GurnamDhillon7ਔਖੀਆਂ ਸਭ ਘਾਟੀਆਂ ਚੜ੍ਹਦਾ ਰਹਾਂਗਾ   ਯਥਾ-ਸ਼ਕਤ,  ਆਖਰੀ ਸਾਹ ਤੱਕ ਮੈਂ ਲੜਦਾ ਰਹਾਂਗਾ ...
(23 ਸਤੰਬਰ 2018)

 

(1)    ਹਾਰਿਆ ਨਹੀਂ ਹਾਂ ਮੈਂ

(ਰਘਬੀਰ ਢੰਡ, ਨਿਰੰਜਨ ਸਿੰਘ ਨੂਰ, ਹਰਦੇਵ ਸਿੰਘ ਢੇਸੀ, ਅਵਤਾਰ ਜੰਡਿਆਲਵੀ, ਸੰਤੋਖ ਸਿੰਘ ਸੰਤੋਖ, ਅਵਤਾਰ ਸਾਦਿਕ ਅਤੇ ਹੋਰ ਸਦੀਵੀ ਵਿਛੜ ਗਏ ਮਿੱਤਰਾਂ ਨੂੰ ਸਮਰਪਿਤ)

ਬੀਤੇ ਕੁੱਝ ਅਰਸੇ ਦੌਰਾਨ, ਅਤਿ ਜਿਗਰੀ ਯਾਰ ਮੇਰੇ,
ਛੱਡ ਕੇ ਮੈਂਨੂੰ ਇਕੱਲਾ
, ਇਕ ਇਕ ਕਰ ਕੇ ਉਹ ਸਾਰੇ,
ਸਾਂਝੀਆਂ ਬਾਹਾਂ ਤੇ ਸਾਂਝੀ ਮੰਜ਼ਲ ਦੇ ਸੀ ਸਹਾਰੇ,
“ਮਾਤ ਲੋਕ” ਤਾਈਂ ਕਹਿ ਕੇ ਅਲਵਿਦਾ,
“ਦੇਵ ਲੋਕ” ਜਾਂ ਕਿਹੜੇ ਈਸ਼ਵਰ ਦੇ ਘਰ ਗਏ।
ਜੋਸ਼ ਦੇ ਉਹ ਸ਼ੂਕਦੇ ’ਤੇ ਖੌਲਦੇ ਦਰਿਆ ਸੀ ਜਿਹੜੇ,
ਉਹ ਖੌਰੇ ਕਿਹੜੇ ਘਾਟ ਉੱਤਰ ਗਏ।
ਬੇਵੱਸ ਮੈਂ
, ਉਨ੍ਹਾਂ ਦੀ ਪੈੜ ਤਕਦਾ ਰਹਿ ਗਿਆ,
ਹਾਇ! ਕਿੰਨੇ ਹਮ-ਰਾਹੀ ਗੁਜ਼ਰ ਗਏ।

ਕਈ ਤਜਵੀਜ਼ਾਂ, ਵਿਉਂਤਾਂ, ਯੋਜਨਾਵਾਂ
ਕਈ ਕਾਰਜ
, ਕਈ ਅੰਦੋਲਨ ਅਧੂਰੇ ਰਹਿ ਗਏ,
ਸੁਪਨਿਆਂ ਦੇ ਮਹਿਲ ਸਾਰੇ ਢਹਿ ਗਏ
ਬਹੁਤ ਲੰਮਾ ਸਫ਼ਰ ਕਰਨਾ ਸੀ ਅਜੇ
ਕੁਚਲੀਆਂ ਕਿਰਣਾਂ ਦੇ ਨਗਨ ਸੀਸ ਉੱਤੇ
ਤਾਜ ਧਰਨਾ ਸੀ ਅਜੇ
ਅੱਜ ਬੜਾ ਉਦਾਸ ਹਾਂ ਮੈਂ
,
ਮੁਸ਼ਕਲਾਂ ਦਾ ਬਿਫਰਿਆ ਦਰਿਆ ਕੀਕਣ ਤਰਾਂਗਾ
ਕਿਹਦੇ ਨਾਲ ਦਿਲ ਦੀ ਗੱਲ
, ਮਸ਼ਵਰਾ ਹੁਣ ਕਰਾਂਗਾ

ਦੋਸਤੋ! ਫੇਰ ਵੀ, ਮੈਂ ਨਹੀਂ ਹਾਂ ਹਾਰਿਆ
ਜੁੰਮੇਵਾਰੀਆਂ ਨੂੰ ਨਹੀਂ ਵਿਸਾਰਿਆ
ਮਿੱਠੀ ਯਾਦ ਉਨ੍ਹਾਂ ਦੀ
, ਦਿਲ ਦੇ ਵਿੱਚ ਮੈਂ ਰੱਖਾਂਗਾ ਸਮੋ ਕੇ,
ਜ਼ਿਹਨ 'ਚੋਂ ਕੱਢਾਂਗਾ ਨਹੀਂ
ਜਿਸ ਡਗਰ ’ਤੇ ਪਾ ਕੇ ਗਲਵਕੜੀਆਂ
, ਨੱਚਦੇ, ਗਾਉਂਦੇ ਤੁਰੇ ਸੀ
ਜਸ਼ਨ ਮਨਾਉਂਦੇ ਤੁਰੇ ਸੀ
ਓਸ ਨੂੰ ਛੱਡਾਂਗਾ ਨਹੀਂ
ਭੂਤਪੂਰਵ ਸਾਥੀਓ! ਸੰਗਰਾਮੀਓਂ!! ਸਹਿਕਰਮੀਓਂ!! ਤੇ ਮੇਰੇ ਸਮਕਾਲੀਓ!!!!
ਏਹੋ ਮੇਰਾ ਅਹਿਦ ਹੈ
, ਇਕਰਾਰ ਹੈ:
ਜ਼ਿੰਦਗੀ ਦੇ ਯੁੱਧ ਵਿੱਚ
ਔਖੀਆਂ ਸਭ ਘਾਟੀਆਂ ਚੜ੍ਹਦਾ ਰਹਾਂਗਾ
ਯਥਾ-ਸ਼ਕਤ
,
ਆਖਰੀ ਸਾਹ ਤੱਕ ਮੈਂ ਲੜਦਾ ਰਹਾਂਗਾ
ਹਾਰਿਆ ਨਹੀਂ ਹਾਂ ਮੈਂ

ਹਾਰਿਆ ਨਹੀਂ ਹਾਂ ਮੈਂ
         **

(2)  ਤੇਰ੍ਹਵਾਂ ਮਹੀਨਾ

ਜਦੋਂ ਵਣ-ਤ੍ਰਿਣ ਖ਼ੂਬ ਮੌਲਦਾ ਹੈ
ਸਾਹਾਂ ਵਿੱਚ ਮਹਿਕ ਘੁਲਦੀ ਹੈ
ਪੌਣ
, ਕਲੀਆਂ ਦੇ ਕੰਨਾਂ ਵਿੱਚ ਸਰਗੋਸ਼ੀਆਂ ਕਰਦੀ ਹੈ
ਰੂਹ ਦੇ ਖੇਤੀਂ ਸਰ੍ਹੋਂ ਦੇ ਫੁੱਲ ਖਿੜਦੇ ਹਨ
ਕੁਦਰਤ ਰਾਣੀ ਦੇ ਰੂਪ ਨੂੰ ਵੇਖ
*ਅਫਰਾਦਾਰਤੀ ਸ਼ਰਮਾ ਜਾਂਦੀ ਹੈ
ਪੰਛੀ ਪਿਆਰ-ਕਲੋਲਾਂ ਕਰਦੇ ਹਨ
ਤਿਤਲੀਆਂ ਹੋਲੀ ਖੇਡਦੀਆਂ ਹਨ
ਭੰਵਰੇ ਭੰਗੜਾ ਪਾਉਂਦੇ ਹਨ
ਚਾਂਦਨੀ ਕਵਿਤਾ ਰਚਦੀ ਹੈ
ਪਰੰਤੂ ਦੇਸ਼ ਵਾਸੀਓ! ਕੀ ਤੁਹਾਨੂੰ ਗਿਆਨ ਹੈ
?
ਕਿ ਬੀਤੇ ਸਮਿਆਂ ਵਿੱਚ ਚੇਤਰ ਦੇ ਇਸ ਮਹੀਨੇ ਨੂੰ
ਖੇਤ ਮਜ਼ਦੂਰ
, ਕਾਮੇ, ਗਰੀਬ ਕਿਸਾਨ ਅਤੇ ਛੋਟੇ ਦੁਕਾਨਦਾਰ
ਤੇਰ੍ਹਵਾਂ ਮਹੀਨਾ ਗਰਦਾਨਦੇ ਸਨ

ਘਰਾਂ ਨੂੰ ਲੂਣ-ਤੇਲ, ਆਟਾ-ਦਾਣਾ ਅਲਵਿਦਾ ਕਹਿ ਜਾਂਦਾ ਸੀ
ਢਿੱਡਾਂ ਨੂੰ ਝੁਲਕਾ ਦੇਣ ਲਈ
ਸ਼ਾਹੂਕਾਰਾਂ
, ਬਾਣੀਆਂ ਅਤੇ ਸੂਦਖੋਰਾਂ ਦੇ ਘਰੋਂ ਆਟਾ ਉਧਾਰਾ ਲਿਆਉਣਾ
ਮਜਬੂਰੀ ਬਣ ਜਾਂਦਾ ਸੀ

ਮਾਪੇ,
ਬੱਚਿਆਂ ਨੂੰ ਰੁੱਖੀ-ਮਿੱਸੀ, ਅੱਧੀ-ਚੱਪਾ ਖਾ ਕੇ
ਵਕਤ ਨੂੰ ਧੱਕਾ ਦੇਣ ਦਾ ਸਬਕ ਪੜ੍ਹਾਉਂਦੇ ਸਨ
ਬੱਚੇ ਜਦੋਂ ਭੁੱਖੇ ਢਿੱਡ ਢੋਲਕ ਵਾਂਗ ਵਜਾਉਂਦੇ ਸਨ
ਤਾਂ ਮਾਪੇ ਸਮਝਾਉਂਦੇ ਸਨ
ਆਸ ਬੰਨ੍ਹਵਾਉਂਦੇ ਸਨ
'ਉੱਪਰੋਂ ਮਹੀਨਾ ਕਿਹੜਾ ਜਾ ਰਿਹਾ ਹੈ ਬੱਚਿਓ!
ਸੱਤੂ ਪੀ ਕੇ
, ਜੋ ਚੰਗਾ-ਮਾੜਾ ਲੱਭਦਾ ਹੈ ਖਾ ਕੇ
ਢਿੱਡ ਨੂੰ ਗੰਢਾਂ ਦੇ ਕੇ
ਤੇਰ੍ਹਵਾਂ ਮਹੀਨਾ ਲੰਘਾ ਲਓ
ਵਿਸਾਖ ਵਿੱਚ ਨਵੇਂ ਦਾਣੇ ਘਰੇ ਆਉਣਗੇ
ਰੱਜਵੀਂ ਰੋਟੀ ਖਾਵਾਂਗੇ
ਖੁਸ਼ੀਆਂ ਮਨਾਵਾਂਗੇ

ਅਜੋਕੇ ‘ਸਭ ਦਾ ਸਾਥ, ਸਭ ਦਾ ਵਿਕਾਸ’
ਅਤੇ ਚਮਕਦੇ ਭਾਰਤ ਦੇ ਦੌਰ ਵਿੱਚ
'
ਕਿਸਾਨਾਂ
, ਖੇਤ ਮਜ਼ਦੂਰਾਂ ਅਤੇ ਵੰਚਿਤਾਂ ਦਾ ਸਾਰਾ ਜੀਵਨ ਹੀ
ਹਾਏ! ਹਾਏ!! ਹਾਏ!!!
ਤੇਰ੍ਹਵਾਂ ਮਹੀਨਾ ਬਣਿਆ ਪਿਆ ਹੈ
ਅਤੇ ਇਨ੍ਹਾਂ ਦਾ ਨਵੇਂ ਦਾਣਿਆਂ ਵਾਲਾ ਵਿਸਾਖ ਦਾ ਮਹੀਨਾ
ਸੰਗਰਾਂਦ ਵਾਲੇ ਦਿਨ ਹੀ
ਬਹੁ-ਰਾਸ਼ਟਰੀ ਨਿਗਮਾਂ ਅਗਵਾ ਕਰ ਲੈਂਦੀਆਂ ਹਨ

* ਯੂਨਾਨੀ ਰੂਪ ਦੀ ਰਾਣੀ

           **

(3)       ਅਕਲਮੰਦ

ਰਾਤਾਂ ਨੂੰ ਸੀਖਾਂ ਉੱਤੇ ਕਬਾਬ ਵਾਂਗ ਭੁੱਜੀਏ
ਦਿਨੇ ਜਜ਼ਬਾਤ ਦੀ ਧੂਣੀ ਧੁਖਾਈ ਰੱਖੀਏ
ਬੇਚੈਨੀ ਭੋਗੀਏ
, ਲੁੱਛੀਏ, ਤੜਪੀਏ,
ਪੈਰਾਂ ਹੇਠ ਅਗਨੀ ਜਲੇ
ਸਾਹਾਂ ਦੀ ਧੌਂਕਣੀ ਤੇਜ਼ ਤੇਜ਼ ਚੱਲੇ
ਫਿਰ ਕਿਤੇ ਤਪਦੇ ਸ਼ਬਦਾਂ ਨੂੰ ਕਾਵਿਤਾ ਵਿੱਚ ਢਾਲੀਏ

ਗਰਮ ਸਾਹਾਂ ਦੇ ਵਰਕੇ ਜੋੜ ਜੋੜ ਪੁਸਤਕ ਬਣਾਈਏ
ਬੜੇ ਉਤਸ਼ਾਹ ਨਾਲ ਪ੍ਰਕਾਸ਼ਕ ਨੂੰ ਪੇਸ਼ ਕਰੀਏ
ਉਸਦੇ ਮੱਥੇ ਦੀ ਸ਼ਿਕਨ ਦੂਰ ਨਾ ਹੋਵੇ
ਉਸਦੀਆਂ ਅੱਖਾਂ ਵਿੱਚੋਂ ਹਿਮਾਕਤ ਡੁੱਲ੍ਹ ਡੁੱਲ੍ਹ ਪਵੇ
ਜਿਵੇਂ ਕਿਸੇ ਸਖੀ ਦਾ ਦਰਵਾਜ਼ਾ ਕੋਈ ਮੰਗਤਾ ਖੜਕਾਵੇ
ਭਾਰਾਂ ’ਤੇ ਪਵੇ
, ਪੁੱਠੀ ਗਿਣਤੀ ਕਰੇ
ਫਜ਼ੂ਼ਲ ਕਹਾਣੀਆਂ ਘੜੇ
, ਸੌ ਸੌ ਇਹਸਾਨ ਜਤਲਾਵੇ
ਲਾਗਤ ਨਾਲ ਮੁਨਾਫ਼ਾ ਵੀ ਠੋਕ ਕੇ ਲਾਵੇ
ਆਖਰਕਾਰ ਨਿਮਾਣੀ ਕਵਿਤਾ ਦਾ ਸੌਦਾ ਹੋ ਜਾਵੇ
ਮਾਇਆ ਬੋਝੇ ਵਿੱਚ ਪਾਵੇ
ਚਿੱਤ ਪ੍ਰਸੰਨ ਹੋ ਜਾਵੇ
ਕਿਸ ਗੁਣਵੱਤਾ ਦਾ ਕਾਗਜ਼ ਵਰਤਣਾ
, ਉਹਦੇ ਅਧਿਕਾਰ ਖੇਤਰ ਵਿੱਚ
ਟਾਈਟਲ ਕਿਹਦੇ ਪਾਸੋਂ ਬਣਵਾਉਣਾ ਉਹਦੇ ਹੁਕਮ ਵਿੱਚ
ਕਿੰਨੀ ਗਿਣਤੀ ਵਿੱਚ ਛਾਪਣੀ
ਅਤੇ ਅਵਲੋਕਨ ਲਈ ਪੁਸਤਕਾਂ ਪਹੁੰਚਾਉਣਾ ਉਹਦੇ ਰਹਿਮ ਉੱਤੇ
ਮਾਰਕੀਟ ਕਰਨਾ/ਕਰਵਾਉਣਾ ਉਹਦੀ ਮਿਹਰ ਉੱਤੇ
ਤਿੰਨ ਤਿੰਨ ਵਾਰ ਪਰੂਫ ਸੋਧਣੇ ਪੈਣ
ਫਿਰ ਵੀ ਗ਼ਲਤੀਆਂ ਜਿਓਂ ਦੀਆਂ ਤਿਓਂ ਰਹਿਣ
ਅਰਥਾਂ ਦੇ ਅਨਰਥ ਕਰੇ
ਗੁਸਤਾਖ ਲਹਿਜ਼ਾ ਅਪਣਾਵੇ
ਉਲਟਾ
, ਸੋਸ਼ਲ ਮੀਡੀਏ ਦਾ ਡਰਾਵਾ ਦੇਵੇ
ਦੋਸ਼ ਕੰਪਿਊਟਰ ਸਿਰ ਲਾਵੇ
ਲੇਖਕ ਦੇ ਸੁਝਾਅ ਖੂਹ-ਖਾਤੇ ਵਿੱਚ ਪਾਵੇ
ਸ਼ਬਦੀ ਬਾਣ ਚਲਾਵੇ
ਆਪਣੀ ਜ਼ਿਦ ਪੁਗਾਵੇ
ਟੈਲੀਫ਼ੋਨ ਕਰੀਏ
, ਨਾ ਉਠਾਵੇ, ਗੈਰਹਾਜ਼ਰ ਹੋ ਜਾਵੇ
ਜਾਂ ਵਿੱਚੋਂ ਕਰ ਦੇਵੇ ਬੰਦ
ਕਿੰਨਾ ਸਲੀਕੇਦਾਰ! ਕਿੰਨਾ ਮਿਹਰਬਾਨ!! ਕਿੰਨਾ ਅਕਲਮੰਦ!!!

                     **

(4)            ਬੇਨਤੀ

ਦੋਸਤੋ! ਸਾਥੀਓ!! ਫੋਕੇ ਭਾਸ਼ਨਾਂ ਦੇ ਘੋੜੇ ਨਾ ਦੌੜਾਓ
ਅਮਲੀ ਜੀਵਨ ਵਿੱਚੋਂ ਪ੍ਰੇਰਨਾ ਦੇ ਫੁੱਲ ਖਿੜਾਓ
ਕਹੇ ਸ਼ਬਦ ਕਮਾਉਣ ਲਈ
ਹਰੇਕ ਸਾਹ ਨੂੰ ਸਾਧਨਾ ਹੁੰਦਾ ਹੈ
ਹਰੇਕ ਸਾਹ ਦੀ ਸਲੀਬ ਮੋਢਿਆਂ ਉੱਤੇ ਚੁੱਕਣੀ ਹੁੰਦੀ ਹੈ
ਸਿਦਕ , ਸ਼ਬਦਾਂ ਦੀਆਂ ਬੈਸਾਖੀਆਂ ਵਿੱਚੋਂ ਨਹੀਂ
ਅਰਥਾਂ ਦੇ ਸੀਨਿਆਂ ਵਿੱਚੋਂ ਪ੍ਰਗਟ ਕਰਨਾ ਹੁੰਦਾ ਹੈ


ਤੁਸੀਂ ਤਾਂ ਕਈ ਵਾਰੀਂ
ਪਿੱਠ ਪਿੱਛੇ
ਪ੍ਰਸਪਰ ਦਾਅ-ਪੇਚ ਖੇਡਦੇ ਹੋ
ਰਾਜਨੀਤੀ ਕਰਦੇ ਹੋ
ਜਿਸਮਾਂ ਦਾ ਖ਼ੂਨ ਸੁਕਾ ਦਿੰਦੇ ਹੋ
ਕਈ ਵਾਰੀਂ ਐਨ ਮੌਕੇ ਉੱਤੇ ਦੁਲੱਤੇ ਮਾਰਦੇ ਹੋ
ਸਿਖਰਲੇ ਡੰਡੇ `ਤੇ ਚੜ੍ਹਾ ਕੇ ਪੌੜੀ ਖਿੱਚਦੇ ਹੋ

ਹਾਂ, ਤੁਹਾਨੂੰ ਆਲੋਚਨਾ ਦੇ ਵਰਕੇ ਫਰੋਲਣ ਦਾ ਸੰਪੂਰਨ ਹੱਕ ਹੈ
ਅਤੇ ਇਹ ਤੁਹਾਡਾ ਪ੍ਰਥਮ ਫ਼ਰਜ਼ ਵੀ
ਪਰੰਤੂ, ਆਲੋਚਨਾ ਲਈ ਆਲੋਚਨਾ ਦਾ ਕੀ ਸਾਰ?
ਤੁਹਾਨੂੰ ਗੁਲਸ਼ਨ ਨੂੰ ਸਹਿਰਾ ਕਹਿਣ ਦਾ ਗੁਰ ਕਿਸ ਨੇ ਸਿਖਾਇਆ ਹੈ?
ਤੁਹਾਨੂੰ ਬੇਵਸਾਹੀ ਦਾ ਸਬਕ ਕਿਸ ਨੇ ਪੜ੍ਹਾਇਆ ਹੈ?

ਦੋਸਤੋ!
ਆਲੋਚਨਾ ਦਾ ਵੀ ਆਪਣਾ ਸਾਰਥਕ ਸ਼ਾਸਤਰ ਹੁੰਦਾ ਹੈ
ਕੋਈ ਵਿਕਲਪ ਵੀ ਪ੍ਰਸਤੁਤ ਕਰੋ ਦੋਸਤੋ!
ਕੋਈ ਨਵੀਂ ਪੈੜ ਪਾਓ
ਕੋਈ ਰੋਸ਼ਨ ਰਸਤਾ ਬਣਾਓ
ਵੈਰੀਆਂ ਨੇ ਤਾਂ ਤੁਹਾਡੇ ਸਿਰਾਂ ਉੱਤੇ ਛਾਉਣੀਆਂ ਪਾ ਰੱਖੀਆਂ ਨੇ
ਹੁਣ ਤੀਰ ਵੀ ਨਿਸ਼ਾਨੇ ਤੇ ਲਗਾਓ ਦੋਸਤੋ!
ਕੋਈ ਸੱਜਰੀ ਚਾਲ ਚਲਾਓ ਦੋਸਤੋ!!
ਫੋਕੇ ਭਾਸ਼ਨਾਂ ਦੇ ਘੋੜੇ ਨਾ ਦੌੜਾਓ ਦੋਸਤੋ!!!

                  **

(5)        ਡਗਰ

ਬਿਜਲੀਆਂ ਨੂੰ ਅੱਖ ਜਿਸ ਨੇ ਮਾਰਨੀ ਹੈ
ਝੱਖੜਾਂ ਦੀ ਖੱਲ ਜਿਸ ਉਤਾਰਨੀ ਹੈ
ਪੜ੍ਹਨੀ ਜਿਸ ਸੰਘਰਸ਼ ਦੀ ਮੁਹਾਰਨੀ ਹੈ
ਤੜਪ ਤੜਪ ਹਰ ਘੜੀ ਗੁਜ਼ਾਰਨੀ ਹੈ
ਤਾਜਦਾਰਾਂ ਨਾਲ ਜਿਸ ਨੇ ਵੈਰ ਪਾਉਣਾ
ਮੁਕਟ ਕੁਰਬਾਨੀ ਦਾ ਸੀਸ ’ਤੇ ਸਜਾਉਣਾ
ਜ਼ਾਲਮਾਂ ਦੇ ਨਾਲ ਮੱਥਾ ਜਿਸ ਨੇ ਲਾਉਣਾ
ਸਰਫ਼ਰੋਸ਼ੀ ਗੀਤ ਗਾਉਣਾ
ਨੰਗੀਆਂ ਤੇਗਾਂ ’ਤੇ ਕਰਨਾ ਨ੍ਰਿਤ
ਉਹ ਡਗਰ ’ਤੇ ਪੈਰ ਪਾਵੇ
ਦੂਸਰਾ ਜੋ ਪਰਤ ਜਾ
ਵੇ।

ਜਿਸਨੇ ਨਦੀਆਂ ਖੂਨ ਭਰੀਆਂ ਪਾਰ ਕਰਨਾ
ਵਿਸ਼ਵ ਭਰ ਦਾ ਦਰਦ ਅਪਣੇ ਦਿਲ ’ਤੇ ਜਰਨਾ
ਚਿੜੀਆਂ, ਕੂੰਜਾਂ, ਤਿਤਲੀਆਂ ਦੇ ਕਸ਼ਟ ਹਰਣਾ
ਸ਼ਿਕਰਿਆਂ ਦਾ ਵੇਖ ਕੇ ਲਸ਼ਕਰ ਨਹੀਂ ਡਰਨਾ
ਜਿਹੜਾ ਪਾ ਕੇ ਖੂਨ ਨੂੰ ਜਲਾਵੇ
ਉਹ ਡਗਰ ਤੇ ਪੈਰ ਪਾਵੇ
ਦੂਸਰਾ ਜੋ ਪਰਤ ਜਾਵੇ

ਪਰਬਤਾਂ ਨੇ ਉਹਦੇ ਪੈਰੀਂ ਹੱਥ ਲਾਉਣਾ
ਅੰਬਰਾਂ ਨੇ ਸੀਸ ਉਸ ਨੂੰ ਹੈ ਝੁਕਾਉਣਾ
ਸਾਗਰਾਂ ਨੇ ਨੀਰ ਮੰਗਣ ਉਸ ਤੋਂ ਆਉਣਾ
ਸਿੱਖਿਆ ਹੈ ਜਿਸ ਨੇ ਕਰਮਾਂ ਨੂੰ ਕਮਾਉਣਾ
ਜੋ ਕਦੀ ਜ਼ਮੀਰ ਵੇਚ ਕੇ ਨਾ ਖਾਵੇ
ਉਹ ਡਗਰ ਤੇ ਪੈਰ ਪਾਵੇ
ਦੂਸਰਾ ਜੋ ਪਰਤ ਜਾ
ਵੇ।

ਜਿਸਨੇ ਅੰਦਰੋਂ ਟੁੱਟ ਜਾਣਾ, ਦਰਕ ਜਾਣਾ
ਜਿਸਨੇ ਐਨ ਮੌਕੇ ਉੱਤੇ ਜਰਕ ਜਾਣਾ
ਜਿਸਨੇ ਗੈਰਾਂ ਨਾਲ ਰਲ਼ਨਾ ਗਰਕ ਜਾਣਾ
ਭੀੜ ਪਈ ’ਤੇ ਕਾਫ਼ਲੇ ’ਚੋਂ ਸਰਕ ਜਾਣਾ
ਉਹ, ਭੁੱਲ ਕੇ ਆਪਣਾ ਨਾ ਮੂੰਹ ਵਿਖਾਵੇ
ਨਾ ਇਸ ਡਗਰ ’ਤੇ ਪੈਰ ਪਾਵੇ
ਉਹ, ਹੁਣੇ ਘਰ ਨੂੰ ਪਰਤ ਜਾਵੇ!
ਹੁਣੇ ਘਰ ਨੂੰ ਪਰਤ ਜਾਵੇ!!

       *****

(1316)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)

More articles from this author