GurnamDhillon7ਸੱਤਾ ਦੇ ਸਮਰਾਟ ਨੇ ਹੁਕਮ ਚਾੜ੍ਹਿਆ ਹੈ ਕਿ ਅੱਜ ਤੋਂ ਬਾਦ ...  ਤੇਰੀ ਕਿਸਮਤ ਦਾ ਸੂਰਜ ...
(21 ਅਕਤੂਬਰ 2019)

 

1.      ਲੋਕਰਾਜ ਦੀ ਬਹਾਰ!

ਲੋਕਰਾਜ ਦੀ ਬਹਾਰ ਭਰ ਜੋਬਨ 'ਤੇ ਹੈ!
ਕਸ਼ਮੀਰ ਘਾਟੀ ਵਿਚ ਸਭ ਤੋਂ ਵੱਧ!!
ਘਾਟੀ ਵਿਚ ਸਭ ਸੁੱਖਸਾਂਦ ਹੈ
ਕਰਫਿਊ ਦਾ ਤਿਰੰਗਾ ਲਹਿਰਾ ਰਿਹਾ ਹੈ!
ਹਾਲਾਤ ਆਮ ਵਾਂਗ ਹਨ
ਮੋਬਾਈਲ ਅਤੇ ਇੰਟਰਨੈ
ਟ ਸੇਵਾਵਾਂ ਦਾ ਸੂਰਜ ਅਸਤ ਹੋ ਚੁੱਕਾ ਹੈ!

ਕੋਈ ਹਿੰਸਕ ਵਾਰਦਾਤ ਨਹੀਂ ਹੋਈ
ਦਫ਼ਾ 144 ਦਾ ਚੰਦ ਚੜ੍ਹਿਆ ਹੋਇਆ ਹੈ!
ਕਿਸੇ ਵੱਲੋਂ ਹੜਤਾਲ ਦਾ ਸੱਦਾ ਨਹੀਂ ਦਿੱਤਾ ਗਿਆ
ਸਭ ਬਾਜ਼ਾਰ ਅਤੇ ਵਪਾਰਕ ਅਦਾਰੇ
, ਉਜਾੜੇ ਦੀ ਹਿਫ਼ਾਜ਼ਤ ਕਾਰਨ ਗੁੰਮਸ਼ੁਦਾ ਹਨ!

ਸਕੂ਼ਲ ਖੋਲ੍ਹ ਦਿੱਤੇ ਹਨ
ਜ਼ਿਆਦਾਤਰ ਵਿਦਿਆਰਥੀ ਸਹਿਮ ਦੇ ਬੱਦਲਾਂ ਦੀ ਛਾਂ ਹੇਠ ਘਰਾਂ
'ਚੋਂ ਬਾਹਰ ਨਹੀਂ ਨਿਕਲੇ!
ਸੜਕਾਂ ਉੱਤੇ ਆਵਾਜਾਈ ਦੀ ਖੁੱਲ੍ਹ ਹੈ
ਸਭ ਵਿਰੋਧੀ ਨੇਤਾ ਘਰਾਂ ਵਿਚ ਨਜ਼ਰਬੰਦ
, ਆਜ਼ਾਦੀ ਦਾ ਸੁਖ ਮਾਣ ਰਹੇ ਹਨ!
ਮਨੁੱਖੀ ਅਧਿਕਾਰਾਂ ਦਾ ਖੂਬ ਮਜ਼ਾ ਲੈ ਰਹੇ ਹਨ!!

ਜੁੰਮੇ ਦੀ ਨਮਾਜ਼ ਅਦਾ ਕਰਨ ਦੀ ਛੋਟ ਹੈ
ਬਾਹਰ ਸੁਰੱਖਿਆ ਜਵਾਨ ਚੱਪੇ ਚੱਪੇ ਉੱਤੇ ਰਫ਼ਲਾਂ ਤਾਣੀ ਖੜ੍ਹੇ ਹਨ!
ਸੱਤਾ ਨੇ ਖ਼ੁਸ਼ਹਾਲੀ ਦੇ ਸਾਰੇ ਦੁਆਰ ਖ੍ਹੋਲ ਦਿੱਤੇ ਹਨ
ਪੂਰੀ ਰਿਆਸਤ ਨੂੰ ਬੰਦੂਕਾਂ ਦੀਆਂ ਨੋਕਾਂ ਉੱਤੇ ਬੰਧਕ ਬਣਾ ਰੱਖਿਆ ਹੈ!
ਲੋਕਰਾਜ ਦੀ ਬਹਾਰ ਭਰ ਜੋਬਨ
'ਤੇ ਹੈ!
ਭਰ ਜੋਬਨ
'ਤੇ ਹੈ!!
ਕਸ਼ਮੀਰ ਘਾਟੀ ਵਿਚ ਸਭ ਤੋਂ ਵੱਧ!!!

                 **

2.         ਹੰਝੂ

ਕਸ਼ਮੀਰ ਵਿਚ ਬਿਰਧ ਮਾਵਾਂ
ਜਵਾਨ ਪੁੱਤਰਾਂ ਦੇ ਫ਼ੌਤ ਹੋ ਜਾਣ ਉੱਤੇ
ਪਿੱਟ-ਸਿਆਪੇ
, ਵਿਰਲਾਪ ਤਾਂ ਕਰਦੀਆਂ ਹਨ
ਪਰ ਹੁਣ ਹੰਝੂ ਨਹੀਂ ਵਹਾਉਂਦੀਆਂ
ਉਨ੍ਹਾਂ ਦੇ ਨੈਣਾਂ ਵਿਚ
ਨੀਰ ਦੇ ਸਮੁੰਦਰ ਸੁੱਕ ਚੁੱਕੇ ਹਨ
ਸੁੱਕ ਚੁੱਕੇ ਹਨ

     **

3.   ਸਰਚ ਅਭਿਆਨ

ਉਹ,
ਆਤੰਕੀਆਂ ਦੀ ਭਾਲ ਵਿਚ
ਇਕ ਕਾਲ਼ੀ
, ਕਲਹਿਣੀ ਰਾਤ ਅਸਾਡੇ ਪਿੰਡ ਵਿਚ ਦਗੜ-ਦਗੜ ਕਰਦੇ ਆਏ
ਟਾਰਚਾਂ ਜਗਾਈਆਂ
,
ਸਭ ਯੁਵਤੀਆਂ ਦੀ ਪਛਾਣ ਕਰ ਕੇ
ਬੰਦੂਕਾਂ ਦੀਆਂ ਨੋਕਾਂ ਉੱਤੇ ਨਾਲ ਲੈ ਗਏ
ਤੜਕਸਾਰ ਉਹ ਵਾਪਿਸ ਫੌਜੀ ਬੈਰਕਾਂ ਵਿਚ ਪਰਤ ਗਏ
ਸਵੇਰੇ ਉਹ ਕੁਆਰੀਆਂ ਕੁੜੀਆਂ
ਖੂਨ ਨਾਲ ਲਥਪਥ
, ਨਗਨ ਖੇਤਾਂ ਵਿੱਚੋਂ ਮਿਲੀਆਂ
ਉਸ ਦਿਨ ਅਖਬਾਰਾਂ ਦੀਆਂ ਸੁਰਖ਼ੀਆਂ ਵਿਚ
,
ਟੀ.ਵੀ ਚੈਨਲਾਂ, ਰੇਡਿਓ ਸਟੇਸ਼ਨਾਂ ਦੇ ਐਲਾਨਾਂ ਅੰਦਰ
ਕਸ਼ਮੀਰ ਘਾਟੀ ਵਿਚ ਸਭ ਅਮਨ-ਅਮਾਨ ਸੀ
ਸਭ ਅਮਨ-ਅਮਾਨ ਸੀ

           **

4.    ਲੋਹੇ ਦੇ ਸੰਗਲ

ਐ! ਮੇਰੇ ਕਸ਼ਮੀਰੀ ਦੋਸਤ
ਤੇਰੀ ਆਜ਼ਾਦੀ ਦੇ ਗੁਲਾਬੀ ਫੁੱਲਾਂ ਨੂੰ
ਫੌਜੀ ਬੂਟਾਂ ਦੇ ਤਲਿਆਂ ਹੇਠ ਮਸਲਿਆ ਗਿਆ
ਤੇਰੀਆਂ ਕਲੀਆਂ ਦੀ ਪੁੰਗਰਦੀ ਮਹਿਕ ਨੂੰ
ਕਾਲ-ਕੋਠੜੀਆਂ ਵਿਚ ਨਜ਼ਰਬੰਦ ਕੀਤਾ ਗਿਆ
ਤੇਰੇ ਨਾਜ਼ੁਕ ਦਿਲ ਦੇ ਪਰਿੰਦਿਆਂ ਨੂੰ ਉਡਣ ਤੋਂ ਪਹਿਲਾਂ
ਬੰਦੂਕਾਂ ਦੀਆਂ ਗੋਲੀਆਂ ਨਾਲ ਫੁੰਡਿਆ ਗਿਆ
ਤੇਰੀਆਂ ਅੱਖੀਆਂ ਦੇ ਚਿਰਾਗਾਂ ਉੱਤੇ
ਸੰਗੀਨਾਂ ਦੀ ਪੱਟੀ ਬੰਨ੍ਹ ਦਿੱਤੀ ਗਈ
ਤੇਰੇ ਕੋਮਲ ਹੋਠਾਂ ਉੱਤੇ
ਡਰ-ਸਹਿਮ
, ਜ਼ੁਲਮ, ਤਸ਼ੱਦਦ ਦੇ ਜੰਦਰੇ ਠੋਕ ਦਿੱਤੇ ਗਏ
ਤੇਰੇ ਕੰਨਾਂ ਵਿਚ ਪੈਦੀਂ ਆਜ਼ਾਨ ਦੀ ਆਵਾਜ਼ ਉੱਤੇ
ਕਰਫਿਊ ਲਾਇਆ ਗਿਆ
ਤੇਰੇ ਵਧਦੇ ਕਦਮਾਂ ਨੂੰ
ਦਫ਼ਾ ਇਕ ਸੌ ਚੁਤਾਲੀ ਦੇ ਸੰਗਲਾਂ ਵਿਚ ਨੂੜਿਆ ਗਿਆ
ਤੇਰੀਆਂ ਖਿੜਕੀਆਂ
, ਰੋਸ਼ਨਦਾਨ, ਦਰਵਾਜ਼ੇ
ਬਾਰੂਦ ਦੇ ਧੂੰਏ ਨਾਲ ਭਰ ਦਿੱਤੇ ਗਏ
ਤੇਰੀ ਨਿਵੇਕਲੀ ਕਸ਼ਮੀਰੀਅਤ
,
ਵਿਲੱਖਣ ਹੋਂਦ ਦੇ ਚੀਲ ਤੇ ਦਿਉਦਾਰ ਦੇ ਰੁੱਖਾਂ ਦੀਆਂ ਲਗਰਾਂ ਨੂੰ
'ਪਰਸੂ ਰਾਮਦੇ ਕੁਹਾੜੇ ਨਾਲ ਛਾਂਗਿਆ ਗਿਆ
ਹਾਇ! ਹਾਇ!! ਹਾਇ!!!

ਤੇਰੇ ਕੇਸਰ ਦੇ ਖੇਤਾਂ ਨੂੰ
ਸੰਗੀਨਾਂ ਦੇ ਪਹਿਰੇ ਹੇਠ ਬੇਰਹਿਮੀ ਨਾਲ ਲੂਹਿਆ ਗਿਆ
ਤੇਰੀ ਸੁੰਦਰਤਾ
, ਦਿਲਕਸ਼ ਨਜ਼ਾਰੇ, ਸੈਰਗਾਹਾਂ
ਝੀਲਾਂ
, ਪਰਬਤਾਂ, ਦਰਿਆਵਾਂ, ਘਾਟੀਆਂ, ਢਲਵਾਨਾਂ,
ਜੀਵਨ ਦੇ ਕੁੱਲ ਸਹਾਰੇ ਬੰਦੀ ਬਣਾ ਲਏ ਗਏ

ਐ! ਮੇਰੇ ਕਸ਼ਮੀਰੀ ਦੋਸਤ
ਸੱਤਾ ਦੇ ਸਮਰਾਟ ਨੇ ਹੁਕਮ ਚਾੜ੍ਹਿਆ ਹੈ ਕਿ ਅੱਜ ਤੋਂ ਬਾਦ
ਤੇਰੀ ਕਿਸਮਤ ਦਾ ਸੂਰਜ ਉਹਦੇ ਹੁਕਮ ਨਾਲ ਚੜ੍ਹੇਗਾ
ਤੇਰੀ ਭਵਿੱਖਮਈ ਜ਼ਿੰਦਗੀ ਦੇ ਵਿਕਾਸ ਦਾ ਫੈਸਲਾ
,
ਤੇਰੀ ਚਾਹਤ, ਤੇਰੀ ਮਨਮਰਜ਼ੀ,
ਤੇਰੀ ਭਾਸ਼ਾ, ਤੇਰੇ ਸੱਭਿਆਚਾਰ ਦੇ ਨਿਰਮਾਣ, ਉਸਾਰੀ ਦਾ ਫੈਸਲਾ
ਲੋਹੇ ਦੇ ਸੰਗਲ ਕਰਨਗੇ
ਲੋਹੇ ਦੇ ਸੰਗਲ ਕਰਨਗੇ
ਲੋਹੇ ਦੇ ਸੰਗਲ ਕਰਨਗੇ

       *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1776)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)