱਥੇ ਰਹਿ ਕੇ ਪਤਾ ਲੱਗਦਾ ਕਿ ਕਿੰਨਾ ਔਖਾ ਹੁੰਦਾ, ਫੋਨ ਤਾਂ ਆਪਣੇ ਲਈ ਵੀ ਨਹੀਂ ਲੈ ਹੁੰਦਾ। ਫਿਰ ਵੀ ਜਿਵੇਂ-ਕਿਵੇਂ ਭੇਜ ਦਿੰਦੇ ਨੇ। ਸੱਚ ਦੱਸਾਂ ਤਾਂ ਮੈਂ ਸੱਤਾਂ ਸਾਲਾਂ ਵਿੱਚ ਘਰ ਤਾਂ ਇੱਕ ਵੀ ਫੋਨ ਨਹੀਂ ਭੇਜਿਆ। ਇੱਕ ਰਿਸ਼ਤੇਦਾਰ ਨੂੰ ਭੇਜਿਆ ਸੀ ਬਸ। ਦਵਿੰਦਰ ਜੋ ਮੈਨੂੰ ਫੋਨ ਭੇਜਦਾ ਹੁੰਦਾ ਸੀ ਮੈਂ ਕੁਝ ਦੇਰ ਵਰਤ ਕੇ ਅੱਗੇ ਦੇ ਦਿੰਦਾ ਸੀ।

ਚਾਹੇ ਬਾਹਰ ਵਾਲੇ ਫੋਨ ਭੇਜ ਦਿੰਦੇ ਨੇ, ਪਰ ਇੰਡੀਆ ਵਾਲਿਉ ਇਹ ਗੱਲ ਯਾਦ ਰੱਖਿਉ ਕਿ ਭੇਜਦੇ ਔਖੇ ਹੋ ਕੇ ਹੀ ਨੇ। ਹਾਂ, ਆਪਣੀ ਖੁਸ਼ੀ ਨਾਲ਼ ਭੇਜ ਦੇਣ ਤਾਂ ਗੱਲ ਵੱਖਰੀ ਆ, ਪਰ ਮੰਗਿਉ ਨਾ ਕਦੇ ਵੀ। ਇੱਥੇ ਜੇ ਕਿਸੇ ਦਾ ਕੰਮ ਵਧੀਆ ਚੱਲਦਾ ਵੀ ਆ ਤਾਂ ਉਸ ਦੇ ਹੋਰ ਬਹੁਤ ਖਰਚੇ ਹੁੰਦੇ ਨੇ। ਘਰ ਦਾ ਕਿਰਾਇਆ, ਬਿਜਲੀ, ਪਾਣੀ ਤੇ ਫੋਨ ਬਿੱਲ। ਜਦੋਂ ਇੰਡੀਆ ਜਾਣਾ ਹੁੰਦਾ ਟਿਕਟ ਤੇ ਉੱਥੇ ਦੇ ਖਰਚੇ ਦਾ ਵੱਖਰਾ ਫਿਕਰ ਹੁੰਦਾ। ਕਈ ਖਰਚੇ ਕਰਕੇ ਇੰਡੀਆ ਦਾ ਗੇੜਾ ਨਹੀਂ ਲਾਉਂਦੇ ਕਈ ਕੰਮ ਛੁੱਟ ਜਾਣ ਦੇ ਡਰ ਕਰਕੇ ਕਈਆਂ ਦੇ ਜਵਾਕਾਂ ਦੀ ਪੜ੍ਹਾਈ ਖਰਾਬ ਹੁੰਦੀ ਆ। ਕਿਸੇ ਕੋਲ਼ ਪੇਪਰ ਨਹੀਂ ਹੁੰਦੇ। ਬਿਹਤਰ ਭਵਿੱਖ ਦੀ ਆਸ ਵਿੱਚ ਆਏ ਮਜਬੂਰੀਆਂ ਵਿੱਚ ਫਸ ਕੇ ਰਹਿ ਜਾਂਦੇ ਨੇ। ਬਹੁਤ ਕੁਝ ਪਾਉਣ ਦੀ ਆਸ ਵਿੱਚ ਕਈ ਵਾਰ ਲੱਗਦਾ ਹੈ ਕਿ ਬਹੁਤ ਕੁਝ ਗਵਾ ਵੀ ਚੁੱਕੇ ਹਾਂ।

ਇੰਡੀਆ ਵਾਲਿਆਂ ਨੂੰ ਜੇ ਇੱਥੋਂ ਦੇ ਹਾਲਾਤ ਦੱਸੀਏ ਤਾਂ ਉਹ ਯਕੀਨ ਨਹੀਂ ਕਰਦੇ। ਉਹ ਸੋਚਦੇ ਹਨ ਕਿ ਆਪ ਚਲੇ ਗਏ, ਸਾਡੇ ਵਾਰੀ ਇੰਝ ਕਹਿੰਦੇ ਆ। ਕਹਿਣਗੇ, ਜੇ ਇੰਨੇ ਹੀ ਔਖੇ ਹੋ ਤਾਂ ਵਾਪਸ ਆ ਜਾਉ। ਜਿੰਨਾ ਕੁ ਮੈਂ ਮਹਿਸੂਸ ਕਰਦਾ ਹਾਂ, ਉਹ ਦੱਸਦਾ ਹਾਂ। ਬਾਪੂ ਦੀ ਕਮਾਈ ਏਜੰਟਾਂ ਨੂੰ ਦੇ ਕੇ ਆਏ ਹਾਂ। ਜਿੰਨੇ ਬਾਪੂ ਨੇ ਇੱਕੋ ਮੁੱਠੇ ਦੇ ਦਿੱਤੇ, ਅਸੀਂ ਥੋੜ੍ਹੇ-ਥੋੜ੍ਹੇ ਕਰਕੇ ਵੀ ਨਹੀਂ ਮੋੜ ਸਕੇ। ਫਿਰ ਕੀ ਮੂੰਹ ਦਿਖਾਈਏ ਵਾਪਸ ਆ ਕੇ? ਜੋ ਮਾਂ ਨੇ ਜੁਦਾਈ ਵੇਲੇ ਹੰਝੂ ਵਹਾਏ ਸਨ, ਅਜੇ ਤੱਕ ਉਹਨਾਂ ਨੂੰ ਖੁਸ਼ੀ ਵਿੱਚ ਨਹੀਂ ਬਦਲ ਸਕੇ, ਫਿਰ ਕਿੰਝ ਮੁੜ ਆਈਏ, ਦੱਸੋ? ਅੱਜ ਜਵਾਕ ਖੁਸ਼ ਹੋ ਕੇ ਕਹਿੰਦੇ ਆ ਕਿ ਸਾਡਾ ਪਾਪਾ ਬਾਹਰ ਆ। ਅਸੀਂ ਵੀ ਜਹਾਜ਼ ’ਤੇ ਜਾਣਾ ਪਾਪਾ ਕੋਲ਼। ਵਾਪਸ ਆ ਕੇ ਕੀ ਮੂੰਹ ਦਿਖਾਵਾਂਗੇ ਉਹਨਾਂ ਨੂੰ, ਦੱਸੋ? ਘਰਵਾਲ਼ੀ ਇਸ ਉਮੀਦ ਨਾਲ਼ ਦਿਨ ਕੱਟ ਰਹੀ ਆ ਕਿ ਕੋਈ ਨਾ, ਕਦੇ ਤੇ ਰੱਬ ਸੁਣੇਗਾ ਹੀ। ਕਿੰਝ ਉਸਦੀਆਂ ਉਮੀਦਾਂ ’ਤੇ ਪਾਣੀ ਫੇਰ ਦੇਈਏ? ਇੱਕ ਵਾਰ ਤਾਂ ਬਾਪੂ ਦੇ ਪੈਸੇ ਲਾ ਕੇ ਇੱਥੇ ਆ ਗਏ, ਹੁਣ ਵਾਪਸ ਜਾ ਕੇ ਕਿਹੜੇ ਪੈਸੇ ਨਾਲ਼, ਕਿਹੜਾ ਕੰਮ ਸ਼ੁਰੂ ਕਰੀਏ, ਦੱਸੋ? ਓ ਭਲਿਉ, ਕਿਸਮਤ ਆਪੋ ਆਪਣੀ ਆ, ਪਰ ਇੱਕ ਗੱਲ ਪੱਕੀ ਆ ਕਿ ਬਾਹਰ ਆ ਕੇ ਹਰ ਕੋਈ ਪਛਤਾਉਂਦਾ। ਕੋਈ ਪਹਿਲਾਂ ਤੇ ਕੋਈ ਬਾਅਦ ਵਿਚ। ਕੋਈ ਸਭ ਕੁਝ ਪਾ ਕੇ, ਤੇ ਕੋਈ ਸਭ ਕੁਝ ਗਵਾ ਕੇ।

ਸਾਡੇ ਨਾਲ਼ ਇੱਕ ਮੁੰਡਾ ਕੰਮ ਕਰਦਾ ਹੈ। ਉਸ ਦੀ ਛੋਟੀ ਭੈਣ ਦਾ ਵਿਆਹ ਉਸ ਦੇ ਪਿੱਛੋਂ ਹੋ ਗਿਆ। ਡੇਢ ਸਾਲ ਬਾਅਦ ਉਸ ਦੇ ਜੀਜੇ ਦੀ ਮੌਤ ਹੋ ਗਈ। ਨਾ ਸੁੱਖ ਵਿਚ ਸ਼ਾਮਿਲ ਹੋ ਸਕਿਆ, ਤੇ ਨਾ ਦੁੱਖ ਵਿਚ। ਇੱਥੇ ਕਈ ਮੁੰਡੇ ਨੇ ਜਿਨ੍ਹਾਂ ਵਿੱਚੋਂ ਕਿਸੇ ਦੀ ਮਾਂ, ਕਿਸੇ ਦਾ ਪਿਉ, ਕਿਸੇ ਦੀ ਭੈਣ ਅਤੇ ਕਿਸੇ ਦਾ ਭਰਾ ਤੁਰ ਗਏ ਨੇ ਦੁਨੀਆਂ ਤੋਂ, ਤੇ ਉਹ ਕੰਧਾਂ ਨਾਲ਼ ਲੱਗ ਕੇ ਰੋਂਦੇ ਮੈਂ ਆਪ ਦੇਖੇ ਨੇ। ਕੋਈ ਗਲ਼ ਲਾ ਕੇ ਦਿਲਾਸਾ ਦੇਣ ਵਾਲ਼ਾ ਵੀ ਨਹੀਂ ਇੱਥੇ। ਇੰਡੀਆ ਕੋਈ ਵਿਆਹ ਹੁੰਦਾ ਹੈ ਤਾਂ ਆਪ ਕੰਮ ’ਤੇ ਬੈਠੇ ਫੋਨ ਕਰੀ ਜਾਣਗੇ - ਬੂੰਦੀ ਹੀ ਭੇਜ ਦੋ ਸਾਨੂੰ ਵੀ ... ਫੋਟੋਆਂ ਹੀ ਭੇਜ ਦੋ ਵਿਆਹ ਦੀਆਂ। ਘਰ ਸੀ.ਡੀ ਲਾ ਕੇ ਮਨ ਪਰਚਾ ਲੈਂਦੇ ਹਨ ਬਾਹਰ ਵਾਲ਼ੇ। ...

ਆਹ ਜਿਹੜੇ ਬਰੈਂਡਡ ਕੱਪੜੇ ਪਾ ਕੇ ਇੰਡੀਆ ਆਉਂਦੇ ਆ ਨਾ, ਇਹ ਇਹਨਾਂ ਨੂੰ ਵੀ ਉਦੋਂ ਹੀ ਨਸੀਬ ਹੁੰਦੇ ਆ, ਜਦੋਂ ਇੰਡੀਆ ਜਾਣਾ ਹੁੰਦਾ ਜਾਂ ਫਿਰ ਐਤਵਾਰ ਗੁਰੂ ਘਰ ਜਾਣ ਵੇਲੇ। ਉਂਝ ਤਾਂ ਇੱਥੇ ਸਾਰਾ ਦਿਨ ਕੰਮ ਵਾਲੇ ਕੱਪੜੇ ਹੀ ਨਹੀਂ ਲੱਥਦੇ। ‘ਮਿੱਤਰਾਂ ਦੇ ਬੂਟ’ ਗਾਣੇ ਤੇ ਟੱਪਣ ਵਾਲਿਉ, ਸੱਚ ਇਹ ਆ ਕਿ ਇੱਥੇ ਦੂਜੇ ਘੱਟ, ਸੇਫਟੀ ਬੂਟਾਂ ਦੇ ਜੋੜੇ ਜਿਆਦਾ ਹੁੰਦੇ ਆ ਘਰ ਵਿੱਚ। ...

ਖੈਰ ... ਪੋਟਿਆਂ ’ਤੇ ਦਿਨ ਗਿਣਦਿਆਂ ਉਹ ਦਿਨ ਵੀ ਆ ਗਿਆ ਜਦੋਂ 3 ਸਾਲ ਪੂਰੇ ਹੋ ਗਏ। ਫਿਰ ਪੇਪਰ ਵਰਕ ਪੂਰਾ ਕਰਨ ਲੱਗ ਪਏ। ਤਿੰਨ ਸਾਲ ਦਾ ਸਰਟੀਫਿਕੇਟ, ਜਿਸ ਨੂੰ ‘ਅਰਾਇਗੋ’ ਕਹਿੰਦੇ ਆ, ਲੈਣ ਲਈ ਦਫਤਰੇ ਗਿਆ। ਨਾਲ਼ ਸੁੱਖ ਸਿੱਧੂ ਨੂੰ ਲੈ ਗਿਆ, ਕਿਉਂਕਿ ਉਸ ਨੂੰ ਬੋਲੀ ਆਉਂਦੀ ਆ। ਮੈਡਮ ਸਿੱਧੂ ਨੂੰ ਕਹਿੰਦੀ, ਤੂੰ ਨਹੀਂ ਬੋਲਣਾ। ਮੈਨੂੰ ਜਿੰਨੀ ਕੁ ਬੋਲੀ ਆਉਂਦੀ ਸੀ, ਆਪਾਂ ਤਾਂ ਉਹਦੇ ਅੱਗੇ ਖਿਲਾਰ ਦਿੱਤੀ। ਫਿਰ ਕੰਮ ਦਾ ਕੰਟਰੈਕਟ ਲਿਆ। ਜੋ ਤਿਲ-ਫੁਲ ਜੋੜਿਆ ਸੀ, ਪੇਪਰਾਂ ’ਤੇ ਲਾ ਦਿੱਤਾ। ਫਿਰ ਉਹ ਭਾਗਾਂ ਵਾਲਾ ਦਿਨ ਵੀ ਆ ਗਿਆ ਜਦੋਂ ਨੱਠ-ਭੱਜ ਕਰਕੇ ਪੇਪਰ ਜਮ੍ਹਾਂ ਕਰਾ ਦਿੱਤੇ। ਫਿਰ ਇੰਤਜਾਰ ਹੋਣ ਲੱਗਿਆ, ਪੇਪਰ ਪਾਸ ਹੋਣ ਦਾ। ਆਮ ਤੌਰ ’ਤੇ ਦੋ ਮਹੀਨੇ ਬਾਅਦ ਪਤਾ ਲੱਗ ਜਾਂਦਾ ਹੈ। ਇਸ ਸਮੇਂ ਸਕੂਲ ਵਾਲ਼ਾ ਵੇਲਾ ਯਾਦ ਆ ਰਿਹਾ ਸੀ, ਜਦੋਂ 31 ਮਾਰਚ ਨੂੰ ਨਤੀਜਾ ਆਉਣਾ ਹੁੰਦਾ ਸੀ। ਹੁਣ ਵੀ ਉਵੇਂ ਹੀ ਡਰ ਲੱਗਦਾ ਸੀ। ਦੋ ਮਹੀਨੇ ਉਡੀਕਣ ’ਤੇ ਵੀ ਜਦੋਂ ਕੋਈ ਨਤੀਜਾ ਨਾ ਆਇਆ ਤਾਂ ਅਸੀਂ ਪਤਾ ਕਰਨ ਗਏ। ਉਹਨਾਂ ਇੱਕ ਪੇਪਰ ਹੋਰ ਮੰਗ ਲਿਆ।

ਉਹ ਪੇਪਰ, ਜੋ ਉਹਨਾਂ ਮੰਗਿਆ, ਦੁਬਾਰਾ ਜਮ੍ਹਾਂ ਕਰਵਾਉਂਦਿਆਂ ਇਕ ਮਹੀਨਾ ਲੱਗ ਗਿਆ। ਫਿਰ ਇਕ ਮਹੀਨੇ ਬਾਅਦ ਪਤਾ ਕਰਨ ਗਏ ਤਾਂ ਉਹਨਾਂ ਇੱਕ ਪੇਪਰ ਹੋਰ ਮੰਗ ਲਿਆ। ਜਦੋਂ ਵੀ ਪੁੱਛ ਕੇ ਵਾਪਸ ਆਉਣਾ ਤਾਂ ਗੱਡੀ ਵਿੱਚ ਆਹ ਗਾਣਾ ਵੱਜਣ ਲੱਗ ਜਾਣਾ - ਅਜੇ ਤੇ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ...। ਜਦੋਂ ਤੱਕ ਦੂਜਾ ਪੇਪਰ ਜਮ੍ਹਾਂ ਕਰਾਇਆ, ਚਾਰ ਮਹੀਨੇ ਬੀਤ ਚੁੱਕੇ ਸੀ। ਹਰ ਵੇਲੇ ਸੋਚ-ਸੋਚ ਕੇ ਮਨ ਪਰੇਸ਼ਾਨ ਹੋ ਜਾਂਦਾ ਸੀ ਕਿ ਪਤਾ ਨਹੀਂ ਕੀ ਹੋਣਾ।

ਇਸੇ ਘੁੰਮਣਘੇਰੀ ਵਿਚ ਪੰਜ ਮਹੀਨੇ ਲੰਘ ਗਏ। ਜਨਵਰੀ 2012 ਲੋਹੜੀ ਵਾਲੇ ਦਿਨ ਰੈਸਟੋਰੈਂਟ ਵਾਲਾ ਮੁੰਡਾ ਆਪਣੀ ਫੈਮਿਲੀ ਦੇ ਪੇਪਰ ਚੈੱਕ ਕਰਕੇ ਕਹਿੰਦਾ, “ਮੇਰੀ ਫੈਮਿਲੀ ਦੇ ਪੇਪਰ ਪਾਸ ਹੋ ਗਏ ਆ।”

ਮੈਂ ਉਦੋਂ ਲਾਗੇ ਹੀ ਆਟਾ ਗੁੰਨ ਰਿਹਾ ਸੀ। ਉਹ ਮੈਨੂੰ ਕਹਿੰਦਾ, “ਤੇਰੇ ਵੀ ਕਰਾਂ ਚੈੱਕ?”

ਜਦੋਂ ਉਹਨੇ ਮੇਰੇ ਪੇਪਰ ਚੈੱਕ ਕੀਤੇ ਤਾਂ ਬੋਲਿਆ, “ਤੇਰੇ ਵੀ ਪਾਸ ਹੋ ਗਏ ਆ।”

ਮੇਰੀ ਤਾਂ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਸੀ। ਮੈਂ ਵਾਰ-ਵਾਰ ਚੈੱਕ ਕਰ ਰਿਹਾ ਸੀ। ...

ਫਿਰ ਘਰ ਫੋਨ ਕਰਕੇ ਦੱਸਿਆ। ਮੇਰਾ ਖਿਆਲ ਆ ਕਿ ਏਨੀਂ ਖੁਸ਼ੀ ਤਾਂ ਘਰਦਿਆਂ ਨੂੰ ਮੇਰੇ ਜੰਮਣ ’ਤੇ ਨਹੀਂ ਹੋਈ ਹੋਣੀ, ਜਿੰਨੀ ਪੇਪਰ ਬਣਨ ’ਤੇ ਹੋਈ ਸੀ। ਉਸੇ ਵੇਲੇ ਘਰਦੇ ਗੁਰੂ ਘਰ ਗਏ ... ਤੇ ਫਿਰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਵਧਾਈਆਂ ਲੈਣ ਲੱਗ ਪਏ।

*****

(112)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)