GurnamDhillon7ਹਰੇਕ ਬਰਾਂਚ ਵੱਲੋਂ ਘੱਟ ਤੋਂ ਘੱਟ ਇਕ ਸਾਲਾਨਾ ਸਾਹਿਤਕ ਸੰਮੇਲਨ ਅਤੇ ਕਿਸੇ ਇਕ ਬ੍ਰਾਂਚ ਵਲੋਂ ਕੌਮੀ ...
(24 ਸਤੰਬਰ 2023)


1947
ਨੂੰ ਭਾਰਤੀ ਉਪ ਮਹਾਂਦੀਪ ਜਾਂ ਹਿੰਦੋਸਤਾਨ ਬਰੇ-ਸਗੀਰ ਨੂੰ ਜਿਹੜੀ ਆਜ਼ਾਦੀ ਹਾਸਲ ਹੋਈ, ਇਹ ਉਹ ਆਜ਼ਾਦੀ ਨਹੀਂ ਸੀ ਜਿਸ ਖ਼ਾਤਰ ਆਜ਼ਾਦੀ ਪ੍ਰਵਾਨਿਆਂ ਨੇ ਹੱਸ ਹੱਸ ਕੇ ਫਾਂਸੀ ਦੇ ਰੱਸੇ ਚੁੰਮੇ, ਦੇਸ਼ ਨਿਕਾਲੇ ਅਤੇ ਜੇਲਾਂ ਦੀਆਂ ਕਾਲ ਕੋਠੜੀਆਂ ਵਿਚ ਬੇਸ਼ੁਮਾਰ ਤਸੀਹੇ ਝੱਲਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਿਸ ਖਾਤਰ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਅਤੇ ਹੋਰ ਧਰਮਾਂ ਦੇ ਪੈਰੋਕਾਰਾਂ ਨੇ ਸਾਂਝਾ ਖੂਨ ਵਹਾਇਆ ਸੀ।

ਬਰਤਾਨਵੀ ਸਾਮਰਾਜ ਵਿਰੁੱਧ ਸਾਂਝੇ ਪੰਜਾਬ ਵਿਚ 1904/05 ਦੀ ‘ਪਗੜੀ ਸੰਭਾਲ ਜੱਟਾ ਲਹਿਰ’, ਬਾਬਾ ਰਾਮ ਸਿੰਘ ਜੀ ਦਾ ਕੂਕਾ ਅੰਦੋਲਨ, ਕਨੇਡਾ ਵਿਚ 1912/13 ਦੀ ਗ਼ਦਰ ਲਹਿਰ, 1920 ਦੀ ਗੁਰਦੁਆਰਾ ਸੁਧਾਰ ਲਹਿਰ, 1923 ਦੀ ਬੱਬਰ ਅਕਾਲੀ ਲਹਿਰ, 1928 ਦੀ ਕਿਰਤੀ ਕਿਸਾਨ ਲਹਿਰ ਅਤੇ ਸ਼ਹੀਦ ਭਗਤ ਸਿੰਘ, ਬਿਸਮਿਲ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਿਚ ਭਾਰਤੀ ਨੌਜਵਾਨ ਸੰਘ ਲਹਿਰ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵੱਲੋਂ ਲੜੀ ਗਈ ਆਜ਼ਾਦੀ ਹਾਸਲ ਕਰਨ ਲਈ ਸਮੁੱਚੀ ਜੱਦੋਜਹਿਦ ਅਥਵਾ ਲਹਿਰ ਕਾਰਨ ਬਰਤਾਨਵੀ ਸਾਮਰਾਜ ਨੂੰ ਹਿੰਦੋਸਤਾਨ ਬਰੇ-ਸਗੀਰ ਨੂੰ ਛੱਡਣਾ ਅਥਵਾ ਆਜ਼ਾਦ ਕਰਨਾ ਪਿਆ।

ਜਿਸ ਤਰ੍ਹਾਂ ਪਹਿਲਾਂ ਲਿਖਿਆ ਹੈ, ਇਹ ਉਹ ਆਜ਼ਾਦੀ ਨਹੀਂ ਸੀ ਜਿਸ ਦਾ ਮਹਾਨ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਸੁਪਨਾ ਲਿਆ ਸੀ।

ਜਿਸ ਤਰ੍ਹਾਂ 1936 ਵਿਚ ਸਯਦ ਸਜ਼ਾਦ ਜ਼ਹੀਰ ਦੀ ਅਗਵਾਈ ਵਿਚ ਲਖਨਊ ਵਿਚ ਬਰਤਾਨਵੀ ਸਾਮਰਾਜ ਵਿਰੁੱਧ, ਦੁਨੀਆਂ ਦੇ ਕੌਮੀ ਮੁਕਤੀ ਘੋਲਾਂ ਅਤੇ ਸਮਾਜਵਾਦ ਦੇ ਹੱਕ ਅਤੇ ਹੋਰ ਅਗਾਂਹਵਧੂ ਉਦੇਸ਼ ਮਿਥ ਕੇ ਪ੍ਰਗੀਤਸ਼ੀਲ ਲੇਖਕ ਸੰਘ ਦੀ ਸਥਾਪਨਾ ਕੀਤੀ ਸੀ, ਇਸੇ ਤਰ੍ਹਾਂ ਬਰਤਾਨੀਆ ਵਿਚ ਪਰਵਾਸ ਭੋਗਦੇ ਲੇਖਕਾਂ ਅਤੇ ਬੁੱਧੀਜੀਵੀਆਂ ਵਲੋਂ ਇਸ ਅਧੂਰੀ ਆਜ਼ਾਦੀ ਨੂੰ ਸੰਪੂਰਨ ਕਰਨ ਦੇ ਮਕਸਦ ਲਈ ਸੰਗਰਾਮ ਜਾਰੀ ਰੱਖਣ ਲਈ ਮੌਜੂਦਾ ਪ੍ਰਗਤੀਸ਼ੀਲ ਲੇਖਕ ਸਭਾ ਫਰਵਰੀ 1969 ਵਿੱਚ ਡਰਬੀ ਸ਼ਹਿਰ ਵਿਚ ਸਥਾਪਤ ਕੀਤੀ ਗਈ। ਸਰਬਸੰਮਤੀ ਨਾਲ ਸਭਾ ਦਾ ਵਿਧਾਨ ਪਾਸ ਕਰਕੇ ਕੌਮੀ ਜਨਰਲ ਸਕੱਤਰ, ਸਹਾਇਕ ਸਕੱਤਰ, ਅਤੇ ਕੇਂਦਰੀ ਕਮੇਟੀ ਦੇ ਮੈਂਬਰਾਂ ਦੀ ਬਾਕਾਇਦਾ ਚੋਣ ਕੀਤੀ ਗਈ। ਇਸ ਦੇ ਮੁੱਖ ਉਦੇਸ਼ ਇਸ ਤਰ੍ਹਾਂ ਸਨ:

1. ਵੱਖ ਵੱਖ ਬੋਲੀਆਂ ਵਿਚ ਪ੍ਰਗਤੀਵਾਦੀ ਸਾਹਿਤ ਦੀ ਸਿਰਜਣਾ ਅਤੇ ਵਿਕਾਸ ਕਰਨ ਲਈ ਪ੍ਰੇਰਨਾ ਦੇਣੀ।

2. ਸਭਾ ਦੇ ਮੈਂਬਰਾਂ, ਕਾਮਿਆਂ/ਕਿਰਤੀਆਂ ਅਤੇ ਨੌਜਵਾਨਾਂ ਵਿਚ ਸਾਹਿਤਕ ਸਰਗਰਮੀਆਂ ਉਤਸ਼ਾਹਤ ਕਰਨਾ।

3. ਵੱਖ ਵੱਖ ਬੋਲੀਆਂ/ਭਾਸ਼ਾਵਾਂ ਦੇ ਲੇਖਕਾਂ ਵਿਚ ਆਪਸੀ ਸੰਪਰਕ ਪੈਦਾ ਕਰਨਾ

4. ਲੇਖਕਾਂ ਦੇ ਮਾਇਕ ਹੱਕਾਂ ਦੀ ਰਾਖੀ ਕਰਨਾ ਅਤੇ ਉਨ੍ਹਾਂ ਦੀ ਲਿਖਤਾਂ ਨੂੰ ਛਪਵਾਉਣ ਅਤੇ ਵੇਚਣ ਵਿਚ ਸਹਾਇਤਾ ਕਰਨਾ।

5. ਭਾਰਤ ਸਮੇਤ ਵਿਸ਼ਵ (ਦੁਨੀਆਂ) ਵਿਚ ਵਾਪਰਦੀਆਂ ਘਟਨਾਵਾਂ ਨੂੰ ਆਲੋਚਨਾਤਮਿਕ ਨਜ਼ਰ ਨਾਲ ਘੋਖਣਾ ਅਤੇ ਸਾਹਿਤ ਵਿਚ ਦੁਨੀਆਂ ਭਰ ਦੀ ਮਨੁੱਖਤਾ ਦੇ ਦਰਦ ਨੂੰ ਪੇਸ਼ ਕਰਨਾ ਅਤੇ ਅਮਲੀ ਹਮਦਰਦੀ ਪ੍ਰਗਟਾਉਣੀ। ‘ਕਲਾ ਜੀਵਨ ਲਈ’ ਦੇ ਸਿਧਾਂਤ ਉੱਤੇ ਪਹਿਰਾ ਦੇਣਾ।

ਇਨ੍ਹਾਂ ਆਸ਼ਿਆਂ ਅਤੇ ਉਦੇਸ਼ਾਂ ਦੀ ਪੂਰਤੀ ਲਈ ਸਭਾ ਨੂੰ ਸਰਗਰਮ ਕੀਤਾ ਗਿਆ ਅਤੇ ਇਸ ਦੇ ਘੇਰੇ ਨੂੰ ਵਿਸ਼ਾਲ ਕੀਤਾ ਗਿਆ। ਸਿੱਟੇ ਵਜੋਂ ਇੰਗਲੈਂਡ ਦੇ ਗਿਆਰਾਂ ਸ਼ਹਿਰਾਂ, ਸਾਊਥਾਲ, ਹੰਸਲੋ, ਕਵੈਂਟਰੀ, ਲੈਸਟਰ, ਵੁਲਵਰਹੈਂਪਟਨ, ਲਮਿੰਗਟਨ ਸਪਾ, ਬਰਮਿੰਘਮ, ਬਰੈਡਫੋਰਡ, ਸਾਊਥਹੈਂਪਟਨ, ਰੈਡਿੰਗ ਅਤੇ ਈਸਟ ਲੰਡਨ ਆਦਿ ਵਿਚ ਸਭਾ ਦੀਆਂ ਬਰਾਂਚਾਂ ਸਥਾਪਿਤ ਹੋ ਗਈਆਂ।

ਹਰੇਕ ਬਰਾਂਚ ਵੱਲੋਂ ਘੱਟ ਤੋਂ ਘੱਟ ਇਕ ਸਾਲਾਨਾ ਸਾਹਿਤਕ ਸੰਮੇਲਨ ਅਤੇ ਕਿਸੇ ਇਕ ਬ੍ਰਾਂਚ ਵਲੋਂ ਕੌਮੀ ਜਨਰਲ ਸਕੱਤਰ ਅਤੇ ਕੇਂਦਰੀ ਕਮੇਟੀ ਦੀ ਰਹਿਨੁਮਾਈ ਵਿਚ ਸਾਲਾਨਾ ਸਰਬ-ਬਰਤਾਨੀਆਂ ਲੇਖਕ ਕਾਨਫਰੰਸ ਆਯੋਜਤ ਕੀਤੀ ਜਾਂਦੀ ਜਿਸ ਵਿਚ ਦਰਪੇਸ਼ ਸਾਹਿਤਕ ਮਸਲਿਆਂ ਅਤੇ ਸਮੁੱਚੇ ਸਾਹਿਤ ਨਾਲ ਸੰਬੰਧਤ ਵਿਸ਼ਿਆਂ ਉੱਤੇ ਖੋਜ-ਪੱਤਰ ਪੜ੍ਹੇ ਅਤੇ ਵਿਚਾਰੇ ਜਾਂਦੇ ਸਨ। ਇਨ੍ਹਾਂ ਕਾਨਫਰੰਸਾਂ ਵਿਚ ਉਰਦੂ, ਹਿੰਦੀ, ਪੰਜਾਬੀ ਆਦਿ ਭਾਸ਼ਾਵਾਂ ਅਤੇ ਭਾਰਤ, ਪਾਕਿਸਤਾਨ ਤੋਂ ਸੱਦੇ ਗਏ ਲੇਖਕ ਵੱਧ ਚੜ੍ਹ ਕੇ ਸ਼ਮੂਲੀਅਤ ਕਰਦੇ।

1999 ਵਿਚ ਸਭਾ ਦੇ ਜਨਰਲ ਸਕੱਤਰ ਦੀ ਮਿਰਤੂ ਉਪਰੰਤ ਸਭਾ ਦੇ ਕੰਮਾਂ ਵਿਚ ਖੜੋਤ ਆ ਗਈ ਐਪਰ ਕੁਝ ਬਰਾਂਚਾਂ ਆਪੋ-ਆਪਣੇ ਢੰਗ ਨਾਲ ਵੱਖਰੇ ਤੌਰ ’ਤੇ ਸਭਾ ਦੇ ਇਸੇ ਨਾਮ ਹੇਠ ਕੰਮ ਕਰਦੀਆਂ ਰਹੀਆਂ, ਜਿਨ੍ਹਾਂ ਵਿਚ ਵੁਲਵਰਹੈਂਪਨ, ਰੈਡਿੰਗ, ਲਮਿੰਗਟਨ ਸਪਾ, ਸਾਊਥਲ ਅਤੇ ਸਾਊਥੈਂਪਟਨ ਆਦਿ ਦਾ ਜ਼ਿਕਰ ਕੀਤਾ ਜਾ ਸਕਦਾ ਹੈ। 2014 ਵਿਚ ਕੇਂਦਰੀ ਕਮੇਟੀ ਦੀ ਰਹਿਨੁਮਾਈ ਹੇਠ ਸਭਾ ਨੂੰ ਪੁਨਰ- ਸੁਰਜੀਤ ਕਰਕੇ ਕੌਮੀ ਜਨਰਲ ਸਕੱਤਰ ਅਤੇ ਸਹਾਇਕ ਸਕੱਤਰ ਦੀ ਚੋਣ ਕੀਤੀ। ਸਭਾ ਨੇ ਬਾਕਾਇਦਾ ਸਾਹਿਤਕ ਸਮਾਗਮ ਕਰਵਾਉਣੇ ਆਰੰਭ ਦਿੱਤੇ।

2019 ਵਿਚ ਸਭਾ ਦੇ ਵਿਧਾਨ ਨੂੰ ਸੋਧ ਕੇ ਅਤੇ ਦੁਬਾਰਾ ਜਥੇਬੰਦ ਕਰਕੇ ਇਸ ਨੂੰ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਉਸ ਦੀ ਇਕਾਈ ਵਜੋਂ ਜੋੜ ਦਿੱਤਾ ਗਿਆ। ਇਸ ਤਰ੍ਹਾਂ ਹੁਣ ਤਕ ਇਹ ਜਥੇਬੰਦੀ ਕੰਮ ਕਰ ਰਹੀ ਹੈ।

**

(ਲੇਖਕ ਇਸ ਸਭਾ ਦਾ 1969 ਤੋਂ 1971 ਤਕ ਸਹਾਇਕ ਸਕੱਤਰ, 1971 ਤੋਂ 1982, 2001 ਤੋਂ 2003 ਅਤੇ 2014 ਤੋਂ 2019 ਤਕ ਨੈਸ਼ਨਲ ਜਨਰਲ ਸਕੱਤਰ ਰਿਹਾ ਹੈ।)

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4243)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)

More articles from this author