“ਪੌਣਾਂ ਵਿਚ ਘੁਲ਼ ਚੁੱਕੇ ਗੀਤਾਂ ਦੀ ਮਹਿਕ ਗਾਉਂਦੇ ... ਕਿਸ ਕਿਸ ਪੰਛੀ ਨੂੰ ਪਿੰਜਰੇ ਵਿਚ ਕੈਦ ਕਰੋਗੇ ...”
(13 ਅਕਤੂਬਰ 2021)
1. ਜਲ੍ਹਿਆਂਵਾਲਾ ਬਾਗ
ਜਲ੍ਹਿਆਂਵਾਲੇ ਬਾਗ ਦਾ ਸਾਕਾ
ਡੂੰਘਾ ਫੱਟ ਹੈ
ਅੱਜ ਤਕ ਖੂੰਨ ਪਿਆ ਰਿਸਦਾ ਹੈ
ਉਹ ਹਾਕਮ ਸੀ
ਪਾਰ ਸਮੁੰਦਰੋਂ ਆਏ
ਜਬਰ, ਜ਼ੁਲਮ ਦੇ ਜਾਏ
ਲੋਕ, ਅਜ਼ਾਦੀ ਮੰਗ ਰਹੇ ਜੋ
ਗੋਲੀਆਂ ਦੇ ਨਾਲ ਵਿੰਨ੍ਹੇ
ਤੋਪਾਂ ਨਾਲ ਉਡਾਏ
ਅੱਜ ਦੇ ਹਾਕਮ
ਕਿਤੋਂ ਬਾਹਰੋਂ ਨਹੀਂ ਆਏ
ਸਾਡੇ ਮਾਂ ਪਿਉ ਜਾਏ
ਚੁਣ ਕੇ ਅਸੀਂ ਬਣਾਏ!
ਕਿਉਂ ਇਨ੍ਹਾਂ ਹੁਣ
ਸਭ ਬਿਰਤਾਂਤ ਭੁਲਾਏ!
ਬਣ ਗਏ ਸਾਡੇ ਅਣਖੀ ਲਹੂ ਦੇ ਸੱਚਮੁਚ ਇਹ ਤਿਰਹਾਏ!!
ਅੰਗਰੇਜ਼ਾਂ ਤੋਂ ਨਿਕਲੇ ਬਦਤਰ
ਵਾਅਦੇ ਕਰ ਕੇ ਪੈਰ ਪੈਰ ’ਤੇ ਮੁੱਕਰੇ
ਰਾਜ-ਸੱਤਾ ਦੇ ਨਸ਼ੇ ’ਚ ਅੰਨ੍ਹਿਆਂ
ਸ਼ਹਿਰ ਸ਼ਹਿਰ ਵਿਚ ਜਲ੍ਹਿਆਂਵਾਲੇ ਖ਼ੂਨੀ ਬਾਗ ਬਣਾਏ।
ਸ਼ਾਂਤਮਈ ਕਰ ਰਹੇ ਅੰਦੋਲਨ
ਹੀਰਿਆਂ ਵਰਗੇ ਮੁੱਛਫੁੱਟ ਗੱਭਰੂ ਜੀਪਾਂ ਹੇਠਾਂ ਦਰੜੇ,
ਛਿਣ ਵਿਚ ਮਾਰ ਮੁਕਾਏ
ਧੀਆਂ, ਭੈਣਾਂ, ਮਾਵਾਂ ਉੱਤੇ
ਘੋਰ ਤਸ਼ੱਦਦ ਢਾਏ
ਰਤਾ ਨਹੀਂ ਸ਼ਰਮਾਏ!
ਰਤਾ ਨਹੀਂ ਸ਼ਰਮਾਏ!!
***
2. ਕਲਾ-ਕੌਸ਼ਲਤਾ
ਮੇਰੀ ਪਿਆਰੀ ਦੋਸਤ! ਮੇਰੀ ਜਾਨ!!
ਮੈਂ ਜਾਣਦਾਂ
ਤੈਂਨੂੰ, ਮੇਰੀ ਸ਼ਾਇਰੀ ਦੀ ਕਲਾ-ਕੌਸ਼ਲਤਾ ਦੀ ਡਾਢੀ ਫ਼ਿਕਰ ਹੈ!!
ਤੂੰ, ਇਸ ਦੀ ਪਰਵਾਜ਼ ਲਈ ਕਿਸੇ ਅੰਬਰ ਦੀ ਤਾਲਾਸ਼ ਵਿਚ ਏਂ
ਜਿੱਥੇ ਮੇਰੇ ਸ਼ਬਦ ਸੋਨ-ਪਰੀਆਂ ਦੇ ਖੰਭਾਂ ਉੱਤੇ, ਮਿਸ਼ਨ-ਰਹਿਤ ਨਿਰਤ ਕਰਨ
ਮੇਰੀ ਕਲਮ ਧਰਤੀ ਤੋਂ ਦੂਰ ਕਿਤੇ ਹਵਾਈ-ਮੰਡਲਾਂ ਵਿਚ ਨੀਲੀਆਂ ਵਾਦੀਆਂ ਦੀ ਗਿਰਦਾਵਰੀ ਕਰੇ
ਸ਼ੁਕਰੀਆ! ਬਹੁਤ ਬਹੁਤ ਸ਼ੁਕਰੀਆ!!
ਐਪਰ ਮੇਰੀ ਜਾਨ!
ਕਿਸੇ ਕਲਪਿਤ ਅਸਗਾਹ, ਅਗੰਮੀ, ਅਸਚਰਜ, ਅੰਬਰ ਦਾ ਧਰੂ ਤਾਰਾ ਬਣਨ ਖ਼ਾਤਰ
ਮੈਂ ਵੀ ਰੁੱਝ ਜਾਵਾਂਗਾ ਸਿਰਜਣ
ਅੱਖਾਂ ਮੀਟ ਕੇ ਉਸ ਦਿਨ
ਸੁਹਜ-ਮਤੀਆਂ ਗੁੰਝਲਾਂ, ਬੁਝਾਰਤਾਂ, ਅੜਾਉਣੀਆਂ, ਟੇਢਾਂ ਪਾਉਣੀਆਂ, ਪੁੱਠੀਆਂ ਕਵਿਤਾਵਾਂ!!
ਜਿਸ ਦਿਨ ਅਜਿਹੇ ‘ਉਹ’, ਸਿਉਂਕੇ ਇਸ ਸਿੰਘਾਸਣ ਦਾ ਕੋਈ ਪਾਵਾ ਭੋਰ ਦੇਣਗੇ!
ਇਸ ਕਾਲ਼ੀ ਗਰਦਸ਼ ਦੀ, ਕੁਲਹਿਣੀ ਡਾਇਣ ਦੀ ਧੌਣ ਮਰੋੜ ਦੇਣਗੇ!!
ਮੇਰੀ ਮੁਹੱਬਤ, ਮੇਰੀ ਜਾਨ!
ਹਾਇ, ਮੈਂ ਕੀ ਕਰਾਂ! ਕੀ ਦੱਸਾਂ!! ਕਿਵੇਂ ਦੱਸਾਂ!!!
ਅਜੇ ਤਾਂ ਮੇਰੇ ਸ਼ਬਦ
ਖ਼ੂਨ ਦੀਆਂ ਤਤੀਰੀਆਂ ਵਿਚ ਗੜੁੱਚ
ਧਰਤੀ ਦੀਆਂ ਆਹਾਂ, ਹਟਕੋਰਿਆਂ, ਚੀਕਾਂ-ਪੁਕਾਰਾਂ, ਕੁਰਲਾਹਟਾਂ, ਵੈਣਾਂ ਦੀਆਂ
ਬੇਸ਼ੁਮਾਰ ਆਵਾਜ਼ਾਂ ਦੀ ਭੀੜ ਵਿਚ ਘਿਰੇ ਪਏ ਹਨ
ਘਿਰੇ ਪਏ ਹਨ।
***
3. ਦਰਿਆਈ ਵਹਿਣ
ਜਾਣਦੇ ਹਾਂ ਅਸੀਂ
ਮੰਜ਼ਲ ਦੇ ਆਖਰੀ ਡੰਡੇ ’ਤੇ ਕਦਮ ਨਾ ਟਿਕਾ ਸਕੇ
ਜਿੱਤ ਦੇ ਦੀਵੇ ਨਾ ਜਗਾ ਸਕੇ
ਢੋਲ ਦੇ ਡਗੇ ਉੱਤੇ ਭੰਗੜੇ ਨਾ ਪਾ ਸਕੇ
ਕੀ ਕਰਦੇ!
ਅਸਾਡੇ ਪੈਰਾਂ ਦੀਆਂ ਤਲੀਆਂ ਵਿਚ ਕਿੱਲ ਠੁੱਕ ਚੁੱਕੇ ਸਨ
ਅਸਾਡੇ ਸਾਧਨਾਂ ਦੇ ਸਭ ਚਸ਼ਮੇ ਸੁੱਕ ਚੁੱਕੇ ਸਨ
ਫਿਰ ਵੀ ਯਾਰੋ!
ਅਸੀਂ ਰਸਤਿਆਂ ਨੂੰ ਆਪਣੇ ਹਿੱਸੇ ਦੇ ਅਰਥ ਦਿੰਦੇ ਰਹੇ,
ਹਾਂ ਦਿੰਦੇ ਰਹੇ!
ਨਵੀਂ ਵਿਆਕਰਣ ਰਚਦੇ ਰਹੇ
ਤੁਸੀਂ! ਅਰਥਾਂ ਦੇ ਦਰਿਆਈ ਵਹਿਣ ਨੂੰ
ਜਾਰੀ ਰੱਖਣਾ, ਨਿਰੰਤਰ ਜਾਰੀ ਰੱਖਣਾ, ਅਸਾਡੇ ਵਾਰਸੋ!
***
4. ਸੁੰਦਰੀ!
ਕੁਦਰਤੀ ਹੁਸਨ ਦੀ ਆਪਣੀ ਨਿਵੇਕਲੀ ਧੁੱਪ ਖਿੜਦੀ ਹੈ
ਤੂੰ! ਆਪਣੇ ਚਿਹਰੇ ਉੱਤੇ
ਰੰਗ-ਰੋਗਨ ਦੀਆਂ ਤਹਿਆਂ ਏਨੀਆਂ ਨਾ ਜਮਾਇਆ ਕਰ
ਕਿ ਇਸ ਦੀ ਜਿਲਦ ਮਸਨੂਈ ਰੰਗਾਂ ਵਿਚ ਵਿਲੀਨ ਹੋ ਕੇ ਖੋ ਜਾਵੇ
ਤੇਰਾ ਹੁਸਨ, ਤੇਰੀ ਸ਼ੋਭਾ
ਬਾਜ਼ਾਰ ਵਿਚ ਵਿਕਣ ਲਈ ਰੱਖੇ ਇਕ ਪਲਾਸਟਿਕ ਦੇ ਬਾਵੇ ਜਿਉਂ ਹੋ ਜਾਵੇ।
ਸੁੰਦਰੀ!
ਮਸਨੂਈ ਹੀਰੇ ਵਿਚ
ਚਮਕ ਤਾਂ ਹੁੰਦੀ ਹੈ
ਪਰ ਚਾਨਣ ਨਹੀਂ ਹੁੰਦਾ
ਮੋਮੀ ਸ਼ੀਸ਼ੇ ਦੀਆਂ ਅੱਖਾਂ ਵਿਚ
ਅਕਸ ਤਾਂ ਹੁੰਦਾ ਹੈ
ਪਰ ਨਜ਼ਰ ਨਹੀਂ ਹੁੰਦੀ
ਨਹੁੰਆਂ ਉੱਤੇ ਲੱਗੀ ਪਾਲਸ਼ ਵਿਚ
ਰੰਗ ਤਾਂ ਹੁੰਦਾ ਹੈ
ਪਰ ਲਹੂ ਨਹੀਂ ਹੁੰਦਾ
ਰੰਗੀਆਂ ਬੁੱਲ੍ਹੀਆਂ ਉੱਤੇ
ਰੰਗ ਦੀ ਲੇਪ ਤਾਂ ਹੁੰਦੀ ਹੈ
ਪਰ ਮੁਸਕਰਾਹਟ ਨਹੀਂ ਹੁੰਦੀ
ਬਿਫਰੇ ਡੋਰਿਆਂ ਦੇ ਦਰਿਆ ਵਿਚ
ਨਿਰੀ ਰੇਤ ਦੀ ਧੂੜ ਹੁੰਦੀ ਹੈ
ਨਿਰਮਲ ਨੀਰ ਨਹੀਂ ਹੁੰਦਾ।
ਬਹੁ-ਰੰਗਾਂ ਨਾਲ ਸ਼ਿੰਗਾਰੇ ਮਾਡਲ ਵਿਚ
ਓਪਰੀ, ਨਿਕੰਮੀ, ਭੱਦੀ ਜਹੀ
ਸੁੰਦਰਤਾ ਤਾਂ ਹੁੰਦੀ ਹੈ
ਪਰ ਸੰਵੇਦਨਾ ਨਹੀਂ ਹੁੰਦੀ।
ਸੁੰਦਰੀ!!
ਕੁਦਰਤੀ ਹੁਸਨ ਦੀ
ਆਪਣੀ ਨਿਵੇਕਲੀ ਧੁੱਪ ਖਿੜਦੀ ਹੈ!
***
5. ਜਗਦੀ ਲਾਟ
ਕਿਹੜੇ ਕਿਹੜੇ ਵਰਕੇ ਉੱਤੇ
ਕਾਲ਼ੀ ਸਿਆਹੀ ਡੋਲ੍ਹੋਗੇ
ਕਿਸ ਕਿਸ ਕੰਧ ਉੱਤੇ
ਲੁੱਕ ਦਾ ਪੋਚਾ ਫੇਰੋਗੇ
ਗਲ਼ੀਆਂ ਵਿਚ ਖੇਡਦੇ, ਕਿਸ ਕਿਸ ਬੱਚੇ ਦੀ
ਤੋਤਲੀ ਜ਼ੁਬਾਨ ਖਿੱਚੋਗੇ
ਸੰਘੀ ਘੁੱਟੋਗੇ
ਕਿਸ ਕਿਸ ਪੁੰਗਰਦੀ ਕਲੀ ਦੀ ਹਸਰਤ ਉੱਤੇ ਤੇਜ਼ਾਬ ਦੀ ਵਾਛੜ ਕਰੋਗੇ
ਕਿਸ ਕਿਸ ਤਿਤਲੀ ਦੇ ਕੂਲ਼ੇ, ਰੇਸ਼ਮੀ ਖੰਭ ਨੋਚੋਗੇ
ਪੌਣਾਂ ਵਿਚ ਘੁਲ਼ ਚੁੱਕੇ ਗੀਤਾਂ ਦੀ ਮਹਿਕ ਗਾਉਂਦੇ
ਕਿਸ ਕਿਸ ਪੰਛੀ ਨੂੰ ਪਿੰਜਰੇ ਵਿਚ ਕੈਦ ਕਰੋਗੇ,
ਅਸਾਲਟ ਰਾਈਫ਼ਲ ਦੀ ਸ਼ਿਸ਼ਤ ਲਾ ਕੇ ਫੁੰਡੋਗੇ
ਜੋ ਆਜੀਵਨ
ਕੋਰੇ ਸਫ਼ੇ ਉੱਤੇ ਤਪਦੇ ਅੱਖਰਾਂ ਦੇ ਦਰਦ ਨੂੰ
ਜ਼ਬਾਨ ਦਿੰਦਾ ਰਿਹਾ
ਜੋ ਮਾਸੂਮ ਕੰਜਕਾਂ ਦੀ ਆਬਰੂ ਨੂੰ
ਸ਼ਬਦਾਂ ਦੀ ਆਗੋਸ਼ ਵਿਚ ਸਾਂਭ ਸਾਂਭ, ਹਿਫ਼ਾਜ਼ਤ ਕਰਦਾ ਰਿਹਾ
ਜੋ ਧਰਤੀ ਦੀ ਸੱਖਣੀ ਕੁੱਖ ਵਿਚ
ਗੁਲਮੋਹਰ ਦੇ ਫੁੱਲਾਂ ਦੀ ਬਹਾਰ ਪੋਰਦਾ ਰਿਹਾ
ਤੁਸੀਂ ਲੱਖ ਤੁਫ਼ਾਨ ਉਛਾਲ ਕੇ
ਲਟ ਲਟ ਜਗਾਈ ਉਸ ਦੀ ਲਾਟ ਨੂੰ
ਬੁਝਾ ਨਾ ਸਕੋਗੇ
ਬੁਝਾ ਨਾ ਸਕੋਗੇ।
***
6. ਸ਼ਹੀਦ ਭਗਤ ਸਿੰਘ ਦੀ ਲਲਕਾਰ
ਰਾਜ-ਸੱਤਾ ’ਤੇ ਕਾਬਜ਼ ਫਾਰੰਗੀਆ!
ਮੈਂ ਤੇਰੇ ਪਿੰਜਰੇ ’ਚ ਬੰਦ ਇਕ ਕੈਦੀ
ਪਰ ਤੈਂਨੂੰ ਲਲਕਾਰਦਾ ਹਾਂ
ਤੂੰ, ਮੇਰੇ ’ਤੇ ਰਹਿਮ ਨਾ ਕਰ
ਤੂੰ, ਮੇਰੇ ’ਤੇ ਜ਼ੁਲਮ ਢਾਅ
ਘੋਰ ਢਾਅ
ਪਰਖ ਹਰ ਹਥਿਆਰ ਤੂੰ!
ਦਿਲ ’ਚ ਨਾ ਕੋਈ ਰਹੇ ਚਾਅ।
ਤੂੰ! ਜਿਹੜਾ ਦਿਲ ’ਚ ਸੁਪਨਾ ਪਾਲ਼ਿਆ ਹੈ
ਮੇਰਾ ਦਿਲ ਵੀ ਅਰਥ ਉਸ ਦੇ ਜਾਣਦਾ ਹੈ
ਕਿ ਮੈਂ ਫਾਂਸੀ ਦਾ ਤਖਤਾ ਤੱਕ ਡਰ ਜਾਵਾਂਗਾ
ਵੇਖੇਂਗਾ ਤੂੰ!
ਮੈਂ ਇਹ ਸਭ ਕੁਝ ਹੱਸਦਾ ਹੱਸਦਾ ਜਰ ਜਾਵਾਂਗਾ
ਲਾੜੀ ਮੌਤ ਨਾ’ ਲਾਵਾਂ ਲੈ ਕੇ
ਜੀਵਨ ਸਫਲਾ ਕਰ ਜਾਵਾਂਗਾ
ਦੇਸ਼ ਦੇ ਨੌਜਵਾਨਾਂ ਤਾਈਂ
ਰੋਹੀ ਜੋਸ਼ ’ਚ ਭਰ ਜਾਵਾਂਗਾ।
ਤੇ ਮੇਰਾ ਵਿਸ਼ਵਾਸ ਹੈ ਪੱਕਾ
ਸਾਹਾਂ ਦੀ ਡੋਰ ਦਾ ਟੁੱਟਣਾ ਮੌਤ ਨਹੀਂ ਹੈ
ਨਬਜ਼ ਦਾ ਰੁਕਣਾ ਮੌਤ ਨਹੀਂ ਹੈ
ਚਿੰਤਨ ਮਰੇ ਤਾਂ ਬੰਦਾ ਮਰਦੈ
ਗ਼ੈਰਤ ਮਰੇ ਤਾਂ ਬੰਦਾ ਮਰਦੈ
ਮਰੇ ਮਟਕ ਤਾਂ ਬੰਦਾ ਮਰਦੈ
ਮਰੇ ਰੜਕ ਤਾਂ ਬੰਦਾ ਮਰਦੈ
ਵੱਟ ਲਏ ਦਾਮ ਤਾਂ ਬੰਦਾ ਮਰਦੈ
ਰਹੇ ਗ਼ੁਲਾਮ ਤਾਂ ਬੰਦਾ ਮਰਦੈ।
ਮੇਰਾ ਲੂੰ ਲੂੰ ਦੱਸ ਰਿਹਾ ਹੈ
ਚਾਅ ਜੀਵਨ ਦਾ ਦੱਸ ਰਿਹਾ ਹੈ
ਸਿਦਕ ਸਬੂਤਾ ਦੱਸ ਰਿਹਾ ਹੈ
ਜਿੰਦਗੀ, ਮੌਤ ਦੀ ਏਸ ਖੇਡ ’ਚੋਂ
ਜੇਤੂ ਹੋ ਕੇ ਮੈਂ ਪੁੱਗਣਾ ਹੈ
ਤੇਰਾ ਪਾਪ ਦਾ ਭਰਿਆ ਬੇੜਾ
ਡੂੰਘੇ ਸਾਗਰ ਵਿਚ ਡੁੱਬਣਾ ਹੈ
ਡੂੰਘੇ ਸਾਗਰ ਵਿਚ ਡੁੱਬਣਾ ਹੈ
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3078)
(ਸਰੋਕਾਰ ਨਾਲ ਸੰਪਰਕ ਲਈ: