“ਟਿਕ ਕੇ ਬਹਿਣਾ ... ਹੋਰ ਨਹੀਂ ਮਨਜ਼ੂਰ ਹੁਣ। ... ਚੁੱਪ ਕਰ ਰਹਿਣਾ ... ਹੋਰ ਨਹੀਂ ਮਨਜ਼ੂਰ ਹੁਣ। ...”
(6 ਨਵੰਬਰ 2023)
1. ਪੰਜਾਬ
ਖਿੜੀ ਬਹਾਰ ਦਾ ਪਾਣੀ
ਆਪਣੇ ਘਰ ਨੂੰ ਮੋੜ ਲਿਆ।
ਖੁਸਹਾਲੀ ਦੇ ਬਾਗਾਂ ਦਾ ਫ਼ਲ
ਸਾਰਾ ਤੋੜ ਲਿਆ।
ਅੱਜ ਪੰਜਾਬ ਰਹਿ ਗਿਆ
ਬਣ ਕੇ ਇਕ ਨਿਰਾ ਪਿੰਜਰ,
ਦਿੱਲੀ ਨੇ ਚਲ ਚਲ ਕੇ ਚਾਲਾਂ
ਲਹੂ ਨਚੋੜ ਲਿਆ।
***
2. ਹੋਰ ਨਹੀਂ
ਟਿਕ ਕੇ ਬਹਿਣਾ
ਹੋਰ ਨਹੀਂ ਮਨਜ਼ੂਰ ਹੁਣ।
ਚੁੱਪ ਕਰ ਰਹਿਣਾ
ਹੋਰ ਨਹੀਂ ਮਨਜ਼ੂਰ ਹੁਣ।
ਗ਼ੈਰਤਮੰਦਾਂ ਨੂੰ
ਵਕਤ ਵੰਗਾਰਦਾ ਹੈ,
ਜ਼ੁਲਮ ਸਹਿਣਾ
ਹੋਰ ਨਹੀਂ ਮਨਜ਼ੂਰ ਹੁਣ।
***
3. ਪੇਸ਼ੀਨਗੋਈ
ਅੰਬਰ ਵਿਚ
ਵਿਦਰੋਹੀ ਬੱਦਲ ਗੱਜਣਗੇ।
ਉੱਜੜੇ ਗੁਲਸ਼ਨ
ਫੁੱਲਾਂ ਦੇ ਨਾਲ ਸਜਣਗੇ।
ਤਖਤ ’ਤੇ ਬੈਠੇ ਜਿਹੜੇ
ਅੱਜ ਹਨ ਘੂਰ ਰਹੇ,
ਹਿਰਨਾਂ ਵਾਂਙੂੰ
ਛੱਡ ਕੇ ਭਾਰਤ ਭੱਜਣਗੇ।
***
4. ਮੌਤ
ਉਸ ਨਦੀ ਕਾਲ਼ੀ ਨੂੰ
ਇਕ ਦਿਨ ਤਰਕੇ ਲੰਘਾਂਗਾ।
ਖਾਹਿਸ਼ ਆਪਣੇ ਦਿਲ ਦੀ
ਪੂਰੀ ਕਰਕੇ ਲੰਘਾਂਗਾ।
ਹੋਰ ਨੇ ਜਿਹੜੇ ਡਰ ਵਿਚ
ਡੁੱਬ ਕੇ ਮਰ ਜਾਂਦੇ ਨੇ,
ਮੈਂ ਤਾਂ ਮੌਤ ਦੀ ਧੌਣ ’ਤੇ
ਗੋਡਾ ਧਰ ਕੇ ਲੰਘਾਂਗਾ।
***
5. ਫਲਸਤੀਨ
ਵੇਖੋ! ਜ਼ਾਲਮ ਕਿੰਨਾ
ਕਹਿਰ ਗੁਜ਼ਾਰ ਰਿਹਾ ਹੈ।
ਕੋਹ ਕੋਹ ਕੇ
ਨਿਰਦੋਸ਼ਾਂ ਤਾਈਂ ਮਾਰ ਰਿਹਾ ਹੈ।
ਫਲਸਤੀਨ ’ਚ
ਅੱਗ ਵਰ੍ਹਾ ਕੇ ਅੰਬਰ ’ਤੋਂ
ਮਾਨਵਤਾ ਨੂੰ ਕਰ ਅੱਜ
ਸ਼ਰਮਸਾਰ ਰਿਹਾ ਹੈ।
ਕਾਇਦੇ ਅਤੇ ਕਨੂੰਨ ਦਾ
ਸਿਵਾ ਹੈ ਬਲਦਾ ਪਿਆ,
ਹੱਕ-ਹਕੂਕ ਦੀ ਧੌਣ ’ਤੇ
ਧਰ ਤਲਵਾਰ ਰਿਹਾ ਹੈ।
ਯੂ ਐੱਨ ਓ ਵੀ
ਇੱਕ ਤਮਾਸ਼ਾ ਬਣੀ ਖੜੋਤੀ,
ਸਾਮਰਾਜ ਦਾ ਨਾਗ
ਕਿਵੇਂ ਫੁੰਕਾਰ ਰਿਹਾ ਹੈ!
ਮੌਤ ਦਾ ਤਾਂਡਵ ਨਾਚ
ਨਗਨ ਅੱਜ ਦੁਨੀਆਂ ਵੇਖੇ,
ਪਾਪੀ ਕੀਕਣ
ਆਪਣੇ ਪੈਰ ਪਸਾਰ ਰਿਹਾ ਹੈ!
ਧਰਤੀ ਦੇ ਅਸਲੀ ਮਾਲਕ
ਜੋ ਸਦੀਆਂ ਤੋਂ ਹਨ,
ਕੁੱਟ ਕੁੱਟ ਕੇ ਕੱਢ
ਉਨ੍ਹਾਂ ਦੇ ਘਰਾਂ ’ਚੋਂ ਬਾਹਰ ਰਿਹਾ ਹੈ।
ਕੁੱਲ ਮਨੁੱਖੀ ਕਦਰਾਂ ਨੂੰ
ਬੰਬਾਂ ਸੰਗ ਲੂਹ ਕੇ,
ਜ਼ੁਲਮ ਦੀਆਂ ਕਰ
ਸਾਰੀਆਂ ਹੱਦਾਂ ਪਾਰ ਰਿਹਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4454)
(ਸਰੋਕਾਰ ਨਾਲ ਸੰਪਰਕ ਲਈ: (