“ਐ ਦੁਨੀਆਂ ਦੇ ਸਿਰਜਣਹਾਰੋ! ਅੱਜ ਨਵਾਂ ਇਤਿਹਾਸ ਬਣਾਓ ...”
(17 ਜਨਵਰੀ 2025)
1. ਕਿਸਾਨ ਅੰਦੋਲਨ
ਐ ਯੋਧੇ ਕਿਰਸਾਨ ਭਰਾਓ!
ਸ੍ਰਿਸ਼ਟੀ ਦੀ ਜਿੰਦਜਾਨ ਭਰਾਓ!!
ਵਕਤ ਦਾ ਕਲਗੀ ਵਾਲਾ ਕੁੱਕੜ
ਆਪਣੇ ਪੂਰੇ ਖੰਭ ਖਿਲਾਰਕੇ
ਬਾਂਗ ਪਿਆ ਦਿੰਦਾ ਹੈ:
ਰੋਸੇ, ਸ਼ਿਕਵੇ ਤਾਕ ’ਤੇ ਰੱਖ ਕੇ
ਏਕੇ ਦੇ ਵੱਲ ਕਦਮ ਵਧਾਓ
ਪਰਬਤ ਜਿਹੀ ਸ਼ਕਤੀ ਬਣ ਜਾਓ
ਮਿਥਿਆ ਟੀਚਾ ਜਿੱਤਣ ਖ਼ਾਤਰ
ਇੱਕ ਦੂਜੇ ਦਾ ਹੱਥ ਵਟਾਓ
ਇਕ ਦੂਜੇ ਨੂੰ ਗਲ਼ੇ ਲਗਾਓ
ਨਾਲ ਕਦਮ ਦੇ ਕਦਮ ਮਿਲਾਓ
ਜੱਫੀਆਂ ਪਾਓ।
ਹਾਕਮ ਨੂੰ ਉੱਚਾ ਸੁਣਦਾ ਹੈ
ਬਿਜਲੀ ਵਾਂਙੂੰ
ਹੋ ਕੇ ਇੱਕ ਅਵਾਜ਼ ਗਰਜ ਪਾਓ
ਅਸਮਾਨ ਨੂੰ ਗੂੰਜਣ ਲਾਓ
ਘੁੱਪ ਹਨੇਰ ਨੂੰ ਦੂਰ ਕਰਨ ਲਈ
ਘਰ ਘਰ ਦੇ ਵਿਚ ਦੀਪ ਜਗਾਓ।
ਐ ਦੁਨੀਆਂ ਦੇ ਸਿਰਜਣਹਾਰੋ!
ਅੱਜ ਨਵਾਂ ਇਤਿਹਾਸ ਬਣਾਓ
ਸਾਰੀ ਸ਼ਕਤੀ ਇਕ ਥਾਂ ਕਰਕੇ
ਇਸ ‘ਚੰਗੇਜ਼’ ਨੂੰ ਭਾਜੜ ਪਾਓ
ਦਿੱਲੀ ਦੀ ਹਰ ਕੰਧ ਹਿਲਾਓ
‘ਦੁਰਯੋਧਨ’ ਨੂੰ ਕੰਬਣ ਲਾਓ
‘ਮਹਿਖਾਸੁਰ’ ਨੂੰ ਪੜ੍ਹਨੇ ਪਾਓ
ਸਬਕ ਸਿਖਾਓ
ਜਿੱਤ ਤੁਹਾਡੇ ਦਰ ਆਵੇਗੀ
ਇਕਜੁੱਟ ਹੋ ਕੇ ਹੱਲਾ ਮਾਰੋ
ਨਿਸ਼ਚੈ ਨੂੰ ਆਕਾਸ਼ ਬਣਾਓ
ਨਿਸ਼ਚੈ ਨੂੰ ਆਕਾਸ਼ ਬਣਾਓ।
* * *
2. ਉਮਰ
ਦੁੱਧ ਧੋਤੇ
ਦੇਵ ਰੂਪ
ਪਾਕ ਦਾਮਨ
ਸ਼ੇਰ ਬੱਬਰ
ਮਹਾਂਰਥੀ
ਕੋਈ ਸੂਰਜ
ਕੋਈ ਤਾਰਾ
ਜਾਂ ਸਿਤਾਰਾ
ਸੂਰਜਮੁਖੀ
ਜਾਂ ਗੁਲਾਬ
ਬੁੱਧੀਜੀਵੀ
ਵੱਡਾ ਕਵੀ
ਇਨਕਲਾਬੀ
ਮਹਾਂਨਾਇਕ
ਹੋਣ ਦਾ ਰੀਣ ਭਰ ਦਾਅਵਾ ਨਹੀਂ ਹੈ
ਪਰ ਯਾਰੋ!
ਉਮਰ ਦੀ ਪੂਣੀ ਵੀ ਜਿੰਨੀ ਹੈ ਕੱਤੀ
ਫਰਜ਼ ਦੀ ਨਾ ਡਗਰ ਛੱਡੀ
ਧੁਰ ਦਿਲੋਂ, ਗੁਲਜ਼ਾਰ ਵਾਂਗ ਹਾਂ ਖਿੜਿਆ
ਰੌਸ਼ਨੀ ਦੇ ਵਾਂਗਰਾਂ ਸੰਤੁਸ਼ਟ ਹਾਂ
ਕੋਈ ਪਛਤਾਵਾ ਨਹੀਂ ਹੈ।
* * *
3. ਵਿਗਿਆਪਨਜੀਵੀ
ਪੜ੍ਹ ਪੜ੍ਹ
ਸਿੱਖ ਸਿੱਖ
ਰੜ੍ਹ ਰੜ੍ਹ
ਲਿਖ ਲਿਖ
ਬਣਨਾ ਤਾਂ ਸੀ
ਅਸਮਾਨ ਦੇ ਪੰਨੇ ਉੱਤੇ
ਚਮਕਾਂ ਮਾਰਦੇ ਤਾਰਿਆਂ ਵਰਗੇ ਬੁੱਧੀਜੀਵੀ
ਧਰਤੀ ਬਣ ਦੁਲਹਨ ਨਾ ਜਾਂਦੀ
ਜੇਕਰ ਆਪਾਂ
ਸੂਰਜ ਦੇ ਨਾਲ ਨਜ਼ਰ ਮਿਲਾਉਂਦੇ
ਰਾਹ ਰੁਸ਼ਨਾਉਂਦੇ
ਕਰਮ ਕਮਾਉਂਦੇ
ਧਰਤੀ ਮਾਂ ਦਾ ਸੁਹਜ ਵਧਾਉਂਦੇ
ਦੁੱਖ ਨਿਵਾਰਨ ਕਰਦੇ ਜੱਗ ਦੇ
ਕਸ਼ਟ ਕਲੇਸ਼ ਮਿਟਾਉਂਦੇ ਸਭ ਦੇ
ਕੋਇਲਾਂ ਦੇ ਝਖਮਾਂ ਦੇ ਉੱਤੇ ਮਰਹਮ ਲਾਉਂਦੇ
ਫਿਰ ਬੁੱਧੀਜੀਵੀ ਅਖਵਾਉਂਦੇ
ਐਪਰ ਯਾਰੋ!
ਢੋਲਕ ਵਾਂਙੂੰ ਢਿੱਡ ਵਜਾ ਕੇ
ਅਕਲ ਦੇ ਖਾਲੀ ਭਾਂਡੇ ਹਰ ਵੇਲੇ ਖੜਕਾ ਕੇ
ਛੈਣਿਆਂ ਵਾਂਗ ਅੱਖਰ ਛਣਕਾ ਕੇ
ਸਜੀ-ਸਜਾਈ ਮੰਡੀ ਦੇ ਵਿਚ
ਸੰਘ ਪਾੜਵਾਂ ਹੋਕਾ ਦੇ ਕੇ
ਆਪਣੇ ਨਾਂ ਦਾ ਸੰਖ ਵਜਾ ਕੇ
ਭਾਂਤ ਭਾਂਤ ਦੇ ਫੱਟੇ ਲਾ ਕੇ
ਵਕਤ ਦੀ ਜਗਦੀ ਸੰਗਰਾਮਾਂ ਦੀ ਜੋਤੀ ਪਾਸੋਂ
ਨਜ਼ਰ ਚੁਰਾ ਕੇ
ਹਉਮੈ ਦੇ ਭੁੱਖੇ ਬਾਂਦਰ ਨੂੰ ਫੁੱਲੀਆਂ ਪਾ ਕੇ
ਹਿਰਦੇ ਵਸਾ ਕੇ
ਲਾਡ ਲਡਾ ਕੇ
ਬਣ ਗਏ ਹਾਂ ਵਿਗਿਆਪਨ ਜੀਵੀ!
ਬਣ ਗਏ ਹਾਂ ਵਿਗਿਆਪਨ ਜੀਵੀ!!
* * *
4. 2024 ਦੀ ਦੀਵਾਲੀ
ਦੀਵਾਲੀ ਦੇ ਸ਼ੁਭ ਅਵਸਰ ’ਤੇ
ਰੰਗਲੇ, ਸੁੰਦਰ ਢੇਰ ਸਾਰੇ ਹਨ ਕਾਰਡ ਆਏ
ਜਗਮਗ ਜਗਮਗ
ਸ਼ੁੱਭ-ਇਛਾਵਾਂ, ਖੁਸ਼ੀਆਂ, ਚਾਵਾਂ
ਦਿਲ ਦੀ ਇੱਕ ਪੋਲੀ ਜਿਹੀ ਨੁਕਰੇ ਡੇਰੇ ਲਾਏ
ਐਪਰ ਮੇਰੇ ਜਿਗਰੀ ਯਾਰੋ!
ਕੌੜੀ, ਤਲਖ ਹਕੀਕਤ ਦਾ ਦਮ ਭਰਨ ਜਾ ਰਿਹਾਂ
ਨਾਲ ਤੁਹਾਡੇ
ਆਪਣੇ ਦਿਲ ਦੀ ਵੇਦਨਾ ਸਾਂਝੀ ਕਰਨ ਜਾ ਰਿਹਾਂ:
ਸੱਤਾ ਦੇ ਸੰਘਾਸਣ ਉੱਤੇ ਬੈਠਾ ਰਾਜਾ
ਚਤੁਰਾਈ ਦੀ ਬੁਕਲ਼ ਮਾਰ
ਆਪਣੇ ਕੁੱਲ ਫ਼ਰਜ਼, ਇਕਰਾਰ
ਗਿਆ ਵਿਸਾਰ
ਦੇਸ਼ ਦਾ ਅੰਨਦਾਤਾ ਖੁੱਲ੍ਹੇ ਅਸਮਾਨ ਦਾ ਸ਼ਾਮਿਆਨਾ ਤਾਣ
ਮੰਡੀਆਂ ਦੇ ਵਿੱਚ ਬੈਠਾ ਆਣ
ਲਹੂ ਨਾਲ ਸਿੰਜ ਕੇ ਪਾਲੀ
ਫਸਲ ਓਸ ਦੀ
ਮਿੱਟੀ ਦੇ ਵਿੱਚ ਰੁਲ਼ਦੀ ਪਈ ਹੈ
ਅੰਬਰ ਉੱਤੇ ਭੂਰੇ ਬੱਦਲ ਜਦ ਮੰਡਲਾਉਣ
ਉਸ ਦੇ ਦਿਲ ਨੂੰ ਡੋਬੂ ਪੈਣ
ਭਵਿੱਖੀ ਬਿਪਤਾ, ਬਰਬਾਦੀ ਦੇ ਰਹਿ ਰਹਿ ਕੇ ਪਲ ਚੇਤੇ ਆਉਣ
ਸਿਰ ਨੂੰ ਮਾਣ ਨਾ’ ਉੱਚਾ ਕਰ ਜਦ
ਦੇਸ਼ ਦਾ ਅੰਨ ਸੰਕਟ ਨਿਵਾਰਨ ਦਾ ਪ੍ਰਣ ਲੀਤਾ ਸੀ
ਹਾਇ! ਹਾਇ!! ਉਸ ਨੇ ਕੀ ਗੁਨਾਹ ਕੀਤਾ ਸੀ?
ਵੇਖੋ! ਕਿਵੇਂ ਕਾਨੂੰਨ ਦੇ ਰਾਖਿਆਂ ਦੀ ਛਾਂ ਹੇਠਾਂ
ਅੱਠੇ ਪਹਿਰ ਗੁੱਝੀਆਂ ਸਾਜ਼ਸ਼ਾਂ ਦੇ ਤੰਦੂਏ ਜਾਲ ਵਿਛਾ ਕੇ
ਅਲਪ ਸੰਖਿਅਕ ਕੌਮੀਅਤਾਂ ਦੇ ਇਤਿਹਾਸਕ ਚਿੰਨ੍ਹ ਮਿਟਾ ਕੇ
ਗੁਰਦੁਆਰੇ, ਮਸਜਦਾਂ, ਗਿਰਜੇ ਮਿੱਟੀ ਵਿਚ ਮਿਲਾ ਕੇ
ਮੰਦਰ ਹਨ ਬਣਾਏ ਜਾ ਰਹੇ
ਅੰਬਰ ਉੱਤੇ ਇੱਕੋ ਰੰਗ ਦੇ ਸੂਰਜ, ਚੰਦ
ਚੜ੍ਹਾਏ ਜਾ ਰਹੇ
ਦੇਸ਼ ਦੀ ਅਖੰਡਤਾ ਦੀ ਗੁਲਜ਼ਾਰ ਨੂੰ ਅੱਗਾਂ ਲਾਈਆਂ ਜਾ ਰਹੀਆਂ ਹਨ
ਘੁੱਗ ਵਸਦੀਆਂ ਬਹਿਕਾਂ-ਬਸਤੀਆਂ
ਬੇਕਿਰਕੀ ਦੇ ਨਾਲ ਜਲਾਈਆਂ ਜਾ ਰਹੀਆਂ ਹਨ
ਕਲਾ ਦੇ ਸਿਰਜਣਹਾਰੇ
ਸੱਚੇ ਸ਼ਬਦਾਂ ਦੇ ਵਣਜਾਰੇ
ਚਿੜੀਆਂ, ਕੋਇਲਾਂ, ਬੱਤਖਾਂ, ਕੂੰਜਾਂ, ਕੰਜਕਾਂ ਪਾਲਣਹਾਰੇ
ਗਲ਼ ਸੜਨ ਲਈ, ਕੁੱਕੜਾਂ ਵਾਂਙ ਸਲਾਖਾਂ ਪਿੱਛੇ ਤਾੜੇ ਜਾ ਰਹੇ ਹਨ
ਵਿਦਰੋਹੀ ਜ਼ੁਬਾਨਾਂ ਉੱਤੇ ਮਣ ਮਣ ਦੇ ਜੰਦਰੇ ਮਾਰੇ ਜਾ ਰਹੇ ਹਨ
ਚਾਰੇ ਪਾਸੇ ਦਕਿਆਨੂਸੀ ਦਾ ਜਨੌਰ ਬਾਘੀਆਂ ਪਾ ਰਿਹਾ ਹੈ
ਨਿਆਂ, ਸੱਚ, ਰੌਸ਼ਨੀ ਦਾ ਹਤਿਆਰਾ ਦਨਦਨਾ ਰਿਹਾ ਹੈ
ਪਲ ਪਲ ਨਵਾਂ ਸਵਾਂਗ ਰਚਾ ਰਿਹਾ ਹੈ
ਦਿਲਾਂ ਵਿਚ ਜਗਦੇ ਚਿਰਾਗ ਬੁਝਾ ਰਿਹਾ ਹੈ
ਰੌਸ਼ਨ ਦਿਮਾਗਾਂ ਨੂੰ ਸੰਪਰਦਾਇਕਤਾ ਦੀ ਪਾਣ ਚੜ੍ਹਾ ਰਿਹਾ ਹੈ
ਅੰਬਰ ਉੱਤੇ
ਕਾਲੀ ਧੁੰਦ, ਧੁਆਂਖੇ ਧੂੰਏਂ ਦੇ ਅੰਬਾਰ ਲਗਾ ਰਿਹਾ ਹੈ
ਜਾਨਲੇਵਾ ਗੈਸਾਂ ਦੇ ਪਟਾਕੇ ਚਲਾ ਰਿਹਾ ਹੈ
ਸਿਆਸੀ ਪ੍ਰਦੂਸ਼ਣ ਦੀ ’ਨੇਰੀ ਵਗਾ ਰਿਹਾ ਹੈ
ਸੁਪਨਿਆਂ ਨੂੰ ਜ਼ਹਿਰ ਵਿਚ ਡੋਬ ਕੇ “ਵਿਸ਼ਵ ਗੁਰੂ” ਦਾ ਨਕਸ਼ਾ ਬਣਾ ਰਿਹਾ ਹੈ
“ਭਗਵਾਨ ਰਾਮ ਜੀ “ਪੰਜ ਸੌ ਸਾਲ” ਬਾਅਦ ਅੱਜ ਅਯੁੱਧਿਆ ਵਿਚ ਪਧਾਰ ਰਹੇ ਹਨ”
ਫ਼ਰਮਾ ਰਿਹਾ ਹੈ
ਇਹ ‘ਯੋਗੀ’ ਕਿਸ ਯੁਗ ਦਾ ਨੇਹਕਲੰਕੀ ਅਵਤਾਰ ਹੈ!
ਜਿਸ ਨੂੰ ਭਗਵਾਨ ਰਾਮ ਉੱਤੇ ਪ੍ਰਾਪਤ ਵਸੀਕਾਰ ਹੈ
ਜੋ ਭਗਵਾਨ ਨੂੰ ਇੱਛਿਆ ਅਨੁਸਾਰ ਅਯੁੱਧਿਆ ਨਗਰੀ ਵਿੱਚ ਆਗਮਨ ਕਰਵਾ ਰਿਹਾ ਹੈ
ਬਿਜਲਈ ਰੌਸ਼ਨੀਆਂ ਦੀਆਂ ਲੜੀਆਂ ਦਾ ਜਲੌਅ ਸਜਾ ਰਿਹਾ ਹੈ
ਹਾਇ! ਵੇਖੋ ਕਿਵੇਂ ਅੱਜ
ਸੰਵਿਧਾਨ ਦੇ ਪਹਿਰੇਦਾਰ
ਦਿਲਾਂ ਵਿੱਚੋਂ ਸਦਭਾਵਨਾ ਦੇ ਦੀਵੇ ਬੁਝਾ ਕੇ
ਨਫ਼ਰਤ, ਫਸਾਦਾਂ ਦੀ ਵਿੱਚ ਬੱਤੀ ਪਾ ਕੇ
ਅਯੁੱਧਿਆ ਦੀਆਂ ਸੜਕਾਂ, ਗਲੀਆਂ, ਚੌਕਾਂ-ਚੁਰਾਹਿਆਂ, ਬਨੇਰਿਆਂ ਉੱਤੇ
ਖੂਨੀ ਚਾਨਣ ਦੇ ਦੀਵੇ ਜਗਾ ਕੇ
ਕਿਸ ਮਕਸਦ ਦੇ ਮੁੱਖੜੇ ਉੱਤੇ ਟਿੱਕਾ ਲਾਉਣ ਲਈ ਮਹਾਂ ਉਤਸਵ ਮਨਾ ਰਹੇ ਹਨ
ਜਨ ਜਨਾਰਧਨ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ
ਭਗਵਾਨ ਰਾਮ ਨੂੰ ਹਾਈਜੈਕ ਕਰਕੇ
ਆਪਣੀ ਵਿਖ-ਭਰੀ ਸੱਤਾ ਦੇ ਪਾਲੇ ਵਿੱਚ ਭੁਗਤਾ ਰਹੇ ਹਨ
ਇਹ ਕੈਸੀ ਦੀਪਾਵਲੀ ਦੇ ਜਸ਼ਨ ਹਨ ਦੋਸਤੋ!
ਇਹ ਕੈਸੇ ਮਹਾਂਉਤਸਵ ਦਾ ਜਾਹੋ ਜਲਾਲ ਹੈ ਦੋਸਤੋ!!
ਇਹ ਕੈਸਾ ਰਾਮ ਭਗਤੀ ਦਾ ਵਿਧੀ ਵਿਧਾਨ ਹੈ ਭਾਰਤ ਵਾਸੀਓ!!!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5626)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)